ਸਮੱਗਰੀ 'ਤੇ ਜਾਓ

ਸਿਰ ਦੇ ਗਹਿਣੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੰਜਾਬਣ ਲਈ ਸਿਰ ਦੇ ਵਾਲ ਗੁੰਦਾ ਕੇ ਤੇ ਢੱਕ ਕੇ ਰੱਖਣੇ ਜ਼ਰੂਰੀ ਸਨ ਅਤੇ ਸੁਆਣੀਆਂ ਪੱਟੀਆਂ ਵਿਚ ਮੋਮ ਢਾਲ ਕੇ ਪਾਉਂਦੀਆਂ ਸਨ ਤਾਂ ਜੋ ਸਾਰੇ ਵਾਲ ਚਿਪਕੇ ਰਹਿਣ ਤੇ ਉੱਡਣ ਨਾ। ਮੋਮ ਢਾਲ ਗੁੰਦੀਆਂ ਪੱਟੀਆਂ, ਉੱਚੇ ਸਿਰੇ ਵਿਚ ਸੱਗੀ ਫੁੱਲ, ਤਾਲੂ ਉੱਤੇ ਹੁੰਦੇ ਸਨ ਤੇ ਲਾਲ ਪਰਾਂਦਾ ਪਾ ਕੇ ਬੰਗਲੇ ਵਾਂਗ ਬਹੁਤ ਘੁੱਟ ਕੇ ਸਿਰ ਗੁੰਦਿਆ ਜਾਂਦਾ ਸੀ । ਤਦੇ ਕੁੜੀਆਂ ਗਾਇਆ ਕਰਦੀਆਂ ਹਨ ‘‘ਸਿਰ ਗੁੰਦ ਦੇਹ ਕੁਪੱਤੀਏ ਨੈਣੇ, ਉਤੇ ਪਾ ਦੇਹ ਡਾਕ ਬੰਗਲੇ ।’’ ਨੀਵੇਂ ਸਿਰ ਵਿਚ ਚੌਕ ਤਾਲੂ ਤੇ ਹੁੰਦਾ ਹੈ ਤੇ ਫੁੱਲ ਕੰਨਾਂ ਨਾਲ ਲੱਗਾ ਹੁੰਦਾ ਹੈ । ਸੱਗੀ ਦਾ ਜਾਂ ਚੌਕ ਦਾ ਸ਼ਾਇਦ ਇਹ ਵੀ ਲਾਭ ਸੀ ਕਿ ਦੁਪੱਟਾ ਜਾਂ ਚੁੰਨੀ ਵਾਲਾਂ ਨੂੰ ਨਹੀਂ ਸੀ ਲੱਗਦੀ ਤੇ ਗੁੰਦੇ ਸਿਰ ਨੂੰ ਖਰਾਬ ਨਹੀਂ ਕਰਦੀ । ਦੂਜਾ ਤਾਲੂ ਸੁਰੱਖਿਅਤ ਰਹਿੰਦਾ ਸੀ । ਤਾਲੂ ਬਹੁਤ ਨਰਮ ਹੁੰਦਾ ਹੈ ।

