ਹਾਫ਼ਿਜ਼ ਸ਼ੀਰਾਜ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹਾਫ਼ਿਜ਼
ਜਨਮ1325/26
ਸ਼ੀਰਾਜ਼, ਇਰਾਨ
ਮੌਤ1389/1390
ਸ਼ੀਰਾਜ਼, ਇਰਾਨ
ਹਾਫਿਜ਼ ਸ਼ਿਰਾਜ਼ੀ ਦੀ ਮਜ਼ਾਰ

ਹਾਫ਼ਿਜ਼ ਮੁਹੰਮਦ ਸ਼ੀਰਾਜ਼ੀ (ਫ਼ਾਰਸੀ: خواجه شمس‌ دین محمد حافظ شیرازی) ਦਾ ਨਾਮ ਮੁਹੰਮਦ, ਖ਼ਿਤਾਬ ਸ਼ਮਸਉਦੀਨ ਅਤੇ ਤਖ਼ੱਲਸ ਹਾਫ਼ਿਜ਼ (1325/26–1389/1390)[1] ਸੀ। ਹਾਫ਼ਿਜ਼ ਨੇ ਖ਼ੁਦ ਆਪਣਾ ਨਾਮ ਇਵੇਂ ਲਿਖਿਆ ਹੈ: ਮੁਹੰਮਦ ਬਿਨ ਅਲ ਮਕਲਬ ਬਾ ਸ਼ਮਸ ਅਲ ਹਾਫ਼ਿਜ਼ ਅਸ ਸ਼ੀਰਾਜ਼ੀ। ਉਹ ਇੱਕ ਫਾਰਸੀ ਕਵੀ ਸਨ। ਉਨ੍ਹਾਂ ਦੀ ਫਾਰਸੀ ਕਵਿਤਾ ਦੇ (ਦੀਵਾਨ) ਫਾਰਸ (ਈਰਾਨ), ਅਫਗਾਨਿਸਤਾਨ ਅਤੇ ਤਾਜਿਕਸਤਾਨ ਅਤੇ ਹੋਰ ਦੁਨੀਆ ਵਿੱਚ ਵੀ ਲੋਕਾਂ ਦੇ ਘਰਾਂ ਵਿੱਚ ਰੱਖੇ ਹੋਏ ਹਨ। ਉਹ ਉਸ ਦੇ ਸ਼ੇਅਰ ਜਬਾਨੀ ਯਾਦ ਕਰ ਲੈਂਦੇ ਹਨ ਤੇ ਕਹਾਵਤਾਂ ਵਜੋਂ ਵਰਤਦੇ ਹਨ। ਉਨ੍ਹਾਂ ਦੇ ਜੀਵਨ ਅਤੇ ਕਵਿਤਾਵਾਂ ਦਾ ਬਹੁਤ ਜ਼ਿਕਰ ਹੋਇਆ ਹੈ ਅਤੇ ਵੱਡੀ ਮਾਤਰਾ ਵਿੱਚ ਵਿਸ਼ਲੇਸ਼ਣ, ਟਿੱਪਣੀਆਂ ਅਤੇ ਵਿਆਖਿਆ ਮਿਲਦੀ ਹੈ। 14ਵੀਂ ਸਦੀ ਦੇ ਬਾਅਦ ਦੀ ਫ਼ਾਰਸੀ ਲੇਖਣੀ ਨੂੰ ਉਨ੍ਹਾਂ ਨੇ ਕਿਸੇ ਹੋਰ ਲੇਖਕ ਨਾਲੋਂ ਜਿਆਦਾ ਪ੍ਰਭਾਵਿਤ ਕੀਤਾ ਹੈ।[2]

ਜੀਵਨ[ਸੋਧੋ]

ਜਨਮ ਬਾਰੇ ਮੱਤਭੇਦ[ਸੋਧੋ]

