ਸਮੱਗਰੀ 'ਤੇ ਜਾਓ

ਸੁਲਤਾਨ ਬਾਹੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Sultan Bahu
سلطان باہو
ਸੁਲਤਾਨ ਬਾਹੂ ਦਾ ਮਜਾਰ
ਜਨਮ?1628
ਮੌਤ?1691
ਲਈ ਪ੍ਰਸਿੱਧਸੂਫ਼ੀਵਾਦ, ਕਵਿਤਾ, ਸਰਵਰੀ ਕਾਦਰੀ ਸੂਫ਼ੀ ਸੰਪਰਦਾ
ਖਿਤਾਬਬਾਹੂ (ਖੁਦਾ ਸੰਗ) ਅਤੇ ਫ਼ਾਨੀ ਫੀ'ਇਲਾਹੀ (ਖੁਦਾ ਵਿੱਚ ਲੀਨ)

ਸੁਲਤਾਨ ਬਾਹੂ (ਸ਼ਾਹਮੁਖੀ: سلطان باہو) (ca 1628 – 1691) ਮੁਸਲਿਮ ਸੂਫ਼ੀ ਅਤੇ ਸੰਤ ਸੀ ਜਿਸਨੇ ਸਰਵਰੀ ਕਾਦਰੀ ਸੂਫ਼ੀ ਸੰਪਰਦਾ ਦੀ ਨੀਂਹ ਰੱਖੀ। ਗੁਰਮਤਿ ਤੋਂ ਬਾਅਦ ਸੂਫ਼ੀ ਕਾਵਿ ਧਾਰਾ ਪੰਜਾਬੀ ਦੇ ਅਧਿਆਤਮਿਕ ਸਾਹਿਤ ਦੀ ਇੱਕ ਉੱਘੀ ਤੇ ਮਹੱਤਵਪੂਰਨ ਕਾਵਿ-ਧਾਰਾ ਹੈ, ਜਿਸ ਦਾ ਆਰੰਭ ਪੂਰਵ ਨਾਨਕ ਕਾਲ ਵਿੱਚ ਹੀ ਬਾਬਾ ਫ਼ਰੀਦ ਸ਼ਕਰ-ਗੰਜ ਦੀ ਰਚਨਾ ਨਾਲ ਹੋ ਚੁੱਕਾ ਸੀ। ਬਾਬਾ ਫ਼ਰੀਦ ਪਹਿਲੇ ਪੜਾ ਦਾ ਸੂਫ਼ੀ ਸੀ। ਸੁਲਤਾਨ ਬਾਹੂ ਨੂੰ ਗੁਰੂ ਨਾਨਕ ਕਾਲ ਦਾ ਸੂਫ਼ੀ ਕਵੀ ਮੰਨਿਆ ਜਾਂਦਾ ਹੈ।

ਜੀਵਨ[ਸੋਧੋ]

ਸੁਲਤਾਨ ਬਾਹੁ ਦੇ ਜਨਮ ਬਾਰੇ ਵਿਦਵਾਨਾਂ ਦੇ ਇੱਕ ਮਤ ਨਹੀਂ ਹੈ। ਕੁਝ ਵਿਦਵਾਨਾਂ ਅਨੁਸਾਰ ਸੁਲਤਾਨ ਬਾਹੂ ਦਾ ਜੀਵਨ ਕਾਲ 1629/30 ਈ. 1690/91 ਈ. ਹੀ ਮੰਨਦੇ ਹਨ ਕੁਝ ਵਿਦਵਾਨ 1631 ਈ. ਤੋਂ 1691 ਈ. ਮੰਨਦੇ ਹਨ। ਸੁਲਤਾਨ ਬਾਹੂ ਦਾ ਜਨਮ ਝੰਗ ਜਿਲੇ ਦੇ ਪਿੰਡ ਅਵਾਣ ਵਿੱਚ ਹੋਇਆ ਮੰਨਿਆ ਜਾਂਦਾ ਹੈ। ਉਸਦੇ ਪਿਤਾ ਦਾ ਨਾਂ ਬਾਜ਼ੀਦ ਮੁਹੰਮਦ ਅਤੇ ਮਾਤਾ ਦਾ ਨਾਂ ਬੀਬੀ ਰਾਸਤੀ ਕੁਦਸ ਸੱਰਾ ਸੀ। ਬਾਹੂ ਨੂੰ ਮੁਢਲੀ ਅਧਿਆਤਮਿਕ ਸਿੱਖਿਆ ਆਪਣੀ ਮਾਤਾ ਤੋਂ ਘਰ ਵਿੱਚ ਹੀ ਪ੍ਰਾਪਤ ਹੋਈ। ਉਸਦਾ ਸੰਬੰਧ ਵੀ ਸ਼ਾਹ ਹੁਸੈਨ ਵਾਂਗ ਕਾਦਰੀ ਸੰਪਰਦਾ ਨਾਲ ਸੀ। ਬਾਹੂ ਸ਼ਾਹ ਹੁਸੈਨ ਪਿੱਛੋਂ ਦੂਜਾ ਮਹਾਨ ਸੂਫ਼ੀ ਕਵੀ ਹੋਇਆ ਹੈ। ਬਾਹੂ ਨੇ ਦਿੱਲੀ ਦੇ ਸੱਯਦ ਅਬਦੁਲ ਰਹਿਮਾਨ ਨੂੰ ਆਪਣਾ ਮੁਰਸ਼ਿਦ ਧਾਰਨ ਕੀਤਾ ਅਤੇ ਉਸ ਤੋਂ ਅਧਿਆਤਮਿਕ ਸਿੱਖਿਆ ਗ੍ਰਹਿਣ ਕੀਤੀ। ਆਪ ਅਰਬੀ ਫ਼ਾਰਸੀ ਦੇ ਚੰਗੇ ਵਿਦਵਾਨ ਸਨ ਅਤੇ ਫ਼ਾਰਸੀ ਵਾਰਤਕ ਵਿੱਚ ਆਪ ਨੇ 140 ਦੇ ਕਰੀਬ ਪੁਸਤਕਾਂ ਲਿਖੀਆਂ ਜਿਨ੍ਹਾਂ ਵਿੱਚ ਸੂਫ਼ੀ ਸਿਧਾਂਤਾਂ ਦੀ ਵਿਆਖਿਆ ਕੀਤੀ ਹੈ। ਪੰਜਾਬੀ ਵਿੱਚ ਆਪ ਦੀਆਂ ਕਾਫੀਆਂ ਤੇ ਸੀਹਰਫ਼ੀਆਂ ਬੜੀਆਂ ਪ੍ਰਸਿੱਧ ਹਨ। ਆਪ ਦੀ ਰਚਨਾ ਦੀ ਹਰ ਤੁਕ ਦੇ ਅਖੀਰ ਤੇ ਹੂ ਆਉਦਾ ਹੈ ਜਿਸ ਨਾਲ ਕਵਿਤਾ ਵਿੱਚ ਇੱਕ ਸੰਗੀਤਕ ਲੈ ਆ ਜਾਂਦੀ ਹੈ ਏਸੇ ਹੂ ਦੀ ਰਚਨਾ ਨਾਲ ਹੀ ਬਾਹੂ ਦੀ ਕਵਿਤਾ ਹੋਰ ਕਵੀਆਂ ਨਾਲੋਂ ਨਿਖੇੜੀ ਜਾ ਸਕਦੀ ਹੈ ਸੁਲਤਾਨ ਬਾਹੂ ਦਾ ਪਿਤਾ ਝੰਗ ਦੇ ਇਲਾਕੇ ਦਾ ਇੱਕ ਚੰਗਾ ਜਿਮੀਦਾਰ ਸੀ ਤੇ ਬਾਹੂ ਵੀ ਕੁੜ ਚਿਰਖੇਤੀ ਕਰਦਾ ਰਿਹਾ ਆਮ ਸੂਫ਼ੀ ਫਕੀਰ ਤੋਂ ਉਲਟ ਬਾਹੂ ਬੜੀ ਸ਼ਾਨ-ਸ਼ੌਕਤ ਨਾਲ ਰਹਿੰਦਾ ਸੀ। ਉਨ੍ਹਾਂ ਦੀਆਂ 4 ਵਾਹੁਟੀਆਂ ਤੇ 17 ਦਾਸੀਆ ਸਨ। ਸੁਲਤਾਨ ਬਾਹੂ ਦੀ ਮੌਤ ਦਿਨ ਸ਼ੁੱਕਰਵਾਰ ਸਾਝਰੇ ਪਹਿਲੇ ਜੁਮਦੀ ਅਲਮਾਨੀ ਮਹੀਨੇ 1102 ਹਿਜਰੀ (1691) ਨੂੰ ਹੋਈ ਮੌਤ ਸਮੇਂ ਉਹਨਾਂ ਦੀ ਉਮਰ 63 ਸਾਲ ਦੀ ਸੀ”[1]

ਸੈਫ਼ਲ ਮੁਲੂਕ ਦਾ ਕਰਤਾ ਮੁਹੰਮਦ ਬਖ਼ਸ਼ ਲਿਖਦਾ:

ਫੇਰ ਸੁਲਤਾਨ ਬਾਹੂ ਇੱਕ ਹੋਇਆ, ਖਾਸਾ ਮਰਦ ਹਾਕਨਾ

ਦੋਹੜੇ ਪਾਕ ਜ਼ੁਬਾਨ ਉਹਦੀ ਦੇ, ਰੋਸ਼ਨ ਦੋਹੀ ਜਹਾਨੀ

ਸੁਲਤਾਨ ਬਾਹੂ ਦੇ ਪੁਰਖੇ ਅਰਬ ਦੇ ਨਿਵਾਸੀ ਸਨ। ਪ੍ਰੰਤੂ ਕਰਬਲਾਂ ਦੀ ਲਾੜਈ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੇ ਦੋਹਤਰਿਆ ਅਤੇ ਖ਼ਲੀਫ਼ਾ ਹਜ਼ਰਤ ਅਲੀ ਦੇ ਸੁਪੱਤਰਾਂ ਹਸਨ ਤੇ ਹੁਸੈਨ ਦੀ ਸਹਾਦਤ ਤੋਂ ਪਿਛੋਂ ਪੰਜਾਬ ਵਿੱਚ ਦਰਿਆ ਜੇਹਲਮ ਦੇ ਕੰਢੇ ਪਿੰਡ ਦਾਦਨਖਾਂ ਵਿੱਚ ਆਵਸੇ ਸਨ। ਸੁਲਤਾਨ ਬਾਹੂ ਦੇ ਕਿੱਤੇ ਬਾਰੇ ਕੋਈ ਲਿਖਤੀ ਪ੍ਰਮਾਣ ਨਹੀਂ ਮਿਲਦਾ।

ਸੁਲਤਾਨ ਬਾਹੂ ਨੇ ਆਪਣਾ ਪਰਿਵਾਰਕ ਜੀਵਨ ਤਿਆਗ ਦਿੱਤਾ ਅਤੇ ਦਰਿਆ ਰਾਵੀ ਦੇ ਕੰਢੇ ਵਸਦੇ ਪਿੰਡ ਬ਼ਗਦਾਦ ਦੇ ਹਜ਼ਰਤ ਹਬੀਬੁੱਲਾ ਕਾਦਿਰੀ ਨੂੰ ਮੁਰਸ਼ਦ ਧਾਰਨ ਕੀਤਾ। ਪਰ ਸਤੁੰਸ਼ਟੀ ਪ੍ਰਾਪਤ ਨਾ ਹੋਣ ਤੇ ਦਿੱਲੀ ਦੇ ਸਯੱਦ ਅਬਦੁਲ ਰਹਿਮਾਨ ਨੂੰ ਮੁਰਸ਼ਦ ਧਾਰਨ ਕੀਤਾ।

ਰਚਨਾ[ਸੋਧੋ]

ਸੁਲਤਾਨ ਬਾਹੂ ਅਰਬੀ-ਫ਼ਾਰਸੀ ਦਾ ਚੰਗਾ ਵਿਦਵਾਨ ਸੀ ਅਤੇ ਉਸਨੇ ਆਪਣੀ ਅਧਿਕਤਰ ਰਚਨਾ ਅਰਬੀ-ਫ਼ਾਰਸੀ ਵਿੱਚ ਹੀ ਕੀਤੀ। ਇਸ ਸੰਬੰਧ ਵਿੱਚ ਡਾ. ਲਾਜਵੰਤੀ ਰਾਮਾਕ੍ਰਿਸ਼ਨਾ ਨੇ ਆਪਣੇ ਸ਼ੋਧ-ਪ੍ਰਬੰਧ ‘ਪੰਜਾਬੀ ਸੂਫ਼ੀ ਪੋਇਟਸ` ਵਿੱਚ ‘ਤਵਾਰੀਖ਼ ਸੁਲਤਾਨ ਬਾਹੂ` (ਕ੍ਰਿਤ ਗੁਲਾਮ ਸਰਵਾਰ) ਦੇ ਹਵਾਲੇ ਨਾਲ ਬਾਹੂ ਦੀਆਂ ਅਰਬੀ-ਫ਼ਾਰਸੀ ਵਿੱਚ ਲਿਖੀਆ 140 ਰਚਨਾਵਾਂ ਦਾ ਉਲੇਖ ਕੀਤਾ ਹੈ। ਕਵਿਤਾ ਤੋਂ ਇਲਾਵਾ ਪੰਜਾਬੀ ਵਿੱਚ ਉਸ ਦੀਆਂ ਹੋਰ ਰਚਨਾਵਾਂ ਮਿਲਣ ਦੇ ਦਸਤਾਵੇਜੀ ਪ੍ਰਮਾਣ ਮੌਜੂਦ ਨਹੀਂ ਹਨ ਪੰਜਾਬੀ ਕਿਉਂਕਿ ਅਸੱਭਿਆ ਅਤੇ ਅਵਿਦਵਤਾ ਪੂਰਨ ਬੋਲੀ ਸਮਝੀ ਜਾਂਦੀ ਸੀ ਇਸ ਲਈ ਬਹੁਤੀ ਸੰਭਾਵਨਾ ਇਹ ਹੈ ਕਿ ਬਾਹੂ ਦੀਆਂ ਇਸ ਭਾਸ਼ਾ ਵਿਚਲੀਆਂ ਰਚਨਾਵਾਂ ਨਜ਼ਰ ਅੰਦਾਜ ਹੋਈਆ ਅਤੇ ਅੰਤਮ ਤੌਰ ਤੇ ਗੁੰਮ ਗਈਆ। ਇਸ ਸਾਰੀ ਉਦਾਸੀਨਤਾ ਦੇ ਬਾਵਜੂਦ ਬਾਹੂ ਦਾ ਕੁਝ ਪੰਜਾਬੀ ਕਲਾਮ ਉਸਦੇ ਗੱਦੀ-ਨਸ਼ੀਨਾਂ ਦੁਆਰਾ ਸਾਂਭਿਆ ਗਿਆ ਭਾਵ ਸੁਲਤਾਨ ਬਾਹੂ ਦੇ ਬਹੁਤੇ ਸਰਧਾਲੂ ਅਤੇ ਪ੍ਰਸੰਸ਼ਕ ਪੰਜਾਬੀ ਤੋਂ ਬਿਨਾਂ ਹੋਰ ਕੋਈ ਭਾਸ਼ਾ ਨਹੀਂ ਸੀ ਸਮਝਦੇ। ਉਸ ਦੇ ਉਰਮ ਸਮੇਂ ਕਵਾਲਾਂ ਦੁਆਰਾ ਉਸ ਦਾ ਕਲਾਮ ਗਾਇਆ ਜਾਂਦਾ ਹੈ।” “ਮੁਨਾਕਬ-ਇ ਸੁਲਤਾਨੀ” ਦਾ ਕਰਤਾ ਕਹਿੰਦਾ ਹੈ ਕਿ ਬਾਹੂ ਆਪਣੀ ਪੁਸਤਕ ਅਧਿਐਨ ਉਲਫ਼ਕਰ ਵਿੱਚ ਲਿਖਦਾ ਹੈ ਕਿ ਮੈਂ ਮਾਂ ਦਾ ਆਇਨ ਹਾਂ ਜਿਸ ਨੇ ਮੈਨੂੰ ਬਾਹੂ ਨਾਮ ਦਿੱਤਾ ਜੋ ਇੱਕ ਨੁਕਤੇ ਦੇ ਬਦਲਣ ਨਾਲ ‘ਬਾਹੂ` ਬਣ ਜਾਂਦਾ ਹੈ ਅਰਥਾਤ ਇਹ ਰੱਬ (ਅੱਲ੍ਹਾ) ਦਾ ਸੂਚਕ ਹੈ।”

