ਸੱਭਿਆਚਾਰ ਅਤੇ ਸਾਹਿਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸਭਿਆਚਾਰ ਅਤੇ ਸਾਹਿਤ[ਸੋਧੋ]

ਸਾਹਿਤ[ਸੋਧੋ]

‘ਸਾਹਿਤ` ਸੰਸਕ੍ਰਿਤ ਸ਼ਬਦ ਸਾਹਿਤਯਮ ਦਾ ਪੰਜਾਬੀ ਰੂਪ ਹੈ। ਇਸ ਦੇ ਕੋਸ਼ਗਤ ਅਰਥ ਸੰਜੋਗ, ਮੇਲ ਤੇ ਸਾਥ ਹਨ। ਅਰਥ ਵਿਸਤਾਰ ਕਾਰਣ ਇਸ ਸ਼ਬਦ ਨੂੰ ਵਾਕਾਂ ਵਿੱਚ ਪਦਾ ਦੇ ਸੁਯੋਗ ਸੰਬੰਧ ਲਈ ਵਰਤਿਆ ਜਾਣ ਲੱਗ ਪਿਆ। ਅੱਜ ਕਲ੍ਹ ਸਾਹਿਤ ਦਾ ਭਾਵ ਅਜਿਹੀ ਰਚਨਾ ਹੈ ਜਿਸ ਵਿੱਚ ਸੁੰਦਰ ਵਿਚਾਰ ਸੋਹਣੇ ਅਤੇ ਦਿਲ-ਖਿੱਚਵੇਂ ਢੰਗ ਨਾਲ ਪੇਸ਼ ਕੀਤੇ ਗਏ ਹੋਣ। ਸਾਹਿਤ ਨੂੰ ਉਰਦੂ, ਫ਼ਾਰਸੀ ਤੇ ਅਰਬੀ ਵਾਲੇ ‘ਅਦਬ` ਕਹਿੰਦੇ ਹਨ। ‘ਅਦਬ` ਤੋਂ ਭਾਵ ਅਜਿਹੀ ਰਚਨਾ ਤੋਂ ਹੈ ਜੋ ਜੀਵਨ ਦੇ ਤੌਰ ਤਰੀਕੇ ਨੂੰ ਸੋਹਣੇ ਢੰਗ ਨਾਲ ਇਸ ਤਰ੍ਹਾਂ ਬਿਆਨ ਕਰੇ ਕਿ ਉਸ ਤੋਂ ਸੁੰਦਰ ਜੀਵਨ ਜਾਂਚ ਦੀ ਪ੍ਰੇਰਣਾ ਮਿਲਦੀ ਹੋਵੇ। ਸਾਹਿਤ ਲਈ ਅੰਗਰੇਜ਼ੀ ਵਿੱਚ ਸ਼ਬਦ ਲਿਟਰੇਚਰ (Literature) ਹੈ। ਲਿਟਰੇਚਰ ਦੇ ਮੂਲ ਭਾਵ ਹਨ ਕੁਝ ਵਿਚਾਰਾਂ ਨੂੰ ਲੈਟਰਜ਼ (Letters) ਭਾਵ ਅੱਖਰਾਂ ਰਾਹੀਂ ਬਿਆਨ ਕਰਨਾ।1 ਹੌਲੀ-ਹੌਲੀ ਇਨ੍ਹਾਂ ਭਾਵਾਂ ਵਿੱਚ ਵਿਕਾਸ ਆਇਆ ਤੇ ਅੱਜ ਲਿਟਰੇਚਰ ਤੋਂ ਭਾਵ ਅਜਿਹੀ ਰਚਨਾ ਹੈ ਜੋ ਮੂਲ ਰੂਪ ਵਿੱਚ ਮਨੁੱਖੀ ਜੀਵਨ ਨਾਲ ਸੰਬੰਧਿਤ ਹੋਵੇ ਤੇ ਜਿਸਨੂੰ ਸੋਹਣੇ ਦੇ ਦਿਲ ਖਿੱਚਵੇਂ ਢੰਗ ਨਾਲ ਬਿਆਨ ਕੀਤਾ ਗਿਆ ਹੋਵੇ। ਸਾਹਿਤ ਇੱਕ ਸੂਖ਼ਮ ਕਲਾ ਹੈ ਜਿਸ ਦਾ ਮੁੱਖ ਉਦੇਸ਼ ਸੁਹਜ ਸੁਆਦ ਉਪਜਾਣਾ ਤੇ ਇਸ ਰਾਹੀਂ ਇੱਕ ਚੰਗੇਰੇ ਜੀਵਨ ਲਈ ਪ੍ਰੇਰਣਾ ਹੈ।2

