ਸਮੱਗਰੀ 'ਤੇ ਜਾਓ

ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪੰਜਾਬੀ ਸੱਭਿਆਚਾਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

''''ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪੰਜਾਬੀ ਸੱਭਿਆਚਾਰ'

'ਸੱਭਿਆਚਾਰ ਦੀ ਪਰਿਭਾਸ਼ਾ':

                                   ਸੱਭਿਆਚਾਰ ਕਿਸੇ ਦੇਸ਼ ਜਾਂ ਜਾਤੀ ਦੀ ਆਤਮਾ ਹੈ, ਹਰ ਦੇਸ਼ ਕੌਮ ਜਾਂ ਸਮਾਜ ਆਪਣੇ ਸੱਭਿਆਚਾਰ ਤੇ ਗੌਰਵ ਮਹਿਸੂਸ ਕਰਦਾ ਹੈ। ਕਿਸੇ ਦੇਸ਼ ਦੀ ਸਥਿਤੀ ਅਤੇ ਉਥੋਂ ਦੇ ਨਿਵਾਸੀਆਂ ਦੇ ਜੀਵਨ ਅਤੇ ਉਨ੍ਹਾਂ ਦੀਆਂ ਪ੍ਰਵਿਰਤੀਆਂ ਦੀ ਵਿਲੱਖਣਤਾ ਉਸਨੂੰ ਦੂਜਿਆਂ ਤੋਂ ਨਿਖੇੜਦੀ ਹੈ। ਇਸ ਤਰ੍ਹਾਂ ਸੱਭਿਆਚਾਰ ਹਰ ਦੇਸ਼ ਦੇ ਲੋਕਾਂ ਦੀ ਵਿਭਿੰਨਤਾ ਅਤੇ ਉਸ ਦਾ ਅਨੋਖਾਪਨ ਦੂਸਰਿਆਂ ਨਾਲੋਂ ਵੱਖ ਦੱਸ ਕੇ ਉਨ੍ਹਾਂ ਦੀ ਨਿੱਜਤਾ ਨੂੰ ਬਹਾਲ ਕਰਦਾ ਹੈ।[1]

ਕੇ. ਐਮ. ਪਾਨੀਕਰ ਅਨੁਸਾਰ:

                                     "ਕਿਸੇ ਕੌਮ ਦੇ ਵਿਅਕਤੀਆਂ ਦੇ ਵਿਕਾਸ ਦੇ ਆਧਾਰ ਸਾਂਝੇ ਹੁੰਦੇ ਹਨ, ਜਰੂਰੀ ਸਮੱਸਿਆਵਾਂ ਪ੍ਰਤੀ ਉਨ੍ਹਾਂ ਦਾ ਵਤੀਰਾ ਰਵੱਈਆ ਇਕੋ ਜਿਹਾ ਹੁੰਦਾ ਹੈ। ਜੋ ਸਾਂਝੀਆਂ ਰਵਾਇਤਾਂ ਅਤੇ ਵਿਚਾਰਾਂ ਤੋਂ ਉਤਪੰਨ ਹੁੰਦਾ ਹੈ। ਇਸ ਸਾਂਝੇ ਦ੍ਰਿਸ਼ਟੀਕੌਣ ਨੂੰ ਆਮ ਤੌਰ ਤੇ ਕਿਸੇ ਦੇਸ਼ ਦਾ ਸਭਿਆਚਾਰ ਕਿਹਾ ਜਾ ਸਕਦਾ ਹੈ।"

ਸ੍ਰੀ ਗੁਰੂ ਗ੍ਰੰਥ ਸਾਹਿਬ:

                            ਗੁਰਬਾਣੀ ਮੂਲ ਰੂਪ ਵਿੱਚ ਧਾਰਮਿਕ ਅਨੁਭਵ ਅਤੇ ਬੋਧ ਨੂੰ ਕਾਵਿਕ ਸੰਗਠਨ ਦੇ ਮਾਧਿਅਮ ਰਾਹੀਂ ਪ੍ਰਸਤੁਤ ਕਰਨ ਵੱਲ  ਰੁਚਿਤ ਹੁੰਦੀ ਹੈ, ਇਤਿਹਾਸਕ ਦ੍ਰਿਸ਼ਟੀ ਤੋਂ ਇਹ ਰਚਨਾ ਮੱਧਕਾਲੀਨ ਭਾਰਤ ਦੇ ਉਸ ਦੌਰ ਦੀ ਪ੍ਰਤੀਨਿਧਤਾ ਕਰਦੀ ਹੈ, ਜਿਸਨੂੰ ਸੱਭਿਆਚਾਰਕ ਨਵ ਜਾਗਰਤੀ ਦਾ ਦੌਰ ਆਖਿਆ ਗਿਆ ਹੈ।[2]

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਛੇ ਗੁਰੂ ਸਾਹਿਬਾਨ (ਪਹਿਲੇ ਪੰਜ ਅਤੇ ਇੱਕ ਨੌਵੇਂ ਗੁਰੂ)ਪੰਦਰਾਂ ਭਗਤਾਂ,ਗਿਆਰਾਂ ਭੱਟਾਂ, ਚਾਰ ਗੁਰਸਿੱਖਾਂ ਦੀ ਬਾਣੀ ਦਰਜ ਹੈ।ਇਸ ਦੇ ਚੌਦਾਂ ਸੌ ਤੀਹ ਅੰਗ ਹਨ।ਸਾਰੀ ਬਾਣੀ ਕਾਵਿ ਰੂਪ ਵਿੱਚ ਹੈ ਅਤੇ ਰਾਗ ਆਧਾਰਿਤ ਹੈ ਇਸ ਦੇ ਵਿੱਚ ੩੧ ਰਾਗ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੱਭਿਆਚਾਰਕ ਚੇਤਨਾ:

