ਸੋਹਨ ਸਿੰਘ ਪੂਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੋਹਨ ਸਿੰਘ ਪੂਨੀ (13 ਅਪਰੈਲ 1948) ਇੱਕ ਪੰਜਾਬੀ ਲੇਖਕ, ਨਿਬੰਧਕਾਰ ਅਤੇ ਇਤਿਹਾਸਕਾਰ ਹੈ।

ਜਨਮ ਅਤੇ ਵਿਦਿਆ[ਸੋਧੋ]

ਸੋਹਨ ਸਿੰਘ ਪੂਨੀ ਦਾ ਜਨਮ ਅਪ੍ਰੈਲ 13, 1948 ਨੂੰ ਭਾਰਤ ਵਿੱਚ ਪੰਜਾਬ ਦੇ ਜ਼ਿਲ੍ਹੇ ਨਵਾਂਸ਼ਹਿਰ ਵਿੱਚ ਹੋਇਆ ਸੀ। ਨੈਸ਼ਨਲ ਕਾਲਜ, ਬੰਗਾ ਤੋਂ ਬੀ. ਏ. ਕਰਨ ਤੋਂ ਬਾਅਦ ਸੋਹਨ ਸਿੰਘ ਪੂਨੀ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਇਤਿਹਾਸ ਵਿੱਚ ਐਮ. ਏ. ਕੀਤੀ ਅਤੇ ਫਿਰ ਬੈਰਿੰਗ ਯੂਨੀਅਨ ਕ੍ਰਿਸ਼ਚਨ ਕਾਲਜ, ਬਟਾਲਾ ਵਿੱਚ ਪੜ੍ਹਾਉਣ ਲੱਗ ਪਏ ਪਰ18 ਮਹੀਨਿਆਂ ਬਾਅਦ ਆਪਣੀ ਇਹ ਇਤਿਹਾਸ ਦੇ ਅਧਿਆਪਕ ਦੀ ਨੌਕਰੀ ਛੱਡ ਦਿੱਤੀ ਅਤੇ 1972 ਦੇ ਅੰਤ ਵਿੱਚ ਕੈਨੇਡਾ ਪਹੁੰਚ ਗਏ। ਉਹ ਇਸ ਵੇਲੇ ਕੈਨੇਡਾ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿੱਚ ਰਹਿੰਦੇ ਹਨ।

ਰਚਨਾਵਾਂ[ਸੋਧੋ]

ਸੋਹਨ ਸਿੰਘ ਪੂਨੀ ਨੇ ਕੈਨੇਡੀਅਨ ਅਤੇ ਭਾਰਤੀ ਮੈਗਜ਼ੀਨਾਂ ਅਤੇ ਅਖਬਾਰਾਂ ਵਿੱਚ ਗਦਰ ਲਹਿਰ, ਕਾਮਾਗਾਟਾ ਮਾਰੂ, ਬੱਬਰ ਅਕਾਲੀ ਲਹਿਰ, ਆਦਿ ਦੇ ਬਾਰੇ ਅਨੇਕ ਲੇਖ ਪਬਲਿਸ਼ ਕੀਤੇ। ਸੋਹਨ ਸਿੰਘ ਪੂਨੀ ਸਿੱਖੀ ਇਤਿਹਾਸ ਅਤੇ ਕੈਨੇਡਾ ਵਿੱਚ ਰਹਿਣ ਵਾਲੇ ਦੱਖਣੀ ਏਸ਼ੀਅਨ ਲੋਕਾਂ ਦੇ ਇਤਿਹਾਸ ਵਿੱਚ ਵੀ ਡੂੰਘੀ ਦਿਲਚਸਪੀ ਰੱਖਦੇ ਹਨ। ਉਹ ਰੇਡੀਓ, ਟੀ. ਵੀ. ਅਤੇ ਹੋਰ ਦੱਖਣੀ ਏਸ਼ੀਅਨ ਫੋਰਮਾਂ ਵਿੱਚ ਹੋ ਰਹੀ ਚਰਚਾ ਵਿੱਚ ਜੋਸ਼ ਨਾਲ ਭਾਗ ਲੈਂਦੇ ਹਨ ਅਤੇ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਸ਼ੁਰੂ ਕੀਤੀਆਂ ਲਹਿਰਾਂ ਅਤੇ ਕੈਨੇਡਾ ਵਿੱਚ ਰਹਿਣ ਵਾਲੇ ਭਾਰਤੀਆਂ ਦੇ ਇਤਿਹਾਸ ਬਾਰੇ ਗੱਲਬਾਤ ਕਰਦੇ ਹਨ। ਉਹਨਾਂ ਦੁਆਰਾ ਗਦਰ ਯੋਧਿਆਂ ਬਾਰੇ ਲਿਖੀ ਵਾਰਤਕ, "ਕੈਨੇਡਾ ਦੇ ਗਦਰੀ ਯੋਧੇ" 2009 ਵਿੱਚ ਪਬਲਿਸ਼ ਹੋਈ ਅਤੇ ਇਸ ਵਾਰਤਕ ਨੇ ਕੈਨੇਡਾ ਅਤੇ ਭਾਰਤ ਵਿੱਚ ਰਹਿਣ ਵਾਲੇ ਲੋਕਾਂ ਦਾ ਦਿਲ ਜਿੱਤ ਲਿਆ। ਉਹਨਾਂ ਨੇ "ਕੈਨੇਡਾ ਦੇ ਗਦਰੀ ਯੋਧੇ" ਵਾਰਤਕ ਤੋਂ ਇਲਾਵਾ "ਗਦਰੀ ਯੋਧਾ ਭਾਈ ਰਤਨ ਸਿੰਘ ਰਾਏਪੁਰ ਡੱਬਾ" ਦੀ ਵਾਰਤਕ ਵੀ ਲਿਖੀ ਹੈ।