ਸਭਿਆਚਾਰ ਅਤੇ ਸਾਹਿਤ[ਸੋਧੋ]

ਸਭਿਆਚਾਰ ਤੇ ਸਾਹਿਤ ਦਾ ਨਹੁੰ ਮਾਸ ਦਾ ਰਿਸ਼ਤਾ ਆਖਿਆ ਜਾ ਸਕਦਾ ਹੈ। ਸਾਹਿਤਕਾਰ ਜੀਵਨ ਦੀ ਪੜਚੋਲ ਕਰਕੇ ਕਦਰਾਂ-ਕੀਮਤਾਂ ਦੀ ਆਲੋਚਨਾ ਕਰਦਾ ਅਤੇ ਨਵੀਆਂ ਕਦਰਾਂ-ਕੀਮਤਾਂ ਨੂੰ ਉਭਾਰ ਕੇ ਪ੍ਰਗਤੀਸ਼ੀਲ ਵਿਚਾਰਾਂ ਦਾ ਪ੍ਰਗਟਾਵਾ ਕਰਦਾ ਹੈ।3 ਇਹ ਪ੍ਰਗਟਾਵਾ ਉਹ ਸਮਾਜਿਕ ਜੀਵਨ ਦੇ ਆਪਣੇ ਅਨੁਭਵ ਦਾ ਹੀ ਕਰਦਾ ਹੈ। ਸਮਾਜਿਕ, ਜੀਵਨ, ਜਨ ਸਮੂਹ ਦੇ ਵਰਤਾਰੇ ਦੇ ਪੈਟਰਨ ਅਨੁਸਾਰ ਹੀ ਗਤੀਸ਼ੀਲ ਰਹਿੰਦਾ ਹੈ ਅਤੇ ਇਹ ਵਰਤਾਰਾ ਹੀ ਉਸ ਸਮਾਜ ਦਾ ਸਭਿਆਚਾਰ ਹੁੰਦਾ ਹੈ। ਸਾਹਿਤਕਾਰ ਮਨੁੱਖੀ ਜੀਵਨ ਵਿੱਚ ਵਾਪਰ ਰਹੇ ਦਵੰਧ ਨੂੰ ਉਸਾਰ ਦੀ ਪੱਧਰ ਤੇ ਪੇਸ਼ ਕਰਦਾ ਹੈ ਅਤੇ ਮਨੁੱਖੀ ਜੀਵਨ ਦੇ ਇਹ ਰਿਸ਼ਤੇ ਸਭਿਆਚਾਰ ਦੀ ਉਪਜ ਹੁੰਦੇ ਹਨ। ਸਾਹਿਤ ਦੇ ਹਰ ਰੂਪ ਵਿਚੋਂ ਇਹਨਾਂ ਰਿਸ਼ਤਿਆਂ ਦੀ ਹੋਂਦ ਜਾਂ ਸਮਾਜ ਦੇ ਸਭਿਆਚਾਰ ਦਾ ਸਰੂਪ ਮਿਲਦਾ ਹੈ। ਇਸ ਸਰੂਪ ਤੋਂ ਸੱਖਣਾ ਸਾਹਿਤ ਕਦੇ ਵੀ ਚਿਰੰਜੀਵ ਨਹੀਂ ਹੋ ਸਕਦਾ। ਸਾਹਿਤ ਜਿਥੇ ਸਭਿਆਚਾਰਕ ਕਾਰਨਾਂ ਤੋਂ ਪ੍ਰਭਾਵਿਤ ਹੁੰਦਾ ਹੈ, ਉਥੇ ਸਭਿਆਚਾਰ ਨੂੰ ਪ੍ਰਭਾਵਿਤ ਵੀ ਕਰਦਾ ਹੈ।