ਸ਼੍ਰੇਣੀ:ਕਾਵਿ ਦੇ ਪ੍ਰਯੋਜਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ


ਕਾਵਿ ਦੇ ਪ੍ਰਯੋਜਨ

ਕਾਵਿ ਉਸ ਰਚਨਾ ਨੂੰ ਕਿਹਾ ਜਾਂਦਾ ਹੈ ਜਿਸਦੀ ਸਿਰਜਨਾ ਕਵੀ ਕਰਦਾ ਹੈ। ਮੇਦਨੀ ਕੋਸ਼ ਅਨੁਸਾਰ ਕਵੀ ਦੁਆਰਾ ਕੀਤਾ ਹੋਇਆ ਕਾਰਜ ਕਾਵਿ ਹੈ। ਆਚਾਰੀਆ ਮੰਮਟ ਨੇ ‘ਕਾਵਯ ਪ੍ਰਕਾਸ਼’ ਵਿੱਚ ਕਵੀ-ਕਰਮ ਨੂੰ ਕਾਵਿ ਕਿਹਾ ਹੈ। ਇਸ ਲਈ ਕਾਵਿ ਸ਼ਬਦ ਦੀ ਵਿਆਖਿਆ ‘ਕਵਿ’ ਦੇ ਸੰਦਰਭ ਵਿੱਚ ਹੀ ਉਚਿੱਤ ਢੰਗ ਨਾਲ ਹੋ ਸਕਦੀ ਹੈ। ਜੇ ‘ਕਵੀ’ ਸ਼ਬਦ ਦੀ ਵਿਉਤਪੱਤੀ ‘ਕਵ੍’ ਧਾਤੂ ਤੋ ਮੰਨੀ ਜਾਏ, ਜਿਸਦਾ ਅਰਥ ਹੈ ਵਰਣਨ ਕਰਨਾ, ਤਾਂ ‘ਕਵੀ’ ਤੋਂ ਭਾਵ ਹੈ ਵਰਣਨ ਕਲਾ ਵਿੱਚ ਨਿਪੁਣ ਜਾਂ ਸਭ ਕੁੱਝ ਜਾਨਣ ਵਾਲਾ ਵਿਅਕਤੀ। ਮੰਮਟ ਨੇ ਇਸ ਵਿਉਂਤਪਤੀ ਦੇ ਆਧਾਰ ਤੇ ‘ਅਲੌਕਿਕ’ ਵਰਣਨ ਵਿੱਚ ਨਿਪੁਣ ਕਵੀ ਕਰਮ ਨੂੰ ‘ਕਾਵਿ’ ਕਿਹਾ ਹੈ। ਇਸ ਤਰ੍ਹਾ ਸਭ ਕੁੱਝ ਜਾਨਣ ਵਾਲੇ, ਵਰਣਨ ਕਲਾ ਵਿੱਚ ਨਿਪੁਣ ਅਤੇ ਰਸ ਤੇ ਭਾਵ ਨੂੰ ਸ਼ਬਦਾਂ ਰਾਹੀਂ ਪ੍ਰਗਟਾਣ ਵਾਲੀ ਕਵੀ ਦੀ ਕ੍ਰਿਤੀ ਹੀ ‘ਕਾਵਿ’ ਹੈ।ਕਾਵਿ ਦੇ ਪ੍ਰਯੋਜਨ ਤੋਂ ਭਾਵ ਮੰਤਵ, ਮਨੋਰਥ, ਮਕਸਦ ਜਾਂ ਨਿਸ਼ਾਨਾ ਕਿਹਾ ਜਾ ਸਕਦਾ ਹੈ। ਆਦਿ ਸਮੇਂ ਤੋਂ ਹੀ ਮਨੁੱਖ ਦਾ ਸਹਿਜ ਸੁਭਾਅ ਰਿਹਾ ਹੈ ਕਿ ਉਹ ਕਿਸੇ ਵਿਸ਼ੇਸ਼, ਪ੍ਰਯੋਜਨ, ਉਦੇਸ਼ ਜਾਂ ਲਾਭ ਪ੍ਰਾਪਤੀ ਤੋਂ ਬਿਨ੍ਹਾਂ ਕਿਸੇ ਵੀ ਕੰਮ ਕਰਨ ਨੂੰ ਤਿਆਰ ਨਹੀਂ ਹੁੰਦਾ। ਇਹ ਕਿਹਾ ਜਾਂਦਾ ਹੈ ਕਿ “ਮੂਰਖ ਦੀ ਵੀ ਪ੍ਰਵਿੱਤੀ ਬਿਨ੍ਹਾਂ ਕਿਸੇ ਉਦੇਸ਼ ਤੋਂ ਨਹੀਂ ਹੁੰਦੀ ਹੈ”। ਇਸ ਲਈ ਕਾਵਿ ਲਿਖਣ ਦਾ ਕੋਈ ਨਾ ਕੋਈ ਪ੍ਰਯੋਜਨ ਅਥਵਾ ਮਨੋਰਥ ਜ਼ਰੂਰ ਹੋਣਾ ਚਾਹੀਦਾ ਹੈ। ਇਹ ਗੱਲ ਸਪਸ਼ਟ ਹੈ ਕਿ ਹਰ ਹਰਕਤ ਅਥਵਾ ਕਿਰਿਆ ਦਾ ਕੋਈ ਨਾ ਕੋਈ ਮਕਸਦ ਜ਼ਰੂਰ ਹੁੰਦਾ ਹੈ। ਇਸ ਸੰਬੰਧ ਵਿੱਚ ਸੰਸਕ੍ਰਿਤ ਕਾਵਿ ਵਿੱਚ ਚਾਰ ਅਨੁਬੰਧਾਂ (ਸ਼ਰਤਾਂ) ਦੀ ਪਰੰਪਰਾ ਵਿਸ਼ੇਸ਼ ਤੌਰ 'ਤੇ ਵਿਚਾਰਨਯੋਗ ਹੈ- ਵਿਸ਼ਾ, ਅਧਿਕਾਰੀ, ਪ੍ਰਯੋਜਨ ਅਤੇ ਸੰਬੰਧ।ਚੌਥਾ ਅਨੁਬੰਦ ਕਾਵਿ ਦੇ ਪ੍ਰਯੋਜਨ ਦਾ ਅਨੁਬੰਦ ਹੈ

ਵਿਸ਼ਾ ਸੂਚੀ[ਸੋਧੋ]

ਵਿਸ਼ਾਸੋਧੋ[ਸੋਧੋ][ਸੋਧੋ]

