ਸਮੱਗਰੀ 'ਤੇ ਜਾਓ

ਪੰਜਾਬੀ ਕੁੜੀਆਂ ਦੀਆਂ ਲੋਕ-ਖੇਡਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਭੂਮਿਕਾ

[ਸੋਧੋ]

ਖੇਡ ਇੱਕ ਅਜਿਹੀ ਕਲਾਕਾਰੀ ਹੈ ਜਿਸਨੂੰ ਬਚਪਨ ਵਿੱਚ ਬੱਚੇ ਸਹਿਜ ਸੁਭਾਅ ਹੀ ਸਿੱਖ ਜਾਂਦੇ ਹਨ। ਖੇਡ ਨੂੰ ਖੇਡਣ ਲਈ ਕਿਸੇ ਬੱਚੇ ਨੂੰ ਕਿਸੇ ਵੀ ਤਰ੍ਹਾਂ ਦੀ ਸਿੱਖਿਆਂ ਦੀ ਲੋੜ ਨਹੀਂ ਪੈਂਦੀ। ਵੈਸੇ ਵੀ ਕੁਦਰਤ ਨੇ ਹਰ ਪ੍ਰਾਣੀ ਵਿੱਚ ਖੇਡਣ ਦਾ ਗੁਣ ਭਰਿਆ ਹੈ। ਖੇਡਾਂ ਜਿਥੇ ਸਾਡੀ ਸਰੀਰਕ ਤਾਕਤ ਵਿੱਚ ਵਾਧਾ ਕਰਦੀਆਂ ਹਨ ਉਥੇ ਹੀ ਸਾਨੂੰ ਖੁਸ਼ੀ, ਹੁਲਾਸ ਤੇ ਮਾਨਸਿਕ ਤੇਜ਼ੀ ਵੀ ਪ੍ਰਦਾਨ ਕਰਦੀਆਂ ਹਨ। ਕੁੜੀਆਂ ਤੇ ਮੁੰਡੇ ਆਪਣੇ ਸੁਭਾਅ ਅਨੁਸਾਰ ਅਲੱਗ-ਅਲੱਗ ਖੇਡਾਂ ਖੇਡਦੇ ਹਨ। ਜਿਹਨਾਂ ਵਿੱਚ ਵਿਸ਼ੇਸ਼ ਤੌਰ ਤੇ ਕੁੜੀਆਂ ਨਾਲ ਸੰਬੰਧਿਤ ਖੇਡਾਂ ਇਸ ਪ੍ਰਕਾਰ ਹਨ।