4 ਹਰ ਸਾਹਿਤਕ ਰਚਨਾ ਸਭਿਆਚਾਰਕ ਵੀ ਹੁੰਦੀ ਹੈ। ਹਰ ਰਚਨਾ ਦਾ ਜਿਥੇ ਭਾਸ਼ਾਈ ਅਸਤਿੱਤਵ ਹੁੰਦਾ ਹੈ, ਉਥੇ ਉਸ ਦਾ ਸਭਿਆਚਾਰਕ ਅਸਤਿੱਤਵ ਵੀ ਹੁੰਦਾ ਹੈ। ਕਿਸੇ ਵੀ ਸਮੇਂ ਦੇ ਸਾਹਿਤ ਨੂੰ ਉਸ ਦੇ ਸਭਿਆਚਾਰਕ ਪ੍ਰਸੰਗ ਵਿੱਚ ਰੱਖ ਕੇ ਪਰਖਣ ਨਾਲ ਸਾਹਿਤ ਦੇ ਪ੍ਰਯੋਜਨ ਨੂੰ ਸਹੀ ਰੂਪ ਵਿੱਚ ਪਛਾਣਿਆ ਜਾ ਸਕਦਾ ਹੈ। ਸਾਹਿਤ ਸਿਰਜਣਾ ਦੌਰਾਨ ਵਿਅਕਤੀ ਚੇਤਨਾ ਅਤੇ ਸਮਾਜਿਕ ਚੇਤਨਾ ਬਰਾਬਰ ਦੀਆਂ ਹਿੱਸੇਦਾਰ ਹੁੰਦੀਆਂ ਹਨ। ਸਾਹਿਤ ਨੂੰ ਕੋਈ ਵਿਅਕਤੀ ਬਿੰਬਾਂ ਰਾਹੀਂ ਵਾਸਤਵਿਕਤਾ ਦੀ ਪੁਨਰ ਸਿਰਜਣਾ ਕਹੇ ਜਾਂ ਇਸਨੂੰ ਸਮਾਜਿਕ ਚੇਤਨਾ ਵਜੋਂ ਪਰਿਭਾਸ਼ਿਤ ਕਰੇ ਹਰ ਹਾਲਤ ਵਿੱਚ ਸਾਹਿਤ ਨੂੰ ਮਨੁੱਖੀ ਸਮਾਜ ਜਾਂ ਸਭਿਆਚਾਰਕ ਵਰਤਾਰੇ ਨਾਲ ਜੋੜ ਕੇ ਦੇਖਿਆ ਜਾਂਦਾ ਹੈ।5 ਸਾਹਿਤ ਅਤੇ ਸਭਿਆਚਰ ਵਿਚਕਾਰ ਜਟਿਲ, ਗਹਿਰਾ ਅਤੇ ਦਵੰਦਾਤਮਕ ਸੰਬੰਧ ਹੈ। ਹਰ ਤਰ੍ਹਾਂ ਦੀ ਲਿਖਤ ਭਾਵੇਂ ਉਹ ਵਾਸਤਵਿਕਤਾ ਨੂੰ ਪ੍ਰਗਟ ਵੀ ਕਰਦੀ ਹੋਵੇ, ਸਾਹਿਤ ਨਹੀਂ ਕਿਹਾ ਜਾ ਸਕਦਾ, ਸਗੋਂ ਕਿਸੇ ਸ਼ਾਬਦਿਕ ਲਿਖਤ ਨੂੰ ਸਾਹਿਤ ਬਨਣ ਲਈ ਸਾਰਥਿਕਤਾ, ਵਿੱਲਖਣਤਾ, ਸੁਹਜਾਤਮਕਤਾ ਅਤੇ ਨਵੀਨਤਾ ਜਿਹੇ ਗੁਣ ਗ੍ਰਹਿਣ ਕਰਨੇ ਪੈਂਦੇ ਹਨ। ਸਾਹਿਤ ਵਿੱਚ ਸਮਾਜਿਕ ਵਾਸਵਿਕਤਾ ਵਿਕਅਤੀ ਚੇਤਨਾ ਵਜੋਂ ਪ੍ਰਗਟ ਹੁੰਦੀ ਹੈ। ਮਨੁੱਖ ਦੀ ਹਰ ਤਰ੍ਹਾਂ ਦੀ ਸਿਰਜਨ ਸ਼ਕਤੀ ਦਾ ਆਧਾਰ ਉਸ ਦੀ ਚੇਤਨਾ ਹੈ। ਸਭਿਆਚਾਰ ਨਿਰੰਤਰ ਬਦਲਦੇ ਰਹਿਣ ਵਾਲਾ ਸਰਬ-ਵਿਆਪਕ ਵਰਤਾਰਾ ਹੈ, ਇਸ ਲਈ ਸਾਹਿਤ ਦਾ ਰੂਪ ਅਤੇ ਵਸਤੂ ਵੀ ਨਿਰੰਤਰ ਬਦਲਦੇ ਰਹਿੰਦੇ ਹਨ। ਸਾਹਿਤ ਅਤੇ ਸਭਿਆਚਾਰ ਇੱਕ ਦੂਜੇ ਨੂੰ ਲਗਾਤਾਰ ਪ੍ਰਭਾਵਿਤ ਕਰਦੇ ਰਹਿੰਦੇ ਹਨ। ਦੋਵਾਂ ਦਾ ਆਧਾਰ ਸਮਾਜ ਹੈ। ਪ੍ਰਤੀਕਾਤਮਕਤਾ ਦੋਵਾਂ ਦਾ ਵਿਸ਼ੇਸ਼ ਲੱਛਣ ਹੈ। ਸਾਹਿਤ ਇੱਕ ਸ਼ਾਬਦਿਕ ਕਲਾ ਹੈ। ਸਾਹਿਤ ਦੀ ਸਮੱਗਰੀ ਭਾਸ਼ਾ ਹੈ ਪਰ ਸਾਰੀ ਭਾਸ਼ਾ ਸਾਹਿਤ ਨਹੀਂ ਹੁੰਦੀ। ਸਾਹਿਤ ਇੱਕ ਚਿੰਨ੍ਹ ਪ੍ਰਣਾਲੀ ਹੈ ਜਿਸ ਵਿੱਚ ਚਿੰਨ੍ਹ ਤੇ ਪ੍ਰਤੀਕ ਹੁੰਦੇ ਹਨ। ਭਾਸ਼ਾ ਮੁੱਢਲਾ ਚਿਹਨ ਪ੍ਰਬੰਧ ਹੈ ਅਤੇ ਸਾਹਿਤ ਦੁਜੈਲਾ ਚਿਹਨ ਪ੍ਰਬੰਧ ਹੈ। ਮੁੱਢਲਾ ਚਿਹਨ ਪ੍ਰਬੰਧ ਵੀ ਸਭਿਆਚਾਰਕ ਹੁੰਦਾ ਹੈ ਅਤੇ ਸੈਕੰਡਰੀ ਚਿਹਨ ਪ੍ਰਬੰਧ ਵੀ ਸਭਿਆਚਾਰਕ ਹੁੰਦਾ ਹੈ। ਸਾਹਿਤ ਅਤੇ ਸਭਿਆਚਾਰ ਇੱਕ ਦੂਜੇ ਦੇ ਆਲੋਚਕ ਹਨ। ਸਾਹਿਤ ਵਿੱਚ ਭਵਿੱਖ ਦੀਆਂ ਸੋਆਂ ਵੀ ਹੁੰਦੀਆਂ ਹਨ। ਸਮੁੱਚੇ ਤੌਰ ਉਤੇ ਸਾਹਿਤ ਅਤੇ ਸਭਿਆਚਾਰ ਦੇ ਸੰਬੰਧ ਬਾਰੇ ਕਹਿ ਸਕਦੇ ਹਾਂ ਕਿ ਸਾਹਿਤ ਸਭਿਆਚਾਰਕ ਪ੍ਰਗਟਾ ਰੂਪ ਹੈ ਅਤੇ ਇਹ ਸਭਿਆਚਾਰ ਦੇ ਅੰਗ ‘ਬੋਧਾਤਮਿਕ ਸਭਿਆਚਾਰ` ਵਿੱਚ ਸ਼ਾਮਲ ਹੈ। ਸਾਹਿਤ ਸਭਿਆਚਾਰ ਦਾ ਬੋਧਾਤਮਿਕ ਪ੍ਰਗਟਾ ਹੈ। ਸਾਹਿਤ ਬੋਧਾਤਮਿਕ ਸਭਿਆਚਾਰ ਦੇ ਹਿੱਸੇ ਜਿਵੇਂ- ਫਲਸਫਾ, ਧਰਮ, ਇਤਿਹਾਸ, ਗਿਆਨ ਅਤੇ ਹੋਰ ਕਲਾਵਾਂ ਨਾਲ ਜੁੜਿਆ ਹੁੰਦਾ ਹੈ।