ਰਚਨਾ ਵਿੱਚ ਬਿਆਨ ਕਰਨ ਵਾਲੀ ਸਮੱਗਰੀ ਵਿਸ਼ਾ ਹੁੰਦੀ ਹੈ। ਭਾਵ ਜਦੋਂ ਕਵੀਂ ਕਿਸੇ ਮੁੱਖ ਵਿਸ਼ੇ ਨੂੰ ਧਿਆਨ ਵਿੱਚ ਰੱਖ ਕੇ ਕਾਵਿ ਦੀ ਰਚਨਾ ਕਰਦਾ ਹੈ ਤੇ ਉਸਦੇ ਚੰਗੇ ਮਾੜੇ ਪ੍ਰਭਾਵ ਬਾਰੇ ਦੱਸਦਾ ਹੈ, ਪਰੰਤੂ ਉਸਦਾ ਮੁੱਖ ਉਦੇਸ਼ ਸਮਾਜਿਕ ਉਪਦੇਸ਼ਾਤਮਿਕ ਹੁੰਦਾ ਹੈ।

ਅਧਿਕਾਰੀਸੋਧੋ[ਸੋਧੋ][ਸੋਧੋ]

ਕਾਵਿ ਸ਼ਾਸਤਰ ਦੇ ਮੂਲ ਤੱਤਾਂ ਨੂੰ ਜਾਨਣ ਦਾ ਚਾਹਵਾਨ ਮਨੁੱਖ ‘ਅਧਿਕਾਰੀ’ ਹੁੰਦਾ ਹੈ। ਭਾਵ ਜਦੋਂ ਕਵੀਂ ਕਿਸੇ ਕਾਵਿ ਦੀ ਰਚਨਾ ਕਰਦਾ ਹੈ ਤਾਂ ਉਹ ਮੂਲ ਸਮੱਗਰੀ ਦੀਆਂ ਇਕਾਈਆਂ ਰਸ, ਅਲੰਕਾਰ, ਰੀਤੀ, ਧੁਨੀ, ਵਕ੍ਰੋਕਤੀ, ਔਚਿਤਯ, ਛੰਦ, ਭਾਵ ਅਤੇ ਕਲਪਨਾ ਆਦਿ ਨੂੰ ਧਿਆਨ ਵਿੱਚ ਰੱਖਦਾ ਹੈ।

ਪ੍ਰਯੋਜਨਸੋਧੋ[ਸੋਧੋ][ਸੋਧੋ]

ਕਾਵਿ ਜਾਂ ਰਚਨਾ ਨੂੰ ਲਿਖਣ ਜਾਂ ਪੜ੍ਹਨ ਤੋਂ ਹੋਣ ਵਾਲੀ ਪ੍ਰਾਪਤੀ ਪ੍ਰਯੋਜਨ ਹੈ। ਪ੍ਰਯੋਜਨ ਤੋਂ ਭਾਵ ਜਦੋਂ ਕਵੀਂ ਕਿਸੇ ਕਾਵਿ ਦੀ ਰਚਨਾ ਕਰਦਾ ਹੈ ਤਾਂ ਉਸਦਾ ਮੁੱਖ ਉਦੇਸ਼ ਜਸ ਅਤੇ ਧਨ ਦੀ ਪ੍ਰਾਪਤੀ ਕਰਨਾ ਹੁੰਦਾ ਹੈ ਤੇ ਧਨ ਨਾਲ ਆਪਣੀਆਂ ਇੱਛਾਵਾਂ ਦੀ ਪੂਰਤੀ ਕਰਦਾ ਹੈ। ਜਿਸ ਨਾਲ ਉਸਨੂੰ ਅਨੰਦਾਨੁਭੂਤੀ ਦੀ ਪ੍ਰਾਪਤੀ ਹੁੰਦੀ ਹੈ।

ਸੰਬੰਧਸੋਧੋ[ਸੋਧੋ][ਸੋਧੋ]

ਵਿਸ਼ੇ ਅਤੇ ਪ੍ਰਯੋਜਨ ਦੇ ਕਾਰਯ ਅਤੇ ਕਾਰਣ ਦਾ ਭਾਵ ਸੰਬੰਧ ਹੈ। ਭਾਵ ਹਰ ਇੱਕ ਰਚਨਾ ਦਾ ਸੰਬੰਧ ਕਾਰਣ ਅਤੇ ਕਾਰਜ ਨਾਲ ਸਹਿਭਾਵ ਨਾਲ ਜੁੜਿਆ ਹੁੰਦਾ।

ਉਪਰੋਕਤ ਗੱਲਾਂ ਤੋਂ ਸਪਸ਼ਟ ਹੁੰਦਾ ਹੈ ਕਿ ਹਰੇਕ ਭਾਸ਼ਾ ਦੇ ਸਾਹਿਤਕਾਰ ਦਾ ਹਰ ਰਚਨਾ,ਹਰ ਕਿਰਤ,ਹਰ ਸ਼ਾਸਤਰ,ਹਰ ਗ੍ਰੰਥ ਨੂੰ ਲਿਖਣ ਦਾ ਕੋਈ ਨਾ ਕੋਈ ਪ੍ਰਯੋਜਨ ਅਥਵਾ ਮੰਤਵ ਜ਼ਰੂਰ ਹੁੰਦਾ ਹੈ। ਅਸਲ ਵਿੱਚ ਲੱਛਣ ਤੇ ਪ੍ਰਯੋਜਨ ਆਪਸ ਵਿੱਚ ਘੁਲੇ- ਮਿਲੇ ਰਹਿੰਦੇ ਹਨ। ਕਿਉਂਕਿ ਕਿਸੇ ਆਲੋਚਨਾ ਅਧੀਨ ਵਸਤੂ ਦਾ ਯਥਾਰਥ ਸਰੂਪ ਚਿਤਰਿਤ ਕਰਨ ਲਈ ਪ੍ਰਯੋਜਨ ਨੂੰ ਮੱਦੇ- ਨਜ਼ਰ ਰੱਖਣਾ ਪੈਂਦਾ ਹੈ। ਕਈ ਪ੍ਰਯੋਜਨ ਕਵੀ ਦੀ ਸ਼ਖ਼ਸੀਅਤ ਦੇ ਲਿਹਾਜ਼ ਨਾਲ ਉਲੀਕੇ ਗਏ ਹਨ ਅਤੇ ਕਈ ਪਾਠਕ - ਸਰੋਤਿਆਂ ਉੱਤੇ ਕਾਵਿ ਦੁਆਰਾ ਪਏ ਪ੍ਰਭਾਵਾਂ ਦੇ ਪੱਖ ਤੋਂ ਪੇਸ਼ ਕੀਤੇ ਗਏ ਹਨ। ਇਹਨਾਂ ਤੋਂ ਇਲਾਵਾ ਲੋਕ-ਸਮੂਹ ਨੂੰ ਵੀ ਮੁੱਖ ਰੱਖਿਆ ਗਿਆ ਹੈ,ਇਸ ਲਈ ਲੋਕ-ਮੰਗਲ (ਆਵਾਮ ਦੀ ਬਿਹਤਰੀ) ਦਾ ਵੀ ਪ੍ਰਯੋਜਨ ਨਾਲੋ- ਨਾਲ ਸ਼ਾਮਿਲ ਹੈ। ਸੰਸਕ੍ਰਿਤ ਦੇ ਅਨੇਕ ਕਾਵਿ ਸ਼ਾਸਤਰੀਆਂ ਨੇ ਆਪਣੇ-ਆਪਣੇ ਦ੍ਰਿਸ਼ਟੀਕੋਣ ਤੋਂ ਕਾਵਿ ਦੇ ਪ੍ਰਯੋਜਨਾਂ ਦਾ ਵਿਸ਼ੇਸ਼ ਵਿਵੇਚਨ ਕੀਤਾ ਹੈ,ਪਰ ਪ੍ਰਮੁੱਖ ਤੌਰ 'ਤੇ ਕਾਵਿ ਦੇ ਪ੍ਰਯੋਜਨ ਦੋ ਵਰਗਾਂ ਲੇਖਕ ਅਤੇ ਪਾਠਕ ਨਾਲ ਸੰਬੰਧਿਤ ਹੁੰਦੇ ਹਨ। ਪ੍ਰਮੁੱਖ ਤੌਰ 'ਤੇ ‘ਜਸ’ ਅਤੇ ‘ਧਨ’ ਕਵੀ ਨੂੰ; ‘ਵਿਵਹਾਰ ਦਾ ਗਿਆਨ’ ਅਤੇ ‘ਉਪਦੇਸ਼’ ਕਾਵਿ ਦੇ ਪਾਠਕ ਨੂੰ; ‘ਅਨਿਸ਼ਟ ਦਾ ਨਿਵਾਰਣ’ ਅਤੇ ‘ਆਨੰਦ ਦੀ ਪ੍ਰਾਪਤੀ’ ਦੋ