ਪੰਜਾਬੀ ਵਿੱਚ ਬਾਹੂ ਦੀ ਰਚਨਾ ‘ਸੀਹਰਫ਼ੀ` ਕਾਵਿ-ਵਿਧਾ ਦੇ ਰੂਪ ਵਿੱਚ ਉਪਲਬਧ ਹੈ। ਉਸਨੇ ਪੰਜਾਬੀ ਕਾਵਿ ਵਿੱਚ ਪਹਿਲੀ ਵਾਰ ‘ਸੀਹਰਫ਼ੀ` ਕਾਵਿ-ਰੂਪ ਦਾ ਪ੍ਰਯੋਗ ਕੀਤਾ ਅਤੇ ਇਸਨੂੰ ਸਿਖਰ ਤੇ ਲੈ ਗਿਆ। ਪਰ ਉਸਦਾ ਆਪਣਾ ਲਿਖਿਆ ਕੋਈ ਖ਼ਰੜਾ ਨਹੀਂ ਮਿਲਦਾ। ਉਸਦੀ ਫ਼ਾਰਸੀ ਵਿੱਚ 50 ਗ਼ਜ਼ਲਾਂ ਦੇ ਇੱਕ ਸੰਗ੍ਰਹਿ ‘ਦੀਵਾਨੇ ਬਾਹੂ` ਦਾ ਪੰਜਾਬੀ ਕਵਿਤਾ ਵਿੱਚ ਅਨੁਵਾਦ ਮੌਲਵੀ ਮੁਹੰਮਦ ਅੱਲਾਦੀਨ ਕਾਦਰੀ ਸਰਵਰ ਨੇ ਕੀਤਾ। ਉਸਦੀ ਪੰਜਾਬੀ ਰਚਨਾ ਛਾਪਣ ਦਾ ਦੂਜਾ ਉਦਮ ਸੰਨ 1925 ਈ. ਵਿੱਚ ਮਲਕ ਫ਼ਜਲਦੀਨ ਲਾਹੌਰੀ ਨੇ ਕੀਤਾ। ਇਸ ਤੋਂ ਇਲਾਵਾਂ ਬਾਹੂ ਦੀ ਰਚਨਾ ਨੂੰ ਮੋਹਨ ਸਿੰਘ, ਡਾ. ਹਰਜਿੰਦਰ ਸਿੰਘ ਢਿਲੋਂ, ਭਾਸ਼ਾ ਵਿਭਾਗ, ਪੰਜਾਬ ਯੂਨੀਵਰਸਿਟੀ- ਚੰਡੀਗੜ੍ਹ ਅਤੇ ਪੰਜਾਬੀ ਯੂਨੀਵਰਸਿਟੀ- ਪਟਿਆਲਾ ਵਲੋਂ ਵੀ ਛਾਪਿਆ ਗਿਆ। ਇਸ ਵਿੱਚ ਵਰਣ ਮਾਲਾ ਦੇ ਹਰ ਅੱਖਰ ਨਾਲ ਸ਼ੁਰੂ ਹੋਣ ਵਾਲੀਆਂ ਇੱਕ ਦੋ ਜਾਂ ਚਾਰ ਛੋਟੀਆਂ ਕਵਿਤਾਵਾਂ ਹਨ ਅਤੇ ਹਰ ਬੰਦ ਦੀ ਗਿਣਤੀ ਵੀਹ ਤੱਕ ਹੈ। ਸੁਲਤਾਨ ਬਾਹੂ ਦੀ ਕਵਿਤਾ ਬਾਰੇ ਸਭ ਤੋਂ ਵੱਧ ਧਿਆਨ ਖਿੱਚਣ ਵਾਲੀ ਚੀਜ਼ ਹਰ ਦੂਸਰੀ ਤੁਕ ਦੇ ਅੰਤ ਤੇ ਹੂ ਧੁਨੀ ਦਾ ਦੁਹਰਾਉ ਹੈ ਹੂ ਨੂੰ ਅੱਲਾ ਦੇ ਨਾਮ ਦਾ ਸੂਚਕ ਸਮਝਿਆ ਜਾਂਦਾ ਹੈ ਸੁਲਤਾਨ ਬਾਹੂ ਦੀ ਕਵਿਤਾ ਸਾਦੀ ਅਤੇ ਉਚੇਚ ਰਹਿਤ ਸੈਲੀ ਵਿੱਚ ਰਚੀ ਗਈ ਹੈ। ਇਸ ਕਵਿਤਾ ਦੀ ਆਪਣੀ ਅਨੂਠੀ ਛਾਪ ਹੈ ਜੋ ਕਵੀ ਦੇ ਵਿਚਾਰਾਂ ਤੇ ਭਾਸ਼ਾ ਦੇ ਗਿਆਨ ਦੇ ਸੋਮਿਆਂ ਉਤੇ ਪੂਰੀ ਤਰ੍ਹਾਂ ਟਿਕੀ ਹੋਈ ਹੈ। ਬਾਹੂ ਦੀ ਭਾਸ਼ਾ ਝੰਗ ਅਤੇ ਆਸ-ਪਾਸ ਦੇ ਜ਼ਿਲ੍ਹਿਆਂ ਵਿੱਚ ਬੋਲੀ ਜਾਣ ਵਾਲੀ ਪੰਜਾਬੀ ਹੈ। ਇਸ ਵਿੱਚ ਸਾਦਗੀ ਤੇ ਮਿਠਾਸ ਹੈ ਪਰ ਇਹ ਅੱਖੜ ਅਤੇ ਗੰਵਾਰ ਨਹੀਂ। ਇਹ ਬੰਦ ਬਾਹੂ ਦੀ ਸੀਹਰਫ਼ੀ ਵਿਚੋਂ ਲਿਆ ਗਿਆ ਹੈ। ਇਹ ਬਾਹੂ ਦੇ ਫਕੀਰੀ ਬਾਰੇ ਵਿਚਾਰਾਂ ਦਾ ਸੂਚਕ ਹੈ।[2]

ਜੀਮ ਜਿਉਦਿਆਂ ਮਰ ਰਹਿਣ ਹੋਵੇ
ਤਾਂ ਵੇਸ ਫਕੀਰਾਂ ਕਰੀਏ ਹੂ
ਜੇ ਕੋਈ ਸੁੱਟੇ -ਗੁੱਦੜ ਕੂੜਾ,
ਵਾਰਾ ਅਹੂੜੀ ਸਹੀਏ ਹੂ

