ਸਮੱਗਰੀ 'ਤੇ ਜਾਓ

ਜਾਦੂ-ਟੂਣਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਹੈਂਸ ਬਾਲਡੁਙ ਵੱਲੋਂ ਬਣਾਈਆਂ ਡੈਣਾਂ। ਵੁੱਡਕੱਟ, 1508

ਜਾਦੂ-ਟੂਣਾ (ਜਾਂ ਜਾਦੂਗਰੀ) ਮੋਟੇ ਤੌਰ ਉੱਤੇ ਜਾਦੂਈ ਮੁਹਾਰਤਾਂ ਅਤੇ ਕਾਬਲੀਅਤਾਂ ਦੀ ਵਰਤੋਂ ਜਾਂ ਉਹਨਾਂ ਵਿੱਚ ਭਰੋਸਾ ਰੱਖਣ ਨੂੰ ਆਖਦੇ ਹਨ। ਜੋ ਕਿ ਇਕੱਲਿਆਂ, ਖ਼ਾਸ ਸਮਾਜੀ ਢਾਣੀਆਂ ਜਾਂ ਗੂੜ੍ਹ ਅਤੇ ਭੇਤ-ਭਰਿਆ ਗਿਆਨ ਰੱਖਣ ਵਾਲ਼ੇ ਇਨਸਾਨਾਂ ਵੱਲੋਂ ਕੀਤਾ ਜਾ ਸਕਦਾ ਹੈ। ਜਾਦੂ-ਟੂਣਾ ਇੱਕ ਗੁੰਝਲਦਾਰ ਧਾਰਨਾ ਹੈ ਜੋ ਸੱਭਿਆਚਾਰ, ਰਹਿਤਲ ਜਾਂ ਸਮਾਜ ਮੁਤਾਬਕ ਬਦਲਦੀ ਰਹਿੰਦੀ ਹੈ। ਜਿਸ ਕਰ ਕੇ ਇਹਦੀ ਕੋਈ ਇੱਕ-ਟੁੱਕ ਪਰਿਭਾਸ਼ਾ ਦੇਣੀ ਔਖੀ ਗੱਲ ਹੈ[1] ਅਤੇ ਇਸ ਇਸਤਲਾਹ ਦੀ ਵਰਤੋਂ ਅੱਡੋ-ਅੱਡ ਸੱਭਿਆਚਾਰਾਂ ਵਿੱਚ ਖ਼ਬਰਦਾਰੀ ਅਤੇ ਸਿਆਣਪ ਨਾਲ਼ ਕਰਨੀ ਚਾਹੀਦੀ ਹੈ। ਜਾਦੂ-ਟੂਣਾ ਕਈ ਵਾਰ ਧਰਮੀ, ਦੈਵੀ ਜਾਂ ਡਾਕਟਰੀ ਰੋਲ ਅਦਾ ਕਰਦਾ ਹੈ[2] ਅਤੇ ਆਮ ਤੌਰ ਉੱਤੇ ਉਹਨਾਂ ਸਮਾਜਾਂ ਜਾਂ ਢਾਣੀਆਂ ਵਿੱਚ ਮੌਜੂਦ ਹੁੰਦਾ ਹੈ ਜਿਹਨਾਂ ਦੇ ਸੱਭਿਆਚਾਰਕ ਢਾਂਚੇ ਵਿੱਚ ਦੁਨੀਆ ਦਾ ਜਾਦੂਈ ਖ਼ਿਆਲ ਸ਼ਾਮਲ ਹੋਵੇ।[1] ਭਾਵੇਂ ਜਾਦੂ-ਟੂਣੇ ਦਾ ਵਾਸਤਾ ਮੰਤਰ, ਜਾਦੂ, ਵਹਿਮ-ਭਰਮ, ਕਾਲ਼ੇ ਇਲਮ, ਪ੍ਰੇਤ ਵਿੱਦਿਆ, ਕੁਦਰਤ-ਪੂਜਾ, ਆਤਮਵਾਦ ਵਰਗੀਆਂ ਕਈ ਵਾਰ ਰਲ਼ਦੀਆਂ-ਮਿਲਦੀਆਂ ਧਾਰਨਾਵਾਂ ਨਾਲ਼ ਹੋ ਸਕਦਾ ਹੈ ਪਰ ਇਹਨੂੰ ਸਮਾਜ ਵਿਗਿਆਨੀਆਂ ਅਤੇ ਮਨੁੱਖ ਵਿਗਿਆਨੀਆਂ ਵੱਲੋਂ ਬਾਕੀਆਂ ਤੋਂ ਅੱਡਰਾ ਵੇਖਿਆ ਜਾਂਦਾ ਹੈ।

ਪ੍ਰਕਿਰਤੀ ਤੇ ਜਾਦੂ-ਟੂਣਾ

[ਸੋਧੋ]

ਜਾਦੂ ਟੂਣੇ ਦੀ ਸਿਰਜਣਾ ਪ੍ਰਕਿਰਤੀ ਦੇ ਵਿਰੋਧ ਵਿੱਚ ਹੋਈ,ਇਹ ਅਨੁਮਾਨਿਆ ਗਿਆ ਕਿ ਇਸ ਸੰਸਾਰ ਨੂੰ ਕੋਈ ਅਦ੍ਰਿਸ਼ ਸ਼ਕਤੀ ਚਲਾ ਰਹੀ ਹੈ। ਇਸ ਨੂੰ ਵੱਸ ਵਿੱਚ ਕਰਨ ਲਈ ਮਨੁਖ ਨੇ ਜਾਦੂ-ਟੂਣੇ ਦਾ ਸਹਾਰਾ ਲੈਣਾ ਅਰੰਭ ਕਰ ਦਿਤਾ। ਇਸ ਤਰਾਂ ਜਾਦੂ-ਟੂਣਾ ਪ੍ਰਕਿਰਤੀ ਤੋਂ ਸੰਸਕ੍ਰਿਤੀ ਵਲ ਦੀ ਯਾਤਰਾ ਵਿੱਚ ਅਹਿਮ ਹਿੱਸਾ ਪਾਉਂਦਾ ਹੈ।

ਜਾਦੂ-ਟੂਣੇ ਦਾ ਆਰੰਭ ਪ੍ਰਕਿਰਤੀ ਨੂੰ ਆਪਣੇ ਵਸ਼ ਵਿੱਚ ਕਰਨ ਦੀ ਇੱਛਾ ਨਾਲ ਹੋਇਆ| ਸ਼ੁਰੂਆਤੀ ਦੌਰ ਵਿੱਚ ਪ੍ਰਕਿਰਤੀ ਹੀ ਮਨੂਖ ਨੂੰ ਜਿਉਂਦੇ ਰਹਿਣ ਲਈ ਖਾਦ ਸਮਗਰੀ ਉਤਪਨ ਕਰਵਾਉਂਦੀ ਸੀ ਅਤੇ ਪ੍ਰਕਿਰਤੀ ਹੀ ਕਈ ਵਾਰ ਉਸਦੀ ਜਾਨ ਦੀ ਦੁਸ਼ਮਨ ਬਣ ਜਾਂਦੀ ਸੀ। ਇਸ ਲਈ ਮਨੁੱਖ ਇਸ ਨੂੰ ਵੱਸ ਵਿੱਚ ਕਰਨ ਲਈ ਯਤਨ ਕਰਨ ਲਗਿਆ, ਮਨੁੱਖ ਨੂੰ ਜਿਹੜੀ ਵਸਤ ਤੋਂ ਵਧ ਡਰ ਲਗਦਾ ਸੀ। ਉਸ ਨੇ ਉਸਦੀ ਪੂਜਾ ਕਰਨੀ ਸੁਰੂ ਕਰ ਦਿਤੀ। ਉਹ ਨੂੰ ਖੁਸ਼ ਕਰ ਕੇ ਆਪਣੀ ਮਨਇੱਛਤ ਚੀਜ਼ ਜਾਂ ਵਸਤ ਪ੍ਰਾਪਤ ਕਰ ਸਕਦਾ ਸੀ ਅਜਿਹਾ ਮੰਨਿਆ ਜਾਣ ਲਗਿਆ।