ਸੰਸਕ੍ਰਿਤ ਦੇ ਕਾਵਿ ਸ਼ਾਸਤਰੀਆਂ ਦੁਆਰਾ ਕਾਵਿ ਦੇ ਪ੍ਰਯੋਜਨ ਦਾ ਵਿਵੇਚਨਸੋਧੋ[ਸੋਧੋ][ਸੋਧੋ]

ਆਚਾਰੀਆ ਭਰਤਮੁਨੀ ਅਨੁਸਾਰਸੋਧੋ[ਸੋਧੋ][ਸੋਧੋ]

ਸੰਸਕ੍ਰਿਤ ਦੇ ਸਭ ਤੋਂ ਪਹਿਲੇ ਆਚਾਰੀਆ ਭਰਤਮੁਨੀ ਨੇ ਆਪਣੇ ਗ੍ਰੰਥ ‘ਨਾਟਯਸ਼ਾਸਤਰ’ ਵਿੱਚ ‘ਨਾਟਯ’ ਦੇ ਉਦੇਸ਼ਾਂ ਦੇ ਰੂਪ ਵਿੱਚ ਨਾਟਯ ਦੇ ਪ੍ਰਯੋਜਨਾਂ ਦਾ ਵਿਵੇਚਨ ਕਰਦੇ ਹੋਏ ਕਿਹਾ ਹੈ ਕਿ ਇਹ ਨਾਟਯ ਉੱਤਮ, ਮੱਧਮ ਅਤੇ ਅੱਧਮ ਕੋਟੀ ਦੇ ਮਨੁੱਖਾਂ ਦੇ ਆਸਰੇ ਰਹਿਣ ਵਾਲਾ, ਲੋਕਾਂ ਲਈ ਹਿਤਕਾਰੀ ਉਪਦੇਸ਼ ਦੇਣ ਵਾਲਾ, ਧੀਰਜ ਬੰਧਾਉਣ ਵਾਲਾ, ਮਨੋਵਿਨੋਦ ਅਤੇ ਸੁਖ ਆਦਿ ਦਾ ਪ੍ਰਦਾਤਾ ਹੈ। ਮੌਕਾ ਪੈਣ ਤੇ ਦੁਖੀ, ਪੀੜ੍ਹਿਤ ਅਤੇ ਸ਼ੋਕਸੰਤਪਤ ਲੋਕਾਂ ਨੂੰ ਵਿਸ਼੍ਰਾਂਤੀ (ਆਰਾਮ) ਦੇਣ ਵਾਲਾ ਹੋਵੇਗਾ।

ਆਚਾਰੀਆ ਭਾਮਹ ਅਨੁਸਾਰਸੋਧੋ[ਸੋਧੋ][ਸੋਧੋ]

ਭਰਤਮੁਨੀ ਤੋਂ ਬਾਅਦ, ਭਾਮਹ ਨੇ ਕਿਹਾ ਹੈ ਕਿ ਉੱਤਮ ਕਾਵਿ ਦੀ ਰਚਨਾ ਕਰਨ ਅਤੇ ਪੜ੍ਹਨ ਨਾਲ ਧਰਮ, ਅਰਥ, ਕਾਮ, ਮੋਕ੍ਸ਼ ਦੀ ਪ੍ਰਾਪਤੀ ਦੇ ਨਾਲ- ਨਾਲ ਕਲਾ ਵਿੱਚ ਮੁਹਾਰਤ, ਜਸ ਅਤੇ ਪ੍ਰੀਤੀ ਦਾ ਲਾਭ ਹੁੰਦਾ ਹੈ। ਭਾਮਹ ਅਨੁਸਾਰ ਉੱਤਮ ਕਾਵਿ ਦੀ ਰਚਨਾ ਦੁਆਰਾ ਚਾਰ ਪੁਰਸ਼ਾਰਥਾਂ(ਧਰਮ, ਅਰਥ, ਕਾਮ ਅਤੇ ਮੋਕ੍ਸ਼)ਤੋਂ ਇਲਾਵਾ ਕਲਾਵਾਂ ਵਿੱਚ ਨਿਪੁੰਨਤਾ ਯਸ਼ ਅਤੇ ਪ੍ਰੀਤੀ(ਆਨੰਦ) ਦੀ ਪ੍ਰਾਪਤੀ ਹੁੰਦੀ ਹੈ। ਯਸ਼ ਅਤੇ ਪ੍ਰੀਤੀ ਨੂੰ ਕਾਵਿ ਪ੍ਰਯੋਜਨਾਂ ਵਿੱਚ ਸ਼ਾਮਿਲ ਕਰਕੇ ਭਾਮਹ ਨੇ ਕਾਵਿ ਦੇ ਉਦੇਸ਼ ਦੇ ਅੰਤਰਗਤ ਕਵੀ ਅਤੇ ਪਾਠਕ ਦੋਹਾਂ ਨੂੰ ਸ਼ਾਮਿਲ ਕਰ ਲਿਆ ਹੈ।

ਆਚਾਰੀਆ ਵਾਮਨ ਅਨੁਸਾਰਸੋਧੋ[ਸੋਧੋ][ਸੋਧੋ]

