ਸਮੱਗਰੀ 'ਤੇ ਜਾਓ

1947 ਤੋਂ 1980 ਤੱਕ ਪੰਜਾਬੀ ਸਵੈ-ਜੀਵਨੀ ਦਾ ਇਤਿਹਾਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸਵੈ-ਜੀਵਨੀ ਸਵੈ-ਜੀਵਨੀ ਆਧੁਨਿਕ ਵਾਰਤਕ ਦੀ ਨਵੀਨ ਵਿਧਾ ਹੈ ਜਿਸਦਾ ਸੰਬੰਧਾ ਆਤਮ ਵਰਣਨ ਨਾਲ ਹੈ। ਇਹ ਅਜਿਹਾ ਵਾਰਤਕ ਰੂਪ ਹੈ, ਜਿਸ ਵਿੱਚ ਲੇਖਕ ਆਪਣੇ ਜੀਵਨ ਅਤੇ ਵਿਅਕਤੀਤਵ ਦੀਆਂ ਵਿਸ਼ੇਸ਼ ਘਟਨਾਵਾਂ ਦਾ ਵਰਣਨ ਕਰਦਾ ਹੋਇਆ ਇਨ੍ਹਾਂ ਦੀ ਪੁਨਰ ਸਿਰਜਨਾ ਕਰਦਾ ਹੈ ਭਾਵ ਵਾਰਤਕ ਕਲਾ ਰਾਹੀਂ ਉਹ ਆਪਣੇ ਅਨੁਭਵ ਅਤੇ ਸਖਸ਼ੀਅਤ ਨਿਰਮਾਣ ਦਾ ਲੇਖਾ-ਜੋਖਾ ਉਲੀਕਦਾ ਹੈ। ਇਸਦਾ ਮੰਤਵ ਪਾਠਕਾਂ ਨੂੰ ਮੁਖਾਤਿਬ ਹੋਣਾ ਹੀ ਹੁੰਦਾ ਹੈ, ਜੋ ਉਸਦੇ ਜੀਵਨ ਇਤਿਹਾਸ ਜਾਂ ਅਨੁਭਵ ਤੋਂ ਕੋਈ ਸੇਧ ਜਾਂ ਅਗਵਾਈ ਹਾਸਲ ਕਰ ਸਕਦੇ ਹਨ। ਇਸ ਵਿੱਚ ਇੱਕ ਪਾਸੇ ਨਿੱਜ ਅਤੇ ਦੂਜੇ ਪਾਸੇ ਸਮਾਜਿਕ/ਧਾਰਮਿਕ/ਰਾਜਨੀਤਿਕ ਆਦਿ ਸਭ ਤਰ੍ਹਾਂ ਦੀਆਂ ਸਥਿਤੀਆਂ ਬਿਆਨ ਕੀਤੀਆਂ ਹੁੰਦੀਆਂ ਹਨ। ਅੰਮ੍ਰਿਤਾ ਪ੍ਰੀਤਮ ਨੇ ਸ੍ਵੈ-ਜੀਵਨੀ ਨੂੰ ਏਸੇ ਲਈ ‘ਯਥਾਰਥ ਤੋਂ ਯਥਾਰਥ ਤੱਕ ਦਾ ਅਮਲ` ਕਿਹਾ ਹੈ। ਪੰਜਾਬੀ ਵਿੱਚ ਸਵੈ ਜੀਵਨੀ ਰਚਨਾ ਦੀ ਵਿਸ਼ਾਲ ਪਰੰਪਰਾ ਮੌਜੂਦ ਹੈ। ਪੰਜਾਬੀ ਕਾਵਯ ਵਿੱਚ ਗੁਰੂ ਗੋਬਿੰਦ ਸਿੰਘ ਜੀ ਵਲੋਂ ਬ੍ਰਜ ਭਾਸ਼ਾ` ਵਿੱਚ ਰਚੇ ‘ਬਚਿਤ੍ਰ ਨਾਟਕ` ਨੂੰ ਪੰਜਾਬੀ ਦੀ ਪ੍ਰਥਮ ਸ੍ਵੈ-ਜੀਵਨੀ ਮੰਨਿਆ ਜਾ ਸਕਦਾ ਹੈ। ਇਸ ਤੋਂ ਅਗਾਂਹ ਪੰਜਾਬੀ ਮੱਧਕਾਲੀ ਗੱਦ ਵਿੱਚ ਜਨ-ਸਾਖੀਆਂ ਅਤੇ ਪਰਚੀਆਂ ਆਦਿ ਦੇ ਰੂਪ ਵਿੱਚ ਜੀਵਨੀ ਮੂਲਕ ਰਚਨਾਵਾਂ ਦਾ ਸੰੁਦਰ ਭੰਡਾਰ ਮਿਲਦਾ ਹੈ। ਆਧੁਨਿਕ ਪੰਜਾਬੀ ਵਾਰਤਕ ਵਿੱਚ ਸ੍ਵੈ-ਜੀਵਨੀਰਚਨਾ ਦੀ ਅਮੀਰ ਪਰੰਪਰਾ ਦਿਖਾਈ ਦਿੰਦੀ ਹੈ। ਆਧੁਨਿਕ ਪੰਜਾਬੀ ਵਾਰਤਕ ਦੀ ਮੁੱਢਲੀ ਪਰੰਪਰਾ ਵਿੱਚ ਪੰਜਾਬੀ ਦੇ ਪ੍ਰਸਿੱਧ ਵਾਰਤਕਕਾਰਾਂ ਦੀਆਂ ਸ੍ਵੈ-ਜੀਵਨੀਰਚਨਾਵਾਂ ਸ਼ਾਮਲ ਹਨ ਜਿਨ੍ਹਾਂ ਦਾ ਵਰਣਨ ਅੱਗੇ ਕੀਤਾ ਗਿਆ ਹੈ: 1947 ਤੋਂ 1980 ਤੱਕ ਪੰਜਾਬੀ ਸ੍ਵੈ-ਜੀਵਨੀ ਦਾ ਇਤਿਹਾਸ ਨਾਨਕ ਸਿੰਘ ਨਾਵਲਿਸਟ ਦੀ ਸ੍ਵੈ-ਜੀਵਨੀ (1949) ਨਾਨਕ ਸਿੰਘ ਨਾਵਲਿਸਟ ਦੀ ਸਵੈ-ਜੀਵਨੀ ‘ਮੇਰੀ ਦੁਨੀਆਂ` ਦਾ ਪਹਿਲਾਂ ਪ੍ਰਕਾਸ਼ਨ 1949 ਈ. ਵਿੱਚ ਹੋਇਆ ਜਿਸ ਸਦਕਾ ਇਹ ਉਸ ਸਮੇਂ ਦੀ ਪਹਿਲੀ ਸਵੈ-ਜੀਵਨੀ ਹੈ। ਇਸਦਾ ਚੌਥਾ ਐਡੀਸ਼ਨ ਕੁਝ ਵਾਧੇ ਸਾਹਿਤ 1959 ਈ. ਵਿੱਚ ਪ੍ਰਕਾਸ਼ਿਤ ਹੋਇਆ ਸੀ। ਇਤਿਹਾਸਕ ਅਤੇ ਸਾਹਿਤਿਕ ਕਲਾ ਦੀ ਦ੍ਰਿਸ਼ਟੀ ਤੋਂ ਇਹ ਮਹੱਤਵਪੂਰਣ ਰਚਨਾ ਹੈ। ਸ੍ਵੈ-ਜੀਵਨੀ ਰਚਨਾ ਲਈ ਈਮਾਨਦਾਰੀ, ਨਿਰਪੱਖਤਾ ਅਤੇ ਸਾਫਗੋਈ ਵਰਗੇ ਗੁਣ ਇਸ ਵਿਚੋਂ ਸਪਸ਼ਟ ਝਲਕਦੇ ਹਨ। ਇਸ ਤੋਂ ਇਲਾਵਾ ਕਈ ਥਾਵਾਂ `ਤੇ ਲੇਖਕ ਦੀ ਭਾਵੂਕ ਬਿਰਤੀ ਵੀ ਸਾਹਮਣੇ ਆਈ ਪਰ ਉਸਦੇ ਜੀਵਨ ਚਿੰਤਨ ਅਤੇ ਅਨੁਭਵਾਂ ਦਾ ਪ੍ਰਭਾਵ ਵਧੇਰੇ ਪ੍ਰਤੱਖ ਰਹਿੰਦਾ ਹੈ। ‘ਮੇਰੀ ਦੁਨੀਆਂ` ਦਾ ਲੇਖਕ ਕਿਉਂਕਿ ਨਾਵਲਕਾਰ ਹੈ, ਇਸ ਲਈ ਇਸ ਵਿੱਚ ਨਾਵਲ ਵਾਂਗ ਨਿੱਕੀਆਂ-ਨਿੱਕੀਆਂ ਕਹਾਣੀਆਂ ਨੂੰ ਲੜੀਵਾਰ ਜੋੜਿਆ ਗਿਆ ਹੈ। ਇਸ ਸਵੈ-ਜੀਵਨੀ ਵਿੱਚ ਲੇਖਕ ਦੇ ਨਿੱਜੀ ਜੀਵਨ ਤੋਂ ਇਲਾਵਾ ਸਮਾਜਿਕ, ਧਾਰਮਿਕ, ਰਾਜਨੀਤਿਕ ਅਤੇ ਸਭਿਆਚਾਰਕ ਸਥਿਤੀਆਂ ਦੇ ਨਾਲ-ਨਾਲ 1947 ਦੀ ਵੰਡ ਦੇ ਪ੍ਰਭਾਵ ਦਾ ਬੜਾ ਹਿਰਦੇ ਵੇਧਕ ਵਰਣਨ ਕੀਤਾ ਹੋਇਆ ਹੈ।

