ਸਮੱਗਰੀ 'ਤੇ ਜਾਓ

ਪੰਜਾਬੀ ਆਲੋਚਨਾ : ਸਿਧਾਂਤ ਤੇ ਵਿਹਾਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪੰਜਾਬੀ ਆਲੋਚਨਾ: ਸਿਧਾਂਤ ਤੇ ਵਿਹਾਰ
ਲੇਖਕਹਰਿਭਜਨ ਸਿੰਘ ਭਾਟੀਆ
ਮੂਲ ਸਿਰਲੇਖਪੰਜਾਬੀ ਆਲੋਚਨਾ: ਸਿਧਾਂਤ ਤੇ ਵਿਹਾਰ
ਦੇਸ਼ਪੰਜਾਬ, ਭਾਰਤ
ਭਾਸ਼ਾਪੰਜਾਬੀ
ਵਿਧਾਆਲੋਚਨਾ, ਸਾਹਿਤ ਆਲੋਚਨਾ
ਪ੍ਰਕਾਸ਼ਕਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ
ਪ੍ਰਕਾਸ਼ਨ ਦੀ ਮਿਤੀ
1988
ਮੀਡੀਆ ਕਿਸਮਪ੍ਰਿੰਟ
ਸਫ਼ੇ243
ਆਈ.ਐਸ.ਬੀ.ਐਨ.978-81-7770-171-5

ਪੰਜਾਬੀ ਆਲੋਚਨਾ: ਸਿਧਾਂਤ ਤੇ ਵਿਹਾਰ ਹਰਿਭਜਨ ਸਿੰਘ ਭਾਟੀਆ ਦੁਆਰਾ ਪੰਜਾਬੀ ਸਾਹਿਤ ਆਲੋਚਨਾ ਦੇ ਖੇਤਰ ਵਿੱਚ ਲਿਖੀ ਗਈ ਇੱਕ ਅਹਿਮ ਕਿਤਾਬ ਹੈ। ਇਹ ਪੁਸਤਕ ਪੰਜਾਬੀ ਆਲੋਚਨਾ ਦੇ ਲਗਭਗ ਇੱਕ ਸਦੀ ਦੇ ਪੜਾਅ ਨੂੰ ਪੰਜਾਬੀ ਸਾਹਿਤ ਦੇ ਹੀ ਕੁਝ ਪ੍ਰਮੁੱਖ ਆਲੋਚਕਾਂ ਦੀਆਂ ਕਿਰਤਾਂ ਦੇ ਹਵਾਲੇ ਨਾਲ ਸਮਝਾਉਂਦੀ ਹੈ।

ਅਧਿਆਏ ਵੰਡ

[ਸੋਧੋ]

ਮੈਟਾ ਅਧਿਐਨ ਦੀ ਪ੍ਰਕਿਰਤੀ

[ਸੋਧੋ]

ਪਹਿਲਾ ਅਧਿਆਏ ਇਸ ਕਾਰਜ ਦੇ ਨਾਂ ਵਜੋਂ ਹੀ ਹੈ: ਮੈਟਾ ਆਲੋਚਨਾ। ਭਾਟੀਆ ਨੇ ਵਾਸਤਵਿਕ ਸੰਸਾਰ, ਸਾਹਿਤ ਸਿਰਜਣਾ, ਸਾਹਿਤ ਅਧਿਐਨ ਅਤੇ ਮੈਟਾ ਅਧਿਐਨ ਦੀ ਪ੍ਰਕਿਰਿਆ ਸੰਬਧੀ ਬੜੀ ਭਰੋਸੇਯੋਗ ਜਾਣਕਾਰੀ ਦਿੱਤੀ ਹੈ। ਉਸਨੇ ਅੰਤਰੰਗ ਅਤੇ ਬਹਿਰੰਗ ਅਧਿਐਨਾਂ ਦਾ ਹੀ ਨਿਖੇੜਾ ਨਹੀਂ ਕੀਤਾ, ਸਗੋਂ ਆਤਮਭਾਵੀ ਅਧਿਐਨ ਅਤੇ ਕੁਝ ਕੁ ਕਾਵਿ-ਸ਼ਾਸਤਰੀ ਤਤਾਂ ਉੱਪਰ ਉਸਰੇ ਅਧਿਐਨ ਦਾ ਮੁਹਾਂਦਰਾ ਵੀ ਪਛਾਣਿਆ ਹੈ ਜਿਸ ਨੂੰ ਅੰਤਰੰਗ ਜਾਂ ਬਹਿਰੰਗ ਕਿਸੇ ਵੀ ਵਰਗ ਨਾਲ ਜੋੜਿਆ ਨਹੀਂ ਜਾ ਸਕਦਾ ਅਤੇ ਨਾਲ ਹੀ ਸਿਧਾਂਤ, ਸਮੀਖਿਆ ਅਤੇ ਇਤਿਹਾਸ ਦੇ ਅੰਤਰ ਪ੍ਰਸਪਰ ਸੰਬਧ ਨੂੰ ਵੀ ਪਛਾਣਿਆ ਹੈ।[1]

