ਝੱਕਰੀਆਂ ਦਾ ਵਰਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਝੱਕਰੀਆਂ ਦਾ ਵਰਤ ਕਰੂਆ ਚੌਥ ਤੋ਼ ਤਿੰਨ ਦਿਨ ਮਗਰੋਂ ਹਨੇਰੇ ਪੱਖ ਦੀ ਸੱਤੇ ਨੂੰ ਰੱਖਿਆ ਜਾਂਦਾ ਹੈ।[1] ਇਹ ਵਰਤ ਅੱਸੂ-ਕੱਤਕ ਭਾਵ ਅਕਤੂਬਰ ਦੇ ਅਖ਼ੀਰ ਜਾ ਨਵੰਬਰ ਵਿੱਚ ਅਸ਼ਟਮੀ ਵਾਲੇ ਦਿਨ ਹੁੰਦਾ ਹੈ। ਇਹ ਵਰਤ ਮਾਂ ਆਪਣੇ ਪੁੱਤਰ ਦੀ ਸਲਾਮਤੀ ਤੇ ਸੁਖ-ਸ਼ਾਂਤੀ ਲਈ ਰੱਖਦੀ ਹੈ।[2]

ਵਰਤ ਦੀ ਵਿਧੀ[ਸੋਧੋ]