ਕੈਨੇਡਾ ਦੇ ਗਦਰੀ ਯੋਧੇ: ਇਹ ਕਿਤਾਬ ਕੈਨੇਡਾ ਵਿੱਚ ਰਹਿਣ ਵਾਲੇ ਗਦਰੀ ਯੋਧਿਆਂ ਬਾਰੇ ਹੈ ਅਤੇ ਪੰਜਾਬੀ ਭਾਸ਼ਾ ਵਿੱਚ ਲਿਖੀ ਗਈ ਹੈ। ਸੋਹਨ ਸਿੰਘ ਪੂਨੀ ਨੇ ਇਹ ਕਿਤਾਬ ਸੰਨ 2000 ਵਿੱਚ ਲਿਖਣੀ ਸ਼ੁਰੂ ਕੀਤੀ ਅਤੇ ਉਹਨਾਂ ਨੂੰ ਇਸ ਕਿਤਾਬ ਨੂੰ ਮੁਕੰਮਲ ਕਰਨ ਲਈ 9 ਸਾਲ ਲੱਗੇ। ਇਹ ਕਿਤਾਬ ਸੰਨ 2009 ਵਿੱਚ ਪਬਲਿਸ਼ ਹੋਈ ਅਤੇ ਇਸ ਦੇ ਪ੍ਰਕਾਸ਼ਕ 'ਸਿੰਘ ਬ੍ਰਦਰਜ਼', ਅੰਮ੍ਰਿਤਸਰ, ਭਾਰਤ ਸਨ। ਇਸ ਕਿਤਾਬ ਵਿੱਚ 41 ਕੈਨੇਡਾ ਦੇ ਪੱਛਮੀ ਤੱਟ ਤੇ ਰਹਿਣ ਵਾਲੇ ਪੰਜਾਬੀ, ਜਿਹੜੇ ਗਦਰ ਪਾਰਟੀ ਵਿੱਚ ਸ਼ਾਮਲ ਸਨ, ਉਹਨਾਂ ਦੀਆਂ ਜੀਵਨੀਆਂ ਹਨ। ਇਸ ਕਿਤਾਬ ਵਿੱਚ ਕੁੱਝ ਵੀ ਕਾਲਪਨਿਕ ਨਹੀਂ ਹੈ।

ਪ੍ਰੇਰਨਾ[ਸੋਧੋ]