ਪ੍ਰਿੰ. ਤੇਜਾ ਸਿੰਘ ਦੀ ਸ੍ਵੈ-ਜੀਵਨੀ(1958) ਪੰਜਾਬੀ ਸ੍ਵੈ-ਜੀਵਨੀਸਾਹਿਤ ਵਿੱਚ ਪ੍ਰਿੰ. ਤੇਜਾ ਸਿੰਘ ਦੀ ਸਵੈ-ਜੀਵਨੀ ਹੈ, ਜੋ 1958 ਵਿੱਚ ਪ੍ਰਕਾਸ਼ਿਤ ਹੋਈ। ਇਸ ਦੇ 14 ਕਾਂਡ ਹਨ, ਜਿਨ੍ਹਾਂ ਵਿੱਚ ਲੇਖਕਾਂ ਨੇ ਇਤਿਹਾਸਕ ਕਾਲਕ੍ਰਮ ਵਿੱਚ ਘਟਨਾਵਾਂ ਦਾ ਬਿਆਨ ਕੀਤਾ ਹੈ। ਇਸ ਵਿੱਚ ਲੇਖਕ ਨੇ ਨਿੱਜੀ ਤੇ ਘਰੇਲੂ ਜੀਵਨ, ਜੇਲ ਯਾਤਰਾ ਸਾਹਿਤਿਕ ਜੀਵਨ ਅਤੇ ਜੀਵਨ ਦੇ ਹੋਰ ਬਹੁਪੱਖੀ ਅਨੁਭਵਾਂ ਨੂੰ ਬੜੇ ਰੌਚਕ ਢੰਗ ਨਾਲ ਬਿਆਨ ਕੀਤਾ ਗਿਆ ਹੈ। ਇਸ ਵਿੱਚ ਪ੍ਰਿੰ. ਤੇਜਾ ਸਿੰਘ ਦੀ ਵਾਰਤਕ ਕਲਾ ਪ੍ਰੋੜ ਰੂਪ ਵਿੱਚ ਦਿਖਾਈ ਦਿੰਦੀ ਹੈ। ਇਸ ਵਿੱਚ ਮੌਲਿਕ ਬਿਰਤਾਂਤ ਵਾਲਾ ਰਸ ਹੈ। ਲੇਖਕ ਨੇ ਆਪਣਾ ਆਪ ਬਿਆਨ ਕਰਨ ਸਮੇਂ ਕੋਈ ਉਹਲਾ ਜਾਂ ਪਰਦਾ ਨਹੀਂ ਰੱਖਿਆ, ਸਗੋਂ ਸਭ ਕੁਝ-ਇੰਨ-ਬਿੰਨ ਬਿਆਨ ਕਰ ਦਿੱਤਾ ਹੈ। ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਸਵੈ-ਜੀਵਨੀ (1959, 1964, 1978) ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਸਵੈ-ਜੀਵਨੀ, ਤਿੰਨ ਭਾਗਾਂ ਵਿੱਚ ਮੁਕੰਮਲ ਹੋਈ। ਮੇਰੀ ਜੀਵਨ ਕਹਾਣੀ (1959), ਮੰਜ਼ਿਲ ਦਿਸ ਪਈਂ (1964) ਅਤੇ ਮੇਰੀ ਜੀਵਨ ਕਹਾਣੀ (3) ਜੋ 1978 ਵਿੱਚ ਉਸਦੇ ਮਰਨੋ ਪ੍ਰਾਂਤ ਪ੍ਰਕਾਸ਼ਿਤ ਹੋਈ। ਇਸ ਵਿੱਖ ਲੇਖਕ ਦਾ ਜੀਵਨ ਇਤਿਹਾਸਕ ਕਾਲ ਕ੍ਰਮ ਵਿੱਚ ਪੇਸ਼ ਹੋਇਆ ਹੈ। ਇਨ੍ਹਾਂ ਵਿੱਚ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਖਾਂ ਦਾ ਵੀ ਸੁੰਦਰ ਵਰਣਨ ਹੋਇਆ ਹੈ। ਗੁਰਬਖਸ਼ ਸਿੰਘ ਦੀ ਸ਼ੈਲੀ ਜਿੱਥੇ ਅਨੁਭਵ ਤੇ ਚੇਤਨਾ ਨਾਲ ਭਰਪੂਰ ਹੈ, ਉਥੋਂ ਉਸਦਾ ਬਿਆਨ ਢੰਗ ਜਾਂ ਵਰਣਨ ਰੂਪ ਬੜਾ ਪ੍ਰਭਾਵਸ਼ਾਲੀ ਹੈ। ਇਸ ਵਿੱਚ ਲੇਖਕ ਨੇ ਆਪਣੇ ਅੰਦਰਲੇ ਆਪੇ ਬਾਰੇ ਸੁੰਦਰ ਅਤੇ ਸੰਪੂਰਣ ਝਲਕ ਦਿਖਾਣ ਦੀ ਕੋਸ਼ਿਸ਼ ਕੀਤੀ ਹੈ। ਨਰੈਣ ਸਿੰਘ ਦੀ ਸਵੈ-ਜੀਵਨੀ (1966) ਨਰੈਣ ਸਿੰਘ ਦੀ ਸਵੈ-ਜੀਵਨੀ ‘ਕੁੱਝ ਹੱਡ ਬੀਤੀ ਕੁਝ ਜੱਗ ਬੀਤੀ` 1966 ਈਂ ਵਿੱਚ ਪ੍ਰਕਾਸ਼ਿਤ ਹੋਈ। ਇਸ ਰਚਨਾ ਦੀ ਸ਼ੈਲੀ ਸਰਲ ਤੇ ਸਪਸ਼ੱਟ ਹੈ ਅਤੇ ਸੰਘਰਸ਼ਮਈ ਪੱਖਾਂ ਦਾ ਰਵਾਨਗੀ ਸਹਿਤ ਵਰਣਨ ਕਰਦੀ ਹੈ। ਲੇਖਕ ਨਨਕਾਣਾ ਸਾਹਿਬ ਦਾ ਮੈਨੇਜਰ ਸੀ, ਇਸ ਲਈ ਉਸਨੇ ਉਥੋਂ ਦੇ ਇਤਿਹਾਸ ਉੱਤੇ ਚੰਗੀ ਰੌਸ਼ਨੀ ਪਾਈ ਹੈ। ਇਸ ਵਿੱਚ ਪ੍ਰਬੰਧਕੀ ਅਤੇ ਕਾਨੂੰਨੀ ਮਸਲਿਆਂ ਬਾਰੇ ਵਿਸ਼ਲੇਸ਼ਣ ਵੀ ਹੋਇਆ ਹੈ। ਗਦਰੀ ਬਾਬਾ ਸੋਹਣ ਸਿੰਘ ਭਕਨਾ ਦੀ ਸਵੈ-ਜੀਵਨੀ (1967) ਗਦਰੀ ਬਾਬਾ ਸੋਹਣ ਸਿੰਘ ਭਕਨਾ ਦੀ ਸਵੈ-ਜੀਵਨੀ ‘ਜੀਵਨ ਸੰਗ ਰਾਮ` 1967 ਈ. ਵਿੱਚ ਪ੍ਰਕਾਸ਼ਿਤ ਹੋਈ, ਜਿਸ ਵਿੱਚ ਲੇਖਕ ਨੇ ਆਪਣੇ ਸੰਘਰਸ਼ਮਈ ਜੀਵਨ ਨੂੰ ਛੋਟੇ-ਛੋਟੇ 25 ਕਾਡਾਂ ਵਿੱਚ ਪੇਸ਼ ਕੀਤਾ ਹੈ। ਇਹ ਰਚਨਾ ਆਕਾਰ ਪੱਖੋਂ ਭਾਵੇਂ ਛੋਟੀ ਹੈ ਪਰ ਇਤਿਹਾਸਕ ਤੱਥਾਂ ਦੀ ਦ੍ਰਿਸ਼ਟੀ ਤੋਂ ਮਹੱਤਵਪੂਰਨ ਹੈ। ਇਸ ਵਿੱਚ ਇਨਕਲਾਬੀ ਜਿੰਦਗੀ ਅਤੇ ਦੇਸ਼ ਭਗਤੀ ਦੇ ਸੁਚੱਜੇ ਆਦਰਸ਼ਾਂ ਦੀ ਝਲਕ ਹੈ। ਇਹ ਰਚਨਾ ਸੱਤਰ ਸਾਲਾਂ ਦੀ ਇਨਕਲਾਬੀ ਲਹਿਰ ਦੇ ਭਿੰਨ-ਭਿੰਨ ਮੋੜਾਂ ਨੂੰ ਦਰਸਾਉਂਦੀ ਹੈ। ਲੇਖਕ ਨੇ ਸਾਰੇ ਪੱਖ ਬੜੇ ਪ੍ਰਭਾਵਸ਼ਾਲੀ ਬੜੀ ਈਮਾਨਦਾਰੀ ਅਤੇ ਸੁਹਿਰਦਤਾ ਪੂਰਵਕ ਪੇਸ਼ ਕੀਤੇ ਹਨ। ਉਸਦੀ ਸ਼ੈਲੀ ਸਿੱਧੀ-ਸਾਦੀ ਅਤੇ ਸਰਲ ਹੈ ਅਤੇ ਕਿਤੇ-ਕਿਤੇ ਨਾਟਕੀ ਰੰਗ ਵੀ ਮਿਲਦਾ ਹੈ। ਅਰਜਨ ਸਿੰਘ ਗੜਗੱਜ ਦੀ ਸਵੈ-ਜੀਵਨੀ (1969) ‘ਮੇਰਾ ਆਪਣਾ ਆਪ` ਪ੍ਰਸਿੱਧ ਕ੍ਰਾਂਤੀਕਾਰੀ ਅਤੇ ਦੇਸ਼ ਭਗਤ ਅਰਜਨ ਸਿੰਘ ਗੜਗੱਜ ਦੀ ਰਚਨਾ ਹੈ, ਜੋ ਲੇਖਕ ਦੀ ਮੌਤ ਤੋਂ ਕੁਝ ਸਾਲ ਮਗਰੋਂ 1969 ਈ. ਵਿੱਚ ਪ੍ਰਕਾਸ਼ਿਤ ਹੋਈ ਸੀ। ਇਸ ਦੀ ਬੋਲੀ ਬੜੀ ਸਰਲ ਹੈ ਅਤੇ ਇਸ ਵਿੱਚ ਇਨਕਲਾਬੀ ਸਮਾਚਾਰਾਂ ਅਤੇ ਪੰਜਾਬ ਦੇ ਵੱਡਮੁੱਲੇ ਇਤਿਹਾਸ ਦੀ ਝਲਕ ਵਧੇਰੇ ਹੈ। ਇਸ ਵਿੱਚ ਘਟਨਾਵਾਂ ਦਾ ਸੰਖੇਪ ਪਰ ਇਤਿਹਾਸਕ ਵਰਣਨ, ਲੇਖਕ ਦੀ ਦੇਸ ਭਗਤੀ ਅਤੇ ਦ੍ਰਿੜਤਾ ਨੂੰ ਪੇਸ਼ ਕਰਦਾ ਹੈ ਨਾਲ ਹੀ ਨਾਲ ਉਸ ਦੇ ਸੰਘਰਸ਼ਮਈ ਜੀਵਨ ਦੀ ਝਲਕ ਪੇਸ਼ ਹੋਈ ਹੈ। ਅਵਤਾਰ ਸਿੰਘ ਅਜ਼ਾਦ ਦੀ ਸਵੈ-ਜੀਵਨੀ (1972) ਪ੍ਰਸਿੱਧ ਕਵੀ ਅਵਤਾਰ ਸਿੰਘ ਅਜ਼ਾਦ ਦੀ ਸਵੈ-ਜੀਵਨੀ ‘ਯੁੱਗ ਜੋ ਬੀਤ ਗਿਆ` ਲੇਖਕ ਦੀ ਮੌਤ ਮਗਰੋਂ 1972 ਵਿੱਚ ਪ੍ਰਕਾਸ਼ਿਤ ਹੋਈ। ਇਸ ਵਿੱਚ ਲੇਖਕ ਦੇ ਜੀਵਨ ਤੋਂ ਇਲਾਵਾ ਉਸਦੇ ਮਹਾਂ ਕਾਵਿਕਾਰ, ਸੁਤੰਤਰਤਾ ਸੰਗਰਾਮੀ ਅਤੇ ਸੰਘਰਸ਼ਮਈ ਪਹਿਲੂਆਂ ਨੂੰ ਪੇਸ਼ ਕੀਤਾ ਗਿਆ ਹੈ ਅਤੇ ਸਮਕਾਲੀ ਇਤਿਹਾਸ ਦਾ ਚਿਤ੍ਰਣ ਵੀ ਹੋਇਆ ਹੈ। ਇਸ ਦੀ ਸ਼ੈਲੀ ਸਰਲ ਤੇ ਸਪਸ਼ਟ ਹੈ। ਬਲਰਾਜ ਸਾਹਨੀ ਦੀ ਸਵੈ-ਜੀਵਨੀ (1974) ਬਲਰਾਜ ਸਾਹਨੀ ਦੀ ਸਵੈ-ਜੀਵਨੀ ‘ਮੇਰੀ ਫਿਲਮੀ ਆਤਮ ਕਥਾ` 1974 ਈਂ ਵਿੱਚ ਪ੍ਰਕਾਸ਼ਿਤ ਹੋਈ। ਇਸ ਦੇ ਪਹਿਲੇ ਭਾਗ ਵਿੱਚ ਬ੍ਰਿਟਿਸ਼ ਰਾਜ ਦੇ ਸਮੇਂ ਅਤੇ ਦੂਜੇ ਭਾਗ ਵਿੱਚ ਆਜ਼ਾਦੀ ਦੇ ਸਮੇਂ ਨੂੰ ਪੇਸ਼ ਕੀਤਾ ਗਿਆ ਹੈ। ਇਸ ਵਿੱਚ ਲੇਖਕ ਦੇ ਫਿਲਮੀ ਜੀਵਨ ਦੀਆਂ ਕਲਾਤਮਕ ਭੁੱਲਾਂ ਅਤੇ ਕਮਜ਼ੋਰੀਆਂ ਦਾ ਵੀ ਨਿਰਸੰਕੋਚ ਵਰਣਨ ਕਰਦਾ ਹੈ। ਇਸ ਨਾਲ ਉਸਦੀ ਵਰਣਨ ਸ਼ੈਲੀ ਵਧੇਰੇ ਯਥਾਰਥ ਕੇ ਰੂਪ ਧਾਰਦੀ ਹੈ। ਇਸ ਤਰ੍ਹਾਂ ਫਿਲਮੀ ਜੀਵਨ ਦੇ ਨਾਲ-ਨਾਲ ਲੇਖਕ ਦੀ ਵਿਚਾਰਧਾਰਾ, ਦ੍ਰਿੜ, ਵਿਸ਼ਵਾਸ ਅਤੇ ਸਮਕਾਲੀ ਪਰਸਥਿਤੀਆਂ ਦਾ ਚਿਤ੍ਰਣ ਬੜੀ ਖੂਬਸੂਰਤ ਤੇ ਮਿਆਰੀ ਭਾਸ਼ਾ ਸ਼ੈਲੀ ਰਾਹੀਂ ਹੋਇਆ ਹੈ। ਮਿਲਖਾ ਸਿੰਘ ਦੀ ਸਵੈ-ਜੀਵਨੀ (1975) ਸੰਸਾਰ ਪ੍ਰਸਿੱਧ ਦੌੜਾਕ ਮਿਲਖਾ ਸਿੰਘ ਨੇ ਆਪਣੀ ਸਵੈ-ਜੀਵਨੀ ‘ਫਲਾਈਗ ਸਿਖ` 1975 ਈ. ਵਿੱਚ ਪ੍ਰਕਾਸ਼ਿਤ ਕੀਤੀ। ਇਸ ਵਿੱਚ ਲੇਖਕ ਨੇ ਆਪਣੇ ਜੀਵਨ ਬਿਰਤਾਂਤਾਂ ਵਿੱਚ ਸੰਘਰਸ਼ ਦੇ ਨਾਲ ਨਾਲ ਖੇਡ-ਜੀਵਨ ਦੀਅ ਵੱਡ-ਮੁੱਲੀਆਂ ਝਾਕੀਆਂ ਨੂੰ ਪੇਸ਼ ਕੀਤਾ ਹੈ। ਲੇਖਕ ਦਾ ਉਦੇਸ਼ ਖਿਡਾਰੀਆਂ ਨੂੰ ਪੇ੍ਰਰਨਾ ਦੇਣਾ ਅਤੇ ਉਨ੍ਹਾਂ ਦਾ ਮਾਰਗ ਦਰਸ਼ਨ ਕਰਨਾ ਹੈ। ਇਸ ਵਿੱਚ ਲੇਖਕ ਦਾ ਮਨੋਬਲ, ਰੱਬੀ ਵਿਸ਼ਵਾਸ ਸਖਤ ਮਿਹਨਤ ਅਤੇ ਲਗਨ ਆਦਿ ਚੰਗੀ ਤਰ੍ਹਾਂ ਚਿਤ੍ਰਿਤ ਹੋਏ ਹਨ। ਲੇਖਕ ਦਾ ਲਿਖਣ ਢੰਗ ਪ੍ਰਭਾਵਸ਼ਾਲੀ ਅਤੇ ਕਲਾਮਈ ਹੈ। ਅੰਮ੍ਰਿਤਾ ਪ੍ਰੀਤਮ ਦੀ ਸਵੈ-ਜੀਵਨੀ (1976) ਅੰਮ੍ਰਿਤਾ ਪ੍ਰੀਤਮ ਦੀ ਲਘੂ ਸਵੈ-ਜੀਵਨੀ ‘ਰਸੀਦੀ ਟਿਕਟ` ਵਿੱਚ ਲੇਖਕਾ ਨੇ ਆਪਣੀ ਨਿੱਜੀ ਜੀਵਨ ਦੇ ਕਈ ਪੱਖਾਂ ਨੂੰ ਭਾਵੂਕ ਤੇ ਕਾਵਿਮਈ ਰੂਪ ਵਿੱਚ ਬਿਆਨਣ ਦਾ ਯਤਨ ਕੀਤਾ ਹੈ। ‘ਰਸੀਦੀ ਟਿਕਟ` ਵਾਂਗ ਇਹ ਉਸਦੀ ਸਨਦਬੱਧ ਤੇ ਪ੍ਰਮਾਣਿਕ ਰਚਨਾ ਹੈ। ਇਸ ਵਿੱਚ ਜਿਥੇ ਉਸਨੇ ਆਪਣੇ ਜੀਵਨ ਦੇ ਕਈ ਪੱਖਾਂ ਉੱਤੇ ਪ੍ਰਕਾਸ਼ ਪਾਇਆ ਹੈ, ਉਥੇ ਕਈ ਪੱਖ ਰਾਖਵੇਂ ਵੀ ਰੱਖ ਲਏ ਹਨ ਲੇਖਕਾ ਦੀ ‘ਜੀਵਨੀ ਦੇ ਕੁਝ ਰੂਮਾਂਟਿਕ ਤੇ ਵਿਦਰੋਹ ਭਾਵੀ ਨੁਕਤੇ ਵੀ ਇਸ ਵਿੱਚ ਹਨ ਅਤੇ ਕਈ ਥਾਵਾਂ ਤੇ ਉਸਦਾ ਸਨਕੀ ਪੁਣਾ ਹੈ। ਰਚਨਾ ਦੀ ਸ਼ੈਲੀ ਜ਼ਰੂਰ ਰਸਦਾਇਕ ਤੇ ਸਬੱਲ ਹੈ। ਉਸ ਦੀ ਸ਼ਬਦਾਵਲੀ ਅਤੇ ਵਾਕ ਬਣਤਰ ਵੀ ਬੜੀ ਸੁਚੱਜੀ ਅਤੇ ਸਪਸ਼ਟ ਹੈ।

ਪ੍ਰੋ. ਸਾਹਬ ਸਿੰਘ ਦੀ ਸਵੈ-ਜੀਵਨੀ (1977) ਗੁਰਮਤਿ ਸਾਹਿਤ ਦੇ ਪ੍ਰਸਿੱਧ ਵਿਦਵਾਨ ਪ੍ਰੋ. ਸਾਹਬਿ ਸਿੰਘ ਦੀ ਸਵੈ-ਜੀਵਨੀ ‘ਮੇਰੀ ਜੀਵਨ ਕਹਾਣੀ` ਦਾ ਪ੍ਰਕਾਸ਼ਨ 1977 ਈ. ਵਿੱਚ ਹੋਇਆ, ਜਿਸਦਾ ਸੰਪਾਦਨ ਪ੍ਰੋ.. ਪ੍ਰੀਤਮ ਸਿੰਘ ਨੇ ਕੀਤਾ। ਇਸ ਵਿੱਚ ਲੇਖਕ ਨੇ ਨਿੱਜੀ ਜੀਵਨ ਅਤੇ ਆਪਣੇ ਸਮੇਂ ਤੇ ਸਮਾਜ ਦੇ ਇਤਿਹਾਸ ਨੂੰ ਮੁੱਢਲੀ ਅਵਸਥਾ ਤੋਂ ਲੈ ਕੇ ਘਰੋਗੀ ਜੀਵਨ ਤੱਕ 22 ਕਾਂਡਾਂ ਵਿੱਚ ਵੰਡਿਆ ਹੈ। ਲੇਖਕ ਦੀ ਵਾਰਤਕ ਸ਼ੈਲੀ ਬੜੀ ਸਪਸ਼ਟ, ਢੁੱਕਵੀਂ ਅਤੇ ਛੋਟੇ-ਛੋਟੇ ਵਾਕਾਂ ਨਾਲ ਭਰਪੂਰ ਹੈ। ਡਾ. ਸੁਹਿੰਦਰ ਸਿੰਘ ਵਣਜਾਰਾ ਬੇਦੀ ਦੀ ਸਵੈ-ਜੀਵਨੀ (1979) ਸੁਹਿੰਦਰ ਸਿੰਘ ਵਣਜਾਰਾ ਬੇਦੀ ਦੀ ਸਵੈ ਜੀਵਨੀ ‘ਅੱਧੀ ਮਿੱਟੀ ਅੱਧਾ ਸੋਨਾ` ਅਤੇ ‘ਗਲੀਏ ਚਿਕੜ ਦੂਰ ਘਰ ਨੇ` ਆਪਣੇ ਸਮੇਂ ਵਿੱਚ ਇੱਕ ਸਵੈ-ਜੀਵਨੀ ਦੇ ਤੌਰ ਤੇ ਬੜੀ ਪ੍ਰਸਿੱਧੀ ਪ੍ਰਾਪਤ ਕਰ ਲਈ ਹੈ। ਸਿਆਲਕੋਟ ਦੇ ਇਸ ਜੰਮ-ਪਲ ਲੇਖਕ ਨੇ ਦੇਸ ਵੰਡ ਦੇ ਕਰੁਣਾਮਈ ਸਮਾਚਾਰਾਂ ਦਾ ਵਿਸਥਾਰ ਪੂਰਵਕ ਤੇ ਯਥਾਰਥਵਾਦੀ ਵਰਣਨ ਕੀਤਾ ਹੈ ਉਸ ਦੀ ਵਰਣਾਤਮਕ ਸ਼ੈਲੀ ਅਤੇ ਦ੍ਰਿਸ਼ ਚਿਤ੍ਰਣ ਬਹੁਤ ਪ੍ਰਭਾਵਸ਼ਾਲੀ ਹੈ। ਉਹ ਆਮ ਤੌਰ ਤੇ ਅਲੰਕ੍ਰਿਤ ਭਾਸ਼ਾ ਸ਼ੈਲੀ ਵਰਤੋਂ ਕਰਦੇ ਹਨ। ਡਾ. ਦਲੀਪ ਕੌਰ ਟਿਵਾਣਾ ਦੀ ਸਵੈ-ਜੀਵਨੀ (1980) ਡਾ. ਦਲੀਪ ਕੌਰ ਟਿਵਾਣਾ ਦੀਆਂ ਦੋ ਸਵੈ-ਜੀਵਨੀਆਂ ਪ੍ਰਾਪਤ ਹਨ ‘ਨੰਗੇ ਪੈਰਾਂ ਦਾ ਸਫਰ ਅਤੇ ਪੀਲੇ ਪੱਤਿਆਂ ਦੀ ਦਾਸਤਾਨ` ਪਹਿਲੀ ਸਵੈ-ਜੀਵਨੀ 1980 ਵਿੱਚ ਪ੍ਰਕਾਸ਼ਿਤ ਹੋਈ ਜਿਸਦਾ ਸੰਬੰਧ ਜੀਵਨ ਦੇ ਪਹਿਲੇ ਪੜਾਅ ਨਾਲ ਹੈ। ਇਹ ਰਚਨਾ ਸਿਰਫ ਆਤਮ ਬਿੰਬ ਦੀ ਪੇਸ਼ਕਾਰੀ ਤੱਕ ਹੀ ਸੀਮਤ ਨਹੀਂ, ਸਗੋਂ ਇਸ ਵਿੱਚ ਸਮਾਜ-ਸਭਿਆਚਾਰਕ ਕਦਰਾਂ-ਕੀਮਤਾਂ ਦੀ ਘੋਖ ਵੀ ਕੀਤੀ ਗਈ ਹੈ। ‘ਨੰਗੇ ਪੈਰਾਂ ਦਾ ਸਫਰ` ਵਿੱਚ ਲੇਖਿਕਾ ਨੇ ਆਪਣੇ ਬਚਪਨ, ਪਰਿਵਾਰਿਕ ਮਾਹੌਲ ਅਤੇ ਰਿਸ਼ਤੇਦਾਰਾਂ ਬਾਰੇ ਜਾਣਕਾਰੀ ਦਿੱਤੀ ਹੈ। ਰਚਨਾ ਦੀ ਭਾਸ਼ਾ, ਸਰਲ ਅਤੇ ਸਾਹਿਤਕ ਹੈ, ਇਸ ਵਿੱਚ ਮਲਵਈ ਦਾ ਅੰਸ਼ ਵਧੇਰੇ ਹੈ। ਲੇਖਿਕਾ ਦੀ ਸ਼ੈਲੀ ਨਾਵਲੀ ਰਸ ਨਾਲ ਵੀ ਭਰਪੂਰ ਹੈ। ਬਲਵੰਤ ਗਾਰਗੀ ਦੀ ਸਵੈ-ਜੀਵਨੀ (1980) ਬਲਵੰਤ ਗਾਰਗੀ ਦੀ ਸਵੈ-ਜੀਵਨੀ ‘ਨੰਗੀ ਧੁੱਪ` 1980 ਈ. ਵਿੱਚ ਪ੍ਰਕਾਸ਼ਿਤ ਹੋਈ। ਇਸਦੀ ਸਾਹਿਤਕ ਹਲਕਿਆਂ ਵਿੱਚ ਖੂਬ ਚਰਚਾ ਹੋਈ ਕਿਉਂਕਿ ਇਹ ਸਵੈ-ਜੀਵਨੀ ਬਾਕੀ ਰਚਨਾਵਾਂ ਤੋਂ ਬਿਲਕੁਲ ਭਿੰਨ ਪ੍ਰਕਾਰ ਦੀ ਸੀ। ਲੇਖਕ ਨੇ ਆਪਣੇ ਨਿੱਜੀ ਜੀਵਨ ਦੇ ਕਈ ਪੱਖ ਨਿਰਸੰਕੋਚ ਹੋ ਕੇ ਪੇਸ਼ ਕੀਤੇ ਹਨ ਅਤੇ ਆਪਣੀ ਅਮਰੀਕਨ ਪਤਨੀ ਜੀਨੀ ਨਾਲ ਸੰਬੰਧ ਟੁੱਟਣ ਦਾ ਵਰਣਨ ਵੀ ਕੀਤਾ ਹੈ। ‘ਨੰਗੀ ਧੁੱਪ` ਲੇਖਕ ਦੇ ਜੀਵਨ ਦਾ ਖੁੱਲਾ ਪਾਠ ਹੈ। ਉਸਦੀ ਸ਼ੈਲੀ ਬੜੀ ਰੌਚਕ ਅਤੇ ਨਾਟਕੀ ਹੈ ਅਤੇ ਭਾਸ਼ਾ ਵਰਤੋਂ ਵਿੱਚ ਗਾਰਗੀ ਨੂੰ ਕਮਾਲ ਹਾਸਲ ਹੈ। ਸਿੱਟਾ : ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਇਸ ਸਮੇਂ ਤੱਕ ਪੰਜਾਬੀ ਸਵੈ-ਜੀਵਨੀ ਸਾਹਿਤ ਦੀ ਇਹ ਲਹਿਰ ਉਡਾਰ ਭਰ ਰਹੀ ਹੈ, ਉਡਾਰੀਆਂ ਨਹੀਂ ਮਾਰਦੀ। ਭਾਵ ਕਿ ਅਸੀਂ ਕਹਿ ਸਕਦੇ ਹਾਂ ਕਿ ਪੰਜਾਬੀ ਵਿੱਚ ਪਹਿਲਾਂ ਸਵੈ ਜੀਵਨੀ ਸਾਹਿਤ ਭਾਵੇਂ ਅਲਪ ਮਾਤਰਾ ਵਿਚਰਿਆ ਜਾਂਦਾ ਸੀ ਪਰੰਤੂ ਹੁਣ ਇਹ ਇੱਕ ਅਮੀਰ ਪਰੰਪਰਾ ਬਣਦੀ ਜਾਂਦੀ ਹੈ।

ਸਹਾਇਕ ਪੁਸਤਕ ਸੂਚੀ 1. ਡਾ. ਪ੍ਰਮਿੰਦਰ ਸਿੰਘ, ਕਿਰਪਾਲ ਸਿੰਘ ਕਸੇਲ, ਡਾ. ਗੋਬਿੰਦ ਸਿੰਘ ਲਾਬਾਂ, ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ, ਲਾਹੌਰ ਬੁਕ ਸ਼ਾਪ, 2002. 2. ਸੰ. ਡਾ. ਪਰਮਿੰਦਰ ਸਿੰਘ, ਸੁਤੰਤਰਤਾ ਕਾਲ ਦੇ ਪੰਜਾਹ ਸਾਲਾਂ ਦਾ ਪੰਜਾਬੀ ਸਾਹਤਿ ਸਰਵੇਖਣ ਤੇ ਮੁਲਕਾਂਣ (1947-1997), ਪੰਜਾਬੀ ਸਾਹਤਿ ਅਕਾਡਮੀ, ਪੰਜਾਬੀ ਭਵਨ, ਲੁਧਿਆਣਾ, 3. ਆਧੁਨਿਕ ਵਾਰਤਕ ਦਾ ਇਤਿਹਾਸ 4. ਡਾ. ਜਸਵਿੰਦਰ ਸਿੰਘ ਤੇ ਮਾਨ ਸਿੰਘ ਢੀਂਡਸਾ, ਪੰਜਾਬੀ ਸਾਹਿਤ ਦਾ ਇਤਿਹਾਸ (1901-1995)