ਥਾਲ਼ ਪੰਜਾਬੀ ਕੁੜੀਆਂ ਦੀ ਹਰਮਨ ਪਿਆਰੀ ਲੋਕ ਖੇਡ ਹੈ। ਥਾਲ ਖੇਡ ਲੀਰਾਂ ਤੇ ਧਾਗਿਆਂ ਨਾਲ ਬਣੀ ਖਿੱਦੋ ਜਾ ਖੇਹਨੂੰ ਨਾਲ ਖੇਡੀ ਜਾਂਦੀ ਹੈ। ਇਹ ਖੇਡ ਕਈ ਕੁੜੀਆਂ ਰਲ ਕੇ ਖੇਡਦੀਆਂ ਹਨ।‘ਇਸ ਖੇਡ ਵਿੱਚ ਇੱਕ ਕੁੜੀ ਇੱਕ ਹੱਥ ਨਾਲ ਖਿੱਦੋ ਨੂੰ ਹਵਾ ਵਿੱਚ ਉਛਾਲਦੀ ਹੈ ਤੇ ਫਿਰ ਸੱਜੇ ਹੱਥ ਦੀ ਤਲੀ ਤੇ ਬੋਚ ਕੇ ਉਸਨੂੰ ਇਕਹਿਰੇ ਤਾਲ ਨਾਲ ਆਪਣੀ ਤਲੀ ਤੇ ਵਾਰ-ਵਾਰ ਬੁੜਕਾਉਂਦੀ ਹੋਈ ਨਾਲੋਂ ਨਾਲ ਇਸੇ ਤਾਲ ਨਾਲ ਥਾਲ ਦੇ ਬੋਲ ਬੋਲਦੀ ਹੈ।’1 ਜਦੋਂ ਇੱਕ ਥਾਲ ਮੁੱਕ ਜਾਂਦਾ ਹੈ ਤਾਂ ਦੂਸਰਾ ਥਾਲ ਸ਼ੁਰੂ ਹੋ ਜਾਂਦਾ ਹੈ। ਜਿਥੇ ਵੀ ਥਿੰਦੋਂ ਡਿਗ ਪਵੇ ਉਥੇ ਹੀ ਖੇਡਣ ਵਾਲੀ ਕੁੜੀ ਦੀ ਹਾਰ ਹੋ ਜਾਂਦੀ ਹੈ ਅਤੇ ਅਗਲੀਆਂ ਕੁੜੀਆਂ ਥਾਲ਼ ਪਾਉਣੇ ਆਰੰਭ ਕਰ ਦਿੰਦੀਆ ਹਨ। ਜਿਸ ਕੁੜੀ ਨੇ ਸਭ ਤੋਂ ਵੱਧ ਥਾਲ਼ ਪਾਏ ਹੋਣ ਉਸਨੂੰ ਜੇਤੂ ਮੰਨਿਆ ਜਾਂਦਾ ਹੈ।

ਕਿੱਕਲੀ ਪੰਜਾਬੀ ਕੁੜੀਆਂ ਦੀ ਲੋਕ ਖੇਡ ਵੀ ਹੈ ਤੇ ਲੋਕ ਨਾਚ ਵੀ ਹੈ। ਰੋੜੇ ਖੇਡਦਿਆਂ ਨਿਕੇ ਵੀਰਾਂ, ਭੈਣਾਂ ਨੂੰ ਖਿਡਾਉਂਦੀਆਂ ਅਤੇ ਗੁੱਡੇ ਗੁੱਡੀਆਂ ਦੇ ਕਾਜ ਰਚਾਉਂਦੀਆਂ ਹੋਈਆ ਕੁੜੀਆਂ ਦਾ ਮਨ ਜਦੋਂ ਹੁਲਾਰਾ ਖਾ ਕੇ ਮਸਤੀ ਦੇ ਵੇਗ ਵਿੱਚ ਆਉਂਦਾ ਹੈ ਤਾਂ ਉਹ ਜੋਟੇ ਬਣਾ ਕੇ ਇਕ-ਦੂਜੇ ਦੇ ਹੱਥਾਂ ਨੂੰ ਕੰਘੀਆਂ ਪਾ ਕੇ ਘੁੰਮਣ ਲਗ ਜਾਂਦੀਆਂ ਹਨ।”2 ਕਿਉਂਕਿ ਬੱਚਿਆ ਨੂੰ ਹੂਟੇ ਲੈਣ ਵਿੱਚੋਂ ਖਾਸ ਆਨੰਦ ਆਉਂਦਾ ਹੈ ਜਿਸ ਕਰਕੇ ਉਹ ਲਾਟੂ ਚਲਾਉਂਦੇ, ਭੰਬੀਰੀਆਂ ਘੁਮਾਉਂਦੇ ਚਰਕ ਚੂੰਡੇ ਤੇ ਚੰਡੋਲ ਝੂਟਦੇ ਹਨ। ਗੇੜ ਦੀ ਰਫ਼ਤਾਰ ਨਾਲ ਉਹ ਕਿੱਕਲੀ ਦੇ ਗੀਤ ਵੀ ਗਾਉਂਦੀਆਂ ਹਨ।-
ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ
ਦੁਪੱਟਾ ਭਰਜਾਈ ਦਾ, ਫਿਟੇ ਮੂੰਹ ਜਵਾਈ ਦਾ।