ਪ੍ਰਕਿਰਤੀ :-

[ਸੋਧੋ]

ਮੰਤਰ ਸਿਧਾਂਤ ਦਾ ਆਧਾਰ ਇਹ ਮੰਨਿਆ ਜਾਂਦਾ ਹੈ ਕਿ ਪ੍ਰਕਿਰਤੀ ਦੇ ਹਰੇਕ ਵਸਤੂ ਦੀ ਆਪਣੀ ਇੱਕ ਧੁਨੀ ਹੁੰਦੀ ਹੈ l ਵਸਤੂ ਅਤੇ ਧੁਨੀ ਵਿਚਕਾਰ ਇੱਕ ਰਹੱਸਾਤਮਕ ਸੰਬੰਧ ਹੁੰਦਾ ਹੈ l ਜਦੋਂ ਅਸੀਂ ਇਸ ਪ੍ਰਕਿਰਤਕ ਨਾਮ ਨੂੰ ਦੁਹਰਾਉਂਦੇ ਹਾਂ ਤਾਂ ਵਸਤੂ ਪ੍ਰਭਾਵਿਤ ਹੁੰਦੀ ਹੈ l [3]

ਟੂਣਾ ਪ੍ਰਕਿਰਤੀ ਦੇ ਸਨਮੁਖ ਆਦਿਮ ਮਨੁੱਖ ਦੀ ਦੁਰਬਲਤਾ ਦਾ ਪ੍ਰਗਟਾਅ ਹੈ, ਪਰ ਇਸ ਦੀ ਪ੍ਰੇਰਿਕ ਭਾਵਨਾ ਪ੍ਰਕਿਰਤੀ ਵਿਰੁੱਧ ਸੰਘਰਸ਼ ਦੀ ਮਨੁੱਖੀ ਦ੍ਰਿੜਤਾ ਹੈ। [4]

ਪਰਿਭਾਸ਼ਾ:-

[ਸੋਧੋ]

ਪੁਰਾਣੇ ਬਜੁਰਗ ਦਸਦੇ ਨੇ ਕੇ ਪਿਛਲੇ ਸਮਿਆਂ ਵਿੱਚ ਵੈਦ ਬਹੁਤ ਹੀ ਘੱਟ ਹੁੰਦੇ ਸੀ ।ਜੇਕਰ ਕਿਸੇ ਪਿੰਡ ਵਿਚ ਕੋਈ ਬਿਮਾਰ ਹੁੰਦਾ ਸੀ ਤਾਂ ਓਸ ਵੈਦ ਤੱਕ ਸੁਨੇਹਾਂ ਲਾਉਣ ਦਾ ਇਕ ਤਰੀਕਾ ਹੁੰਦਾ ਸੀ ਟੂਣਾ।ਵੈਦ ਨੂੰ ਇਹ ਦੱਸਣ ਲਈ ਕਿ ਮਰੀਜ਼ ਔਰਤ ਹੈ ਜਾਂ ਬੱਚਾ? ਤਾਂ ਮਰੀਜ਼ ਦੇ ਹਿਸਾਬ ਨਾਲ ਹੀ ਟੂਣਾ ਕੀਤਾ ਜਾਂਦਾ ਸੀ।ਜੇਕਰ ਕੋਈ ਔਰਤ ਮਰੀਜ਼ ਹੁੰਦੀ ਤਾਂ ਪਿੰਡ ਤੋਂ ਬਾਹਰ ਵਾਲੇ ਚੌਰਸਤੇ ਤੇ ਲਾਲ ਚੁੰਨੀ ਓਸ ਦਾ ਹਾਰ ਸਿੰਗਾਰ ਵਗੈਰਾ ਰੱਖ ਦਿੱਤੇ ਜਾਂਦੇ ਸੀ।ਜੇਕਰ ਕਿਸੇ ਔਰਤ ਨੂੰ ਬੱਚਾ ਹੋਣ ਵਾਲਾ ਹੁੰਦਾ ਸੀ ਤਾਂ ਆਂਡਾ ਵਗੈਰਾ ਰੱਖ ਦਿੱਤਾ ਜਾਂਦਾ ਸੀ।ਜੇ ਬੱਚੇ ਦੀ ਉਮਰ ਸਾਲ ਦੋ ਸਾਲ ਦੀ ਹੁੰਦੀ ਸੀ ਤਾਂ ਨਾਲ ਕੋਈ ਖਿਡਾਉਣਾ ਤੇ ਓਸ ਦੇ ਕਪੜੇ ਰੱਖ ਦਿੱਤੇ ਜਾਂਦੇ ਸੀ।ਬਾਕੀ ਹੋਰ ਕੁੱਝ ਨਹੀ ਜੋ ਅੱਜ ਕੱਲ ਦੇ ਤਾਂਤਰਿਕ ਬਾਬੇ ਕਰਵਾ ਰਹੇ ਨੇ ਇਹ ਸੱਭ ਪਾਖੰਡ ਤੇ ਲੋਕਾਂ ਨੂੰ ਲੁੱਟਣ ਦਾ ਇਕ ਸਾਧਨ ਹੈ।

  1. ਵਣਜਾਰਾ ਬੇਦੀ ਅਨੁਸਾਰ "ਜਾਦੂ-ਟੂਣਾ ਪ੍ਰਕਿਰਤਿਕ ਦਿ੍ਸ਼ਟਮਾਨ ਅਤੇ ਪਰਾਣੀ ਜਗਤ ਦੇ ਵਿਹਾਰ ਉੱਤੇ ਰਹਸਮਈ ਵਿਧੀ ਨਾਲ ਵਸੀਕਾਰ ਪ੍ਰਾਪਤ ਕਰਨ ਦੀ ਕਲਾ ਹੈ। ਪ੍ਰਕਿਰਤੀ ਨੂੰ ਕੁਦਰਤੀ ਜਾਂ ਪਰਗਟ ਤੋਰ ਤਰੀਕੇ ਨਾਲ ਸੰਸ਼ਕਿ੍ਰਤੀ ਵਿੱਚ ਬਦਲਣਾ ਤਾਂ ਵਿਗਿਆਨ ਹੈ,ਪਰ ਪ੍ਰਕਿਰਤੀ ਨੂੰ ਰਹਸਮਈ ਢੰਗ ਨਾਲ ਸੰਸਕਿ੍ਰਤੀ ਵਿੱਚ ਬਦਲਣ ਦੀ ਕਿਰਿਆ ਜਾਦੂ ਟੂਣਾ ਹੈ। "
  2. ਡਾ ਖਹਿਰਾ ਅਨੁਸਾਰ "ਪੰਜਾਬੀ ਲੋਕ ਪਹਿਲਾਂ ਤੋਂ ਕੁਦਰਤ ਦੀ ਪੂਜਾ ਕਰਦੇ ਸਨ। ਧਰਤੀ ਸੂਰਜ਼,ਤਾਰੇ,ਦਰਿਆ,ਦਰਖਤ,ਪਸੂ,ਗ੍ਰਹਿਣ ਆਦਿ ਸਾਰੀਆਂ ਵਸਤਾਂ ਪੂਜੀਆਂ ਜਾਦੀਆਂ ਹਨ। ਇਹ ਪੂਜਣ ਯੋਗ ਵਸਤਾਂ ਮਨੂਖੀ ਮਨ ਦੀ ਪਰੰਪਰਾ ਦਾ ਭਾਗ ਬਣਕੇ ਲੋਕਾਂ ਦੇ ਵਿਸ਼ਵਾਸ ਵਿੱਚ ਬਦਲ ਗਈਆਂ ਹਨ,ਲੋਕਾਂ ਨੇ ਸਮਾਨ ਪ੍ਰਕਿਰਿਆਵਾਂ ਨੂੰ ਰਲ਼ ਗਢ ਕਰ ਕੇ ਇੱਕ ਇਕਹਿਰੇ ਦਰਸ਼ਨ ਦੀ ਸਿਰਜ਼ਣਾ ਦਾ ਅਮਲ ਸੁਰੂ ਕੀਤਾ।"

