ਸਿਆਪਾ
ਸਿਆਪਾ ਔਰਤਾਂ ਦੀ ਉਹ ਮਿਲਣੀ ਹੈ, ਜਿਸ ਵਿੱਚ ਕਿਸੇ ਵਿਅਕਤੀ ਦੀ ਮੌਤ ਤੋਂ ਬਾਅਦ ਸ਼ਰੀਕੇ ਕਬੀਲੇ ਦੀਆਂ ਵਿਆਹੁਤਾ ਇਸਤਰੀਆਂ ਸੋਗਮਈ ਪਹਿਰਾਵਾ ਪਹਿਨ ਕੇ ਅਤੇ ਇਕੱਠੀਆਂ ਹੋ ਕੇ ਰੁਦਨ ਕਰਦੀਆਂ ਹਨ। ਰੁਦਨ ਕਰਦੇ ਸਮੇਂ ਉਹ ਪਹਿਲਾਂ ਗੱਲ੍ਹਾਂ ਵਿੱਚ, ਫਿਰ ਛਾਤੀ ਅਤੇ ਬਾਅਦ ਵਿੱਚ ਪੱਟਾਂ ਉੱਤੇ ਦੁਹੱਥੜ ਮਾਰਦੀਆਂ ਹੋਈਆਂ ਰੋਂਦੀਆਂ ਅਤੇ ਪਿੱਟਦੀਆਂ ਹਨ।[1]
ਸਿਆਪਾ ਸੰਸਕ੍ਰਿਤ ਭਾਸ਼ਾ ਦੇ ਸ਼ਬਦ, ਸ੍ਰਵ-ਪ੍ਰਲਾਪ ਦਾ ਤਦਭਵ ਰੂਪ ਮੰਨਿਆ ਜਾਂਦਾ ਹੈ, ਜਿਸ ਦਾ ਅਰਥ ਹੈ ਮ੍ਰਿਤਕ ਪ੍ਰਾਣੀ ਲਈ ਕੀਤਾ ਵਿਰਲਾਪ। ਟੱਬਰ ਵਿੱਚ ਕਿਸੇ ਪ੍ਰਾਣੀ ਦੀ ਮੌਤ ਤੋਂ ਬਾਅਦ ਅੰਤਿਮ ਸਮੇਂ ਦੀਆਂ ਰਸਮਾਂ ਤੱਕ ‘ਸਿਆਪਾ` ਸੋਗਮਈ ਰਸਮ ਹੈ ਜੋ ਕਈ ਦਿਨ ਲਗਾਤਾਰ ਜਾਰੀ ਰਹਿੰਦੀ ਹੈ। ਕਈ ਹਾਲਤਾਂ ਵਿੱਚ ਮੋਏ ਪ੍ਰਾਣੀ ਨਮਿਤ ਸਿਆਪਾ ਕਰਨ ਲਈ ਮਰਾਸਣਾਂ ਨੂੰ ਸੱਦ ਲਿਆ ਜਾਂਦਾ ਹੈ ਜੋ ਮ੍ਰਿਤਕ ਪਾਣੀ ਦੀ ਉਮਰ ਅਤੇ ਪ੍ਰਤਿਭਾ ਅਨੁਸਾਰ, ਉਸ ਦੇ ਗੁਣ ਯਾਦ ਕਰ ਕੇ ਰੋਂਦੀਆਂ ਪਿੱਟਦੀਆਂ ਹਨ। ਜਿਸ ਨਾਲ ਵਾਤਾਵਰਨ ਸੋਗਮਈ ਬਣ ਜਾਂਦਾ ਹੈ। ਸਿਆਪੇ ਦਾ ਸੰਬੰਧ ਮ੍ਰਿਤਕ ਪ੍ਰਾਣੀ ਦੀ ਉਮਰ ਨਾਲ ਵੀ ਨਿਸ਼ਚਿਤ ਕੀਤਾ ਜਾਂਦਾ ਹੈ। ਜੁਆਨੀ ਵਿੱਚ ਹੋ ਗਈ ਮੌਤ ਸਮੇਂ ਸਿਆਪਾ ਕਰਦਿਆਂ ਤੇਜ਼ ਗਤੀ ਅਤੇ ਕਰੁਣਾਮਈ ਅਲਾਹੁਣੀਆਂ ਬੋਲੀਆਂ ਜਾਂਦੀਆਂ ਹਨ; ਜਿਨ੍ਹਾਂ ਦੀ ਲੈਅ ਵਿੱਚ ਪਿੱਟਦੀਆਂ ਤੀਵੀਂਆਂ ਆਪਣਾ ਪਿੰਡਾ ਨੀਲਾ ਕਰ ਲੈਂਦੀਆਂ ਹਨ। ਕਿਸੇ ਬਜ਼ੁਰਗ ਦੀ ਮੌਤ ਸਮੇਂ ਲੰਮੀ ਅਤੇ ਦਰਦਨਾਕ ਹੇਕ ਨਾਲ ਕੇਵਲ ਰੁਦਨ ਕੀਤਾ ਅਤੇ ਪਿੱਟਿਆ ਜਾਂਦਾ ਹੈ। ਇਹ ਰੁਦਨ ਮਰ ਗਏ ਵਿਅਕਤੀ ਦੇ ਗੁਣ ਯਾਦ ਕਰਦਿਆਂ ਅਲਾਹੁਣੀਆਂ ਦੀ ਕਰੁਣਾਮਈ ਹੇਕ ਨਾਲ ਰਲ ਕੇ ਕੀਤਾ ਜਾਂਦਾ ਹੈ।
ਸਿਆਪਾ ਅਤੇ ਵੱਖ-ਵੱਖ ਕੋਸ਼ਗਤ ਅਰਥ
[ਸੋਧੋ]- ਸਿਆਪਾ: ਸ਼ਵ—ਪ੍ਰਲਾਪ. ਸ਼ਵ (ਮੁਰਦੇ) ਲਈ ਪ੍ਰਲਾਪ. ਸੰਗ੍ਯਾ—ਇਸਤ੍ਰੀਆਂ ਦਾ ਸ਼ੌਕ ਕਰਕੇ ਸ਼ਰੀਰ ਤਾੜਨ (ਪਿੱਟਣਾ) ਅਤੇ ਮੁਰਦੇ ਲਈ ਪ੍ਰਲਾਪ (ਵੈਣ)।[2]
- ਸਿਆਪਾ: [ਨਾਂ.ਪੁ.] ਕਿਸੇ ਦੀ ਮੌਤ ਸਮੇਂ ਰੋਣ-ਪਿੱਟਣ ਦਾ ਭਾਵ।[3]
- ਸਿਆਪਾ: (ਨਾਂ.ਪੁ.) ਮੌਤ ਪਿੱਛੋਂ ਇਸਤਰੀਆਂ ਵੱਲੋਂ ਮੋਏ ਵਿਅਕਤੀ ਨਿਮਿੱਤ ਰੁਦਨ ਕਰਦੇ ਹੋਏ ਛਾਤੀ, ਗੱਲ੍ਹਾਂ, ਪੱਟਾਂ ਆਦਿ ’ਤੇ ਦੁਹੱਥੜ ਮਾਰ ਕੇ ਰੋਂਦੇ ਪਿੱਟਦੇ ਹੋਏ ਕੀਤਾ ਵਿਰਲਾਪ।[4]
- ਸਿਆਪਾ: (ਸੰ.। ਸੰਸਕ੍ਰਿਤ ਸ਼ਪੑ=ਸਹੁੰ ਖਾਣੀ, ਫਿਟਕਾਰਨਾ, ਉਲਾਂਭਾ ਦੇਣਾ) ਮਰੇ ਹੋਏ ਇਸਤ੍ਰੀ ਪੁਰਖ ਦਾ ਨਾਮ ਲੈ ਕੇ (ਤੀਮੀਆਂ ਦਾ) ਪਿਟਣਾ, ਰੋਣਾ, ਕੀਰਨੇ ਕਰਨੇ। ਯਥਾ-‘ਸਤੀ ਰੰਨੀ ਘਰੇ ਸਿਆਪਾ’।[5]
ਸਿਆਪੇ ਦਾ ਢੰਗ
