ਸੱਸੀ ਪੁੰਨੂੰ
ਸੱਸੀ ਪੁੰਨੂੰ (ਸਿੰਧੀ:سَسُئيِ پُنهوُن, ਸੱਸੀ ਪੁਨ੍ਹੂੰ), ਸਿੰਧ, ਪਾਕਿਸਤਾਨ ਦੇ ਸ਼ਹਿਰ ਭੰਬੋਰ ਨਾਲ ਜੁੜੀ ਦੱਖਣੀ ਏਸ਼ੀਆ ਦੀ ਇੱਕ ਮਸ਼ਹੂਰ ਇਸ਼ਕ ਦੀ ਲੋਕ ਗਾਥਾ ਹੈ। ਇਹ ਵਫ਼ਾ ਦੀ ਸੁਦੈਣ ਅਜਿਹੀ ਪ੍ਰੇਮਿਕਾ ਦੀ ਕਹਾਣੀ ਹੈ ਜਿਹੜੀ ਦੋਖੀਆਂ ਵਲੋਂ ਜੁਦਾ ਕਰ ਦਿੱਤੇ ਗਏ ਆਪਣੇ ਪ੍ਰੇਮੀ ਨੂੰ ਮੁੜ ਪਾਉਣ ਲਈ ਕੋਈ ਵੀ ਮੁਸੀਬਤ ਭੁਗਤਣ ਲਈ ਤੱਤਪਰ ਹੈ।[1] ਇਸ ਲੋਕ ਕਹਾਣੀ ਨੂੰ ਸਾਹਿਤ ਦੀ ਮਧਕਾਲੀ ਵਿਧਾ ਪੰਜਾਬੀ ਕਿੱਸੇ ਵਿੱਚ ਵੀ ਚਿਤਰਿਆ ਹੈ। ਹਾਸ਼ਮ ਦੀ ਸੱਸੀ ਸਬ ਤੋਂ ਵਧੇਰੇ ਪ੍ਰਸਿਧ ਹੈ। ਇਹ ਕਹਾਣੀ ਸ਼ਾਹ ਜੋ ਰਸਾਲੋ ਵਿੱਚ ਵੀ ਸ਼ਾਮਲ ਹੈ ਅਤੇ ਇਸ ਤੋਂ ਇਲਾਵਾ ਇਹ ਸਿੰਧ ਦੀਆਂ ਸੱਤ ਹਰਮਨ ਪਿਆਰੀਆਂ ਪ੍ਰੇਮ ਕਹਾਣੀਆਂ ਵਿੱਚੋਂ ਇੱਕ ਹੈ। "ਸੱਸੀ ਪੁੰਨੂ" ਤੋਂ ਬਿਨਾਂ ਉਮਰ ਮਾਰੁਈ, ਸੋਹਣੀ ਮੇਹਰ, ਲੀਲਾਂ ਚਾਨੇਸਰ, ਨੂਰੀ ਜਾਮ ਤਮਾਚੀ, ਸੋਰਥ ਰਾਏ ਤਮਾਚ ਅਤੇ ਮੂਮਲ ਰਾਣੋ ਛੇ ਹੋਰ ਪ੍ਰੇਮ ਕਹਾਣੀਆਂ ਪ੍ਰਚਲਿਤ ਹੈ। ਇਨ੍ਹਾਂ ਦਾ ਆਮ ਪ੍ਰਚਲਿਤ ਨਾਮ "ਸ਼ਾਹ ਅਬਦੁਲ ਲਤੀਫ਼ ਭਟਾਈ ਦੀਆਂ ਸੱਤ ਸੂਰਮੀਆਂ" (ਸਿੰਧੀ:ست سورميون ) ਹੈ।
ਇਤਿਹਾਸ
[ਸੋਧੋ]ਪਾਕਿਸਤਾਨ ਸਥਿਤ ਸ਼ਹਿਰ ਭੰਬੋਰ ਵਿੱਚ ਸਿੰਧ ਦਾ "ਆਦਮ ਖ਼ਾਨ" ਨਾਮੀਂ ਰਾਜਾ ਰਾਜ ਕਰਦਾ ਸੀ। ਰਾਜੇ ਨੇ ਪਰਜਾ ਸਮੇਤ ਸੱਚੇ ਰੱਬ ਅੱਗੇ ਅਰਦਾਸਾਂ ਕੀਤੀਆਂ। ਰਾਜੇ ਦੇ ਘਰ ਪਿਆਰੀ ਬਾਲੜੀ ਨੇ ਜਨਮ ਲਿਆ। ਜੋਤਸ਼ੀਆ ਨੇ ਰਾਜੇ ਨੂੰ ਕਿਹਾ ਇਹ ਬਾਲੜੀ ਉਸ ਨੂੰ ਮੱਥੇ ਕਾਲਖ਼ ਦਾ ਟਿੱਕਾ ਲਾਵੇਗੀ। ਰਾਜੇ ਨੇ ਬੱਚੀ ਨੂੰ ਮਾਰਨ ਦੀ ਬਜਾਏ ਇੱਕ ਸੁੰਦਰ ਸੰਦੂਕ ਵਿੱਚ ਬੱਚੀ ਨੂੰ ਪਾ ਕੇ ਸਿੰਧ ਦਰਿਆ ਵਿੱਚ ਰੋੜ੍ਹ ਦਿੰਦਾ ਹੈ। ਬੱਚੀ ਇੱਕ ਧੋਬੀ ਅਤੇ ਧੋਬਣ ਨੂੰ ਮਿਲ ਜਾਂਦੀ ਹੈ ਤੇ ਬੱਚੀ ਨੂੰ ਪਾਲਦੇ ਹਨ। ਮਹਿਲਾਂ ਦੀ ਦੌਲਤ ਸੱਸੀ ਧੋਬੀਆਂ ਦੇ ਘਰ ਜਵਾਨ ਹੋਣ ਲੱਗੀ। ਸਿੰਧ ਦੇ ਪਾਣੀਆਂ ਨੇ ਮੁਟਿਆਰ ਸੱਸੀ ‘ਤੇ ਲੋਹੜੇ ਦਾ ਰੂਪ ਚਾੜ੍ਹ ਦਿੱਤਾ। ਸੱਸੀ ਦੇ ਰੂਪ ਦੀਆਂ ਧੁੰਮਾਂ ਪੈ ਗਈਆਂ। ਭੰਬੋਰ ਸ਼ਹਿਰ ਦੇ ਇੱਕ ਰਸੀਏ ਸੌਦਾਗਰ ਦੇ ਨਵੇਂ ਬਣੇ ਮਹਿਲ ਦੀ ਬੜੀ ਚਰਚਾ ਸੀ। ਇਸ ਮਹਿਲ ਵਿੱਚ ਸੰਸਾਰ ਭਰ ਦੇ ਸ਼ਹਿਜ਼ਾਦਿਆਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ। ਸੱਸੀ ਵੀ ਆਪਣੀਆਂ ਸਹੇਲੀਆਂ ਨਾਲ ਇਹ ਮਹਿਲ ਵੇਖਣ ਗਈ। ਇਹਨਾਂ ਤਸਵੀਰਾਂ ਵਿਚੋਂ ਇੱਕ ਸ਼ਹਿਜ਼ਾਦੇ ਦੀ ਤਸਵੀਰ ਤੇ ਸੱਸੀ ਮੋਹਿਤ ਹੋ ਜਾਂਦੀ ਹੈ ਜੋ ਕੀਚਮ ਦੇ ਸ਼ਹਿਜ਼ਾਦੇ ਪੁੰਨੂੰ ਦੀ ਤਸਵੀਰ ਸੀ। ਸੱਸੀ ਨੇ ਦਿਲ ਫੜ ਕੇ ਠੰਢਾ ਹਾਉਕਾ ਭਰਿਆ। ਸੱਸੀ ਹੁਣ ਪੁੰਨੂੰ ਦੀ ਹੋ ਚੁੱਕੀ ਸੀ। ਸੱਸੀ ਦੇ ਸ਼ਹਿਰ ਭੰਬੋਰ ਵਿੱਚ, ਕੀਚਮ ਦੇ ਸੌਦਾਗਰ ਆਂਦੇ ਜਾਂਦੇ ਰਹਿੰਦੇ ਸਨ। ਉਹ ਸੱਸੀ ਦੇ ਹੁਸਨ ਦੀ ਚਰਚਾ ਆਪਣੇ ਦੇਸ਼ ਜਾ ਕੇ ਕਰਦੇ। ਸ਼ਹਿਜ਼ਾਦਾ ਪੁੰਨੂੰ, ਸੱਸੀ ਨੂੰ ਤੱਕਣ ਲਈ ਬੇਤਾਬ ਹੋ ਗਿਆ। ਉਹ ਕਾਫ਼ਲੇ ਨਾਲ ਭੰਬੋਰ ਪੁੱਜ ਗਿਆ ਅਤੇ ਸੱਸੀ ਪੁੰਨੂੰ ਇੱਕ-ਦੂਜੇ ਨੂੰ ਵੇਖਦਿਆਂ ਹੀ ਆਪਸ ਵਿੱਚ ਪਿਆਰ ਪੈ ਗਿਆ।
ਸੁਦਾਗਰਾਂ ਨੇ ਪੁੰਨੂੰ ਦੇ ਪਿਤਾ "ਅਲੀ ਹੈਤ" ਨੂੰ ਪੁੰਨੂੰ ਦੇ ਇਸ਼ਕ ਦੀ ਸਾਰੀ ਵਾਰਤਾ ਜਾ ਸੁਣਾਈ। ਉਹਨੇ ਪੁੰਨੂੰ ਦੇ ਭਰਾ, ਪੁੰਨੂੰ ਨੂੰ ਵਾਪਸ ਕੀਚਮ ਲਿਆਉਣ ਲਈ ਭੰਬੋਰ ਭੇਜ ਦਿੱਤੇ। ਉਹ ਕਈ ਦਿਨਾਂ ਦੀ ਮੰਜ਼ਲ ਮਾਰ ਕੇ ਭੰਬੋਰ ਸ਼ਹਿਰ ਸੱਸੀ ਦੇ ਘਰ ਪੁੱਜ ਗਏ। ਪੁੰਨੂੰ ਹੁਣ ਸੱਸੀ ਦੇ ਘਰ ਹੀ ਰਹਿ ਰਿਹਾ ਸੀ। ਸੱਸੀ ਨੇ ਪੁੰਨੂੰ ਦੇ ਭਰਾਵਾਂ ਦੀ ਖੂਬ ਖਾਤਰਦਾਰੀ ਕੀਤੀ। ਪੁੰਨੂੰ ਦੇ ਭਰਾ ਪੁੰਨੂੰ ਨੂੰ ਸ਼ਰਾਬ ਦੇ ਜਾਮਾਂ ਦੇ ਜਾਮ ਭਰ-ਭਰ ਪਿਆਂਦੇ ਰਹੇ। ਪੁੰਨੂੰ ਬੇਹੋਸ਼ ਹੋ ਗਿਆ। ਸੱਸੀ ਮਦਹੋਸ਼ ਹੋਏ ਪੁੰਨੂੰ ਦੇ ਗਲ ਆਪਣੀ ਬਾਂਹ ਵਲੀ ਘੂਕ ਸੁੱਤੀ ਪਈ ਸੀ। ਪੁੰਨੂ ਦੇ ਭਰਾ ਉੱਠੇ, ਉਨ੍ਹਾਂ ਹੌਲੇ ਜਹੇ ਸੱਸੀ ਦੀ ਬਾਂਹ ਪਰ੍ਹੇ ਹਟਾਈ ਤੇ ਪੁੰਨੂੰ ਨੂੰ ਇੱਕ ਊਠ ਉਤੇ ਲੱਦ ਲਿਆ। ਉਹ ਜਾਣਦੇ ਸਨ ਕਿ ਪੁੰਨੂੰ ਆਪਣੇ ਆਪ ਸੌਖਿਆਂ ਵਾਪਸ ਮੁੜਨ ਵਾਲਾ ਨਹੀਂ। ਸੱਸੀ ਬੇਖ਼ਬਰ ਸੁੱਤੀ ਪਈ ਸੀ ਅਤੇ ਉਸੇ ਸਮੇਂ ਉਹ ਬੇਹੋਸ਼ ਪੁੰਨੂੰ ਨੂੰ ਲੈ ਤੁਰ ਗਏ। ਸੱਸੀ ਦੀ ਜਾਗ ਖੁੱਲ੍ਹੀ ਤਾਂ ਪੁੰਨੂੰ ਉਹਦੇ ਕੋਲ ਨਹੀਂ ਸੀ। ਪੁੰਨੂੰ ਦੇ ਭਰਾ ਤੱਕੇ, ਉਨ੍ਹਾਂ ਦੀਆਂ ਡਾਚੀਆਂ ਵੇਖੀਆਂ, ਕੋਈ ਵੀ ਕਿਧਰੇ ਨਹੀਂ ਸੀ। ਉਸ ਆਲਾ-ਦੁਆਲਾ ਛਾਣ ਮਾਰਿਆ। ਪਰੰਤੂ ਪੁੰਨੂੰ ਤਾਂ ਕਾਫ਼ੀ ਦੂਰ ਜਾ ਚੁੱਕਿਆ ਸੀ ਜਿਸ ਦੁੱਖ ਵਿੱਚ ਸੱਸੀ ਕੁਰਲਾ ਰਹੀ ਸੀ:
ਮੈਂ ਪੁੰਨੂੰ ਦੀ ਪੁੰਨੂੰ ਮੇਰਾ
ਸਾਡਾ ਪਿਆ ਵਿਛੋੜਾ ਭਾਰਾ
ਦਸ ਵੇ ਰੱਬਾ, ਕਿੱਥੇ ਗਿਆ
ਮੇਰੇ ਨੈਣਾਂ ਦਾ ਵਣਜਾਰਾ।
ਕੋਈ ਚੀਰੇ ਦੇ ਲੜ ਲਾ
ਨੀ ਜਾਂਦੇ ਪੁੰਨੂੰ ਨੂੰ ਮੋੜ ਲੈ।
ਸੱਸੀ ਪੰਨੂ ਪੁੰਨੂੰ ਕੂਕਦੀ ਡਾਚੀ ਦੀਆ ਪੈੜਾਂ ਮਗਰ ਨਸ ਟੁਰੀ। ਸੂਰਜ ਲੋਹੜੇ ਦੀ ਅੱਗ ਵਰ੍ਹਾ ਰਿਹਾ ਸੀ। ਸੱਸੀ ਦੇ ਫੁੱਲਾਂ ਜਹੇ ਪੈਰ ਤਪਦੀ ਰੇਤ ‘ਤੇ ਭੁਜਦੇ ਪਏ ਸਨ ਪ੍ਰੰਤੂ ਉਹ ਪੁੰਨੂੰ ਪੁੰਨੂੰ ਜਾਪ ਕਰਦੀ ਬੇਹਾਲ ਹੋਈ ਨੱਸੀ ਜਾ ਰਹੀ ਸੀ:
ਨਾਜ਼ੁਕ ਪੈਰ ਮਲੂਕ ਸੱਸੀ ਦੇ
ਮਹਿੰਦੀ ਨਾਲ ਸ਼ਿੰਗਾਰੇ
ਬਾਲੂ ਰੇਤ ਤਪੇ ਵਿੱਚ ਥਲ ਦੇ
ਜਿਊਂ ਜੌਂ ਭੁੰਨਣ ਭਨਿਆਰੇ
ਸੂਰਜ ਭੱਜ ਵੜਿਆ ਵਿੱਚ ਬੱਦਲੀਂ
ਡਰਦਾ ਲਿਸ਼ਕ ਨਾ ਮਾਰੇ
ਹਾਸ਼ਮ ਵੇਖ ਯਕੀਨ ਸੱਸੀ ਦਾ
ਸਿਦਕੋਂ ਮੂਲ ਨਾ ਹਾਰੇ।
ਸੱਸੀ ਅੱਗੋਂ ਆਉਂਦੇ ਰਾਹੀਆਂ ਪਾਸੋਂ ਆਪਣੇ ਪੁੰਨੂੰ ਦਾ ਪਤਾ ਪੁੱਛਦੀ ਪ੍ਰੰਤੂ ਸਾਰੇ ਨਾਂਹ ਵਿੱਚ ਸਿਰ ਹਿਲਾ ਦੇਂਦੇ। ਉਸ ਥਲ ਅੱਗ ਵਾਸਤੇ ਪਾਏ ਸੱਸੀ ਭੁਜਦੇ ਥਲਾਂ ‘ਤੇ ਡਾਚੀ ਦਾ ਖੁਰਾ ਲੱਭਦੀ ਰਹੀ। ਅੰਤ ਸਿੰਧ ਦੇ ਮਾਰੂਥਲਾਂ ਵਿਚਕਾਰ ਭੁੱਖੀ ਭਾਣੀ ਉਹ ਬੇਹੋਸ਼ ਹੋ ਕੇ ਡਿੱਗ ਪਈ ਤੇ ਪੁੰਨੂੰ ਪੁੰਨੂੰ ਕੂਕਦੀ ਨੇ ਪਰਾਣ ਤਿਆਗ ਦਿੱਤੇ।
