ਸੱਭਿਆਚਾਰ ਤੇ ਇਤਿਹਾਸ
ਇਤਿਹਾਸ ਸਭਿਆਚਾਰ ਦਾ ਅਹਿਮ ਤੱਤ ਹੈ।ਹਰ ਸਭਿਆਚਾਰ ਆਪਣੇ ਸਮਾਜਕ ਵੇਗ ਦੀ ਉਪਜ ਹੁੰਦਾ ਹੈ।ਜਿਸ ਨੂੰ ਇਤਿਹਾਸਕ ਸੰਦਰਭ ਤੋਂ ਨਿਰਲੇਪ ਰੂਪ ਵਜੋਂ ਗ੍ਹਹਿਣ ਨਹੀਂ ਕੀਤਾ ਜਾ ਸਕਦਾ ਸਗੋਂ ਇਸ ਨੂੰ ਇਤਿਹਾਸਕ ਅਨੁਭਵ ਅਤੇ ਉਸ ਦੀਆਂ ਪਰੰਪਰਾਵਾਂ ਅਨੁਸਾਰ ਹੀ ਸਮਝਿਆ ਜਾ ਸਕਦਾ ਹੈ।[1]ਇਤਿਹਾਸ ਮਾਨਵੀ ਜੀਵਨ ਨਾਲ ਸੰਬੰਧਿਤ ਘਟਨਾਵਾਂ ਸਖਸ਼ੀਅਤਾਂ ਅਤੇ ਵਰਤਾਰਿਆਂ ਨੂੰ ਵਿਸ਼ੇਸ਼ ਕਾਲਕ੍ਮਿਕ ਤਰਤੀਬ ਵਿੱਚ ਪੇਸ਼ ਕਰਦਾ ਹੈ।ਸਧਾਰਨ ਅਰਥਾਂ ਵਿੱਚ ਇਤਿਹਾਸ ਬੀਤ ਚੁੱਕੇ ਜਾਂ ਬੀਤ ਚੁੱਕੀਆਂ ਵਰਣਨ ਯੋਗ ਘਟਨਾਵਾਂ ਨੂੰ ਉਹਨਾਂ ਦੇ ਸਮੁੱਚੇ ਸੰਦਰਭ ਸਹਿਤ ਵਿਚਰਨ ਜਾਂ ਸੰਭਾਲਣ ਦਾ ਉਪਰਾਲਾ ਕਰਦਾ ਹੈ।ਹਰ ਇੱਕ ਵਰਤਾਰੇ ਦਾ ਜਨਮਣਾ,ਵਿਗਸਣਾ ਇਤਿਹਾਸਕ ਕ੍ਰਮ ਪੇਸ਼ ਕਰਦਾ ਹੈ।ਪਰੰਤੂ ਸਮੁੱਚੇ ਸਮਾਜਿਕ ਪਰਿਪੇਖ ਵਿੱਚ ਇਤਿਹਾਸ ਉਸ ਸਮੁੱਚੇ ਕਰਮ ਨਾਲ ਜੁੜਿਆ ਹੁੰਦਾ ਹੈ ਜੋ ਗੁਜਰ ਚੁੱਕੇ ਦਾ ਲੇਖਾਂ ਜੋਖਾ ਕਰਦਾ ਹੈ।ਇਤਿਹਾਸ ਵਿੱਚ ਕਲਪਿਤ ਵਰਤਾਰੇ ਸ਼ਾਮਿਲ ਨਹੀਂ ਹੁੰਦੇ ਤਾਂ ਹੀ ਕਿਸੇ ਘਟਨਾ ਦੇ ਵਾਪਰਨ ਸੰਬੰਧੀ ਕਿਸੇ ਕਿਆਸ ਅਰਾਈ ਦੀ ਗੁੰਜਾਇਸ਼ ਹੀ ਹੁੰਦੀ ਹੈ ਸਗੋਂ ਇਤਿਹਾਸ ਤਾਂ ਕੌੜੇ ਕਠੋਰ ਸੱਚ ਨੂੰ ਸੰਭਾਲਦਾ ਤੇ ਆਉਣ ਵਾਲੀ ਪੀੜ੍ਹੀ ਦੇ ਸਪੁਰਦ ਕਰਦਾ ਹੈ। [2]ਇਤਿਹਾਸ ਇੱਕ ਤਰ੍ਹਾਂ ਨਾਲ ਪਰੰਪਰਾ ਅਤੇ ਨਵੀਨਤਾ ਦੇ ਦਵੰਦਾਤਮਿਕ ਸੰਬੰਧਾਂ ਦਾ ਵਿਸ਼ਲੇਸ਼ਣ ਪੇਸ਼ ਕਰਦਾ ਹੈ।