ਚੌਕ ਤੇ ਸੱਗੀ ਅਸਲ ਵਿਚ ਕੁਪ-ਨੁਮਾ ਹੁੰਦੇ ਹਨ । ਚਾਂਦੀ ਦੇ ਖੋਲ ਉਤੇ ਲਾਖ ਲਾ ਕੇ ਉਤੇ ਸੋਨੇ ਦਾ ਚਿੱਤਰਿਆ ਹੋਇਆ ਪੁੱਤਰਾ ਚੜ੍ਹਾਇਆ ਹੁੰਦਾ ਹੈ । ਉਤੇ ਬਹੁਤ ਵਧੀਆ ਨਗ ਲੱਗਾ ਹੁੰਦਾ ਹੈ । ਆਮ ਕਰਕੇ ਇਹ ਇਕ ਤੋਲੇ ਜਾਂ ਪੌਣੇ ਤੋਲੇ ਸੋਨੇ ਦਾ ਹੁੰਦਾ ਹੈ । ਚੌਂਕ ਰਤਾ ਬੈਠਵਾਂ ਹੁੰਦਾ ਹੈ । ਸੱਗੀ ਰੱਤਾ ਉੱਚੀ ਹੁੰਦੀ ਹੈ । ਇਸ ਦੀ ਸ਼ਕਲ ਕਰਕੇ ਦੁਆਬੇ ਵਿਚ ਚੌਕ ਨੂੰ ਕਈ ਵਾਰੀ ਠੂਠੀ ਵੀ ਕਿਹਾ ਜਾਂਦਾ ਹੈ । ਚੌਕ ਦੇ ਨਾਲ ਦੋ ਚੰਦ ਵੀ ਹੁੰਦੇ ਹਨ, ਜਿਹੜੇ ਜ਼ੰਜੀਰੀਆਂ ਨਾਲ ਚੌਕ ਦੇ ਦੋਹੀਂ ਪਾਸੀਂ ਲਟਕਾਏ ਹੁੰਦੇ ਹਨ । ਫੁੱਲਾਂ ਦੀ ਸ਼ਕਲ ਵੀ ਚੌਕ ਵਰਗੀ ਹੀ ਹੁੰਦੀ ਹੈ, ਜਿਥੇ ਠੁਠੀ ਜਾਂ ਚੌਕ ਜਾਂ ਸੱਗੀ ਹੇਠਲਾ ਘੇਰਾ ਸੱਤ ਕੁ ਸੈਂਟੀਮੀਟਰ ਵਿਆਸ ਵਾਲਾ ਹੁੰਦਾ ਹੈ, व ਉਥੇ ਫੁੱਲ ਦਾ ਵਿਆਸ ਸਾਢੇ ਕੁ ਤਿੰਨ ਸੈਂਟੀਮੀਟਰ ਹੁੰਦਾ ਹੈ । ਸੱਗੀ ਸੱਤ ਅੱਠ ਸੈਂਟੀਮੀਟਰ ਉੱਚੀ ਤੇ ਚੌਕ ਛੇ ਸੱਤ ਸੈਂਟੀਮੀਟਰ ਉੱਚਾ ਹੁੰਦਾ ਹੈ । ਫੁੱਲ ਕੋਈ ਸਾਢੇ ਕੁ ਤਿੰਨ ਸੈਂਟੀਮੀਟਰ ਉੱਚੇ ਹੁੰਦੇ ਹਨ । ਇਨ੍ਹਾਂ ਉਤੇ ਵੀ ਨੱਗ ਜੜ੍ਹੇ ਹੁੰਦੇ ਹਨ ਤੇ ਹੇਠਾਂ ਚਾਂਦੀ ਦੇ ਪੱਤਰੇ ਤੇ ਉਪਰ ਚਿੱਤਰਿਆ ਸੋਨੇ ਦਾ ਪੱਤਰਾ ਹੁੰਦਾ ਹੈ । ਬਘਿਆੜੀ ਵੀ ਸਿਰ ਤੇ ਹੀ ਪਾਈ ਜਾਂਦੀ ਹੈ । ਇਸ ਦੇ ਦੁਆਲੇ ਕੁੰਡਿਆਂ ਨਾਲ ਨਲਪੀਆਂ ਲੱਗੀਆਂ ਹੁੰਦੀਆਂ ਹਨ । ਨਲਪੀਆਂ ਦੇ ਸਿਰਿਆਂ ਤੇ ਮੋਤੀ ਜਾਂ ਹੀਰੇ ਹੁੰਦੇ ਹਨ । ਸਿੰਗਾਰ ਪੱਟੀ ਤੇ ਪਾਸਾ ਵੀ ਸਿਰ ਦੇ ਗਹਿਣੇ ਹਨ। ਪਾਸਾ ਇਕ ਪਾਸੇ ਪੱਟੀ ਉਤੇ ਲਟਕਾਇਆ ਜਾਂਦਾ ਹੈ । ਇਸ ਵਿਚ ਸੱਤ ਕੁ ਸੈਂਟੀਮੀਟਰ ਚੌੜੇ ਤੇ ਚਾਰ ਕੁ ਸੈਂਟੀਮੀਟਰ ਲੰਬੇ ਸੋਨੇ ਦੇ ਚਿੱਤਰੇ ਪੱਤਰੇ ਹੁੰਦੇ ਹਨ ਜਿਨ੍ਹਾਂ ਦੇ ਹੇਠਾਂ ਚਾਂਦੀ ਦਾ ਪੱਤਰਾ ਹੁੰਦਾ ਹੈ ਤੇ ਕਈ ਵਾਰੀ ਪੱਤਰਾ ਚਾਂਦੀ ਤੋਂ ਬਿਨਾਂ ਵੀ ਹੁੰਦਾ ਹੈ। ਅੱਗੇ ਕਈ ਪੱਤੀਆਂ ਤੇ ਮੋਤੀਆਂ ਦੀਆਂ ਬਣੀਆਂ ਲੜੀਆਂ ਹੁੰਦੀਆਂ ਹਨ । ਇਹ ਇਕ ਪਾਸੇ ਆਮ ਕਰਕੇ ਖੱਬੀ ਪੱਟੀ ਤੇ ਪਾਇਆ ਜਾਂਦਾ ਹੈ । ਸਿੰਗਾਰ ਪੱਟੀ ਕਈ ਕੁੰਡਿਆਂ ਵਾਲੀਆਂ ਟੁੱਕੜੀਆਂ ਦੀ ਬਣੀ ਹੁੰਦੀ ਹੈ। ਇਹ ਦੋਹਾਂ ਪੱਟੀਆਂ ਉਤੇ ਪਾਈ ਜਾਂਦੀ ਹੈ। ਅਸਲ ਵਿਚ ਇਹ ਜਿਲਜਿਲ ਤੇ ਚੌਕ ਫੁੱਲ ਦੇ ਵਿਚਕਾਰ ਹੁੰਦੀ ਹੈ। ਇਸ ਦੀਆਂ ਟੁੱਕੜੀਆਂ ਦੇ ਅੱਗੇ ਪੱਤੀਆਂ ਜਾਂ ਮੋਤੀ ਹੁੰਦੇ ਹਨ। ਅੱਜ ਕੱਲ ਸ਼ਿੰਗਾਰ ਪੱਟੀ ਜਾਂ ਪਾਸੇ ਦੀ ਥਾਂ ਵਾਲਾਂ ਨੂੰ ਸਾਂਭਣ ਲਈ ਸੁਆਣੀਆਂ ਸਿਰ ਵਿਚ ਕਲਿਪ ਲਾਉਂਦੀਆਂ ਹਨ : ਘੁੰਢ ਕੱਢਣਾ ਕਲਿਪ ਨੰਗਾ ਰੱਖਣਾ ਨਖਰਾ ਨਾਜੋ ਦਾ ਸਹੁਰੇ ਕੋਲੋਂ ਘਢ ਕੱਢਦੀ, ਨੰਗਾ ਰੱਖਦੀ ਕਲਿਪ ਵਾਲਾ ਪਾਸਾ ।