6 ਸਾਹਿਤ ਸਭਿਆਚਾਰਕ ਕਦਰਾਂ-ਕੀਮਤਾਂ ਅਤੇ ਸਭਿਆਚਾਰਕ ਜੀਵਨ ਸ਼ੈਲੀ ਨੂੰ ਹੀ ਪ੍ਰਗਟ ਨਹੀਂ ਕਰਦਾ ਆਉਣ ਵਾਲੇ ਦਿਨਾਂ ਦੀਆਂ ਕਦਰਾਂ-ਕੀਮਤਾਂ ਵੀ ਇਸ ਵਿੱਚ ਪ੍ਰਗਟ ਹੁੰਦੀਆਂ ਹਨ। ਸਾਹਿਤ ਦਾ ਸਭਿਆਚਾਰ ਨਾਲ ਸੰਬੰਧ ਸਿਰਫ ਸਾਂਵੇਪਣ ਦਾ ਸੰਬੰਧ ਨਹੀਂ। ਸਭਿਆਚਾਰ ਅਨੁਸ਼ਾਸਨਕਾਰੀ ਹੁੰਦਾ ਹੈ। ਸਾਹਿਤ ਉਸ ਅਨੁਸ਼ਾਸਨ ਵਿੱਚ ਦਮਿਤ ਕਿਸਮ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦਾ ਹੈ।

ਸਭਿਆਚਾਰ ਅਤੇ ਸਾਹਿਤ ਦਾ ਅੰਤਰ ਸਬੰਧ[ਸੋਧੋ]

ਸਾਹਿਤ ਅਤੇ ਸਭਿਆਚਾਰਕ ਦੇ ਸੰਬੰਧਾਂ ਬਾਰੇ ਬਹੁਤੀ ਗੱਲ ਸਭਿਆਚਾਰਕ ਵਿਗਿਆਨੀਆਂ ਨੇ ਕੀਤੀ ਹੈ। ਮਨੁੱਖੀ ਵਰਤਾਰਿਆਂ ਨੂੰ ਸਭਿਆਚਾਰ ਦੇ ਅਧੀਨ ਰੱਖਣ ਕਾਰਨ ਸਾਹਿਤ ਦੀ ਆਪਣੀ ਖੁਦਖ਼ਤਾਰ ਹੋਂਦ ਨੂੰ ਅੱਖੋਂ ਉਹਲੇ ਕਰ ਦਿੱਤਾ ਜਾਂਦਾ ਹੈ।ਸਾਹਿਤ ਨੂੰ ਸਭਿਆਚਾਰ ਦਾ ਪਰਗਟਾ ਰੂਪ ਕਿਹਾ ਗਿਆ ਹੈ।ਇਸ ਲਈ ਸਾਹਿਤ ਨੂੰ ਸਭਿਆਚਾਰ ਦੇ ਅਧੀਨ ਇੱਕ ਵਰਤਾਰੇ ਦੇ ਰੂਪ ਵਿੱਚ ਸਮਝਿਆ ਗਿਆ ਹੈ।" ਪਰ ਜਦੋਂ ਅਸੀਂ ਸਭਿਆਚਾਰ ਦੇ ਅੰਗਾਂ ਦੀ ਵੰਡ ਕਰਦੇ ਹਾਂ ਤਾ ਸਾਹਿਤ ਨੂੰ ਸਭਿਆਚਾਰ ਦੇ ਬੋਧਾਤਮਕ ਅੰਗ ਵਿੱਚ ਰੱਖਿਆ ਗਿਆ।ਇਸ ਦਾ ਮਤਲਬ ਸਾਹਿਤ ਸਭਿਆਚਾਰ ਦਾ ਪਰਗਟਾਅ ਰੂਪ ਹੈ ਅਤੇ ਬੋਧਾਤਮਕ ਅੰਗ ਦਾ ਹਿੱਸਾ ਹੈ"।[1] ਸਾਹਿਤ ਸਭਿਆਚਾਰ ਦੇ ਮਨੁੱਖੀ ਮਨ ਉੱਤੇ ਪਏ ਪਰਭਾਵਾਂ ਤੋਂ ਉਤਪੰਨ ਹੋਏ ਮਾਨਵੀ ਅਹਿਸਾਸਾਂ ਨੂੰ ਪਰਗਟ ਕਰਦੀ ਹੈ। ਇਹ ਅਹਿਸਾਸ ਸਭਿਆਚਾਰਕ ਮੁੱਲਾਂ ਦੀ ਮਾਨਵਵਾਦੀ ਆਲੋਚਨਾ ਹੁੰਦੇ ਹਨ।