“ਸੁਲਤਾਨ ਬਾਹੂ (1629-1690) ਸਤਾਰਵੀ ਸਦੀ ਦੀ ਪੰਜਾਬੀ ਕਵਿਤਾ ਦਾ ਇੱਕ ਪ੍ਰਮੁੱਖ ਕਵੀ ਹੈ। ਬਾਹੂ ਇੱਕ ਸੂਫੀ ਫਕੀਰ ਸੀ ਜਿਨੇ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਲਈ ਫਾਰਸੀ ਭਾਸ਼ਾ ਦੇ ਨਾਲ-ਨਾਲ ਪੰਜਾਬੀ ਰਚਨਾ ਨੂੰ ਛਪਵਾਣ ਦਾ ਸਭ ਤੋਂ ਪਹਿਲਾਂ ਉਪਰਾਲਾ ‘ਫਜਲਦੀਨ ਲਾਹੌਰੀ` ਨੇ ਕੀਤਾ ਅਤੇ ਇਸਨੂੰ “ਆਬਯਾਤੇ ਸੁਲਤਾਨ ਬਾਹੂ” ਦੇ ਨਾਂ ਹੇਠ ਛੁਪਾਇਆ ਗਿਆ ਸੀ ਸੁਲਤਾਨ ਬਾਹੂ ਨੇ ਆਪਣੀ ਰਚਨਾ ਵਿੱਚ ਸਭ ਤੋਂ ਵੱਧ ਜ਼ੋਰ ਇਸ਼ਕ ਹਕੀਕੀ ਦੇ ਦੁਆਲੇ ਹੀ ਘੁੰਮਦੀ ਹੈ। ਸੂਫੀਮਤ ਅਨੁਸਾਰ ਪ੍ਰਭੂ ਪ੍ਰਾਪਤੀ ਦਾ ਸਭ ਤੋਂ ਉੱਤਮ ਅਤੇ ਕਾਰਗਰ ਕਸ਼ਤਾ ਇਸ਼ਕ ਹੀ ਹੈ। ਪ੍ਰਭੂ ਦਾ ਪਿਆਰ ਹੀ ਕਿਸੇ ਸਾਧਕ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਇਸ਼ਕ ਦੀ ਪੈਰਵੀ ਕਰਦਾ ਹੋਇਆ ਉਹ ਬਾਹਰੀ ਅਤੇ ਵਿਖਾਵੇ ਦੇ ਕਰਮ ਕਾਡਾਂ ਨੂੰ ਨਿੰਦਦਾ ਹੀ ਨਹੀਂ ਬਲਕਿ ਉਹਨਾਂ ਉਤੇ ਵਿਅੰਗ ਵੀ ਕੱਸਦਾ ਹੈ। ਅਜਿਹਾ ਕਰਦਿਆਂ ਹੋਇਆ ਉਹ ਮੁੱਲਾ ਮੁਲਇਆ ਨੂੰ ਵੀ ਨਹੀਂ ਬਖਸਦਾ ਹੈ। ਬਾਹੂ ਅਨੁਸਾਰ ਇਸ਼ਕ ਮਨੁੱਖ ਅਤੇ ਖੁਦਾ ਵਿਚਲੀ ਦੂਰੀ ਜਾਂ ਫਾਮਲੇ ਨੂੰ ਮਿਟਾਉਦਾ ਹੈ। ਪਰੰਤੂ ਬਾਹੂ ਅਨੁਸਾਰ ਅਜਿਹੇ ਇਸ਼ਕ ਹਕੀਕੀ ਦੀ ਪ੍ਰਾਪਤੀ ਕੋਈ ਸੋਖਾ ਕਾਰਜ ਨਹੀਂ ਇਸ ਲਈ ਸਾਧਕ ਨੂੰ ਆਪਣਾ ਸਭ ਕੁਝ ਕੁਰਬਾਨ ਕਰਨਾ ਪੈਦਾ ਹੈ ਨੂੰ ਆਪਣਾ ਤਨ ਮਨ ਭਾਵ ਆਪਾ ਮਾਰਨਾ ਪੈਂਦਾ ਹੈ। ਸੱਚਾ ਆਸ਼ਕ ਮਰਨ ਤੋਂ ਪਹਿਲਾ ਹੀ ਮਰ ਜਾਂਦਾ ਹੈ ਅਤੇ ਉਹ ਦੁਨੀਆ ਤੋਂ ਨਿਰਲੇਪ ਹੋ ਕੇ ਕੇਵਲ ਰੱਬ ਦੀ ਯਾਦ ਵਿੱਚ ਖੁੱਭਿਆ ਰਹਿੰਦਾ ਹੈ।”[3]

ਬਾਹੂ ਮਰ ਗਏ ਜੋ ਮਰਨ ਥੀਂ ਪਹਿਲਾਂ
ਤਿਨਾਂ ਹੀ ਰੱਬ ਨੂੰ ਪਾਇਆ ਹੂ

ਕਲਾ[ਸੋਧੋ]

ਸੁਲਤਾਨ ਬਾਹੂ ਨੇ ‘ਸੀਹਰਫ਼ੀ` ਕਾਵਿ-ਰੂਪ ਦਾ ਪ੍ਰਯੋਗ ਕੀਤਾ। ‘ਸੀਹਰਫ਼ੀ` ਫ਼ਾਰਸੀ ਭਾਸ਼ਾ ਦਾ ਸ਼ਬਦ ਹੈ ਅਤੇ ਇਸਦਾ ਅਰਥ ਹੈ ‘ਤੀਹ ਅੱਖਰਾ ਵਾਲੀ`। ਇਸਨੂੰ ਲਿਖਣ ਲਈ ਕੋਈ ਛੰਦ ਨਿਸ਼ਚਿਤ ਨਹੀਂ ਹੈ। ਸੁਲਤਾਨ ਬਾਹੂ ਦੇ ਪੂਰਵ ਸੂਫੀ ਕਵੀਆਂ ਵਿੱਚ ਪ੍ਰਮੁੱਖ ਤੌਰ ਤੇ ਸ਼ਬਦ ਸ਼ਲੋਕ ਅਤੇ ਕਾਫ਼ੀ ਹੀ ਪ੍ਰਚਲਿਤ ਕਾਵਿ-ਰੂਪ ਸਨ। ਬਾਬਾ ਫ਼ਰੀਦ ਅਤੇ ਸ਼ਾਹ ਹੁਸੈਨ ਨੇ ਇਨ੍ਹਾਂ ਕਾਵਿ ਰੂਪਾਂ ਰਾਹੀਂ ਆਪਣੇ ਵਿਚਾਰਾਂ ਦਾ ਉਲੇਖਾ ਕੀਤਾ ਬਾਹੂ ਦੇ ਪ੍ਰਵੇਸ਼ ਨਾਲ ਪੰਜਾਬੀ ਕਾਵਿ ਸਾਹਿਤ ਵਿੱਚ ਪਹਿਲੀ ਵਾਰ ਸੀਹਰਫ਼ੀ ਕਾਵਿ ਰੂਪ ਦੀ ਸਥਾਪਨਾ ਹੋਈ ਹੈ। ਬਾਹੂ ਨੇ ‘ਸੀਹਰਫ਼ੀ` ਵਿੱਚ ਬੈਂਤ ਜਾਂ ਦੋਹੜਾ ਵਰਤਿਆ ਹੈ। ਉਹ ਹਰ ਤੁਕ ਦੇ ਅੰਤ ਵਿੱਚ ‘ਹੂ` ਸ਼ਬਦ ਵਰਤਦਾ ਹੈ, ਜਿਸ ਨਾਲ ਕਵਿਤਾ ਵਿੱਚ ਇੱਕ ਸੰਗੀਤਕ ਲੈ ਆ ਜਾਂਦੀ ਹੈ। ‘ਹੂ` ਸ਼ਬਦ ਦੀ ਵਰਤੋਂ ਇਸਨੂੰ ‘ਤਾਟਕ` ਛੰਦ ਦੇ ਨੇੜੇ ਲੈ ਜਾਂਦੀ ਹੈ। ਉਹ ਪੂਰੀ ਖੁੱਲ੍ਹ ਨਾਲ ਛੰਦ ਬੰਨ੍ਹਦਾ ਹੈ। ਤੁਕਾਂਤ ਮੇਲ ਵਿੱਚ ਵੀ ਬੜੀ ਲਾਪਰਵਾਹੀ ਵਿਖਾਈ ਗਈ ਹੈ। ਪਰ ਹੋਰ ਸੂਫ਼ੀਆਂ ਦੇ ਮੁਕਾਬਲੇ ਬਾਹੂ ਦੀ ਰਚਨਾ ਵਿੱਚ ਬੌਧਿਕ ਅੰਸ਼ ਵਧੇਰੇ ਹੈ।

