ਸ਼ਾਂਤ ਰਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਜਦੋਂ ਰਚਨਾ ਜਾਂ ਵਾਕ ਵਿੱਚੋਂ ਸੰਸਾਰ ਤੋਂ ਬੇਮੁਖਤਾ, ਇਕੱਲਾਪਣ, ਵੈਰਾਗ, ਉਦਾਸੀ ਆਦਿ ਭਾਵ ਉਤਪੰਨ ਹੋਵੇ ਤਾਂ ਉਥੇ ਸ਼ਾਂਤ ਰਸ ਹੁੰਦਾ ਹੈ। ਭਾਵੇਂ ਭਰਤ ਮੁਨੀ ਨੇ ਆਪਣੇ ਗ੍ਰੰਥ 'ਨਾਟਯ ਸ਼ਾਸਤਰ' ਵਿੱਚ ਸ਼ਾਂਤ ਰਸ ਨੂੰ ਰਸਾਂ ਦੀ ਗਿਣਤੀ ਵਿੱਚ ਸ਼ਾਮਿਲ ਨਹੀਂ ਕੀਤਾ ਤੇ ਰਸਾਂ ਦੀ ਗਿਣਤੀ ਅੱਠ ਹੀ ਦੱਸੀ ਹੈ, ਪਰ ਬਾਅਦ ਵਿੱਚ ਭਾਮਹ ਤੇ ਵਿਸ਼ਵਨਾਥ ਵਰਗੇ ਵਿਦਵਾਨਾਂ ਨੇ ਬਾਅਦ ਵਿੱਚ ਇਸ ਨੂੰ ਵਧੇਰੇ ਮਹੱਤਵ ਦਿੰਦਿਆਂ ਨੌਵੇਂ ਰਸ ਵਜੋਂ ਸਵੀਕਾਰ ਕੀਤਾ। ਰੱਬੀ ਗਿਆਨ ਜਾਂ ਦੁਨਿਆਵੀ ਉਪਰਾਮਤਾ ਸ਼ਾਂਤ ਰਸ ਦੇ ਆਲੰਬਨ ਹੁੰਦੇ ਹਨ ਜਦਕਿ ਤੀਰਥ ਸਥਾਨ, ਕਥਾ-ਕੀਰਤਨ, ਗਾਇਨ ਆਦਿ ਇਸ ਦੇ ਉਦੀਪਨ ਹਨ। ਵੈਰਾਗ ਹੀ ਸ਼ਾਂਤ ਰਸ ਦਾ ਮੂਲ ਜਾਂ ਸਥਿਰ ਭਾਵ ਹੈ। ਇਸ ਤਰ੍ਹਾਂ ਨਰਾਜ਼ਗੀ, ਜੜ੍ਹਤਾ, ਆਵੇਸ਼ ਇਸਦੇ ਸੰਚਾਰੀ ਭਾਵ ਹਨ।[1]

ਸੰਸਾਰਿਕ ਅਸਥਿਰਤਾ ਦੇ ਕਾਰਣ ਜਾਂ ਤੱਤ-ਗਿਆਨ ਦੇ ਕਾਰਣ ਮਨ ਵਿੱਚ ਜਦੋਂ ਵੈਰਾਗ ਹੁੰਦਾ ਹੈ ਉਥੇ ਸ਼ਾਂਤ ਰਸ ਦੀ ਸਥਿਤੀ ਮੰਨੀ ਗਈ ਹੈ। ਸ਼ਾਂਤ ਰਸ ਦੇ ਸਥਾਈ ਭਾਵ ਬਾਰੇ ਕਾਫ਼ੀ ਵਾਦ-ਵਿਵਾਦ ਹੋਇਆ ਹੈ। ਕਈਆਂ ਨੇ 'ਨਿਰਵੇਦ' ਨੂੰ ਸਥਾਈ ਭਾਵ ਮੰਨਿਆ ਹੈ, ਵਿਸ਼ਵਨਾਥ ਨੇ 'ਸ਼ਮ' ਨੂੰ। ਨਿਰਵੇਦ ਇੱਕ ਪ੍ਰਕਾਰ ਦਾ ਵੈਰਾਗ ਜਾਂ ਉਪਰਾਮਤਾ ਹੈ, ਸ਼ਮ ਸ਼ਾਂਤੀ ਦਾ ਮੂਲਭਾਵ ਹੀ ਹੈ।

ਉਦਾਹਰਣ:-

ਕਹਾ ਮਨ, ਬਿਖਿਅਨ ਸਿਉ ਲਪਟਾਹੀ।

ਯਾ ਜਗੁ ਮੈ ਕੋਊ ਰਹਨੁ ਨ ਪਾਵੈ

ਇਕਿ ਆਵਹਿ ਇਕਿ ਜਾਹੀ।

ਕਾਕੋ ਤਨ ਧਨ ਸੰਪਤਿ ਕਾਕੀ

ਕਾ ਸਿਉ ਨੇਹੁ ਲਗਾਹੀ।

ਜੋ ਦੀਸੈ ਸੋ ਸਗਲ ਬਿਨਾਸੈ

ਜਿਉਂ ਬਾਦਰ ਕੀ ਛਾਈ

ਤਜਿ ਅਭਿਮਾਨ ਸਰਣਿ ਸੰਤਨ ਗਹੁ

ਮੁਕਤਿ ਹੋਹਿ ਛਿਨ ਮਾਹੀ।

ਜਨ ਨਾਨਕ ਭਗਵੰਤ ਭਜਨ ਬਿਨੁ

ਸੁਖੁ ਸੁਪਨੇ ਭੀ ਨਾਹੀਂ[2]। (ਆਦਿ ਗ੍ਰੰਥ: ਰਾਗ ਸਾਰੰਗ ਮਹਲਾ, 9)

ਏਥੇ ਸੰਸਾਰ ਦੀ ਨਾਸ਼ਮਾਨਤਾ ਦਾ ਗਿਆਨ ਆਲੰਬਨ ਵਿਭਾਵ ਹੈ। ਸੰਤਾਂ ਦੀ ਸ਼ਰਣ ਉੱਦੀਪਨ ਹੈ ਪਰ ਇਹ ਵਿਅੰਜਤ ਹੈ, ਗਲਾਨੀ, ਤ੍ਰਾਸ ਆਦਿ ਸੰਚਾਰੀ ਹਨ। ਨਿਰਵੇਦ (ਉਪਰਾਮਤਾ) ਸਥਾਈ ਭਾਵ ਹੈ। ਇਉਂ ਇਸ ਬੰਦ ਵਿੱਚ ਸ਼ਾਂਤ ਰਸ ਦੀ ਸਾਮਗ੍ਰੀ ਹੈ।


ਹਵਾਲੇ[ਸੋਧੋ]

  1. ਡਾ. ਪ੍ਰੇਮ ਪ੍ਰਕਾਸ਼ ਧਾਲੀਵਾਲ (2012). ਭਾਰਤੀ ਕਾਵਿ-ਸ਼ਾਸਤ੍ਰ. ਮਦਾਨ ਪਬਲੀਕੇਸ਼ਨ, ਪਟਿਆਲਾ. 
  2. ਸਿੰਘ, ਡਾ. ਪ੍ਰੇਮ ਪ੍ਰਕਾਸ਼ (1998). ਭਾਰਤੀ ਕਾਵਿ-ਸ਼ਾਸਤ੍ਰ. ਲੁਧਿਆਣਾ: ਲਾਹੌਰ ਬੁਕ ਸ਼ਾਪ. p. 252. ISBN 81-7647-018-X.