ਸਭਿਆਚਾਰ ਵਿੱਚ ਜਿੱਥੇ ਵਿਅਕਤੀ ਅਤੇ ਸਮਾਜ ਦੀ ਇਕਸਾਰਤਾ ਲੋੜੀਦੀ ਹੁੰਦੀ ਹੈ।ਉੱਥੇ ਸਾਹਿਤ ਅਜਿਹੀ ਇਕਸਾਰਤਾ ਉੱਪਰ ਕਿੰਤੂ ਵੀ ਕਰਦਾ ਹੈ ਅਤੇ ਵਿਅਕਤੀ ਤੇ ਸਮਾਜ ਵਿਚਲੇ ਟਕਰਾਉ ਨੂੰ ਵੀ ਉਭਾਰਦਾ ਹੈ।

ਫਰੈਂਕ ਅਨੁਸਾਰ ਸਭਿਆਚਾਰ ਤੇ ਸਾਹਿਤ ਦਾ ਅੰਤਰ ਸਬੰਧ[ਸੋਧੋ]

ਸਾਹਿਤ ਤੇ ਸਭਿਆਚਾਰ ਦੇ ਸੰਬੰਧ ਦੀ ਗੱਲ ਕਰਦਿਆਂ ਸਾਹਿਤ ਦੀ ਵਿਲੱਖਣਤਾ ਆਪਣੇ ਮਾਧਿਅਮ ਭਾਸ਼ਾ ਕਰਕੇ ਹੈ,ਜੋ ਕਿ ਆਪਣੇ ਆਪ ਵਿੱਚ ਸਭਿਆਚਾਰ ਸਿਰਜਣਾ ਹੈ। ਜੋ ਕਿਸੇ ਸਮਾਜ ਨੇ ਸੰਚਾਰ ਦੇ ਆਸੇ ਨਾਲ ਕੀਤੀ ਹੁੰਦੀ ਹੈ।ਸਾਹਿਤ ਵਿੱਚ ਭਾਸ਼ਾ ਵੀ ਬਿੰਬ ਰੂਪ ਹੋ ਜਾਦੀਂ ਹੈ ਕਿਉਂਕਿ ਉਹ ਸਿਰਫ਼ ਯਥਾਰਥ ਨੂੰ ਪੇਸ਼ ਕਰਨ ਦਾ ਸਾਧਨ ਨਹੀਂ ਸਗੋਂ ਉਸ ਪਰਤੀ ਇੱਕ ਵਤੀਰਾ ਵੀ ਪੇਸ਼ ਕਰਦੀ ਹੈ,ਨਾਲ ਹੀ ਇਹ ਭਾਸ਼ਾ ਸੁਹਜ ਅਤੇ ਗਿਆਨ ਦੇਣ ਦੇ ਸਾਹਿਤ ਦੇ ਪਰਕਾਰਜ ਨਿਭਾਉਣ ਵਿੱਚ

ਸਹਾਇਤਾ ਕਰਦੀ ਹੈ।ਫਰੈਂਕ ਅਨੁਸਾਰ ਬਿੰਬ ਅਤੇ ਭਾਸ਼ਾ ਵਿੱਚ ਵਿਸ਼ੇਸਤਾ ਤਿੰਨ ਪੱਧਰ ਤੇ ਆ ਸਕਦੀ ਹੈ, ਯੁੱਗ ਧਾਰਾ ਅਤੇ ਵਿਅਕਤੀਗਤ ਸ਼ੈਲੀ।[2] 

ਸਭਿਆਚਾਰ ਤੇਂ ਸਾਹਿਤ ਦਾ ਨਿਖੇੜਾ[ਸੋਧੋ]