ਹਾਫ਼ਿਜ਼ ਦੇ ਜਨਮ ਦੇ ਸਾਲ ਦੇ ਬਾਰੇ ਬਹੁਤ ਮੱਤ ਭੇਦ ਹਨ। ਇਨਸਾਈਕਲੋਪੀਡੀਆ ਆਫ਼ ਇਸਲਾਮ ਵਿੱਚ ਲਿਖਿਆ ਹੈ ਕਿ ਹਾਫ਼ਿਜ਼ ਅਠਵੀਂ ਸਦੀ ਹਿਜਰੀ ਦੇ ਸ਼ੁਰੂ ਵਿੱਚ ਪੈਦਾ ਹੋਏ। ਆਕਈ ਨਫ਼ੀਸੀ ਨੇ ਹਾਫ਼ਿਜ਼ ਦਾ ਸਾਲ ਜਨਮ 726 ਹਿਜਰੀ ਤੋਂ 729 ਹਿਜਰੀ ਦੇ ਦਰਮਿਆਨ ਕਰਾਰ ਦਿੱਤਾ ਹੈ। ਵੱਖ ਵੱਖ ਗਵਾਹੀਆਂ ਦੀ ਬੁਨਿਆਦ ਤੇ ਹਾਫ਼ਿਜ਼ ਦਾ ਜਨਮ ਸਾਲ 726 ਹਿਜਰੀ ਮੰਨਿਆ ਜਾਂਦਾ ਹੈ। ਹਾਫ਼ਿਜ਼ ਸ਼ੀਰਾਜ਼ੀ ਦਾ ਇੱਕ ਪੁੱਤਰ 764 ਹਿਜਰੀ ਵਿੱਚ ਫ਼ੌਤ ਹੋਇਆ। ਉਸ ਵਕਤ ਹਾਫ਼ਿਜ਼ ਦੀ ਉਮਰ 37 ਸਾਲ ਸੀ। ਇਸ ਤੋਂ ਨਤੀਜਾ ਨਿਕਲਦਾ ਹੈ ਕਿ ਹਾਫ਼ਿਜ਼ ਦਾ ਜਨਮ ਸਾਲ 726 ਹਿਜਰੀ ਹੈ। ਇਸ ਤਰ੍ਹਾਂ ਹਾਫ਼ਿਜ਼ ਦੀ ਮੌਤ ਦਾ ਸਾਲ 792 ਹਿਜਰੀ ਨਿਸਚਿਤ ਕੀਤਾ ਗਿਆ ਹੈ। ਇਸ ਤਰ੍ਹਾਂ ਵਫ਼ਾਤ ਦੇ ਵਕਤ ਹਾਫ਼ਿਜ਼ ਦੀ ਉਮਰ 65 ਸਾਲ ਸੀ। ਹਾਫ਼ਿਜ਼ ਦੇ ਦਾਦੇ ਦਾ ਖ਼ਿਤਾਬ ਗ਼ਿਆਸਉਦੀਨ ਅਤੇ ਬਾਪ ਦਾ ਖ਼ਿਤਾਬ ਕਈਆਂ ਨੇ ਬਹਾਉਲਦੀਨ ਅਤੇ ਕਈਆਂ ਨੇ ਕਮਾਲਉਲਦੀਨ ਲਿਖਿਆ ਹੈ।

ਪਰਿਵਾਰ ਤੇ ਕਾਰੋਬਾਰ[ਸੋਧੋ]

