ਸਮੱਗਰੀ 'ਤੇ ਜਾਓ

ਇੱਕ ਕੁੜੀ ਜੀਹਦਾ ਨਾਮ ਮੁਹਬੱਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਇਕ ਕੁੜੀ ਜੀਹਦਾ ਨਾਂ ਮੁਹੱਬਤ

ਇਕ ਕੁੜੀ ਜੀਹਦਾ ਨਾਂ ਮੁਹੱਬਤ
ਗੁੰਮ ਹੈ- ਗੁੰਮ ਹੈ- ਗੁੰਮ ਹੈ!
ਸਾਦ-ਮੁਰਾਦੀ ਸੁਹਣੀ ਫੱਬਤ
ਗੁੰਮ ਹੈ- ਗੁੰਮ ਹੈ- ਗੁੰਮ ਹੈ!

ਸੂਰਤ ਉਸ ਦੀ ਪਰੀਆਂ ਵਰਗੀ
ਸੀਰਤ ਦੀ ਉਹ ਮਰੀਅਮ ਲਗਦੀ
ਹਸਦੀ ਹੈ ਤਾਂ ਫੁੱਲ ਝੜਦੇ ਨੇ
ਟੁਰਦੀ ਹੈ ਤਾਂ ਗ਼ਜ਼ਲ ਹੈ ਲਗਦੀ
ਲੰਮ-ਸਲੰਮੀ ਸਰੂ ਕੱਦ ਦੀ
ਉਮਰ ਅਜੇ ਹੈ ਮਰ ਕੇ ਅੱਗ ਦੀ
ਪਰ ਨੈਣਾਂ ਦੀ ਗੱਲ ਸਮਝਦੀ।

ਗੁੰਮਿਆ ਜਨਮ ਜਨਮ ਹਨ ਹੋਏ
ਪਰ ਲੱਗਦੈ ਜਿਉਂ ਕੱਲ੍ਹ ਦੀ ਗੱਲ ਹੈ
ਇਉਂ ਲੱਗਦੈ ਜਿਉਂ ਅੱਜ ਦੀ ਗੱਲ ਹੈ,
ਇਉਂ ਲੱਗਦੈ ਜਿਉਂ ਹੁਣ ਦੀ ਗੱਲ ਹੈ
ਹੁਣ ਤਾਂ ਮੇਰੇ ਕੋਲ ਖੜੀ ਸੀ
ਹੁਣ ਤਾਂ ਮੇਰੇ ਕੋਲ ਨਹੀਂ ਹੈ
ਇਹ ਕੀਹ ਛਲ ਹੈ ਇਹ ਕੇਹੀ ਭਟਕਣ
ਸੋਚ ਮੇਰੀ ਹੈਰਾਨ ਬੜੀ ਹੈ
ਚਿਹਰੇ ਦਾ ਰੰਗ ਫੋਲ ਰਹੀ ਹੈ
ਓਸ ਕੁੜੀ ਨੂੰ ਟੋਲ ਰਹੀ ਹੈ।

ਸ਼ਾਮ ਢਲੇ ਬਾਜ਼ਾਰਾਂ ਦੇ ਜਦ
ਮੋੜਾਂ ‘ਤੇ ਖੁਸ਼ਬੋ ਉੱਗਦੀ ਹੈ
ਵਿਹਲ, ਥਕਾਵਟ, ਬੇਚੈਨੀ ਜਦ
ਚੌਰਾਹਿਆਂ ‘ਤੇ ਆ ਜੁੜਦੀ ਹੈ
ਰੌਲੇ ਲਿਪੀ ਤਨਹਾਈ ਵਿਚ
ਓਸ ਕੁੜੀ ਦੀ ਥੁੜ ਖਾਦੀ ਹੈ
ਓਸ ਕੁੜੀ ਦੀ ਥੁੜ ਦਿੱਸਦੀ ਹੈ।

ਹਰ ਛਿਣ ਮੈਨੂੰ ਇੳਂ ਲੱਗਦਾ ਹੈ
ਹਰ ਦਿਨ ਮੈਨੂੰ ਇਉਂ ਲੱਗਦਾ ਹੈ
ਜੁੜੇ ਜਸ਼ਨ ਦੇ ਭੀੜਾਂ ਵਿਚੋਂ
ਜੁੜੀ ਮਹਿਕ ਦੇ ਝੁਰਮਟ ਵਿਚੋਂ
ਉਹ ਮੈਨੂੰ ਆਵਾਜ਼ ਦਵੇਗੀ
ਮੰੈਂ ਉਹਨੂੰ ਪਹਿਚਾਣ ਲਵਾਂਗਾ
ਉਹ ਮੈਨੂੰ ਪਹਿਚਾਣ ਲਵੇਗੀ
ਪਰ ਇਸ ਰੌਲੇ ਦੇ ਹੜ੍ਹ ਵਿਚੋਂ
ਕੋਈ ਮੈਨੂੰ ਆਵਾਜ਼ ਨਾ ਦੇਂਦਾ
ਕੋਈ ਵੀ ਮੇਰੇ ਵੱਲ ਨਾ ਵਿਹੰਦਾ
ਪਰ ਖੋਰੇ ਕਿਉਂ ਟਪਲਾ ਲੱਗਦਾ
ਪਰ ਖੋਰੇ ਕਿਉਂ ਝੋਲਾ ਪੈਂਦਾ
ਹਰ ਦਿਨ ਹਰ ਇੱਕ ਭੀੜ ਜੁੜੀ ‘ਚੋਂ
ਬੁੱਤ ਉਹਦਾ ਜਿਉਂ ਲੰਘ ਕੇ ਜਾਂਦਾ
ਪਰ ਮੈਨੂੰ ਹੀ ਨਜ਼ਰ ਨਾ ਆਉਂਦਾ
ਗੁੰਮ ਗਈ ਮੈਂ ਓਸ ਕੁੜੀ ਦੇ
ਚਿਹਰੇ ਦੇ ਵਿੱਚ ਗੁੰਮਿਆ ਰਹਿੰਦਾ
ਉਸ ਦੇ ਗਮ ਵਿੱਚ ਖੁਰਦਾ ਜਾਂਦਾ।

