ਸਮੱਗਰੀ 'ਤੇ ਜਾਓ

ਸੈਫ਼ ਉਦ-ਦੀਨ ਮਹਿਮੂਦ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸੈਫ਼ ਉਦੀਨ ਮਹਿਮੂਦ, ਜਿਸਨੂੰ ਸੈਫ਼ ਖ਼ਾਨ ( - 1685) ਵੀ ਕਿਹਾ ਜਾਂਦਾ ਹੈ, ਔਰੰਗਜ਼ੇਬ ਦੇ ਰਾਜ ਸਮੇਂ ਉੱਚੀ ਪਦਵੀ ਤੇ ਰਿਹਾ ਇੱਕ ਅਮੀਰ ਸੀ। ਉੱਤਰਾਧਿਕਾਰ ਦੀ ਲੜਾਈ (1658) ਦੌਰਾਨ ਸੈਫ਼-ਉਦ-ਦੀਨ ਔਰੰਗਜ਼ੇਬ ਦੇ ਪੱਖ ਵਿਚ ਬਹਾਦਰੀ ਨਾਲ ਲੜਿਆ ਸੀ, ਜਿਸ ਨੇ ਉਸ ਨੂੰ ਸੈਫ਼ ਖ਼ਾਨ ਦੀ ਉਪਾਧੀ ਅਤੇ ਆਗਰਾ ਦੀ ਗਵਰਨਰਸ਼ਿਪ ਨਾਲ ਨਿਵਾਜਿਆ ਸੀ। ਬਾਅਦ ਵਿੱਚ ਆਪਣੇ ਅਹੁਦੇ ਤੋਂ ਮੁਕਤ ਹੋ ਕੇ, ਸੈਫ਼ ਖ਼ਾਨ ਸਰਹਿੰਦ ਦੇ ਇਲਾਕੇ ਵਿੱਚ ਆਪਣੀ ਛੋਟੀ ਜਾਗੀਰ ਵਿੱਚ ਰਹਿਣ ਲੱਗ ਪਿਆ ਜਿੱਥੇ ਉਸਨੇ 1668 ਵਿੱਚ, ਸੈਫ਼ਾਬਾਦ, ਹੁਣ ਬਹਾਦੁਰਗੜ੍ਹ ਵਿਖੇ ਇੱਕ ਕਿਲ੍ਹਾਨੁਮਾ ਬਸਤੀ ਦੀ ਸਥਾਪਨਾ ਕੀਤੀ। ਉਹ ਦੋ ਵਾਰ 1665-68 ਵਿਚ ਅਤੇ ਦੁਬਾਰਾ 1669-1671 ਵਿਚ ਕਸ਼ਮੀਰ ਦਾ ਗਵਰਨਰ ਰਿਹਾ। 1671 ਵਿੱਚ, ਉਸਨੇ ਅਹੁਦਾ ਛੱਡ ਦਿੱਤਾ ਅਤੇ ਸੰਨਿਆਸੀ ਬਣ ਗਿਆ।[1]

1675 ਦੇ ਅੰਤ ਵਿੱਚ ਉਸਨੂੰ ਆਪਣੀ ਉਪਾਧੀ `ਤੇ ਬਹਾਲ ਕੀਤਾ ਗਿਆ, ਅਤੇ 1678 ਵਿੱਚ ਬਿਹਾਰ ਦਾ ਸੂਬੇਦਾਰ ਬਣਾਇਆ ਗਿਆ। ਪਰ 1683 ਵਿੱਚ ਉਸਨੂੰ ਬਰਖਾਸਤ ਕਰ ਦਿੱਤਾ ਗਿਆ ਸੀ। 23 ਅਪ੍ਰੈਲ 1685 ਨੂੰ ਉਸਦੀ ਮੌਤ ਹੋ ਗਈ ਸੀ। ਨਵਾਬ ਸੈਫ ਖਾਨ ਗੁਰੂ ਤੇਗ ਬਹਾਦਰ ਦਾ ਪ੍ਰਸ਼ੰਸਕ ਸੀ ਜਿਸਨੂੰ ਉਹ ਕਈ ਵਾਰ ਮਿਲਿਆ ਸੀ। ਕਿਹਾ ਜਾਂਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਨੇ ਸੈਫਾਬਾਦ ਵਿੱਚ ਤਿੰਨ ਮਹੀਨਿਆਂ ਤੋਂ ਵੱਧ ਸਮਾਂ ਉਨ੍ਹਾਂ ਦੇ ਪਰਿਵਾਰ ਨਾਲ਼ ਮਹਿਮਾਨ ਵਜੋਂ ਬਿਤਾਇਆ ਸੀ।[2]

ਨਵਾਬ ਉਸਨੂੰ ਆਪਣੇ ਘਰ ਦੇ ਅੰਦਰਲੇ ਕਮਰਿਆਂ ਵਿੱਚ ਵੀ ਲੈ ਗਿਆ ਤਾਂ ਜੋ ਉਸਦੇ ਘਰ ਦੀਆਂ ਔਰਤਾਂ ਉਸਨੂੰ ਮਿਲ਼ ਸਕਣ। ਬਹਾਦੁਰਗੜ੍ਹ ਕਿਲ੍ਹੇ ਤੋਂ ਸੜਕ ਦੇ ਪਾਰ ਇੱਕ ਪੁਰਾਣਾ ਗੁਰਦੁਆਰਾ ਹੁਣ ਉਸ ਥਾਂ ਦੀ ਨਿਸ਼ਾਨਦੇਹੀ ਕਰਦਾ ਹੈ ਜਿੱਥੇ ਗੁਰੂ ਤੇਗ ਬਹਾਦਰ ਜੀ ਸੈਫ਼ ਖ਼ਾਨ ਦੇ ਮਹਿਮਾਨ ਵਜੋਂ ਠਹਿਰੇ ਸਨ। ਸੈਫ ਖਾਨ ਦੀ ਕਬਰਗਾਹ ਵੀ ਕਿਲ੍ਹੇ ਦੇ ਨੇੜੇ ਸਥਿਤ ਹੈ। ਲੋਕ ਅਜੇ ਵੀ ਉਸਨੂੰ ਸੈਫਾ ਬਾਬਾ ਦੇ ਰੂਪ ਵਿੱਚ ਸ਼ਰਧਾ ਨਾਲ ਯਾਦ ਕਰਦੇ ਹਨ ਅਤ ਖ਼ਾਸਕਰ ਵੀਰਵਾਰ ਨੂੰ ਉਸਦੀ ਕਬਰ 'ਤੇ ਜਾਂਦੇ ਹਨ।

ਹਵਾਲੇ

[ਸੋਧੋ]