ਧਰਮ ਤੇ ਜਾਦੂ ਟੂਣੇ:-

[ਸੋਧੋ]

ਧਰਮ ਦੀ ਉਤਪਤੀ ਬੇਸ਼ਕ ਜਾਦੂ-ਟੂਣੇ, ਪਖੰਡ, ਵਹਿਮ-ਭਰਮ ਦੇ ਵਿਰੋਧ ਵਿੱਚ ਹੋਈ ਪਰ ਧਰਮ ਦੇ ਨਿਰਮਾਣ ਵਿੱਚ ਵੀ ਜਾਦੂ ਟੂਣੇ ਦੀ ਹੋਂਦ ਵੇਖੀ ਜਾ ਸਕਦੀ ਹੈ। ਜਾਦੂ-ਟੂਣੇ ਧਰਮ ਦਾ ਹੀ ਇੱਕ ਅੰਗ ਹਨ। ਜਾਦੂ ਦਾ ਪ੍ਰਯੋਗ ਕਿਸੇ ਸਮੱਸਿਆ ਨੂੰ ਹੱਲ ਕਰਨ ਲਈ ਕੀਤਾ ਜਾਂਦਾ ਹੈ ਜਾਂ ਕਿਸੇ ਦੁਸ਼ਮਨ ਤੋਂ ਛੁਟਕਾਰਾ ਪ੍ਰਾਪਤ ਕਰਨ ਲਈ ਕੀਤਾ ਜਾਂਦਾ ਹੈ। ਧਰਮ ਅਤੇ ਜਾਦੂ ਟੂਣੇ ਦੋਹਾਂ ਵਿੱਚ ਵਿਸ਼ਵਾਸ ਦਾ ਹੋਣਾ ਬਹੁਤ ਜ਼ਰੂਰੀ ਹੈ। ਜਾਦੂ ਅਤੇ ਧਰਮ ਮਨੁੱਖੀ ਮਨ ਨੂੰ ਵਿਸ਼ਵਾਸ ਦਾ ਹੋਣਾ ਬਹੁਤ ਜ਼ਰੂਰੀ ਹੈ। ਜਾਦੂ ਅਤੇ ਧਰਮ ਮਨੁੱਖੀ ਮਨ ਨੂੰ ਵਿਸ਼ਵਾਸ ਦੁਆਉਣ ਵਿੱਚ ਯੋਗਦਾਨ ਪ੍ਰਦਾਨ ਕਰਦੇ ਹਨ। ਜਾਦੂ ਅਤੇ ਧਰਮ ਦੋਵਾਂ ਦੀ ਇਹ ਧਾਰਨਾ ਹੈ ਕਿ ਕੁਦਰਤ ਦੇ ਨਿਯਮ ਬਦਲੇ ਜਾ ਸਕਦੇ ਹਨ। ਜਦੋਂ ਕੋਈ ਵਿਅਕਤੀ ਆਪਣੇ ਇਸ਼ਟ ਨੂੰ ਖੁਸ਼ ਕਰ ਕੇ ਕੋਈ ਵਸਤ ਪ੍ਰਾਪਤ ਕਰਦਾ ਹੈ ਤਾਂ ਇਹ ਧਾਰਮਿਕ ਭਾਵਨਾ ਹੁੰਦੀ ਹੈ।

ਜਦੋਂ ਮਨੁੱਖ ਕਿਸੇ ਨਿਸ਼ਚਿਤ ਰੀਤ, ਕਰਮ-ਕਾਂਡ ਨਾਲ ਜਾਂ ਕਿਸੇ ਦੈਵੀ ਸ਼ਕਤੀ ਦੇ ਸਹਿਯੋਗ ਨਾਲ ਕੋਈ ਵਸਤ ਪ੍ਰਾਪਤ ਕਰਦਾ ਹੈ ਤਾਂ ਇਹ ਜਾਦੂ ਟੂਣਾ ਹੈ।

ਪੰਜਾਬੀ ਸਭਿਆਚਾਰ ਵਿੱਚ ਵੀ ਜਾਦੂ ਟੂਣੇ ਨੂੰ ਅਹਿਮ ਸਥਾਨ ਪ੍ਰਾਪਤ ਹੈ। ਇਹ ਜਾਦੂ-ਟੂਣੇ, ਪੀੜੀ-ਦਰ-ਪੀੜੀ, ਲੋਕ ਸਮੂਹ ਤੋਂ ਸਵੀਕ੍ਰਿਤੀ ਪ੍ਰਾਪਤ ਕਰਦੇ ਹੋਏ ਇੱਕ ਨਿਰੰਤਰ ਧਾਰਾ ਵਾਂਗ ਸਾਡੇ ਸਭਿਆਚਾਰ ਵਿੱਚ ਚਲ ਰਹੇ ਹਨ। ਸ਼ੁਭ ਫਲ ਲਈ ਵੀ ਟੂਣੇ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਮੰਤਰਾਂ ਦੇ ਜਾਪ ਨਾਲ ਅਲੌਕਿਕ ਸ਼ਕਤੀਆਂ ਨੂੰ ਵਸ ਕਰ ਲੈਣਾ।

ਜਾਦੂ ਟੂਣਾ:

[ਸੋਧੋ]

ਧਰਮ ਤੋਂ ਬਾਅਦ ਦੂਜਾ ਪੜਾਅ ਜਾਦੂ ਟੂਣੇ ਦਾ ਆਉਂਦਾ ਹੈ l ਜਦੋਂ ਧਾਰਮਿਕ ਸੰਸਕਾਰਾਂ ਰਾਹੀਂ ਮਨੁੱਖ ਨੂੰ ਆਪਣੇ ਮਨੋ -ਇੱਛਤ ਫਲ ਦੀ ਪ੍ਰਾਪਤੀ ਨਾ ਹੋਈ ਤਾਂ ਉਸਨੇ ਜਾਦੂ - ਟੂਣੇ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ l ਮੰਤਰਾਂ ਅਤੇ ਅਨੁਸ਼ਠਾਨਾ ਦੁਆਰਾ ਨਿਯਮਿਤ ਕੁਦਰਤੀ ਨੇਮ ਪ੍ਰਬੰਧ ਵਿੱਚ ਦਖ਼ਲ ਅੰਦਾਜ਼ੀ ਕਰਕੇ ਘਟਨਾਵਾਂ ਨੂੰ ਮਨ -ਇੱਛਤ ਰੁਖ ਦੇਣ ਦੀ ਕਲਾ ਨੂੰ ਜਾਦੂ ਕਿਹਾ ਜਾਂਦਾ ਹੈ l [5]