ਗ੍ਹੀਟੇ

[ਸੋਧੋ]

ਗੀਟੇ ਦੀ ਖੇਡ ਨੂੰ ਕਿਤੇ ਰੋੜੇ, ਕਿਤੇ ਟਾਹਣਾਂ, ਕਿਤੇ ਪੱਥਰ ਗੀਟੇ ਕਿਹਾ ਜਾਂਦਾ ਹੈ। ਇਸ ਖੇਡ ਨੂੰ ਖੇਡਣ ਲਈ ਪੰਜ ਗੀਟਿਆਂ ਦੀ ਲੋੜ ਹੁੰਦੀ ਹੈ। ਇਹ ਕੁਦਰਤੀ ਰੋੜ, ਇਟ ਦੇ ਟੁਕੜੇ, ਪੱਥਰ ਤੇ ਬਜਰੀ ਦੇ ਬਣਾ ਲਏ ਜਾਂਦੇ ਹਨ। ‘ਪੁਗਣ ਪਿਛੋਂ ਜਿਸ ਕੁੜੀ ਦੀ ਸਭ ਤੋਂ ਪਹਿਲਾਂ ਵਾਰੀ ਆਈ ਹੋਵੇ ਉਹ ਪੰਜੇ ਗੀਟੇ ਕੁੰਡਲ ਵਿੱਚ ਸੁੱਟਦੀ ਹੈ। ਫਿਰ ਇੱਕ ਗੀਟਾ ਚੁੱਕ ਕੇ ਉਪਰ ਉਛਾਲਦੀ ਹੈ। ਉਹ ਗੀਟਾ ਅਜੇ ਹਵਾ ‘ਚ ਹੀ ਹੁੰਦਾ ਹੈ ਕਿ ਉਸੇ ਹੱਥ ਨਾਲ ਹੇਠੋਂ ਗੀਟਾ ਚੁੱਕ ਕੇ ਉਹ ਉਪਰਲੇ ਗੀਟੇ ਨੂੰ ਬੋਚਦੀ ਹੈ।’3 ਇਸ ਤਰ੍ਹਾਂ ਜੇਕਰ ਕੋਈ ਕੁੜੀ ਚਾਰੇ ਸਟੇਜਾਂ ਪੂਰੀਆ ਕਰ ਲੈਂਦੀ ਹੈ ਤਾਂ ਉਸਦੀ ਇੱਕ ਬਾਜ਼ੀ ਹੋ ਜਾਂਦੀ ਹੈ।ਫਾਊਲ ਹੋਣ ਦੀ ਸੂਰਤ ਵਿੱਚ ਉਹਦੀ ਵਾਰੀ ਮੁੱਕ ਜਾਂਦੀ ਹੈ ਦੂਜੀ ਲੜਕੀ ਦੀ ਵਾਰੀ ਸ਼ੁਰੂ ਹੋ ਜਾਂਦੀ ਹੈ।

ਅੱਡੀ ਛੜੱਪਾ

[ਸੋਧੋ]