ਇਸ ਦਿਨ ਮਾਂ ਸਵੇਰੇ ਨਹਾ ਕੇ, ਸਾਫ਼ ਸੁਥਰਾ ਜਾਂ ਨਵਾਂ ਸੂਟ ਪਾ ਕੇ, ਸਰਘੀ ਖਾ ਕੇ ਵਰਤ ਰੱਖਦੀ ਹੈ। ਕਈ ਪਰਿਵਾਰਾਂ ਵਿੱਚ ਜਿੰਨੇ ਪੁੱਤਰ ਹੰਦੇ ਹਨ। ਉਨੀਆਂ ਹੀ ਝੱਕਰੀਆ ਭਰੀਆਂ ਜਾਂਦੀਆਂ ਹਨ ਪਰ ਕਈ ਥਾਵਾਂ ਤੇ ਸਿਰਫ਼ ਇੱਕ ਹੀ ਝੱਕਰੀ ਭਰੀ ਜਾਂਦੀ ਹੈ।[3] ਝੱਕਰੀ ਭਰਨ ਲਈ ਮੱਠੀਆਂ ਸ਼ੱਕਰਪਾਰੇ ਜਾ ਕਈ ਕਿਸਮ ਦੇ ਮਿੱਠੇ ਪਕਵਾਨ ਬਣਾਏ ਜਾਂਦੇ ਹਨ। ਭਰੀ ਹੋਈ ਝੱਕਰੀ ਉੱਤੇ ਤਾਜ਼ੇ ਫਲ ਕੇਲੇ, ਸੇਬ ਵਗੈਰਾ ਜ਼ਰੂਰ ਰੱਖੇ ਜਾਂਦੇ ਹਨ। ਇਸ ਦਿਨ ਘਰ ਬਣਾਈਆਂ ਪੂੜੀਆਂ ਨਾਲ ਮੱਥਾ ਟੇਕਿਆ ਜਾਂਦਾ ਹੈ।[2] ਪੂੜੀਆਂ ਦੇ ਜ਼ੋੜੇ ਵਿੱਚ ਕੜਾਹ ਰੱਖ ਕੇ ਸੱਤ ਜ਼ੋੜੇ ਬਣਾਏ ਜਾਂਦੇ ਹਨ। ਇੱਕ ਝੱਕਰੀ ਨੂੰ ਪਾਣੀ ਨਾਲ ਭਰ ਕੇ ਉੱਤੇ ਚੌਲ, ਮਿੱਠਾ ਅਤੇ ਦੁੱਬ ਰੱਖ ਲਏ ਜਾਂਦੇ ਹਨ। ਸ਼ਾਮ ਸਮੇਂ ਕਥਾ ਸੁਣਨ ਤੋ਼ ਬਾਅਦ ਝੱਕਰੀ ਉੱਤੇ ਸੱਸ ਦਾ ਸੂਟ ਰੱਖ ਕੇ ਮੱਥਾ ਟੇਕਿਆ ਜਾਂਦਾ ਹੈ। ਉਸ ਤੋ਼ ਬਾਅਦ ਫਲ ਖਾਧਾ ਜਾਂ ਪਾਣੀ, ਚਾਹ ਪੀਤਾ ਜਾ ਸਕਦਾ ਹੈ। ਝੱਕਰੀ ਵਿਚਲਾ ਅਤੇ ਉੱਪਰ ਰੱਖਿਆ ਸਮਾਨ ਨੂੰਹ ਵਲੋਂ ਪਿਆਰ ਤੇ ਸਤਿਕਾਰ ਨਾਲ ਸੱਸ ਨੂੰ ਅਰਪਨ ਕੀਤਾ ਜਾਂਦਾ ਹੈ। ਇਸ ਰਸਮ ਤੋਂ ਬਾਅਦ ਕੜ੍ਹਾਹ ਪੂੜੀਆਂ ਘਰ ਹੀ ਖਾ ਲਏ ਜਾਦੇ ਹਨ। ਪਹਿਲੀ ਝੱਕਰੀ ਨੂੰ ਇਹ ਸ਼ਰੀਕੇ-ਭਾਈਚਾਰੇ ਵਿੱਚ ਵੰਡੀਆਂ ਜਾਂਦੀਆਂ ਹਨ ਪਰ ਅੱਗੋਂ ਖ਼ਾਸ ਨੇੜਲੇ ਸਮਝੇ ਜਾਂਦੇ ਪਰਿਵਾਰਾਂ ਨੂੰ ਹੀ ਵੰਡੀਆ ਜਾਂਦੀਆਂ ਹਨ। ਇਸ ਵਾਰ ਵਿੱਚ ਤਾਰੇ ਨੂੰ ਅਰਘ ਦਿੱਤਾ ਜਾਂਦਾ ਹੈ। ਤਾਰੇ ਨੂੰ ਦੇਖ ਕੇ ਚੌਲ ਤੇ ਮਿੱਠੇ ਦਾ ਮੱਥਾ ਟੇਕ ਕੇ ਝੱਕਰੀ ਵਿਚਲੇ ਪਾਣੀ ਨਾਲ ਅਰਘ ਦਿੱਤਾ ਜਾਂਦਾ ਹੈ। ਫਿਰ ਮਾਂ ਆਪਣੇ ਪੁੱਤਰਾਂ ਨੂੰ ਸ਼ਗਨ ਦਿੰਦੀ ਹੈ, ਰੁਪਏ ਪੈਸੇ ਜਾਂ ਚਾਂਦੀ ਦੀ ਕੋਈ ਨਿੱਕੀ ਮੋਟੀ ਸ਼ਗਨ ਵਜੋਂ ਦਿੱਤੀ ਜਾਂਦੀ ਹੈ।[2]

ਕਥਾ[ਸੋਧੋ]

ਝੱਕਰੀਆਂ ਦੇ ਵਰਤ ਦੀ ਕਥਾ ਇਸ ਪ੍ਰਕਾਰ ਹੈ: ਇੱਕ ਨਗਰ ਵਿੱਚ ਇੱਕ ਸ਼ਾਹੂਕਾਰ ਰਹਿੰਦਾ ਸੀ, ਉਸਦੇ ਸੱਤ ਪੁੱਤਰ ਸਨ। ਇੱਕ ਦਿਨ ਉਸਦੀ ਪਤਨੀ ਖਦਾਨ ਵਿੱਚੋ ਮਿੱਟੀ ਲੈਣ ਗਈ। ਅਤੇ ਜਿਵੇਂ ਹੀ ਉਸਨੇ ਮਿੱਟੀ ਪੁੱਟਣ ਲਈ ਕਹੀ ਮਾਰੀ ਤਿਵੇਂ ਹੀ ਸੇਹੀ ਦੇ ਬੱਚੇ ਕਹੀ ਵੱਜਣ ਨਾਲ ਮਰ ਗਏ। ਸ਼ਾਹੂਕਾਰ ਦੀ ਪਤਨੀ ਇਸ ਤੇ ਬਹੁਤ ਦੁਖੀ ਹੋਈ ਪਰ ਉਸ ਤੋਂ ਇਹ ਗਲਤੀ ਅਣਜਾਣੇ ਵਿੱਚ ਹੋਈ ਸੀ। ਇਸ ਤੋਂ ਬਾਅਦ ਉਹ ਬਿਨਾ ਮਿੱਟੀ ਲਏ ਹੀ ਆਪਣੇ ਘਰ ਆ ਗਈ। ਉੱਧਰ ਜਦੋਂ ਸੇਹੀ ਘਰ ਆਈ ਤੇ ਆਪਣੇ ਬੱਚਿਆਂ ਨੂੰ ਮਰਿਆ ਦੇਖ ਕੇ ਵਿਰਲਾਪ ਕਰਨ ਲੱਗੀ ਅਤੇ ਰੱਬ ਅੱਗੇ ਪ੍ਰਾਰਥਨਾ ਕਰਨ ਲੱਗੀ ਕਿ ਜਿਸਨੇ ਮੇਰੇ ਬੱਚਿਆਂ ਨੂੰ ਮਾਰਿਆ ਹੈ, ਉਸਨੂੰ ਵੀ ਇਸੇ ਤਰ੍ਹਾ ਦਾ ਕਸ਼ਟ ਸਹਿਣਾ ਪਵੇ। ਸੇਹੀ ਦੇ ਸ਼ਰਾਪ ਨਾਲ ਸ਼ਾਹੂਕਾਰ ਦੇ ਸੱਤ ਪੁੱਤਰ ਸਮੇਂ ਤੋਂ ਪਹਿਲਾਂ ਹੀ ਮੌਤ ਦੇ ਮੂੰਹ ਵਿੱਚ ਚਲੇ ਗਏ ਜਿਸ ਤੋਂ ਸ਼ਾਹੂਕਾਰ ਅਤੇ ਉਸਦੀ ਪਤਨੀ ਬਹੁਤ ਦੁਖੀ ਹੋਏ। ਉਹਨਾਂ ਨੇ ਕਿਸੇ ਤੀਰਕ ਤੇ ਜਾ ਕੇ ਆਪਣੇ ਪ੍ਰ੍ਰਾਣਾਂ ਦਾ ਤਿਆਗ ਕਰ ਦੇਣ ਦਾ ਫੈਸਲਾ ਕੀਤਾ।

ਇਸ ਤੋਂ ਬਾਅਦ ਉਹ ਘਰ ਛੱਡ ਕੇ ਪੈਦਲ ਹੀ ਕਿਸੇ ਤੀਰਕ ਵੱਲ ਚਲੇ ਗਏ ਅਤੇ ਖਾਣ-ਪੀਣਾ ਛੱਡ ਕੇ ਜਦੋਂ ਤੱਕ ਉਨਾ ਵਿੱਚ ਹਿੰਮਤ ਸੀ ਚਲਦੇ ਰਹੇ ਜਦੋਂ ਉਹ ਚੱਲਣ ਤੋਂ ਅਸਮਰੱਥ ਹੋ ਗਏ ਤਾਂ ਬੇਹੋਸ਼ ਹੋ ਕੇ ਡਿੱਗ ਪਏ।