ਬਾਹੂ ਦੀ ‘ਸੀਹਰਫ਼ੀ` ਵਿੱਚ ਇੱਕ ਅੱਖਰ ਨਾਲ ਇੱਕ ਤੋਂ ਵੱਧ ਬੰਦ ਵਰਤੇ ਗਏ ਹਨ, ਜਦ ਕਿ ਆਮ ਤੌਰ ਤੇ ਇੱਕ ਅੱਖਰ ਨਾਲ ਸੰਬੰਧਿਤ ਇੱਕ ਬੰਦ ਹੀ ਰਚਿਆ ਜਾਂਦਾ ਹੈ। ਬੰਦਾਂ ਵਿੱਚ ‘ਪੇ` ‘ਚੇ` ਅਤੇ ‘ਗ਼ਾਫ਼` ਅੱਖਰਾਂ ਦੇ ਬੰਦ ਆਏ ਹਨ, ਜੋ ਫ਼ਾਰਸੀ ਦੀ ਵਰਣਮਾਲਾ ਵਿੱਚ ਨਹੀਂ ਹਨ। ਇਸ ਵਿੱਚ ਫ਼ਾਰਸੀ ਲਿਪੀ ਤੋਂ ਕਾਫੀ ਖੁੱਲ੍ਹ ਲਈ ਗਈ ਹੈ। ਬਾਹੂ ਨੇ ਆਪਣੇ ਭਾਵਾਂ ਦੀ ਸਪਸ਼ਟਤਾ ਲਈ ਬਣੀ ਸੁਚੱਜਤਾ ਨਾਲ ਉਪਮਾਨਾਂ ਦੀ ਵਰਤੋਂ ਕੀਤੀ ਹੈ, ਜਿਵੇਂ ‘ਸਾਵਣ ਮਾਹ ਦੇ ਬਦਲਾ ਵਾਂਗੂ, ਫਿਰਨ ਕਤਾਬਾਂ ਚਾਈ ਹੂ`, ਚੌਦਾਂ ਤਬਕ ਦਿਲੇ ਦੇ ਅੰਦਰ, ਤੰਬੂ ਵਾਂਗਣ ਤਾਣੇ ਹੂ`, ‘ਬਿਜਲੀ ਵਾਂਗੂ ਕਰੇ ਲਸ਼ਕਾਰੇ, ਸਿਰ ਦੇ ਉਤੋਂ ਝੋਂਦੀ ਹੂ`, ‘ਬਾਗਬਾਨਾਂ ਦੇ ਬੂਟੇ ਵਾਂਗੂ, ਤਾਲਬ ਨਿਤ ਸਮ੍ਹਾਲੇ ਹੂ` ਆਦਿ। ਉਸਨੇ ਸਦ੍ਰਿਸ਼ਤਾ-ਮੂਲਕ ਅਲੰਕਾਰ ਵਰਤੇ ਹਨ ਅਤੇ ਉਸਦੀ ਰਚਨਾ ਵਿੱਚ ਸ਼ਾਂਤ ਰਸ ਪ੍ਰਧਾਨ ਹੈ।

ਸੁਲਤਾਨ ਬਾਹੂ ਦੀ ਰਚਨਾ ਦੀ ਵਿਸ਼ੇਸ਼ਤਾ ਇਸ ਪੱਖੋਂ ਹੈ ਕਿ ਉਸ ਦੀ ਰਚਨਾ ਦੇ ਵਿਸ਼ੇ ਅਤੇ ਰੂਪ ਦੋਹਾਂ ਵਿੱਚ ਇੱਕ ਨਿਕਟ ਵਰਤੀ ਸਾਂਝ ਸਥਾਪਿਤ ਹੈ। ਬਾਹੂ ਦੀ ਰਚਨਾ ਪ੍ਰਮੁੱਖ ਤੌਰ ਤੇ ਖੁਦਾ ਨਾਲ ਇਸ਼ਕ ਸਥਾਪਤੀ ਦੀ ਸਥਿਤੀ ਸਿਰਜਣ ਵਿੱਚ ਕਾਰਜਸ਼ੀਲ ਹੈ। ਸੂਫ਼ੀ ਵਾਸਤੇ ਵਿਛੋੜਾ ਅਸਹਿ ਅਤੇ ਦੁਖਦਾਈ ਹੈ। ਪਰੰਤੂ ਵਸਲ ਦੀ ਸਥਿਤੀ ਵਾਸਤੇ ਇਸ ਦਾ ਭੋਗਣਾ ਅਤਿ ਅਵੱਸ਼ਕ ਹੈ। ਬਾਹੂ ਦੀ ਰਚਨਾ ਵਿੱਚ ਇੱਕ ਹੋਰ ਪੱਖ ਵੀ ਦ੍ਰਿਸ਼ਟੀਗੋਚਰ ਹੰੁਦਾ ਹੈ ਕਿ ਉਹ ਕਈ ਵਾਰ ਵਿਚਾਰ-ਪ੍ਰਗਟਾਵਾ ਕਰਦੇ ਸਮੇਂ ਵੱਖ-ਵੱਖ ਚਰਣਾਂ ਦੇ ਤੁਕਾਂਤ ਦੇ ਅਨੁਪ੍ਰਾਸ ਤੋਂ ਅਵੇਸਲਾ ਹੋ ਜਾਂਦਾ ਹੈ। ਬਾਹੂ ਦਾ ਅਜਿਹਾ ਅਵੇਸ਼ਲਾਪਣ ਕਈ ਵਾਰ ਪਾਠਕ ਨੂੰ ਬਾਹੂ ਦੀ ਕਾਵਿ ਕੋਸ਼ਲਤਾ ਪ੍ਰਤਿ ਨਿਰਾਸ਼ ਵੀ ਕਰ ਦੇਂਦਾ ਹੈ। ਅਜਿਹੇ ਅਨੁਪ੍ਰਾਸਹੀਣ ਬੰਦ ਉਦਾਹਰਣ ਵਜੋਂ ਦਿੱਤੇ ਜਾ ਸਕਦੇ ਹਨ। ਬਾਹੂ ਆਪਣੇ ਮੁਰਸ਼ਦ ਦੇ ਬਾਰੇ ਬਿਆਨ ਕਰਦਾ ਹੈ।”[4]

ਕਾਫ ਕਾਮਲ ਮੁਰਸ਼ਦ ਐਸਾ ਹੋਵੇ ਜੇਹੜ ਧੋਬੀ-ਧੋਬੀ ਵਾਗੂ ਛੋਟੇ ਹੂ।
ਨਾਲ ਨਿਗਾਹ ਦੇ ਪਾਕ ਕਰਾਂਦਾ ਵਿੱਚ ਸੱਜੀ ਸਾਬਣ ਨਾ ਘੱਟ ਹੂ।
ਮੌਲਿਆਂ ਧੀ ਕਰ ਦੇਂਦਾ ਚਿੱਟਾ, ਵਿੱਚ ਜ਼ਰਾ ਮੈਲ ਨਾ ਰੱਖ ਹੂ।
ਐਸਾ ਮੁਰਸ਼ਦ ਹੋਵੇ ਬਾਹੂ ਜੇਹੜ ਲੂੰ-ਲੂੰ ਦੇ ਵਿੱਚ ਵੱਸੇ ਹੂ

