ਸ਼ਹਿਰੀ ਸੱਭਿਆਚਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਜਾਣ ਪਛਾਣ[ਸੋਧੋ]

ਸੱਭਿਆਚਾਰ ਸਮਾਜ ਦੀ ਇੱਕ ਅਜਿਹੀ ਦੇਣ ਹੈ, ਜੋ ਉਹਨਾਂ ਦੀ ਪਹਿਚਾਣ ਨੂੰ ਬਾਕੀ ਸਮਾਜ ਤੋਂ ਵੱਖਰਾ ਦਿਖਾਉਂਦੀ ਹੈ। ਇਹ ਵੀ ਬਿਲਕੁੱਲ ਸੱਚ ਹੈ ਕਿ ਸਮਾਜ ਵਿੱਚ ਹੋ ਰਹੀਆਂ ਤਬਦੀਲੀਆਂ ਚਾਹੇ ਉਹ ਮਨੁੱਖ ਦੀ ਮਰਜ਼ੀ ਨਾਲ ਹੋਣ ਜਾਂ ਉਸਦੀ ਮਰਜ਼ੀ ਤੋਂ ਬਿਨ੍ਹਾਂ ਉਸਦਾ ਪ੍ਰਭਾਵ ਸੱਭਿਆਚਾਰ ਤੇ ਵੀ ਪੈਂਦਾ ਹੈ, ਪਰੰਤੂ ਵਿਗਿਆਨ ਅਤੇ ਤਕਨਾਲੋਜੀ ਦੇ ਆਉਣ ਨਾਲ ਵਿਕਾਸ ਰਾਹੀ ਐਨੀ ਜਲਦੀ ਤਬਦੀਲੀ ਆ ਰਹੀ ਹੈ ਕਿ ਸਮੇਂ ਨੂੰ ਆਪਣੀ ਪਕੜ੍ਹ ਵਿੱਚ ਰੱਖਣਾ ਮਨੁੱਖ ਲਈ ਬਹੁਤ ਮੁਸ਼ਕਿਲ ਹੋ ਗਿਆ ਹੈ। ਬਦਲਾਵ ਦਾ ਕਾਰਨ ਕੇਵਲ ਵਿਗਿਆਨ ਨਹੀਂ, ਭੂਗੋਲਿਕ ਤੇ ਇਤਿਹਾਸਕ ਕਾਰਨ ਵੀ ਹਨ, ਪੰਜਾਬ  ਦਾ ਸੱਭਿਆਚਾਰ ਇੱਕ ਮਿਸ਼ਰਤ ਸੱਭਿਆਚਾਰ ਹੈ। ਇਸਦਾ ਮੁੱਖ ਕਾਰਨ ਇਹ ਹੈ ਕਿ ਆਰੀਆ ਲੋਕਾਂ ਦੇ ਆਉਣ ਤੋਂ ਲੈ ਕੇ ਅੰਗਰੇਜ਼ਾਂ ਦੇ ਕਬਜ਼ਾ ਕਰਨ ਤੱਕ ਯੂਨਾਨੀ, ਕੁਸ਼ਾਣ, ਮੰਗੋਲ, ਤੁਰਕ, ਪਠਾਨ ਆਦਿ ਕਈ ਬਾਹਰੀ ਨਸਲਾਂ ਅਤੇ ਜਾਤੀਆਂ ਦੇ ਲੋਕ ਸਮੇਂ-ਸਮੇਂ ਪੰਜਾਬ ਵਿੱਚ ਵਸਦੇ ਰਹੇ ਹਨ, ਜਿਸ ਕਾਰਨ ਪੰਜਾਬੀ ਸੱਭਿਆਚਾਰ ਉੱਤੇ ਬਾਹਰਲੇ ਸਭਿਆਚਾਰ ਪ੍ਰਭਾਵ ਪਾਉਂਦੇ ਰਹੇ ਹਨ, ਪਰ ਪੰਜਾਬੀ ਸੱਭਿਆਚਾਰ ਨੇ ਆਪਣੇ ਮੂਲ ਪੰਜਾਬੀਪਣ ਨੂੰ ਕਾਇਮ ਰੱਖਿਆ ਹੈ। ਇਸਦੇ ਨਾਲ ਹੀ ਹੋਰ ਕਈ ਤਬਦੀਲੀਆਂ ਆਉਂਦੀਆਂ ਰਹੀਆਂ, ਸੱਭਿਆਚਾਰ ਦਾ ਖਿੰਡਾਓ ਹੋਣ ਲੱਗਿਆ, ਨਵੇਂ ਸੱਭਿਆਚਾਰ ਹੋਂਦ ਵਿੱਚ ਆਏ ਅਤੇ ਪੁਰਾਣੇ ਸੱਭਿਆਚਾਰ ਵਿੱਚ ਰੂੜ ਹੋਈਆਂ ਚੀਜ਼ਾਂ ਵਿੱਚ ਤਬਦੀਲੀ ਆਉਣ ਲੱਗੀ, ਵਿਗਿਆਨ ਦੇ ਆਉਣ ਨਾਲ ਉਦਯੋਗ ਹੋਂਦ ਵਿੱਚ ਆਏ, ਉਦਯੋਗਾਂ ਨਾਲ ਮਹਾਂ-ਨਗਰ, ਨਗਰ, ਹੋਂਦ ਵਿੱਚ ਆਏ ਤੇ ਫਿਰ ਇਹ ਉਦਯੋਗੀਕਰਨ ਇਸ ਤਰ੍ਹਾਂ ਫੈਲਣ ਲੱਗਿਆ ਕਿ ਘੱਟ ਦੂਰੀ ਤੇ ਸ਼ਹਿਰ ਹੋਂਦ ਵਿੱਚ ਆਉਣ ਲੱਗੇ ਤੇ ਸ਼ਹਿਰ ਦੀ ਹੋਂਦ ਕਾਰਨ ਇੱਕ ਨਵਾਂ ਸੱਭਿਆਚਾਰ ਹੋਂਦ ਵਿੱਚ ਆਇਆ, ਜਿਸ ਨੂੰ ‘ਸ਼ਹਿਰੀ ਸੱਭਿਆਚਾਰ’ ਦਾ ਨਾਂ ਦਿੱਤਾ ਜਾਂਦਾ ਹੈ। ਇਹ ਸਭ ਕੁੱਝ ਸਭਿਆਚਾਰਕ ਪਰਿਵਰਤਨ ਕਾਰਨ ਹੁੰਦਾ ਹੈ।

ਸੱਭਿਆਚਾਰਕ ਪਰਿਵਰਤਨ[ਸੋਧੋ]

ਸੱਭਿਆਚਾਰਕ ਪਰਿਵਰਤਨ ਵਿੱਚ ਮਨੁੱਖੀ ਪਹੁੰਚ ਕਾਰਜ਼ਸ਼ੀਲ ਹੁੰਦੀ ਹੈ। ਇਹ ਪਰਿਵਰਤਨ ਸੰਘਰਸ਼ ਦਾ ਨਤੀਜਾ ਹੁੰਦਾ ਹੈ, ਸਮਾਜ ਵਿੱਚ ਜੋ ਮੁੱਲ ਸਥਾਪਿਤ ਹੋ ਜਾਂਦੇ ਹਨ ਅਤੇ ਉਨ੍ਹਾਂ ਮੁੱਲ੍ਹਾਂ ਨੂੰ ਬਦਲਣ ਲਈ ਨਵੀਂ ਪੀੜ੍ਹੀ ਨੂੰ ਸੰਘਰਸ਼ ਕਰਨਾ ਪੈਂਦਾ ਹੈ, ਕਈ ਵਾਰ ਚੰਗੀ ਤਬਦੀਲੀ ਦਾ ਵਿਰੋਧ ਵੀ ਹੁੰਦਾ ਹੈ। ਇਹ ਤਬਦੀਲੀ ਵਿਅਕਤੀ ਜਾਂ ਸਮਾਜ ਦੀ ਇੱਛਾ ਉੱਤੇ ਨਿਰਭਰ ਕਰਦੀ ਹੈ। ਇਹ ਕੁਦਰਤ ਦਾ ਨਿਯਮ ਹੈ ਜਦੋਂ ਕੁਦਰਤੀ ਚੌਗਿਰਦੇ ਵਿੱਚ ਤਬਦੀਲੀ ਆਉਂਦੀ ਹੈ ਤਾਂ ਮਨੁੱਖ ਆਪਣੇ ਆਪ ਨੂੰ ਉਸਦੇ ਅਨੁਕੂਲ ਢਾਲਣ ਲਈ ਜੂਝਦਾ ਹੈ। ਅਨੁਕੂਲਣ ਦੇ ਇਸ ਅਮਲ ਦੌਰਾਨ ਮਨੁੱਖੀ ਚੇਤੰਨਤਾ ਅਨੇਕਾਂ ਕਾਂਢਾ ਅਤੇ ਲੱਭਤਾਂ ਪ੍ਰਾਪਤ ਕਰ ਸਕਦੀ ਹੈ। ਇਕ ਕਾਢ ਜਾਂ ਲੱਭਤ ਹੀ ਸੱਭਿਆਚਾਰਕ ਪਰਿਵਰਤਨ ਦਾ ਕਾਰਨ ਬਣੀ ਹੈ।

ਸੱਭਿਆਚਾਰਕ ਪਰਿਵਰਤਨ ਦੇ ਕਾਰਨ[ਸੋਧੋ]

ਸਮਾਜ ਵਿਗਿਆਨੀ ਅਤੇ ਮਾਨਵ ਵਿਗਿਆਨੀ ਸਭਿਆਚਾਰਕ ਪਰਿਵਰਤਨ ਦੇ ਕਾਰਨਾਂ ਨੂੰ ਤਿੰਨ ਮੁੱਖ ਹਿੱਸਿਆਂ ਵਿੱਚ ਵੰਡਦੇ ਹਨ -

(ੳ) ਪ੍ਰਾਕਿਰਤਕ ਮਾਹੌਲ ਵਿੱਚ ਆਏ ਪਰਿਵਰਤਨ।

(ਅ) ਸਮਾਜ ਦੇ ਅੰਦਰ ਪੈਦਾ ਹੋਏ ਕਾਰਨ।

(ੲ) ਸਮਾਜ ਦੇ ਬਾਹਰੋਂ ਪ੍ਰਭਾਵ ਪਾਉਣ ਵਾਲੇ ਕਾਰਨ[1]

