ਸੱਦਾ-ਪੱਤਰ (ਇਨਵੀਟੇਸ਼ਨ ਕਾਰਡ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੱਦਾ-ਪੱਤਰ (ਇਨਵੀਟੇਸ਼ਨ ਕਾਰਡ) ਜ਼ਿੰਦਗੀ ਦੇ ਜਸ਼ਨਾਂ ਦਾ ਮੋਹ-ਭਿੱਜਿਆ ਬੁਲਾਵਾ ਹੁੰਦੇ ਹਨ। ਇਹਨਾਂ ਜਸ਼ਨਾਂ ਵਿੱਚ ਵਿਆਹ ਸ਼ਾਦੀ ਪ੍ਰਮੁੱਖ ਹਨ, ਜਿਹਨਾਂ ਦੀ ਰੀਝ ਮਾਪੇ ਬੱਚੇ ਦੇ ਜਨਮ ਤੋਂ ਹੀ ਪਾਲ਼ ਲੈਂਦੇ ਹਨ। ਵਰ੍ਹਿਆਂ ਦੀ ਉਡੀਕ ਬਾਅਦ ਇਹ ਭਾਗਾਂ ਭਰਿਆ ਦਿਹਾੜਾ ਆਉਂਦਾ ਹੈ, ਜਿਹੜਾ ਆਪਣੇ ਮਿੱਤਰਾਂ-ਰਿਸ਼ਤੇਦਾਰਾਂ ਦੀ ਹਾਜ਼ਰੀ ਨਾਲ਼ ਹੀ ਸੋਭਦਾ ਹੈ। ਇਸ ਲਈ ਪੁਰਾਣੇ ਸਮਿਆਂ ਵਿੱਚ ਨਾਈ/ਲਾਗੀ ਹੱਥ ਗੰਢਾਂ ਭੇਜੀਆਂ ਜਾਂਦੀਆਂ ਸਨ, ਜਿਸ ਵਿੱਚ ਖੰਮ੍ਹਣੀ ਨੂੰ ਸੱਤ ਗੰਢਾਂ ਦਿੱਤੀਆਂ ਹੁੰਦੀਆਂ ਤੇ ਬਾਕੀ ਜਾਣਕਾਰੀ ਉਹ ਮੂੰਹ-ਜ਼ੁਬਾਨੀ ਦਿੰਦਾ, ਇਸ ਸ਼ਗਨਾਂ ਭਰੇ ਬੁਲਾਵੇ ਨੂੰ ਬੜੇ ਚਾਅਵਾਂ ਅਤੇ ਰੀਝਾਂ ਨਾਲ਼ ਕਬੂਲ ਕੀਤਾ ਜਾਂਦਾ। ਫਿਰ ਪੋਸਟ-ਕਾਰਡ ਭੇਜੇ ਜਾਣ ਲੱਗ ਗਏ, ਜਿਹਨਾਂ ਵਿੱਚ ਲਿਖੇ ਵਿਆਹ ਦੇ ਵੇਰਵੇ ਉੱਤੇ ਛਿੜਕਿਆ ਕੇਸਰ ਜਾਂ ਹਲ਼ਦੀ ਹੱਥ ਵਿੱਚ ਆਉਂਦਿਆਂ ਹੀ ਮਨਾਂ ਨੂੰ ਝੂਮਣ ਤੇ ਮਹਿਕਣ ਲਾ ਦਿੰਦੇ । ਵਕਤ ਬਦਲਦਾ ਗਿਆ, ਗੁਰਵਾਕ, ਕਿਸੇ ਲੋਕਗੀਤ ਦੀ ਤੁਕ ਨਾਲ਼ ਸਜਾ ਕੇ ਵਿਆਹ, ਕੁੜਮਾਈ ਜਾਂ ਹੋਰ ਕਿਸੇ ਸ਼ਗਨ-ਵਿਹਾਰ ਵਾਲ਼ੇ ਦਿਨ ਦੀ ਮਿਤੀ, ਸਥਾਨ ਅਤੇ ਹੋਰ ਜ਼ਰੂਰੀ ਜਾਣਕਾਰੀ ਛਪਵਾ ਕੇ ਪਿਆਰ ਭਰਿਆ ਬੁਲਾਵਾ ਦਿੰਦੇ ਸੱਦਾ-ਪੱਤਰ ਵਿਸ਼ੇਸ਼ ਸੁੰਦਰ ਲਿਫ਼ਾਫੇ ਵਿੱਚ ਪਾ ਕੇ ਡਾਕ ਰਾਹੀਂ ਭੇਜੇ ਜਾਣ ਲੱਗੇ ਜਾਂ ਨੇੜਲੇ ਸਾਕ-ਸਬੰਧੀਆਂ ਨੂੰ ਹੱਥੀਂ ਦਿੱਤੇ ਜਾਣ ਲੱਗੇ। ਅੱਜ-ਕੱਲ੍ਹ ਇਹ ਸੱਦਾ-ਪੱਤਰ ਵੱਖ-ਵੱਖ ਨਮੂਨਿਆਂ ਦੇ ਬੇਸ਼ਕੀਮਤੀ ਤੇ ਖ਼ੂਬਸੂਰਤ ਡੱਬਿਆਂ ਨਾਲ਼ ਦਿੱਤੇ ਜਾਂਦੇ ਹਨ, ਜਿਹਨਾਂ ਵਿੱਚ ਸਜਾ ਕੇ ਰੱਖੀ ਉੱਤਮ ਤੋਂ ਉੱਤਮ ਮਿਠਿਆਈ, ਸੁੱਕੇ ਮੇਵੇ, ਭਾਜੀ, ਪੰਜੀਰੀ ਆਦਿ ਰੂਹਾਂ ਵਿੱਚ ਮਿਠਾਸ ਭਰਦੇ ਹਨ। ਬਹੁਤੀ ਵਾਰ ਤਾਂ ਇਸ ਡੱਬੇ ਵਿੱਚ ਹੀ ਇੱਕ ਜੇਬ੍ਹ ਬਣੀ ਹੁੰਦੀ ਹੈ, ਜਿਸ ਵਿੱਚ ਸੱਦਾ-ਪੱਤਰ ਪਾ ਦਿੱਤਾ ਜਾਂਦਾ ਹੈ ਤੇ ਡੱਬੇ ਉੱਤੇ ਵਿਆਹ ਵਾਲ਼ੀ ਜੋੜੀ ਅਤੇ ਮਾਤਾ-ਪਿਤਾ ਦਾ ਨਾਂ,ਪਤਾ,ਫੋਨ ਆਦਿ ਛਪਿਆ ਹੁੰਦਾ ਹੈ। ਵਿਦੇਸ਼ਾਂ ਵਿੱਚ ਤਾਂ ਕਈ ਵਾਰ ਆਉਣ ਵਾਲ਼ੇ ਮੇਲੀ-ਮੇਲਣਾਂ ਦੀ ਗਿਣਤੀ ਬਾਰੇ ਵੀ ਜਵਾਬ ਮੰਗ ਲਿਆ ਜਾਂਦਾ ਹੈ ਤਾਂ ਕਿ ਉਹਨਾਂ ਦੀ ਟਹਿਲ-ਸੇਵਾ ਦੇ ਸੁਚੱਜੇ ਪ੍ਰਬੰਧ ਕੀਤੇ ਜਾ ਸਕਣ। ਸਮੇਂ ਦੀ ਭੱਜ-ਦੌੜ ਵਿੱਚ ਅਕਸਰ ਪ੍ਰਾਹੁਣਿਆਂ ਨੂੰ ਅਲੱਗ ਅਲੱਗ ਸਮਾਗਮਾਂ ’ਤੇ ਸੱਦਿਆ ਜਾਂਦਾ ਹੈ ਤੇ ਉਹਨਾਂ ਨੂੰ ਉਹੀ ਸੱਦਾ-ਪੱਤਰ ਦਿੱਤਾ ਜਾਂਦਾ ਹੈ, ਜਿਸ ਮੌਕੇ ’ਤੇ ਬੁਲਾਉਣ ਦੀ ਇੱਛਾ ਹੋਵੇ। ਇਹ ਸੱਦਾ-ਪੱਤਰ ਉਸੇ ਨਾਲ਼ ਮੇਲ਼ ਖਾਂਦੇ ਲਿਫਾਫੇ ਅੰਦਰ ਪਾ ਕੇ ਡਾਕ ਵਿੱਚ ਪਾਏ ਜਾਂਦੇ ਹਨ ਜਾਂ ਕਿਸੇ ਹੱਥ ਘੱਲੇ ਜਾਂਦੇ ਹਨ। ਵਿਗਿਆਨ ਦੀ ਤਰੱਕੀ ਨੇ ਇਹ ਕਾਰਜ ਹੋਰ ਵੀ ਸੁਖਾਲ਼ਾ ਕਰ ਦਿੱਤਾ ਹੈ, ਸੱਦਾ-ਪੱਤਰ ਦੀ ਤਸਵੀਰ ਖਿੱਚ ਕੇ ਫੋਨ ਰਾਹੀਂ ਵਟਸਐਪ, ਈਮੇਲ ਜਾਂ ਇਹੋ ਜਿਹੇ ਕਿਸੇ ਹੋਰ ਸਾਧਨ ਦੁਬਾਰਾ ਭੇਜ ਦਿੱਤੀ ਜਾਂਦੀ ਹੈ, ਜੋ ਨਾਲ਼ ਦੀ ਨਾਲ਼ ਅਗਲੇ ਤੱਕ ਪਹੁੰਚ ਜਾਂਦੀ ਹੈ।

     ‘ਸਾਹਾ-ਚਿੱਠੀ’-ਲੜਕੀ ਦੇ ਪਿਤਾ,ਨਾਤੇਦਾਰਾਂ,ਪੰਚਾਇਤ ਵੱਲੋਂ ਲੜਕੀ ਦੇ ਸਹੁਰਾ ਪਰਿਵਾਰ ਨੂੰ ਘੱਲੀ ਜਾਂਦੀ ਹੈ। ਇਸ ਵਿੱਚ ਉਹਨਾਂ ਨੂੰ ਰਸਮੀ ਤੌਰ ’ਤੇ ਵਿਆਹ ਦੀ ਤਾਰੀਖ, ਦਿਨ, ਸਥਾਨ ਆਦਿ ਬਾਰੇ ਸੂਚਨਾ ਦਿੰਦਿਆਂ ਨਿਯਤ ਸਮੇਂ ਢੁੱਕਣ ਲਈ ਅਰਜ਼ ਗੁਜ਼ਾਰੀ ਜਾਂਦੀ ਹੈ। ਹੇਠਾਂ ਲੜਕੀ ਦੇ ਮਾਤਾ-ਪਿਤਾ/ਰਿਸ਼ਤੇਦਾਰਾਂ/ਪੰਚਾਇਤ/ ਜਾਂ ਮੁਹੱਲੇਦਾਰਾਂ ਦੇ ਨਾਮ, ਦਸਤਖਤ ਹੁੰਦੇ ਹਨ। ਇਹ ਚਿੱਠੀ ਪਾਂਧਾ ਕੇਸਰ ਦੀ ਸਿਆਹੀ ਨਾਲ਼ ਲਿਖਦਾ ਹੈ, ਕਈ ਵਾਰ ਕਲਮ ਨਾਲ਼ ਲਿਖ ਕੇ ਉੱਤੇ ਕੇਸਰ ਦੇ ਟਿੱਕੇ ਲਾ ਦਿੱਤੇ ਜਾਂਦੇ ਹਨ। ਅੱਜਕੱਲ੍ਹ ਤਾਂ ਵਿਆਹ ਦੇ ਸੱਦਾ-ਪੱਤਰਾਂ ਵਾਂਗ ਸਾਹੇ-ਚਿੱਠੀਆਂ ਵੀ ਛਪਾ ਲਈਆਂ ਜਾਂਦੀਆਂ ਹਨ, ਜਿਹਨਾਂ ਨੂੰ ਸ਼ਨੀਲ, ਵੈਲਵਟ, ਗੋਟੇ ਤਿੱਲੇ ਨਾਲ਼  ਸ਼ਿੰਗਾਰ ਦਿੱਤਾ ਜਾਂਦਾ ਹੈ। ਸਾਹੇ-ਚਿੱਠੀ ਦੇ ਨਾਲ਼ ਮਿਸ਼ਰੀ, ਖੰਡ, ਚੌਲ, ਹਲਦੀ ਦੀ ਪੁੜੀ ਤੇ ਹਰੇਵਾਈ ਵਜੋਂ ਸਾਵੇ ਘਾਹ ਦੀਆਂ ਤਿੜਾਂ ਦੀ ਗੁੱਛੀ ਵੀ ਭੇਜੀ ਜਾਂਦੀ ਹੈ। ਕੁਝ ਲੋਕ ਇਹਨਾਂ ਦੀ ਥਾਂ ਮਿਠਾਈ, ਸੁੱਕੇ ਮੇਵੇ ਆਦਿ ਵੀ ਭੇਜ ਦਿੰਦੇ ਹਨ। ਆਮ ਤੌਰ ’ਤੇ ਇਹ ਚਿੱਠੀ ਲਾਗੀ ਹੱਥ ਹੀ ਘੱਲੀ ਜਾਂਦੀ ਹੈ, ਪਰ ਕਦੀ ਕਦੀ ਲੜਕੀ ਦਾ ਕੋਈ ਸਬੰਧੀ ਜਾਂ ਵਿਚੋਲਾ ਵੀ ਇਹਨੂੰ ਲੈ ਜਾਂਦਾ ਹੈ। ਸਾਹਾ-ਚਿੱਠੀ ਪਹੁੰਚਣ ’ਤੇ ਲੜਕੇ ਦਾ ਬਾਪ ਬਰਾਦਰੀ ਨੂੰ ਸੱਦ ਕੇ ਸਭ ਦੇ ਸਾਹਮਣੇ ਇਹਨੂੰ ਪੜ੍ਹਾਉਂਦਾ ਹੈ। ਸਾਰੇ ਵਧਾਈਆਂ ਦਿੰਦੇ ਹਨ, ਮੂੰਹ ਮਿੱਠਾ ਕਰਦੇ ਹਨ। ਚਿੱਠੀ ਲਿਆਉਣ ਵਾਲ਼ੇ ਨੂੰ ਲਾਗ, ਕੰਬਲ਼, ਨਕਦੀ ਆਦਿ ਦੇ ਕੇ ਵਾਪਿਸ ਤੋਰਿਆ ਜਾਂਦਾ ਹੈ। 
    ਵਿਆਂਹਦੜ ਦੀ ਮਾਂ ਆਪਣੇ ਪੇਕਿਆਂ ਦੇ ਘਰ ਕਾਰਡ ਅਤੇ ਮਿਠਾਈ ਲੈ ਕੇ ਆਪ ਗੰਢ ਦੇਣ ਜਾਂਦੀ ਹੈ, ਅੱਗੋਂ ਮਾਪੇ ਉਹਦੇ ਰੱਜਵੇਂ ਚਾਅ ਕਰਦੇ,  ਸੂਟ ਤੇ ਹੋਰ ਸੁਗਾਤਾਂ ਨਾਲ਼ ਵਾਪਿਸ ਤੋਰਦੇ ਹਨ । ਇਸ ਮੌਕੇ ਨਾਨਕੀ-ਛੱਕ ਬਾਰੇ ਵੀ ਵਿਚਾਰ-ਵਟਾਂਦਰਾ ਕਰ ਲਿਆ ਜਾਂਦਾ ਹੈ।  