ਪੂਰਵ-ਸੇਖੋਂ ਆਲੋਚਨਾ: ਸਾਹਿਤ ਆਲੋਚਨਾ ਜੁਗਤਾਂ

[ਸੋਧੋ]

ਇਸ ਅਧਿਆਏ ਵਿੱਚ ਪੂਰਵ-ਸੇਖੋਂ ਆਲੋਚਨਾ ਦੀ ਪ੍ਰਕਿਰਤੀ, ਉਸਦੀਆਂ ਜੁਗਤਾਂ ਨੂੰ ਸਮਝਣ ਦਾ ਯਤਨ ਹੈ। ਉਸਨੇ ਪੂਰਵ-ਸੇਖੋਂ ਆਲੋਚਨਾ ਦੀ ਮੂਲ ਸਮੱਗਰੀ ਨੂੰ ਵਾਚਿਆ ਹੈ ਤੇ ਉਸਨੂੰ ਮੈਟਾ ਆਲੋਚਨਾ ਦੀ ਪ੍ਰਕਿਰਤੀ ਹੇਠ ਲਿਆਂਦਾ ਹੈ। ਬਾਵਾ ਬੁੱਧ ਸਿੰਘ, ਪ੍ਰਿ. ਤੇਜਾ ਸਿੰਘ, ਪ੍ਰੋ. ਪੂਰਨ ਸਿੰਘ, ਡਾ. ਮੋਹਣ ਸਿੰਘ ਦੀਵਾਨਾ ਅਤੇ ਡਾ.ਗੋਪਾਲ ਸਿੰਘ ਉੱਪਰ ਖਾਸੀ ਠਿਠ ਕੇ ਵਿਚਾਰ ਚਰਚਾ ਕੀਤੀ ਹੈ। ਇਸ ਵਿਚਾਰ ਸਮੇਂ ਉਸਨੇ ਉਹਨਾਂ ਵਿਦਵਾਨਾਂ ਦੀ ਲਗਭਗ ਸਮੁਚੀ ਸਮੱਗਰੀ ਨੂੰ ਆਪਣੀ ਆਲੋਚਨਾ ਦਾ ਆਧਾਰ ਬਣਾਇਆ ਹੈ।[1]

ਸੰਤ ਸਿੰਘ ਸੇਖੋਂ: ਸਾਹਿਤ ਆਲੋਚਨਾ ਜੁਗਤਾਂ

[ਸੋਧੋ]

ਸੰਤ ਸਿੰਘ ਸੇਖੋਂ ਸਾਡਾ ਬਹੁਚਰਚਿਤ ਸਮੀਖਿਆਕਾਰ ਹੈ ਤੇ ਉਹਦੀ ਸਮੀਖਿਆ ਸੰਬਧੀ ਭਾਟੀਆ ਨੇ ਉਸਨੂੰ ਬਹਿਰੰਗ, ਤੱਤਵਾਦੀ, ਵੇਰਵਾਮੁੱਖ, ਮਨੋਰਥਮੁੱਖ, ਪ੍ਰਯੋਜਨਮੁੱਖ ਸਮੀਖਿਆਕਾਰ ਦੇ ਰੂਪ ਵਿੱਚ ਪਛਾਣਿਆ ਹੈ। ਉਸਨੇ ਸਿਰਜਣਾ ਅਤੇ ਨਿਰਮਾਣ ਦਾ ਨਿਖੇੜਾ ਥਾਪਦਿਆਂ ਸੇਖੋਂ ਨੂੰ ਨਿਰਮਾਣੀ ਬਿਰਤੀ ਵਾਲਾ ਆਲੋਚਕ ਸਿੱਧ ਕੀਤਾ ਹੈ। ਰਾਜਨੀਤਕ ਪ੍ਰਯੋਜਨ ਪ੍ਰਤੀ ਇਕਾਗਰ ਵਫ਼ਾ ਪਾਲਣ ਸਦਕਾ ਸੇਖੋਂ ਸਮੀਖਿਆ ਸਾਹਿਤ ਅਤੇ ਅਣਸਾਹਿਤ ਵਿਚਾਲੇ ਨਿਖੇੜਾ ਨਹੀਂ ਥਾਪ ਸਕੀ, ਉਹ ਸਾਹਿਤ ਨੂੰ ਸਰਲ ਸਰੰਚਨਾ ਮੰਨਦਾ ਹੈ, ਜਟਿਲ ਨਹੀਂ।[2] ਸੇਖੋਂ ਬਾਰੇ ਪੰਜਾਬੀ ਵਿੱਚ ਇਹ ਪਹਿਲੀ ਸੰਤੁਲਿਤ ਆਲੋਚਨਾ ਹੈ।