[ਸੋਧੋ]ਪਹਿਲੇ ਸਮਿਆਂ ਵਿੱਚ ਰੱਜੇ-ਪੁੱਜੇ ਟੱਬਰ, ਆਪਣੇ ਪਰਿਵਾਰ ਵਿੱਚ ਹੋਈ ਮੌਤ ਸਮੇਂ, ਸਿਆਪਾ ਕਰਨ ਲਈ ਮਰਾਸਣਾਂ ਨੂੰ ਬੁਲਾ ਲਿਆਇਆ ਕਰਦੇ ਸਨ। ਜਿਨ੍ਹਾਂ ਦੀ ਗਿਣਤੀ ਸੱਦਣ ਵਾਲੇ ਪਰਿਵਾਰ ਦੀ ਆਰਥਿਕ ਹੈਸੀਅਤ ਮੁਤਾਬਕ ਹੁੰਦੀ ਸੀ। ਮ੍ਰਿਤਕ ਪ੍ਰਾਣੀ ਦੇ ਪਰਿਵਾਰ ਵਿੱਚ ਸਿਆਪਾ, ਮੌਤ ਹੋਣ ਵਾਲੇ ਦਿਨ ਤੋਂ ਲੈ ਕੇ ਸੋਗ ਦੀਆਂ ਅੰਤਿਮ ਰਸਮਾਂ ਤੱਕ ਚੱਲਦਾ ਰਹਿੰਦਾ ਹੈ। ਜਦੋਂ ਵੀ ਸੋਗੀ ਪਰਿਵਾਰ ਨਾਲ ਸੰਬੰਧਿਤ ਅੰਗ-ਸਾਕ ਅਫ਼ਸੋਸ ਪ੍ਰਗਟ ਕਰਨ ਲਈ ਆਉਂਦੇ ਹਨ ਅਤੇ ਆਈਆਂ ਇਸਤਰੀਆਂ ਪਿੱਟਣ ਲੱਗਦੀਆਂ ਹਨ ਤਾਂ ਇਹ ਮਰਾਸਣਾਂ, ਸੋਗੀ ਪਰਿਵਾਰ ਦੀਆਂ ਤ੍ਰੀਮਤਾਂ ਦੀ ਥਾਂ ਰੋਣ ਪਿੱਟਣ ਲੱਗਦੀਆਂ ਹਨ ਅਤੇ ਪਿੜ ਬੰਨ੍ਹ ਲੈਂਦੀਆਂ ਹਨ। ਨੈਣ ਸਭ ਦੇ ਵਿਚਕਾਰ ਖਲੋ ਜਾਂਦੀ ਹੈ ਅਤੇ ਬਾਕੀ ਘੇਰਾ ਬੰਨ੍ਹ ਲੈਂਦੀਆਂ ਹਨ। ਨੈਣਾਂ ਅਤੇ ਮਰਾਸਣਾਂ ਨੂੰ ਬੜੇ ਕਰੁਣਾਮਈ ਵੈਣ ਅਤੇ ਅਲਾਹੁਣੀਆਂ ਯਾਦ ਹੁੰਦੀਆਂ ਹਨ ਜਿਨ੍ਹਾਂ ਨੂੰ ਉਹ ਇਸ ਢੰਗ ਨਾਲ ਅਲਾਪਦੀਆਂ ਹਨ ਕਿ ਜਿਵੇਂ ਉਹ ਖ਼ੁਦ ਬੜੀ ਹਿਰਦੇਵੇਦਕ ਪੀੜ ਨਾਲ ਵਿੰਨ੍ਹੀਆਂ ਪਈਆਂ ਹੋਣ। ਉਹ ਲੈਅ ਅਤੇ ਸੁਰਤਾਲ ਵਿੱਚ ਅਲਾਹੁਣੀਆਂ ਅਲਾਪਦੀਆਂ ਹੋਈਆਂ ਸੋਗ ਕਰਨ ਆਈਆਂ ਇਸਤਰੀਆਂ ਨੂੰ ਵੀ ਆਪਣੇ ਵੇਗ ਵਿੱਚ ਬੰਨ੍ਹ ਲੈਂਦੀਆਂ ਹਨ ਅਤੇ ਮਰਾਸਣ ਦੀ ਅਗਵਾਈ ਵਿੱਚ ਸਾਰੀਆਂ ਇਸਤਰੀਆਂ ਇੱਕ ਤਾਲ ਵਿੱਚ ਰੋਂਦੀਆਂ ਹੋਈਆਂ ਤਰਤੀਬਵਾਰ, ਮੱਥਾ, ਗੱਲ੍ਹਾਂ, ਛਾਤੀ ਤੇ ਫਿਰ ਪੱਟਾਂ `ਤੇ ਦੁਹੱਥੜ ਮਾਰਦੀਆਂ ਹੋਈਆਂ ਇੰਞ ਰੋਂਦੀਆਂ ਪਿੱਟਦੀਆਂ ਹਨ ਕਿ ਸੁਣਨ ਅਤੇ ਵੇਖਣ ਵਾਲੇ ਦਾ ਹਿਰਦਾ ਕੰਬ ਉਠਦਾ ਹੈ।
