ਸਮੱਗਰੀ 'ਤੇ ਜਾਓ

ਨਵੀਨ ਆਲੋਚਨਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਨਵੀਨ ਆਲੋਚਨਾ ਸਾਹਿਤਕ ਸਿਧਾਂਤ ਦੇ ਵਿੱਚ ਇੱਕ ਰੂਪਵਾਦੀ ਲਹਿਰ ਸੀ, ਜੋ 20ਵੀਂ ਸਦੀ ਦੇ ਮੱਧਲੇ ਦਹਾਕਿਆਂ ਵਿੱਚ ਅਮਰੀਕੀ ਸਾਹਿਤਕ ਆਲੋਚਨਾ ਵਿੱਚ ਪ੍ਰਭਾਵਸ਼ਾਲੀ ਰੁਝਾਨ ਸੀ। ਨਵੀਨ ਆਲੋਚਨਾ ਜਾਂ ਅਮਰੀਕੀ ਆਲੋਚਨਾ 20ਵੀਂ ਸਦੀ ਦੇ ਮੱਧ ਵਿੱਚ ਸਾਹਿਤ ਆਲੋਚਨਾ ਦੇ ਖੇਤਰ ਵਿੱਚ ਉੱਠੀ ਇੱਕ ਰੂਪਵਾਦੀ ਲਹਿਰ ਸੀ ਜਿਸ ਵਿੱਚ ਅਮਰੀਕੀ ਚਿੰਤਨ ਦਾ ਵਧੇਰੇ ਪ੍ਰਭਾਵ ਸੀ। ਇਸਨੇ ਸਾਹਿਤਕ-ਰਚਨਾਵਾਂ ਵਿਸ਼ੇਸ਼ਕਰ ਕਵਿਤਾ ਦੇ ਨਿਕਟ ਅਧਿਐਨ (close reading) ਉੱਪਰ ਜੋਰ ਦਿੱਤਾ ਤਾਂ ਜੋ ਦੇਖਿਆ ਜਾ ਸਕੇ ਕਿ ਕਿਵੇਂ ਕੋਈ ਰਚਨਾ ਆਪਣੇ ਅੰਦਰ ‘ਸਵੈ’ ਅਤੇ ਮਨੁੱਖੀ ਅਨੁਭਵ ਨੂੰ ਸੁਹਜਮਈ ਰੂਪ ਵਿੱਚ ਗ੍ਰਹਿਣ ਕਰਦੀ ਹੈ। ਇਸ ਪ੍ਰਣਾਲੀ ਨੂੰ ਕਈ ਵਾਰ ਸੁਹਜਵਾਦੀ, ਰੂਪਵਾਦੀ, ਪਾਠਮੂਲਕ ਅਤੇ ਅਸਤਿਤਵ-ਸ਼ਾਸਤ੍ਰੀ ਆਲੋਚਨਾ ਦਾ ਨਾਂ ਵੀ ਦਿੱਤਾ ਜਾਂਦਾ ਹੈ ਪਰ ਪ੍ਰਧਾਨ ਰੂਪ ਵਿੱਚ ਇਸਨੂੰ ਨਵੀਨ ਆਲੋਚਨਾ ਦਾ ਨਾਂ ਨਾਲ ਹੀ ਜਾਣਿਆ ਜਾਂਦਾ ਹੈ। ਜੇ ਸੀ ਰੈਨਸਮ, ਕਲਿੰਥ ਬਰੁਕਸ ਅਤੇ ਐਲਨ ਟੇਟ ਇਸ ਆਲੋਚਨਾ ਪ੍ਰਣਾਲੀ ਦੇ ਪ੍ਰਮੁੱਖ ਚਿੰਤਕ ਹਨ।

ਇਤਿਹਾਸ

[ਸੋਧੋ]

ਨਵੀਨ ਅਮਰੀਕੀ ਆਲੋਚਨਾ ਕੁਝ ਅਮਰੀਕੀ ਸਕੂਲਾਂ (ਸੰਪਰਦਾਇਆਂ) ਦੇ ਪ੍ਰਪੰਰਾਗਤ ਸਾਹਿਤਕ ਅਤੇ ਦਾਰਸ਼ਨਿਕ ਵਿਚਾਰਾਂ ਦੇ ਪ੍ਰਤੀਕਰਮ ਵਜੋਂ ਪੈਦਾ ਹੋਈ ਸੀ ਜੋ ਮੁੱਖ ਰੂਪ ਵਿੱਚ 19ਵੀਂ ਸਦੀ ਦੇ ਜਰਮਨ ਚਿੰਤਨ ਤੋਂ ਪ੍ਰਭਾਵਿਤ ਸਨ ਅਤੇ ਸ਼ਬਦਾਂ ਨੂੰ ਅਰਥ ਅਤੇ ਇਤਿਹਾਸਕ ਪ੍ਰਸੰਗ ਵਿੱਚ ਦੇਖਣ, ਪ੍ਰਾਚੀਨ ਅਤੇ ਵਿਦੇਸ਼ੀ ਭਾਸ਼ਾਵਾਂ ਦੇ ਪ੍ਰਸੰਗ ਵਿੱਚ ਦੇਖਣ ਅਤੇ ਲੇਖਕ ਦੀ ਭੂਗੌਲਿਕ ਰਚਨਾ ਨੂੰ ਜਾਣਨ ਉੱਪਰ ਜੋਰ ਦਿੰਦੇ ਸਨ। ਨਵੀਨ ਅਮਰੀਕੀ ਆਲੋਚਨਾ ਦੇ ਚਿੰਤਕਾਂ ਦਾ ਮੰਨਣਾ ਸੀ ਕਿ ਕਿਸੇ ਸਾਹਿਤਕ ਕਿਰਤ ਦਾ ਅਰਥ ਅਤੇ ਸੰਰਚਨਾ ਅੰਤਰ ਸੰਬੰਧਿਤ ਹਨ ਅਤੇ ਇਹਨਾਂ ਨੂੰ ਅੱਡ-ਅੱਡ ਕਰ ਕੇ ਨਹੀਂ ਦੇਖਿਆ ਜਾ ਸਕਦਾ। ਸਾਹਿਤ ਆਲੋਚਨਾ ਦੇ ਮਿਆਰ ਨੂੰ ਸੁਧਾਰਨ ਲਈ ਫਿਰ ਉਹਨਾਂ ਇਸ ਸਾਰੇ ਪ੍ਰਬੰਧ ਵਿਚੋਂ ਪਾਠਕ-ਹੁੰਗਾਰਾ (reader's response), ਲੇਖਕ-ਭਾਵਨਾ (the author's intention) ਅਤੇ ਇਤਿਹਾਸਕ ਤੇ ਸੱਭਿਆਚਾਰਕ ਪ੍ਰਸੰਗਾਂ ਨੂੰ ਬਾਹਰ ਰੱਖਣ ਦਾ ਸਿਧਾਂਤ ਅਪਣਾਇਆ।