ਸੱਭਿਆਚਾਰਕ ਪਰਿਵਰਤਨ ਦੇ ਸਮਾਜ ਦੇ ਅੰਦਰੋਂ ਪੈਦਾ ਹੋਣ ਵਾਲੇ ਕਾਰਨ ਵਧੇਰੇ ਮਹੱਤਵਪੂਰਨ ਅਤੇ ਕਾਰਜ਼ਸ਼ੀਲ ਹਨ। ਪਹਿਲਾ ਕਾਰਨ ਜੋ ਸਮਾਜ ਦੇ ਆਪਣੇ ਹੀ ਅੰਦਰੋਂ ਪੈਦਾ ਹੁੰਦਾ ਹੈ, ਉਹ ‘ਕਾਢ ਜਾਂ ਲੱਭਤਾ’ ਹੈ। ਕਾਢ ਜਾਂ ਲੱਭਤਾ ਨੇ ਮਨੁੱਖ ਦੀਆਂ ਲੋੜਾਂ ਨੂੰ ਐਨਾ ਵਧਾ ਦਿੱਤਾ ਕਿ ਮਨੁੱਖੀ ਕਦਰਾਂ, ਕੀਮਤਾਂ, ਵਿੱਚ ਸਮੇਂ ਦੀ ਰਫਤਾਰ ਨਾਲੋਂ ਵਧੇਰੇ ਜਲਦੀ ਤਬਦੀਲੀ ਹੋਣ ਲੱਗੀ। ਉਦਯੋਗੀਕਰਨ ਨੇ ਛੋਟੇ-ਛੋਟੇ ਧੰਦਿਆਂ ਨੂੰ ਖਤਮ ਹੀ ਕਰ ਦਿੱਤਾ। ਜਿਵੇਂ : ਪਹਿਲਾਂ ਘੁਮਿਆਰ, ਲੋਹਾਰ, ਚਮਾਰ, ਜੁਲਾਹੇ ਦੀ ਸਭ ਨੂੰ ਲੋੜ ਸੀ, ਪਰੰਤੂ ਉਦਯੋਗੀਕਰਨ ਨੇ ਇਨ੍ਹਾਂ ਸਭ ਨੂੰ ਆਪਣੇ ਹੇਠ ਦਬਾਅ ਲਿਆ। ਸਿੱਟਾ ਇਹ ਨਿਕਲਿਆ ਕਿ ਲੋਕ ਕੰਮ-ਧੰਦੇ ਲਈ ਸ਼ਹਿਰਾਂ ਵਿੱਚ ਵਸਣ ਲੱਗੇ ਤੇ ਪਿੰਡਾਂ ਵਿੱਚ ਵਧੇਰੇ ਉਹੀ ਲੋਕ ਰਹੇ ਜਾਂ ਰਹਿੰਦੇ ਹਨ, ਜੋ ਕਿਸਾਨੀ ਨਾਂਲ ਸੰਬੰਧਿਤ ਹਨ, ਸ਼ਹਿਰਾਂ ਦੀ ਰੋਜ਼ ਦੀ ਦੌੜ੍ਹ-ਭੱਜ ਅਤੇ ਕੰਮ-ਕਾਜ ਨੇ ਮਨੁੱਖ ਨੂੰ ਇੱਕ ਮਸ਼ੀਨ ਦੀ ਤਰ੍ਹਾਂ ਬਣਾ ਦਿੱਤਾ, ਜਿਸ ਨਾਲ ਉਹ ਆਪਣੇ ਮੂਲ ਸੱਭਿਆਚਾਰ ਨੂੰ ਪਛਾੜ ਗਿਆ ਤੇ ਇੱਕ ਨਵਾਂ ਸੱਭਿਆਚਾਰ ‘ਸ਼ਹਿਰੀ ਸੱਭਿਆਚਾਰ’ ਸਿਰਜਿਆ।[2]

ਸ਼ਹਿਰ[ਸੋਧੋ]

ਸ਼ਹਿਰ ਇੱਕ ਅਜਿਹੀ ਆਬਾਦੀ ਦਾ ਨਮੂਨਾ ਹੈ, ਜਿਸ ਵਿੱਚ ਆਬਾਦੀ ਸੰਘਣੀ ਹੁੰਦੀ ਹੈ, ਲੋਕ ਇੱਕ ਸੀਮਿਤ ਭੂਗੋਲਿਕ ਖੇਤਰ ਵਿੱਚ ਪੱਕੇ ਤੌਰ ਤੇ ਨਿਵਾਸ ਕਰਦੇ ਹਨ, ਖੇਤੀਬਾੜੀ ਦੀ ਬਜਾਇ ਹੋਰ ਧੰਦਿਆਂ ਦੁਆਰਾ ਆਪਣੀ ਉਪਜੀਵਿਕਾ ਕਰਦੇ ਹਨ। ਭਾਵੇਂ ਸ਼ਹਿਰਾਂ ਨੂੰ ਭੀੜ-ਭਾੜ, ਅਪਰਾਧ, ਘਟਨਾਵਾਂ, ਨਸਲੀ ਅਤੇ ਧਾਰਮਿਕ ਦੰਗਿਆਂ ਦੇ ਕਾਰਨ ਅਕਸਰ ਤ੍ਰਿਸਕਾਰਿਆ ਜਾਂਦਾ ਹੈ, ਪਰੰਤੂ ਅੱਜ-ਕੱਲ੍ਹ ਦੁਨੀਆਂ ਵਿੱਚ ਵਸਣ ਵਾਲੇ ਲੋਕਾਂ ਦੀ ਬਹੁ-ਸੰਖਿਆ ਸ਼ਹਿਰੀ ਖੇਤਰਾਂ ਵਿੱਚ ਨਿਵਾਸ ਕਰਦੀ ਹੈ।

ਸ਼ਹਿਰੀ ਸੱਭਿਆਚਾਰ[ਸੋਧੋ]

ਭਾਵੇਂ ਕਿ ਸ਼ਹਿਰੀ ਸੱਭਿਆਚਾਰ ਨੂੰ ਵੀ ਪਿੰਡਾਂ ਦੇ ਲੋਕਾਂ ਨੇ ਹੀ ਸਿਰਜਿਆ, ਪਰੰਤੂ ਸ਼ਹਿਰੀ ਸੱਭਿਆਚਾਰ ਵਿੱਚ ਪੇਂਡੂ ਸੱਭਿਆਚਾਰ ਨਾਲੋਂ ਕਾਫੀ ਭਿੰਨਤਾ ਹੈ, ਸ਼ਹਿਰਾਂ ਵਿੱਚ ਵਸਦੇ ਲੋਕਾਂ ਵਿੱਚ ਉਹ ਪਿਆਰ ਤੇ ਨਿੱਘ ਨਹੀਂ ਜੋ ਪਿੰਡਾਂ ਵਿੱਚ ਹੈ। ਰਿਸ਼ਤਿਆਂ ਵਿੱਚ ਉਹ ਖਿੱਚ ਨਹੀਂ ਜੋ ਪੇਂਡੂ ਸੱਭਿਆਚਾਰ ਵਿੱਚ ਹੈ, ਪੇਂਡੂ ਜਾਂ ਪੰਜਾਬੀ ਸੱਭਿਆਚਾਰ ਵਿੱਚ ਜੋ ਸ਼ਗਨ, ਮਰਨ, ਖੁਸ਼ੀ-ਗਮੀ, ਮੌਕੇ ਜੋ ਰਸਮਾਂ-ਰਿਵਾਜ਼ ਕੀਤੇ ਜਾਂਦੇ ਹਨ, ਉਹ ਸ਼ਹਿਰਾਂ ਵਿੱਚ ਨਹੀਂ, ਪਰ ਅੱਜ ਦੇ ਸਮੇਂ ਵਿੱਚ ਤਾਂ ਪਿੰਡਾਂ ਵਿੱਚ ਪਹਿਲਾਂ ਵਾਲੇ ਸੱਭਿਆਚਾਰ ਨਾਲੋਂ ਕਾਫੀ ਤਬਦੀਲੀ ਆ ਚੁੱਕੀ ਹੈ।