ਸਿਆਪੇ ਵਿਚਲੀ ਸੰਗੀਤ ਗਤੀ
[ਸੋਧੋ]ਇੱਕ ਤਾਲ ਵਿੱਚ ਪਿੱਟਣ ਦੀ ਇਹ ਚਾਲ ਸ਼ੁਰੂ ਵਿੱਚ ਮੱਧਮ ਹੁੰਦੀ ਹੈ ਜੋ ਹੌਲੀ-ਹੌਲੀ ਤੇਜ਼ ਹੁੰਦੀ ਜਾਂਦੀ ਹੈ। ਨੈਣ ਵੱਲੋਂ ਬੋਲੀ ਗਈ ਅਲਾਹੁਣੀ ਦੇ ਪਿਛਲੇ ਬੋਲ ਘੇਰੇ ਵਿੱਚ ਖਲੋਤੀਆਂ ਇਸਤਰੀਆਂ ਦੁਹਰਾਉਂਦੀਆਂ ਹਨ; ਜਿਵੇਂ, ਮਰਦ ਲਈ ਹੇਕ ਦੇ ਅੰਤ `ਤੇ ‘ਗੱਭਰੂ ਸਰੂ ਜਿਹਾ` ਜਾਂ ਇਸਤਰੀ ਸੰਬੰਧੀ ‘ਹਾਏ ਨੀਂ ਧੀਏ ਮੋਰਨੀਏ` ਕਹਿ ਕੇ ਵਿਲਕਣੀ ਲਈ ਜਾਂਦੀ ਹੈ। ਅਲਾਹੁਣੀਆਂ ਦੇ ਨਾਲ ਚਲਦਾ ਸਿਆਪਾ ਕਈ ਤਰ੍ਹਾਂ ਦਾ ਹੁੰਦਾ ਹੈ। ਜਦੋਂ ਪਹਿਲਾਂ ਗੱਲ੍ਹਾਂ ਜਾਂ ਪੁੜਪੁੜੀਆਂ ਉੱਤੇ, ਫੇਰ ਪੱਟਾਂ ਉੱਤੇ, ਮੁੜ ਫੇਰ ਪੱਟਾਂ ਉੱਤੇ ਅਤੇ ਫਿਰ ਛਾਤੀ ਜਾਂ ਗੱਲ੍ਹਾਂ ਉੱਤੇ ਹੱਥ ਮਾਰੇ ਜਾਣ, ਉਹ ‘ਤਿਹੱਥੜਾ-ਸਿਆਪਾ’ ਕਹਾਉਂਦਾ ਹੈ। ਅੰਤ ਉੱਤੇ ਪੁੱਜ ਕੇ ਸਿਆਪਾ ਇਕਦਮ ਤੇਜ ਹੋ ਜਾਂਦਾ ਹੈ। ਗਿਆਨੀ ਗੁਰਦਿੱਤ ਸਿੰਘ ਲਿਖਦਾ ਹੈ “ਟੁੱਟ ਟੁੱਟ ਪੈਂਦੀ ਮਰਾਸਣ ਜੋਰ ਜੋਰ ਨਾਲ ਹੱਥ ਘੁਮਾਉਂਦੀ, ਵਿੱਚ ਦੀ ਇੱਕ ਟੱਪਾ ਆਖ ਕੇ... ਸਿਆਪਾ ਪੂਰੇ ਜੋਰ ਨਾਲ ਸ਼ੁਰੂ ਕਰਾ ਦਿੰਦਾ ਹੈ। ਇਹ ‘ਚਲੰਤ ਸਿਆਪਾ’ ਬੜੀ ਤੇਜੀ ਨਾਲ ਕੀਤਾ ਜਾਂਦਾ ਹੈ:
ਇਕ: ਹਾਏ ਹਾਏ ਮੌਤ ਚੰਦਰੀ ਓਏ...
ਸਮੂਹ: ਹਾਇਆ ਹਾਏ ਹਾਏ ਹਾਏ...
ਇਕ: ਹਾਏ ਹਾਏ ਮੌਤ ਭੈੜੀ ਓਏ...
ਸਮੂਹ: ਹਾਇਆ ਹਾਏ ਹਾਏ ਹਾਏ...
ਇਕ: ਹਾਏ ਸਵਾਤ ਖਾਲੀ ਓਏ...