ਸੰਨ 1989 ਵਿਚ, ਕਾਮਾਗਾਟਾ ਮਾਰੂ ਦੀ 75th ਵਰ੍ਹੇਗੰਢ ਨੂੰ ਗਿਆਨੀ ਕੇਸਰ ਸਿੰਘ ਨੇ ਸੋਹਨ ਸਿੰਘ ਪੂਨੀ ਨੂੰ ਗਦਰ ਲਹਿਰ ਦੇ ਯੋਧਿਆਂ ਬਾਰੇ ਲਿਖਣ ਦੀ ਜਿੰਮੇਵਾਰੀ ਦਿੱਤੀ ਸੀ ਅਤੇ ਇਹ ਜਿੰਮੇਵਾਰੀ ਸੋਹਨ ਸਿੰਘ ਪੂਨੀ ਲਈ "ਕੈਨੇਡਾ ਦੇ ਗਦਰੀ ਯੋਧੇ" ਲਿਖਣ ਲਈ ਪ੍ਰੇਰਨਾ ਬਣੀ।

ਗਿਆਨੀ ਕੇਸਰ ਸਿੰਘ ਦੀ ਨਾਵਲਾਂ ਨਾਲ ਤੁਲਨਾ: ਗਿਆਨੀ ਕੇਸਰ ਸਿੰਘ ਦੀਆਂ ਇਤਿਹਾਸਕ ਨਾਵਲਾਂ ਨੂੰ ਮਨੁਰੰਜਕ ਬਣਾਉਣ ਲਈ ਉਹਨਾਂ ਵਿੱਚ ਮਨਘੜਤ ਕਹਾਣੀਆਂ ਵੀ ਸਨ, ਪਰ "ਕੈਨੇਡਾ ਦੇ ਗਦਰੀ ਯੋਧੇ" ਨਾਵਲ ਵਿੱਚ ਸਿਰਫ ਜੀਵਨੀਆਂ ਹਨ ਅਤੇ ਕੋਈ ਮਨਘੜਤ ਕਹਾਣੀਆਂ ਨਹੀਂ ਹਨ।

ਕਿਤਾਬ ਦਾ ਪਿਛੋਕੜ[ਸੋਧੋ]