ਵਾਮਨ ਨੇ ਕਾਵਿ ਦੇ ਦੋ ਪ੍ਰਯੋਜਨ ਦੱਸੇ ਹਨ-ਦ੍ਰਿਸ਼ਟ ਤੇ ਅਦ੍ਰਿਸ਼ਟ।ਦ੍ਰਿਸ਼ਟ ਪ੍ਰਯੋਜਨ ਤੋਂ ਭਾਵ ਪ੍ਰੀਤੀ(ਆਨੰਦ) ਅਤੇ ਅਦ੍ਰਿਸ਼ਟ ਪ੍ਰਯੋਜਨ ਤੋਂ ਭਾਵ ਕੀਰਤੀ(ਯਸ਼) ਹੈ। ਇਸ ਲਈ ਆਚਾਰੀਆ ਵਾਮਨ ਨੇ ਵਿਆਖਿਆ ਕਰਦੇ ਹੋਏ ਕਿਹਾ ਹੈ। ਚੰਗੇ ਕਾਵਿ ਦੀ ਰਚਨਾ ਕਰਨ ਨਾਲ ਜਸ ਪ੍ਰਾਪਤ ਹੁੰਦਾ ਹੈ ਅਤੇ ਬੁਰੀ ਕਵਿਤਾ ਕਰਨ ਵਾਲੇ ਨੂੰ ਅਪਯਸ਼ ਹੀ ਅਪਯਸ਼ ਮਿਲਦਾ ਹੈ। ਜਸ ਮਨੁੱਖ ਨੂੰ ਸਵਰਗ ਅਤੇ ਅਪਯਸ਼ ਨਰਕ ਵਿੱਚ ਲੈ ਜਾਂਦਾ ਹੈ। ਇਸ ਲਈ ਉੱਚ ਕੋਟੀ ਦੇ ਕਵੀਆਂ ਨੂੰ ਚਾਹੀਦਾ ਹੈ ਕਿ ਉਹ ‘ਜਸ’ ਨੂੰ ਇੱਕਠਾ ਕਰਨ ਅਤੇ ‘ਅਪਯਸ਼’ ਨੂੰ ਦੂਰ ਕਰਨ ਲਈ ਮੇਰੇ ਗ੍ਰੰਥ ‘ਕਾਵਿਅਲੰਕਾਰ’ ਦੇ ਸ੍ਰੂਤਾਂ ਨੂੰ ਚੰਗੀ ਤਰ੍ਹਾਂ ਸਮਝ ਕੇ ਉੱਤਮ ਕਵਿਤਾ ਕਰਨ।

ਆਚਾਰੀਆ ਭੋਜ ਅਨੁਸਾਰਸੋਧੋ[ਸੋਧੋ][ਸੋਧੋ]

ਆਚਾਰੀਆ ਵਾਮਨ ਵਾਂਙ ਹੀ ਭੋਜ ਨੇ ਆਪਣੇ ਗ੍ਰੰਥ ‘ਸਰਸਵਤੀਕੰਠਾਭਰਣ’ ਵਿੱਚ ਜਸ ਅਤੇ ਆਨੰਦ ਦੋ ਹੀ ਕਾਵਿ ਦੇ ਪ੍ਰਯੋਜਨ ਮੰਨੇ ਹਨ। ਇਹਨਾਂ ਦਾ ਕਹਿਣਾ ਹੈ ਕਿ ਦੋਸ਼-ਰਹਿਤ, ਗੁਣਾਂ ਤੋਂ ਭਰਪੂਰ (ਉਪਮਾ) ਆਦਿ ਅਲੰਕਾਰਾਂ ਨਾਲ ਅਲੰਕ੍ਰਿਤ (ਸਜੀ ਹੋਈ) ਅਤੇ ‘ਰਸ’ ਤੋਂ ਓਤਪ੍ਰੋਤ (ਭਰਪੂਰ) ਰਚਨਾ ਨੂੰ ਕਰਦਾ ਹੋਇਆ ਕਵੀ ਜਸ ਅਤੇ ਸਵੈ-ਆਨੰਦ (ਪ੍ਰੀਤੀ) ਨੂੰ ਪ੍ਰਾਪਤ ਕਰਦਾ ਹੈ।

ਆਚਾਰੀਆ ਕੁੰਤਕ ਅਨੁਸਾਰਸੋਧੋ[ਸੋਧੋ][ਸੋਧੋ]

ਕੁੰਤਕ ਨੇ ਆਪਣੇ ਗ੍ਰੰਥ ‘ਵਕ੍ਰੋਕਤੀਜੀਵਿਤਮ੍’ ਵਿੱਚ ਕਾਵਿ ਦੇ ਪ੍ਰਯੋਜਨਾਂ ਨੂੰ ਜਿਆਦਾ ਸਪਸ਼ਟ ਕਰਦੇ ਹੋਏ ਕਿਹਾ ਹੈ ਕਿ,ਚੰਗੇ ਕੁਲਾਂ ‘ਚ ਪੈਦਾ ਹੋਏ ਰਾਜਕੁਮਾਰਾਂ ਆਦਿ ਲਈ ਕਾਵਿ ਦੀ ਰਚਨਾ ਕੀਤੀ ਜਾਂਦੀ ਹੈ।ਇਹ ਉਹਨਾਂ ਲਈ ਸੁੰਦਰ ਅਤੇ ਸਰਸ ਢੰਗ ਨਾਲ ਕਿਹਾ ਗਿਆ ਧਰਮ, ਅਰਥ, ਕਾਮ ਅਤੇ ਮੋਕ੍ਸ਼ ਪ੍ਰਾਪਤ ਕਰਨ ਦਾ ਸੌਖਾ ਉਪਾਇ ਹੈ। ਉੱਤਮ ਕਾਵਿ ਨੂੰ ਪੜ੍ਹਨ ਨਾਲ ਸਾਰੇ ਤਰ੍ਹਾਂ ਦੇ ਮਨੁੱਖਾਂ ਨੂੰ ਵਿਵਹਾਰ ਦਾ ਗਿਆਨ ਹੁੰਦਾ ਹੈ।ਸਭ ਤੋਂ ਵੱਧ, ਕਾਵਿਰੂਪੀ ਅਮ੍ਰਿਤ ਦੇ ਰਸ ਨਾਲ ਸਹ੍ਰਿਦਯਾਂ ਅਤੇ ਪਾਠਕਾਂ ਦੇ ਹਿਰਦੇ ਵਿੱਚ ਚਤੁਰਵਰਗ (ਧਰਮ, ਅਰਥ, ਕਾਮ, ਮੋਕ੍ਸ਼) ਦੀ ਪ੍ਰਾਪਤੀ ਤੋਂ ਵੀ ਕਿਤੇ ਵੱਧ ਆਨੰਦਾਨੁਭੂਤੀਰੂਪ ਚਮਤਕਾਰ ਉਤਪੰਨ ਹੁੰਦਾ ਹੈ।ਕੁੰਤਕ ਦੇ ਉਪਰੋਕਤ ਕਥਨ ਤੋਂ ਇਹ ਬਿਲਕੁਲ ਸਪਸ਼ਟ ਹੋ ਜਾਂਦਾ ਹੈ ਕਿ ਉਹ ਕਾਵਿ ਦਾ ਸਭ ਤੋਂ ਪ੍ਰਮੁੱਖ ਪ੍ਰਯੋਜਨ ‘ਆਨੰਦਾਨੁਭੂਤੀਰੂਪ ਚਮਤਕਾਰ’ ਨੂੰ ਹੀ ਮੰਨਦੇ ਹਨ ਭਾਵ ਕਿ ਰਚਨਾ ਪੜ੍ਹਨ ਵਾਲੇ ਪਾਠਕ ਨੂੰ ਆਨੰਦ ਦਾ ਅਨੁਭਵ ਹੋਵੇ।ਦੂਜਾ, ਪ੍ਰਯੋਜਨ ਦੀ ਦ੍ਰਿਸ਼ਟੀ ਤੋਂ ਕੁੰਤਕ ‘ਸ਼ਾਸਤਰ’ ਅਤੇ ‘ਕਾਵਿ’ ਨੂੰ ਵੱਖ-ਵੱਖ ਸਮਝਦੇ ਹਨ- ‘ਸ਼ਾਸਤਰ’ ਕੌੜੀ ਦਵਾਈ ਵਾਂਙ ਹੈ ਜਿਹੜੀ ਅਵਿਦਿਆਰੂਪੀ ਬਿਮਾਰੀ ਨੂੰ ਦੂਰ ਕਰਦੀ ਹੈ ਅਤੇ ‘ਕਾਵਿ’ ਖੁਸ਼ੀ(ਆਨੰਦ) ਦੇਣ ਵਾਲੇ ‘ਅੰਮ੍ਰਿਤ’ ਦੇ ਸਮਾਨ ਹੈ ਜਿਹੜਾ ਅਵਿਵੇਕਰੂਪੀ ਬਿਮਾਰੀ ਨੂੰ ਦੂਰ ਕਰਦਾ ਹੈ।