“ਬਾਹੂ ਨੇ ਸ਼ਰੋਈ ਪਾਬੰਦੀਆਂ ਬਾਰੇ ਕੋਈ ਵਿਰੋਧ ਪੈਦਾ ਨਹੀਂ ਕੀਤਾ ਉਲੰਘਣਾ ਨਹੀਂ ਕੀਤੀ ਪਰ ਆਸ਼ਕ ਦੇ ਰਾਹ ਨੂੰ ਵਖਰਿਆਇਆ ਹੈ ਤੇ ਇਉਂ ਪੰਜਾਬੀ ਸੂਫੀ ਕਾਵਿ ਦੀ ਵਿਲੱਖਣਤ ਨਾਲ ਨਾਤਾਂ ਕਾਇਮ ਕੀਤਾ ਹੈ।

ਜੇ ਜਬਾਨੀ ਕਲਮਾਂ ਸਭ ਕੋਈ ਪੜਦਾ ਦਿਲ ਦਾ ਪੜਦੇ ਕੋਈ ਹੂ।
ਦਿਲ ਦਾ ਕਲਮਾਂ ਆਸ਼ਕ ਪੜ੍ਹਦੇ ਕੀ ਜਾਨਣ ਸਾਰ ਸਲੋਈ ਹੂ
ਇਹ ਕਲਮਾਂ ਮੈਨੂੰ ਪੀਰ ਪੜ੍ਹਾਇਆ ਸਦਾ ਸੁਹਾਗੁਣ ਕੋਈ ਹੂ।

ਸੁਲਤਾਨ ਬਾਹੂ ਭਰ ਜਵਾਨੀ ਵਿੱਚ ਸੀ ਜਦੋਂ ਔਰੰਗਜ਼ੇਬ ਦੇ ਕੱਟੜ ਜੁਲਮ ਸਾਹਮਣੇ ਆ ਗਏ ਸਨ। ਮਹਿਫਲਾਂ ਵਿੱਚ ਨੱਚਣ ਗਾਉਣ ਉੱਤੇ ਵੀ ਪਾਬੰਦੀ ਲਾ ਦਿੱਤੀ ਗਈ ਸੀ ਬਾਹੂ ਨੇ ਸਮਾਨੰਤਰ ਇਸ਼ਕ ਦਾ ਰਾਹ ਹੀ ਸੰਚਾਰਿਆ ਰੱਬ ਨੂੰ ਚੰਬੇ ਦੀ ਬੂਟੀ ਆਖਿਆ ਜਿਸ ਦੀ ਮਹਿਕ ਸਹਿਜ ਤੇ ਨਿਮਰਤਾ ਨਾਲ ਆਲੇ-ਦੁਆਲੇ ਫੈਲਦੀ ਹੈ ਉਸ ਨੂੰ ਬਾਦਸ਼ਾਹ ਨੂੰ ਮਿਲਣ ਦਾ ਸੱਦਾ ਵੀ ਮਿਲਿਆ ਪਰ ਉਸਨੇ ਗੌਲਿਆਂ ਨਾ ਤੇ ‘ਹੂ` ਦੀ ਪ੍ਰਗੀਤਕ ਧੁਨ ਵਿੱਚ ਲੀਨ ਰਿਹਾ।[5]

ਬਾਹੂ ਦੀ ਕਲਾਤਮਕ ਸੁੰਦਰਤਾ ਉਸ ਦੁਆਰਾ ਵਰਤੇ ਪ੍ਰਤੀਕਾਂ ਵਿੱਚ ਵੇਖੀ ਜਾ ਸਕਦੀ ਹੈ। ਉਸਨੇ ਪਰਮ-ਸੱਤਾ ਲਈ ਸੱਜਣ, ਦੋਸਤ, ਜਾਨੀ, ਸ਼ੌਹ, ਸਾਹਿਬ ਅਤੇ ਮੁਰਸ਼ਿਦ ਲਈ ਰਹਿਮਤ ਦਾ ਦਰਵਾਜ਼ਾ, ਸੁਨਿਆਰ, ਮੱਕਾ ਆਦਿ ਪ੍ਰਤੀਕਾਂ ਦਾ ਪ੍ਰਯੋਗ ਕੀਤਾ ਹੈ। ਬਾਹੂ ਪੰਜਾਬੀ ਲੋਕ-ਵਿਰਸੇ ਨਾਲ ਜੁੜਿਆ ਪ੍ਰਤੀਤ ਹੁੰਦਾ ਹੈ ਕਿਉਂਕਿ ਉਸਨੇ ਹੀਰ-ਰਾਝੇ ਦੀ ਪ੍ਰੇਮ ਕਥਾ ਅਤੇ ਪੰਜਾਬੀ ਲੋਕ ਵਿਰਸੇ ਨਾਲ ਜੁੜੇ ਅਖਾਣਾ ਤੇ ਮੁਹਾਵਰਿਆਂ ਦੀ ਵਰਤੋ ਕੀਤੀ ਹੈ। ਬਾਹੂ ਨੇ ਮੁੱਖ ਤੌਰ ਤੇ ਕੇਂਦਰੀ ਪੰਜਾਬੀ ਦੀ ਵਰਤੋਂ ਕੀਤੀ ਹੈ ਪਰ ਉਸਦੀ ਬੋਲੀ ਉੱਤੇ ਅਰਬੀ-ਫ਼ਾਰਸੀ ਅਤੇ ਲਹਿੰਦੀ ਭਾਸ਼ਾ ਦਾ ਪ੍ਰਭਾਵ ਹੈ। ਉਸਦੀ ਭਾਸ਼ਾ ਦੀ ਇੱਕ ਵਿਸ਼ੇਸ਼ਤਾ ਉਸਦੀ ਸੁੰਦਰ ਅਤੇ ਪ੍ਰਭਾਵਸ਼ਾਲੀ ਵਰਣ-ਯੋਜਨਾ ਹੈ।

‘ਜਿਸ ਮਰਨੇ ਥੀਂ ਖਲਕਤ ਡਰਦੀ, ਬਾਹੂ ਆਸ਼ਕ ਮਰੇ ਤਾਂ ਜੀਵੇ ਹੂ`

ਵਿਚਾਰਧਾਰਾ[ਸੋਧੋ]