ਮੱਥੇ ਦੇ ਦੋ ਗਹਿਣੇ ਬਹੁਤ ਪ੍ਰਸਿੱਧ ਹਨ, ਟਿੱਕਾ ਤੇ ਜਿਲਜਿਲ । ਕਈ ਵਾਰ ਟਿੱਕਾ ਜਿਲਜਿਲ ਦੇ ਵਿਚਕਾਰ ਵੀ ਹੁੰਦਾ ਹੈ ।

ਇਕੱਲਾ ਟਿੱਕਾ ਜ਼ੰਜੀਰੀ ਰਾਹੀਂ ਚੌਕ ਨਾਲ ਜੋੜਿਆ ਹੁੰਦਾ ਹੈ। ਇਹ ਮੱਥੇ ਦੇ ਵਿਚਕਾਰ ਰਹਿੰਦਾ ਹੈ। ਇਹ ਸੋਨੇ ਦਾ ਹੁੰਦਾ ਹੈ। ਆਮ ਕਰਕੇ ਚਾਰ ਪੰਜ ਸੈਂਟੀਮੀਟਰ ਵਿਆਸ ਦਾ ਗਲ ਹੁੰਦਾ ਹੈ। ਹੇਠਲੇ ਪਾਸੇ ਮੋਤੀਆਂ ਵਾਲੀਆਂ ਨਿੱਕੀਆਂ ਨਿੱਕੀਆਂ ਪੱਤੀਆਂ ਹੁੰਦੀਆਂ ਹਨ। ਜੇ ਇਕੱਲਾ ਟਿੱਕਾ ਪਾਇਆ ਜਾਵੇ ਤਾਂ ਜ਼ੰਜੀਰੀ ਨਾਲ ਲੱਗੀ ਹੱਕ ਵਾਲਾਂ ਵਿਚ ਟੰਗ ਲਈ ਜਾਂਦੀ ਹੈ । ਇਹ ਜੜਾਊ ਵੀ ਹੁੰਦਾ ਹੈ ।

ਜਿਲਜਿਲ ਵਿਚ ਸੋਨੇ ਦੀਆਂ ਪੰਜ ਟੁਕੜੀਆਂ ਇਕ ਪਾਸੇ ਹੁੰਦੀਆਂ ਹਨ । ਪੰਜ ਦੂਜੇ ਪਾਸੇ । ਵਿਚਕਾਰ ਟਿੱਕਾ ਹੁੰਦਾ ਹੈ। ਟੁਕੜੀਆਂ ਆਮ ਕਰਕੇ ਪੰਜ ਨੁੱਕਰੀਆਂ ਹੁੰਦੀਆਂ ਹਨ । ਇਕ ਨੁੱਕਰ ਹੇਠਾਂ ਹੁੰਦੀ ਹੈ । ਉਸ ਨਾਲ ਮੋਤੀ ਜਾਂ ਪੱਤੀ ਹੁੰਦੀ ਹੈ । ਉਤੇ ਕੁੰਡਾ ਲੱਗਾ ਹੁੰਦਾ ਹੈ । ਇਹ ਰੇਸ਼ਮੀ ਧਾਗੇ ਵਿਚ ਗੋਠੀਆਂ ਹੁੰਦੀਆਂ ਹਨ । ਇਹ ਧਾਗਾ ਮੱਥੇ ਤੇ ਬੰਨ੍ਹ ਲਿਆ ਜਾਂਦਾ ਹੈ । ਇਹ ਗਹਿਣਾ ਅੱਜ ਕੱਲ ਕੇਵਲ ਵਿਆਹਾਂ ਵਿਚ ਹੀ ਵੇਖਣ ਵਿਚ ਆਉਂਦਾ ਹੈ।

ਹਵਾਲੇ

[ਸੋਧੋ]

[1]

  1. ਡਾ. ਗੁਰਦਿਆਲ ਸਿੰਘ ਫੁੱਲ. ਪੰਜਾਬੀ ਸਭਿਆਚਾਰ ਇਕ ਦ੍ਰਿਸ਼ਟੀਕੋਣ. ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ।. pp. 47–49.