ਗਦਰ ਲਹਿਰ ਦੀ ਸਥਾਪਨਾ ਅਮਰੀਕਾ ਵਿੱਚ ਸੰਨ 1913 ਵਿੱਚ ਹੋਈ ਸੀ ਪਰ ਇਸ ਲਹਿਰ ਦੀਆਂ ਜੜ੍ਹਾਂ ਕੈਨੇਡਾ ਵਿੱਚ ਸਨ ਜਿੱਥੇ ਭਾਰਤੀ ਪ੍ਰਵਾਸੀਆਂ ਨੂੰ ਨਸਲਵਾਦੀ ਵਿਤਕਰੇ ਦਾ ਸਾਹਮਣਾ ਪਿਆ ਸੀ। ਗੋਰਿਆਂ ਦੇ ਇਸ ਵਿਤਕਰੇ ਵਾਲੇ ਰਵੱਈਏ ਨੇ ਇਹਨਾਂ ਗਦਰੀ ਯੋਧਿਆਂ ਨੂੰ ਇਹ ਅਹਿਸਾਸ ਦਵਾਇਆ ਕਿ ਇਸ ਵਿਤਕਰੇ ਨੂੰ ਰੋਕਣ ਲਈ ਉਹਨਾਂ ਨੂੰ ਭਾਰਤ ਨੂੰ ਗੋਰਿਆਂ ਦੇ ਰਾਜ ਤੋਂ ਆਜ਼ਾਦ ਕਰਵਾਉਣ ਲਈ ਲੜਨਾ ਚਾਹੀਦਾ ਹੈ। ਇਹਨਾਂ ਯੋਧਿਆਂ ਵਿਚੋਂ ਜਿਆਦਾਤਰ ਲੋਕ ਕੈਨੇਡਾ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਬ੍ਰਿਟਿਸ਼ ਦੀ ਪਰਜਾ ਦੇ ਤੌਰ 'ਤੇ ਆਏ ਸਨ। ਇਹਨਾਂ ਲੋਕਾਂ ਦਾ ਵਧੀਆ ਹਾਲਤ ਵਿੱਚ ਰਹਿਣ ਦਾ ਸੁਪਨਾ ਉਦੋਂ ਟੁੱਟ ਗਿਆ ਜਦੋਂ ਕੈਨੇਡੀਅਨ ਸਰਕਾਰ ਉਹਨਾਂ ਨਾਲ ਵਿਤਕਰਾ ਕਰਨ ਲੱਗ ਗਈ ਅਤੇ ਉਹਨਾਂ ਦੇ ਪਰਿਵਾਰਾਂ ਦੇ ਕੈਨੇਡਾ ਵਿੱਚ ਆਉਣ 'ਤੇ ਪਾਬੰਦੀ ਲਾਉਣ ਲੱਗ ਪਈ। ਇਸ ਵਿਤਕਰੇ ਕਰਕੇ ਇਹਨਾਂ ਲੋਕਾਂ ਨੂੰ ਦੋਨੋਂ ਸਮਾਜਿਕ ਅਤੇ ਸਿਆਸੀ ਇਨਸਾਫ਼ ਲਈ ਸੰਘਰਸ਼ ਕਰਨ ਦੀ ਲੋੜ ਮਹਿਸੂਸ ਹੋਈ। ਕੈਨੇਡਾ ਵਿੱਚ ਭਾਰਤੀਆਂ ਨਾਲ ਇਸ ਬਦਸਲੂਕੀ ਦੇ ਮਾਹੌਲ ਦੇ ਕਾਰਨ ਗਦਰ ਪਾਰਟੀ ਦਾ ਨਿਰਮਾਣ ਹੋਇਆ ਅਤੇ ਇਸ ਲਹਿਰ ਨੇ ਇਕੱਲੇ ਕੈਨੇਡਾ ਵਿੱਚ 300 ਲੋਕਾਂ ਨੂੰ ਇਸ ਲਹਿਰ ਵਿੱਚ ਸ਼ਾਮਲ ਹੋਣ ਲਈ ਉਈਸ਼ਾਹਿਤ ਕੀਤਾ। ਇਹਨਾਂ ਲੋਕਾਂ ਵਿੱਚ ਇਹ ਸਮਾਨਤਾ ਸੀ ਕਿ ਇਹ ਪੰਜਾਬ ਦੇ ਪਿੰਡਾਂ ਵਿਚੋਂ ਆਏ ਹੋਏ ਸਿੱਖ ਸਨ ਜਿਹਨਾਂ ਨੇ ਬ੍ਰਿਟਿਸ਼ ਫੌਜ ਵਿੱਚ ਸੇਵਾ ਕੀਤੀ ਸੀ। ਉਹਨਾਂ ਨੂੰ ਕੈਨੇਡਾ ਵਿੱਚ ਆਉਣ ਲਈ ਭਾਰੀ ਭੁਗਤਾਨ ਕਰਨਾ ਪੈਂਦਾ ਸੀ। ਸ਼ੁਰੂਆਤ ਵਿੱਚ ਇਹਨਾਂ ਲੋਕਾਂ ਨੇ ਕੈਨੇਡਾ ਦੇ ਇੰਮੀਗ੍ਰੇਸ਼ਨ ਕਾਨੂੰਨਾਂ ਨੂੰ ਅਪੀਲਾਂ ਅਤੇ ਪਟੀਸ਼ਨਾਂ ਰਾਹੀਂ ਚੁਣੌਤੀ ਦਿੱਤੀ ਪਰ ਫਿਰ ਉਹਨਾਂ ਨੂੰ ਇਹ ਅਹਿਸਾਸ ਹੋਇਆ ਕਿ ਉਹਨਾਂ ਨਾਲ ਇਹ ਵਿਤਕਰਾ ਇਸ ਲਈ ਹੁੰਦਾ ਹੈ ਕਿਉਂਕਿ ਉਹਨਾਂ ਦਾ ਦੇਸ਼ ਗੋਰਿਆਂ ਦਾ ਗੁਲਾਮ ਹੈ ਅਤੇ ਇਸ ਗੁਲਾਮੀ ਤੋਂ ਛੁਟਕਾਰਾ ਪਾਉਣ ਲਈ ਉਹਨਾਂ ਨੂੰ ਅੰਗਰੇਜ਼ਾਂ ਵਿਰੁੱਧ ਲੜਨਾ ਪੈਣਾ ਹੈ। ਇਸ ਦੇ ਨਤੀਜੇ ਵਜੋਂ, ਇਹ ਲੋਕ ਗਦਰ ਪਾਰਟੀ ਦੇ ਮੈਂਬਰ ਬਣੇ ਜੋ ਅਮਰੀਕਾ ਦੇ ਸ਼ਹਿਰ ਸੈਨ ਫ੍ਰੈਨਸਿਸਕੋ ਵਿੱਚ ਸਥਾਪਤ ਹੋਈ।

ਕਿਤਾਬ ਲਈ ਖੋਜ[ਸੋਧੋ]

"ਕੈਨੇਡਾ ਦੇ ਗਦਰੀ ਯੋਧੇ" ਕਿਤਾਬ ਦੀ ਖੋਜ ਲਈ ਸੋਹਨ ਸਿੰਘ ਪੂਨੀ ਭਾਰਤ ਗਏ ਅਤੇ ਉਹਨਾਂ ਨੇ ਗਦਰੀ ਯੋਧਿਆਂ ਦੇ ਬੱਚਿਆਂ ਦੀ ਇੰਟਰਵਿਊ ਲਈ।ਉਹਨਾਂ ਨੇ ਕਈ ਦੁਰਲੱਭ ਦਸਤਾਵੇਜ਼ ਅਤੇ ਤਸਵੀਰਾਂ ਇਕੱਠੀਆਂ ਕੀਤੀਆਂ। ਉਹਨਾਂ ਦੀ ਇਸ ਕਿਤਾਬ ਵਿੱਚ ਗਦਰੀ ਯੋਧਿਆਂ ਦੀ ਅਸਲੀ ਤਸਵੀਰਾਂ ਹਨ ਅਤੇ ਸ਼ੀਤਲ ਅਨਮੋਲ ਦੁਆਰਾ ਬਣਾਈਆਂ ਗਈਆਂ ਤਸਵੀਰਾਂ ਵੀ ਹਨ।

ਕਿਤਾਬ ਲਈ ਸਮੱਗਰੀ[ਸੋਧੋ]