ਅੱਡੀ ਛੜੱਪਾ ਖੇਡ ਨੂੰ ਦੋ ਟੋਲੀਆਂ ਦੁਆਰਾ ਖੇਡਿਆ ਜਾਂਦਾ ਹੈ। ਸਭ ਤੋਂ ਪਹਿਲਾ ਇੱਕ ਟੋਲੀ ਦੀਆਂ ਸਭ ਤੋਂ ਲੰਬੇ ਕਦ ਵਾਲੀਆਂ ਦੋ ਕੁੜੀਆਂ ਧਰਤੀ ਉਤੇ ਬੈਠ ਜਾਂਦੀਆਂ ਹਨ ਉਹ ਆਪਣੀਆਂ ਲੱਤਾਂ ਧਰਤੀ ਤੇ ਨਸਾਲ ਲੈਂਦੀਆਂ ਹਨ ਤੇ ਲੱਤਾਂ ਚੌੜੀਆਂ ਕਰਕੇ ਇੱਕ ਦੂਜੀ ਦੇ ਪੈਰਾਂ ਨਾਲ ਪੈਰ ਜੋੜ ਕੇ ਸਮੁੰਦਰ ਬਣਾ ਲੈਂਦੀਆ ਹਨ। ਦੂਜੀ ਟੋਲੀ ਦੀਆਂ ਕੁੜੀਆਂ ਵਾਰੋ-ਵਾਰ ਦੂਰੋਂ ਦੌੜ ਕੇ ਇਸ ਸਮੁੰਦਰ ਨੂੰ ਛਲਾਂਗ ਮਾਰਕੇ ਪਾਰ ਕਰਦੀਆ ਹਨ, 4 ਇਸ ਤਰ੍ਹਾਂ ਫਿਰ ਪੈਰਾਂ ਨਾਲ ਪੈਰ ਜੋੜ ਕੇ ਤੇ ਫਿਰ ਇੱਕ ਮੁੱਠੀ ਤੋਂ ਬਾਅਦ ਮੁੱਠੀਆਂ ਦੀ ਤੇ ਗਿੱਠਾ ਦੀ ਗਿਣਤੀ ਲਗਾਤਾਰ ਵੱਧਦੀ ਜਾਂਦੀ ਹੈ। ਜਿਸ ਨਾਲ ਕਾਫ਼ੀ ਉੱਚਾ ਟਿੱਲਾ ਬਣ ਜਾਂਦਾ ਹੈ। ਜੇਕਰ ਛਾਲਾਂ ਮਾਰਨ ਵਾਲੀ ਕੁੜੀ ਦਾ ਕੋਈ ਵੀ ਕੱਪੜਾ ਜਾਂ ਅੰਗ ਥੱਲੇ ਬੈਠੀ ਕੁੜੀ ਨਾਲ ਛੂੰਹ ਜਾਵੇ ਤਾਂ ਉਸਦੀ ਵਾਰੀ ਕੱਟੀ ਜਾਂਦੀ ਹੈ। ਇਹ ਖੇਡ ਉਦੋਂ ਤੱਕ ਖੇਡੀ ਜਾਂਦੀ ਹੈ ਜਦੋਂ ਤੱਕ ਕੁੜੀਆਂ ਥੱਕ ਨਹੀਂ ਜਾਂਦੀਆਂ।

ਲੁਕਣ ਮੀਟੀ

[ਸੋਧੋ]

ਲੁਕਣ ਮੀਟੀ ਵੀ ਪੰਜਾਬ ਦੇ ਹਮਉਮਰ ਬੱਚਿਆਂ ਦੀ ਹਰਮਨ ਪਿਆਰੀ ਖੇਡ ਹੈ। ਜਿਸਨੂੰ ਕਿ ਟੋਲੀ ਵਿੱਚ ਖੇਡਿਆ ਜਾਂਦਾ ਹੈ। ਪੁਰਾਣ ਤੋਂ ਬਾਅਦ ਜਿਸ ਸਿਰ ਦਾਈ ਹੁੰਦੀ ਹੈ ਉਹ ਬਾਕੀ ਬੱਚਿਆਂ ਨੂੰ ਜੋ ਕਿ ਲੁੱਕੇ ਹੋਏ ਹੁੰਦੇ ਹਨ ਉਹਨਾਂ ਨੂੰ ਲੱਭਣਾ ਹੁੰਦਾ ਹੈ। ਜਿਸਨੂੰ ਉਹ ਪਹਿਲਾਂ ਲੱਭਣ ਵਿੱਚ ਸਫ਼ਲ ਹੋ ਜਾਂਦੀ ਹੈ ਫਿਰ ਅਗਲੀ ਦਾਈ ਉਸ ਸਿਰ ਹੁੰਦੀ ਹੈ। ਇਸ ਖੇਡ ਵਿੱਚ ਜੇ ਕੋਈ ਵਿਅਕਤੀ ਵਾਰੀ ਵਾਲੇ ਵਿਅਕਤੀ ਨੂੰ ਹੱਥ ਲਗਾਉਦਾ ਹੈ ਤਾਂ ਵਾਰੀ ਵਾਲੇ ਵਿਅਕਤੀ ਨੂੰ ਇੱਕ ਹੋਰ ਵਾਰੀ ਦੇਣੀ ਪੈਂਦੀ ਹੈ|