                                                               "ਸੱਭਿਆਚਾਰ ਦਾ ਆਧਾਰ ਕਿਉਂਕਿ ਜੀਵਨ ਆਦਰਸ਼ ਜਾਂ ਮੁੱਲ ਹਨ ਇਸ ਲਈ ਸੱਭਿਆਚਾਰ ਕਿਸੇ ਸਮਾਜ ਦੇ ਵਿਚਾਰ ਪ੍ਰਬੰਧ ਉੱਤੇ ਉਸਰਿਆ ਹੁੰਦਾ ਹੈ। ਵਿਚਾਰ ਪ੍ਰਬੰਧ ਜਾਂ ਵਿਚਾਰਧਾਰਕ ਆਧਾਰ ਸਦਾ ਇੱਕ ਸਮਾਨ ਨਹੀਂ ਰਹਿੰਦੇ,ਇਨ੍ਹਾਂ ਵਿੱਚ ਖੜੋਤ ਆ ਜਾਂਦੀ ਹੈ ਅਤੇ ਇਸ ਖੜੋਤ ਦੇ ਫਲਸਰੂਪ ਕੌਮਾਂ ਪਛੜਨ ਨਾਲ ਸੱਭਿਆਚਾਰ ਵੀ ਪੱਛੜ ਜਾਂਦਾ ਹੈ ਜਾਂ ਉਸ ਵਿੱਚ ਵਿਕਾਰ ਗ੍ਰਸਤ ਆਦਰਸ਼ਾਂ ਦਾ ਬੋਲਬਾਲਾ ਹੋ ਜਾਂਦਾ ਹੈ ਨਵੀਂ ਚੇਤਨਾ ਦੇ ਆਏ ਬਿਨਾਂ ਸਭਿਆਚਾਰਕ ਮੁੱਲਾਂ ਵਿੱਚ ਪਰਿਵਰਤਨ ਆਉਣਾ ਸੰਭਵ ਨਹੀਂ। ਨਵੀਂ ਚੇਤਨਾ ਯੁੱਗ ਪੁਰਸ਼ਾਂ ਦੀ ਦੇਣ ਹੁੰਦੀ ਹੈ ਜੋ ਆਪਣੇ ਅਨੁਭਵ ਅਤੇ ਚਿੰਤਨ ਨਾਲ ਮਨੁੱਖਤਾ ਨੂੰ ਸਹੀ ਮਾਰਗ ਤੇ ਪਾਉਣ ਦਾ ਉਪਰਾਲਾ ਕਰਦੇ ਹਨ ਇਹੋ ਜਿਹਾ ਉਪਰਾਲਾ ਜਨ ਅੰਦੋਲਨ ਦਾ ਰੂਪ ਧਾਰਦਾ ਹੈ।ਇਸੇ ਨੂੰ ਸੱਭਿਆਚਾਰਕ ਚੇਤਨਾ ਦਾ ਨਾ ਦਿੱਤਾ ਜਾ ਸਕਦਾ ਹੈ।"[3]

                         ਇਹ ਵੀ ਇੱਕ ਪ੍ਰਮਾਣਿਕ ਸੱਚਾਈ ਹੈ ਕਿ ਜਿਸ ਸਰਜ਼ਮੀ ਤੇ ਕੋਈ ਸਮਾਜ ਸੁਧਾਰਕ ਵਿਚਰਿਆ ਅਤੇ ਦੀਘਰ ਕਾਲ ਤੱਕ ਕਾਰਜਸ਼ੀਲ ਰਿਹਾ ਹੋਵੇ ਉੱਥੇ ਉਸ ਦੇ ਅਨੁਭੂਤ ਵਿਚਾਰਾਂ  ਦੀ ਅਮਿਟ ਛਾਪ ਪੈਣੀ ਲਾਜ਼ਮੀ ਹੈ। ਪੰਜਾਬ ਦੇ ਚੱਪੇ ਚੱਪੇ ਉੱਤੇ ਆਪਣਾ ਚਿਰਕਾਲੀ ਪ੍ਰਭਾਵ ਛੱਡਣ ਵਾਲੇ ਗੁਰੂ ਸਾਹਿਬਾਨ ਅਤੇ ਦੂਸਰੇ ਮਹਾਂਪੁਰਖਾਂ ਦਾ ਇਸ ਦੇ ਕਣ-ਕਣ ਨੂੰ ਸ਼ਰਸ਼ਰਾਣਾ ਇਸਦੇ ਵਣਾ ਪੰਖੇਰੂਆਂ, ਨਦੀਆਂ ਨਾਲਿਆਂ, ਜੀਵ ਜੰਤੂਆਂ ਅਤੇ ਟੋਇਆਂ ਟਿੱਬਿਆਂ ਨੂੰ ਇੱਕਸਾਰ ਟੁੱਬਣਾ ਸੁਭਾਵਕ ਵੀ ਸੀ ਅਤੇ ਆਦਸ਼ਕ ਵੀ। ਪੰਜਾਬ ਦੇ ਜ਼ੱਰੇ ਜ਼ੱਰੇ ਅਤੇ ਜਨਮਾਨਸ ਵਿੱਚ ਅਨਾਦੀ ਸੁਰਾਂ ਗੁੰਜਾਉਣ ਵਾਲੀ ਬਾਣੀ ਦੇ ਸਦੀਵੀ ਪ੍ਰਭਾਵ ਕਾਰਨ ਹੀ 'ਪ੍ਰੋਫੈਸਰ ਪੂਰਨ ਸਿੰਘ' ਜਿਹਾ ਅਧਿਆਤਮਿਕ ਕਵੀ ਆਪ ਮੁਹਾਰੇ ਪੁਕਾਰ ਉੱਠਿਆ:

ਓੜਕ ਦਾ ਰੂਹ ਜ਼ੋਰ ਆਇਆ ਪੰਜਾਬ ਵਿੱਚ

ਸਤਿਗੁਰਾਂ ਦੇ ਕਦਮਾਂ ਉੱਤੇ ਰਾਹਾਂ ਦੇ ਸਦਕੇ

ਹੜ੍ਹ ਆਏ ਰੱਬ ਦੇ ਪ੍ਰਕਾਸ਼ ਦੇ

ਤੇ ਠਿਲਣ ਨਾਲ ਇਹ ਪੰਜਾਬੀ

ਇਹ ਵਸ ਕਿਸਦੇ ?

ਇੱਥੇ ਸਤਿਗੁਰੂ ਸੱਚੇ ਪਾਤਸ਼ਾਹਾ ਦਾ ਨਿਵਾਸ ਹੈ।

ਗੁਰੂ ਸਾਹਿਬਾਨ ਦੇ ਆਪਣੇ ਜੀਵਨ ਕਾਲ ਵਿੱਚ ਸੰਕਲਿਤ ਹੋਣ ਵਾਲੀ ਗੁਰਬਾਣੀ ਜਿੱਥੇ ਵਿਸ਼ਵ ਧਰਮਾਂ ਅਤੇ ਫਲਸਫਿਆਂ ਦੇ ਇਤਿਹਾਸ ਵਿੱਚ ਇੱਕ ਨਾਯਾਬ ਅਤੇ ਅਦੁੱਤੀ ਉਦਾਹਰਣ ਹੈ,ਉੱਥੇ ਇਸ ਦਾ ਸੱਭਿਆਚਾਰਕ ਪਰਿਪੇਖ ਵੀ ਡੂੰਘੀ ਵਿਚਾਰ ਦੀ ਮੰਗ ਕਰਦਾ ਹੈ। ਨਿਰਸੰਦੇਹ ਇਸ ਧੁਰਕੀ ਬਾਣੀ ਇਨ੍ਹਾਂ ਰਹਿਬਰਾਂ ਦੇ ਅਨੁਭੂਤੀ ਵਿਚਾਰਾਂ ਦੀ ਸਰਲ ਪ੍ਰਸਤੁਤੀ ਹੈ ਪ੍ਰੰਤੂ ਇਸ ਦੀ ਅਭਿਵਿਅੰਜਨਾ ਸਮਕਾਲੀ ਸਮਾਜਿਕ ਅਤੇ ਸੱਭਿਆਚਾਰਕ ਰੂੜੀਆਂ ਦੇ ਪ੍ਰਸੰਗ ਵਿੱਚ ਕਰਨ ਦਾ ਵਿਸ਼ੇਸ਼ ਉਪਰਾਲਾ ਦ੍ਰਿਸ਼ਟੀਗੋਚਰ ਹੈ ਮੱਧ ਯੁੱਗ ਤੱਕ ਰਸਾਤਲ ਤੱਕ ਪਹੁੰਚ ਚੁੱਕੇ ਜੀਵ ਨੂੰ ਅਸਲੀਅਤ ਦੀ ਸੋਝੀ ਕਰਾਉਣੀ ਅਤੇ ਉਸਨੂੰ ਪਰਿਵਰਤਨ ਕਰਨ ਲਈ ਉਸ ਦੀਆਂ ਸਭਿਆਚਾਰਕ ਇਕਾਈਆਂ ਦੇ ਮੁਹਾਵਰੇ ਦੀ ਪਛਾਣ ਅਤਿਅੰਤ ਲਾਜ਼ਮੀ ਹੈ।[4]

                           ਗੁਰਬਾਣੀ ਆਪਣੇ ਉਪਦੇਸ਼ ਰਾਹੀਂ ਤੱਤਕਾਲੀਨ ਮਨੁੱਖ ਨੂੰ ਸੱਭਿਆਚਾਰਕ ਬਣਾਉਣ ਦਾ ਕਾਰਜ ਕਰਦੀ ਹੈ ਮਨੁੱਖ ਨੂੰ ਸੱਭਿਆਚਾਰਕ ਬਣਾਉਣ ਦੀ ਇਹ ਪ੍ਰਕਿਰਿਆ ਵਿਭਿੰਨ ਢੰਗਾਂ ਨਾਲ ਵਾਪਰਦੀ ਹੈ ਅਸੀਂ ਇੱਥੇ ਪ੍ਰਸਿੱਧ ਚਿੰਤਕ 'ਰੀਸ ਮੈਗੀ' ਦੇ ਵਿਚਾਰਾਂ ਨਾਲ਼ ਸਹਿਮਤੀ ਪ੍ਰਗਟਾਉਂਦਿਆ ਸਭਿਆਚਾਰ ਦੇ ਤਿੰਨ ਅੰਗਾਂ ਨੂੰ ਪ੍ਰਵਾਨ ਕਰਦੇ ਹਾਂ:

ਪ੍ਰਤਿਮਾਨਕ ਸੱਭਿਆਚਾਰ:

                                    ਪ੍ਰਤਿਮਾਨਕ ਸੱਭਿਆਚਾਰ ਸੱਭਿਆਚਾਰ ਦਾ ਉਹ ਅੰਗ ਹੈ ਜਿਸ ਵਿੱਚ ਮਨੁੱਖੀ ਵਿਹਾਰ ਲਈ ਪ੍ਰਤਿਮਾਨ ਸਥਾਪਤ ਕੀਤੇ ਜਾਂਦੇ ਹਨ ਅਰਥਾਤ ਮਨੁੱਖੀ ਵਿਹਾਰ ਨਿਯਮਿਤ ਕੀਤਾ ਜਾਂਦਾ ਹੈ ਪ੍ਰਤੀ ਮਾਨਕ ਸੱਭਿਆਚਾਰ ਦੇ ਅੰਤਰਗਤ ਇਸਤਰੀ ਦਾ ਸਥਾਨ,ਸਤੀ ਪ੍ਰਥਾ, ਹਾਰ ਸ਼ਿੰਗਾਰ' ਵੇਸ ਭੂਸ਼ਾ, ਚਾਰ ਵਰਣਾਂ ਦਾ ਵਿਧਾਨ, ਮੂਰਤੀ ਪੂਜਾ, ਦਾਨ ਪੁੰਨ, ਨਿਮਾਜ਼, ਕਲਮਾਂ, ਸੁੰਨਤ, ਹੱਜ, ਕਾਜ਼ੀ, ਤੀਰਥ ਰਟਨ, ਸੰਸਕਾਰ, ਸੂਤਕ ਪਾਤਕ, ਸੁੱਚ ਭਿੱਟ ਅਤੇ ਚੌਕਾਕਰ ਆਦਿ ਸਬੰਧੀ ਵਿਚਾਰ ਕੀਤਾ ਜਾਂਦਾ ਹੈ।ਬਹੁ ਵਿਸਥਾਰ ਵਿੱਚ ਨਾ ਜਾਂਦਿਆਂ ਹੋਇਆਂ ਇਸ ਦੇ ਪਹਿਲੂਆਂ ਤੇ ਗੱਲ ਕਰਨੀ ਅਨਿਵਾਰੀ ਹੈ:

ਇਸਤਰੀ ਦਾ ਸਥਾਨ:

                          "ਉੱਚੀ ਜੀਵਨ ਪੱਧਰ ਜਾਂ ਚੰਗੀ ਜੀਵਨ ਜਾਚ ਦੇਣ ਵਿੱਚ ਇਸਤਰੀ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ ਪਰਿਵਾਰ  ਇਸਤਰੀ ਦੀ ਹੋਣ ਤੋਂ ਬਿਨਾਂ ਕਿਆਸਿਆ ਵੀ ਨਹੀਂ ਜਾ ਸਕਦਾ ਗੁਰੂ ਕਵੀਆਂ ਤੋਂ ਪਹਿਲਾਂ ਨਾਥ ਜੋਗੀਆਂ ਅਤੇ ਸੰਤਾਂ ਭਗਤਾਂ ਨੇ ਇਸਤਰੀ ਦੀ ਰੱਜ ਕੇ ਵਿਰੋਧਤਾ ਕੀਤੀ ਕਿਉਂਕਿ ਉਨ੍ਹਾਂ ਨੇ ਇਸਤਰੀ ਵੱਲੋਂ ਸਮਾਜਿਕ ਅਤੇ ਸੱਭਿਆਚਾਰਕ ਜੀਵਨ ਵਿੱਚ ਪਾਏ ਜਾਂਦੇ ਯੋਗਦਾਨ ਦੇ ਮਹੱਤਵ ਨੂੰ ਸਮਝਣ ਦੀ ਥਾਂ ਉਸਨੂੰ ਇੱਕ ਰੁਕਾਵਟ ਜਾਂ ਅੜਚਨ ਦੇ ਰੂਪ ਵਿੱਚ ਪੇਸ਼ ਕੀਤਾ ਪਰ ਗੁਰਬਾਣੀ ਵਿੱਚ ਇਸਨੂੰ ਚੰਗੀ ਜੀਵਨ ਜਾਚ ਦਾ ਇੱਕ ਪੈਮਾਨਾ ਮੰਨਿਆ ਗਿਆ।ਇਸਤਰੀ ਦੀ ਉੱਚਤਾ ਨੂੰ ਸਵੀਕਾਰਦੇ ਹੋਏ ਗ੍ਰਹਿਸਤ ਜੀਵਨ ਦੀ ਵਡਿਆਈ ਕੀਤੀ ਗਈ ਹੈ "[5]

           ਸਮਾਜ ਦੀ ਚੂਲ, ਧਰਮ ਦੀ ਚੂਲ, ਘਰ ਦੇ ਕੇਂਦਰ ਅਤੇ ਮਨੁੱਖੀ ਖ਼ੁਸ਼ੀਆਂ ਦਾ ਧੁਰਾ ਔਰਤ ਨੂੰ ਗੁਰੂ ਸਾਹਿਬਾਨ ਨੇ ਕਿੰਨੇ ਸੋਹਣੇ ਸ਼ਬਦਾਂ ਵਿੱਚ ਪ੍ਰਗਟਾਇਆ ਹੈ:

                ਭੰਡਿ ਜੰਮੀਐ ਭੰਡਿ ਨਿੰਮੀਐ

                ਭੰਡਿ ਮੰਗਣੁ ਵਿਆਹੁ॥

                ਭੰਡਹੁ ਹੋਵੈ ਦੋਸਤੀ

                ਭੰਡਹੁ ਚਲੇੈ ਰਾਹੁ॥

                ਭੰਡੁ ਮੁਆ ਭੰਡੁ ਭਾਲੀਐ

                ਭੰਡਿ ਹੋਵੈ ਬੰਧਾਨੁ॥

                ਸੋ ਕਿਉ ਮੰਦਾ ਆਖੀਐ

                ਜਿਤੁ ਜੰਮਹਿ ਰਾਜਾਨ॥

                                                       (ਆਸਾ ੧, ੪੭੩)

ਬਾਬਰ ਦੇ ਹਮਲੇ ਸਮੇਂ ਕੀਤੀ ਗਈ ਔਰਤਾਂ ਦੀ ਦੁਰਦਸ਼ਾ ਨੂੰ 'ਬਾਬਰ ਬਾਣੀ' ਸਿਰਲੇਖ ਹੇਠ ਅੰਕਿਤ ਕਰਕੇ ਸਾਡੇ ਇਨ੍ਹਾਂ ਮਹਾਂਪੁਰਖਾਂ ਅਤੇ ਅਨੁਭਵੀ ਤੱਤਵੇਤਿਆਂ ਨੇ ਆਪਣੇ ਸਰੋਕਾਰਾਂ ਨੂੰ ਅਭਿਵਿਅਕਤੀ ਦਿੱਤੀ। ਸਤੀ ਪ੍ਰਥਾ ਜਿਹੀ ਅਪਰਾਧਕ,ਭਿਅੰਕਰ,ਹੌਲਨਾਕ ਅਤੇ ਘਿਨਾਉਣੀ ਪ੍ਰਥਾ ਦਾ ਡਟ ਕੇ ਵਿਰੋਧ ਕਰਦਿਆਂ ਉਨ੍ਹਾਂ ਨੇ ਭੁੱਲੜ ਸਮਾਜ ਨੂੰ ਸਮਝਾਇਆ ਕਿ:

                    ਸਤੀਆ ਏਹਿ ਨਾ ਆਖੀਅਨਿ

                    ਜੋ ਮੜਿਆ ਲਗ ਜਲਨ॥

                    ਨਾਨਕ ਸਤੀਆ ਜਾਣੀਅਨਿ

                    ਜਿ ਬਿਰਹੇ ਚੋਟ ਮਰਨਿ॥

                                                      (ਆਸਾ ੧, ੭੮੭)

ਜਾਤ ਪਾਤ:               ਗੁਰਬਾਣੀ ਏਕਤਾ,ਸਮਾਨਤਾ, ਸੁਤੰਤਰਤਾ, ਬਰਾਬਰੀ ਅਤੇ ਸਰਵ ਸਾਂਝੀਵਾਲਤਾ ਦਾ ਸੰਦੇਸ਼ ਦਿੰਦੀ ਹੈ ਜਿਸ ਕਰਕੇ ਅਸਮਾਨਤਾ, ਅਧੀਨਗੀ, ਨਾ ਬਰਾਬਰੀ ਅਤੇ ਵਿਅਕਤੀਵਾਦਤਾ ਦਾ ਸਖ਼ਤ ਖੰਡਨ ਕਰਦੀ ਹੈ ਇੱਕ ਅੱਲ੍ਹਾ ਦੇ ਨੂਰ ਤੋਂ ਉਤਪੰਨ ਸ੍ਰਿਸ਼ਟੀ ਨੂੰ ਛੋਟੇ ਵੱਡੇ, ਉੱਚੇ ਨੀਵੇਂ ਅਤੇ ਰਾਜੇ ਰੰਕ ਵਿੱਚ ਵੰਡਣਾ ਬੱਜਰ ਭੁੱਲ ਹੈ ਸਾਡੇ ਸਾਧਕਾਂ ਨੇ ਆਖਿਆ ਹੈ ਕਿ:

                       ਖਤ੍ਰੀ ਬ੍ਰਾਹਮਣ ਸੂਦ ਵੈਸ

                       ਉਪਦੇਸੁ ਚਹੁ ਵਰਨਾ ਕਓੁ ਸਾਝਾ ॥

          ਇਸਦੇ ਨਾਲ ਮਿਲਦਾ ਹੀ ਇੱਕ ਹੋਰ ਪੱਖ ਵੀ 'ਦਲਿਤ ਸਮਾਜ' ਸਬੰਧੀ ਹੈ। ਇਹ ਪ੍ਰਭੂਤਾ ਸੰਪੰਨ ਹਾਕਮ ਸ਼੍ਰੇਣੀ ਅਤੇ ਉਸ ਦੇ ਵਿਚਾਰਧਾਰਾਈ ਉਸਾਰ ਨੂੰ ਵੰਗਾਰਦੀ ਹੈ ਅਤੇ ਸ਼ਬਦਾਂ ਦੇ ਮਾਧਿਅਮ ਰਾਹੀਂ ਨਿਤਾਣੇ ਅਤੇ ਦੱਬੇ ਕੁਚਲੇ ਵਰਗਾਂ ਨਾਲ ਆਪਣਾ ਸਰੋਕਾਰ ਜੋੜਦੀ ਹੈ।ਇਸ ਪ੍ਰਸੰਗ ਵਿੱਚ ਗੁਰੂ ਨਾਨਕ ਬਾਣੀ ਵਿਚਲੀਆਂ ਇਹ ਪੰਕਤੀਆਂ ਵਿਸ਼ੇਸ਼ ਤੌਰ ਤੇ ਧਿਆਨ ਯੋਗ ਹਨ:

                        ਨੀਚਾਂ ਅੰਦਰਿ ਨੀਚ ਜਾਤ

                        ਨੀਚੀ ਹੂ ਅਤਿ ਨੀਚ॥

                        ਨਾਨਕ ਤਿਨ ਕੈ ਸੰਗ ਸਾਥਿ

                        ਵਡਿਆ ਸਿਉ ਕਿਆ ਰੀਸ॥

ਮੂਰਤੀ ਪੂਜਾ:

               "ਠਾਕੁਰ ਹਮਰਾ ਸਦ ਬੋਲਤਾ" ਦਾ ਸੰਦੇਸ਼ ਦੇਣ ਵਾਲੇ ਕਿਸ ਮੂਰਤੀ ਪੂਜਾ ਦੇ ਸਮਰਥਕ ਹੋ ਸਕਦੇ ਸਨ।ਮੱਧਕਾਲੀ ਸੱਭਿਆਚਾਰ ਦੇ ਇਨ੍ਹਾਂ ਮੁੱਲਾਂ ਨੂੰ ਨਾਕਾਰਦਿਆਂ ਆਪਣੇ ਸਪਸ਼ਟ ਕੀਤੀ:

           ਜੋ ਪਾਥਰ ਕਓੁ ਕਹਿਤੇ ਦੇਵ

           ਤਾ ਕੀ ਬਿਰਥਾ ਹੋਵੈ ਸੇਵ॥

ਦਾਨ ਪੁੰਨ:

            ਧਰਮ ਕਰਮ ਰਵਾਇਤ ਜਾਂ ਮਜਬੂਰੀ ਬਸ ਦਾਨ ਕਰਨ ਦੀ ਪਰੰਪਰਾ ਇਸ ਸਮੇਂ ਦੀ ਜ਼ਿਕਰਯੋਗ ਪਰੰਪਰਾ ਸੀ।ਸੱਭਿਆਚਾਰ ਦੇ ਬਹੁਮੁੱਖੀ ਅੰਗਾਂ ਨੂੰ ਟੁੰਬਣ ਦੇ ਦ੍ਰਿਸ਼ਟੀਕੋਣ ਤੋਂ ਹੀ ਸਾਡੇ ਅਗਾਮੀ ਪੁਰਖਾਂ ਨੇ ਇਸ ਵਿਅੰਗਾਤਮਕ ਸ਼ੈਲੀ ਦੀ ਵਰਤੋਂ ਕੀਤੀ ਕਿ ਧੇਲਾ ਭੇਟ ਕਰਕੇ ਲੱਖਾਂ ਦੀ ਤਵੱਕੋ ਰੱਖਣ ਵਾਲਾ ਜੀਵ ਕਿਸ ਤਰ੍ਹਾਂ ਉਸ ਦਾਤਾਰ ਦੀ ਖੂਸ਼ੀ ਹਾਸਲ ਕਰ ਸਕਦਾ ਹੈ।ਗੁਰਬਾਣੀ ਦੀਆਂ ਪੰਕਤੀਆਂ ਹਨ ਕਿ:

                ਦੇ ਦੇ ਮੰਗਹਿ ਸਹਸਾ ਗੂਣਾ

                ਸੋਭ ਕਰੇ ਸੰਸਾਰ॥

ਤੀਰਥ ਇਸ਼ਨਾਨ:

                     ਜਿਸ ਸੱਭਿਆਚਾਰ ਵਿੱਚੋ ਸਹੀ ਕਰਮਾਂ ਦੀ ਭਾਵਨਾ ਲੁਪਤ ਹੋ ਚੁੱਕੀ ਹੋਵੇ ਤੇ ਪਾਪ ਪਾਖੰਡ ਦਾ ਬੋਲਬਾਲਾ ਹੋਵੇ ਉੱਥੇ ਤੀਰਥ ਗਵਨ, ਤੀਰਥ ਇਸ਼ਨਾਨਅਤੇ ਪੁਰਬਾਂ ਦੀ ਮਹੱਤਾ ਦਾ ਅਨੁਮਾਨ ਲਾਉਣਾ ਮੁਸ਼ਕਿਲ ਗੱਲ ਨਹੀਂ ਗੁਰਬਾਣੀ ਦੀ ਹੇਠ ਲਿਖੀ ਦੁੱਖ ਇਸ ਸਬੰਧੀ ਰੌਸ਼ਨੀ ਪ੍ਰਦਾਨ ਕਰਦੀ ਹੈ:

                     ਤੀਰਥ ਨਾਵਣੁ ਜਾਓ ਤੀਰਥ ਨਾਮ ਹੈ

               ਤੀਰਥ ਸਬਦ ਬਾਬਾ ਬਿਚਾਰੁ ਅੰਤਰਿ ਗਿਆਨ ਹੈ॥

ਨਿਰਸੰਦੇਹ, ਸਮਕਾਲੀ ਸੱਭਿਆਚਾਰ ਦੀਆਂ ਵਿਭਿੰਨ ਮਾਨਤਾਵਾਂ ਨੂੰ ਧਿਆਨ ਗੋਚਰ ਰੱਖਦਿਆਂ ਸਾਡੇ ਗੁਰਬਾਣੀ ਸਿਰਜਕਾਂ ਨੇ ਉਨ੍ਹਾਂ ਸਾਰੇ ਸੱਭਿਆਚਾਰਕ ਪੱਖਾਂ ਵਿੱਚ ਤਬਦੀਲੀ ਲਿਆਉਣ ਦਾ ਭਰਪੂਰ ਯਤਨ ਕੀਤਾ ਜਿਨ੍ਹਾਂ ਵਿੱਚ ਹੱਦ ਦਰਜੇ ਦਾ ਪ੍ਰਦੂਸ਼ਣ ਆ ਚੁੱਕਾ ਸੀ।

ਪਦਾਰਥਕ ਸੱਭਿਆਚਾਰ:

                                  ਸਮਕਾਲੀ ਰਾਜਨੀਤੀ ਸੱਭਿਆਚਾਰਕ ਮੁੱਲ ਵਿਧਾਨ ਨੂੰ ਹਮੇਸ਼ਾ ਪ੍ਰਭਾਵਿਤ ਕਰਦੀ ਰਹੀ ਹੈ ਮੱਧ ਕਾਲੀਨ ਰਾਜੇ ਆਪਣੇ ਆਪ ਨੂੰ ਸਰਵਸ੍ਰੇਸ਼ਟ ਸਮਝਦਿਆਂ ਨਿਰੰਤਰ ਮਨਮਾਨੀਆਂ,ਵਧੀਕੀਆਂ, ਆਪ ਹੁਦਰੀਆਂ ਅਤੇ ਲੁੱਟਾਂ ਖੋਹਾਂ ਕਰਦੇ ਰਹੇ ਹਨ ਤਾਕਤ ਦੇ ਕੂੜ ਨਸ਼ੇ ਵਿੱਚ ਚੂਰ ਇਨ੍ਹਾਂ ਸ਼ਾਹਾਂ ਅਤੇ ਪਾਤਸ਼ਾਹਾਂ ਬਾਰੇ ਸਾਡੇ ਮਹਾਂਪੁਰਖਾਂ ਦਾ ਇਹ ਗੁਰਵਾਕ ਕਿੰਨੀ ਕਠੋਰ ਸਚਾਈ ਦੀ ਤਰਜਮਾਨੀ ਕਰਦਾ ਹੈ:

        ਜਿੱਤਨੇ ਸਾਹ ਪਤਿਸਾਹ ਉਮਰਾਵ ਸਿਕਦਾਰ ਚਓਧਰੀ

        ਸਭਿ ਮਿਥਿਆ ਝੂਠੁ ਭਓੁ ਦੂਜਾ ਜਾਣੁ॥

"ਕੂੜ ਰਾਜਾ ਕੂੜ ਪਰਜਾ"ਦਾ ਹੋਕਾ ਦੇਣਾ ਵੀ ਸਾਡੇ ਰੂਹਾਨੀ ਰਹਿਬਰਾਂ ਦੇ ਸਦਾ ਕਾਇਮ ਦਾਇਮ ਪਾਤਸ਼ਾਹੀ ਦੇ ਸੰਦੇਸ਼ ਵਾਹਕ ਹੋਣ ਦੀ ਗਵਾਹੀ ਹੈ।