ਲੂਈ ਵਰਥ ਦਾ ਵਿਚਾਰ ਹੈ ਕਿ, “ਸ਼ਹਿਰ ਨਿਵਾਸੀ, ਜੀਵਨ ਦੀਆਂ ਅਨੇਕਾਂ ਸ਼ੈਲੀਆਂ ਦੇ ਰੂ-ਬ-ਰੂ ਹੁੰਦੇ ਰਹਿੰਦੇ ਹਨ, ਇਸ ਕਾਰਨ ਉਨ੍ਹਾਂ ਵਿੱਚ ਅਨੇਕਤਾ ਨੂੰ ਬਰਦਾਸ਼ਤ ਕਰਨ ਦਾ ਮਾਦਾ ਪੈਦਾ ਹੋ ਜਾਂਦਾ ਹੈ, ਛੋਟੇ ਕਸਬਿਆਂ ਜਾਂ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਵਾਂਗ ਉਹ ਸੰਕਰੀਣ ਨਹੀਂ ਰਹਿੰਦੇ।[3]

ਵਰਥ ਅਨੁਸਾਰ, “ਸ਼ਹਿਰੀ ਪਰਿਸਥਿਤੀਆਂ, ਸੁਤੰਤਰਤਾ, ਅਨੇਕਤਾ ਅਤੇ ਰਸਮੀ ਵਿਵਹਾਰ ਨੂੰ ਜਨਮ ਦਿੰਦੀਆਂ ਹਨ, ਅਤੇ ਇਨ੍ਹਾਂ ਦੇ ਕਾਰਨ ਮਨੁੱਖੀ ਉਪਰੇ ਅਤੇ ਬਣਾਉਟੀ ਬਣ ਜਾਂਦੇ ਹਨ।[4]

ਭਾਈਚਾਰੇ ਤੇ ਆਪਸੀ ਨਿਰਭਰਤਾ ਪੱਖੋਂ ਭਿੰਨਤਾ[ਸੋਧੋ]

ਸ਼ਹਿਰਾਂ ਵਿੱਚ ਲੋਕ ਮਾਨਵੀ ਰਿਸ਼ਤਿਆਂ ਵਿੱਚ ਆਪਣੀ ਸੰਪੂਰਨ ਸ਼ਖ਼ਸੀਅਤ ਨੂੰ ਕ੍ਰਿਆਸ਼ੀਲ ਕਰਨ ਦੀ ਬਜਾਇ ਬੜੀਆਂ ਅਨੁਸ਼ਾਸਨ ਬੱਧ ਭੂਮਿਕਾਵਾਂ ਦੁਆਰਾ ਇੱਕ ਦੂਜੇ ਨਾਲ ਮਿਲਦੇ-ਜੁਲਦੇ ਹਨ, ਸ਼ਹਿਰਾਂ ਦੀਆਂ ਦੁਕਾਨਾਂ ਵਿੱਚ ਗ੍ਰਾਹਕ ਅਤੇ ਦੁਕਾਨਦਾਰਾਂ ਵਿਚਲੀ ਗੱਲਬਾਤ ਬਹੁਤ ਰਸਮੀ, ਰੁੱਖੀ ਅਤੇ ਪੈਸੇ ਦੇ ਲੈਣ-ਦੇਣ ਤੱਕ ਹੀ ਸੀਮਿਤ ਰਹਿੰਦੀ ਹੈ। ਆਪੋ-ਆਪਣੀ ਸਮਾਜਿਕ ਆਰਥਿਕ ਭੂਮਿਕਾ ਨੂੰ ਕਠੋਰਤਾ ਨਾਲ ਨਿਭਾਉਣ ਦੇ ਕਾਰਨ ਸ਼ਹਿਰ ਨਿਵਾਸੀਆਂ ਦਾ ਨਿਜਤਣ ਗੁੰਮ ਹੋਣ ਲੱਗਦਾ ਹੈ ਅਤੇ ਉਹ ਰੁੱਖੇ ਅਥਵਾ ਅੱਕੇ ਜਿਹੇ ਵਿਅਕਤੀ ਹੋ ਨਿੱਬੜਦੇ ਹਨ, ਉਨ੍ਹਾਂ ਦਾ ਅਜਿਹੇ ਵਿਅਕਤੀ ਬਣ ਜਾਣ ਦਾ ਅਰਥ ਇਹ ਨਹੀਂ ਕਿ ਉਹ ਇਸੇ ਰੂਪ ਵਿੱਚ ਪੈਦਾ ਹੋਏ ਸਨ, ਬਲਕਿ ਸ਼ਹਿਰੀ ਜੀਵਨ ਦੀਆਂ ਪਰਿਸਥਿਤੀਆਂ ਉਨ੍ਹਾਂ ਨੂੰ ਇਸ ਪ੍ਰਕਾਰ ਦੇ ਵਿਅਕਤੀ ਬਣਾ ਦਿੰਦੀਆਂ ਹਨ।