ਧਰਮ ਅਤੇ ਜਾਦੂ ਇਸ ਪੱਖੋਂ ਵੀ ਸਬੰਧਿਤ ਹਨ ਕਿ ਸੰਤਾਂ, ਪੀਰਾਂ, ਫਕੀਰਾਂ ਤੇ ਮਹਾਂ ਪੁਰਖਾਂ ਦਾ ਪ੍ਰਕਿਰਤਕ ਸ਼ਕਤੀ ਉੱਤੇ ਵਸ ਹੁੰਦਾ ਹੈ। ਇਹਨਾਂ ਦੁਆਰਾ ਕੀਤੇ ਗਏ ਇਲਾਜਾਂ ਨੂੰ ਕਰਾਮਾਤ ਕਿਹਾ ਗਿਆ ਹੁੰਦਾ ਹੈ। ਹਰ ਪ੍ਰਸਿੱਧ ਸੰਤ, ਭਗਤ, ਪੀਰ, ਫਕੀਰ, ਜੋਗੀ, ਗੁਰੂ ਦੇ ਨਾਲ ਇਹੋ ਜਿਹੇ ਕਿੱਸੇ ਜੁੜੇ ਹੁੰਦੇ ਹਨ। ਇੱਥੋਂ ਤੱਕ ਕਿ ਸਿੱਖ ਗੁਰੂ ਸਹਿਬਾਨਾਂ ਜਿਨਾਂ ਨੇ ਅਜਿਹੀਆਂ ਗੁਪਤ ਸ਼ਕਤੀਆਂ ਨੂੰ ਨਿੰਦਿਆ ਸੀ। ਉਹਨਾਂ ਨਾਲ ਸੰਬੰਧਿਤ ਸਾਖੀਆਂ ਵਿੱਚ ਵੀ ਕਰਾਮਾਤਾਂ ਦਾ ਵਰਨਣ ਹੁੰਦਾ ਹੈ। ਜਾਦੂ ਟੂਣੇ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਕਾਲਾ ਜਾਦੂ ਅਤੇ ਚਿੱਟਾ ਜਾਦੂ।

ਕਾਲਾ ਜਾਦੂ:-

[ਸੋਧੋ]

ਕਾਲਾ ਜਾਦੂ ਉਹ ਹੁੰਦਾ ਹੈ ਜਦੋਂ ਕੋਈ ਵਿਅਕਤੀ ਆਪਣੇ ਨਿੱਜੀ ਫਾਇਦੇ ਲਈ ਕਿਸੇ ਹੋਰ ਦਾ ਜਾਦੂਈ ਵਿਧੀ ਰਾਹੀਂ ਨੁਕਸਾਨ ਕਰ ਦੇਵੇ ਜਾਂ ਕਰਵਾ ਦੇਵੇ।

ਇਸ ਵਿੱਚ ਜਿਸ ਵਿਅਕਤੀ ਉੱਪਰ ਜਾਦੂ ਕੀਤਾ ਜਾਂਦਾ ਹੈ ਉਸ ਦੇ ਸਰੀਰ ਦਾ ਕੋਈ ਅੰਗ ਜਿਵੇਂ ਵਾਲ, ਨਹੁੰ ਜਾਂ ਕਪੜੇ ਦੀ ਕੋਈ ਟਾਕੀ ਲੈ ਲਈ ਜਾਂਦੀ ਹੈ। ਇਸ ਵਿੱਚ ਪਹਿਲਾ ਵਿਅਕਤੀਠੀਕ ਹੋ ਜਾਂਦਾ ਹੈ ਤੇ ਦੂਸਰਾ ਜਿਸ ਉੱਪਰ ਟੂਣਾ ਕੀਤਾ ਗਿਆ ਹੋਵੇ ਉਸ ਵਿਅਕਤੀ ਦਾ ਨੁਕਸਾਨ ਹੋ ਜਾਂਦਾ ਹੈ।

ਚਿੱਟਾ ਜਾਦੂ:-

[ਸੋਧੋ]
ਚਿੱਟੇ ਜਾਦੂ ਦੀ ਵਰਤੋਂ ਸਮੂਹ ਦੀ ਭਲਾਈ ਲਈ ਕੀਤੀ ਜਾਂਦੀ ਹੈ। ਇਸ ਵਿੱਚ ਪੂਰਾ ਪਿੰਡ ਕਿਸੇ ਪੀਰ, ਫਕੀਰ ਨੂੰ ਬੁਲਵਾ ਕੇ ਯੱਗ ਕਰਵਾਉਂਦਾ ਹੈ ਜਾਂ ਕੋਈ ਹੋਰ ਰੀਤ। ਜਿਵੇਂ ਬੇਮੌਸਮੀ ਬਾਰਿਸ਼ ਨੂੰ ਰੁਕਵਾਉਣ ਜਾਂ ਖੁਲਵਾਉਣ ਲਈ। ਕਿਸੇ ਬਿਮਾਰੀ ਤੋਂ ਪਿੰਡ ਨੂੰ ਬਚਾਉਣ ਲਈ ਪਿੰਡ ਨੂੰ ਠਾਕਿਆ ਜਾਂ ਬੰਨਿਆ ਜਾਂਦਾ ਹੈ। ਇਹ ਜਾਦੂ ਟੂਣਾ ਕਿਸੇ ਦਾ ਨੁਕਸਾਨ ਨਹੀਂ ਕਰਦਾ।

ਹੋਰ ਵੰਨਗੀਆਂ:-

[ਸੋਧੋ]

ਇਸ ਤੋਂ ਇਲਾਵਾ ਜਾਦੂ ਟੂਣੇ ਦੀਆਂ ਹੋਰ ਵੀ ਵੰਨਗੀਆਂ ਹਨ ਜਿਵੇ:

1.ਨਹਾਉਣਾ:

[ਸੋਧੋ]

ਜਿਸ ਔਰਤ ਨੂੰ ਬੱਚਾ ਨਾ ਹੁੰਦਾ ਹੋਵੇ ਉਸਨੂੰ ਕਿਸੇ ਸਿਆਣੇ ਦੇ ਨਿਰਦੇਸ਼ ਹੇਠਾਂ ਫਲਦਾਰ ਰੁੱਖ ਹੇਠਾਂ ਨੁਹਾਇਆ ਜਾਂਦਾ ਹੈ l ਔਰਤ ਘੜੇ ਨਾਲ ਰਾਤ ਨੂੰ ਖਾਸ ਕਰ ਮੱਸਿਆ ਨੂੰ ਇਹ ਇਸ਼ਨਾਨ ਕਰਦੀ ਹੈ l ਆਪਣੇ ਸਾਰੇ ਕੱਪੜੇ ਉਤਾਰ ਕਿ ਦਰੱਖਤ ਹੇਠ ਸੁੱਟ ਦਿੰਦੀ ਹੈ, ਅਤੇ ਨਵੇਂ ਕੱਪੜੇ ਪਾ ਕੇ ਘਰ ਆਉਂਦੀ ਹੈ l ਵਿਸ਼ਵਾਸ ਕੀਤਾ ਜਾਂਦਾ ਹੈ ਕੇ ਇਸ ਤਰ੍ਹਾਂ ਕਰਨ ਨਾਲ ਰੁੱਖ ਸੁੱਕ ਜਾਂਦਾ ਹੈ ਅਤੇ ਔਰਤ ਦੀ ਕੁੱਖ ਹਰੀ ਹੋ ਜਾਂਦੀ ਹੈ l