ਇਸ ਲਈ ਹਰ ਸਭਿਆਚਾਰ ਦਾ ਇਤਿਹਾਸ ਉਸਦਾ ਪ੍ਰਮਾਣਿਕ ਦਸਤਾਵੇਜ਼ ਹੁੰਦਾ ਹੈ।ਜੋ ਵਿਭਿੰਨ ਇਤਿਹਾਸਕ ਪੜਾਵਾਂ ਤੇ ਸਭਿਆਚਾਰ ਨੂੰ ਤਬਦੀਲ ਕਰਦਾ ਹੈ।[3] ਇਤਿਹਾਸ ਆਪਣੇ ਸਮੇਂ, ਸਥਿਤੀ ਤੇ ਸਮਾਜ ਵਿਚਲੀ ਅੰਤਰ ਵੇਦਨਾ ਨੂੰ ਪ੍ਰਸਤੁਤ ਕਰਨ ਵੱਲ ਰੁਚਿਤ ਨਹੀਂ ਹੁੰਦਾ ਜਦ ਕਿ ਸਭਿਆਚਾਰ ਆਪਣੇ ਸਮਕਾਲੀ ਸਮੇਂ ਦਾ ਭਾਵ ਬੋਧ ਨਹੀਂ ਹੁੰਦਾ ਸਗੋਂ ਇਹ ਉਸਦਾ ਸੰਵੇਦਨਾਤਮਿਕ ਚਿਤਰ ਵੀ ਹੁੰਦਾ ਹੈ।ਇਸ ਤਰਾਂ ਸਭਿਆਚਾਰ ਸਮਾਜ ਦਾ ਸੰਵੇਦਨਾਤਮਿਕ ਚਿਤਰ ਹੀ ਨਹੀਂ ਸਗੋਂ ਆਪਣੇ ਸਮੇਂ ਦੀ ਇਤਿਹਾਸਕ ਪ੍ਰਤੀਕਾਇਆ ਵੀ ਹੈ।ਇਤਿਹਾਸ ਕਦੇ ਕਦੇ ਸਭਿਆਚਾਰ ਦੇ ਮਾਪਦੰਡ ਦੀਆਂ ਤਣੀਆਂ ਨੂੰ ਆਪਣੀ ਇਛਾ ਅਨੁਸਾਰ ਕਸਦਾ ਹੈ।ਇਥੇ ਆ ਕੇ ਸਭਿਆਚਾਰ ਦਾ ਵਿਦਰੋਹੀ ਸੁਰ ਸਿਆਸਤ ਅਤੇ ਸੱਤਾ ਦੇ ਸੰਦਰਭ ਤੋਂ ਆਕੀ ਹੋ ਕੇ ਆਪਣੇ ਲੀਹੇ ਤੁਰਦਾ ਰਹਿੰਦਾ ਹੈ।[4] ਸਿੰਘਾਂ ਤੇ ਫਿਰੰਗੀਆਂ ਦੀਆਂ ਲੜਾਈਆਂ ਇਤਿਹਾਸਕ ਮਹੱਤਵ ਰੱਖਦੀਆਂ ਹਨ।ਸਮੁੱਚੇ ਭਾਰਤ ਦੀਆਂ ਫੌਜਾਂ ਅਤੇ ਬਰਤਾਨਵੀ ਸਾਮਰਾਜ ਦੀਆਂ ਫੌਜਾਂ ਨੂੰ ਮੁੱਠੀ ਭਰ ਸਿੱਖ ਫੌਜ ਨੇ ਬੁਰੀ ਤਰ੍ਹਾਂ ਹਰਾ ਦਿਤਾ ਸੀ।ਇਹ ਇਤਿਹਾਸਕ ਸੱਚ ਹੈ ਪਰ ਜਿਵੇਂ ਖਾਲਸਾ ਫੌਜ ਜਿੱਤ ਕੇ ਵੀ ਹਾਰ ਦੀ ਨਮੋਸ਼ੀ ਦਾ ਸ਼ਿਕਾਰ ਹੋਈ ਸੀ ਇਹ ਵੀ ਇਤਿਹਾਸਕ ਘਟਨਾ ਹੈ।