ਆਚਾਰੀਆ ਵਾਗ੍ਭੱਟ ਅਨੁਸਾਰਸੋਧੋ[ਸੋਧੋ][ਸੋਧੋ]

ਆਚਾਰੀਆ ਵਾਗ੍ਭੱਟ ਨੇ ਆਪਣੇ ਗ੍ਰੰਥ ‘ਕਾਵਿਅਨੁਸ਼ਾਸਨ’ ਵਿੱਚ ਆਪਣੇ ਤੋਂ ਪਹਿਲਾਂ ਦੇ ਆਚਾਰੀਆ ਮੰਮਟ ਦੁਆਰਾ ਸਵੀਕ੍ਰਿਤ ਛੇ ਪ੍ਰਯੋਜਨਾਂ ਵਿੱਚੋਂ ‘ਜਸ’ ਦੀ ਥਾਂ ‘ਤੇ ‘ਆਨੰਦ’ ਨੂੰ ਕਾਵਿ ਦਾ ਪ੍ਰਯੋਜਨ ਮੰਨਿਆ ਹੈ।ਉਹਨਾਂ ਅਨੁਸਾਰ ਆਨੰਦ ਦੀ ਪ੍ਰਾਪਤੀ, ਅਨਰਥ ਨੂੰ ਦੂਰ ਕਰਨਾ, ਵਿਵਹਾਰ ਦਾ ਗਿਆਨ, ਤ੍ਰਿਵਰਗ (ਧਰਮ, ਅਰਥ, ਕਾਮ) ਦੇ ਫ਼ਲ ਦਾ ਲਾਭ, ਕਾਂਤ (ਔਰਤ) ਵਰਗਾ (ਸੁਨੇਹ ਭਰਿਆ ਹਿਤਕਾਰੀ) ਉਪਦੇਸ਼ ਅਤੇ ਜਸ-ਛੇ ਪ੍ਰਯੋਜਨ ਮੰਨੇ ਹਨ। ਆਚਾਰੀਆ ਵਾਗ੍ਭੱਟ ਆਪਣੇ ਤੋਂ ਪਹਿਲੇ ਆਚਾਰੀਆਂ ਦੇ ਮਤਾਂ ਵੱਲ ਇਸ਼ਾਰਾ ਕਰਦੇ ਹੋਏ ਕਹਿੰਦੇ ਹਨ ਕਿ ਕਾਵਿ ਦੇ ਪਹਿਲੇ ਪੰਜ ਪ੍ਰਯੋਜਨ ਤਾਂ ਦੂਜੇ ਸਾਧਨਾਂ ਨਾਲ ਪ੍ਰਾਪਤ ਕੀਤੇ ਜਾਂ ਸਕਦੇ ਹਨ, ਤਾਂ ਉਹਨਾਂ ਦੀ ਪ੍ਰਾਪਤੀ ਲਈ ਕਾਵਿ-ਰਚਨਾ ਦੀ ਕੀ ਲੋੜ ਹੈ? ਇਸ ਲਈ ਉਹ ਕਾਵਿ ਦਾ ਇੱਕੋ- ਇੱਕ ਪ੍ਰਯੋਜਨ ‘ਕੀਰਤੀ’ (ਜਸ) ਨੂੰ ਹੀ ਮੰਨਦੇ ਹਨ।

ਆਚਾਰੀਆ ਰੁਦ੍ਰਟ ਅਨੁਸਾਰਸੋਧੋ[ਸੋਧੋ][ਸੋਧੋ]

ਆਚਾਰੀਆ ਰੁਦ੍ਰਟ ਨੇ ਆਪਣੇ ਗ੍ਰੰਥ ‘ਕਾਵਿਆਲੰਕਾਰ’ ਵਿੱਚ ਚਤੁਰਵਰਗ ਅਰਥਾਤ: ਧਰਮ, ਅਰਥ, ਕਾਮ, ਮੋਕ੍ਸ਼ -ਚਾਰ ਪੁਰਸ਼ਾਰਥਾਂ ਨੂੰ ਕਾਵਿ ਦਾ ਪ੍ਰਯੋਜਨ ਸਵੀਕਾਰ ਕੀਤਾ ਹੈ।

ਅਗਨੀਪੁਰਾਣ ਗ੍ਰੰਥ ਵਿੱਚਸੋਧੋ[ਸੋਧੋ][ਸੋਧੋ]

ਅਗਨੀਪੁਰਾਣ ਦੇ ਲਿਖਾਰੀ ਚਤੁਰਵਰਗ ਪੁਰਸ਼ਾਰਥਾਂ ਵਿੱਚੋਂ ਤ੍ਰਿਵਰਗ (ਧਰਮ, ਅਰਥ, ਕਾਮ) ਨੂੰ ਹੀ ‘ਨਾਟਯ’ (ਕਾਵਿ) ਦਾ ਪ੍ਰਯੋਜਨ ਮੰਨਦੇ ਹਨ।

ਆਚਾਰੀਆ ਰਾਮਚੰਦ੍ਰ-ਗੁਣਚੰਦ੍ਰ ਅਨੁਸਾਰਸੋਧੋ[ਸੋਧੋ][ਸੋਧੋ]

'ਨਾਟਯਦਰਪਣ’ ਦੇ ਲੇਖਕ ਰਾਮਚੰਦ੍ਰ-ਗੁਣਚੰਦ੍ਰ ਨੇ ਸਪਸ਼ਟ ਸ਼ਬਦਾਂ ਰਾਹੀਂ ਕਾਵਿ ਨੂੰ ‘ਚਤੁਰਵਰਗ’ (ਧਰਮ, ਅਰਥ, ਕਾਮ, ਮੋਕ੍ਸ਼) ਦਾ ਸਾਧਨ ਮੰਨਿਆ ਹੈ। ਉਹਨਾਂ ਅਨੁਸਾਰ ਕਾਵਿ ਦੁਆਰਾ ਧਰਮ, ਅਰਥ, ਕਾਮ ਦੀ ਪ੍ਰਾਪਤੀ ਤਾਂ ਹੁੰਦੀ ਹੀ ਹੈ,ਬਾਅਦ ‘ਚ ਧਰਮ ਕਰਨ ਦੇ ਕਾਰਣ ਮੋਕ੍ਸ਼ ਵੀ ਮਿਲ ਜਾਂਦਾ ਹੈ। ਇਸ ਲਈ ਰਾਮਚੰਦ੍ਰ-ਗੁਣਚੰਦ੍ਰ ਧਰਮ, ਅਰਥ, ਕਾਮ ਨੂੰ ਕਾਵਿ ਦਾ ਪ੍ਰਮੁੱਖ ਜਾਂ ਪ੍ਰਧਾਨ ਪ੍ਰਯੋਜਨ ਮੰਨਦੇ ਹਨ ਅਤੇ ਮੋਕ੍ਸ਼ ਨੂੰ ਕਾਵਿ ਦਾ ਗੌਣ ਜਾਂ ਅਪ੍ਰਧਾਨ ਪ੍ਰਯੋਜਨ ਮੰਨਦੇ ਹਨ।

ਆਚਾਰੀਆ ਵਿਸ਼ਵਨਾਥ ਅਨੁਸਾਰਸੋਧੋ[ਸੋਧੋ][ਸੋਧੋ]

ਆਚਾਰੀਆ ਵਿਸ਼ਵਨਾਥ ਅਜਿਹੇ ਪਹਿਲੇ ਆਚਾਰੀਆ ਹਨ ਜਿਹਨਾਂ ਨੇ ਕਾਵਿ ਅਤੇ ਕਾਵਿ-ਸ਼ਾਸਤਰ ਦੇ ਪ੍ਰਯੋਜਨਾਂ ਨੂੰ ਇੱਕ ਹੀ ਮੰਨਦਿਆਂ ਚਤੁਰਵਰਗ ਨੂੰ ਦੋਵਾਂ ਦਾ ਪ੍ਰਯੋਜਨ ਸਵਿਕਾਰਿਆ ਹੈ।ਇਹਨਾਂ ਨੇ ਆਪਣੇ ਗ੍ਰੰਥ ‘ਸਾਹਿਤਦਰਪਣ’ ਵਿੱਚ ਕਿਹਾ ਹੈ ਕਿ ਕਾਵਿ ਦੁਆਰਾ ਘੱਟ ਦਿਮਾਗ (ਬੁੱਧੀ) ਵਾਲੇ ਮਨੁੱਖਾਂ ਨੂੰ ਵੀ ਸੌਖੇ ਤਰੀਕੇ ਨਾਲ ‘ਚਤੁਰਵਰਗ’ ਦੀ ਪ੍ਰਾਪਤੀ ਹੋ ਜਾਂਦੀ ਹੈ। ਆਚਾਰੀਆ ਵਿਸ਼ਵਨਾਥ ਦਾ ਮੰਨਣਾ ਹੈ ਕਿ ਚਾਹੇ ਵੇਦ ਆਦਿ ਸ਼ਾਸਤਰਾਂ ਦੇ ਪੜ੍ਹਣ ਨਾਲ ਵੀ ‘ਚਤੁਰਵਰਗ’ ਦੀ ਪ੍ਰਾਪਤੀ ਹੋ ਸਕਦੀ ਹੈ,ਪਰ ਉਹ ਤਾਂ ਨੀਰਸ ਹਨ ਅਤੇ ਤਿੱਖੀ ਬੁੱਧੀ ਵਾਲੇ ਹੀ ਉਹਨਾਂ ਦੇ ਅਧਿਐਨ ਦੁਆਰਾ ਪ੍ਰਾਪਤ ਕਰ ਸਕਦੇ ਹਨ। ਕਾਵਿ,ਆਨੰਦ ਦੇਣ ਵਾਲਾ ਹੁੰਦਾ ਹੈ, ਇਸ ਕਰਕੇ ਕੋਮਲ ਜਾਂ ਘੱਟ ਬੁੱਧੀ ਵਾਲੇ ਮਨੁੱਖ ਵੀ ਸੌਖੇ ਤਰੀਕੇ ਨਾਲ, ਕਾਵਿ ਦੁਆਰਾ ‘ਚਤੁਰਵਰਗ’ ਅਤੇ ‘ਆਨੰਦ’ ਨੂੰ ਪ੍ਰਾਪਤ ਕਰ ਸਕਦੇ ਹਨ।

ਆਚਾਰੀਆ ਜਗਨਨਾਥ ਅਨੁਸਾਰਸੋਧੋ[ਸੋਧੋ][ਸੋਧੋ]

ਆਚਾਰੀਆ ਜਗਨਨਾਥ ਨੇ ਆਪਣੇ ਗ੍ਰੰਥ ‘ਰਸਗੰਗਾਧਰ’ ਵਿੱਚ ਕਾਵਿ ਦੇ ਪ੍ਰਯੋਜਨਾਂ ‘ਤੇ ਵਿਚਾਰ ਕੀਤਾ ਹੈ ਕਿ ਜਸ, ਪਰਮ-ਆਨੰਦ, ਗੁਰੂ, ਰਾਜਾ ਅਤੇ ਦੇਵਤਾ ਦੀ ਕ੍ਰਿਪਾ ਆਦਿ ਕਾਵਿ ਦੇ ਪ੍ਰਯੋਜਨ ਹਨ।ਇਹਨਾਂ ਅਨੁਸਾਰ ਗੁਰੂ ਅਤੇ ਦੇਵਤਾ ਦੀ ਕ੍ਰਿਪਾ ਨਾਲ ਅਨਰਥ(ਦੁੱਖਾਂ) ਦਾ ਨਿਵਾਰਣ;ਰਾਜਾ ਦੀ ਕ੍ਰਿਪਾ ਨਾਲ ਧਨ-ਪ੍ਰਾਪਤੀਰੂਪ ਪ੍ਰਯੋਜਨ; ‘ਆਦਿ’ ਪਦ-ਵਿਵਹਾਰ-ਗਿਆਨ ਅਤੇ ‘ਕਾਂਤਾਸੰਮਿਤ’ ਉਪਦੇਸ਼ ਵੱਲ ਸੰਕੇਤ ਕਰਦਾ ਪ੍ਰਤੀਤ ਹੁੰਦਾ ਹੈ।

ਆਚਾਰੀਆ ਮੰਮਟ ਅਨੁਸਾਰਸੋਧੋ[ਸੋਧੋ][ਸੋਧੋ]

ਮੰਮਟ ਨੇ ਭਰਤਮੁਨੀ ਦੇ ਪ੍ਰਯੋਜਨ ਨੂੰ ਆਧਾਰ ਬਣਾ ਕੇ ਆਪਣੇ ਗ੍ਰੰਥ ‘ਕਾਵਿਪ੍ਰਕਾਸ਼’ ਵਿੱਚ ਕਾਵਿ ਦੇ ਛੇ ਪ੍ਰਯੋਜਨ ਮੰਨੇ ਹਨ-1. ਜਸ 2. ਧਨ ਦੀ ਪ੍ਰਾਪਤੀ 3. ਲੋਕ ਵਿਵਹਾਰ ਦਾ ਗਿਆਨ 4. ਅਨਿਸ਼ਟ (ਦੁੱਖ-ਰੋਗ) ਦਾ ਨਿਵਾਰਣ 5. ਆਨੰਦ ਦੀ ਪ੍ਰਾਪਤੀ 6.ਕਾਂਤਾਸੰਮਿਤ ਉਪਦੇਸ਼

ਜਸਸੋਧੋ[ਸੋਧੋ][ਸੋਧੋ]

ਕਾਵਿ- ਰਚਨਾ ਤੋਂ ਕਦੇ ਵੀ ਨਸ਼ਟ ਨਾ ਹੋਣ ਵਾਲੇ ‘ਜਸ’ ਦੀ ਪ੍ਰਾਪਤੀ ਹੁੰਦੀ ਹੈ। ਉਦਾਹਰਣ-ਵਿਸ਼ਵ ਸਾਹਿਤ ਦੇ ਸ਼ੇਕਸਪੀਅਰ ਹਜ਼ਾਰਾਂ ਸਾਲ ਬਾਅਦ ਅੱਜ ਵੀ ਚਾਰੋਂ ਪਾਸੇ ਫੈਲੇ ਹੋਏ ਹਨ।

ਅਰਥਸੋਧੋ[ਸੋਧੋ][ਸੋਧੋ]

ਕਾਵਿ- ਰਚਨਾ ਤੋਂ ‘ਅਰਥ’ ਦੀ ਪ੍ਰਾਪਤੀ ਵੀ ਹੰਦੀ ਹੈ।ਕਾਵਿ-ਰਚਨਾ ਤੋਂ ‘ਅਰਥ’ ਪ੍ਰਾਪਤੀ ਦੇ ਉਦਾਹਰਣ ਤਾਂ ਅੱਜ ਵੀ ਦੇਖੇ ਜਾ ਸਕਦੇ ਹਨ। ਉੱਘੇ ਸਾਹਿਤਕਾਰਾਂ ਅਤੇ ਕਵੀਆਂ ਨੂੰ ਰਾਜ- ਸਰਕਾਰਾਂ ਅਤੇ ਨਿੱਜੀ ਸੰਸਥਾਵਾਂ ਵੱਡੀ-ਵੱਡੀ ਰਕਮ ਨਾਲ ਸਨਮਾਨਿਤ ਕਰਦੀਆਂ ਹਨ।ਪੁਰਾਣੇ ਵੇਲੇ,ਕਵੀ ਆਪਣੀ ਕਵਿਤਾ ਦੁਆਰਾ ਰਾਜਾ ਅਤੇ ਜਨਤਾ ਨੂੰ ਖੁਸ਼ ਕਰਕੇ ‘ਧਨ’ ਨਾਲ ਸਨਮਾਨਿਤ ਹੁੰਦੇ ਸਨ।

ਲੌਕਿਕ ਵਿਵਹਾਰ ਦਾ ਗਿਆਨਸੋਧੋ[ਸੋਧੋ][ਸੋਧੋ]

ਆਚਾਰੀਆ ਮੰਮਟ ਦਾ ਮਤ ਹੈ ਕਿ ਕਾਵਿ- ਰਚਨਾ ਅਤੇ ਉਸਨੂੰ ਪੜ੍ਹਨ ਨਾਲ ਲੌਕਿਕ ਵਿਵਹਾਰ ਦਾ ਗਿਆਨ ਪ੍ਰਾਪਤ ਹੁੰਦਾ ਹੈ ਕਿਉਂਕਿ ਕਵੀ ਆਪਣੀ ਕਿਰਤ ਵਿੱਚ ਪਾਤਰਾਂ ਰਾਹੀਂ ਅਨੇਕ ਤਰ੍ਹਾਂ ਦੇ ਚੰਗੇ ਆਚਰਣ ਅਤੇ ਵਿਵਹਾਰਾਂ ਨੂੰ ਪ੍ਰਸਤੁਤ ਕਰਦਾ ਹੈ ਜਿਹਨਾਂ ਨੂੰ ਸਮਾਜਿਕ ਅਤੇ ਪਾਠਕ ਬੜੀ ਸਰਲਤਾ ਨਾਲ ਗ੍ਰਹਿਣ ਕਰ ਲੈਂਦਾ ਹੈ।

ਅਨਿਸ਼ਟ ਦਾ ਨਿਵਾਰਣਸੋਧੋ[ਸੋਧੋ][ਸੋਧੋ]

ਦੇਵਤਾਵਾਂ ਆਦਿ ਦੀ ਉਸਤੁਤੀਪਰਕ ਕਾਵਿ-ਰਚਨਾ ਮਨੁੱਖ ਦੇ ਅਨਿਸ਼ਟ(ਦੁੱਖ-ਰੋਗ ਆਦਿ) ਨੂੰ ਦੂਰ ਕਰਦੀ ਹੈ।

ਆਨੰਦ ਦੀ ਪ੍ਰਾਪਤੀਸੋਧੋ[ਸੋਧੋ][ਸੋਧੋ]

ਚੰਗੀ ਕਾਵਿ-ਰਚਨਾ ਦੇ ਰਸ -ਆਸੁਆਦਨ ਦੁਆਰਾ ਕਵੀ ਅਤੇ ਸਹ੍ਰਿਦਯ ਨੂੰ ਇੱਕ ਅਨੋਖੇ ਅਤੇ ਅਲੌਕਿਕ ‘ਆਨੰਦ’ ਦੀ ਅਨੁਭੂਤੀ ਹੁੰਦੀ ਹੈ।ਇਸ ਅਨੁਭੂਤੀ ਵੇਲੇ, ਸਚਮੁੱਚ, ਭੌਤਿਕ ਸਾਰਿਆਂ ਪਦਾਰਥਾਂ ਅਤੇ ਵਿਸ਼ਿਆਂ ਦਾ ਗਿਆਨ ਛੂ-ਮੰਤਰ ਹੋ ਜਾਂਦਾ ਹੈ।ਆਚਾਰੀਆ ਮੰਮਟ ਇਸੇ ‘ਆਨੰਦਾਨੁਭੂਤੀ’ ਨੂੰ ਕਾਵਿ ਦਾ ਸਭ ਤੋਂ ਪ੍ਰਮੁੱਖ ਪ੍ਰਯੋਜਨ ਮੰਨਦੇ ਹਨ।