2. ਹਥੌਲਾ :-

[ਸੋਧੋ]

ਕਿਸੇ ਬਿਮਾਰੀ ਨੂੰ ਦੂਰ ਕਰਨ ਲਈ ਸਿਆਣਾ ਹਥੌਲਾ ਕਰਦਾ ਹੈ l ਚਿਮਟਾ, ਦਾਤਰ ਜਾਂ ਮੋਰ ਦੇ ਖੰਭ ਮਰੀਜ਼ ਦੇ ਸਿਰ ਤੋਂ ਛੁਹਾ ਕੇ ਧਰਤੀ ਤੇ ਮਾਰੇ ਜਾਂਦੇ ਹਨ l ਨਾਲ -ਨਾਲ ਮੂੰਹ ਵਿੱਚ ਕੋਈ ਮੰਤਰ ਉਚਾਰਿਆ ਜਾਂਦਾ ਹੈ l ਇਹ ਮੰਤਰ ਸਿੱਧ ਕੀਤੇ ਛੋਟੇ ਟੋਟੇ ਹੁੰਦੇ ਹਨ l ਇਹਨਾਂ ਦੀ ਵੰਨਗੀ ਬਿਮਾਰੀ ਦੇ ਨਾਲ ਬਦਲਦੀ ਹੈ l ਜਦੋਂ ਕਿਸੇ ਦੇ ਫੋੜੇ ਨਿਲਕਦੇ ਹੋਣ ਤਾਂ ਸੁਆਹ ਦੀਆਂ ਚੁਟਕੀਆਂ ਭਰ ਕਿ ਫੋੜੇ ਤੇ ਸੁੱਟੀਆਂ ਜਾਂਦੀਆਂ ਹਨ l ਇਸ ਨੂੰ ਫੋੜੇ ਝਾੜਨਾ ਕਹਿੰਦੇ ਹਨ ।

3. ਤਵੀਜ ਅਤੇ ਯੰਤਰ :-

[ਸੋਧੋ]

ਬਿਮਾਰੀ ਨੂੰ ਦੂਰ ਕਰਨ ਲਈ ਧਾਗੇ ਜਾਂ ਤਵੀਜ਼ ਦੀ ਵਰਤੋਂ ਕੀਤੀ ਜਾਂਦੀ ਹੈ l ਤਵੀਜ ਵਿੱਚ ਜੰਤਰ ਮੜ੍ਹਿਆ ਹੁੰਦਾ ਹੈ l ਗਿਆਰਾਂ ਸ਼ੁੱਭ ਅੰਕ ਹੈ l ਇਹ ਯੰਤਰ ਕਿਸੇ ਡਾਕਣੀ ਦੀ ਨਜ਼ਰ ਕਾਰਨ ਲੱਗੀ ਬਿਮਾਰੀ ਨੂੰ ਦੂਰ ਕਰਦਾ ਹੈ l ਇਹ ਯੰਤਰ ਤਵੀਜ ਵਿੱਚ ਮੜ੍ਹਾ ਕੇ ਬਿਮਾਰ ਦੇ ਗਲ ਵਿੱਚ ਪਾਇਆ ਜਾਂਦਾ ਹੈ l ਅਜਿਹਾ ਕਰਨ ਨਾਲ ਬਿਮਾਰ ਦਾ ਰੋਗ ਚਲਿਆ ਜਾਂਦਾ ਹੈ l ਹੋਰ ਵੀ ਬਹੁਤ ਸਾਰੇ ਤਵੀਜ ਹਨ l ਜਿਵੇੰ ਕੇ ਦੁਸ਼ਮਣ ਦਾ ਨਾਸ਼ ਕਰਨ ਲਈ, ਇਸਤਰੀ ਵਸ਼ ਕਰਨ ਲਈ ਪਿਆਰੇ ਨੂੰ ਮਿਲਣ ਲਈ ਤਾਵੀਜ਼ ਪ੍ਰਚੱਲਿਤ ਹਨ l ਇਹ ਸਾਰੇ ਸ਼ੁੱਭ ਅੰਕ ਰੱਖਦੇ ਹਨ ਜਿਹੜਾ ਕਿਸੇ ਵਰਤਾਰੇ ਨੂੰ ਵਿਅਕਤ ਕਰ ਰਿਹਾ ਹੁੰਦਾ ਹੈ l ਦੁਸ਼ਮਣ ਦਾ ਨਾਸ਼ ਕਰਨ ਲਈ ਸ਼ੁੱਭ ਅੰਕ 76 ਹੈ l ਅਸ਼ੁੱਭ ਅਤੇ ਬਿਮਾਰੀ ਦਾ ਪ੍ਰਤੀਕ ਅੰਕ 13 ਹੈ l

4. ਟੂਣਾ:-

[ਸੋਧੋ]

ਬਿਮਾਰੀ ਨੂੰ ਦੂਰ ਕਰਨ ਲਈ ਵਿਧੀ ਟੂਣੇ ਦੀ ਵੀ ਅਪਣਾਈ ਜਾਂਦੀ ਹੈ l ਕਿਸੇ ਟੁੱਟੇ ਠੀਕਰੇ ਵਿੱਚ ਸੁਆਹ ਦੇ ਸੱਤ ਲੱਡੂ ਬਣਾ ਕੇ ਵਿੱਚ ਸੂਲਾਂ ਗੱਡ ਦਿੱਤੀਆਂ ਜਾਂਦੀਆਂ ਹਨ l ਉਸੇ ਠੀਕਰੇ ਵਿੱਚ ਸੱਤ ਮਿਰਚਾਂ ਸਤਨਾਜਾ, ਇੱਕ ਲੋਹੇ ਦੀ ਕਿੱਲ, ਛੋਟਾ ਜਿਹਾ ਕਾਲਾ ਕੱਪੜੇ, ਬਿਮਾਰ ਦੇ ਸਿਰ ਤੋਂ ਸੱਤ ਵਾਰੀ ਛੁਆ ਕਿ, ਚੁਰਸਤੇ ਵਿੱਚ ਰੱਖ ਦਿੱਤਾ ਜਾਂਦਾ ਹੈ l ਇਸ ਤਰ੍ਹਾਂ ਕਰਨ ਨਾਲ ਕਿਹਾ ਜਾਂਦਾ ਹੈ ਕਿ ਬਿਮਾਰ ਦੀ ਬਿਮਾਰੀ ਦੂਰ ਹੋ ਜਾਵੇਗੀ l ਇਸ ਟੂਣੇ ਵਿੱਚ ਮਿੱਠੇ ਦੀ ਵਰਤੋਂ ਨਹੀਂ ਕੀਤੀ ਜਾਂਦੀ l 5. ਉਤਾਰਾ :- ਉਤਾਰਾ ਚੁਰਸਤੇ ਵਿੱਚ ਕੀਤਾ ਜਾਂਦਾ ਹੈ l ਇਹ ਚੋਮੁੱਖਾ ਦੀਵਾ ਬਾਲ ਕਿ ਕਿਸੇ ਟੋਭੇ ਜਾਂ ਦਰਿਆ ਦੇ ਕਿਨਾਰੇ ਰੱਖ ਦਿੱਤਾ ਜਾਂਦਾ ਹੈ l ਉਥੇ ਮਰੀਜ਼ ਦੇ ਕੱਪੜੇ, ਸਤਨਾਜਾ ਆਦਿ ਵੀ ਸੁੱਟ ਦਿੱਤਾ ਜਾਂਦਾ ਹੈ l ਅਜਿਹਾ ਕਰਨ ਨਾਲ ਵਿਸ਼ਵਾਸ ਕੀਤਾ ਜਾਂਦਾ ਕਿ ਬਿਮਾਰ ਦੀ ਬਿਮਾਰੀ ਨਵਿਰਤ ਹੋ ਜਾਵੇਗੀ l

            ਕੱਤਕ ਦੇ ਮਹੀਨੇ ਕੁਆਰੀਆਂ ਕੁੜੀਆਂ ਇਸ਼ਨਾਨ ਕਰਕੇ ਛੱਪੜ ਵਿੱਚ ਤੁਲਾ ਤਾਰਦੀਆਂ ਹਨ। ਇਸ ਨਾਲ ਬਿਮਾਰੀ ਦਾ ਨਾਸ਼ ਅਤੇ ਭਰਪੂਰ ਫ਼ਸਲ ਦਾ ਕਿਆਸ ਕੀਤਾ ਜਾਂਦਾ ਹੈ।

6.ਝਾੜਾ:-

[ਸੋਧੋ]

ਝਾੜਾ ਭੂਤ ਜਾਂ ਪ੍ਰੇਤ ਦਾ ਛਾਇਆ ਦੂਰ ਕਰਨ ਲਈ ਕੀਤਾ ਜਾਂਦਾ ਹੈ l ਜੇ ਕੋਈ ਔਰਤ ਜਣੇਪੇ ਦੇ ਸਮੇਂ ਦੌਰਾਨ ਮਰ ਜਾਵੇ ਤਾਂ ਉਹ ਚੁੜੇਲ ਬਣਦੀ ਹੈ l ਜੇਕਰ ਕੋਈ ਮਰਦ ਬਿਨਾਂ ਔਲਾਦ ਮਰ ਜਾਵੇ ਤਾਂ ਉਹ ਪ੍ਰੇਤ ਬਣਦਾ ਹੈ l ਜੇ ਕੋਈ ਬੰਦਾ ਇੱਛਾ ਲੈ ਕਿ ਮਰੂ ਤਾਂ ਪ੍ਰੇਤ ਬਣ ਜਾਂਦਾ ਹੈ l ਝਾੜਾ ਭੂਤ ਪ੍ਰੇਤ ਦਾ ਛਾਇਆ ਦੂਰ ਕਰਨ ਲਈ ਕੀਤਾ ਜਾਂਦਾ ਹੈ l ਛਾਇਆ ਪ੍ਰੇਤ ਦਾ ਹੋਵੇ ਤਾਂ ਇੱਕ ਬੋਤਲ ਸ਼ਰਾਬ, ਇੱਕ ਕਾਲਾ ਕੁੱਕੜ, ਸੱਤ ਲੱਡੂ, ਇੱਕ ਆਂਡਾ, ਸਤਨਾਜਾ ਅਤੇ ਬਸਤਰ ਆਦਿ ਚੁਰਸਤੇ ਵਿੱਚ ਨਹਾਉਣ ਉਪਰੰਤ ਉਥੇ ਰੱਖ ਦਿੱਤਾ ਜਾਂਦਾ ਹੈ l ਇਸਨੂੰ ਪ੍ਰੇਤ ਦਾ ਝਾੜਾ ਕਹਿੰਦੇ ਹਨ।

              ਜੇਕਰ ਛਾਇਆ ਚੁੜੇਲ ਦਾ ਹੋਵੇ, ਤਾਂ ਔਰਤ ਨੂੰ ਚੁਰਸਤੇ ਵਿੱਚ ਨੁਹਾਇਆ ਜਾਂਦਾ ਹੈ। ਕੱਪੜੇ ਉਥੇ ਰੱਖ ਦਿਤੇ ਜਾਂਦੇ ਹਨ ਲਾ ਉਥੇ ਇੱਕ ਠੀਕਰੇ ਵਿੱਚ ਕੋਈ ਫਲ, ਲੱਡੂ, ਨਵੀਂ ਡੋਰੀ ਕੰਘੀ, ਸ਼ੀਸ਼ਾ ਸੁਰਮੇਦਾਨ ਆਦਿ ਰੱਖ ਦਿੱਤਾ ਜਾਂਦਾ ਹੈ। ਇਸ ਤੋਂ ਚੁੜੇਲ ਖੁਸ਼ ਹੋ ਕੇ ਮਰੀਜ਼ ਦਾ ਖਹਿੜਾ ਛੱਡ ਦਿੰਦੀ ਹੈ। ਜਿਆਦਾਤਰ ਝਾੜੇ ਮੱਸਿਆ ਦੀ ਰਾਤ ਨੂੰ ਕੀਤੇ ਜਾਂਦੇ ਹਨ।

7.ਠਾਕਾ:-

[ਸੋਧੋ]

ਠਾਕਾ ਉਹ ਹੁੰਦਾ ਹੈ ਜਿਹੜਾ ਟੂਣਾ ਪਿੰਡ ਤੋਂ ਆਫ਼ਤ ਟਾਲਣ ਲਈ ਕੀਤਾ ਜਾਂਦਾ ਹੈ l ਜਦੋਂ ਪਿੰਡ ਵਿੱਚ ਡੰਗਰਾਂ ਨੂੰ ' ਮੂੰਹ ਖੁਰ 'ਦੀ ਬਿਮਾਰੀ ਪੈ ਜਾਂਦੀ ਹੈ ਤਾਂ ਲੋਕ ਠਾਕਾ ਕਰਦੇ ਹਨ l ਇਸਨੂੰ ਟੂਣਾ ਵੀ ਕਹਿੰਦੇ ਹਨ l ਇਸ ਦਿਨ ਪਿੰਡ ਵਿੱਚ ਅੱਗ ਨਹੀਂ ਬਾਲ਼ੀ ਜਾਂਦੀ ਉਲੰਘਣਾ ਕਰਨ ਨਾਲ ਠਾਕਾ ਟੁੱਟ ਜਾਂਦਾ ਹੈ l ਸਾਰੇ ਪਿੰਡ ਦੇ ਪਸ਼ੂ ਪਿੰਡ ਦੇ ਦਰਵਾਜੇ ਰਾਹੀਂ ਲੰਘਾਏ ਜਾਂਦੇ ਹਨ l ਉੱਥੇ ਪਸ਼ੂ ਉਤੇ ਮੰਤਰੇ ਹੋਏ ਦੁਧੀਆ ਪਾਣੀ ਦਾ ਛਿੱਟਾ ਲਾਇਆ ਜਾਂਦਾ ਹੈ l ਫਿਰ ਪਸ਼ੂ ਇੱਕ ਤਵੀਜ਼ ਹੇਠਾਂ ਦੀ ਲੰਘਾਏ ਜਾਂਦੇ ਹਨ l ਸ਼ਾਮ ਨੂੰ ਧੂਪ ਕੀਤੀ ਜਾਂਦੀ ਹੈ ਧੂਪ ਵਾਲੇ ਨੇ ਬੋਲਣਾ ਨਹੀਂ ਹੁੰਦਾ l ਸ਼ਾਮ ਨੂੰ ਇੱਕ ਕੱਟਾ ਸੰਧੂਰ ਨਾਲ ਰੰਗ ਕਿ ਪਿੰਡ ਦੇ ਦੁਆਲੇ ਘੁੰਮਾਇਆ ਜਾਂਦਾ ਹੈ l ਕੱਟੇ ਅੱਗੇ ਇੱਕ ਜਲਧਾਰਾ ਤੇ ਲਕੀਰ ਖਿੱਚੀ ਜਾਂਦੀ ਹੈ l ਅਜਿਹਾ ਕਰਨ ਨਾਲ ਇਹ ਸਮਝਿਆ ਜਾਂਦਾ ਹੈ ਕਿ ਪਿੰਡ ਠਾਕਿਆ ਗਿਆ l ਵਿਸ਼ਵਾਸ ਕੀਤਾ ਜਾਂਦਾ ਹੈ ਕੇ ਫਿਰ ਪਿੰਡ ਵਿੱਚ ਬਿਮਾਰੀ ਨਹੀਂ ਦਾਖ਼ਲ ਹੋ ਸਕਦੀ l ਠਾਕੇ ਵਾਲੇ ਦਿਨ ਹਨੂੰਮਾਨ ਦੀ ਮੂਰਤੀ ਦਰਵਾਜੇ ਵਿੱਚ ਗੱਡ ਕੇ ਉਪਰ ਤੇਲ ਚੋਇਆ ਜਾਂਦਾ ਹੈ, ਵਿਸ਼ਵਾਸ ਕੀਤਾ ਜਾਂਦਾ ਹੈ ਕੇ ਦਰਵਾਜੇ ਰਾਹੀਂ ਹਨੂੰਮਾਨ ਆਫਤ ਨੂੰ ਦਾਖ਼ਲ ਨਹੀਂ ਹੋਣ ਦੇਵੇਗਾ l[6]