ਇਸ ਕਿਤਾਬ ਦਾ ਹਰ ਅਧਿਆਏ ਗਦਰੀ ਯੋਧਿਆਂ ਦੁਆਰਾ ਲਿਖੀਆਂ ਕਵਿਤਾਵਾਂ ਨਾਲ ਸ਼ੁਰੂ ਹੁੰਦਾ ਹੈ।ਇਹ ਕਵਿਤਾਵਾਂ ਨਿਰੰਜਨ ਸਿੰਘ ਪੰਡੋਰੀ, ਭਗਵਾਨ ਸਿੰਘ ਪ੍ਰੀਤਮ ਅਤੇ ਮੁਨਸ਼ਾ ਸਿੰਘ ਦੁਖੀ ਵਲੋਂ ਲਿਖੀਆਂ ਗਈਆਂ ਸਨ। ਇਹ ਕਿਤਾਬ ਭਾਗ ਸਿੰਘ, ਹਰੀ ਸਿੰਘ ਸੂੰਡ, ਦਰਸ਼ਨ ਸਿੰਘ ਕੈਨੇਡੀਅਨ, ਤਾਰਕ ਨਾਥ ਦਾਸ, ਹੁਸੈਨ ਰਹੀਮ, ਹਰਨਾਮ ਸਿੰਘ ਸਾਹਰੀ, ਬਲਵੰਤ ਸਿੰਘ ਖੁਰਦਪੁਰ, ਕਰਮ ਸਿੰਘ ਦੌਲਤਪੁਰ, ਭਗਵਾਨ ਸਿੰਘ ਦੋਸਾਂਝ ਅਤੇ ਮੁਨਸ਼ਾ ਸਿੰਘ ਦੁਖੀ ਵਰਗੇ ਗਦਰੀ ਯੋਧਿਆਂ ਦੀ ਜੀਵਨੀ ਅਤੇ ਵਿਚਾਰਧਾਰਾ ਦਸਦੀ ਹੈ। ਇਹ ਕਿਤਾਬ ਇਹਨਾਂ ਲੋਕਾਂ ਦੇ ਕੈਨੇਡਾ ਨਾਲ ਸੰਬੰਧਾਂ ਬਾਰੇ ਦਸਦੀ ਹੈ। ਇਹ ਲੋਕ ਗਦਰ ਲਹਿਰ ਦੇ ਮੈਂਬਰ ਹੋਣ ਤੋਂ ਇਲਾਵਾ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਹੋਣ ਵਾਲੀਆਂ ਸਮਾਜਕ ਗਤੀਵਿਧੀਆਂ ਵਿੱਚ ਵੀ ਹਿੱਸਾ ਲੈਂਦੇ ਅਤੇ ਸੇਵਾ ਕਰਦੇ ਸਨ। ਉਹਨਾਂ ਨੇ ਕੈਨੇਡਾ ਵਿੱਚ ਗੁਰਦਵਾਰਿਆਂ ਦੀ ਵੀ ਸਥਾਪਨਾ ਕੀਤੀ। ਜਦੋਂ ਉਹਨਾਂ ਨੂੰ ਅਹਿਸਾਸ ਹੋਇਆ ਕਿ ਪੰਜਾਬ ਵਿੱਚ ਰਹਿਣ ਵਾਲੇ ਲੋਕਾਂ ਦੀ ਰਹਿਣ ਦੀ ਹਾਲਤ ਮਾੜੀ ਇਸ ਲਈ ਸੀ ਕਿਉਂਕਿ ਉਹ ਲੋਕ ਪੜ੍ਹੇ ਲਿਖੇ ਨਹੀਂ ਸਨ, ਉਹਨਾਂ ਨੇ ਪੰਜਾਬ ਵਿੱਚ ਸਕੂਲ ਬਣਵਾਏ। ਉਹਨਾਂ ਨੇ ਕੁੜੀਆਂ ਨੂੰ ਪੜ੍ਹਾਉਣ ਲਈ ਵੀ ਪੰਜਾਬ ਦੇ ਲੋਕਾਂ ਨੂੰ ਉਤਸ਼ਾਹਿਤ ਕੀਤਾ। ਉਹਨਾਂ ਵਿਚੋਂ ਕਈ ਗਦਰੀ ਯੋਧੇ ਵਾਪਿਸ ਭਾਰਤ ਗਏ ਅਤੇ ਦੇਸ਼ ਦੀ ਵੰਡ ਸਮੇਂ ਉਹਨਾਂ ਨੇ ਮੁਸਲਮਾਨਾਂ ਨੂੰ ਸਿੱਖ ਅਤੇ ਹਿੰਦੂਆਂ ਦੇ ਗੁੱਸੇ ਤੋਂ ਬਚਾਇਆ ਅਤੇ ਉਹਨਾਂ ਨੂੰ ਸੁਰੱਖਿਅਤ ਥਾਂ ਤੇ ਪਹੁੰਚਾਇਆ। ਇਹਨਾਂ ਵਿਚੋਂ ਚੰਚਲ ਸਿੰਘ ਜੰਡਿਆਲਾ ਅਤੇ ਭਗਵਾਨ ਸਿੰਘ ਦੋਸਾਂਝ ਨਾਮ ਦੇ ਦੋ ਯੋਧੇ ਵੀ ਸਨ।

ਕਿਤਾਬ ਦਾ ਸੁਨੇਹਾ[ਸੋਧੋ]

ਇਸ ਕਿਤਾਬ ਦਾ ਮੁੱਖ ਮਕਸਦ ਪੰਜਾਬੀਆਂ ਨੂੰ ਉਹਨਾਂ ਦਾ ਇਤਿਹਾਸ ਯਾਦ ਦਵਾਉਣਾ ਹੈ ਤਾਂ ਜੋ ਉਹ ਆਪਣੇ ਇਤਿਹਾਸ ਅਤੇ ਉਹਨਾਂ ਦੇ ਪੁਰਖਾਂ ਦੁਆਰਾ ਲੜੀ ਗਈ ਲੜਾਈ ਨੂੰ ਨਾ ਭੁੱਲਣ। ਇਹ ਕਿਤਾਬ ਕੈਨੇਡਾ ਦੇ ਪੰਜਾਬੀਆਂ ਨੂੰ ਕੈਨੇਡਾ ਦੀ ਸਰਕਾਰ ਵਿੱਚ ਹਿੱਸਾ ਲੈਣ ਲਈ ਵੀ ਉਤਸ਼ਾਹਿਤ ਕਰਦੀ ਹੈ।