ਹਾਫ਼ਿਜ਼ ਦਾ ਬਾਪ ਅਸਫ਼ਹਾਨ ਵਿੱਚ ਰਹਿੰਦਾ ਸੀ। ਬਾਅਦ ਵਿੱਚ ਆਪਣਾ ਵਤਨ ਛੱਡ ਕੇ ਤਜਾਰਤ ਲਈ ਸ਼ੀਰਾਜ਼ ਆ ਵਸਿਆ। ਹਾਫ਼ਿਜ਼ ਦੀ ਮਾਂ ਕਾਜ਼ਰੁਨੀ ਸੀ ਅਤੇ ਸ਼ੀਰਾਜ਼ ਵਿੱਚ ਰਹਿੰਦੀ ਸੀ। ਬਾਪ ਦੀ ਮੌਤ ਤੇ ਖ਼ੁਆਜਾ ਦੀ ਮਾਂ ਅਤੇ ਦੋ ਭਰਾ ਬਾਕੀ ਰਹਿ ਗਏ। ਭਾਈਆਂ ਵਿੱਚ ਹਾਫ਼ਿਜ਼ ਸਭ ਤੋਂ ਛੋਟੇ ਸਨ। ਉਨ੍ਹਾਂ ਦੇ ਵੱਡੇ ਭਰਾ ਖ਼ੁਆਜਾ ਖ਼ਲੀਲ ਆਦਿਲ 775 ਹਿਜਰੀ ਵਿੱਚ ਵਫ਼ਾਤ ਪਾ ਗਏ ਜਦੋਂ ਕਿ ਦੂਜਾ ਭਰਾ ਮਾਂ ਅਤੇ ਭਰਾ ਨੂੰ ਤਨਹਾ ਛੱਡ ਗਿਆ। ਹਾਫ਼ਿਜ਼ ਖ਼ਮੀਰ ਗਿਰੀ ਕਰਕੇ ਰੋਜ਼ੀ ਕਮਾਉਂਦਾ ਅਤੇ ਵਿਹਲ ਦੇ ਵਕਤ ਕਰੀਬੀ ਮਦਰਸੇ ਵਿੱਚ ਗਿਆਨ ਹਾਸਲ ਕਰਦਾ। ਇਸ ਵਕਤ ਉਹਨਾਂ ਨੇ ਗਿਆਨ ਦੀਆਂ ਹੋਰਨਾਂ ਸਾਖਾਵਾਂ ਦੇ ਇਲਾਵਾ ਸੰਗੀਤ ਦਾ ਵੀ ਬਹੁਤ ਲਗਨ ਨਾਲ ਅਧਿਐਨ ਕੀਤਾ ਅਤੇ ਕੁਰਾਨ ਜਬਾਨੀ ਯਾਦ ਕਰ ਲਈ ਜਿਸ ਕਾਰਨ ਉਹਨਾਂ ਦਾ ਤਖਲੁਸ ਹਾਫਿਜ਼ ਪੈ ਗਿਆ।

ਸ਼ੀਰਾਜ਼ ਨਾਲ ਮੁਹੱਬਤ[ਸੋਧੋ]

ਹਾਫ਼ਿਜ਼ ਸ਼ੀਰਾਜ਼ੀ ਦੀ ਜਿੰਦਗੀ ਦਾ ਜ਼ਮਾਨਾ 726 ਤੋਂ 792 ਹਿਜਰੀ ਗਿਣਿਆ ਜਾਂਦਾ ਹੈ। ਇਹ ਈਰਾਨ ਵਿੱਚ ਜੰਗ ਅਤੇ ਬਦਅਮਨੀ ਅਤੇ ਬੇਚੈਨੀ ਦਾ ਜ਼ਮਾਨਾ ਸੀ। ਤੈਮੂਰੀ ਹਮਲਿਆਂ ਦੇ ਨਤੀਜੇ ਵਜੋਂ ਈਰਾਨ ਦੀਆਂ ਬਸਤੀਆਂ ਤਬਾਹ ਅਤੇ ਬਰਬਾਦ ਹੋ ਗਈਆਂ ਸਨ। ਇਸ ਦੇ ਬਾਵਜੂਦ ਵਿਦਵਾਨ ਅਤੇ ਸ਼ਾਇਰ ਲੋਕ ਆਪਣੀਆਂ ਮਹਫ਼ਲਾਂ ਬਰਕਰਾਰ ਰੱਖਦੇ ਸਨ। ਹਾਫ਼ਿਜ਼ ਨੇ ਸ਼ੇਖ਼ ਮਜਦਾਲਦੀਨ, ਸ਼ੇਖ਼ ਬਹਾਉਉਲਦੀਨ, ਸਈਅਦ ਸ਼ਰੀਫ਼ ਜਰਜਾਨੀ ਅਤੇ ਸ਼ਮਸਉਦੀਨ ਅਬਦੁਲਾ ਸ਼ੀਰਾਜ਼ੀ ਤੋਂ ਹੋਰ ਸਿੱਖਿਆ ਪ੍ਰਾਪਤ ਕੀਤੀ। ਉਹਨਾਂ ਨੂੰ ਸ਼ੀਰਾਜ਼ ਨਾਲ ਬੇਹੱਦ ਮੁਹਬਤ ਸੀ ਇਸ ਲਈ ਉਹਨਾਂ ਨੇ ਮੁਸਲੀ ਅਤੇ ਰੁਕਨਾਬਾਦ ਤੋਂ ਦੂਰੀ ਇਖ਼ਤਿਆਰ ਨਾ ਕੀਤੀ। ਆਪਣੀ ਪੂਰੀ ਜਿੰਦਗੀ ਵਿੱਚ ਯਜ਼ਦ ਅਤੇ ਹਰਮਜ਼ ਵੱਲ ਦੋ ਸੰਖੇਪ ਸਫ਼ਰ ਕੀਤੇ ਜੋ ਉਨ੍ਹਾਂ ਦੇ ਲਈ ਖ਼ੁਸ਼ਗਵਾਰ ਨਹੀਂ ਸਨ। ਦੀਵਾਨ ਹਾਫ਼ਿਜ਼ ਤੋਂ ਇਹ ਗੱਲ ਮਾਅਲੂਮ ਹੁੰਦੀ ਹੈ ਕਿ ਉਨ੍ਹਾਂ ਦੇ ਕੁਝ ਜਿਗਰੀ ਯਾਰ ਸਨ ਜਿਹਨਾਂ ਦੀ ਸੰਗਤ ਵਿੱਚ ਉਹ ਆਪਣੇ ਦੁੱਖ ਭੁਲ ਜਾਇਆ ਕਰਦੇ ਸਨ। ਉਨ੍ਹਾਂ ਦਾ ਇੱਕ ਪੁੱਤਰ ਉਨ੍ਹਾਂ ਦੀ ਜਿੰਦਗੀ ਵਿੱਚ ਹੀ ਫ਼ੌਤ ਹੋ ਗਿਆ ਮਗਰ ਉਸ ਦੇ ਬਾਵਜੂਦ ਉਨ੍ਹਾਂ ਦੇ ਦਿਲੋਂ ਆਪਣੇ ਘਰ ਦੀ ਮੁਹਬਤ ਘੱਟ ਨਾ ਹੋਈ।