ਜਾਦੂ ਚਿਕਿਤਸਾ ਵਿੱਚ ਮੰਤਰ ਤਾਵੀਜ਼ ਅਤੇ ਜੰਤਰ ਦੀ ਵਿਧੀ ਬਹੁਤ ਲੋਕਪ੍ਰਿਯ ਹੈ l ਤਵੀਜ਼ ਜਾਂ ਜੰਤਰ ਨੂੰ ਸਥਾਪਿਤ ਕਰਨ ਸਮੇਂ ਮੰਤਰ ਦੀ ਵਰਤੋਂ ਕੀਤੀ ਜਾਂਦੀ ਹੈ l

          ਮੰਤਰਾਂ ਦੇ ਸੰਬੰਧ ਦੇ ਵਿੱਚ ਇਹ ਗੱਲ  ਕਹੀ ਜਾਂਦੀ ਹੈ ਕੇ ਇੰਨ੍ਹਾਂ ਨਾਲ ਸਿਰ ਦਰਦ ਤੋਂ ਲੈ ਕੇ ਸੱਪ ਦੇ ਕੱਟਣ ਤੱਕ ਦਾ ਇਲਾਜ ਹੋ ਸਕਦਾ ਹੈ। ਦੂਜੇ ਪਾਸੇ ਪਦਾਰਥਕ ਮੰਤਰ ਸਧਾਰਨ ਕਰਮ ਕਾਂਡ ਤੋਂ ਲੈ ਕੇ ਮੁਕਤੀ ਦਿਵਾਉਣ ਤੱਕ ਦੀ ਸ਼ਕਤੀ ਰੱਖਦੇ ਹਨ। ਗਾਇਤਰੀ ਮੰਤਰ ਇੱਕ ਅਜਿਹਾ ਹੀ ਮੰਤਰ ਹੈ ਜਿਸ ਦਾ ਜਾਪ ਕਰਨ ਵਾਲਾ ਜਨਮ ਮਰਨ ਤੋਂ ਮੁਕਤ ਹੋ ਜਾਂਦਾ ਹੈ। ਲੋਕਧਾਰਾ ਵਿਗਿਆਨੀ ਇਸਨੂੰ ਦੋ ਵਰਗਾਂ ਵਿੱਚ ਰੱਖ ਕੇ ਦੇਖਦੇ ਹਨ:-

1. ਪਰਮਾਰਥ ਮੰਤਰ:-

[ਸੋਧੋ]

ਵਿਆਹ ਸ਼ਾਦੀ ਹਵਨ ਆਦਿ ਸਮੇਂ ਵਰਤੇ ਜਾਣ ਵਾਲੇ ਮੰਤਰ ਪਰਮਾਰਥਕ ਮੰਤਰ ਹੁੰਦੇ ਹਨ l ਵੱਖ ਵੱਖ ਮੱਤਾਂ ਦੇ ਆਗੂ ਆਪਣੇ ਪੈਰੋਕਾਰਾਂ ਨੂੰ ਜਦੋਂ 'ਸ਼ਬਦ' ਜਾਪ ਦੱਸਦੇ ਹਨ ਤਾਂ ਉਹ ਵੀ ਪਰਮਾਰਥਕ ਮੰਤਰ ਹੁੰਦਾ ਹੈ l

2.ਲੋਕ ਮੰਤਰ:-

[ਸੋਧੋ]

ਇਸ ਮੰਤਰ ਦਾ ਪ੍ਰਯੋਗ ਰੋਜ਼ਾਨਾ ਜੀਵਨ ਦੀਆਂ ਲੋੜਾਂ ਦੀ ਪੂਰਤੀ ਤੋਂ ਲੈ ਕੇ ਭੂਤਾਂ ਪ੍ਰੇਤਾਂ ਦਾ ਸਾਇਆ ਉਤਾਰਨ, ਕਿਸੇ ਨੂੰ ਵੱਸ਼ ਕਰਨ, ਕਿਸੇ ਨੂੰ ਹਾਨੀ ਪੁਚਾਉਣ ਲਈ ਹੁੰਦਾ ਹੈ l ਮੰਤਰ ਦਾ ਇਹ ਰੂਪ ਹੀ ਜਾਦੂ ਟੂਣੇ ਦੇ ਖੇਤਰ ਵਿੱਚ ਸ਼ਾਮਿਲ ਹੈ l

ਡਾ. ਸੋਹਿੰਦਰ ਸਿੰਘ ਬੇਦੀ ਨੇ ਜਾਦੂ ਦੇ ਹੇਠ ਲਿਖੇ ਰੂਪ ਪ੍ਰਵਾਨ ਕੀਤੇ ਹਨ:-

1. ਭੁਲਾਵਾਂ ਜਾਦੂ:-

[ਸੋਧੋ]

ਇਹ ਅਨੁਕਰਣ ਦੀ ਵਿਧੀ ਤੇ ਅਧਾਰਿਤ ਹੈ l ਮੀਂਹ ਪਵਾਉਣ ਲਈ ਮੀਂਹ ਦਾ ਸੁਆਂਗ ਭਰਨ, ਬਾਂਝ ਔਰਤ ਦੇ ਬੱਚੇ ਖਿਡਾਉਣ ਦੇ ਸੁਆਂਗ ਨਾਲ ਉਸ ਦੇ ਮੰਤਵ ਦੀ ਸਿੱਧੀ ਹੋ ਜਾਂਦੀ ਹੈ l

2.ਲਾਗਵਾਂ ਜਾਦੂ:-

[ਸੋਧੋ]