ਗਦਰੀ ਯੋਧਾ ਭਾਈ ਰਤਨ ਸਿੰਘ ਰਾਏਪੁਰ ਡੱਬਾ: ਭਾਈ ਰਤਨ ਸਿੰਘ ਰਾਏਪੁਰ ਡੱਬਾ ਗਦਰ ਲਹਿਰ ਦੇ ਇੱਕ ਮਹਾਨ ਆਗੂ ਸਨ। ਇਹ ਪੁਸਤਕ ਇਸ ਦੂਰ-ਅਦੇਸ਼, ਜੁਝਾਰੂ ਅਤੇ ਨਿਪੁੰਨ ਚਾਲ ਚੱਲਣ ਵਾਲੇ ਇਨਕਲਾਬੀ ਦੇ ਜੀਵਨ ਨੂੰ ਸਮਕਾਲੀ ਤੇ ਪ੍ਰਮਾਣਿਕ ਸਰੋਤਾਂ ਦੇ ਆਧਾਰ ਤੇ ਪੇਸ਼ ਕਰਨ ਦਾ ਨਿਮਾਣਾ ਯਤਨ ਹੈ। ਪੁਸਤਕ ਦੇ ਦੂਸਰੇ ਭਾਗ ਵਿੱਚ ਭਾਈ ਰਤਨ ਸਿੰਘ ਦੀਆਂ ਇਨਕਲਾਬੀ ਲਿਖਤਾਂ ਨੂੰ ਸੰਭਾਲਣ ਨਾਲ ਇਹ ਪੁਸਤਕ ਪ੍ਰਮਾਣਿਕ ਹਵਾਲਾ ਪੁਸਤਕ ਬਣ ਗਈ ਹੈ।

ਇੰਟਰਵਿਊਜ਼, ਸਮਾਜਕ ਕੰਮ ਅਤੇ ਪੇਸ਼ਕਾਰੀ: ਉਹਨਾਂ ਦੀ ਇੰਟਰਵਿਊ ਵਤਨ ਟੀ. ਵੀ. ਦੇ ਹੋਸਟ ਲਾਟ ਭਿੰਡਰ ਨਾਲ ਹੋਈ ਜਦੋਂ ਸੰਨ 2009 ਵਿੱਚ ਉਹਨਾਂ ਨੇ ਆਪਣੀ ਕਿਤਾਬ "ਕੈਨੇਡਾ ਦੇ ਗਦਰੀ ਯੋਧੇ" ਜਾਰੀ ਕੀਤੀ। ਅਕਤੂਬਰ 17, 2013 ਵਿੱਚ ਉਹਨਾਂ ਨੇ ਯੂਨੀਵਰਸਿਟੀ ਔਫ ਫਰੇਜ਼ਰ ਵੈਲੀ ਵਿੱਚ ਗਦਰ ਸੈਂਟੈਂਨੀਅਲ ਕਾਨਫਰੰਸ ਵਿੱਚ ਗਦਰ ਪਾਰਟੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਉਹਨਾਂ ਨੇ ਜੁਲਾਈ 5, 2014 ਵਿੱਚ ਸਰੀ ਵਿੱਚ ਹੋਈ ਇੱਕ ਕਾਰਕੁਨ ਰੈਲੀ ਵਿੱਚ ਵੀ ਹਿੱਸਾ ਲਿਆ। ਇਹ ਰੈਲੀ ਬਿੱਲ ਸੀ-24 ਦੇ ਖਿਲਾਫ ਕੀਤੀ ਗਈ ਸੀ। ਉਹਨਾਂ ਨੇ ਸ਼ਹੀਦ ਭਾਈ ਮੇਵਾ ਸਿੰਘ ਦੀ 100th ਸ਼ੋਕ ਸਮਾਰੋਹ ਵਿੱਚ ਵੀ ਭਾਸ਼ਣ ਦਿੱਤਾ। 

ਬਾਹਰੀ ਲਿੰਕ[ਸੋਧੋ]