ਸਮੁੰਦਰ ਅਤੇ ਮੱਛੀ

[ਸੋਧੋ]

ਸਮੁੰਦਰ ਤੇ ਮੱਛੀ ਖੇਡ ਵਿੱਚ ਕੁੜੀਆਂ ਗਾਉਂਦੀਆਂ ਤੇ ਚਖਾਮਖੀ ਕਰਦੀਆਂ ਹਨ। ਪੁਗਣ ਤੇ ਦਾਈ ਵਾਲੀ ਕੁੜੀ ਮੱਛੀ ਬਣਦੀ ਹੈ ਅਤੇ ਉਸ ਦੁਆਲੇ ਬਾਕੀ ਕੁੜੀਆਂ ਘੇਰਾ ਬਣਾ ਲੈਂਦੀਆਂ ਹਨ ਅਤੇ ਦਾਇਰੇ ਵਿੱਚ ਘੁੰਮਦੀਆਂ ਕੁੜੀਆਂ ਇੱਕ ਅਵਾਜ਼ ਵਿੱਚ ਮੱਛੀ ਤੋਂ ਪੁਛਦੀਆਂ ਹਨ।‘'ਹਰਾ ਸਮੁੰਦਰ ਗੋਪੀ ਚੰਦਰ, ਬੋਲ ਮੇਰੀ ਮੱਛਲੀ ਕਿੰਨਾ-ਕਿੰਨਾ ਪਾਣੀ ? ਦਾਈ ਵਾਲੀ ਕੁੜੀ ਉਤਰ ਦਿੰਦੀ ਹੈ। ਗਿੱਟੇ ਗਿੱਟੇ ਪਾਣੀ।
ਵਾਰ ਵਾਰ ਘੇਰੇ ਵਾਲੀਆਂ ਕੁੜੀਆਂ ਹਰਾ ਸਮੁੰਦਰ ਵਾਲੀ ਪੰਗਤੀ ਦੁਹਰਾਉਂਦੀਆਂ ਹਨ ਤੇ ਮਛਲੀ ਬਣੀ ਕੁੜੀ ਪਹਿਲਾਂ ਗਿੱਟੇ-ਗਿੱਟੇ, ਫਿਰ ਗੋਡੇ-ਗੋਡੇ, ਫਿਰ ਢਿੱਡ-ਢਿੱਡ ਤੇ ਅੰਤ ਵਿੱਚ ਸਿਰ-ਸਿਰ ਤੱਕ ਪਾਣੀ ਕਹਿੰਦੀ ਹੈ, ਫਿਰ ਸਾਰੀਆਂ ਕੁੜੀਆਂ ਰਲ ਕੇ ਡੁੱਬ ਗਏ ਕਹਿੰਦੀਆਂ ਹਨ ਤੇ ਉਹ ਮੱਛੀ ਬਣੀ ਕੁੜੀ ਨੂੰ ਚੂੰਡੀਆਂ ਵਢਦੀਆਂ ਹੋਈਆ ਉਸਨੂੰ ਸਮੁੰਦਰ ਵਿੱਚੋਂ ਲੱਭਦੀਆ ਹਨ।‘ਆਹ ਲੱਭ ਗਈ, ਆਹ ਲੱਭ ਗਈ ਦਾ ਰੌਲਾ ਪੈਂਦਾ ਹੈ ਤੇ ਖੇਡ ਖਤਮ ਹੋ ਜਾਦੀ ਹੈ।