ਇਸ ਤਰ੍ਹਾਂ ਦਾ ਟੂਣਾ ਕਿਸੇ ਮੂਲ ਨਾਲੋਂ ਟੁੱਟੀ ਵਸਤੂ ਦੁਆਰਾ ਕੀਤਾ ਜਾਂਦਾ ਹੈ l ਵਿਸ਼ਵਾਸ ਕੀਤਾ ਜਾਂਦਾ ਹੈ ਕੇ ਮੂਲ ਨਾਲੋਂ ਨਿੱਖੜੀ ਵਸਤ ਦਾ ਸੰਬੰਧ ਆਪਣੇ ਮੂਲ ਨਾਲ ਰਹਿੰਦਾ ਹੈ, ਨਹੁੰ, ਵਾਲਾਂ ਦੀਆਂ ਲਿਟਾਂ ਅਤੇ ਕੱਪੜੇ ਦੇ ਟੁਕੜੇ ਇਸ ਮੰਤਵ ਲਈ ਵਰਤੇ ਜਾਂਦੇ ਹਨ l

3.ਅਭਾਵਾਤਮਕ ਜਾਦੂ:-

[ਸੋਧੋ]

ਕਿਸੇ ਦੇ ਪ੍ਰਭਾਵ ਨੂੰ ਖੰਡਿਤ ਕਰਨ ਲਈ ਵਰਤਿਆ ਜਾਂਦਾ ਹੈ l ਇਸ ਮੰਤਵ ਲਈ ਜੰਤਰ ਜਾਂ ਤਵੀਤ ਦੀ ਵਰਤੋਂ ਹੁੰਦੀ ਹੈ l

4. ਭਾਵਾਤਮਕ ਜਾਦੂ:-

[ਸੋਧੋ]

ਜਾਦੂ ਦੀ ਇਹ ਵੰਨਗੀ ਕਿਸੇ ਨੂੰ ਵੱਸ ਵਿੱਚ ਕਰਨ ਲਈ ਕੀਤੀ ਜਾਂਦੀ ਹੈ l ਇਸ ਦੀ ਪੂਰਤੀ ਕਿਸੇ ਦੇ ਸਿਰ ਵਿੱਚ ਕੁਝ ਪਾ ਕੇ ਜਾਂ ਕਿਸੇ ਚੀਜ਼ ਵਿੱਚ ਮੰਤਰ ਨੂੰ ਖਵਾ ਕੇ ਕੀਤੀ ਜਾਂਦੀ ਹੈ l [7]

ਬਾਰਬਰੇ ਰੋਜ਼ਨ ਦੇ ਅਨੁਸਾਰ "ਜਾਦੂ ਮਨੁੱਖੀ ਹੋਣੀ ਨੂੰ ਪ੍ਰਭਾਵਿਤ ਕਰਨ ਦੀ ਕਲਾ ਹੈ, ਜੋ ਨਾ ਧਰਮ ਦੇ ਖੇਤਰ ਵਿੱਚ ਆਉਂਦੀ ਹੈ ਤੇ ਨਾ ਹੀ ਵਿਆਖਿਆ ਕੀਤੇ ਜਾਣ ਯੋਗ ਹੈ l"[8]

ਜਾਦੂ-ਟੂਣਾ ਸਮੱਗਰੀ:-

[ਸੋਧੋ]

ਜਾਦੂ ਟੂਣੇ ਦੇ ਇਸਤੇਮਾਲ ਲਈ ਜੋ ਵਸਤੂਆਂ ਇਸਤੇਮਾਲ ਕੀਤੀਆਂ ਜਾ ਸਕਦੀਆਂ ਹਨ। ਉਹਨਾਂ ਵਿਚ ਹੇਠਾਂ ਲਿਖੀ ਸਮੱਗਰੀ ਸ਼ਾਮਿਲ ਹੈ:-

  1. ਜਾਦੂ ਦਾ ਸੁਰਮਾ,
  2. ਜਾਦੂ ਦਾ ਡੰਡਾ ਤੇ ਰੱਸਾ,
  3. ਜਾਦੂ ਦਾ ਪੁਤਲਾ,
  4. ਜਾਦੂ ਦੀ ਕੜਾਈ,
  5. ਜਾਦੂ ਦੀਆਂ ਖੜਾਵਾਂ,
  6. ਜਾਦੂ ਦਾ ਧਾਗਾ ਆਦਿ ਹਨ।

ਹਵਾਲੇ

[ਸੋਧੋ]
  1. 1.0 1.1 Witchcraft in the Middle Ages, Jeffrey Russell, p.4-10.
  2. Bengt Ankarloo & Stuart Clark, Witchcraft and Magic in Europe: Biblical and Pagan Societies", University of Philadelphia Press, 2001
  3. <ਲੋਕਧਾਰਾ ਸਿਧਾਂਤ ਤੇ ਵਿਸ਼ਲੇਸ਼ਣ, ਪ੍ਰੋ ਜੀਤ ਸਿੰਘ ਜੋਸ਼ੀ, ਪਬਲੀਕੇਸ਼ਨ ਬਿਊਰੋ ਵਾਰਿਸ ਸ਼ਾਹ ਫਾਉਂਡੇਸ਼ਨ, ਅੰਮ੍ਰਿਤਸਰ ਪੰਨਾ ਨੰ.130>
  4. < ਪੰਜਾਬੀ ਲੋਕ- ਵਿਸ਼ਵਾਸ ਪੇਸ਼ਕਾਰੀ ਤੇ ਵਿਸ਼ਲੇਸ਼ਣ, ਡਾ. ਰੁਪਿੰਦਰਜੀਤ ਗਿੱਲ, ਪੰਨਾ ਨੰ.47, ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ>
  5. <ਪੰਜਾਬੀ ਲੋਕ ਵਿਸ਼ਵਾਸ ਪੇਸ਼ਕਾਰੀ ਤੇ ਵਿਸ਼ਲੇਸ਼ਣ, ਪੰਨਾ ਨੰ.54, ਡਾ ਰੁਪਿੰਦਰਜੀਤ ਗਿੱਲ, ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ>
  6. <ਲੋਕਧਾਰਾ ਭਾਸ਼ਾ ਅਤੇ ਸੱਭਿਆਚਾਰ, ਭੁਪਿੰਦਰ ਸਿੰਘ ਖਹਿਰਾ, ਪੈਪਸੂ ਬੁੱਕ ਡਿਪੂ ਬੁੱਕਸ ਮਾਰਕੀਟ, ਪਟਿਆਲਾ, ਪੰਨਾ ਨੰ.89,92>
  7. <ਲੋਕਧਾਰਾ ਸਿਧਾਂਤ ਤੇ ਵਿਸ਼ਲੇਸ਼ਣ,ਪ੍ਰੋ. ਜੀਤ ਸਿੰਘ ਜੋਸ਼ੀ, ਵਾਰਿਸ ਸ਼ਾਹ ਫਾਉਂਡੇਸ਼ਨ ਅੰਮ੍ਰਿਤਸਰ, ਪੰਨਾ ਨੰ.130-31>
  8. <ਪੰਜਾਬੀ ਲੋਕ - ਵਿਸ਼ਵਾਸ ਪੇਸ਼ਕਾਰੀ ਤੇ ਵਿਸ਼ਲੇਸ਼ਣ, ਡਾ. ਰੁਪਿੰਦਰਜੀਤ ਗਿੱਲ,ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ, ਪੰਨਾ ਨੰ.55>

ਬਾਹਰਲੇ ਜੋੜ

[ਸੋਧੋ]