ਸਮੱਗਰੀ 'ਤੇ ਜਾਓ

ਸਾਂਸੀ ਕਬੀਲਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸਾਂਸੀ ਖਾਨਬਦੋਸ਼ ਕਬੀਲਾ ਹੈ ਜੋ ਮੂਲ ਤੌਰ ਤੇ ਰਾਜਸਥਾਨ ਦਾ ਹੈ। ਮੱਧਕਾਲੀਨ ਭਾਰਤ ਵਿੱਚ ਇਨ੍ਹਾਂ ਦਾ ਕੁੱਝ ਬਿਖਰਾਓ ਹੋਇਆ ਜਿਸਦੇ ਨਾਲ ਹੁਣ ਇਹ ਕਬੀਲਾ ਰਾਜਸਥਾਨ ਦੇ ਇਲਾਵਾ ਹਰਿਆਣਾ ਅਤੇ ਪੰਜਾਬ ਵਿੱਚ ਵੀ ਮਿਲਦਾ ਹੈ, ਭਾਰਤ ਦੇ ਕਈ ਹੋਰ ਇਲਾਕਿਆਂ ਵਿੱਚ ਵੀ ਇਹ ਕਬੀਲਾ ਮਿਲਦਾ ਹੈ। ਇਨ੍ਹਾਂ ਦੀ ਭਾਸ਼ਾ ਸਾਂਸੀ ਬੋਲੀ ਹੈ ਜਿਸ ਨੂੰ ਭਿਲਕੀ ਦੇ ਨਾਮ ਨਾਲ਼ ਜਾਣਿਆ ਜਾਂਦਾ ਹੈ ਇਹ ਬੋਲੀ ਹਿੰਦ - ਆਰਿਆ ਭਾਸ਼ਾਵਾਂ ਵਿੱਚ ਸਭ ਤੋਂ ਜਿਆਦਾ ਲੁਪਤ ਹੋਣ ਦੇ ਖ਼ਤਰੇ ਵਿੱਚ ਆ ਚੁੱਕੀਆਂ ਬੋਲੀਆਂ ਵਿੱਚੋਂ ਇੱਕ ਹੈ ਜਿਸਦੇ ਤਕਰੀਬਨ 60, 000 (ਸਾਲ 2002 ਦੇ ਅਨੁਸਾਰ) ਜਾਣਨ ਵਾਲੇ ਹਨ।[1][2]


ਸਾਂਸੀ ਕਬੀਲੇ ਦਾ ਪਿਛੋਕੜ:

[ਸੋਧੋ]

ਸਾਂਸੀ ਰਾਜਸਥਾਨ ਅਤੇ ਪੰਜਾਬ ਦਾ ਇੱਕ ਬਹੁਤ ਵੱਡਾ ਕਬੀਲਾ ਹੈ। ਇਹ ਪੰਜਾਬ ਤੋਂ ਬਾਹਰ ਜੰਮੂ ਕਸ਼ਮੀਰ, ਦਿੱਲੀ, ਭਾਰਤ ਦੇ ਹੋਰ ਸੂਬਿਆਂ ਅਤੇ ਪਾਕਿਸਤਾਨ ਵਿੱਚ ਵੀ ਹਨ। ਪੰਜਾਬ ਵਿੱਚ ਇਹਨਾਂ ਨੂੰ ਸਾਂਸੀ ਆਖਿਆ ਜਾਂਦਾ ਹੈ। ਰਾਜਸਥਾਨ ਵਿੱਚ ਮੱਧ ਪ੍ਰਦੇਸ ਤੇ ਦਿੱਲੀ ਦੇ ਇਲਾਕੇ ਵਿੱਚ ਭਾਂਤੂ ਵੀ ਆਖਿਆ ਜਾਂਦਾ ਹੈ। ਇਸ ਕਬੀਲੇ ਬਾਰੇ ਬਹੁਤ ਕਥਾਵਾਂ ਪ੍ਰਚਲਿਤ ਹਨ। ਇੱਕ ਕਥਾ ਇਹ ਹੈ ਕਿ ਸਿਆਲਕੋਟ ਵਿੱਚ ਪ੍ਰਚਲਿਤ ਕਥਾ ਅਨੁਸਾਰ ਪੰਜਾਬ ਦੇ ਰਾਜਾ ਨੇ ਆਪਣੀ ਧੀ ਨੂਂੰ ਆਪਣੇ ਸ਼ਹਿਰ ਵਿਚੋਂ ਬਾਹਰ ਕੱਢ ਦਿੱਤਾ। ਉਜਾੜ ਬੀਆਬਾਨ ਵਿੱਚ ਘੁੰਮਦੀ ਘਮਾਉਦੀ ਨੇ ਸਾਂਸੀ ਦੇ ਬੱਚੇ ਨੂੰ ਜਨਮ ਦਿੱਤਾ ਜਿਹੜਾ ਕਿ ਧਾੜਵੀ ਡਾਕੂ ਬਣਿਆ ਜਿਸ ਦੇ ਦੋ ਪੁੱਤਰ ਬੀਢੂ ਤੇ ਮਾਹਲਾ ਸਨ, ਜੋ ਅੱਗੇ 23 ਗੋਤਾਂ ਦੇ ਨੁਮਾਇੰਦੇ ਬਣੇ।[3]

ਸਾਂਸੀ ਕਬੀਲੇ ਦੀ ਉਤਪਤੀ:

[ਸੋਧੋ]

ਸਾਂਸੀ ਕਬੀਲਾ ਪੰਜਾਬ ਵਿੱਚ ਰਹਿਣ ਵਾਲਾ ਇੱਕ ਪ੍ਰਮੁੱਖ ਕਬੀਲਾ ਹੈ। ਪੰਜਾਬ ਵਿੱਚ ਇਸਨੂੰ 'ਸਾਂਸੀ' ਰਾਜਸਥਾਨ ਵਿੱਚ 'ਸੈਂਸੀ' ਅਤੇ ਦਿੱਲੀ ਦੇ ਖੇਤਰ ਵਿੱਚ ਇਸਨੂੰ 'ਤਾਂਤੂੰ' ਵੀ ਕਿਹਾ ਜਾਂਦਾ ਹੈ। ਸਾਂਸੀ ਸ਼ਬਦ ਸੰਸਕ੍ਰਿਤ ਦੇ ਸ਼ਬਦ ਸਵਾਸ ਤੋਂ ਬਣਿਆ ਹੈ ਜਿਸਦਾ ਅਰਥ ਹੈ ਸਾਹ। ਇਸ ਕਬੀਲੇ ਦੀ ਬਣਤਰ ਮਰਦ ਪ੍ਰਧਾਨ ਸਮਾਜ ਹੋਣ ਕਰਕੇ ਲੜਕੇ ਦੇ ਜਨਮ ਤੇ ਜਿਆਦਾ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ। ਬੱਚੇ ਨੂੰ ਤਵੀਤ, ਕਾਲਾ ਧਾਗਾ,ਜਾਂ ਤੜਾਗੀ ਪਾਉਣ ਦੀਆਂ ਰਸਮਾਂ ਵੀ ਬੁਰੀ ਨਜਰ ਤੋਂ ਬਚਾਅ ਵਾਸਤੇ ਹੀ ਕੀਤੀਆਂ ਜਾਦੀਆਂ ਪ੍ਰਤੀਤ ਹੁੰਦੀਆਂ ਹਨ।

●ਸਾਂਸੀ ਕਬੀਲੇ ਦਾ ਵਿਆਹ ਪ੍ਰਬੰਧ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਅੰਤਰ ਗੋਤਰ ਵਿਆਹ ਨੂੰ ਮਾਨਤਾ ਦਿੱਤੀ ਜਾਂਦੀ ਹੈ।

●ਕਬੀਲੇ ਦੀਆਂ ਦੋ ਮੁੱਖ ਗੋਤਾਂ 'ਮਾਹਲਾ'ਅਤੇ'ਬੀਢੂ'ਹਨ।

●ਸਾਂਸੀ ਕਬੀਲੇ ਵਿੱਚ ਵੀ ਮੌਤ ਨਾਲ ਸੰਬੰਧਿਤ ਬਹੁਤ ਸਾਰੀਆਂ ਰੀਤਾਂ - ਰਸਮਾਂ ਅਜਿਹੀਆਂ ਹਨ ਜੋ ਇਸਦੀ ਵਿਲੱਖਣਤਾ ਨੂੰ ਦਰਸਾਉਂਦੀਆਂ ਹਨ।[4] ਪਾਕਿਸਤਾਨ ਦੇ ਗੁਜ਼ਰਾਂਵਾਲਾ ਸ਼ਹਿਰ ਦੇ 'ਕੋਮਕੀ' ਨਾਮਕ ਸਥਾਨ ਦੇ ਪਿੰਡ 'ਤਾਤਲੀ' ਵਿਖੇ 'ਮਾਈ ਲੱਖੀ' ਦੀ ਮਜ਼ਾਰ ਹੈ। ਮਾਈ ਲੱਖੀ ਸਾਂਸੀ ਕਬੀਲੇ ਦੀ ਇਕ ਸੰਤ ਆਤਮਾ ਸੀ ਜਿਹੜੇ ਉਮਰ ਭਰ 'ਜਤੀ ਸਤੀ' ਰਹੀ। ਉਹ ਘਰ- ਬਾਰ ਅਤੇ ਦੁਨੀਅਾਂਦਾਰੀ ਛੱਡ ਕੇ ਜੋਗਨ ਹੋ ਗਈ ਸੀ। ਉਹ ਪ੍ਰਭੂ ਭਗਤੀ ਵਿੱਚ ਲੀਨ ਜੰਗਲ ਬੇਲਿਆਂ ਵਿਚ ਘੁੰਮਦੀ ਰਹਿੰਦੀ ਸੀ। ਇਸੇ ਅਵਸਥਾ ਵਿਚ ਉਸਦੀ ਮੌਤ ਹੋ ਗਈ ਅਤੇ ਉਸ ਥਾਂ 'ਤੇ ਉਸਦੀ ਯਾਦਗਾਰ ਸਥਾਪਤ ਕੀਤੀ ਗਈ ਹੈ। ਇਸ ਇਲਾਕੇ ਦਾ ਸਾਰਾ ਹੀ ਸਾਂਸੀ ਕਬੀਲਾ ਇਸ ਸਥਾਨ ਦੀ ਪੂਜਾ ਕਰਦਾ ਹੈ। ਇਬਸਟਨ ਦੇ ਅਨੁਸਾਰ,

      "ਸਾਰੇ ਸਾਂਸੀ ਕਬੀਲੇ ਨੂੰ ਜਰਾਇਮ ਪੇਸ਼ਾ ਕੌਮ ਦੇ ਤੌਰ 'ਤੇ ਦੇਖਣਾ ਠੀਕ ਨਹੀਂ ਹੈ। ਇਹ ਸਿਰਫ਼ ਪੰਜਾਬ ( ਵੰਡ ਤੋਂ ਪਹਿਲਾਂ) ਦੇ ਨੌਂ ਜ਼ਿਲਿਆਂ ਵਿਚ ਹੀ ਜ਼ਰਾਇਮ ਪੇਸ਼ਾ ਕੌਮ ਦੇ ਤੌਰ 'ਤੇ ਦਰਜ ਸਨ। ਪੰਜਾਬ ਸਰਕਾਰ 1881 ਵਿੱਚ ਲਿਖਿਆ ਹੈ, "ਵੱਖ - ਵੱਖ ਖਿੱਤਿਆਂ ਵਿੱਚ ਇਨ੍ਹਾਂ ਦਾ ਚਾਲ ਚਲਣ ਵੱਖੋ - ਵੱਖਰਾ ਹੈ। ਇਕ ਪੀੜ੍ਹੀ ਪਹਿਲਾਂ ਇਹ ਲਾਹੌਰ ਵਿੱਚ ਜਰਾਇਮ ਪੇਸ਼ਾ ਜਮਾਤ ਨਹੀਂ ਸੀ ਜਿੱਥੇ ਕਿ ਇਨ੍ਹਾਂ ਦਾ ਸੰਬੰਧ ਜੱਟ ਕਿਸਾਨਾਂ ਅਤੇ ਖੇਤੀ ਮਜ਼ਦੂਰਾਂ ਨਾਲ ਰਿਹਾ ਹੈ। ਗੁਰਦਾਸਪੁਰ ਵਿੱਚ ਇਹ ਕਾਫ਼ੀ ਬਦਨਾਮ ਅਪਰਾਧੀ ਵਜੋਂ ਦਰਜ ਹਨ, ਜਿੱਥੇ ਕਿ ਇਹ ਪੇਸ਼ਾਵਰ ਅਪਰਾਧੀ ਵਜੋਂ ਦਰਜ਼ ਹਨ।"
ਆਜ਼ਾਦੀ ਤੋਂ ਪਹਿਲਾਂ ਦੇ ਭਾਰਤ ਵਿੱਚ ਸਾਂਸੀ ਲੋਕ

ਸਾਂਸੀ ਕਬੀਲੇ ਦੀਆਂ ਜਾਤੀਆਂ:

[ਸੋਧੋ]

ਸਾਂਸੀ ਪੰਜਾਬ ਦਾ ਪ੍ਰਤੀਨਿਧ ਪੱਖੀਵਾਸ ਕਬੀਲਾ ਹੈ।ਇਸਦੀਆਂ ਪੰਜਾਹ ਤੋਂ ਉੱਪਰ ਜਾਤੀਆਂ ਹਨ। ਇਹਨਾਂ ਵਿਚੋਂ ਕੀਕਣ, ਭੇਡ ਕੁੱਟ, ਬਦੀਏ, ਗਲਿਹਾਰੇ ਜਾਂ ਕੁੱਚਬੰਦ, ਬੱਦੋਂ, ਕੰਜਰ ਅਤੇ ਢੇਅ ਆਦਿ ਖਾਸ ਵਰਨਣ ਯੋਗ ਹਨ। ਸਾਂਸੀਆਂ ਦੇ ਡੇਰੇ ਪੰਜਾਬ ਵਿੱਚ ਹਨ। ਬਹੁਤ ਸਾਰੇ ਸਾਂਸੀਆਂ ਨੇ ਪੱਕੇ ਡੇਰੇ ਵੀ ਬਣਾ ਲਏ ਹਨ।[5] ਸਿਆਲਕੋਟ ਵਿੱਚ ਪ੍ਰਚੱਲਤ ਇੱਕ ਹੋਰ ਕਥਾ ਅਨੁਸਾਰ ਇੱਕ ਰਾਜਪੂਤ ਲੜਕੀ ਗਰਭਵਤੀ ਹੋ ਗਈ। ਜਿਸ ਕਰਕੇ ਉਸਦੇ ਘਰਦਿਆਂ ਨੇ ਉਸਨੂੰ ਢੇਕ ਦਿੱਤਾ ਜੰਗਲ ਵਿੱਚ ਇੱਕ ਬੱਚੇ ਨੂੰ ਜਨਮ ਦਿੱਤਾ। ਜੋ ਫਲ ਖਾ ਗੁਜਾਰਾ ਕਰਦਾ ਸੀ।ਜਿਹੜਾ ਕਿ ਸਾਹਸ ਬਲੀ(ਸਾਹਸ ਵਾਲਾ ਜਾਂ ਸਾਹਸੀ)ਸੀ। ਇੰਦਰ ਦੇ ਰਾਕਸ਼ਾਂ ਨੇ ਉਸਨੂੰ ਹਰਾ ਦਿੱਤਾ। ਯੁੱਧ ਦੇ ਮੈਦਾਨ 'ਚ ਬਹਾਦਰ ਯੋਧਾ ਮਾਰਿਆ ਗਿਆ। ਉਸਦੀ ਸੁਆਹ ਇੱਕ ਲੜਕੀ ਦੇ ਸੁੰਘਣ ਤੇ ਅੰਦਰ ਗਏ ਕਿਣਕੇ ਤੋਂ ਬੱਚਾ ਗ੍ਰਹਿਣ ਕਰਦਾ। ਜਿਹੜਾ ਕਿ ਸਾਡੀ ਜਾਂ ਸਾਂਸ ਮੱਲ ਹੋਇਆ। ਸਾਂਸ ਜਾਂ ਸਾਹ ਦੁਆਰਾ ਪੈਦਾ ਹੋਇਆ।[6]

ਸਾਂਸੀ ਲੋਕ ਉਹ ਬਹਾਦਰ ਲੋਕ ਹਨ ਜਿਨ੍ਹਾਂ ਨੇ ਆਦਿ ਕਾਲ ਤੋਂ ਹੀ ਵਿਰੋਧੀ ਪਰਿਸਥੀਤੀਆਂ ਵਿੱਚ ਆਪਣੀ ਪਛਾਣ ਬਣਾਈ। ਇਹ ਦੁਸ਼ਵਾਰੀਆਂ ਚੋਂ ਲੰਘਦੇ ਹੋਏ ਵੀ ਜਿੱਤ ਦੇ ਗੀਤ ਗਾਉਂਦੇ ਰਹੇ ਹਨ।ਕੁਝ ਪਰਿਵਾਰਕ ਔਰਤਾਂ ਦੀ ਸਿੱਖਿਆ ਪ੍ਰਤੀ ਵਿਸ਼ੇਸ਼ ਰੁਚੀ ਰੱਖਦੇ ਹਨ। ਅੱਜ ਦੇ ਤਕਨੋਲੋਜੀ ਯੁੱਗ ਵਿੱਚ ਵੀ ਸਾਂਸੀ ਕਬੀਲਾ ਇੱਕ ਅਗਿਆਤ ਹੋਣੀ ਭੋਗ ਰਿਹਾ ਹੈ। ਅੱਜ ਦੇ ਸਮੇਂ ਦੀ ਲੋੜ ਇਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾਵੇ ਤਾਂ ਕਿ ਇਹ ਲੋਕ ਵੀ ਅਜੋਕੇ ਸਮੇਂ ਨਾਲ ਕਦਮ ਮਿਲਾ ਕੇ ਚਲ ਸਕਣ।[7] ਸਾਂਸੀ ਕਬੀਲੇ ਦਾ ਪਿਛੋਕੜ ਦੱਸਦਾ ਹੋਇਆ ਇਸਨੂੰ ਰਾਜਪੂਤਾਨੇੇ ਭੱਟੀ ਰਾਜਪੂਤ ਦੱਸਦਾ ਹੋਇਆ ਇਹਨਾਂ ਨੂੰ ਭਾਰਤੀ ਆਰੀਆਈ ਨਸਲ ਨਾਲ ਜੋੜਦਾ ਹੈ। ਪ੍ਰੰਤੂ ਸਾਂਸੀ ਕਬੀਲੇ ਨੂੰ ਜੱਟਾਂ ਨਾਲ ਇਕਮਿਕ ਕਰ ਦਿੰਦਾ ਹੈ।[8]

ਸਾਂਸੀ ਕਬੀਲੇ ਦੇ ਗੋਤ:

[ਸੋਧੋ]

ਸਾਂਸੀ ਜਾਤ ਦੇ ਬਹੁਤ ਸਾਰੇ ਗੌਤ ਹਨ ਜਿਵੇਂ ਮਾਹਲ, ਬਿਡੂ, ਲੋਧੀ, ਪੁਰੀ, ਬੈਂਸ, ਸੇਠੀ ਅਤੇ ਹੋਰ ਵੀ ਬਹੁਤ ਸਾਰੇ ਗੌਤ ਸਨ।

ਸਾਂਸੀ ਕਬੀਲੇ ਦੇ ਮੌਤ ਦੀਆਂ ਰਸਮਾਂ:

[ਸੋਧੋ]

1. ਮੰਜੀ ਤੋਂ ਉਤਾਰਨ ਦੀ ਰਸਮ :

[ਸੋਧੋ]

ਸਾਂਸੀ ਕਬੀਲੇ ਵਿਚ ਕਿਸੇ ਵੀ ਵਿਅਕਤੀ ਦੀ ਮੌਤ ਹੋਣ ਦੀ ਸੂਰਤ ਵਿਚ ਮੰਜੀ ਤੋਂ ਹੇਠਾਂ ਉਤਾਰਨ ਦੀ ਰਸਮ ਪ੍ਚਲਿਤ ਹੈ। ਕਬੀਲੇ ਦੇ ਲੋਕ ਮੌਤ ਉਪਰੰਤ ਵਿਅਕਤੀ ਨੂੰ ਮੰਜੇ 'ਤੇ ਰੱਖਣਾ ਮਾੜਾ ਸਮਝਦੇ ਹਨ। ਮਿ੍ਤਕ ਦੇ ਸਿਰਹਾਣੇ ਇਕ ਗੰਧਾਲਾ ਗੱਡ ਕੇ ਧੂਣੀ ਧੁਖਾ ਦਿੱਤੀ ਜਾਂਦੀ ਹੈ। ਇਸਤੋਂ ਬਾਅਦ ਕਬੀਲੇ ਦੇ ਸਿਆਣੇ ਅਤੇ ਬੁਜ਼ਰਗ ਵਿਅਕਤੀ ਵਿਹੜੇ ਵਿਚ ਸੱਥਰ ਵਿਛਾ ਕੇ ਮਿ੍ਤਕ ਦੇ ਪਰਿਵਾਰ ਨਾਲ ਸੋਗ ਪ੍ਰਗਟ ਕਰਦੇ ਹਨ।

2. ਸੋਗ ਦੀ ਰਸਮ:

[ਸੋਧੋ]

ਸਾਂਸੀ ਕਬੀਲੇ ਵਿਚ ਡੇਰੇ ਵਿਚ ਹੋਈ ਕਿਸੇ ਵੀ ਮੌਤ ਦੀ ਸੂਰਤ ਵਿਚ ਡੂੰਘਾ ਸੋਗ ਵਿਅਕਤ ਕੀਤਾ ਜਾਂਦਾ ਹੈ। ਸੋਗ ਦੀ ਰਸਮ ਵਿਚ ਬੈਠੇ ਕਬੀਲੇ ਦੇ ਪਤਵੰਤੇ ਅਤੇ ਪੈਂਚ ਮੌਤ ਦੀ ਅਟੱਲ ਸਚਾਈ ਬਾਰੇ ਉਪਦੇਸ਼ ਦਿੰਦੇ ਹੋਏ ਮਿ੍ਤਕ ਵਿਅਕਤੀ ਦੇ ਪਰਿਵਾਰ ਨੂੰ ਹੌਂਸਲਾ ਅਤੇ ਧੀਰਜ ਦਿੰਦੇ ਹਨ।

3. ਅੰਤਿਮ ਰਸਮਾਂ ਦੀ ਤਿਆਰੀ:

[ਸੋਧੋ]

ਸਾਂਸੀ ਲੋਕ ਕਬੀਲੇ ਵਿਚ ਕੋਈ ਵੀ ਮੌਤ ਹੋ ਜਾਣ ਦੀ ਸੂਰਤ ਵਿਚ ਕੁਝ ਜ਼ਿੰਮੇਵਾਰ ਵਿਅਕਤੀਆਂ ਨੂੰ ਅੰਤਿਮ ਰਸਮਾਂ ਦੀ ਤਿਆਰੀ ਵਿਚ ਲਗਾ ਦਿੰਦੇ ਹਨ। ਕਬੀਲੇ ਦੇ ਲੋਕ ਮਿ੍ਤਕ ਨੂੰ ਸਿਵਿਆਂ ਵੱਲ ਲਿਜਾਂਦੇ ਹੋਏ ਰਸਤੇ ਵਿਚ ਘੜਾ ਭੰਨਣ ਉਪਰੰਤ ਇਕਦਮ ਮਿ੍ਤਕ ਸਰੀਰ ਦੀ ਦਿਸ਼ਾ ਬਦਲ ਦਿੰਦੇ ਹਨ। ਤਾਂ ਕਿ ਉਸਦੀ ਰੂਹ ਵਾਪਿਸ ਨਾ ਆਵੇ। ਮਿ੍ਤਕ ਨੂੰ ਉਸਦੇ ਵੱਡੇ ਪੁੱਤਰ ਦੁਆਰਾ ਅਗਨੀ ਦਿੱਤੀ ਜਾਂਦੀ ਹੈ।

4. ਕਪਾਲ ਕਿਰਿਆ ਦੀ ਰਸਮ:

[ਸੋਧੋ]