ਮਿਲਗਰਾਮ ਅਨੁਸਾਰ, “ਸ਼ਹਿਰੀ ਲੋਕ ਓਪਰੇ, ਅਨਿੱਜੀ ਅਤੇ ਅਲਪ ਅਵਧੀ (ਥੋੜੇ ਸਮੇਂ) ਦੇ ਰਿਸ਼ਤਿਆਂ ਵਿੱਚ ਬੱਝਦੇ ਹਨ। ਨਿੱਘੇ ਆਤਸੀਯ ਅਤੇ ਲੰਬੇ ਸਮੇਂ ਦੇ ਰਿਸ਼ਤਿਆਂ ਵਿੱਚ ਬੱਝਣਾ ਉਨ੍ਹਾਂ ਲਈ ਸੰਭਵ ਨਹੀਂ ਹੁੰਦਾ।”

ਪ੍ਰਥਾਵਾਂ ਅਤੇ ਰੀਤੀ-ਰਿਵਾਜਾਂ ਦੀ ਘਾਟ[ਸੋਧੋ]

ਜੇਕਰ ਸ਼ਹਿਰੀ ਲੋਕਾਂ ਦੀ ਰਹਿਣੀ-ਸਹਿਣੀ ਤੇ ਰੀਤੀ-ਰਿਵਾਜ਼ਾਂ ਦੀ ਗੱਲ ਕਰੀਏ, ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਨ੍ਹਾਂ ਲਈ ਇਹ ਸਭ ਕੁੱਝ ਇੱਕ ਦਿਖਾਵਾ ਜਾਂ ਢੋਂਗ ਬਣ ਕੇ ਰਹਿ ਗਿਆ ਹੈ। ਪੇਂਡੂ ਸੱਭਿਆਚਾਰ ਵਿੱਚ ਜੋ ਰਸਮਾਂ, ਜਨਮ, ਮੌਤ ਅਤੇ ਵਿਆਹ ਵੇਲੇ ਕੀਤੀਆਂ ਜਾਂਦੀਆਂ ਹਨ। ਉਹ ਸ਼ਹਿਰੀ ਸੱਭਿਆਚਾਰ ਵਿੱਚ ਨਾ-ਮਾਤਰ ਹੀ ਰਹਿ ਗਈਆਂ ਹਨ ਤੇ ਜੋ ਰਹਿ ਗਈਆਂ ਹਨ, ਉਹਨਾਂ ਵਿੱਚ ਨਕਲੀਪਣ ਸਾਫ਼ ਝਲਕਦਾ ਹੈ। ਪਿੰਡਾਂ ਵਿੱਚ ਅੱਜ ਵੀ ਜਨਮ ਸਮੇਂ ਕਈ ਤਰ੍ਹਾਂ ਦੀਆਂ ਰਸਮਾਂ ਕੀਤੀਆਂ ਜਾਂਦੀਆਂ ਹਨ, ਪਿੰਡਾਂ ਵਿੱਚ ਲੱਡੂ ਗੁੜ ਵੰਡੇ ਜਾਂਦੇ ਹਨ, ਪਰੰਤੂ ਸ਼ਹਿਰਾਂ ਵਿੱਚ ਸਭ ਰਸਮਾਂ ਪਾਰਟੀਆਂ ਹੇਠ ਦਬ ਗਈਆਂ ਹਨ। ਮੌਤ ਦੇ ਸਮੇਂ ਦੇ ਕਾਰਜਾਂ ਲਈ ਜਾਂ ਰਸਮਾਂ ਲਈ ਸ਼ਾਇਦ ਸ਼ਹਿਰੀ ਲੋਕਾਂ ਕੋਲ ਸਮਾਂ ਨਹੀਂ, ਤੇ ਉਹ ਇਹ ਰਸਮਾਂ-ਰਿਵਾਜ ਕਰਨੇ ਸਮੇਂ ਦੀ ਬਰਬਾਦੀ ਸਮਝਦੇ ਹਨ।

ਪਹਿਰਾਵਾ ਤੇ ਸ਼ਿੰਗਾਰ[ਸੋਧੋ]

ਕੁਝ ਕੁ ਪਹਿਰਾਵਾ ਤਾਂ ਸਾਡਾ ਪਹਿਲਾਂ ਵੀ ਬਦਲਦਾ ਰਿਹਾ ਹੈ। ਜਿਵੇਂ ਕੋਟ-ਪੈਂਟਾਂ ਆਦਿ। ਪਰ ਇਸ ਨਾਲ ਸੱਭਿਆਚਾਰ ਦੇ ਮੂਲ ਪੈਂਟਰਨਜ਼ ਨੂੰ ਕੋਈ ਬਹੁਤ ਫਰਕ ਨਹੀਂ ਸੀ  ਪਿਆ। ਪੰਜਾਬੀ ਸੱਭਿਆਚਾਰ ਕੱਪੜੇ ਨਾਲ ਸਰੀਰ ਢਕਣ ਤੇ ਸਾਊਂਆ ਵਾਲੀ ਦਿੱਖ ਸਿਰਜਣ ਦਾ ਹਿਮਾਇਤੀ ਹੈ।[5] ਸ਼ਹਿਰੀ ਲੋਕਾਂ ਦਾ ਪਹਿਰਾਵਾ ਇੱਕ ਤਰ੍ਹਾਂ ਨਾਲ ਉਨ੍ਹਾਂ ਦੀ ਆਪਣੀ ਪਸੰਦ ਤੇ ਮਰਜ਼ੀ ਤੇ ਨਿਰਭਰ ਹੈ। ਉਹ ਪੁਰਾਣੇ ਰਵਾਇਤੀ ਪਹਿਰਾਵੇ ਨੂੰ ਨਾਲ ਲੈ ਕੇ ਚੱਲਣਾ, ਉਹਨਾਂ ਨੂੰ ਪਿੱਛੜੇ ਹੋਣ ਦਾ ਅਹਿਸਾਸ ਕਰਵਾਉਂਦਾ ਹੈ। ਸ਼ਹਿਰਾਂ ਵਿੱਚ ਵੀ ਸ਼ਿੰਗਾਰ ਦੇ ਤੌਰ ਤਰੀਕੇ ਬਦਲ ਚੁੱਕੇ ਹਨ। ਜਿਵੇਂ ਅਜੋਕੇ ਸਮੇਂ ਵਿੱਚ ਘਰ-ਘਰ ਖੁੱਲ੍ਹੇ ਬਿਊਟੀ ਪਾਰਲਰ।