ਸਮੂਹ: ਹਾਇਆ ਹਾਏ ਹਾਏ ਹਾਏ... (‘ਮੇਰਾ ਪਿੰਡ’, ਪੰਨਾ 501)
ਦੁਹੱਥੜਾ, ਤਿਹੱਥੜਾ ਅਤੇ ਪੂਰੀ ਗਤੀ ਵਿੱਚ ਹੋ ਰਿਹਾ ਸਿਆਪਾ ਭਾਵ ਦੀ ਤੀਬਰਤਾ ਦੇ ਅਨੁਸਾਰ ਹੀ ਚੱਲਦਾ ਹੈ। ਇਸ ਤਰ੍ਹਾਂ ਸਿਆਪੇ ਦੀ ਸਮੁੱਚੀ ਪ੍ਰਕਿਰਤੀ ਇੱਕ ਲੋਕ-ਨਾਚ ਵਾਂਗ ਹੀ ਹੁੰਦੀ ਹੈ। ਸਿਆਪੇ ਦੀਆਂ ਹਰਕਤਾਂ ਅਨੁਸਾਰ ਹੀ ਅਲਾਹੁਣੀਕਾਰ ਦੇ ਉਚਾਰ ਦਾ ਲਹਿਜ਼ਾ ਹੌਲੀ, ਤੇਜ਼ ਤੇ ਫਿਰ ਹੋਰ ਤੇਜ਼ ਹੁੰਦਾ ਜਾਂਦਾ ਹੈ। ਜਿਥੇ ਕੀਰਨੇ ਵਿੱਚ ਬਾਕੀ ਸਰੀਰਕ ਹਰਕਤਾਂ ਦਾ ਜੋੜਵਾਂ ਸਾਥ ਨਾ ਹੋਣ ਕਾਰਨ ਕੀਰਨਾਕਾਰ ਦਾ ਸਾਰਾ ਬਲ ‘ਬੋਲ’ ਉੱਤੇ ਹੁੰਦਾ ਹੈ ਉੱਥੇ ਅਲਾਹੁਣੀ ਵਿੱਚ ਸਿਆਪੇ ਦਾ ਸਾਥ ਹੋਣ ਕਰਕੇ ਅਲਾਹੁਣੀਕਾਰ ਦੇ ਦੁੱਖ ਦਾ ਪ੍ਰਗਟਾਵਾ ਬੋਲ ਅਤੇ ਸਰੀਰਕ ਹਰਕਤ ਵਿੱਚ ਵੰਡਿਆ ਜਾਂਦਾ ਹੈ। ਉੱਪਰ ਦਿੱਤੀਆਂ ਅਲਾਹੁਣੀਆਂ ਵਿੱਚ ਭਾਵਕ ਵੇਗ ਬੋਲ ਨਾਲੋਂ ਵੱਧ ਸਰੀਰਕ ਤੇਜੀ ਅਤੇ ‘ਹਾਏ ਹਾਏ’ ਦੇ ਸਮੂਹਿਕ ਹੁੰਗਾਰੇ ਵਿਚੋਂ ਪੇਸ਼ ਹੋ ਰਿਹਾ ਹੈ।[6] ਇਥੇ ਭਾਵ ਦੀ ਇਕਾਗਰਤਾ ਨੂੰ ਸਿਰਫ ਬੋਲ ਦੀ ਮੁਥਾਜੀ ਨਹੀਂ ਰਹੀ। ਉਸ ਨੂੰ ਪ੍ਰਗਟਾਵੇ ਲਈ ਬਰਾਬਰ ਦਾ, ਸਰੀਰਕ ਹਰਕਤਾਂ ਦਾ ਪ੍ਰਗਟਾਅ ਮਾਧਿਅਮ ਮਿਲ ਗਿਆ ਹੈ। ਇਸ ਤੋਂ ਵੀ ਵੱਧ ਇਥੇ ਸਮੂਹ ਦਾ ਸਾਥ ਪ੍ਰਾਪਤ ਹੈ। ਉਚਾਰ ਢੰਗ ਪੱਖੋਂ ਕੀਰਨਾ ਸਰੋਦੀ ਗੀਤਾਂ ਨਾਲ ਮਿਲਦਾ ਜੁਲਦਾ ਹੈ ਜਦੋਂਕਿ ਅਲਾਹੁਣੀਆਂ ਦੀ ਉਚਾਰ-ਸਾਂਝ ਘੜੇ ਉੱਤੇ ਗਾਏ ਜਾਂਦੇ ਸਮੂਹ ਗਾਨ ਦੇ ਗੀਤਾਂ ਨਾਲੋਂ ਵਧੇਰੇ ਹੈ।
ਸਿਆਪੇ ਦੀਆਂ ਕਿਸਮਾਂ