ਸਾਹਿਤ ਤੇ ਸਭਿਆਚਾਰ ਵਿਚਲੇ ਨਿਖੇੜਿਆ ਦਾ ਪੱਖ ਸਾਹਿਤ ਦੇ ਭਵਿੱਖਾਰਥੀ ਕਿਰਦਾਰ ਨਾਲ ਸੰਬੰਧਿਤ ਹੈ।ਇਹ ਇੱਕ ਪਰਵਾਣਿਤ ਧਾਰਨਾ ਹੈ ਕਿ ਸਾਹਿਤ ਵਿੱਚ ਉਹ ਤਬਦੀਲੀਆਂ, ਉਥਲਾ ਪੁਥਲਾਂ,ਨਵੀਆਂ ਕਦਰਾਂ ਕੀਮਤਾ ਪਹਿਲਾ ਮਹਿਸੂਸ ਕਰ ਲਈਆਂ ਜਾਦੀਆਂ ਹਨ।ਜਿਹੜੀਆਂ ਹਾਲੇ ਤੱਕ ਸਮਾਜ ਸਭਿਆਚਾਰ ਵਿੱਚ ਵਡੇਰੇ ਪੱਧਰ ਤੇ ਪਰਗਟ ਨਹੀਂ ਹੋਈਆਂ ਹੁੰਦੀਆਂ,ਪਰ ਸਭਿਆਚਾਰਕ ਗਤੀ ਦੀ ਦਿਸ਼ਾ ਉਹਨਾਂ ਵੱਲ ਹੀ ਸੇਧਿਤ ਹੁੰਦੀ ਹੈ।ਇਸ ਲਈ ਸਾਹਿਤ ਸਭਿਆਚਾਰ ਦੀ ਇੱਕ ਅਜਿਹੀ ਪੈਦਾਇਸ਼ ਹੈ,ਜਿਹੜੀ ਸਭਿਆਚਾਰ ਪਰਿਵਰਤਨ ਦੀ ਦਿਸ਼ਾ ਨੂੰ ਨਿਰਧਾਰਿਤ ਤਾਂ ਭਾਵੇਂ ਉਸ ਦੀ ਪੱਧਰ ਤੱਕ ਨਹੀਂ ਕਰਦੀ ਪਰ ਉਹ ਦਿਸ਼ਾ ਨੂੰ ਪਛਾਉਣੀ ਅਤੇ ਚਿਹਨਤ ਜ਼ਰੂਰ ਕਰਦੀ ਹੁੰਦੀ ਹੈ।ਜਿਵੇਂ ਕਿ ਪੰਜਾਬੀ ਸਭਿਆਚਾਰ ਵਿੱਚ ਪਿਆਰ ਵਿਆਹ ਨੂੰ ਜਿੰਨੀ ਥੋੜੀ ਬਹੁਤ ਪਰਵਾਨਗੀ ਦੇ ਥੀਮ ਬਹੁਤ ਪਹਿਲਾਂ ਸਾਹਿਤ ਵਿੱਚ ਪੇਸ਼ ਹੋਣੇ ਆਰੰਭ ਹੋ ਗਏ ਸਨ। ਸਾਹਿਤ ਕਿਉਂਕਿ ਵਰਤਮਾਨ ਨੂੰ ਭਵਿੱਖ ਦੇ ਸੰਦਰਭ ਵਿੱਚ ਮੁਲਾਂਕਿਤ ਕਰਨ ਦਾ ਆਦੀ ਹੁੰਦਾ ਹੈ।ਇਸ ਲਈ ਉਹ ਹੋਂਦ ਵਿੱਚ ਆ ਰਹੇ ਜਾਂ ਆ ਚੁਕੇ ਨਵੇਂ ਰੁਝਾਨਾ ਦੀ ਪੂਰਵ ਸੂਚਨਾ ਦੇ ਦਿੰਦਾ ਹੈ।ਸਾਹਿਤ ਸਭਿਆਚਾਰ ਦਾ ਭਵਿੱਖਮੁਖੀ ਚਿੰਤਨ ਹੁੰਦਾ ਹੈ।[3] - ਸਭਿਆਚਾਰ ਦੀ ਰਚਨਾ ਕਿਸੇ ਸਮੂਹ ਦੁਆਰਾ ਕੀਤੀ ਜਾਂਦੀ ਹੈ, ਜਦਕਿ ਸਾਹਿਤ ਦੀ ਰਚਨਾ ਦਾ ਆਧਾਰ ਵਿਅਕਤੀ ਹੁੰਦਾ ਹੈ।ਸਭਿਆਚਾਰ ਨੂੰ ਕੋਈ ਵੀ ਇਕੱਲਾ ਮਨੁੱਖ ਨਾਂ ਤਾਂ ਸਿਰਜ ਸਕਦਾ ਹੈ ਅਤੇ ਨਾ ਹੀ ਖ਼ਤਮ ਕਰ ਸਕਦਾ ਹੈ।