     ਪਰ ਮਨਮੋਹਣੇ ਵਿਕਾਸ ਦੇ ਨਾਲ਼ ਨਾਲ਼ ਕੁਝ ਅਣਸੁਖਾਂਵਾਂ ਵੀ ਵਾਪਰਨ ਲੱਗਾ ਹੈ। ਬਹੁਮੁੱਲੇ ਸੱਦਾ-ਪੱਤਰਾਂ ਉੱਤੇ ਖਰਚਿਆ ਬੇਸ਼ੁਮਾਰ ਧਨ ਸੀਮਿਤ ਆਮਦਨ ਵਾਲ਼ੇ ਪਰਿਵਾਰਾਂ ਦੀ ਹੇਠੀ ਕਰਨ ਲੱਗਾ ਹੈ ਤੇ ਵਿਖਾਵੇ ਦੀ ਇਸ ਚਮਕਾਰ ਵਿੱਚ ਉਹਨਾਂ ਦਾ ਇੱਜ਼ਤ ਮਾਣ ਫਿੱਕਾ ਪੈਣ ਲੱਗਾ ਹੈ।  ਦੂਜੀ ਮੰਦਭਾਗੀ ਗੱਲ ਇਹ ਹੋਈ ਹੈ ਕਿ ਪਹਿਲਾਂ ਜਿਹੜੇ ਹਲ਼ਦੀ-ਕੇਸਰ ਵਾਲ਼ੇ ਕਾਰਡ, ਰੁੱਕੇ ਜਾਂ ਚਿੱਠੀਆਂ ਸਿੱਧੀ ਸਾਦੀ ਅਪਣੱਤ ਭਰੀ ਮਾਂ-ਬੋਲੀ ਪੰਜਾਬੀ (ਗੁਰਮੁਖੀ ਲਿੱਪੀ) ਵਿੱਚ ਹੁੰਦੇ ਸਨ, ਉਹ ਅੰਗਰੇਜ਼ੀ ਵਿੱਚ ਹੋ ਗਏ ਹਨ, ਜਦੋਂ ਕਿ ਸੱਦਣ ਵਾਲ਼ੇ ਵੀ ਪੰਜਾਬੀ ਹੁੰਦੇ ਹਨ ਤੇ ਆਉਣ ਵਾਲ਼ੇ ਵੀ ਪੰਜਾਬੀ, ਪਰ ਆਪਣੇ ਆਪ ਨੂੰ ਅੰਗਰੇਜ਼ ਜਾਂ ਆਧੁਨਿਕ ਸਿੱਧ ਕਰਨ ਦੀ ਹੋੜ ਵਿੱਚ ਮਾਂ-ਬੋਲੀ ਦੀ ਵੀ ਹੇਠੀ ਹੋ ਰਹੀ ਹੈ।
    ਹੁਣ ਤਾਂ ਵਿਆਹ-ਸ਼ਾਦੀ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਜਸ਼ਨਾਂ, ਜਿਵੇਂ ਸਵਾਗਤੀ-ਸਮਾਰੋਹ  ,ਜਨਮ-ਦਿਨ, ਲੋਹੜੀ, ਸੇਵਾ-ਮੁਕਤੀ, ਸੋਗ-ਸਮਾਗਮਾਂ ਆਦਿ ਦੇ ਸੱਦਾ-ਪੱਤਰ ਵੀ ਭੇਜੇ ਜਾਂਦੇ ਹਨ, ਪਰ ਬਹੁਤੇ ਅੰਗਰੇਜ਼ੀ ਵਿੱਚ। ਕੋਈ ਕੋਈ ਟਾਵਾਂ ਟਾਵਾਂ ਮਾਂ-ਬੋਲੀ ਨੂੰ ਪਿਆਰ ਕਰਨ ਵਾਲ਼ਾ ਪੰਜਾਬੀ(ਗੁਰਮੁਖੀ ਲਿੱਪੀ) ਵਿੱਚ ਵੀ ਸੱਦਾ-ਪੱਤਰ ਤਿਆਰ ਕਰਦਾ ਜਾਂ ਕਰਵਾਉਂਦਾ ਹੈ।  