ਪ੍ਰੋ. ਕਿਸ਼ਨ ਸਿੰਘ: ਸਾਹਿਤ ਆਲੋਚਨਾ ਜੁਗਤਾਂ

[ਸੋਧੋ]

ਕਿਸਨ ਸਿੰਘ ਲੰਮੇ ਅਰਸੇ ਤੋਂ ਪ੍ਰਸੰਸਾ, ਨਿਖੇਧੀ ਅਤੇ ਵਿਵਾਦ ਦਾ ਵਿਸ਼ਾ ਰਿਹਾ ਹੈ ਪਰ ਸੰਤੁਲਿਤ ਮੈਟਾ ਸਮੀਖਿਆ ਦਾ ਕਦੇ ਵੀ ਨਹੀਂ। ਉਸਦੇ ਅਨੁਸਾਰ ਕਿਸ਼ਨ ਸਿੰਘ ਇੱਕ ਉਪਭੋਗਤਾਵਾਦੀ, ਨਿਸ਼ਚੇਵਾਦੀ, ਆਰੋਪਣ-ਮੁੱਖ, ਉਦੇਸ਼ਮੂਲਕ, ਵਚਨਬੱਧ ਅਤੇ ਤੱਤਵਾਦੀ ਚਿੰਤਕ ਹੈ ਜੋ ਸਿਰਜਨਾ ਨੂੰ ਸੂਚਨਾ ਦੇ ਪੱਧਰ ਤੇ ਗ੍ਰਹਿਣ ਕਰਦਾ ਹੈ।[2]

ਡਾ. ਅਤਰ ਸਿੰਘ: ਸਾਹਿਤ ਆਲੋਚਨਾ ਜੁਗਤਾਂ

[ਸੋਧੋ]

ਅਤਰ ਸਿੰਘ ਦੀ ਸਮੀਖਿਆ ਬਾਰੇ ਭਾਟੀਆ ਦਾ ਵਿਚਾਰ ਹੈ,"ਉਹਦੀ ਕਿਰਤ-ਵਿਰਤ ਵਿੱਚ ਆਲੋਚਨਾ ਵਿਧੀਆਂ ਦਾ ਇਤਿਹਾਸ ਪ੍ਰਤਿਬਿੰਬਿਤ ਹੁੰਦਾ ਹੈ।" ਉਹ ਪਾਠ ਮੂਲਕ ਸਤਹ ਵੱਲ ਰੁਚਿਤ ਹੈ ਤੇ ਉਸਦੀ ਆਲੋਚਨਾ ਬਹਿਰੰਗ ਹੈ, ਸਿਰਫ ਇੱਕ ਲੇਖ ਸਿਰਜਣਾ ਤੇ ਸਮੀਖਿਆ ਨੂੰ ਛੱਡਕੇ, ਇਸ ਵਿੱਚ ਉਹ ਅੰਤਰੰਗ ਹੈ। ਵਸਤੂ-ਰੂਪ ਸੰਬਧੀ ਉਸਦੀ ਦ੍ਰਿਸ਼ਟੀ ਦਵੈਤੀ ਹੈ।[3]

ਨਜਮ ਹੁਸੈਨ ਸੱਯਦ: ਸਾਹਿਤ ਆਲੋਚਨਾ ਜੁਗਤਾਂ

[ਸੋਧੋ]

ਭਾਟੀਆ ਨੇ ਨਜਮ-ਸਮੀਖਿਆ ਨੂੰ ਰੂਪ-ਵਿਧੀਆਂ ਦੀ ਪਛਾਣ ਵਾਲੀ ਸਮੀਖਿਆ ਮੰਨਿਆ ਹੈ ਜੋ ਆਪਨੇ ਕਾਰਜ ਲਈ ਵਖਰੇਵੇਂ ਦਾ ਕੰਮ ਕਰਦੀ ਹੈ। ਉਹ ਪਰੰਪਰਾ ਦੀ ਨਿਰੰਤਰਤਾ ਨੂੰ ਪਛਾਨਣ ਲਈ ਤੁਲਨਾ-ਵਿਧੀ ਅਤੇ ਸਮਰੂਪ ਚਰਿੱਤਰ ਦੀ ਪਛਾਣ ਕਰਦਾ ਹੈ। ਉਹ ਵਸਤੂ ਤੇ ਰੂਪ ਦੀ ਦਵੈਤ ਨੂੰ ਰੱਦ ਕਰਦਾ ਹੈ। ਨਜਮ ਦੀ ਪੁਸਤਕ ਸਾਰਾਂ ਵਿੱਚ ਉਹ ਵਿਸ਼ੇਸ਼ ਅਧਿਐਨ ਰਾਹੀਂ ਸਮੁੱਚੀ ਰਹਿਤਲ ਦੇ ਤਲੇ ਤੱਕ ਪਹੁੰਚਦਾ ਹੈ। ਇਸਦੀਆਂ ਲਿਖਤਾਂ ਵਿੱਚ ਆਲੋਚਨਾ ਨਾਲੋਂ ਰਚਨਾਤਮਕਤਾ ਵਧੇਰੇ ਨਜਰ ਆਉਂਦੀ ਹੈ।[4]

ਡਾ. ਹਰਿਭਜਨ ਸਿੰਘ: ਸਾਹਿਤ ਆਲੋਚਨਾ ਜੁਗਤਾਂ

[ਸੋਧੋ]

ਹਰਿਭਜਨ ਸਿੰਘ ਦੀ ਮੈਟਾ ਆਲੋਚਨਾ ਸਮੇਂ ਭਾਟੀਆ ਨੇ ਰੂਸੀ ਰੂਪਵਾਦ, ਅਮਰੀਕੀ ਨਵਾਲੋਚਨਾ, ਪੈਰਿਸੀ ਸੰਰਚਨਾਵਾਦ ਅਤੇ ਆਧੁਨਿਕ ਭਾਸ਼ਾ ਵਿਗਿਆਨ ਨਾਲ ਡੂੰਘੀ ਵਾਕਫੀਅਤ ਦਰਸ਼ਾਈ ਹੈ। ਇਸ ਉਪਰੰਤ ਉਸਨੇ ਪੰਜ ਕਿੰਤੂ-ਪ੍ਰੰਤੂ ਹਨ ਜੋ ਸਿਸਟਮੀ ਦਾਇਰੇ ਵਿੱਚ ਬੰਦ ਰਹਿਣ, ਅੰਤਰੰਗ ਸਮੀਖਿਆ ਲਈ ਬਹਿਰੰਗ ਸੋਮਿਆਂ ਤੋਂ ਮਦਦ ਨਾ ਲੈਣ, ਪੱਛਮੀ ਵਿਦਵਾਨਾਂ ਦੀਆਂ ਗੱਲਾਂ ਨੂੰ ਅੰਤਮ ਸਚ ਮੰਨ ਲੈਣਾ, ਜੁਗਤਾਂ ਅਤੇ ਮਾਡਲ ਨੂੰ ਸਮਝਣ ਅਤੇ ਪ੍ਰਚੱਲਿਤ ਸ਼ਬਦ-ਸੰਕੇਤਾਂ ਦੀ ਥਾਵੇਂ ਨਵੇਂ ਸ਼ਬਦ-ਸੰਕੇਤ ਵਰਤਣ ਨੂੰ ਲੈਕੇ ਹਨ।[5]

ਹਵਾਲੇ

[ਸੋਧੋ]
  1. 1.0 1.1 ਭਾਟੀਆ, ਹਰਿਭਜਨ ਸਿੰਘ (1988). ਪੰਜਾਬੀ ਆਲੋਚਨਾ: ਸਿਧਾਂਤ ਤੇ ਵਿਹਾਰ. ਅੰਮ੍ਰਿਤਸਰ: ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ. p. (ix). ISBN 978-81-7770-171-5.
  2. 2.0 2.1 ਭਾਟੀਆ, ਹਰਿਭਜਨ ਸਿੰਘ (1988). ਪੰਜਾਬੀ ਆਲੋਚਨਾ: ਸਿਧਾਂਤ ਤੇ ਵਿਹਾਰ. ਅੰਮ੍ਰਿਤਸਰ: ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ. p. (x). ISBN 978-81-7770-171-5.
  3. ਭਾਟੀਆ, ਹਰਿਭਜਨ ਸਿੰਘ (1988). ਪੰਜਾਬੀ ਆਲੋਚਨਾ: ਸਿਧਾਂਤ ਤੇ ਵਿਹਾਰ. ਅੰਮ੍ਰਿਤਸਰ: ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ. p. (xi). ISBN 978-81-7770-171-5.
  4. ਭਾਟੀਆ, ਹਰਿਭਜਨ ਸਿੰਘ (1988). ਪੰਜਾਬੀ ਆਲੋਚਨਾ: ਸਿਧਾਂਤ ਤੇ ਵਿਹਾਰ. ਅੰਮ੍ਰਿਤਸਰ: ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ. p. (xii). ISBN 978-81-7770-171-5.
  5. ਭਾਟੀਆ, ਹਰਿਭਜਨ ਸਿੰਘ (1988). ਪੰਜਾਬੀ ਆਲੋਚਨਾ: ਸਿਧਾਂਤ ਤੇ ਵਿਹਾਰ. ਅੰਮ੍ਰਿਤਸਰ: ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ. p. (xiii). ISBN 978-81-7770-171-5.