ਦਰਬਾਰ ਨਾਲ ਵਾਬਸਤਾ[ਸੋਧੋ]

ਹਾਫ਼ਿਜ਼ ਦਰਬਾਰ ਨਾਲ ਵੀ ਵਾਬਸਤਾ ਰਹੇ। ਅਬੂ ਇਸਹਾਕ ਨੇ 743 ਹਿਜਰੀ ਵਿੱਚ ਸ਼ੀਰਾਜ਼ ਤੇ ਹਕੂਮਤ ਕਾਇਮ ਕਰ ਲਈ। ਉਹ ਹਾਫ਼ਿਜ਼ ਨਾਲ ਹਮੇਸ਼ਾ ਦੋਸਤਾਨਾ ਸਲੂਕ ਕਰਦਾ ਸੀ ਅਤੇ ਬਹੁਤ ਮਿਹਰਬਾਨੀ ਨਾਲ ਪੇਸ਼ ਆਉਂਦਾ ਸੀ। ਈਰਾਨ ਦੇ ਬਾਦਸ਼ਾਹਾਂ ਦੇ ਇਲਾਵਾ ਉਪ ਮਹਾਂਦੀਪ ਦੇ ਸੁਲਤਾਨ ਵੀ ਹਾਫ਼ਿਜ਼ ਦੇ ਕਲਾਮ ਨੂੰ ਇਜ਼ਤ ਦੀ ਨਜ਼ਰ ਨਾਲ ਵੇਖਦੇ ਸਨ। ਮਹਿਮੂਦ ਸ਼ਾਹ ਦਕਨੀ ਨੇ ਹਾਫ਼ਿਜ਼ ਸ਼ੀਰਾਜ਼ੀ ਨੂੰ ਆਪਣੇ ਦਰਬਾਰ ਵਿੱਚ ਆਉਣ ਦੀ ਦਾਅਵਤ ਦਿੱਤੀ ਮਗਰ ਸ਼ੀਰਾਜ਼ ਦੀ ਮੁਹਬਤ ਆੜੇ ਆਈ ਅਤੇ ਸਫ਼ਰ ਦੀਆਂ ਮੁਸ਼ਕਲਾਂ ਤੋਂ ਬਚਣ ਲਈ ਹਾਫ਼ਿਜ਼ ਨੇ ਉੱਥੇ ਜਾਣ ਦਾ ਇਰਾਦਾ ਤਰਕ ਕਰ ਦਿੱਤਾ ਅਤੇ ਮਹਿਮੂਦ ਸ਼ਾਹ ਦੀ ਖਿਦਮਤ ਵਿੱਚ ਇੱਕ ਗ਼ਜ਼ਲ ਲਿਖ ਕੇ ਭੇਜ ਦਿੱਤੀ।