ਸਿੱਖਿਆ[ਸੋਧੋ]

ਪਿੰਡਾਂ ਨਾਲੋਂ ਸ਼ਹਿਰਾਂ ਵਿੱਚ ਸਿੱਖਿਆ ਵੱਲ ਵਧੇਰੇ ਤੇ ਉਚੇਚੇ ਤੌਰ ਤੇ ਧਿਆਨ ਦਿੱਤਾ ਜਾਂਦਾ ਹੈ, ਹਰ ਤਰ੍ਹਾਂ ਦੀ ਸਿਖਲਾਈ ਲਈ ਚਾਹੇ ਉਹ ਕਿਸੇ ਵੀ ਵਰਗ ਵਿੱਚ ਹੋਵੇ, ਖਾਣਾ ਬਣਾਉਣ ਤੋਂ ਲੈ ਕੇ ਖੇਡਾਂ ਅਤੇ ਅਜੋਕੇ ਸਮੇਂ ਦੀ ਉੱਚ ਸਿੱਖਿਆ ਲਈ ਖਾਸ ਤੌਰ ਤੇ ਟਰੇਨਿੰਗ ਸੈਂਟਰ ਬਣੇ ਹੋਏ ਹਨ। ਸ਼ਹਿਰਾਂ ਦੇ ਵਿੱਦਿਅਕ ਅਦਾਰੇ  ਪਿੰਡਾਂ ਦੇ ਵਿੱਦਿਅਕ ਅਦਾਰਿਆਂ ਨਾਲੋਂ ਜ਼ਿਆਦਾ ਪ੍ਰਫੁੱਲਿਤ ਹਨ।

ਕੁਦਰਤੀ ਵਾਤਾਵਰਣ ਤੋਂ ਦੂਰ[ਸੋਧੋ]

ਸ਼ਹਿਰਾਂ ਦੀਆਂ ਉੱਚੀਆਂ ਇਮਾਰਤਾਂ ਤੇ ਵਧੇਰੇ ਜਨਸੰਖਿਆਂ ਕਾਰਨ ਸ਼ਹਿਰੀ ਲੋਕ ਕੁਦਰਤੀ ਵਾਤਾਵਰਣ ਤੋਂ ਬਹੁਤ ਦੂਰ ਹਨ, ਇਸੇ ਕਾਰਨ ਸ਼ਾਇਦ ਉਨ੍ਹਾਂ ਵਿੱਚ ਕੁਦਰਤੀ ਪਿਆਰ ਅਤੇ ਨਿੱਘ ਦੀ ਘਾਟ ਹੈ। ਇਨ੍ਹਾ ਦਾ ਰਿਸ਼ਤਾ ਕੁਦਰਤੀ ਵਾਤਾਵਰਣ ਨਾਲ ਗੂੜ੍ਹਾ ਨਹੀਂ ਹੁੰਦਾ, ਦੂਸ਼ਿਤ ਹਵਾ, ਪਾਣੀ ਤੇ ਸ਼ੋਰ-ਸ਼ਰਾਬਾ, ਸ਼ਹਿਰੀ ਜੀਵਨ ਦਾ ਹਿੱਸਾ ਬਣਦਾ ਹੈ।

ਕਿੱਤਾ[ਸੋਧੋ]

ਸ਼ਹਿਰੀ ਲੋਕਾਂ ਦਾ ਮੁੱਖ ਕਿੱਤਾ ਦੁਕਾਨਦਾਰੀ ਚਾਹੇ ਉਹ ਛੋਟੇ ਪੱਧਰ ਤੋਂ ਲੈ ਕੇ ਉੱਚੇ ਪੱਧਰ ਤੱਕ ਹੋਵੇ, ਨੌਕਰੀ, ਉਦਯੋਗਾਂ ਵਿੱਚ ਰੁਜਗਾਰ ਆਦਿ ਸ਼ਹਿਰੀ ਲੋਕਾਂ ਦੇ ਮੁੱਖ ਕਿੱਤੇ ਹਨ ਪਰੰਤੂ ਪਿੰਡਾਂ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੀ ਹੈ।

ਅਕਾਰ ਪੱਖੋਂ ਫਰਕ[ਸੋਧੋ]

ਪੇਂਡੂ ਸਮਾਜ ਦਾ ਆਕਾਰ ਆਮ ਤੌਰ ਤੇ ਛੋਟਾ ਅਤੇ ਆਬਾਦੀ ਵੀ ਘੱਟ ਹੁੰਦੀ ਹੈ। ਇਸਦੇ ਉਲਟ ਸ਼ਹਿਰੀ ਸਮਾਜ ਦਾ ਆਕਾਰ ਕਾਫੀ ਵੱਡਾ ਹੁੰਦਾ ਹੈ ਤੇ ਆਬਾਦੀ ਵੀ ਜ਼ਿਆਦਾ ਹੁੰਦੀ ਹੈ।

ਸਮਾਜਿਕ ਗਤੀਸ਼ੀਲਤਾ[ਸੋਧੋ]