ਬਾਹੂ ਅਰਬੀ-ਫ਼ਾਰਸੀ ਦੇ ਨਾਲ-ਨਾਲ ਪੰਜਾਬ ਤੇ ਪੰਜਾਬੀ ਦਾ ਵੀ ਇੱਕ ਹਰਮਨ-ਪਿਆਰਾ ਸੂਫ਼ੀ ਕਵੀ ਪ੍ਰਵਾਨਿਤ ਹੋਇਆ ਹੈ। ਉਸਨੇ ਪੰਜਾਬੀ ਭਾਸ਼ਾ ਵਿੱਚ ‘ਸੀਹਰਫ਼ੀ` ਕਾਵਿ-ਰੂਪ ਵਿੱਚ ਰਚਨਾ ਕੀਤੀ। ਉਸਨੇ ਸਾਧਨਾ-ਮਾਰਗ ਉੱਤੇ ਚਲਦਿਆਂ ਹਾਸਲ ਕੀਤੇ ਹਕੀਕੀ ਗਿਆਨ ਤੇ ਸੱਚੀ -ਸੁਚੀ ਸੂਫ਼ੀਆਨਾ ਵਿੱਚਾਰਧਾਰਾ ਨੂੰ ਪ੍ਰਗਟਾਉਣ ਲਈ ਸਾਹਿੱਤ-ਮਾਧਿਅਮ ਦਾ ਮਹੱਤਵ ਸਮਝਿਆ। ਉਸਨੇ ਅਧਿਆਤਮਿਕ ਅਤੇ ਧਾਰਮਿਕ ਮਸਲਿਆਂ ਉੱਤੇ ਖੁੱਲ੍ਹ ਕੇ ਵਿੱਚਾਰ ਪ੍ਰਗਟਾਏ। ਉਸਦੀ ਕਾਵਿ-ਰਚਨਾ ਦਾ ਮੁੱਖ ਨਿਸ਼ਾਨਾ ਇਸ਼ਕ ਹਕੀਕੀ ਦਾ ਸੰਕਲਪ, ਮੁਰਸ਼ਿਦ ਰਾਹੀਂ ਰੂਹਾਨੀ ਗਿਆਨ ਤੇ ਸ਼ਰੀਅਤ ਦੀ ਰੂਹਾਨੀ ਵਿਆਖਿਆ ਕਰਨਾ ਹੈ। ਸੂਫ਼ੀ ਸਾਧਨਾ ਵਿੱਚ ਇਸ਼ਕ ਹਮੇਸ਼ਾ ਨਿਸ਼ਕਾਮ ਹੁੰਦਾ ਹੈ। ਉਸਨੇ ਇਸ਼ਕ ਹਕੀਕੀ ਦੇ ਆਸ਼ਕ ਦੇ ਕਿਰਦਾਰ ਉੱਤੇ ਵੀ ਪ੍ਰਕਾਸ਼ ਪਾਇਆ। ਸੂਫ਼ੀ ਸਾਧਨਾ ਵਿੱਚ ਮੁਰਸ਼ਿਦ ਦਾ ਬਹੁਤ ਮਹਤੱਵ ਹੈ, ਜਿਸ ਦੀ ਮਿਹਰ ਨਾਲ ਹੀ ਮੁਰੀਦ ਆਪਣੀ ਸਾਧਨਾ ਵਿੱਚ ਕਾਮਯਾਬ ਹੋ ਸਕਦਾ ਹੈ। ਉਹ ਬਾਕੀ ਸ਼ਰਈ ਸੂਫ਼ੀਆਂ ਵਾਂਗ ਹਜ਼ਰਤ ਮੁਹੰਮਦ ਦੀ ਸਿੱਖਿਆ ਨੂੰ ਸਵੀਕਾਰ ਦਾ ਹੈ। ‘ਸੱਚਾ ਰਾਹ ਮੁਹੰਮਦ ਵਾਲਾ ਬਾਹੂ, ਜੈ ਵਿੱਚ ਰੱਬ ਲਬੀਵੇ ਹੂ।` ਇਸ ਤੋਂ ਬਿਨਾ ਉਸਨੇ ਸੰਸਾਰ ਦੀ ਨਾਸ਼ਮਾਨਤਾ ਤੇ ਧਾਰਮਿਕ ਸਹਿਨਸ਼ੀਲਤਾ ਦੇ ਵਿਸ਼ਿਆ ਨੂੰ ਵੀ ਬਾਹੂ ਨੇ ਛੋਹਿਆ। ਉਸਨੇ ਪਾਖੰਡੀ ਆਲਮਾਂ ਦੇ ਚਰਿਤ੍ਰ ਨੂੰ ਸਬ ਤੋਂ ਵੱਧ ਭੰਡਿਆ, ਜਿਹੜੇ ਸਾਰੇ ਮਜ਼੍ਹਬੀ ਮਸਲਿਆਂ ਉੱਤੇ ਲੋਕਾਂ ਨੂੰ ਗੁਮਰਾਹ ਕਰਦੇ ਸਨ। ਉਸਦੀ ਰਚਨਾ ਵਿੱਚ ‘ਕਲਮੇ’ ਦਾ ਜ਼ਿਕਰ ਵੀ ਆਉਦਾ ਹੈ। ‘ਕਲਮਾ’ ਇਸਲਾਮ ਦਾ ਮੂਲ-ਮੰਤਰ ਹੈ, ਜਿਸ ਪ੍ਰਤੀ ਬਾਹੂ ਆਪਣੀ ਸ਼ਰਧਾ ਪ੍ਰਗਟ ਕਰਦਾ ਹੈ। ਪਰ ਉਹ ਮਜ਼੍ਹਬ ਦੀਆਂ ਅਨੇਕ ਵਿਆਰਥ ਬੰਦਸ਼ਾ ਅਤੇ ਰਵਾਇਤਾਂ ਨੂੰ ਨਹੀਂ ਸਵੀਕਾਰਦਾ। ਬਾਹੂ ਨੇ ਖੁਦੀ/ਨਫਸ ਨੂੰ ਬਹੁਤ ਘਟੀਆ ਸਮਝਿਆ ਹੈ ਅਤੇ ਇਸ ਨੂੰ ਮਾਰਨ, ਪਰਮਾਤਮਾ ਦੇ ਭਾੜੇ ਨੂੰ ਮੰਨਣ ਅਤੇ ਫ਼ਕੀਰ ਲਈ ਆਤਮ-ਸੁੱਧੀ ਉੱਤੇ ਬਲ ਦਿੰਦਾ ਹੈ। ਉਹ ਸਾਧਕ ਨੂੰ ਸ਼ੁਭ ਅਮਲਾਂ ਦੀ ਵੀ ਪੇ੍ਰਰਣਾ ਦਿੰਦਾ ਹੈ।

‘ਵਿਚ ਦਰਗਾਹ ਦੇ ਅਮਲਾਂ ਬਾਝੋਂ, ਬਾਹੂ ਹੋਗ ਨਾ ਕੁਝ ਨਿਬੇੜਾ ਹੂ`

ਬਾਹੂ ਨੇ ਪੰਜਾਬੀ ਸੂਫ਼ੀ ਕਵਿਤਾ ਵਿੱਚ ਆਪਣਾ ਇਤਿਹਾਸਿਕ ਸਥਾਨ ਬਣਾਇਆ ਹੈ। ਉਸਨੇ ਪਹਿਲੀ ਵਾਰ ‘ਸੀਹਰਫ਼ੀ` ਦੀ ਵਿਵਸਥਿਤ ਰਚਨਾ ਕੀਤੀ। ਸੂਫ਼ੀਮਤ ਦੇ ਸਿੱਧਾਂਤਾਂ ਉੱਤੇ ਰੌਸ਼ਨੀ ਪਾਈ ਹੈ ਅਤੇ ਰੂੜ੍ਹ ਪਰੰਪਰਾਵਾਂ ਦੇ ਖੰਡਨ ਦੀ ਬਿਰਤੀ ਨੂੰ ਵਿਕਸਿਤ ਕੀਤਾ ਹੈ।

ਸਾਰਅੰਸ਼[ਸੋਧੋ]