ਬਹੁਤ ਸਾਰੇ ਅਜੇਹੇ ਮਾਪੇ ਵੀ ਹਨ, ਜਿਹੜੇ ਪੰਜਾਬੀ ਵਿੱਚ ਸੱਦਾ-ਪੱਤਰ ਛਪਵਾਉਣਾ ਚਾਹੁੰਦੇ ਹਨ, ਪਰ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਉਹ ਸ਼ਗਨਾਂ ਦੇ ਬੋਲਾਂ ਵਿੱਚ ਗੁੰਨ੍ਹੀ ਸਾਹਿਤਕ ਸਮੱਗਰੀ ਕਿੱਥੋਂ ਲੈਣ? ਇਹੋ ਜਿਹੇ ਪੰਜਾਬੀ-ਪਿਆਰਿਆਂ ਲਈ ਇੱਕ ਕਿਤਾਬ ‘ਚੌਮੁਖੀਆ ਇਬਾਰਤਾਂ ’ ਉਪਲਬਧ ਹੈ , ਇਸ ਕਿਤਾਬ ਵਿੱਚ ਕੁੜੀ-ਮੁੰਡੇ ਦੇ ਵਿਆਹ ਸਮੇਂ ਛਪਾਉਣ ਲਈ ਸ਼ਗਨਾਂ ਵਾਲ਼ੇ ਲੋਕਗੀਤਾਂ ਵਿੱਚ ਗੁੰਦੇ ਸਾਹਾ-ਚਿੱਠੀ, ਕੁੜਮਾਈ, ਵਿਆਹ, ਸਵਾਗਤੀ ਸਮਾਰੋਹ, ਜਨਮ-ਦਿਨ ਅਤੇ ਹੋਰ ਜਸ਼ਨਾਂ ਦੇ ਸੱਦਾ-ਪੱਤਰਾਂ ਅਤੇ ਅੰਤਿਮ ਅਰਦਾਸ, ਵਰ੍ਹੀਣੇ,ਬਰਸੀਆਂ ਆਦਿ ਸੋਗ-ਸਮਾਗਮਾਂ ਦੇ ਕਾਵਿਕ- ਸੱਦਾ-ਪੱਤਰਾਂ ਦੇ ਨਮੂਨੇ ਹਨ, ਜਿਹਨਾਂ ਵਿੱਚ ਦਿੱਤੀਆਂ ਖਾਲੀ ਥਾਵਾਂ ਵਿੱਚ ਮਿਤੀ, ਨਾਮ, ਸਿਰਨਾਵਾਂ, ਸਥਾਨ, ਫੋਨ ਨੰਬਰ ਆਦਿ ਭਰ ਕੇ ਲੋਕ ਪੰਜਾਬੀ ਵਿੱਚ ਸੱਦਾ-ਪੱਤਰ ਛਪਵਾ ਸਕਦੇ ਹਨ।
        ਇਸ ਦੇ ਨਾਲ਼ ਨਾਲ਼ ਇਸ ਵਿੱਚ ਜਨਮ-ਦਿਨ, ਵਿਆਹ ਦੀ ਵਰ੍ਹੇਗੰਢ, ਦੀਵਾਲੀ, ਹੋਲੀ, ਲੋਹੜੀ, ਨਵੇਂ ਵਰ੍ਹੇ, ਵੈਲੈਂਟਾਈਨ ਡੇ, ਕਰਵਾ-ਚੌਥ, ਬਾਲ-ਦਿਵਸ, ਧੀ-ਦਿਵਸ, ਮਾਂ-ਦਿਵਸ, ਪਿਤਾ-ਦਿਵਸ, ਰੱਖੜੀ, ਕਿਸੇ ਧੀ-ਪੁੱਤ ਦੀ ਪੜ੍ਹਾਈ-ਖੇਡਾਂ ਆਦਿ ਵਿੱਚ ਵੱਡੀ ਪ੍ਰਾਪਤੀ, ਵਿਭਾਗੀ-ਤਰੱਕੀ, ਮਕਾਨ ਦੀ ਚੱਠ ਜਾਂ ਕਿਸੇ ਹੋਰ ਖ਼ੁਸ਼ੀ ਦੇ ਮੌਕੇ ਲਈ ‘ਸ਼ੁੱਭ-ਇਛਾਵਾਂ’ ਹਨ। ਸਜ-ਵਿਆਹੀ ਜੋੜੀ ਲਈ ‘ਅਸੀਸਾਂ ਦੇ ਸ਼ਗਨ’, ਵਿਦਾਇਗੀ ਸਮਾਰੋਹ, ਸੇਵਾਮੁਕਤੀ, ਵਿਦੇਸ਼ ਜਾਣ ਵੇਲ਼ੇ ਵਰਤਣ ਲਈ ‘ਕਾਵਿਕ ਦੁਆਵਾਂ’ ਹਨ, ਜਿਹੜੀਆਂ ਇੱਕ ਕਾਗ਼ਜ਼ 'ਤੇ ਲਿਖ ਕੇ, ਉਸ ਵਿੱਚ ਸ਼ਗਨ ਲਪੇਟ ਕੇ ਲਿਫ਼ਾਫ਼ੇ ਵਿੱਚ ਪਾ ਕੇ ਦਿੱਤੀਆਂ ਜਾ ਸਕਦੀਆਂ ਹਨ ਜਾਂ  ਮੋਬਾਈਲ ਫੋਨ ਜਾਂ ਕੰਪਿਊਟਰ ਆਦਿ ਰਾਹੀਂ ਫੇਸਬੁਕ, ਹੋਰ ਸ਼ੋਸ਼ਲ ਸਾਈਟਾਂ, ਈਮੇਲਾਂ, ਵਟਸਐਪ, ਮੋਬਾਈਲ-ਸੁਨੇਹੇ ਆਦਿ ਰਾਹੀਂ ਵਰਤੀਆਂ ਜਾ ਸਕਦੀਆਂ ਹਨ ਅਤੇ ਹਮੇਸ਼ਾ ਲਈ ਮੋਹ-ਭਿੰਨੀ ਯਾਦ ਬਣ ਸਕਦੀਆਂ ਹਨ। 
        ਸ਼ਾਇਦ ਹੋਰ ਵੀ ਅਜੇਹੀਆਂ ਕਿਤਾਬਾਂ ਜਾਂ ਸੋਮੇ ਉਪਲਬਧ ਹੋਣ, ਜਿਸ ਕਿਸੇ ਨੂੰ ਜਾਣਕਾਰੀ ਹੋਵੇ, ਉਹਨੂੰ ਸਾਂਝੀ ਕਰ ਦੇਣੀ ਚਾਹੀਦੀ ਹੈ, ਤਾਂ ਕਿ ਮਾਂ-ਬੋਲੀ ਪੰਜਾਬੀ ਦਾ ਮਾਣ ਬਣਿਆ ਰਹੇ, ਇਸ ਦੇ ਧੀਆਂ-ਪੁੱਤ ਆਪਣੇ ਵਿਰਸੇ, ਆਪਣੇ ਸੱਭਿਆਚਾਰ ਨਾਲ਼ ਜੁੜੇ ਰਹਿਣ ਤੇ ਸਾਰੇ ਜਸ਼ਨਾਂ ਵਿੱਚ ਪੰਜਾਬੀਅਤ ਦੀ ਮਿਸ਼ਰੀ ਘੁਲ਼ੀ ਰਹੇ।

In Google Drive link of choumukhia ibartan: https://drive.google.com/file/d/1G6ZDg6FgJSdVsg_qvwFwClcYiefbQNMN/view?usp=sharing