[ਸੋਧੋ]ਮਰਦਾਂ ਤੇ ਇਸਤਰੀਆਂ ਦੇ ਸਿਆਪੇ ਨਾਲ ਸੰਬੰਧਿਤ ਅਲਾਹੁਣੀਆਂ ਵੱਖਰੋ-ਵੱਖਰੇ ਭਾਂਤ ਦੀਆਂ ਹਨ। ਮਰਦ ਦੀ ਮੌਤ `ਤੇ ਸਿਆਪਾ ਕਰਦੇ ਸਮੇਂ ਅਲਾਹੁਣੀਆਂ ਵਿੱਚ ਮਰਦਾਵੇਂ ਗੁਣਾਂ ਦੀ ਸਿਫ਼ਤ ਕੀਤੀ ਜਾਂਦੀ ਹੈ ਜਦ ਕਿ ਕਿਸੇ ਇਸਤਰੀ ਦੀ ਮੌਤ ਸਮੇਂ ਇਸਤਰੀ ਦੇ ਗੁਣਾਂ ਦੀ ਸਿਫ਼ਤ ਕਰਦਿਆਂ ਤੋੜਾ ਅਜਿਹੇ ਬੋਲਾਂ `ਤੇ ਮੁਕਾਇਆ ਜਾਂਦਾ ਹੈ ਜਿੱਥੇ ਦਰਦ ਦਾ ਪ੍ਰਭਾਵ ਤੀਖਣ ਹੋ ਜਾਵੇ। ਜਿਵੇਂ, ‘ਤੰਦ ਅਜੇ ਨਾ ਪਾਈ ਨੀ ਧੀਏ ਮੋਰਨੀਏ`। ਸੋਗ ਪ੍ਰਗਟ ਕਰਨ ਲਈ ਪਹਿਰਾਵੇ ਦੀ ਮਦਦ ਵੀ ਲਈ ਜਾਂਦੀ ਹੈ। ਪੇਂਡੂ ਇਸਤਰੀਆਂ ਅਜਿਹੇ ਸਮੇਂ ਅਕਸਰ ਤੇੜ ਕਾਲਾ ਘੱਗਰਾ ਅਤੇ ਸਿਰ ਪੁਰ ਚਿੱਟੇ ਰੰਗ ਦੀ ਚੁੰਨੀ ਲੈ ਲੈਂਦੀਆਂ ਹਨ। ਪੰਜਾਬੀ ਸੱਭਿਆਚਾਰ ਵਿੱਚ ਪਗੜੀ ਦੇ ਰੂਪ ਵਿੱਚ ਚਿੱਟਾ ਰੰਗ ਸਾਦਗੀ ਅਤੇ ਬਜ਼ੁਰਗੀ ਦਾ ਪ੍ਰਤੀਕ ਸਮਝਿਆ ਜਾਂਦਾ ਹੈ, ਜਦੋਂ ਕਿ ਚੁੰਨੀ ਦੇ ਰੂਪ ਵਿੱਚ ਚਿੱਟਾ ਰੰਗ (ਵੱਡੀ ਉਮਰ ਨੂੰ ਛੱਡ ਕੇ) ਇਸਤਰੀ ਦੇ ਸਿਰੋ ਨੰਗੀ ਹੋਣ ਦਾ ਪ੍ਰਤੀਕ ਸਮਝਿਆ ਜਾਂਦਾ ਹੈ। ਸੋਗ ਸਮੇਂ ਭੜਕੀਲੇ ਰੰਗਾਂ ਦੇ ਵਸਤਰ ਪਹਿਨਣੇ ਮਨ੍ਹਾਂ ਹਨ।
ਸਿਆਪਾ, ਕੀਰਨਾ ਅਤੇ ਅਲਾਹੁਣੀ
[ਸੋਧੋ]ਅਲਾਹੁਣੀਆਂ ਦੇ ਕੋਸ਼ਗਤ ਅਰਥ, ਸ਼ਲਾਘਾ ਦੀ ਕਵਿਤਾ ਤੋਂ ਲਏ ਜਾਂਦੇ ਹਨ। ਅਜਿਹਾ ਕਰੁਣਾਮਈ ਗੀਤ, ਜਿਸ ਵਿੱਚ ਕਿਸੇ ਦੇ ਗੁਣਾਂ ਨੂੰ ਗਾਇਆ ਜਾਵੇ, ਨੂੰ ਅਲਾਹੁਣੀ ਕਿਹਾ ਗਿਆ ਹੈ। ਜੁਆਨੀ ਦੀ ਉਮਰ ਵਿੱਚ ਮੋਏ ਪ੍ਰਾਣੀ ਦੇ ਸਿਆਪੇ ਸਮੇਂ ਰੁਦਨ ਕਰਨ ਵਾਲੀਆਂ ਅਲਾਹੁਣੀਆਂ ਵਿੱਚ ਕਰੁਣਾਮਈ ਰਸ ਬਹੁਤ ਹਿਰਦੇ-ਵੇਦਕ ਹੁੰਦਾ ਹੈ। ਜਦ ਕਿ ਕਿਸੇ ਬਾਲ (ਬੱਚੇ) ਦੀ ਮੌਤ ਸਮੇਂ ਕੇਵਲ ਵੈਣ ਪਾਉਣ ਦੀ ਹੀ ਰੀਤ ਹੈ ਪਿੱਟਿਆ ਨਹੀਂ ਜਾਂਦਾ। ਕੀਰਨੇ ਅਤੇ ਅਲਾਹੁਣੀ ਦੇ ਉਚਾਰ-ਢੰਗ ਦਾ ਵਖਰੇਂਵਾ ਇਨ੍ਹਾਂ ਵਿਚਲੇ ਥੀਮਕ-ਗਠਨ ਦੇ ਵਖਰੇਵੇਂ ਦਾ ਫਲ ਹੈ, ਭਾਵੇਂ ਉਚਾਰ ਵਿਧੀ ਦੀ ਵੱਖਰਤਾ ਥੀਮਕ ਗਠਨ ਉੱਤੇ ਮੋੜਵਾਂ ਅਸਰ ਪਾਉਂਦੀ ਹੈ। ਕੀਰਨਾ ਅਤੇ ਅਲਾਹੁਣੀ ਦੋਵੇਂ ਹੀ ਥੀਮਕ ਟਕਰਾਉ ਦੀ ਸੰਰਚਨਾ ਅਨੁਸਾਰ ਉਸਰਦੇ ਹਨ ਪਰ ਜਿਥੇ ਕੀਰਨਾਕਾਰ ਥੀਮਕ-ਟਕਰਾਉ ਨੂੰ ਨਿਰੋਲ ਟਕਰਾਉ ਦੀ ਸਥਿਤੀ ਵਿੱਚ ‘ਠਹਿਰਾ’ ਕੇ ਪੇਸ਼ ਕਰਦਾ ਹੈ ਉੱਥੇ ਅਲਾਹੁਣੀਕਾਰ ਥੀਮਕ-ਟਕਰਾਉ ਤੋਂ ਸ਼ੁਰੂ ਹੋ ਕੇ ਥੀਮਕ ਸੁਲਝਾਉ ਵੱਲ ਤੁਰਦਾ ਹੈ।
ਸਿਆਪੇ ਦੀਆਂ ਉਦਾਹਰਣਾਂ
[ਸੋਧੋ]ਜਿਸ ਘਰ ਕਿਸੇ ਪ੍ਰਾਣੀ ਦੀ ਮੌਤ ਹੋ ਗਈ ਹੋਵੇ ਉਹਨਾਂ ਨਾਲ ਦੂਰ-ਦੁਰੇਡਿਉਂ ਅਫ਼ਸੋਸ ਕਰਨ ਆਈਆਂ ਇਸਤਰੀਆਂ ਘਰ ਤੋਂ ਦੂਰ ਹੀ ਵੈਣ ਪਾਉਣ ਅਤੇ ਪਿੱਟਣ ਲੱਗਦੀਆਂ ਹਨ। ਅੱਗੋਂ ਮਰਾਸਣਾ ਜਾਂ ਮ੍ਰਿਤਕ ਪਰਿਵਾਰ ਦੀਆਂ ਇਸਤਰੀਆਂ ਜਾਂ ਮਰਾਸਣਾ ਵੀ ਅਗਲਵਾਂਢ੍ਹੀ ਹੋ ਕੇ ਉਹਨਾਂ ਦੀ ਸੁਰ ਵਿੱਚ ਸੁਰ ਮਿਲਾ ਕੇ ਪਿੱਟਦੀਆਂ ਅਤੇ ਵੈਣ ਪਾਉਂਦੀਆਂ ਹੋਈਆਂ ਘਰ ਵੱਲ ਆਉਂਦੀਆਂ ਹਨ। ਮਰਾਸਣ ਅੱਗੇ-ਅੱਗੇ ਬੋਲਦੀ ਹੈ:
ਰੋਵੇ ਚੂੜੇ ਵਾਲੀ ਨੀ ਬੈਠੀ
ਸ਼ੇਰੂ ਸਰੂ ਜਿਹਾ
ਰੋਵੇਂ ਸਿਰ ਦੀ ਛਾਂ
ਨੀਂ ਸ਼ੇਰੂ ਸਰੂ ਜਿਹਾ।
ਰੋਵੇ ਪੁਤ ਦੀ ਮਾਂ
ਨੀਂ ਸ਼ੇਰਾ ਸਰੂ ਜਿਹਾ।
ਇਵੇਂ ਹੀ ਕਿਸੇ ਮੁਟਿਆਰ ਦੀ ਮੌਤ `ਤੇ ਮਰਾਸਣਾ ਮਰਦਾਵੀਂਆਂ ਅਲਾਹੁਣੀਆਂ ਦੇ ਨਾਲ-ਨਾਲ ਦਰਦੀਲੇ ਬੋਲ ਵੀ ਉਚਾਰਦੀਆਂ ਹਨ। ਜਿਵੇਂ:
ਸਾਡੀ ਸੋਹਣੀ ਛੈਲ ਛਬੀਲੀ, ਨੀ ਧੀਏ ਮੋਰਨੀਏ,
ਹਾਏ ਨੀ ਧੀਏ ਮੋਰਨੀਏ।
ਤੂੰ ਗਈ ਜਹਾਨੋਂ ਤੁਰ, ਨੀ ਧੀਏ ਮੋਰਨੀਏ,
ਹਾਏ ਨੀ ਧੀਏ ਮੋਰਨੀਏ।
ਸਾਡੇ ਦਿਲ ਦੀ ਆਂਦਰ ਸੈਂ, ਨੀ ਧੀਏ ਮੋਰਨੀਏ,
ਹਾਏ ਨੀ ਧੀਏ ਮੋਰਨੀਏ।
ਕਿਉਂ ਵੱਸ ਕਾਲ ਦੇ ਪਈ, ਨੀ ਧੀਏ ਮੋਰਨੀਏ,
ਹਾਏ ਨੀ ਧੀਏ ਮੋਰਨੀਏ।
ਤੂੰ ਲਾਡ ਲਡਿੱਕੀ ਸੈਂ, ਨੀ ਧੀਏ ਮੋਰਨੀਏ,
ਹਾਏ ਨੀ ਧੀਏ ਮੋਰਨੀਏ।
ਕਿਉ ਰੁਸ ਕੇ ਗਈ ਏਂ ਸੌਂ, ਨੀ ਧੀਏ ਮੋਰਨੀਏ,
ਹਾਏ ਨੀ ਧੀਏ ਮੋਰਨੀਏ।
ਤੇਰੇ ਗੁਡੀਆਂ ਪਟੋਲ੍ਹੇ ਰੋਣ ਨੀ, ਧੀਏ ਮੋਰਨੀਏ,
ਹਾਏ ਨੀ ਧੀਏ ਮੋਰਨੀਏ।