ਸਾਂਸੀ ਕਬੀਲੇ ਵਿਚ ਦਾਹ ਸੰਸਕਾਰ ਵੇਲੇ ਕਪਾਲ ਕਿਰਿਆ ਦੀ ਰਸਮ ਪ੍ਚਲਿਤ ਹੈ। ਇਸ ਰਸਮ ਵਿਚ ਚਿਖ਼ਾ ਦੇ ਅੱਗ ਫੜ ਲੈਣ ਤੋਂ ਬਾਅਦ ਕਪਾਲ ਕਿਰਿਆ ਦੀ ਰਸਮ ਕੀਤੀ ਜਾਂਦੀ ਹੈ। ਇਸ ਰਸਮ ਤੋਂ ਬਾਅਦ ਕਬੀਲੇ ਦੇ ਲੋਕ ਮਿ੍ਤਕ ਦਾ ਦਾਹ ਕਰਦੇ ਹੋਏ ਡੇਰੇ ਵਾਪਸ ਵਰਤਦੇ ਹਨ। ਡੇਰੇ ਵਿਚ ਪਰਤਣ ਤੋਂ ਪਹਿਲਾਂ ਕਬੀਲੇ ਦੇ ਲੋਕ ਸੁੱਚੇ ਪਾਣੀ ਨਾਲ ਹੱਥ ਮੂੰਹ ਧੋ ਕੇ ਆਪਣਾ - ਆਪਣਾ ਸ਼ੁੱਧੀਕਰਨ ਕਰਦੇ ਹਨ।

5. ਹੱਢੀ ਕੱਢਣ ਦੀ ਰਸਮ:

[ਸੋਧੋ]

ਸਾਂਸੀ ਕਬੀਲੇ ਵਿਚ ਮਿ੍ਤਕ ਦੇ 'ਦਾਹ ਸੰਸਕਾਰ' ਤੋਂ ਬਾਅਦ ਸ਼ਾਮ ਨੂੰ ਹੱਡੀ ਕੱਢਣ ਦੀ ਰਸਮ ਪੂਰੀ ਕੀਤੀ ਜਾਂਦੀ ਹੈ। ਇਸ ਰਸਮ ਵਿਚ ਮਿ੍ਤਕ ਦੇ ਸਿਵੇ ਵਿੱਚੋਂ ਇਕ ਹੱਡੀ ਕੱਢ ਕੇ ਕਿਧਰੇ ਸਾਂਭ ਦਿੱਤੀ ਜਾਂਦੀ ਹੈ। ਕਬੀਲੇ ਦੇ ਲੋਕ ਖ਼ਾਸ ਕਰਕੇ ਜਾਦੂ ਟੂਣੇ ਅਤੇ ਭੂਤਾਂ ਪ੍ਰੇਤਾਂ ਵਿਚ ਵਿਸ਼ਵਾਸ ਰੱਖਦੇ ਹਨ। ਇਸ ਉਪਾਅ ਲਈ ਕਬੀਲੇ ਦੇ ਲੋਕ ਮਿ੍ਤਕ ਦੀ ਹੱਡੀ ਸਿਵੇ ਵਿੱਚੋਂ ਕੱਢ ਦਿੰਦੇ ਹਨ ਜਿਹੜੀ ਕਿ ਹਰਿਦੁਆਰ ਲਿਜਾਣ ਵੇਲੇ ਫੁੱਲਾਂ ਵਿਚ ਪਾ ਦਿੱਤੀ ਜਾਂਦੀ ਹੈ।

6. ਫੁੱਲ ਚੁਗਣ ਦੀ ਰਸਮ:

[ਸੋਧੋ]

ਸਾਂਸੀ ਕਬੀਲੇ ਵਿਚ ਪਹਿਲਾਂ ਫੁੱਲ ਚੁੱਗਣ ਦਾ ਕੋਈ ਨਿਸਚਿਤ ਸਮਾਂ ਨਹੀਂ ਸੀ ਬੰਨ੍ਹਿਆ ਜਾਂਦਾ ਪਰ ਅਜੋਕੇ ਦੌਰ ਵਿਚ ਸਾਂਸੀ ਲੋਕ ਦਾਹ ਤੋਂ ਦੂਜੇ ਜਾਂ ਤੀਜੇ ਦਿਨ ਬਾਅਦ ਮਿ੍ਤਕ ਦੇ ਫੁੱਲ ਚੁਗਦੇ ਹਨ। ਮਿ੍ਤਕ ਦੇ ਫੁੱਲ ਗੰਗਾ ਲਿਜਾਣ ਤੋਂ ਪਹਿਲਾਂ ਮਿ੍ਤਕ ਦੇ ਰਿਸ਼ਤੇਦਾਰ ਅਤੇ ਡੇਰੇ ਦੇ ਲੋਕ ਫੁੱਲਾਂ ਨੂੰ ਵਿੱਤ ਅਨੁਸਾਰ ਮੱਥਾ ਟੇਕ ਕੇ ਸ਼ਰਧਾਂਜਲੀ ਭੇਟ ਕਰਦੇ ਹਨ।

7. ਭੋਗ ਦੀ ਰਸਮ:

[ਸੋਧੋ]

