ਸਮੱਗਰੀ 'ਤੇ ਜਾਓ

ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ, ਕਲਾ ਤੇ ਵਿਚਾਰਧਾਰਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਗੁਰੂ ਅਮਰਦਾਸ ਜੀ ਸਿੱਖ ਧਰਮ ਵਿੱਚ ਤੀਜੇ ਗੁਰੂ ਵਜੋਂ ਪ੍ਰਤਿਸ਼ਠਿਤ ਹਨ। ਇਨ੍ਹਾਂ ਦੀ ਜਨਮ-ਤਿਥੀ ਬਾਰੇ ਵਿਦਵਾਨਾਂ ਵਿੱਚ ਮਤ-ਏਕਤ ਨਹੀਂ ਹੈ। ਮਹਾਨ ਕੋਸ਼ਕਾਰ ਭਾਈ ਕਾਨ੍ਹ ਸਿੰਘ ਨਾਭਾ ਨੇ ਆਪ ਦਾ ਜਨਮ 5 ਮਈ 1479 (ਵੈਸਾਖ ਸੁਦਿ 14, ਸੰਮਤ 1536) ਮੰਨਿਆ ਹੈ। ਜਦ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੂਰੀ ਤਰ੍ਹਾਂ ਘੋਖ ਕਰਵਾ ਕੇ 11 ਮਈ 1479 ਨੂੰ ਆਪ ਦਾ ਜਨਮ ਸਿੱਧ ਕੀਤਾ ਗਿਆ। ਆਪ ਜਾ ਜਨਮ ਅੰਮ੍ਰਿਤਸਰ ਦੇ ਪਿੰਡ ਬਾਸਰਕੇ ਵਿੱਚ ਭੱਲਾ ਖਤਰੀ ਕੁਲ ਵਿੱਚ ਹੋਇਆ। ਗੁਰੂ ਅਮਰਦਾਸ ਜੀ ਨੈ ਬਿਰਧ ਅਵਸਥਾ ਵਿੱਚ ਗੁਰ-ਗੱਦੀ ਪ੍ਰਾਪਤ ਕੀਤੀ ਅਤੇ ਪਿੱਛੋ ਉਹਨਾਂ ਨੇ ਬਾਣੀ ਦੀ ਰਚਨਾ ਆਰੰਭ ਕੀਤੀ। ਉਨ੍ਹਾਂ ਦੀ ਬਾਣੀ ਵਿੱਚ ਹਰ ਗੱਲ ਬੜੇ ਸੰਜਮ ਅਤੇ ਭਰਪੂਰ ਸ਼ਰਧਾ ਨਾਲ ਕਹੀ ਗਈ ਹੈ। ਗੁਰੂ ਅਮਰਦਾਸ ਜੀ ਦਾ ਬਾਣੀ ਵੇਰਵਾ ਇਸ ਪ੍ਰਕਾਰ ਹੈ:- ਬਾਣੀ ਵੇਰਵਾ:- ਗੁਰੂ ਜੀ ਨੇ ਗੁਰੂ-ਗੱਦੀ ਉੱਪਰ ਬੈਠਣ ਉਪਰੰਤ ਆਪਣੇ ਰਹੱਸਵਾਦੀ ਅਨੁਭਵ ਨੂੰ ਬਾਣੀ ਰਾਹੀ ਅਭਿਵਿਅਕਤ ਕਰਨਾ ਸ਼ੁਰੂ ਕੀਤਾ। ਆਪ ਦੁਆਰਾ 18 ਰਾਗਾਂ ਵਿੱਚ ਬਾਣੀ ਰਚੀ ਗਈ। ਆਪ ਦੁਆਰਾ ਰਚਿਤ ਭਿੰਨ-ਭਿੰਨ ਰਾਗਾਂ ਵਿੱਚ ਰਚਿਤ 171 ਚਉਪਦੇ, 91 ਅਸ਼ਟਪਦੀਆਂ 85 ਪਉੜੀਆਂ ਤੇ 305 ਸਲੋਕ ਉਪਲੱਬਧ ਹਨ। ਗੁਰੂ ਨਾਨਕ ਦੇਵ ਜੀ ਤੇ ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ ਬਾਣੀਆਂ ਆਕਾਰ ਦੇ ਪੱਖੋਂ ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਤੋਂ ਇੱਕਲੀ-2 ਕਰਕੇ ਵਡੇਰੀਆਂ ਹਨ, ਜਿਸ ਕਰਕੇ ਇਸ ਬਾਣੀ ਨੁੂੰ ਆਕਾਰ ਤੇ ਹਿਸਾਬ ਨਾਲ ਤੀਜੇ ਨੰਬਰ ਉੱਤੇ ਰੱਖਿਆ ਜਾ ਸਕਦਾ ਹੈ ਪਰ ਵਸਤੂ ਤੇ ਉਤਦ੍ਰਿਸ਼ਟ-ਕਾਵਿ ਵਜੋਂ ਇਹ ਬਾਕੀ ਗੁਰਮਤਿ-ਕਾਵਿ ਵਿੱਚ ਖਲੋਤੀ ਹੋਈ ਹੈ। ਬਾਣੀ ਦਾ ਵੇਰਵਾ ਇਸ ਪ੍ਰਕਾਰ ਹੈ:- ਤਿਪਦੇ, ਚਉਪਦੇ, ਪੰਚ ਪਦੇ, ਅਸ਼ਟਪਦੀਆਂ, ਸੋਹਿਲੇ ਅਤੇ ਬਹਪਦੇ। ਸ਼ਲੋਕ, ਪਉੜੀਆਂ ਤੇ ਵਾਰਾਂ ਛੰਤ, ਕਾਫ਼ੀਆਂ ਪੱਟੀ, ਅਲਾਹੁਣੀਆਂ, ਵਾਰ ਸਤ (ਸਤਵਾਰਾ), ਅੰਨਦ ਗੁਜਰੀ, ਸੂਹੀ, ਰਾਮਕਲੀ ਅਤੇ ਮਾਰੂ-ਰਾਗਾਂ ਵਿੱਚ ਆਪ ਦੁਆਰਾ ਰਚਿਤ ਚਾਰ ਵਾਰਾਂ ਹਨ। ਕਬੀਰ ਤੇ ਫਰੀਦ ਦੇ ਸ਼ਲੋਕਾਂ ਵਿੱਚ ਕ੍ਰਮਵਾਰ ਇੱਕ ਤੇ ਤਿੰਨ ਸ਼ਲੋਕ ਟਿੱਪਣੀ ਵਜੋਂ ਅੰਕਿਤ ਹਨ। ਆਪ ਦੇ 67 ਸ਼ਲੋਕ, ‘ਸ਼ਲੋਕ ਵਾਰਾਂ ਤੋਂ ਵਧੀਕ` ਦੇ ਅੰਤਰਗਤ ਹਨ। ਸ੍ਰੀ ਗੁਰੂ ਅਮਰਦਾਸ

ਦੀ ਬਾਣੀ ਦਾ ਕਲਾ ਕੌਸ਼ਲ:- ਗੁਰੂ ਅਮਰਦਾਸ ਜੀ ਦੀ ਸਾਰੀ ਬਾਣੀ ਰਾਗਾਨੂਸ਼ਾਸ਼ਿਤ ਹੈ। ਗੁਰੂ ਅਮਰਦਾਸ ਜੀ ਨੇ ਆਪਣੀ ਬਾਣੀ 18 ਰਾਗਾਂ ਵਿੱਚ ਉਚਾਰਣ ਕੀਤੀ ਹੈ ਸਪਸ਼ਟ ਹੈ ਕਿ ਗੁਰੂ ਜੀ ਨੂੰ ਰਾਗ-ਰਾਗਨੀਆਂ ਦੀਆਂ ਭਾਵਨਾਗਤ ਸੂਖਮਤਾਵਾਂ ਦਾ ਪੂਰਾ ਗਿਆਨ ਸੀ।

ਛੰਦ:- ਡਾ. ਬਲਵੀਰ ਸਿੰਘ ‘ਦਿਲ` ਨੇ ਕਿਹਾ ਹੈ ਕਿ, ਸ੍ਰੀ ਗੁਰੂ ਅਮਰਦਾਸ ਜੀ ਨੇ ‘ਕਾਵਿ-ਭੇਦਾਂ` ਅਤੇ ਛੰਦ ਪ੍ਰਬੰਧ ਦੇ ਖੇਤਰ ਵਿੱਚ ਸ਼ਬਦ, ਬਾਣੀ ਜਾ ਭਾਵ ਨੂੰ ਪਹਿਲੀ ਥਾਂ ਦਿੱਤੀ ਗਈ ਅਤੇ ਛੰਦ-ਪ੍ਰਬੰਧ ਨੂੰ ਦੂਜੀ ਥਾਂ ਰੱਖਿਆ ਹੈ। ......... ਤੋਲ ਤੇ ਤੁਕਾਂਤ ਦਾ ਰਵਾਇਤੀ ਇਕਸਾਰਤਾ ਵਿੱਚ ਕੈਦ ਹੋਣ ਵਾਲੇ ਛੰਦ ਪ੍ਰਬੰਧ ਦੀ ਥਾਂ ਗੁਰਦੇਵ ਨੇ ਵੰਨ-ਸੁਵੰਨੇ ਛੰਦਾਂ ਨਾਲ ਧੜਕਦੇ ਕਾਵਿ-ਭੇਦਾਂ ਨੂੰ ਬਾਣੀ ਦੇ ਸਿਰਲੇਖਾਂ ਵਜੋਂ ਪ੍ਰਵਾਨ ਕੀਤਾ ਹੈ। ਆਪ ਜੀ ਨੇ ਬੇਸ਼ੱਕ ਅਨੇਕ ਪਰੰਪਰਾਗਤ ਛੰਦਾਂ ਦਾ ਪ੍ਰਯੋਗ ਕੀਤਾ ਹੈ। ਰਸ:- ਗੁਰੂ ਅਮਰਦਾਸ ਦੁਆਰਾ ਰਚਿਤ ਬਾਣੀ ਦਾ ਪ੍ਰਧਾਨ ਰਸ ਸ਼ਾਤ ਰਸ ਹੈ। ਜੋ ਉਤਕ੍ਰਿਸ਼ਟਤਾਂ ਦੀਆਂ ਸਿਖਰਾਂ ਛੂਹਣ ਉਪਰੰਤ ‘ਹਰਿ ਰਸ` ਬਣ ਜਾਂਦਾ ਹੈ। ਇਹ ਸ਼ਾਂਤ-ਰਸ ਭਗਤੀ ਰਸ ਪੂਰਕ ਹੈ। ਭਗਤੀ ਦੀ ਪ੍ਰਧਾਨਤਾਂ ਕਾਰਣ ਸੰਯੋਗ ਅਤੇ ਵਿਯੋਗ ਦੀਆਂ ਭਾਵਨਾਵਾਂ ਦੀ ਉਜਵਲ ਅਭਿਵਿਅਕਤੀ ਹੋਈ ਹੈ। ਪ੍ਰਤੀਕ:- ਅਧਿਆਤਮਿਕ ਅਨੁਭਵ ਨੂੰ ਸਰਲ ਢੰਗ ਨਾਲ ਜਿਗਿਆਸੂਆਂ ਪ੍ਰਤਿ ਪ੍ਰਗਟ ਕਰਨ ਲਈ ਗੁਰੂ ਜੀ ਨੇ ਪ੍ਰਤੀਕਾਂ ਦੀ ਖੁਲ੍ਹ ਕੇ ਵਰਤੋਂ ਕੀਤੀ ਹੈ ਪ੍ਰਤੀਕਾਂ ਤੋਂ ਬਿਨ੍ਹਾਂ ਕਈ ਵਾਰ ਰਹੱਸ-ਅਨੁਭੂਤੀ ਨੂੰ ਪ੍ਰਗਟ ਕਰਨਾ ਔਖਾ ਹੋ ਜਾਂਦਾ ਹੈ। ਇਸ ਲਈ ਗੁਰੂ ਜੀ ਨੇ ਪਰਮਾਤਮਾ ਅਤੇ ਜੀਵ ਆਤਮਾ ਦੇ ਪਰਸਪਰ ਸੰਬੰਧ, ਆਯਾ, ਮਨ, ਸ਼ਰੀਰ ਆਦਿ ਨੂੰ ਲੈ ਕੇ ਭਿੰਨ-ਭਿੰਨ ਢੰਗ ਨਾਲ ਪ੍ਰਤੀਕਾਂ ਦਾ ਪ੍ਰਯੋਗ ਕੀਤਾ। ਅਲੰਕਾਰ:- ਗੁਰੂ ਜੀ ਨੇ ਆਪਣੀ ਬਾਣੀ ਨੂੰ ਅਲੰਕਾਰਾਂ ਦੀ ਚਮਕ-ਦਮਕ ਤੋਂ ਮੁਕਤ ਰੱਖਿਆ ਹੈ। ਕਿਤੇ-ਕਿਤੇ ਹੀ ਸਰਲ ਅਲੰਕਾਰਾਂ ਦੀ ਵਰਤੋਂ ਮਿਲਦੀ ਹੈ। ਉਨ੍ਹਾਂ ਵਿੱਚੋਂ ਵੀ ਅਧਿਕਤਰ ਉਪਮਾਂ, ਰੂਪਕ, ਦ੍ਰਿਸ਼ਟਾਂਤ ਆਦਿ ਸਦ੍ਰਿਸ਼ਤਾ-ਮੂਲਕ ਹਨ। ਬਿੰਬ-ਵਿਧਾਨ:- ਪ੍ਰਤੀਕਾਂ ਅਤੇ ਅਲੰਕਾਰਾਂ ਤੋਂ ਇਲਾਵਾ ਗੁਰੂ ਜੀ ਦੇ ਵਿਸ਼ਾਲ ਅਨੁਭਵ ਦਾ ਪਰਿਚਯ ਉਨ੍ਹਾਂ ਦੇ ਬਿੰਬ-ਵਿਧਾਨ ਤੋਂ ਹੰੁਦਾ ਹੈ। ਇਹ ਬਿੰਬ ਰੂਪ, ਨਾਦ, ਸਪਰਸ਼, ਰਸ, ਗੰਧ ਆਦਿ ਸਾਰੀਆਂ ਇੰਦਰੀਆਂ ਨਾਲ ਸਬੰਧਿਤ ਹੋਣ ਤੋਂ ਇਲਾਵਾ ਇਤਿਹਾਸਕ, ਪੌਰਾਣਿਕ ਅਤੇ ਪ੍ਰਾਕ੍ਰਿਤਿਕ ਖੇਤਰਾਂ ਤੋਂ ਵੀ ਬਹੁਤ ਸਾਮਗਰੀ ਲੈਂਦੇ ਹਨ। ਭਾਸ਼ਾ:- ਡਾ. ਬਲਵੀਰ ਸਿੰਘ ‘ਦਿਲ` ਨੇ ‘ਅਰਮ ਕਵੀ ਗੁਰੂ ਅਮਰਦਾਸ` ਵਿੱਚ ਸ੍ਰੀ ਗੁਰੂ ਜੀ ਦੇ ਭਾਸ਼ਾ-ਪ੍ਰਯੋਗਾਂ ਵੱਲ ਸੰਕੇਤ ਕਰਦਿਆਂ ਲਿਖਿਆ ਹੈ ਕਿ ‘ਉਨ੍ਹਾਂ ਦਾ ਸ਼ਬਦ-ਭੰਡਾਰ ਇਤਨਾ ਵਿਸ਼ਾਲ, ਸ਼ਬਦ-ਘੜਨ-ਕਲਾ ਇਤਨੀ ਸੁਚੱਜੀ ਅਤੇ ਸ਼ਬਦ-ਚੋਣ ਭਾਵਾਂ ਦੇ ਇਤਨੀ ਅਨੁਕੂਲ ਹੈ ਕਿ ਸਹਿਜ-ਸੁਭਾ ਉਨ੍ਹਾਂ ਪਾਸੋਂ ਅਨੇਕਾਂ ਸੁੰਦਰ ਸਮਾਸ ਬਣ ਗਏ। ਗੁਰੂ ਜੀ ਦੀ ਬਾਣੀ ਵਿੱਚ ਭਾਵੇਂ ਹਿੰਦੀ ਜਾਂ ਸਧੁੱਕੜੀ ਦਾ ਕਾਫ਼ੀ ਅੰਸ਼ ਮੌਜੂਦ ਹੈ, ਪਰ ਉਨ੍ਹਾ ਦੀ ਭਾਸ਼ਾ ਦਾ ਪਿੰਡਾ ਪੰਜਾਬੀ ਹੈ। ਵਿਚਾਰਧਾਰਾ:- ਗੁਰੂ ਅਮਰਦਾਸ ਜੀ ਦੀ ਵਿਚਾਰਧਾਰਾਂ ਦਾ ਮੁਲ ਆਧਾਰ ਗੁਰੂ ਨਾਨਕ ਦੇਵ ਦੀ ਅਧਿਆਤਮਿਕ ਵਿਚਾਰਧਾਰਾ ਹੈ ਜੋ ਆਪ ਜੀ ਨੂੰ ਵਿਰਾਸਤ ਵਿੱਚ ਮਿਲੀ ਸੀ ਅਤੇ ਇਸੇ ਦਾ ਗੁਰੂ ਕਵੀ ਨੇ ਆਪਣੇ ਢੰਗ ਅਨੁਸਾਰ ਵਿਸਤਾਰ ਕੀਤਾ। ਗੁਰੂ ਜੀ ਅਨੁਸਾਰ ਧਰਮ-ਸੱਤਾ ਨਿਰਗੁਣ, ਨਿਰਕਾਰ, ਅਕਥਨੀ, ਅਗੋਚਰ, ਅਲਖ, ਅਗਮ ਹੈ। ਇਹ ਸਾਰਾ ਸੰਸਾਰ ਉਸ ਦਾ ਹੀ ਰੂਪ ਤੇ ਖੇਲ-ਪਸਾਰਾ ਹੈ। ਗੁਰੂ ਦੀ ਕ੍ਰਿਪਾ ਦੁਆਰਾ ਹੀ ਇਸ ਭੇਦ ਨੂੰ ਜਾਣਿਆ ਜਾ ਸਕਦਾ ਹੈ। ਵੈਰਾਗ, ਸਦਾਚਾਰਕ ਸਿੱਖਿਆ, ਬੁਢੇਪੇ ਵਾਲੀ ਗੰਭੀਰਤਾ ਤੇ ਸਰਲਤਾ ਆਪ ਦੀ ਬਾਣੀ ਦੇ ਵਿਸ਼ੇਸ਼ ਅੰਗ ਹਨ। ਗੁਰੂ ਅਮਰਦਾਸ ਜੀ ਨੇ ਬਾਹਰੀ ਪੇਖਾਂ ਦਾ ਖੰਡਨ, ਗੁਰੂ ਨਾਨਕ ਵਾਂਗ ਕੀਤਾ ਅਤੇ ਗ੍ਰਹਿਸਥ ਜੀਵਨ ਵਿੱਚ ਰਹਿੰਦਿਆਂ ਹੀ ਆਇਆ ਤੇ ਨਿਰਲੇਪ ਰਹਿਣ ਦੀ ਸਿੱਖਿਆ ਦਿੱਤੀ। ਮਨੁੱਖੀ ਏਕਤਾ, ਬਰਾਬਰੀ, ਛੂਤ-ਛਾਤ ਤੇ ਜਾਤ-ਪਾਤ ਤੋਂ ਮੁਕਤ ਸਮਾਜ ਦੀ ਸਿਰਜਣਾ ਦਾ ਸੁਨੇਹਾ ਦਿੱਤਾ। ਮਨੁੱਖ ਨੂੰ ਗੁਰੂ ਜੀ ਨੇ ਹੋਰਨਾ ਪ੍ਰਾਣੀਆਂ ਦੇ ਮੁਕਾਬਲੇ ਬਹੁਤ ਗੌਰਵ ਪ੍ਰਦਾਨ ਕੀਤਾ ਹੈ ਕਿਉਂਕਿ ਇਹ ਸ੍ਰੇਰਠ ਜੂਨ ਹੈ ਇਸੇ ਰਾਹੀਂ ਪਰਮਾਤਮਾ ਨਾਲ ਅਭੇਦਤਾ ਪ੍ਰਾਪਤ ਕੀਤੀ ਜਾ ਸਕਦੀ ਹੈ। ਬਾਕੀ ਜੂਨਾਂ ਤਾਂ ਪ੍ਰਾਲਬੱਧ ਕਰਮਾਂ ਦਾ ਫਲ ਭੋਗਣ ਲਈ ਹੁੰਦੀਆਂ ਹਨ। ਗੁਰੂ ਜੀ ਅਨੁਸਾਰ ਪਰਮਾਤਮਾ ਦੀ ਹੁਕਮ ਨੂੰ ਮੰਨਣਾ ਜਾਂ ਉਸ ਦੀ ਰਜ਼ਾ ਵਿੱਚ ਰਹਿਣਾ ਜਾਂ ਭਾਣਾ ਮੰਨਣਾ ਗੁਰੂ ਜੀ ਦੁਆਰਾ ਪ੍ਰਤਿਪਾਦਿਤ ਭਗਤੀ ਦਾ ਇੱਕ ਮਹੱਤਵਪੂਰਨ ਅੰਗ ਹੈ। ਗੂਰੂ ਅਮਰਦਾਸ ਨੇ ਭਗਤੀ ਦੀ ਸੰਪੰਨਤਾ ਲਈ ਨਾਮ-ਸਾਧਨਾਂ ਅਤੇ ਸਤਿਸੰਗਤਿ ਨੂੰ ਵੀ ਬਹੁਤ ਮਹੱਤਵ ਦਿੱਤਾ ਹੈ। ਸਾਰ ਅੰਸ਼:- ਇਸ ਲਈ ਕਿਹਾ ਜਾ ਸਕਦਾ ਹੈ ਕਿ ਗੁਰੂ ਅਮਰਦਾਸ ਜੀ ਨੇ ਬਿਰਧ ਅਵਸਥਾ ਵਿੱਚ ਬਾਣੀ ਰਚ ਕੇ ਉਸ ਵਿੱਚ ਜੀਵਨ ਅਨੁਭਵ ਦਾ ਨਿਚੋੜ ਭਰ ਦਿੱਤਾ ਹੈ। ਜੋ ਜਿਗਿਆਸੂਆਂ ਲਈ ਸਹੀ ਪਥ-ਪ੍ਰਦਰਸ਼ਕ ਅਤੇ ਅਤਿ-ਅਧਿਕ ਪ੍ਰੇਰਣਾਦਾਇਕ ਹੈ। ਹਵਾਲੇ 1. ਪੰਜਾਬੀ ਸਾਹਿਤ ਦਾ ਸਰੋਤ-ਮੂਲਕ ਇਤਿਹਾਸ ਭਾਗ ਦੂਜਾ (ਪੂਰਵ ਮੱਧਕਾਲ) ਡਾ. ਰਤਨ ਸਿੰਘ ਜੱਗੀ। 2. ਗੁਰੂ ਅਮਰਦਾਸ ਜੀਵਨ ਤੇ ਬਾਣੀ ਡਾ. ਗੁਰਦੇਵ ਸਿੰਘ 3. ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ ਡਾ. ਪਰਮਿੰਦਰ ਸਿੰਘ, ਪ੍ਰੋ. ਕਿਰਪਾਲ ਸਿੰਘ ਕਸੇਲ, ਡਾ. ਗੋਬਿੰਦ ਸਿੰਘ ਲਾਂਬਾ 4. ਖੋਜ ਪਤ੍ਰਿਕਾ ਸਤੰਬਰ 1979 ਅੰਕ 14 ਗੁਰੂ ਅਮਰਦਾਸ ਵਿਸ਼ੇਸ਼ ਅੰਕ ਮੁੱਖ ਸੰਪਦਕ- ਡਾ. ਰਤਨ ਸਿੰਘ ਜੱਗੀ

ਸ਼ੈਸ਼ਨ 2012-13, ਰੋਲ ਨੰ: 120162149