ਜਰਾ ਉਠ ਕੇ ਕਿੱਕਲੀ ਪਾ, ਨੀ ਧੀਏ ਮੋਰਨੀਏ,
ਹਾਏ ਨੀ ਧੀਏ ਮੋਰਨੀਏ।
ਤੇਰਾ ਵਿੱਚ ਸੰਦੂਕੇ ਪਿਆ ਨੀ, ਸਾਲੂ ਸੋਹਣੀਏ,
ਹਾਏ ਨੀ ਧੀਏ ਮੋਰਨੀਏ।
ਜਰਾ ਉਠ ਕੇ ਸੀਨੇ ਲਾ, ਨੀ ਧੀਏ ਮੋਰਨੀਏ,
ਹਾਏ ਨੀ ਧੀਏ ਮੋਰਨੀਏ।
ਇਉਂ ਸਿਆਪੇ ਦਾ ਇਹ ਚਲਨ ਮ੍ਰਿਤਕ ਪਰਿਵਾਰ ਦੇ ਟੱਬਰ ਵਿੱਚ ਕਈ ਦਿਨ ਲਗਾਤਾਰ ਜਾਰੀ ਰਹਿੰਦਾ ਹੈ।
ਹਵਾਲੇ
[ਸੋਧੋ]- ↑ ਕਿਰਪਾਲ ਕਜ਼ਾਕ. ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ). ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ.
- ↑ ਭਾਈ ਕਾਨ੍ਹ ਸਿੰਘ ਨਾਭਾ. ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼. ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ.
- ↑ ਡਾ. ਜੋਗਾ ਸਿੰਘ (ਸੰਪ.). ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ). ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ.
- ↑ ਕਿਰਪਾਲ ਕਜ਼ਾਕ. ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼. ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ.
- ↑ ਡਾ. ਹਰਭਜਨ ਸਿੰਘ (ਮੁ.ਸੰਪ), ਕੁਲਵਿੰਦਰ ਸਿੰਘ (ਸੰਪ)ਅਤੇ ਮੁਹੱਬਤ ਸਿੰਘ (ਸੰਪ). ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼. ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ.
- ↑ ਕਿਰਪਾਲ ਕਜ਼ਾਕ. ਲੋਕ-ਕਾਵਿ ਦੀ ਸਿਰਜਨ-ਪ੍ਰਕਿਰਿਆ (ਮਲਵਈ ਲੋਕ-ਕਾਵਿ ਰੂਪਾਂ ਦੇ ਸੰਦਰਭ ਵਿੱਚ). ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ.