ਨੈਨੋਤਕਨਾਲੋਜੀ
ਨੈਨੋਤਕਨਾਲੋਜੀ[1][2] ‘ਨੈਨੋ’ ਤੋਂ ਭਾਵ ਬਹੁਤ ਹੀ ਛੋਟੇ ਆਕਾਰ ਵਿੱਚ ਮਾਦੇ ਦਾ ਵਿਚਰਨਾ ਹੈ। ਜਿਸ ਪਦਾਰਥ ਨੂੰ ਅਸੀਂ ਨੰਗੀ ਅੱਖ ਨਾਲ ਦੇਖਦੇ ਹਾਂ ਉਸ ਦੀ ਨਾਪ-ਲੰਬਾਈ ਜਾਂ ਵਿਸਤਾਰ ਹੁੰਦਾ ਹੈ ਪਰ ਮਾਈਕਰੋ ਅਤੇ ਨੈਨੋ ਆਕਾਰ ਵਿੱਚ ਵਿਚਰਨ ਵਾਲਾ ਪਦਾਰਥ ਅਸੀਂ ਨੰਗੀ ਅੱਖ ਨਾਲ ਨਹੀਂ ਦੇਖ ਸਕਦੇ ਕਿਉਂਕਿ ਉਸ ਦਾ ਵਿਸਥਾਰ 10−6 ਮੀਟਰ ਤੋਂ ਲੈ ਕੇ 10−9 ਮੀਟਰ ਤਕ ਹੁੰਦਾ ਹੈ। ਨੈਨੋਮੀਟਰ ਵਿਗਿਆਨਿਕ ਨੋਟੇਸ਼ਨ ਵਿੱਚ 1×10−9 m ਹੈ। ਪਰਮਾਣੂ ਦੇ ਵਿਸਥਾਰ ਦੀ ਇਕਾਈ ਐਂਗਸਟਰੋਮ (1) ਹੁੰਦੀ ਹੈ। ਇੱਕ ਐਂਗਸਟਰੋਮ 10−10 ਮੀਟਰ ਦੇ ਬਰਾਬਰ ਹੁੰਦਾ ਹੈ ਮਤਲਬ ਇੱਕ ਨੈਨੋਮੀਟਰ ਲੰਮੇ-ਚੌੜੇ ਪਦਾਰਥ ਵਿੱਚ 10 ਪਰਮਾਣੂ ਫਿੱਟ ਹੋ ਸਕਦੇ ਹਨ। ਮਨੁੱਖੀ ਸਰੀਰ ਦੇ ਡੀ.ਐੱਨ.ਏ., ਪ੍ਰੋਟੀਨ, ਵਾਇਰਸ ਅਤੇ ਇਲੈਕਟਰੌਨਿਕ ਚਿੱਪਾਂ ਵਿੱਚ ਵਰਤੇ ਜਾਣ ਵਾਲੇ ਟਰਾਂਸਿਸਟਰ ਸਭ ਨੈਨੋਮੀਟਰ ਸਕੇਲ ਵਿੱਚ ਹੀ ਮਾਪੇ ਜਾ ਸਕਦੇ ਹਨ। ਇੱਕ ਬਾਇਓਲੋਜੀਕਲ ਸੈੱਲ ਇੱਕ ਨੈਨੋਮੀਟਰ ਤੋਂ ਦਸ ਹਜ਼ਾਰ ਗੁਣਾਂ ਵੱਡਾ ਹੁੰਦਾ ਹੈ। ਅਸਲ ਵਿੱਚ ਦੇਖਿਆ ਜਾਵੇ ਤਾਂ ਨੈਨੋਤਕਨਾਲੋਜੀ ਵਿੱਚ ਵਰਤੇ ਜਾਣ ਵਾਲੇ ਪਦਾਰਥ ਦਾ ਆਕਾਰ 100 ਨੈਨੋਮੀਟਰ ਤੋਂ ਘੱਟ ਹੁੰਦਾ ਹੈ ਯਾਨੀ 100&10−9= 10−7 ਮੀਟਰ ਤੋਂ ਵੀ ਛੋਟਾ। ਅਜਿਹੀ ਤਕਨਾਲੋਜੀ ਰਾਹੀਂ ਪਦਾਰਥ ਦੀ ਅਤਿ ਸੂਖ਼ਮ ਪਰਮਾਣੂ ਸੰਰਚਨਾ ਅਤੇ ਕੁਆਂਟਮ ਪੱਧਰ ਦੀਆਂ ਚੁੰਬਕੀ, ਬਿਜਲਈ, ਪ੍ਰਕਾਸ਼ੀ ਅਤੇ ਯਾਂਤਰਿਕ ਵਿਗਿਆਨ ਸੰਬੰਧੀ ਵਿਸ਼ੇਸ਼ਤਾਵਾਂ ਦਾ ਨਿਰੀਖਣ ਅਤੇ ਪੜਚੋਲ ਕੀਤੀ ਜਾਂਦੀ ਹੈ।
ਇਤਿਹਾਸ
[ਸੋਧੋ]- ਅੱਜ ਤੋਂ 5000 ਸਾਲ ਪਹਿਲਾਂ ਮਿਸਰ ’ਚ ਸੋਨੇ ਦੇ ਅਤਿ ਸੂਖ਼ਮ ਕਣ ਦੰਦਾਂ ਦੀਆਂ ਬੀਮਾਰੀਆਂ ਦੇ ਇਲਾਜ ਵਿੱਚ ਵਰਤੇ ਜਾਂਦੇ ਸਨ।
- ਯੂਨਾਨ ਵਿੱਚ ਵੀ ਬੱਚਿਆਂ ਅਤੇ ਨੌਜਵਾਨਾਂ ਦੀ ਵਧੀਆ ਯਾਦਾਸ਼ਤ ਰੱਖਣ ਲਈ ਸੋਨੇ ਦੇ ਨੈਨੋ ਕਣਾਂ ਦੀ ਤਰਲ ਰੂਪ ਵਿੱਚ ਵਰਤੋਂ ਕੀਤੀ ਜਾਂਦੀ ਸੀ।
- ਜਰਮਨ ਵਿਗਿਆਨੀ ਰਾਬਰਟ ਕੋਚ ਨੇ 1890 ਵਿੱਚ ਦੱਸਿਆ ਕਿ ਸੋਨੇ ਵਰਗੀ ਧਾਤ ਦੇ ਅਤਿ ਸੂਖ਼ਮ ਕਣ ਮੈਡੀਕਲ ਖੋਜ ਸਿੱਖਿਆ ਲਈ ਵਰਤੋਂ ਵਿੱਚ ਲਿਆਏ ਜਾ ਸਕਦੇ ਸਨ ਜੋ ਲਾਹੇਵੰਦ ਬੈਕਟੀਰੀਆ ਦੇ ਵਧਣ ਲਈ ਕਾਫ਼ੀ ਸਹਾਇਕ ਸਾਬਤ ਹੋ ਸਕਦੇ ਸਨ।
- 1905 ਵਿੱਚ ਉਹਨਾਂ ਨੂੰ ਇਸ ਖੋਜ ਬਦਲੇ ਨੋਬੇਲ ਪੁਰਸਕਾਰ ਮਿਲਿਆ ਸੀ।
- ਚੌਥੀ ਸ਼ਤਾਬਦੀ ਵਿੱਚ ਰੋਮਨ ਲੋਕਾਂ ਵੱਲੋਂ ਲਾਈਕਰਗਸ ਕੱਪ ਬਣਾਇਆ ਗਿਆ, ਜੋ ਵੱਖ-ਵੱਖ ਪ੍ਰਕਾਸ਼ ਤੀਬਰਤਾਵਾਂ ਉੱਪਰ ਅਲੱਗ-ਅਲੱਗ ਰੰਗ ਛੱਡਦਾ ਸੀ। ਹੁਣ ਜਦੋਂ ਉਸ ਕੱਪ ਦਾ ਸ਼ਕਤੀਸ਼ਾਲੀ ਇਲੈਕਟਰਾਨਿਕ ਸੂਖ਼ਮਦਰਸ਼ੀ ਨਾਲ ਨਿਰੀਖਣ ਹੋਇਆ ਤਾਂ ਪਤਾ ਲੱਗਿਆ ਕਿ ਉਸ ਕੱਪ/ਗਲਾਸ ਲਈ ਵਰਤੇ ਪਦਾਰਥ ਦਾ ਆਕਾਰ ਸੱਤਰ ਨੈਨੋਮੀਟਰ ਸੀ।
ਨੈਨੋਵਿਗਿਆਨ ਦੀ ਸ਼੍ਰੇਣੀ
[ਸੋਧੋ]ਨੈਨੋਤਕਨਾਲੋਜੀ ਵਿਗਿਆਨ, ਇੰਜਨੀਅਰਿੰਗ ਅਤੇ ਤਕਨਾਲੋਜੀ ਦਾ ਅਤਿ ਵਿਲੱਖਣ ਅਤੇ ਨੈਨੋ ਪੱਧਰ ’ਤੇ ਪਦਾਰਥ ਨੂੰ ਖੰਘਾਲਣ ਵਾਲਾ ਰੂਪ ਹੈ। ਇੱਕ ਤੋਂ ਲੈ ਕੇ 100 ਨੈਨੋਮੀਟਰ ਆਕਾਰ ਦਾ ਪਦਾਰਥ ਨੈਨੋਤਕਨਾਲੋਜੀ ਨੂੰ ਪ੍ਰਭਾਵਿਤ ਕਰਦਾ ਹੈ। ਨੈਨੋਤਕਨਾਲੋਜੀ ਰਾਹੀਂ ਪਦਾਰਥ ਦੀਆਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਦਾ ਅਧਿਐਨ ਨੈਨੋਵਿਗਿਆਨ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਨੈਨੋਤਕਨਾਲੋਜੀ ਵਿਗਿਆਨ ਦੇ ਵੱਖ-ਵੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਵਿਕਾਸ ਕਰ ਰਹੀ ਹੈ। ਇਨ੍ਹਾਂ ਵਿਗਿਆਨਕ ਖੇਤਰਾਂ ਵਿੱਚ ਰਸਾਇਣ ਵਿਗਿਆਨ, ਭੌਤਿਕ ਵਿਗਿਆਨ, ਪਦਾਰਥ ਵਿਗਿਆਨ ਅਤੇ ਇੰਜਨੀਅਰਿੰਗ ਦੇ ਖੇਤਰ ਮੁੱਖ ਹਨ। ਨੈਨੋਤਕਨਾਲੋਜੀ ਸਿਰਫ਼ ਵਿਗਿਆਨ ਦਾ ਇੱਕ ਨਵਾਂ ਅਧਿਆਏ ਹੀ ਨਹੀਂ ਸਗੋਂ ਮਾਦੇ ਨੂੰ ਦੇਖਣ ਅਤੇ ਉਸ ਦੀ ਪੜਚੋਲ ਕਰਨ ਦਾ ਨਵਾਂ ਅਤੇ ਅਤਿ ਸੂਖ਼ਮ ਰਾਹ ਹੈ।
ਪਿਤਾਮਾ ਰਿਚਰਡ ਫਿਨਮੈਨ
[ਸੋਧੋ]- ਨੈਨੋਤਕਨਾਲੋਜੀ ਦਾ ਪਿਤਾਮਾ ਪ੍ਰਸਿੱਧ ਭੌਤਿਕ ਵਿਗਿਆਨੀ ਰਿਚਰਡ ਫਿਨਮੈਨ ਸੀ। 29 ਦਸੰਬਰ 1959 ਨੂੰ ਕੈਲੇਫੋਰਨੀਆ ਤਕਨੀਕੀ ਯੂਨੀਵਰਸਿਟੀ ’ਚ ਇੱਕ ਭਾਸ਼ਣ ਦੌਰਾਨ ਉਹਨਾਂ ਨੇ ਪਹਿਲੀ ਵਾਰ ‘ਨੈਨੋਤਕਨਾਲੋਜੀ’ ਸ਼ਬਦ ਦਾ ਉੱਚਾਰਨ ਕੀਤਾ। ਫਿਨਮੈਨ ਨੇ ਦੱਸਿਆ ਕਿ ਕਿਵੇਂ ਨੈਨੋ ਪੱਧਰ ’ਤੇ ਵਿਗਿਆਨ ਕਿਸੇ ਵੀ ਪਦਾਰਥ ਦੇ ਨਿੱਜੀ ਪਰਮਾਣੂਆਂ ਨੂੰ ਵਿਉਂਤਬੰਦ ਤਰੀਕਿਆਂ ਨਾਲ ਕੰਟਰੋਲ ਕਰ ਸਕਦੇ ਹਨ।
- ਪ੍ਰੋਫ਼ੈਸਰ ਨਾਰੀਓ ਟੈਨਗੁੱਚੀ ਨੇ 1970 ਵਿੱਚ ਨੈਨੋਤਕਨਾਲੋਜੀ ਦੇ ਖੇਤਰ ’ਚ ਹੰਭਲਾ ਮਾਰਦਿਆਂ ਅਤਿ ਸੂਖ਼ਮ ਯਾਂਤਰਿਕ ਮਸ਼ੀਨਾਂ ਤਿਆਰ ਕਰਨ ਦਾ ਮਾਡਲ ਪੇਸ਼ ਕੀਤਾ।
- 1981 ਵਿੱਚ ਐੱਸ.ਟੀ.ਐੱਮ.(ਸਕੈਨਿੰਗ ਟਨਲਿੰਗ ਮਾਈਕਰੋਸਕੋਪ) ਸੂਖ਼ਮਦਰਸ਼ੀ ਦੇ ਬਣਦਿਆਂ ਹੀ ਆਧੁਨਿਕ ਨੈਨੋ ਯੁੱਗ ਦਾ ਆਗਾਜ਼ ਹੋ ਗਿਆ।
- ਇੱਕ ਨੈਨੋਮੀਟਰ ਆਕਾਰ ਦਾ ਕਣ ਇੱਕ ਮੀਟਰ ਦਾ ਕਰੋੜਵਾਂ ਹਿੱਸਾ ਹੈ। ਅਖ਼ਬਾਰ ਦਾ ਪੰਨਾ ਇੱਕ ਲੱਖ ਨੈਨੋਮੀਟਰ ਮੋਟਾਈ ਦਾ ਹੁੰਦਾ ਹੈ। ਇੱਕ ਇੰਚ ਵਿੱਚ ਦੋ ਕਰੋੜ ਪੱਚੀ ਲੱਖ ਨੈਨੋਮੀਟਰ ਹੁੰਦੇ ਹਨ।
- ਧਰਤੀ ’ਤੇ ਸਭ ਕੁਝ ਸੂਖ਼ਮ ਕਣਾਂ ਤੋਂ ਹੀ ਬਣਿਆ ਹੋਇਆ ਹੈ। ਜਨੇਵਾ ਵਿੱਚ ‘ਰੱਬੀ ਕਣ’ (God particle) ਦੀ ਹੋਂਦ ਨੂੰ ਦਰਸਾਉਣ ਵਾਲਾ ਪ੍ਰਯੋਗ ਇਹ ਸਿੱਧ ਕਰਦਾ ਹੈ ਕਿ ਇਹ ਪਰਮਾਣੂ/ਸੂਖ਼ਮ ਕਣ ਹੀ ਅਸਲ ਵਿੱਚ ਬ੍ਰਹਿਮੰਡ ਦੇ ਨਿਰਮਾਤਾ ਹਨ। ਪਦਾਰਥ ਦੀ ਹੁਣ ਤਕ ਸਭ ਤੋਂ ਛੋਟੀ ਹੋਂਦ ਇਹ ਹਿੱਗਸ ਬੋਸੋਨ ਕਣ ਹੀ ਹਨ।
- ਐੱਸ.ਟੀ.ਐੱਮ. (STM) ਤੋਂ ਬਾਅਦ ਪਰਮਾਣੂ ਸ਼ਕਤੀ ਵਾਲੀ ਸੂਖ਼ਮਦਰਸ਼ੀ ਬਣਾਈ ਗਈ 1990ਵਿਆਂ ਵਿੱਚ ਕਾਰਬਨ ਨੈਨੋਟਿਊਬਾਂ ਉੱਪਰ ਕੰਮ ਸ਼ੁਰੂ ਹੋਇਆ। ਕਾਰਬਨ ਹਰ ਤਰ੍ਹਾਂ ਦੇ ਯੋਗਿਕ/ਪਦਾਰਥ ਵਿੱਚ ਆਮ ਪਾਇਆ ਜਾਂਦਾ ਹੈ। ਕਾਰਬਨ ਦੇ ਵੱਖ-ਵੱਖ ਪ੍ਰਤੀਰੂਪਾਂ ਨੂੰ ਦੋ-ਘੇਰਾਵੀ (2D) ਅਤੇ ਤਿੰਨ ਘੇਰਾਵੀ (3D) ਸ਼ਕਲਾਂ ਵਿੱਚ ਤਬਦੀਲ ਕੀਤਾ ਗਿਆ। ਅਜਿਹੀਆਂ ਕਾਰਬਨ ਨੈਨੋਟਿਊਬਾਂ (ਤਾਰਾਂ) ਨੂੰ ਵਧੀਆ ਬਿਜਲੀ ਸੰਚਾਲਕਾਂ ਦੇ ਰੂਪ ਵਿੱਚ ਆਧੁਨਿਕ ਇਲੈਕਟਰੌਨਿਕਸ ਵਿੱਚ ਵਰਤਿਆ ਜਾ ਰਿਹਾ ਹੈ।
ਨੈਨੋ ਪੱਧਰ ’ਤੇ ਪਦਾਰਥ ਦੇ ਲਾਭ
[ਸੋਧੋ]- ਨੈਨੋ ਪੱਧਰ ’ਤੇ ਪਦਾਰਥ ਨੂੰ ਤਿਆਰ ਕਰਨ ਦੇ ਬਹੁਤ ਲਾਭ ਹਨ। ਇੱਕ ਤਾਂ ਇਹ ਜ਼ਿਆਦਾ ਕੁਸ਼ਲ ਹੋ ਜਾਂਦਾ ਹੈ। ਪਦਾਰਥ ਦੀ ਸ਼ਕਤੀ/ਤਾਕਤ, ਪੁੰਜ/ਭਾਰ, ਪ੍ਰਕਾਸ਼ੀ ਤਰਤੀਬ ਆਦਿ ਸਭ ਗੁਣ ਵਿਗਿਆਨੀ ਆਪਣੇ ਹਿਸਾਬ ਜਾਂ ਤਰੀਕੇ ਨਾਲ ਕੰਟਰੋਲ ਕਰ ਸਕਦੇ ਹਨ।
- ਇਹ ਮਾਦਾ ਹੀ ਬ੍ਰਹਿਮੰਡ ਦਾ ਨਿਰਮਾਤਾ ਹੈ। ਸਾਲ 2000 ਤੋਂ 2012 ਤਕ ਨੈਨੋਤਕਨਾਲੋਜੀ ਉੱਪਰ ਬਹੁਤ ਜ਼ਿਆਦਾ ਕੰਮ ਹੋਇਆ ਹੈ। ਇਸ ਦਾ ਸਭ ਤੋਂ ਵੱਧ ਲਾਭ ਰਸਾਇਣ ਵਿਗਿਆਨ, ਮੈਡੀਕਲ ਖੇਤਰਾਂ, ਭੋਜਨ, ਜੈਵ ਰਸਾਇਣਅਤੇ ਇੰਜਨੀਅਰਿੰਗ ਦੇ ਖੇਤਰਾਂ ਵਿੱਚ ਹੋਇਆ ਹੈ।
- ਨੈਨੋਇਲੈਕਟਰਾਨਿਕਸ ਦੇ ਖੇਤਰ ਵਿੱਚ ਬਹੁਤ ਵੱਡੀ ਕ੍ਰਾਂਤੀ ਆਈ ਹੈ। ਕੰਪਿਊਟਰਾਂ ਵਿੱਚ ਲੱਗਣ ਵਾਲੀਆਂ ਪ੍ਰੋਸੈਸਿੰਗ ਚਿੱਪਾਂ ਦੀ ਸਪੀਡ ਬਹੁਤ ਵਧ ਗਈ ਹੈ। ਡੈਟਾ ਜਮ੍ਹਾਂ ਕਰਨ ਦੀ ਕਾਬਲੀਅਤ ਅੱਗੇ ਨਾਲੋਂ ਕਿਤੇ ਵੱਧ ਹੈ। ਗੱਲ ਕੀ ਪੂਰਾ ਵਿਸ਼ਵ ਹੁਣ ਬਹੁਤ ਛੋਟਾ ਜਿਹਾ ਹੋ ਕੇ ਰਹਿ ਗਿਆ ਹੈ। #ਸੈਮਸੰਗ ਇਲੈਕਟਰਾਨਿਕਸ ਨੇ 2005 ਵਿੱਚ ਨੈਨੋਤਕਨਾਲੋਜੀ ਦੀ ਸਹਾਇਤਾ ਨਾਲ ਵਿਸ਼ਵ ਦੀ ਪਹਿਲੀ ਪੰਜ ਇੰਚ ਚੌੜੀ ਟੈਲੀਵਿਜ਼ਨ ਸਕਰੀਨ ਤਿਆਰ ਕੀਤੀ ਹੈ।
- ਨੈਨੋਰੋਬੋਟ, ਨੈਨੋਡਰੱਗਸ, ਨੈਨੋਪੇਂਟ, ਨੈਨੋਕੱਪੜੇ ਆਦਿ ਨੈਨੋਤਕਨਾਲੋਜੀ ਦੀ ਵਰਤੋਂ ਦੀਆਂ ਉਦਾਹਰਨਾਂ ਹਨ।
- ਪਦਾਰਥ ਨੂੰ ਨੈਨੋ ਪੱਧਰ ’ਤੇ ਰਲਾਉਣਾ ਹੀ ਨੈਨੋਤਕਨਾਲੋਜੀ ਨਹੀਂ ਸਗੋਂ ਇਹ ਪਦਾਰਥ (Matter) ਨੂੰ ਵਿਉਂਤਬੰਦ ਤਰੀਕੇ ਨਾਲ ਸੂਖ਼ਮ ਪੱਧਰ ’ਤੇ ਸਮਝਣ ਅਤੇ ਉਸ ਦੀਆਂ ਵਿਸ਼ੇਸ਼ਤਾਵਾਂ ਨੂੰ ਕਾਬੂ ਵਿੱਚ ਰੱਖ ਕੇ ਮਨੁੱਖਤਾ ਦੇ ਹਿੱਤ ਵਿੱਚ ਵਰਤਣ ਦੀ ਇੱਕ ਤਕਨੀਕੀ ਪ੍ਰਕਿਰਿਆ ਹੈ।
- ਨੈਨੋ ਪੱਧਰ ’ਤੇ ਵਿਚਰਨ ਵਾਲੇ ਪਦਾਰਥ ਕੁਦਰਤ ਵਿੱਚ ਅਸੀਮ ਮਿਲਦੇ ਹਨ। ਉਦਾਹਰਨ ਦੇ ਤੌਰ ’ਤੇ ਸਾਡੇ ਖ਼ੂਨ ਵਿਚਲਾ ਹੀਮੋਗਲੋਬਿਨ ਪ੍ਰੋਟੀਨ, ਜੋ ਆਕਸੀਜਨ ਦੀ ਸਪਲਾਈ ਕਰਦਾ ਹੈ, ਲਾਲ ਰਕਤ ਸੈੱਲ(RBC) ਹੀ ਹੁੰਦਾ ਹੈ ਅਤੇ ਇਸ ਦਾ ਆਕਾਰ 5.5 ਨੈਨੋਮੀਟਰ ਹੁੰਦਾ ਹੈ।
- ਮਨੁੱਖੀ DNA ਦਾ ਆਕਾਰ 2.5 ਨੈਨੋਮੀਟਰ ਹੁੰਦਾ ਹੈ। ਸਾਡੇ ਸਿਰ ਦੇ ਵਾਲ ਅੱਸੀ ਹਜ਼ਾਰ ਤੋਂ ਲੈ ਕੇ ਇੱਕ ਲੱਖ ਨੈਨੋਮੀਟਰ ਆਕਾਰ ਦੇ ਹੁੰਦੇ ਹਨ। ਸਾਡੇ ਹੱਥਾਂ ਦੇ ਨਹੁੰ ਇੱਕ ਸਕਿੰਟ ਵਿੱਚ ਲਗਪਗ ਇੱਕ ਨੈਨੋਮੀਟਰ ਤਕ ਵਧਦੇ ਹਨ।
- ਕੁਦਰਤੀ ਤੌਰ ’ਤੇ ਸਾਡੇ ਆਲੇ-ਦੁਆਲੇ ਵਿਚਰਨ ਵਾਲੇ ਨੈਨੋ ਪਦਾਰਥ ਵਿੱਚ ਅੱਗ ਤੋਂ ਨਿਕਲਿਆ ਧੂੰਆਂ, ਜਵਾਲਾਮੁਖੀ ਦੀ ਸੁਆਹ, ਸਮੁੰਦਰੀ ਪਾਣੀ ਦੇ ਕਣ ਆਦਿ ਆਉਂਦੇ ਹਨ। ਇਸ ਤੋਂ ਇਲਾਵਾ ਗੱਡੀਆਂ ਦੇ ਧੂੰਏਂ ਅਤੇ ਵੈਲਡਿੰਗ ਲਪਟਾਂ ਵਿੱਚ ਵੀ ਨੈਨੋ-ਕਣ ਹੁੰਦੇ ਹਨ। ਨੈਨੋਤਕਨਾਲੋਜੀ ਦੀ ਸਹਾਇਤਾ ਨਾਲ ਆਉਣ ਵਾਲੇ ਸਮੇਂ ਵਿੱਚ ਮਨੁੱਖੀ ਜੀਵਨ ਹੋਰ ਆਧੁਨਿਕ ਅਤੇ ਸੁਖਾਲਾ ਹੋ ਜਾਵੇਗਾ।
ਹਵਾਲੇ
[ਸੋਧੋ]- ↑ Drexler, K. Eric (1986). Engines of Creation: The Coming Era of Nanotechnology. Doubleday. ISBN 0-385-19973-2.
- ↑ Drexler, K. Eric (1992). Nanosystems: Molecular Machinery, Manufacturing, and Computatin. New York: John Wiley & Sons. ISBN 0-471-57547-X.