ਪੀਚੋ ਬਕਰੀ

[ਸੋਧੋ]

ਪੀਚੋ ਬਕਰੀ ਨੂੰ ਅੱਡੀ ਟੱਪਾ ਅਤੇ ਸਮੁੰਦਰ ਪਟੜਾ ਵੀ ਕਹਿੰਦੇ ਹਨ।ਇਸ ਖੇਡ ਵਿੱਚ ਧਰਤੀ ਉਤੇ ਆਇਤ ਸ਼ਕਲ ਦੇ 8-10 ਖਾਨੇ ਬਣਾਏ ਜਾਂਦੇ ਹਨ।ਫਿਰ ਖਾਨੇ ਦੇ ਬਾਹਰ ਖੜ੍ਹ ਕੇ ਪਹਿਲੇ ਖਾਨੇ ਵਿੱਚ ਪੀਚੋ ਸੁਟੀ ਜਾਂਦੀ ਹੈ ਤੇ ਉਸਨੂੰ ਡੁੱਡ ਮਾਰ ਕੇ ਅਗਲੇ ਖਾਨੇ ਵਿੱਚ ਪਹੁੰਚਾਇਆ ਜਾਂਦਾ ਹੈ ਤੇ ਇਸ ਤਰ੍ਹਾਂ ਸਾਰੇ ਖਾਨੇ ਪਾਰ ਕੀਤੇ ਜਾਂਦੇ ਹਨ। ਜੇਕਰ ਗਲਤ ਖਾਨੇ ਵਿੱਚ ਡੀਟੀ ਸੁੱਟੀ ਜਾਵੇ ਜਾਂ ਡੁੱਡ ਮਾਰਦੇ ਸਮੇਂ ਪੈਰ ਧਰਤੀ ਨੂੰ ਛੂੰਹ ਜਾਵੇ ਤੇ ਜਾਂ ਫਿਰ ਡੀਟੀ ਲੀਕ ਉਪਰ ਸੁੱਟੀ ਜਾਵੇ ਤਾਂ ਖੇਡ ਰਹੀ ਕੁੜੀ ਦੀ ਵਾਰੀ ਆਉਣ ਹੋ ਜ਼ਾਦੀ ਹੈ ਤੇ ਫਿਰ ਅਗਲੀ ਕੁੜੀ ਆਪਣੀ ਵਾਰੀ ਲੈਂਦੀ ਹੈ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਕੁੜੀਆਂ ਆਪਣੇ ਬਚਪਨ ਵਿੱਚ ਸੀਮਤ ਸਾਧਨਾ ਨਾਲ ਵੀ ਬਹੁਤ ਸੁੰਦਰ ਖੇਡਾਂ ਸਿਰਜ ਲੈਂਦੀਆ ਹਨ ਅਤੇ ਆਪਣਾ ਮਨੋਰੰਜਨ ਕਰਦੀਆਂ ਹਨ।

ਹਵਾਲਾ ਪੁਸਤਕਾਂ

[ਸੋਧੋ]

1. ਸੁਖਦੇਵ ਮਾਦਪੁਰੀ, ਪੰਜਾਬ ਦੀਆਂ ਵਿਰਾਸਤੀ ਖੇਡਾਂ, ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾਂ, 2005, ਪੰਨਾ 71

2. ਉਹੀ, ਪੰਨਾ 74

3. ਪ੍ਰੋ.ਸਰਵਣ ਸਿੰਘ, ਪੰਜਾਬ ਦੀਆਂ ਦੇਸੀ ਖੇਡਾਂ, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਟਿੀ, ਪਟਿਆਲਾ, 1996, ਪੰਨਾ 99

4. ਸੁਖਦੇਵ ਮਾਦਪੁਰੀ, ਉਹੀ, ਪੰਨਾ 76