                ਗੁਰੂ ਸਾਹਿਬਾਨ ਦੇ ਸਮੇਂ ਬੁੱਤ ਪੂਜਾ ਜ਼ੋਰਾਂ ਉੱਤੇ ਸੀ ਧਰਮ ਦਾ ਅਸਲ ਸਰੂਪ ਓਜਲ ਹੋ ਚੁੱਕਾ ਸੀ ਸੱਭਿਆਚਾਰ ਦੀ ਇਸ ਇਕਾਈ ਵਿੱਚ ਪਰਿਵਰਤਨ ਦੀ ਲੋਚਾ ਵੱਸ ਗੁਰੂ ਸਾਹਿਬਾਨ ਪੁਕਾਰਦੇ ਹਨ ਕਿ:

                      ਘਰ ਨਾਰਾਇਣ ਸਭਾ ਨਾਲਿ

                      ਪੁੂਜ ਕਰੇ ਰਖੇੈ ਨਾਵਾਲਿ॥

                      ਕੁੱੰਗੁੂ ਚੱੰਨਣੁ ਫੁਨ ਚੜਾਏ

                      ਪੇੈਰਿ ਪੇੈ ਪੇੈ ਬਹੁਤੁ ਮਨਾਏ॥

                  ਬੇਪ੍ਰਵਾਹ ਜੀਵਨ ਤੋਰ ਖੁੱਲ੍ਹਾ ਡੁੱਲ੍ਹਾ ਖਾਣ ਅਤੇ ਪੀਣ ਪੰਜਾਬੀ ਸੱਭਿਆਚਾਰ ਦਾ ਹਮੇਸ਼ਾ ਖ਼ਾਸਾ ਰਿਹਾ ਹੈ ਖਾਣ ਦੀ ਖਾਤਿਰ ਖਾਣਾ ਜਾਂ ਖਾ ਕੇ ਪੇਟ ਵਧਾਉਣਾ ਨੂੰ  ਫਿਟਕਾਰਦੀਆਂ ਸਾਡੇ ਪੁਰਖੇ ਬੜੇ ਸਜਿੰਦ ਉਦਾਹਰਨ ਦੇ ਕੇ ਸਮਝਾਉਂਦੇ ਹਨ:

                 ਮਾਸੁ ਮਾਸੁ ਕਰ ਮੂਰਖ ਝਗੜੇ

                 ਗਿਆਨ ਧਿਆਨ ਨਹੀਂ ਜਾਣੇੈ॥

                 ਕਉਣ ਮਾਸੁ ਕਉਣ ਸਾਰਾ ਕਹਾਵੇੈ

                 ਕਿਸ ਮਹਿ ਪਾਪ ਸਮਾਣੇੈ॥

ਬੋਧਾਤਮਿਕ ਸੱਭਿਆਚਾਰ:

                                   ਤਿੰਨਾਂ ਵਿੱਚੋਂ ਸਭ ਤੋਂ ਵੱਧ ਮਹੱਤਵਪੂਰਨ ਸੱਭਿਆਚਾਰਕ ਪੱਖ ਜਿਸ ਨੇ ਸਾਡੇ ਤ੍ਰੈਕਾਲ ਦਰਸ਼ੀ ਰਹਿਬਰਾਂ ਨੂੰ ਟੁੰਬਿਆ ਉਹ ਬੋਧਾਤਮਿਕ ਸੱਭਿਆਚਾਰ ਹੀ ਹੈ ਜਿਸ ਦੇ ਅੰਤਰਗਤ ਜੰਤਰ-ਮੰਤਰ,ਜਾਦੂ ਟੂਣੇ,ਜੋਤਿਸ਼,ਸ਼ਗਨ ਅਪਸ਼ਗਨ,ਪੁੰਨ ਪਾਪ ਨਰਕ ਸੁਰਗ,ਆਵਾਗਵਣ,ਰਿੱਧੀਆਂ ਸਿੱਧੀਆਂ,ਕਰਾਮਾਤਾਂ,ਚੂਲੀ ਅੰਜਲੀ,ਆਰਤੀ ਗ੍ਰਹਿਸਤ ਦੀ ਉੱਚਤਾ,ਉਦਾਸੀ,ਸੰਨਿਆਸੀ,ਵੈਰਾਗੀ ਪ੍ਰਵਿਰਤੀਆਂ ਦਾ ਖੰਡਨ,ਫਲਸਫ਼ਾ,ਲੋਕ ਭਾਸ਼ਾ,ਮਿੱਥ ਪ੍ਰਤੀਕ ਪ੍ਰਗਟਾ ਵਿਧੀਆਂ,ਕਾਵਿ ਰੂਪ ਤੇ ਵਿਚਾਰਧਾਰਾ ਜਿਹੇ ਪੱਖ ਆਉਂਦੇ ਹਨ।ਗੁਰਬਾਣੀ ਸਿਰਜਕ ਧਰਮ ਕਰਮ ਦੇ ਨਾਂ ਉੱਤੇ ਜਾਰੀ ਲੁੱਟ ਨੂੰ ਨਕਾਰਦਿਆਂ ਕੂਕ ਕੂਕ ਕੇ ਸਾਨੂੰ ਸਮਝਾਉਂਦੇ ਹਨ ਕਿ:

          ਜਾਲਓ ਐਸੀ ਰੀਤ ਜਿਤੁ ਮੈ ਪਿਆਰਾ ਵੀਸਰੈ॥

          ਨਾਨਕ ਸਾਈ ਭਲੀ ਪਰੀਤਿ

          ਜਿਤੁ ਸਾਹਿਬ ਸੇਤੀ ਪਤਿ ਰਹੇੈ॥

ਇੰਝ ਫਜ਼ੂਲ ਰੀਤਾਂ ਰਵਾਇਤਾਂ ਨੂੰ ਮੁਕਾਉਣ ਦੀ ਪ੍ਰੇਰਨਾ ਦਿੰਦਾ ਇਹ ਕਲਾਮ ਤਮਾਮ ਪੱਖਾਂ ਨੂੰ ਆਪਣੀ ਬੁੱਕਲ ਵਿੱਚ ਲੈਂਦਾ ਹੈ।

ਸ਼ਗਨ ਅਪਸ਼ਗਨ:

                        ਧਰਮ ਦੇ ਘੜੰਮ ਚੌਧਰੀਆਂ ਵੱਲੋਂ ਨਿਰਧਾਰਤ ਘੜੀਆਂ,ਮੁਹੂਰਤਾਂ,ਪਲਾਂ ਅਤੇ ਦਿਨਾਂ ਉੱਤੇ ਕੋਈ ਕਾਰਜ ਕਰਨਾ ਜਾਂ ਨਾ ਕਰਨਾ ਸ਼ਗਨ ਜਾਂ ਅਪਸ਼ਗਨ ਮੰਨਿਆ ਜਾਂਦਾ ਹੈ ਉਂਝ ਤਾਂ ਪੰਜ ਸਦੀਆਂ ਤੋਂ ਵੀ ਲੰਮੇ ਅਰਸੇ ਦੌਰਾਨ ਇਸ ਦੀ ਸ਼ਿੱਦਤ ਮਾਂਦ ਨਹੀਂ ਪਈ ਫਿਰ ਵੀ ਸਾਡੇ ਸੱਭਿਆਚਾਰ ਵਿੱਚ ਇਸ ਦੀ ਕਰੂਪਤਾ ਵਾਚਦਿਆਂ ਸਾਡੇ ਰਹਿਬਰਾਂ ਨੇ ਸਮਝਾਉਣ ਦਾ ਪੂਰਾ ਟਿੱਲ ਲਾਇਆ ਸੀ:

                   ਸਗੁਨ ਅਪਸਗਨ ਤਿਸ ਕਓੁ ਲਗਹਿ

                   ਜਿਸ ਚੀਤਿ ਨ ਆਵੇੈ॥ ਜੰਤਰ ਮੰਤਰ ਤੰਤਰ:

                       ਅਗਿਆਨਤਾ ਦੀ ਦਲ ਦਲ ਵਿੱਚ ਧਸੀ ਲੁਕਾਈ ਅਜਿਹੇ ਵਹਿਮਾਂ ਭਰਮਾਂ ਤੋਂ ਨਿਜਾਤ ਹਾਸਲ ਨਹੀਂ ਸੀ ਕਰ ਸਕਦੀ ਇਸੇ ਕਰਕੇ ਅਸਲ ਮੰਤਰ, ਮੂਲ ਮੰਤਰ, ਗੁਰ ਮੰਤਰ ਅਤੇ ਮਹਾਂਮੰਤਰ ਦੀ ਸੋਝੀ ਕਰਵਾਉਂਦੇ ਸਾਡੇ ਸੰਚਾਲਕਾਂ ਨੇ ਫੁਰਮਾਇਆ ਹੈ ਕਿ:

                      ਤੰੰਤੁ ਮੰੰਤੁ ਪਾਖੰੰਡੁ ਨ ਜਾਣਾ

                      ਰਾਮ ਰਿਦੇੈ ਮਨ ਮਾਨਿਆ॥ ਮਨੁੱਖ ਅਤੇ ਪਸ਼ੂ ਬਲੀ:

                 ਮੱਧਕਾਲੀਨ ਸੱਭਿਆਚਾਰ ਵਿੱਚ ਅਮਾਨਵੀ ਕਦਰਾਂ ਕੀਮਤਾਂ ਦਾ ਬੋਲ ਬਾਲਾ ਸੀ ਪ੍ਰਕਿਰਤਕ ਸ਼ਕਤੀਆਂ ਦੀ ਕਰੋਪੀ ਅਦਾਨ ਅਤੇ ਮਹਾਂਮਾਰੀ ਤੋਂ ਬਚਾਅ ਲਈ ਜਾਂ ਦੇਵੀ ਦੇਵਤਿਆਂ ਦਾ ਅਸ਼ੀਰਵਾਦ ਹਾਸਲ ਕਰਨ ਲਈ ਪਸ਼ੂ ਬਲੀ ਤੋਂ ਇਲਾਵਾ ਮਨੁੱਖੀ ਬਲੀ ਦੇਣ ਦੀ ਪ੍ਰਥਾ ਵੀ ਪ੍ਰਚੱਲਤ ਸੀ ਪੱਛੜੇ ਅਤੇ ਦੂਰ ਦੁਰਾਡੇ ਖੰਡਾਂ ਵਿੱਚ ਵੱਸਦੇ ਲੋਕਾਂ ਵਿੱਚ ਅੱਜ ਵੀ ਅਜਿਹੀਆਂ ਹੌਲਨਾਕ ਕੁਰੀਤੀਆਂ  ਮੌਜੂਦ ਹਨ।ਗੁਰਬਾਣੀ ਤਾਂ ਸੱਚੇ ਧਾਨ ਸੱਚੇ ਮਨ ਅਤੇ ਪਵਿੱਤਰ ਸੋਚ ਦੀ ਹੋਣ ਦੀ ਲਿਖਾਇਕ ਹੈ ਇਸ ਕਰਕੇ ਸਾਡੇ ਪੁਰਖ਼ਿਆਂ ਨੇ ਸਪਸ਼ਟ ਕੀਤਾ ਹੈ ਕਿ:

                        ਨਾਨਕੁ ਸਿਰੁ ਦੇ ਛੁੂਟੀਅੇੈ

                         ਮਨ ਤਨ ਸਾਚਾ ਸੋਇ॥

ਨਰਕ ਸਵਰਗ  ਤੇ ਆਵਾਗਵਣ:

                                        ਨਰਕਾਂ ਦੀ ਦੁਸ਼ਵਾਰੀ ਦੇ ਬਚਾਓ ਅਤੇ ਸਵਰਗਾਂ ਦੀ ਪ੍ਰਾਪਤੀ ਦੇ ਲਾਰੇ ਲਾ ਕੇ ਪ੍ਰਜਾ ਨੂੰ ਦੋਵੇਂ ਹੱਥੀਂ ਲੁੱਟਣ ਵਾਲੇ ਧਰਮ ਦੇ ਠੇਕੇਦਾਰਾਂ ਨੇ ਅਜਿਹਾ ਜਾਲ ਬੁਣ ਰੱਖਿਆ ਸੀ ਕਿ ਚਾਹੁੰਦਿਆਂ ਹੋਇਆਂ ਵੀ ਲੋਕ ਇਸ ਵਿੱਚੋਂ ਨਿਕਲ ਨਹੀਂ ਸਨ ਸਕਦੇ ਨਰਕ ਤੇ ਸੁਰਗ ਦੇ ਝਾਂਸਿਆਂ ਰਾਹੀਂ ਮੋਟੀ ਕਮਾਈ ਇਸ ਸਮੇਂ ਦੇ ਧਾਰਮਿਕ ਆਗੂਆਂ ਦਾ ਮੁੱਖ ਧੰਦਾ ਸੀ ਆਹ ਜੀਵਨ ਏਨਾ ਹੀ ਚੱਕਰਾਂ ਵਿੱਚ ਫਸੇ ਸਿੱਧੇ ਸਾਦੇ ਵਿਅਕਤੀਆਂ ਨੂੰ ਜੀਵਨ ਮੁਕਤੀ ਦਾ ਸੰਦੇਸ਼ ਦਿੰਦੀ ਗੁਰਬਾਣੀ ਨੇ ਬਿਲਕੁਲ ਸਹੀ ਸਮਝਾਇਆ ਕਿ ਸਾਈਨ ਦਾ ਸਵਾਸ ਸਵਾਸ ਸਿਮਰਨ ਕਰਨ ਵਾਲ਼ੇ ਨਰਕਾਂ ਵੱਲ ਜਾ ਹੀ ਨਹੀਂ ਸਕਦੇ ਦਰਅਸਲ ਸਾਡੇ ਤੱਤਵੇਤਿਆਂ ਨੇ ਇਸ   ਸੰਕਲਪ ਤੋਂ ਹੀ ਇਨਕਾਰ ਕੀਤਾ ਹੈ।

ਕਵਨੁ ਨਰਕੁ ਕਿਆ ਸੁਰਗੁ ਬਿਚਾਰਾ

ਸੰੰਤਨ ਦੋੋਓ ਰਾਦੇ॥

ਹਮ ਕਾਹੁੂੰੰ ਕੀ ਕਾਣਿ ਨ ਕਢਤੇ

ਅਪਨੇ ਗੁਰ ਪਰਸਾਦੇ॥

ਰਾਗ ਸੰਗੀਤ:''