ਪਹਾੜਾਂ ਸਿੰਘ ਤੇ ਲਾਲ ਸਿੰਘ ਦੀ ਗਦਾਰੀ ਕਿਸੇ ਤੋਂ ਛੁਪੀ ਨਹੀਂ।ਪ੍ਰਿਥਵੀ ਰਾਜ ਚੌਹਾਨ ਦੀ ਜਿੱਤ ਨੂੰ ਹਾਰ ਵਿੱਚ ਬਦਲਣ ਵਾਲਾ ਜੈਚੰਦ ਵੀ ਉਸੇ ਸਾਹਮਣੇ ਪੇਸ਼ ਕਰ ਦਿੰਦਾ ਹੈ।ਲੋਕ ਉਸੇ ਨੂੰ ਨਾਇਕ ਜਾਂ ਖਲਨਾਇਕ ਦਾ ਦਰਜਾ ਦੇ ਦਿੰਦੇ ਹਨ।ਘਟਨਾ ਦਾ ਸੰਬੰਧ ਇਤਿਹਾਸ ਨਾਲ ਹੁੰਦਾ ਹੈ।ਜਦੋਂ ਕਿ ਉਸ ਦੇ ਚੰਗੇ ਜਾਂ ਬੁਰੇ ਪ੍ਰਭਾਵ ਦਾ ਨਿਤਾਰਾ ਸਭਿਆਚਾਰ ਕਰਦਾ ਹੈ।ਇਉਂ ਸਭਿਆਚਾਰ ਤੇ ਇਤਿਹਾਸ ਦੋਵੇਂ ਇੱਕ ਦੂਜੇ ਨਾਲ ਗਹਿਰੇ ਰਿਸ਼ਤਾ ਸੰਬੰਧਾਂ ਵਿੱਚ ਥੱਲੇ ਤੱਕ ਜਾ ਸਕਦੇ ਹਨ।ਦੋਵੇਂ ਇੱਕ ਦੂਜੇ ਤੋਂ ਪ੍ਰਭਾਵਿਤ ਵੀ ਹੁੰਦੇ ਹਨ ਅਤੇ ਪ੍ਰਭਾਵਿਤ ਵੀ ਕਰਦੇ ਹਨ। ਕਿਸੇ ਵੀ ਖਿੱਤੇ ਦੇ ਸਭਿਆਚਾਰਕ ਅਧਿਐਨ ਲਈ ਉਸਦੇ ਸਹੀ ਪਿਛੋਕੜ ਅਤੇ ਬਣਤਰ ਨੂੰ ਸਮਝਣ ਅਤੇ ਉਜਾਗਰ ਕਰਨ ਲਈ ਇਤਿਹਾਸ ਹੀ ਨਿਰਮਾਣਕਾਰੀ ਸਿੱਧ ਹੁੰਦਾ ਹੈ।ਜਿਵੇਂ ਪੰਜਾਬੀ ਸਭਿਆਚਾਰ ਦਾ ਇਤਿਹਾਸਕ ਪਿਛੋਕੜ ਇਸ ਨੂੰ ਪਹਿਲੇ ਧਰਮ ਗ੍ਰੰਥ ਰਿਗਵੇਦ ਅਤੇ ਪਹਿਲੀ ਯੂਨੀਵਰਸਿਟੀ ਤੱਕ ਅਧਿਐਨ ਲਈ ਪ੍ਰੇਰਦਾ ਹੈ।ਜਿਸ ਦਾ ਹਵਾਲਾ ਧਨੀ ਰਾਮ ਚਾਤ੍ਰਿਕ ਨੇ ਕਾਵਿਬੱਧ ਕੀਤਾ ਹੈ।ਤੇਰੀ ਤਹਿਜੀਬ ਕਦੀਮੀ ਹੈ,ਇਕ ਧੁੰਦਲੀ ਜਿਹੀ ਨਿਸ਼ਾਨੀ ਹੈ। ਕੁਦਰਤ ਪੰਘੂੜਾ ਘੜਿਆ ਸੀ,ਤੈਨੂੰ ਰਿਸ਼ੀਆ ਅਵਤਾਰਾ ਦਾ। ਸੂਫੀਆਂ,ਸ਼ਹੀਦਾ,ਭਗਤਾਂ ਦਾ, ਬਲਬੀਰਾ ਸਤੀਆਂ ਨਾਰਾਂ ਦਾ। [5]