ਪਰ ਸਾਹਿਤ ਵਿੱਚ ਅਜਿਹਾ ਨਹੀਂ ਹੁੰਦਾ।ਸਾਹਿਤ ਦੀ ਸਿਰਜਣਾ ਕਿਸੇ ਇੱਕ ਵਿਅਕਤੀ, ਲੇਖਕ ਦੁਆਰਾ ਹੁੰਦੀ ਹੈ।ਇਸ ਤਰਹਾਂ ਅਸੀਂ ਸਾਹਿਤ ਅਤੇ ਸਭਿਆਚਾਰ ਵਿੱਚ ਨਿਖੇੜਾ ਕਰਕੇ ਦੇਖ ਸਕਦੇ ਹਾਂ।

ਹਵਾਲੇ[ਸੋਧੋ]

  1. ਧਨੀ ਰਾਮ ਚਾਤਿੑਕ ਦੀ ਕਵਿਤਾ ਦਾ ਸਭਿਆਚਾਰਕ ਅਧਿਐਨ ਥੀਸਸ, ਪੰਨਾ 12
  2. ਸਭਿਆਚਾਰ ਅਤੇ ਪੰਜਾਬੀ ਸਭਿਆਚਾਰ (ਪੑੋ ਗੁਰਬਖਸ਼ ਸਿੰਘ ਫਰੈਂਕ) ਪੰਨਾ 88
  3. ਧਨੀ ਰਾਮ ਚਾਤਿੑਕ ਦੀ ਕਵਿਤਾ ਦਾ ਸਭਿਆਚਾਰਕ ਅਧਿਐਨ ਥੀਸਸ, ਪੰਨਾ 18
1) ਡਾ. ਰਤਨ ਸਿੰਘ ਜੱਗੀ, ਸਾਹਿਤ ਕੋਸ਼ ਪਰਿਭਾਸ਼ਿਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
2) ਪੰਜਾਬੀ ਸਾਹਿਤ ਕੋਸ਼, ਭਾਗ-ਪਹਿਲਾ (ਪਰਿਭਾਸ਼ਿਕ ਸ਼ਬਦਾਵਲੀ), ਪੰਜਾਬੀ ਯੂਨੀਵਰਸਿਟੀ, ਪਟਿਆਲਾ।
3) ਡਾ. ਸੁਰਿੰਦਰ ਸਿੰਘ ਸ਼ੇਰਗਿੱਲ, ਪੰਜਾਬੀ ਸਭਿਆਚਾਰ ਦੀ ਰੂਪ-ਰੇਖਾ, ਲਾਹੌਰ ਬੁਕ ਸ਼ਾਪ, ਲੁਧਿਆਣਾ।
4) ਬਲਬੀਰ ਸਿੰਘ ਪੂਨੀ, ਸਾਡਾ ਵਿਰਸਾ, ਜਸੀਜਤ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ।
5) ਜੀਤ ਸਿੰਘ ਜੋਸ਼ੀ, ਪੰਜਾਬੀ ਸਭਿਆਚਾਰ ਬਾਰੇ, ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੋਸਾਇਟੀ ਲਿਮਟਿਡ, ਲੁਧਿਆਣਾ।
6) ਪ੍ਰੋ. ਗੁਰਬਖ਼ਸ ਸਿੰਘ ਫ਼ਰੈਕ, ਸਭਿਆਚਾਰ ਅਤੇ ਪੰਜਾਬੀ ਸਭਿਆਚਾਰ, ਵਾਰਿਸ ਸ਼ਾਹ ਫਾਊਂਡੇਸ਼ਨ।