             ਭਾਰਤੀ ਸੰਗੀਤ ਦੀ ਪ੍ਰਚੱਲਤ ਅਤੇ ਪ੍ਰਵਾਨਿਤ ਪਰੰਪਰਾ ਨੂੰ ਦ੍ਰਿਸ਼ਟੀਗੋਚਰ ਰੱਖਦਿਆਂ ਸਮੁੱਚੀ ਗੁਰਬਾਣੀ ਨੂੰ ਇਕੱਤੀ ਰਾਗਾਂ ਵਿੱਚ ਵਿਭਾਜਤ ਕਰਕੇ ਹੋਰ ਸੰਗੀਤਕ ਸੰਕੇਤਾਂ ਤੇ ਧੁਨੀਆਂ ਦੇ ਹਵਾਲੇ ਜਟਾਉਣੇ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹਨ ਕਿ ਸਾਡੇ ਸੱਭਿਆਚਾਰ ਦਾ ਇੱਕ ਬੇਹੱਦ ਮਹੱਤਵਪੂਰਨ ਅੰਗ ਬਣ ਚੁੱਕੀ ਸੰਗੀਤ ਕਲਾ ਨੂੰ ਸਾਡੇ ਪਰਮ ਪੁਰਸ਼ਾਂ ਨੇ ਹੋਰ ਵੀ ਵੜਿਆ ਅਤੇ ਉੱਚਿਆਂ ਦਿੱਤਾ।ਇੰਜ ਆਪਣੇ ਦੈਵੀ, ਉਚੇਰੇ ਅਤੇ ਮਹਾਨ ਵਿਚਾਰਾਂ ਦਾ ਵਾਹਨ ਸੱਚਮੁੱਚ ਸੰਗੀਤ ਨੂੰ ਬਣਾਇਆ।[4]

ਉਪਰੋਕਤ ਸਾਰੀ ਵਿਚਾਰ ਚਰਚਾ ਦੇ ਆਧਾਰ ਤੇ ਅਸੀਂ ਆਖ ਸਕਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੱਧਕਾਲੀਨ ਭਾਰਤ ਦੇ ਇਤਿਹਾਸ ਵਿੱਚ ਇੱਕ ਵਿਸ਼ੇਸ਼ ਪ੍ਰਕਾਰ ਦੀ ਸੱਭਿਆਚਾਰਕ ਕ੍ਰਾਂਤੀ ਨੂੰ ਜਨਮ ਦਿੰਦੀ ਹੈ ਇਹ ਅਤੀਤ ਕਾਲ ਤੋਂ ਤੁਰੀ ਆ ਰਹੀ ਬ੍ਰਾਹਮਣਵਾਦੀ ਪ੍ਰਥਾ ਦੇ ਪ੍ਰਤੀਗਾਮੀ ਕਿਰਦਾਰ ਦਾ ਖੰਡਨ ਕਰਦੀ ਹੈ ਇਹ ਸ਼ਬਦ ਨੂੰ ਬ੍ਰਾਹਮਣ ਦੀ ਅਜਾਰੇਦਾਰੀ ਤੋਂ ਮੁਕਤ ਕਰਕੇ ਗਿਆਨ ਦੀ ਧਾਰਾ ਨੂੰ ਸਮੁੱਚੀ ਲੁਕਾਈ ਵਿੱਚ ਪ੍ਰਭਾਵਿਤ ਕਰ ਦਾ ਉਪਰਾਲਾ ਕਰਦਾ ਹੈ ਇਸ ਦੇ ਫਲਸਰੂਪ ਭਾਰਤ ਦੀ ਅਨਾਦੀ ਕਾਲ ਤੋਂ ਤੁਰੀ ਆ ਰਹੀ ਸੱਭਿਆਚਾਰਕ ਵਿਰਾਸਤ ਇਤਿਹਾਸ ਦੇ ਗਤੀਸ਼ੀਲ ਪ੍ਰਵਾਹ ਵਿੱਚ ਪੈ ਕੇ ਨਵੀਂ ਸਾਰਥਿਕਤਾ ਗ੍ਰਹਿਣ ਕਰਦੀ ਹੈ ਇਹੀ ਕਾਰਨ ਹੈ ਕਿ ਗੁਰਬਾਣੀ ਇੱਕ ਸਾਂਝੇ ਮਿੱਸੇ ਅਤੇ ਜੀਵੱੰਤ ਸੱਭਿਆਚਾਰ ਦਾ ਸ਼ੰਦੇਸ਼ ਸੰਚਾਰਿਤ ਕਰਦਾ ਹੈ ਜੋ ਅਨੇਕਤਾ ਵਿੱਚ ਏਕਤਾ ਦਾ ਅਹਿਸਾਸ ਜਗਾਉਂਦਾ ਹੈ ਇਉਂ ਗੁਰਬਾਣੀ ਇੱਕ ਨਵੇਂ ਅਤੇ ਕ੍ਰਾਂਤੀਕਾਰੀ ਸੱਭਿਆਚਾਰ ਨੂੰ ਵਿਕਸਿਤ ਕਰਨਾ ਲੋੜਦੀ ਹੈ।[6]

  1. ਸੱਭਿਆਚਾਰ ਦਾ ਅਧਾਰ (ਭਾਸ਼ਾ ਵਿਭਾਗ) ਪੰਨਾ ੧
  2. ਸਭਿਆਚਾਰਕ ਕ੍ਰਾਂਤੀ ਅਤੇ ਮਾਨਵ ਮੁਕਤੀ ਦਾ ਪ੍ਰਵਚਨ: ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੯੮,੯੯
  3. ਗੁਰੂ ਗ੍ਰੰਥ ਸਾਹਿਬ ਵਿੱਚ ਸੱਭਿਆਚਾਰਕ ਚੇਤਨਾ- ਡਾ.ਰਤਨ ਸਿੰਘ ਜੱਗੀ (ਸੱਭਿਆਚਾਰਕ ਪੱਤ੍ਰਿਕਾ, ਪੰਜਾਬੀ ਯੂਨੀਵਰਸਿਟੀ ਪਟਿਆਲਾ,ਅੰਕ-੨)ਪੰਨਾ ੧
  4. 4.0 4.1 ਗੁਰਬਾਣੀ ਦਾ ਸੱਭਿਆਚਾਰਕ ਪਰਿਪੇਖ- ਡਾ ਕੁਲਵੰਤ ਕੌਰ (ਸਭਿਆਚਾਰਕ ਪੱਤ੍ਰਿਕਾ ਅੰਕ-੨) ਪੰਨਾ ੧੨੮
  5. ਗੁਰਬਾਣੀ ਦੇ ਸੱਭਿਆਚਾਰਕ ਪਰਿਪੇਖ ਵਿੱਚ ਇਸਤਰੀ ਅਤੇ ਗ੍ਰਹਿਸਤ- ਡਾ. ਹਰਿੰਦਰ ਕੌਰ (ਸਭਿਆਚਾਰਕ ਪੱਤ੍ਰਿਕਾ ਅੰਕ-੨) ਪੰਨਾ ੧੪੦
  6. ਗੁਰਸ਼ਬਦ (ਗੁਰਬਾਣੀ) ਅਤੇ ਸਭਿਆਚਾਰਕ ਕ੍ਰਾਂਤੀ, ਪੰਨਾ ੯੭