ਮੌਤ[ਸੋਧੋ]

ਹਾਫ਼ਿਜ਼ ਨੇ 791 ਹਿਜਰੀ ਵਿੱਚ ਸ਼ੀਰਾਜ਼ ਦੇ ਮੁਕਾਮ ਤੇ ਵਫ਼ਾਤ ਪਾਈ ਅਤੇ ਮੁਸਲੀ ਦੇ ਮੁਕਾਮ ਤੇ ਦਫ਼ਨ ਕੀਤੇ ਗਏ। ਉਨ੍ਹਾਂ ਦਾ ਮਜ਼ਾਰ ਹਰ ਖਾਸ ਅਤੇ ਆਮ ਦੀ ਜ਼ਿਆਰਤ ਗਾਹ ਹੈ।

ਰਚਨਾ[ਸੋਧੋ]

ਹਾਫ਼ਿਜ਼ ਦੀ ਕਲਾਸਿਕ ਲਿਖਤ ਉਸ ਦਾ ਦੀਵਾਨ ਹੈ ਜੋ ਗ਼ਜ਼ਲਾਂ, ਕਸੀਦਿਆਂ, ਕਾਵਿ ਟੋਟਿਆਂ ਅਤੇ ਰੁਬਾਈਆਂ ਤੇ ਅਧਾਰਿਤ ਹੈ। ਇਹ ਦੀਵਾਨ ਉਹਨਾਂ ਨੇ ਖ਼ੁਦ ਸੰਪਾਦਿਤ ਨਹੀਂ ਕੀਤਾ ਬਲਕਿ ਉਨ੍ਹਾਂ ਦੇ ਸਮਕਾਲੀ ਮੁਹੰਮਦ ਗੁੱਲ ਅਨਦਾਮ ਨੇ ਕੀਤਾ। ਮਗਰ ਅਫ਼ਸੋਸ ਦੀ ਗੱਲ ਇਹ ਹੈ ਮੁਹੰਮਦ ਗੁੱਲ ਅਨਦਾਮ ਦਾ ਸੰਪਾਦਿਤ ਕੀਤਾ ਦੀਵਾਨ ਵੀ ਅੱਜ ਮੌਜੂਦ ਨਹੀਂ। ਇਸ ਦੇ ਇਲਾਵਾ ਹਾਫ਼ਿਜ਼ ਨੇ ਕੁਰਆਨ ਦੀ ਵਿਆਖਿਆ ਵੀ ਕੀਤੀ। ਹਾਫ਼ਿਜ਼ ਸ਼ੀਰਾਜ਼ੀ ਦੀ ਸ਼ਾਇਰੀ ਕਈ ਬੋਲੀਆਂ ਚ ਉਲਥਾਈ ਜਾ ਚੁੱਕੀ ਹੈ। ਅਮਰੀਕੀ ਕਵੀ ਰਾਲਫ਼ ਵਾਲਡੋ ਐਮਰਸਨ ਤੇ ਜਰਮਨ ਕਵੀ ਗੋਇਟੇ ਨੂੰ ਵੀ ਉਹ ਬੜਾ ਚੰਗਾ ਲਗਦਾ ਸੀ।

ਹਾਫ਼ਿਜ਼ ਸ਼ੀਰਾਜ਼ੀ ਦੀ ਮਜ਼ਾਰ[ਸੋਧੋ]