ਅਸੀਂ ਇਸ ਸਿੱਟੇ ਤੇ ਪਹੁੰਚਦੇ ਹਾਂ ਕਿ ਸੁਲਤਾਨ ਬਾਹੂ ਨੇ ਸੀਹਰਫ਼ੀਆਂ ਵਿੱਚ ਆਪਣੀ ਰਚਨਾ ਕੀਤੀ ਅਤੇ ਅਰਬੀ ਫ਼ਾਰਸੀ ਵਿੱਚ ਕਾਫੀ ਦੀ ਰਚਨਾ ਵੀ ਕੀਤੀ। ਹੋਰ ਸੂਫੀਆਂ ਦੇ ਟਾਕਰੇ ਤੇ ਸੁਲਤਾਨ ਬਾਹੂ ਦੀ ਰਚਨਾ ਵਿੱਚ ਬੋਧਿਕ ਅੰਸ਼ ਵਧੇਰੇ ਹੈ ਪੰਜਾਬੀ ਵਿੱਚ ਬੈਤਾਂ ਤੇ ਦੋਹੜਿਆਂ ਰਾਹੀਂ ਉਸ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਬਾਹੂ ਦੀ ਰਚਨਾ ਵਿੱਚ ਸੂਫ਼ੀ ਅਤੇ ਸਦਾਚਾਰਕ ਤੇ ਨੈਤਿਕ ਪੱਖ ਉੱਤੇ ਵਧੇੇਰੇ ਜ਼ੋਰ ਹੈ। ਝੰਗ ਦਾ ਵਸਨੀਕ ਹੋਣਾ ਕਰਕੇ ਉਸ ਦੀ ਬੋਲੀ ਉੱਤੇ ਲਹਿੰਦੀ ਦਾ ਪ੍ਰਭਾਵ ਪ੍ਰਤੱਖ ਹੈ। ਬਾਹੂ ਕਰਮ ਕਾਤ ਸਰ੍ਹਾ, ਨਰਕ-ਸੁਰਗ, ਪੂਰਬ-ਪੱਛਮ ਸਭ ਤੋਂ ਉੱਪਰ ਉੱਠ ਕੇੇ ਕੇਵਲ ਰੱਬੀ ਪੇਸ਼ ਦਾ ਇੱਛਕ ਹੈ।

ਹਵਾਲਾ ਪੁਸਤਕਾਂ[ਸੋਧੋ]

 1. ਪੰਜਾਬੀ ਸਾਹਿੱਤ ਦਾ ਸਰੋਤ-ਮੂਲਕ ਇਤਿਹਾਸ ਭਾਗ-ਤੀਜਾ (ਪੂਰਵ ਮੱਧਕਾਲ-2) ਲੇਖਕ-ਡਾ. ਰਤਨ ਸਿੰਘ ਜੱਗੀ ਪ੍ਰਕਾਸ਼ਨ-ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ-ਪਟਿਆਲਾ, ਪੰਨਾ ਨੰ- 185 ਤੋਂ 205 ਤੱਕ।
 2. ਪੰਜਾਬੀ ਸਾਹਿਤ ਦਾ ਇਤਿਹਾਸ (ਆਦਿ ਕਾਲ-ਭਗਤੀ ਕਾਲ) ਲੇਖਕ- ਡਾ. ਜਗਬੀਰ ਸਿੰਘ, ਪ੍ਰਕਾਸ਼ਨ- ਗੁਰੂ ਨਾਨਕ ਦੇਵ ਯੂਨੀਵਰਸਿਟੀ-ਅੰਮ੍ਰਿਤਸਰ, ਪੰਨਾ ਨੰ- 49 ਤੋਂ 50 ਤੱਕ।
 3. ਪੰਜਾਬੀ ਸਾਹਿਤ ਦਾ ਆਲੋਚਨਾਤਮਕ ਇਤਿਹਾਸ, ਲੇਖਕ-ਜੀਤ ਸਿੰਘ ਸੀਤਲ, ਪ੍ਰਕਾਸ਼ਨ- ਪੈਪਸੂ ਬੁਕ ਡਿਪੋ- ਪਟਿਆਲਾ, ਪੰਨਾ ਨੰ- 314 ਤੋਂ 316 ਤੱਕ।
 4. ਪੰਜਾਬੀ ਸਾਹਿੱਤ ਦਾ ਇਤਿਹਾਸ (ਆਦਿ ਕਾਲ ਤੋਂ 1700 ਈ. ਤੱਕ) ਲੇਖਕ ਡਾ. ਪਰਮਿੰਦਰ ਸਿੰਘ, ਪ੍ਰਕਾਸ਼ਨ- ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ-ਪਟਿਆਲਾ, ਪੰਨਾ ਨੰ- 59 ਤੋਂ 61 ਤੱਕ।
 5. ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ, ਲੇਖਕ-ਡਾ. ਪਰਮਿੰਦਰ ਸਿੰਘ, ਕਿਰਪਾਲ ਸਿੰਘ ਕਸੇਲ, ਡਾ. ਗੋਬਿੰਦ ਸਿੰਘ ਲਾਂਬਾ, ਪ੍ਰਕਾਸ਼ਨ- ਲਾਹੌਰ ਬੁਕ ਸ਼ਾਪ- ਲੁਧਿਆਣਾ, ਪੰਨਾ ਨੰ. 134 ਤੋਂ 135 ਤੱਕ।
 6. ਖੋਜ ਪਤ੍ਰਿਕਾ- ਸੂਫ਼ੀ ਕਾਵਿ ਅੰਕ-33 (ਮਾਰਚ 1989) ਮੁੱਖ ਸੰਪਾਦਕ- ਡਾ. ਰਤਨ ਸਿੰਘ ਜੱਗੀ, ਪ੍ਰਕਾਸ਼ਨ- ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ-ਪਟਿਆਲਾ।
 7. ਆਰਟੀਕਲ ਨੰ- 15, ‘ਸੁਲਤਾਨ ਬਾਹੂ ਦੀ ਵਿੱਚਾਰਧਾਰਾ`, ਲੇਖਕ-ਡਾ. ਹਿਰਦੇ ਜੀਤ ਸਿੰਘ ਭੋਗਲ, ਪੰਨਾ ਨੰ- 177 ਤੋਂ 185 ਤੱਕ
 8. ਹਰਜਿੰਦਰ ਸਿੰਘ ਢਿਲੋਂ, ਸੁਲਤਾਨ ਬਾਹੂ: ਜੀਵਨ ਤੇ ਕਵਿਤਾ, ਰੂਹੀ ਪ੍ਰਕਾਸ਼ਨ, ਅੰਮ੍ਰਿਤਸਰ।

ਹਵਾਲੇ[ਸੋਧੋ]

 1. ਡਾ. ਪਰਮਿੰਦਰ ਸਿੰਘ, ਪੰਜਾਬੀ ਸਾਹਿਤ ਦਾ ਇਤਿਹਾਸ, ਪਬਲੀਕੇਸ਼ਨ ਬਿਊਰੋੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ-59
 2. ਡਾ. ਲਾਜਵੰਤ ਰਾਮ ਕ੍ਰਿਸ਼ਨ, ਪੰਜਾਬੀ ਸੂਫੀ ਕਾਵਿ (1460 ਤੋਂ 1900), ਪਬਲੀਕੇਸ਼ਨ ਲੋਕ ਗੀਤ ਪ੍ਰਕਾਸ਼ਨ, ਪੰਨਾ-78
 3. । ਤਰਲੋਕ ਸਿੰਘ ਅਨੰਦ, ਹਰਜੋਤ ਕੌਰ, ਸੁਲਤਾਨ ਬਾਹੂ ਦੀਪ ਚੋਣਵੀਂ ਕਵਿਤਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2003, ਪੰਨਾ-23
 4. ਹਰਜਿੰਦਰ ਸਿੰਘ ਢਿੱਲੋਂ, ਕਲਾਸ ਸੁਲਤਾਨ ਬਾਹੂ, ਪ੍ਰਕਾਸ਼ਕ ਵਾਰਿਸ਼ ਸ਼ਾਹ ਫਾਉਂਡੇਸ਼ਨ 42 ਗੁਰੂ ਤੇਗ ਬਹਾਦਰ-ਨਗਰ ਡਾਕਖਾਨਾ ਖਾਲਸਾ ਕਾਲਜ, ਅੰਮ੍ਰਿਤਸਰ, 2002
 5. ਸਤਿੰਦਰ ਸਿੰਘ ਨੂਰ, ਪੰਜਾਬੀ ਸੂਫੀ ਕਾਵਿ, (ਵੈਲਵਿਸ ਪਬਲਿਸ਼ਰਜ਼ ਪੀਤਸਪੁਰ ਦਿੱਲੀ, 110034, ਪੰਨਾ-117