ਸਾਂਸੀ ਲੋਕ ਕਬੀਲੇ ਵਿਚ ਹੋਈ ਕਿਸੇ ਵੀ ਮੌਤ ਦੀ ਸੂਰਤ ਵਿਚ ਦਸਵੇਂ ਜਾਂ ਬਾਰ੍ਹਵੇਂ ਦਿਨ ਮਿ੍ਤਕ ਦਾ ਭੋਗ ਪਾਉਣ ਦੀ ਰਸਮ ਅਦਾ ਕਰਦੇ ਹਨ। ਭੋਗ ਦੀ ਰਸਮ ਵਿਚ ਕਬੀਲੇ ਵਿਚ ਮਿ੍ਤਕ ਨੂੰ ਪਾਣੀ ਦੇਣ ਦੀ ਰਸਮ ਪ੍ਚਲਿਤ ਹੈ। ਪਾਣੀ ਦੀ ਰਸਮ ਵਿਚ ਇਕ ਵੱਡੀ ਸਾਰੀ ਬਾਲਟੀ ਜਾਂ ਕੋਈ ਖੁੱਲ੍ਹਾ ਭਾਂਡਾ ਲੈ ਕੇ ਉਸ ਵਿਚ ਸ਼ੱਕਰ ਘੋਲ ਲਈ ਜਾਂਦੀ ਹੈ। ਇਸ ਰਸਮ ਵਿਚ ਲੋਕ ਆਦਿ ਪੁਰਖਿਆਂ ਤੋਂ ਲੈ ਕੇ ਭੋਗ ਵਾਲੇ ਵਿਅਕਤੀ ਤਕ ਪਾਣੀ ਦੇਣ ਦੀ ਰਸਮ ਪੂਰੀ ਕਰਦੇ ਹਨ। ਸਾਂਸੀ ਕਬੀਲੇ ਵਿਚ ਪਾਣੀ ਦੇਣ ਦੀ ਰਸਮ ਪੂਰੀ ਕਰਦੇ ਹਨ।

ਸਾਂਸੀ ਕਬੀਲੇ ਦੇ ਵਿਸ਼ਵਾਸ ਅਤੇ ਮਾਨਤਾਵਾਂ:

[ਸੋਧੋ]

ਸਾਂਸੀ ਕਬੀਲੇ ਵਿਚ 'ਚੰਡੀ ਪੂਜਾ' ਦੀ ਰਵਾਇਤ ਬਹੁਤ ਪੁਰਾਣੀ ਹੈ। ਕਬੀਲੇ ਦੇ ਲੋਕ ਚੰਡੀ ਤਲਵਾਰ ਨੂੰ ਮੰਨਦੇ ਹਨ। ਹਰ ਇਕ ਸਾਂਸੀ ਪੁਰਸ਼ 'ਤਲਵਾਰ' ਨੂੰ ਦੇਵੀ ਦਾ ਰੁਤਬਾ ਦਿੰਦਾ ਹੈ। ਸਾਂਸੀ ਲੋਕ ਜਲਦੀ - ਜਲਦੀ ਚੰਡੀ ਦੀ ਸਹੁੰ ਕਦੇ ਨਹੀਂ ਖਾਵੇਗਾ। ਕਿਸੇ ਵੀ ਝਗੜੇ - ਝੇੜੇ ਦੀ ਸੂਰਤ ਵਿੱਚ ਸਾਂਸੀ ਲੋਕ ਦੇਸ਼ ਨੂੰ ਤਲਵਾਰ ਦੀ ਮਿਆਨ 'ਤੇ ਹੱਥ ਰੱਖ ਕੇ ਸਹੁੰ ਖਾਣ ਨੂੰ ਕਹਿੰਦੇ ਹਨ।

ਸਾਂਸੀ ਕਬੀਲੇ ਦੀਆਂ ਰਸਮਾਂ-ਰੀਤਾਂ:-

[ਸੋਧੋ]

ਜਨਮ ਰਸਮਾਂ:-

[ਸੋਧੋ]

1.ਬੱਚੇ ਦੀ ਆਮਦ

2.ਸ਼ਿਲੇ ਦੀ ਸਥਾਪਨਾ

3.ਬੂਹੇ ਅੱਗੇ ਅੱਕ ਬੰਨ੍ਹਣ ਦੀ ਰਸਮ

4.ਬੱਚੇ ਨੂੰ ਨਹਾਉਣ ਦੀ ਰਸਮ

5.ਜਲ ਦੇਵਤਾ ਦੇ ਮੱਥਾ ਟੇਕਣਾ

6.ਪੰਜੀਰੀ ਦੀ ਰਸਮ

ਵਿਆਹ ਰਸਮਾਂ:-

[ਸੋਧੋ]