ਉਪਦੇਸ਼ਸੋਧੋ[ਸੋਧੋ][ਸੋਧੋ]

ਕਾਵਿ ‘ਚ ਅੰਕਿਤ ਅਤੇ ਵਰਣਿਤ ਉਪਦੇਸ਼ ‘ਤੇ ਵਿਚਾਰ ਕਰਦੇ ਹੋਏ ਮੰਮਟ ਨੇ ਉਪਦੇਸ਼ ਦੇ ਤਿੰਨ ਭੇਦ ਮੰਨੇ ਹਨ- 1.ਪ੍ਰਭੂਸੰਮਿਤ- ਸ਼ਬਦਪ੍ਰਧਾਨ ਵੇਦ ਆਦਿ ਸ਼ਾਸਤਰਾਂ ਤੋਂ ਵੀ ਮਨੁੱਖ ਨੂੰ ਉਪਦੇਸ਼ ਮਿਲਦੇ ਹਨ; ਪਰੰਤੂ ਮੰਮਟ ਨੇ ਇਹਨਾਂ ਨੂੰ ‘ਆਦੇਸ਼ ਪ੍ਰਧਾਨ’ ਹੋਣ ਕਰਕੇ ‘ਪ੍ਰਭੂਸੰਮਿਤ’ ਕਿਹਾ ਹੈ ਅਤੇ ਉਹਨਾਂ ਦੀ ਪੂਰੀ-ਪੂਰੀ ਪਾਲਨ ਕਰਨੀ ਜ਼ਰੂਰੀ ਹੈ।

2. ਸੁਹ੍ਰਿਤਸੰਮਿਤ- ਅਰਥਪ੍ਰਧਾਨ ‘ਪੁਰਾਣ’ ਆਦਿ ਗ੍ਰੰਥਾਂ ਦੇ ਉਪਦੇਸ਼ਾਂ ਦਾ ਹੂ-ਬਹੂ ਪਾਲਨ ਕਰਨਾ ਜ਼ਰੂਰੀ ਨਹੀਂ ਹੈ।ਜਿਸ ਤਰ੍ਹਾਂ ਇੱਕ ਦੋਸਤ ਦੂਜੇ ਨੂੰ ਚੰਗਾ ਕੰਮ ਕਰਨ ਦੀ ਸਲਾਹ ਦਿੰਦਾ ਹੈ,ਉਸੇ ਤਰ੍ਹਾਂ ‘ਪੁਰਾਣ’ ਵੀ ਮਨੁੱਖ ਨੂੰ ਚੰਗੀਆਈ ਲਈ ਪ੍ਰੇਰਿਤ ਕਰਦੇ ਹਨ।ਇਸ ਉਪਦੇਸ਼ ਨੂੰ ਮੰਮਟ ਨੇ ‘ਸੁਹ੍ਰਿਤਸੰਮਿਤ’ ਕਿਹਾ ਹੈ।

3. ਕਾਂਤਾਸੰਮਿਤ- ਕਾਵਿ ਵਿੱਚ ਸ਼ਬਦ ਅਤੇ ਅਰਥ ਦੋਵਾਂ ਦੀ ਪ੍ਰਧਾਨਤਾ ਹੁੰਦੀ ਹੈ।ਜਿਵੇਂ ਕੋਈ ਪ੍ਰੇਮਿਕਾ ਆਪਣੇ ਪ੍ਰੇਮੀ ਨੂੰ ਪ੍ਰੇਮ ਦੇ ਰਸ ‘ਚ ਡੁਬੋ ਕੇ ਉਸਨੂੰ ਚੰਗੇ ਰਸਤੇ ਵੱਲ ਚੱਲਣ ਲਈ ਪ੍ਰੇਰਿਤ ਕਰਦੀ ਹੈ।ਉਸੇ ਤਰ੍ਹਾਂ ਕਾਵਿ ਵੀ ਚੰਗੇ ਰਸਤੇ ਵੱਲ ਚੱਲਣ ਲਈ ਪ੍ਰੇਰਿਤ ਕਰਦਾ ਹੈ; ਜਿਵੇਂ ਰਾਮ ਵਾਂਙ ਚੱਲਣਾ ਚਾਹੀਦਾ ਹੈ ਨਾ ਕਿ ਰਾਵਣ ਵਾਂਙ।ਮੰਮਟ ਨੇ ਇਸ ਉਪਦੇਸ਼ ਨੂੰ ‘ਕਾਂਤਾ-ਸੰਮਿਤ’ ਕਿਹਾ ਹੈ।

ਚਾਹੇ ਭਾਰਤੀ ਕਾਵਿ-ਸ਼ਾਸਤਰ ਦੇ ਅਨੇਕਾਂ ਆਚਾਰੀਆਂ ਨੇ ਕਾਵਿ ਦੇ ਪ੍ਰਯੋਜਨਾਂ ਬਾਰੇ ਆਪਣੇ-ਆਪਣੇ ਦ੍ਰਿਸ਼ਟੀਕੋਣ ਪ੍ਰਸਤੁਤ ਕਰਦੇ ਹੋਏ ਵਿਵੇਚਨ ਕੀਤੇ ਹਨ; ਪਰੰਤੂ ਦਾ ਕਾਵਿ-ਪ੍ਰਯੋਜਨ ਸੰਬੰਧੀ ਵਿਵੇਚਨ ਅਤਿਢੁੱਕਵਾਂ, ਅਤਿਵਿਗਿਆਨਿਕ, ਵਿਵਹਾਰਕ, ਸਮਝ ‘ ਚ ਆਉਣ ਵਾਲਾ ਅਤੇ ਗ੍ਰਹਿਣ ਕਰਨਯੋਗ ਜਾਪਦਾ ਹੈ। ਦਾ ਫ਼ਲ ਕਵੀ ਅਤੇ ਕਾਵਿ ਪੜ੍ਹਨ ਵਾਲੇ ਨੂੰ ਮਿਲਦਾ ਹੈ।

ਉਪਸ਼੍ਰੇਣੀਆਂ

ਇਸ ਸ਼੍ਰੇਣੀ ਵਿਚ, ਕੁੱਲ 1 ਵਿਚੋਂ, ਸਿਰਫ਼ ਇਹ ਉਪ ਸ਼੍ਰੇਣੀ ਹੈ।

"ਕਾਵਿ ਦੇ ਪ੍ਰਯੋਜਨ" ਸ਼੍ਰੇਣੀ ਵਿੱਚ ਸਫ਼ੇ

ਇਸ ਸ਼੍ਰੇਣੀ ਵਿੱਚ ਕੇਵਲ ਇਹ ਸਫ਼ਾ ਹੈ। ਹੋ ਸਕਦਾ ਹੈ ਕਿ ਇਹ ਸੂਚੀ ਹਾਲੀਆ ਤਬਦੀਲੀਆਂ ਨੂੰ ਨਾ ਦਰਸਾਵੇ