ਓਸ ਕੁੜੀ ਨੂੰ ਮੇਰੀ ਸੌਂਹ ਹੈ
ਓਸ ਕੁੜੀ ਨੂੰ ਸਭ ਦੀ ਸੌਂਹ ਹੈ
ਓਸ ਕੁੜੀ ਨੂੰ ਜੱਗ ਦੀ ਸੌਂਹ ਹੈ
ਓਸ ਕੁੜੀ ਨੂੰ ਰੱਬ ਦੀ ਸੌਂਹ ਹੈ
ਜੇ ਕਿਤੇ ਪੜ੍ਹਦੀ ਸੁਣਦੀ ਹੋਵੇ
ਜਿਊਂਦੀ ਜਾਂ ਉਹ ਮਰ ਰਹੀ ਹੋਵੇ
ਇਕ ਵਾਰੀ ਤਾਂ ਆ ਕੇ ਮਿਲ ਜਾਵੇ
ਵਫ਼ਾ ਮੇਰੀ ਨੂੰ ਦਾਗ ਨਾ ਲਾਵੇ
ਨਹੀਂ ਤਾਂ ਮੈਥੋਂ ਜੀਆ ਨਾ ਜਾਂਦਾ
ਗੀਤ ਕੋਈ ਲਿਖਿਆ ਨਾ ਜਾਂਦਾ।

ਇਕ ਕੁੜੀ ਜਿਦ੍ਹਾ ਨਾਂ ਮੁਹੱਬਤ
ਗੁੰਮ ਹੈ- ਗੁੰਮ ਹੈ- ਗੁੰਮ ਹੈ!
ਸਾਦ-ਮੁਰਾਦੀ ਸੁਹਣੀ ਫੱਬਤ
ਗੁੰਮ ਹੈ- ਗੁੰਮ ਹੈ- ਗੁੰਮ ਹੈ!

ਇੱਕ ਕੁੜੀ ਜੀਹਦਾ ਨਾਮ ਮੁਹਬੱਤ ਪੰਜਾਬੀ ਕਵੀ ਸ਼ਿਵ ਕੁਮਾਰ ਬਟਾਲਵੀ ਦਾ ਇੱਕ ਗੀਤਮਈ ਕਵਿਤਾ ਹੈ। ਬੈਜਨਾਥ ਵਿਖੇ ਉਸਨੂੰ ਮੈਨਾ ਨਾਂਅ ਦੀ ਇੱਕ ਕੁੜੀ ਮਿਲੀ ਸੀ ਜੋ ਉਸ ਨੂੰ ਚੰਗੀ ਲੱਗੀ, ਪਰ ਕੁਝ ਦੇਰ ਬਾਅਦ ਹੀ ਪਤਾ ਲੱਗਾ ਕਿ ਮੈਨਾ ਦੀ ਟਾਈਫਾਈਡ ਨਾਲ ਮੌਤ ਹੋ ਗਈ ਹੈ। ਇਸ ਘਟਨਾ ਨੂੰ ਸ਼ਿਵ ਦੀ ਬਿਰਹਾ ਦੀ ਕਵਿਤਾ ਦਾ ਇੱਕ ਪਰੇਰਕ ਮੰਨਿਆਂ ਜਾਂਦਾ ਹੈ। ਇਹ ਸ਼ਿਵ ਦੀ ਆਪਣੀ ਆਵਾਜ਼ ਵਿੱਚ ਅਤੇ ਹੋਰ ਅਨੇਕ ਗਾਇਕਾਂ ਦੀ ਗਾਈ ਮਿਲਦੀ ਹੈ। ਇਹ ਹਿੰਦੀ ਫਿਲਮ ਉੜਤਾ ਪੰਜਾਬ ਵਿੱਚ ਦਿਲਜੀਤ ਦੁਸਾਂਝ ਦੀ ਆਵਾਜ਼ ਵਿੱਚ ਸ਼ਾਮਿਲ ਹੈ।[1]

ਹਵਾਲੇ

[ਸੋਧੋ]