1.ਮੰਗਣੀ ਦੀ ਰਸਮ

2.ਵਿਆਹ ਦਾ ਦਿਨ ਧਰਨਾ

3.ਮਹਿੰਦੀ ਦੀ ਰਸਮ

4.ਖਾਰੇ ਤੋਂ ਉਤਾਰਨ ਦੀ ਰਸਮ

5.ਸਿਹਰਾਬੰਦੀ ਦੀ ਰਸਮ

6.ਘੋੜੀ ਚੜਾਉਣ ਦੀ ਰਸਮ

7.ਫੇਰਿਆਂ ਦੀ ਰਸਮ

ਭਾਸ਼ਾ:-

ਸਾਂਸੀ ਕਬੀਲੇ ਦੀ ਇੱਕ ਖਾਸ ਜੰਗਲੀ ਭਾਸ਼ਾ ਹੈ। ਇਸ ਸੰਬੰਧੀ ਟੀ. ਗਾ੍ਹਮ ਬੇਲੀ ਲਿਖਦਾ ਹੈ ਕਿ ਸਾਂਸੀ ਕਬੀਲੇ ਲਈ ਭਾਸ਼ਾ ਦਾ ਇੱਕ ਖਾਸ ਮਹੱਤਵ ਹੈ। ਸਾਂਸੀ ਕਬੀਲੇ ਦੀ ਭਾਸ਼ਾ ਨੂੰ ਦੋ ਵਰਗਾਂ ਵਿੱਚ ਵੰਡਿਆਂ ਜਾ ਸਕਦਾ ਹੈ।

1.ਬੋਲਚਾਲ ਦੀ ਬੋਲੀ
2.ਗੁੁਪਤ ਭਾਸ਼ਾ

ਇਹਨਾਂ ਵਿਚੋਂ ਬੋਲਚਾਲ ਦੀ ਭਾਸ਼ਾ ਸਾਰੇ ਸਾਂਸੀ ਕਬੀਲੇ ਦੀ ਆਪਸੀ ਗੱਲਬਾਤ ਦੀ ਭਾਸ਼ਾ ਨਾਲ ਸੰਬੰਧ ਰੱਖਦੀ ਹੈ ਜਦਕਿ ਗੁਪਤ ਭਾਸ਼ਾ ਕਬੀਲੇ ਦੇ ਅੰਦਰਲੇ ਜੀਵਨ ਅਤੇ ਕਬੀਲਿਆਂ ਦੀ ਵਿਰਾਸਤ ਨਾਲ ਜੁੜੀ ਹੋਈ ਹੈ।

ਅੱਜ ਸਮੇਂ ਦੀ ਲੋੜ ਹੈ ਕਿ ਇਹਨਾਂ ਲੋਕਾਂ ਨੂੰ ਸਮਾਜਿਕ ਭਲਾਈ ਦੀਆਂ ਵਿਸ਼ੇਸ਼ ਸਕੀਮਾਂ ਤਹਿਤ ਲਾਭ ਦੇ ਕੇ ਇਹਨਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾਵੇ ਤਾਂ ਕਿ ਇਹ ਲੋਕ ਵੀ ਅਜੋਕੇ ਸਮੇਂ ਨਾਲ ਕਦਮ ਮਿਲਾ ਕੇ ਚਲ ਸਕਣ।

ਹਵਾਲੇ:

[ਸੋਧੋ]
  1. "Ethnologue.com: Ethnologue report for Sansi". Archived from the original on 10 ਅਕਤੂਬਰ 2012. Retrieved 4 ਨਵੰਬਰ 2018.
  2. "Language in India: Endangered Language: A Case Study of Sansiboli". Archived from the original on 27 ਅਕਤੂਬਰ 2018. Retrieved 4 ਨਵੰਬਰ 2018.
  3. ਦਰਿਆ(ਡਾ.), ਪੰਜਾਬ ਦੇ ਸਾਂਸੀ ਕਬੀਲੇ ਦਾ ਸਭਿਆਚਾਰ,ਲੋਕ ਸਾਹਿਤ ਪ੍ਰਕਾਸ਼ਨ,ਅੰਮ੍ਰਿਤਸਰ, 1997,ਪੰਨਾ ਨੰ-16
  4. ਡਾ.ਦਰਿਆ,ਪੰਜਾਬ ਦੇ ਕਬੀਲੇ ਅਤੀਤ ਤੇ ਵਰਤਮਾਨ, ਪੰਨਾ ਨੰ:38-41
  5. ਕਰਨੈਲ ਸਿੰਘ ਥਿੰਦ, ਪੰਜਾਬ ਦਾ ਲੋਕ ਵਿਰਸਾ ਭਾਗ ਪਹਿਲਾ,ਪੰਨਾ ਨੰ:21-22
  6. ਡਾ.ਦਰਿਆ, ਪੰਜਾਬ ਦੇ ਸਾਂਸੀ ਕਬੀਲੇ ਦਾ ਸੱਭਿਆਚਾਰ, ਪੰਨਾ ਨੰ:17
  7. ਡਾ.ਮੋਹਨ ਤਿਆਗੀ, ਪੰਜਾਬ ਦੇ ਖਾਨਾਬਦੋਸ਼ ਕਬੀਲੇ(ਸਭਿਆਚਾਰ ਅਤੇ ਲੋਕ ਜੀਵਨ)
  8. ਸ਼ੇਰ ਸਿੰਘ ਸ਼ੇਰ, ਦਾ ਸਾਂਸੀਜ ਆਫ਼ ਪੰਜਾਬ,ਪੰਨਾ ਨੰ:1