ਉਹਨਾਂ ਦੀ ਇਹ ਸਥਿਤੀ ਦੇਖ ਕੇ ਪ੍ਰਮਾਤਮਾ ਨੇ ਉਹਨਾਂ ਨੂੰ ਮੋਤ ਤੋਂ ਬਚਾਉਣ ਲਈ ਉਹਨਾਂ ਦੇ ਪਾਪਾਂ ਦਾ ਅੰਤ ਕਰਨਾ ਚਾਹਿਆ ਅਤੇ ਇਸੇ ਮੌਕੇ ਉੱਤੇ ਭਵਿੱਖਬਾਣੀ ਹੋਈ ਕਿ ਹੇ ਸ਼ਾਹੂਕਾਰ; ਤੇਰੀ ਪਤਨੀ ਤੋਂ ਮਿੱਟੀ ਪੁੱਟਦੇ ਸਮੇਂ ਅਣਜਾਣੇ ਵਿੱਚ ਸੇਹੀ ਦੇ ਬੱਚੇ ਮਾਰੇ ਗਏ ਸਨ। ਜੇਕਰ ਹੁਣ ਘਰ ਜਾ ਤੁਸੀਂ ਮਨ ਲਗਾ ਕੇ ਸੇਵਾ ਕਰੋਗੇ ਅਤੇ ਅਹੋਈ ਮਾਤਾ ਦਾ ਵਿਧੀ-ਵਿਧਾਨ ਨਾਲ ਵਰਤ ਆਰੰਭ ਕਰਕੇ ਦਇਆ ਭਾਵਨਾ ਨਾਲ ਇਸ ਨੂੰ ਪੂਰਾ ਕਰੋਗੇ ਤਾਂ ਤੁਹਾਨੂੰ ਪ੍ਰਮਾਤਮਾ ਦੀ ਕ੍ਰਿਪਾ ਨਾਲ ਦੁਬਾਰਾ ਸੰਤਾਨ ਦਾ ਸੁੱਖ ਪ੍ਰਾਪਤ ਹੋਵੇਗਾ।

ਇਹ ਭਵਿੱਖਬਾਣੀ ਸੁਣ ਕੇ ਸ਼ਾਹੂਕਾਰ ਅਤੇ ਉਸਦੀ ਪਤਨੀ ਨੂੰ ਕੁਝ ਧੀਰਜ ਹੋ ਗਿਆ ਅਤੇ ਉਹ ਭਗਵਤੀ ਦੇਵੀ ਦਾ ਸਿਮਰਨ ਕਰਦੇ ਹੋਏ ਆਪਣੇ ਘਰ ਚਲੇ ਗਏ। ਘਰ ਜਾ ਕੇ ਉਹਨਾਂ ਨੇ ਅਜਿਹਾ ਹੀ ਕੀਤਾ। ਇਸ ਤਰ੍ਹਾਂ ਕਰਨ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੇ ਸੱਤ ਪੁੱਤਰਾਂ ਦੀ ਦੁਬਾਰਾ ਪ੍ਰਾਪਤੀ ਹੋ ਗਈ।[4]

ਹਵਾਲੇ[ਸੋਧੋ]

  1. ਸੱਭਿਆਚਾਰ ਅਤੇ ਲੋਕਧਾਰਾ ਦੇ ਮੂਲ ਸਰੋਕਾਰ-ਜੀਤ ਸਿੰਘ ਜੋਸ਼ੀ
  2. 2.0 2.1 2.2 ਪੰਜਾਬ ਦੇ ਤਿਉਹਾਰ-ਹਰਮਜੀਤ ਕੌਰ ਸਰਹਿੰਦ.ਪੰਨਾ ਨੰː124.ਲੋਕਗੀਤ ਪ੍ਰਕਾਸ਼ਨ
  3. ਨਿੱਜੀ ਜਾਣਕਾਰੀ
  4. ਕਰਵਾ ਚੌਥ.ਅਹੋਈ ਆਠੇ.ਦੀਪਾਵਲੀ ਔਰ ਗੋਵਰਦਨ ਪੂਜਾ-ਅਪੂਜਾ ਪ੍ਰਕਾਸ਼ਨ 623.ਰਘੁੂਰਪੁਰਾ ਨੰ.1.ਗਾਂਧੀ ਨਗਰ ਦਿੱਲੀ