ਪੁੰਨੂੰ ਨੂੰ ਹੋਸ਼ ਪਰਤੀ, ਸੱਸੀ ਉਹਦੇ ਪਾਸ ਨਹੀਂ ਸੀ ਅਤੇ ਨਾ ਹੀ ਕਿਧਰੇ ਭੰਬੋਰ ਸ਼ਹਿਰ ਸੀ। ਚਾਰੇ ਪਾਸੇ ਮਾਰੂ ਰੇਤ ਨਜ਼ਰੀਂ ਆ ਰਿਹਾ ਸੀ। ਉਸ ਵਾਪਸ ਪਰਤਣ ਦੀ ਜ਼ਿੱਦ ਕੀਤੀ। ਉਹਦੇ ਭਰਾਵਾਂ ਉਹਨੂੰ ਲੱਖ ਸਮਝਾਇਆ। ਉਹ ਉਨ੍ਹੀਂ ਰਾਹੀਂ ਆਪਣੀ ਡਾਚੀ ਸਮੇਤ ਮੁੜ ਪਿਆ। ਸੱਸੀ ਦਾ ਪਿਆਰਾ ਮੁਖੜਾ ਉਹਨੂੰ ਨਜ਼ਰੀਂ ਆਉਂਦਾ ਪਿਆ ਸੀ। ਡਾਚੀ ਤੇਜ਼ ਕਦਮੀਂ ਭੰਬੋਰ ਸ਼ਹਿਰ ਵੱਲ ਨੱਸੀ ਆ ਰਹੀ ਸੀ। ਰਾਹ ਵਿੱਚ ਪੁੰਨੂੰ ਨੂੰ ਆਵਾਜ਼ ਪਈ ਇੱਕ ਪਲ ਰੁਕ ਜਾਵੀਂ। ਆ ਆਪਾਂ ਰਲ ਕੇ ਇੱਕ ਰੱਬੀ ਜਿਊੜੇ ਦੀ ਕਬਰ ਪੁੱਟ ਦੇਵੀਏ। ਪੁੰਨੂੰ ਨੇ ਪਰਤ ਕੇ ਵੇਖਿਆ ਇੱਕ ਆਜੜੀ ਕਬਰ ਪੁੱਟੀ ਜਾ ਰਿਹਾ ਸੀ। ਆਜੜੀ ਪੁੰਨੂੰ ਨੂੰ ਦਰੱਖਤਾਂ ਦੇ ਇੱਕ ਝੁੰਡ ਕੋਲ ਮੁਟਿਆਰ ਦੇ ਕੁਮਲਾਏ ਮੁਖੜੇ ਤੋਂ ਪੱਲਾ ਸਰਕਾਇਆ-ਪੰਨੂ ਦੇ ਹੋਸ਼ ਉੱਡ ਗਏ; ”ਸੱਸੀ!” ਪੁੰਨੂੰ ਨੇ ਧਾਹ ਮਾਰੀ ਤੇ ਉਹਦੇ ‘ਤੇ ਉਲਰ ਪਿਆ! ਆਜੜੀ ਦੇ ਵੇਖਦੇ ਵੇਖਦੇ ਦੋ ਜਿੰਦਾਂ ਇਕ-ਦੂਜੇ ਲਈ ਕੁਰਬਾਨ ਹੋ ਗਈਆਂ! ਆਜੜੀ ਨੇ ਕੱਲਿਆਂ ਕਬਰ ਖੋਦੀ ਤੇ ਦੋਵੇਂ ਉਸ ਵਿੱਚ ਦਫ਼ਨਾ ਦਿੱਤੇ ਤੇ ਆਜੜੀ ਦੇ ਜੀਵਨ ਨੇ ਅਜਿਹਾ ਪਲਟਾ ਖਾਧਾ ਕਿ ਉਹ ਸੱਸੀ ਪੁੰਨੂੰ ਦੀ ਕਬਰ ‘ਤੇ ਫ਼ਕੀਰ ਬਣ ਕੇ ਬੈਠ ਗਿਆ।
ਹਵਾਲੇ
[ਸੋਧੋ]- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).