ਸਮਾਜਿਕ ਗਤੀਸ਼ੀਲਤਾ ਦਾ ਅਰਥ ਹੈ ਕਿ ਇੱਕ ਸਮੂਹ ਤੋਂ ਦੂਸਰੇ ਜਾਂ ਇੱਕ ਰੁਤਬੇ ਤੋਂ ਦੂਜੇ ਰੁਤਬੇ ਵਿੱਚ ਤਬਦੀਲੀ। ਸ਼ਹਿਰੀ ਇਲਾਕਿਆਂ ਵਿੱਚ ਧੰਦਿਆਂ ਦੀ ਭਿੰਨਤਾ, ਵਿੱਦਿਆ, ਵਿਗਿਆਨਕ ਸੋਚ ਦੀ ਬਹੁਤਾਤ ਕਰਕੇ ਸਮਾਜਕ ਗਤੀਸ਼ੀਲਤਾ ਵਧੇਰੇ ਪਾਈ ਜਾਂਦੀ ਹੈ, ਭਾਵ ਰੁਤਬਾ ਜਾਂ ਸਮੂਹ ਸਹਿਜੇ ਹੀ ਤਬਦੀਲ ਹੋ ਜਾਂਦਾ ਹੈ।

ਪੇਂਡੂ ਲੋਕਾਂ ਦੀ ਆਰਥਿਕਤਾ, ਸਮਾਜਕ ਸੰਸਥਾਵਾਂ ਤੇ ਝੁਕਾਅ ਵਿੱਚ ਕੁੱਝ ਸਮਾਨਤਾਵਾਂ ਮਿਲਦੀਆਂ ਹਨ, ਜੋ ਕਿ ਇਨ੍ਹਾਂ ਲੋਕਾਂ ਨੂੰ ਦੂਸਰੇ ਸਮੂਹ ਭਾਵ ‘ਸ਼ਹਿਰੀ’ ਸਮੂਹਾਂ ਨਾਲੋਂ ਵੱਖ ਕਰਦੀਆਂ ਹਨ।[6]

ਸੈਂਡਰ ਆਪਣੀ ਕਿਤਾਬ ਵਿੱਚ ਪੇਂਡੂ ਸਮਾਜ ਤੇ ਸ਼ਹਿਰੀ ਸਮਾਜ ਨੂੰ ਹੇਠ ਲਿਖੇ ਕਾਰਕਾਂ ਨਾਲ ਵੱਖ ਦੱਸਦਾ ਹੈ [7]-

ਪੇਂਡੂ ਸ਼ਹਿਰੀ
ਪਰਿਵਾਰ ਪ੍ਰਤੀ ਨਿਸ਼ਠਾ ਨਿੱਜੀ ਹੱਕ
ਜ਼ਮੀਨ ਮਾਲਕੀ ਇੱਕ ਪਵਿੱਤਰ ਵਿਸ਼ਵਾਸ ਵਜੋਂ ਜ਼ਮੀਨ ਇੱਕ ਵਸਤੂ ਵਜੋਂ
ਰੂੜ੍ਹੀਵਾਦੀ ਪ੍ਰਗਤੀਸ਼ੀਲ
ਕੁਦਰਤ ਅੱਗੇ ਅਧੀਨਗੀ ਕੁਦਰਤ ਉੱਤੇ ਕਾਬੂ
ਸਮੇਂ ਪ੍ਰਤੀ ਵਿਹਲੜਪਣ ਦੀ ਪਹੁੰਚ ਸਮੇਂ ਦੀ ਸੁਯੋਗ ਵਰਤੋਂ
ਅੰਧ ਵਿਸ਼ਵਾਸੀ ਤਬਦੀਲੀ ਨੂੰ ਅਪਣਾਉਣ ਤੇ ਨਿੱਜੀ ਜਿੰਮੇਵਾਰੀ

ਪਿਛਲੇ ਚਾਰ-ਪੰਜ ਦਹਾਕਿਆਂ ਤੋਂ ਪੰਜਾਬ ਦੇ ਸ਼ਹਿਰ ਵੀ ਬੜੀ ਤੇਜ਼ੀ ਨਾਲ ਵਧੇ ਅਤੇ ਵਿਕਸਿਤ ਹੋਏ ਹਨ, ਇਸ ਤੋਂ ਪਹਿਲਾਂ ਪੰਜਾਬ ਦੇ ਕਿਸੇ ਵੀ ਸ਼ਹਿਰ ਉੱਪਰ ਆਬਾਦੀ ਆਬਾਦੀ ਦੀ ਘਣਤਾ ਜਾਂ ਵਧ ਰਹੀ ਜਨ-ਸੰਖਿਆ ਦਾ ਬਹੁਤਾ ਦਬਾਉ ਨਜ਼ਰ ਨਹੀਂ ਸੀ ਆਉਂਦਾ। ਇਨ੍ਹਾਂ ਸ਼ਹਿਰਾਂ ਵਿੱਚ ਰਹਿਣ-ਵਾਲੇ ਲੋਕਾਂ ਦੇ ਆਪੋ-ਵਿਚਲੇ ਰਿਸ਼ਤੇ ਬੜੇ ਨਿੱਘੇ, ਸਥਾਈ ਅਤੇ ਨਿੱਜੀ ਸਨ, ਪਰੰਤੂ ਵੱਡੇ ਸ਼ਹਿਰਾਂ ਵਿੱਚ ਉਦਯੋਗਾਂ ਦੀ ਸਥਾਪਤੀ ਦੇ ਕਾਰਨ ਨਾ ਕੇਵਲ ਪੰਜਾਬ ਦੇ ਵੱਖ-ਵੱਖ ਭਾਗਾਂ ਤੋਂ ਬਲਕਿ ਯੂ.ਪੀ. ਅਤੇ ਬਿਹਾਰ ਆਦਿਕ ਪ੍ਰਦੇਸ਼ਾਂ ਤੋਂ ਵੀ ਬੜੀ ਤੇਜ਼ੀ ਨਾਲ ਲੋਕ ਇੱਥੇ ਆ ਵਸੇ ਹਨ, ਜ਼ਮੀਨਾਂ ਦੀਆਂ ਕੀਮਤਾਂ ਬਹੁਤ ਤੇਜ਼ੀ ਨਾਲ ਵਧ ਗਈਆਂ ਹਨ, ਅਤੇ ਜ਼ਮੀਨਾਂ ਦੀ ਖਰੀਦੋ-ਫਰੋਖ਼ਤ ਨਾਲ ਸੰਬੰਧਿਤ ਮਾਫੀਆ ਪੈਦਾ ਹੋ ਗਿਆ ਹੈ। ਨਸ਼ਿਆਂ ਦੇ ਸੌਦਾਗਰਾਂ ਨੇ ਵੀ ਇਨ੍ਹਾ ਸ਼ਹਿਰਾਂ ਵਿੱਚ ਆਪਣਾ ਜਾਲ ਫੈਲਾ ਲਿਆ ਹੈ। ਇਸ ਕਾਰਨ ਅਜਿਹੇ ਵਾਤਾਵਰਨ ਵਿੱਚ ਰਹਿਣਾ ਦਿਨ ਪ੍ਰਤੀਦਿਨ ਖ਼ਤਰਨਾਕ ਹੁੰਦਾ ਜਾ ਰਿਹਾ ਹੈ, ਰੇਪ, ਕਤਲ, ਡਾਕੇ, ਅਪਹਰਣ ਅਤੇ ਚੋਰੀ-ਠੱਗੀ ਦੀਆਂ ਘਟਨਾਵਾਂ ਵਿੱਚ ਬੜੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਸ ਸਥਿਤੀ ਵਿੱਚ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਬਠਿੰਡੇ ਵਰਗੇ ਸ਼ਹਿਰਾਂ ਵਿੱਚ ਵੀ ਆਮ ਆਦਮੀ ਦਾ ਮਾਲ ਅਤੇ ਜੀਵਨ ਸੁਰੱਖਿਅਤ ਨਹੀਂ ਰਿਹਾ, ਪਰ ਅਜੇ ਵੀ ਸਾਡੇ ਲੋਕ ਸ਼ਹਿਰੀ ਜੀਵਨ ਤੋਂ ਏਨੇ ਬਦਜ਼ਨ ਨਹੀਂ ਹੋਏ ਕਿ ਉਹ ਸ਼ਹਿਰੀ ਰਿਹਾਇਸ਼ਾਂ ਨੂੰ ਛੱਡ ਕੇ ਉੱਪ ਨਗਰਾਂ ਵੱਲ ਅਗ੍ਰਸਰ ਹੋਣ। ਸਾਡੇ ਤਾਂ ਅਜੇ ਤੱਕ ਇਹੀ ਮੰਤਰ ਚੱਲ ਰਿਹਾ ਹੈ।

ਵਸੀਏ ਸ਼ਹਿਰ।ਭਾਵੇਂ ਹੋਵੇ ਕਹਿਰ।।

ਹਵਾਲੇ[ਸੋਧੋ]


  1. ਸਿੰਘ, ਪ੍ਰੋ. ਸ਼ੈਰੀ (2009). ਪੰਜਾਬੀ ਸੱਭਿਆਚਾਰ ਵਿਭਿੰਨ ਪਰਿਪੇਖ. ਅੰਮ੍ਰਿਤਸਰ: ਰੂਹੀ ਪ੍ਰਕਾਸਨ. pp. 22,23. ISBN 978-81-89284-77-0. 
  2. ਸਿੰਘ, ਪ੍ਰੋ. ਸ਼ੈਰੀ (2009). ਪੰਜਾਬੀ ਸੱਭਿਆਚਾਰ ਵਿਭਿੰਨ ਪਰਿਪੇਖ. ਅੰਮ੍ਰਿਤਸਰ: ਰੂਹੀ ਪ੍ਰਕਾਸ਼ਨ. p. 24. ISBN 978-81-89284-77-0. 
  3. ਸਿੰਘ, ਪ੍ਰੋ. ਸ਼ੈਰੀ (2009). ਪੰਜਾਬੀ ਸੱਭਿਆਚਾਰ ਵਿਭਿੰਨ ਪਰਿਪੇਖ. ਅੰਮ੍ਰਿਤਸਰ: ਰੂਹੀ ਪ੍ਰਕਾਸ਼ਨ. p. 136. ISBN 978-81-89284-77-0. 
  4. ਸਿੰਘ, ਪ੍ਰੋ. ਸ਼ੈਰੀ (2009). ਪੰਜਾਬੀ ਸੱਭਿਆਚਾਰ ਵਿਭਿੰਨ ਪਰਿਪੇਖ. ਅੰਮ੍ਰਿਤਸਰ: ਰੂਹੀ ਪ੍ਰਕਾਸ਼ਨ. p. 137. 
  5. ਕਾਂਗ, ਅਮਰਜੀਤ ਸਿੰਘ (2005). ਵਿਸ਼ਵੀਕਰਣ ਅਤੇ ਪੰਜਾਬੀ ਸਾਹਿਤ ਸੱਭਿਆਚਾਰ. ਲੁਧਿਆਣਾ: ਸਾਹਿਤ ਅਕਾਡਮੀ. p. 38. 
  6. ਸਿੰਘ, ਡਾ. ਸੁਖਦੇਵ (2010). ਪੇਂਡੂ ਸਮਾਜ ਅਤੇ ਪੇਂਡੂ ਵਿਕਾਸ. ਪਟਿਆਲਾ: ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ. pp. 3,4. 
  7. ਸਿੰਘ, ਡਾ. ਸੁਖਦੇਵ (2010). ਪੇਂਡੂ ਸਮਾਜ ਅਤੇ ਪੇਂਡੂ ਵਿਕਾਸ. ਪਟਿਆਲਾ: ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨਿਵਰਸਿਟੀ. p. 15. ISBN 81-7380-403-6.