ਇਰਾਨੀ ਸ਼ਹਿਰ ਸ਼ੀਰਾਜ਼ ਚ ਹਾਫ਼ਿਜ਼ ਦੀ ਕਬਰ ਇਰਾਨੀ ਆਰਕੀਟੈਕਚਰ ਦਾ ਵਧੀਆ ਨਮੂਨਾ ਹੈ।

ਸ਼ਾਇਰੀ ਦਾ ਨਮੂਨਾ[ਸੋਧੋ]

ਅਲਾ ਯਾ ਆਇਯਹਾ ਅੱਸਾਕ਼ੀ ਅਦਰ ਕਾਸਾਂ ਵ ਨਾਵਲਹਾ
ਕਿ ਇਸ਼ਕ ਅਸਾਨ ਨਮੂਦ ਅਵਲ ਵਲੀ ਉਫ਼ਤਾਦ ਮੁਸ਼ਕਿਲ‌ਹਾ
ਬਾ ਬੂਈ-ਏ ਨਾਫ਼ਹਾ-ਇ ਕਾਖ਼ਰ ਸਬਾ ਜ਼-ਆਨ ਤਰਹ ਬਗਸ਼ਾਯਦ
ਜ਼ਿ ਤਾਬ-ਏ ਜਾਦ-ਏ ਮੁਸ਼ਕੀਨਸ਼ ਚਿ ਖ਼ੂਨ ਉਫ਼ਤਾਦ ਦਰ ਦਿਲਹਾ
ਮ-ਰਾ ਦਰ ਮੰਜ਼ਿਲ-ਏ ਜਨਾਨ ਚਿ ਅਮਨ-ਏ ਆਯਸ਼, ਚੋਨ ਹਰ ਦਮ
ਜਰਸ ਫ਼ਰਿਆਦ ਮੀਦਾਰਦ ਕਿ ਬਰ-ਬੰਦੀਦ ਮਹਿਮਲਹਾ?
ਬਿ ਮਯ ਸੱਜਾਦੇ ਰੰਗੀਨ ਕੁਨ ਗਰ-ਤ ਪੀਰ-ਏ ਮੁਗ਼ਾਨ ਗੋਇਦ
ਕਿ ਸਾਲਿਕ ਬੀ-ਖ਼ਬਰ ਨਬਵਦ ਜ਼ ਰਾਹ ਓ ਰਸਮ-ਏ ਮੰਜ਼ਿਲਹਾ
ਸ਼ਬ-ਏ ਤਾਰੀਕ ਓ ਬੀਮ-ਏ ਮੌਜ ਓ ਗਿਰਦਾਬੀ-ਇ ਚੁਨੀਨ ਹਾਇਲ
ਕਜਾ ਦਾਨੰਦ ਹਾਲ-ਏ ਮਾ ਸੁਬਕਬਾਰਾਨ-ਏ ਸਾਹਿਲਹਾ?
ਹਮਾ ਕਾਰ-ਮ ਜ਼ ਖ਼ੁਦ-ਕਾਮੀ ਬਿ ਬਦ-ਨਾਮੀ ਕਸ਼ੀਦ ਆਖ਼ਰ
ਨਿਹਾਨ ਕੀਹ ਮਾਨਦ ਆਨ ਰਾਜ਼-ਈ ਕਜ਼ ਊ ਸਾਜ਼ੰਦ ਮਹਿਫ਼ਲਹਾ?
ਹਜ਼ੂਰੀ ਗਰ ਹਮੀ ਖ਼ਾਹੀ ਅਜ ਊ ਗ਼ਾਇਬ ਮਸ਼ੌ, ਹਾਫ਼ਿਜ਼
ਮਤਾ ਮਾ ਤਲਕ਼ ਮਨ ਤਹਵਾ ਦਾਅ ਅਦ-ਦੁਨੀਆ ਵ ਅਹਿਮਲਹਾ

ਹਵਾਲੇ[ਸੋਧੋ]

  1. "ਇਨਸਾਈਕਲੋਪੀਡੀਆ ਬ੍ਰਿਟੇਨੀਕਾ".
  2. "ਹਾਫਿਜ਼ ਅਤੇ ਸੰਸਾਰ ਵਿੱਚ ਇਰਾਨੀ ਸੱਭਿਆਚਾਰ ਦੀ ਥਾਂ - ਆਗਾ ਖਾਨ ੩".