ਸਮੱਗਰੀ 'ਤੇ ਜਾਓ

ਪੰਜਾਬੀ ਸਾਹਿਤ ਆਲੋਚਨਾ :ਮੁਢ ਤੇ ਵਿਕਾਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪੰਜਾਬੀ ਸਾਹਿਤ ਆਲੋਚਨਾ :- ਮੁੱਢ ਤੇ ਵਿਕਾਸ

[ਸੋਧੋ]

ਡਾ. ਹਰਨਾਮ ਸਿੰਘ ਸ਼ਾਨ ਅਨੁਸਾਰ ਪੰਜਾਬੀ ਸਾਹਿਤ-ਆਲੋਚਨਾ ਦਾ ਆਰੰਭ ਪੰਦਰਵੀਂ ਸਦੀ ਤੋਂ ਹੀ ਹੋਇਆ ਸੀ।ਉਨ੍ਹਾਂ ਅਨੁਸਾਰ ਪੰਜਾਬੀ ਵਿੱਚ ਪਰਖ-ਪੜਚੋਲ ਦਾ ਜਨਮ, ਪੰਦਰਵੀਂ ਸਦੀ ਵਿੱਚ ਗੁਰੂ ਨਾਨਕ ਸਾਹਿਬ ਦੇ ਪਰਵੇਸ਼ ਨਾਲ ਹੀ ਹੋ ਗਿਆ ਸੀ।ਉਹਨਾਂ ਨੇ ਆਪਣੇ ਪੂਰਬ ਕਾਲੀ ਤੇ ਵਰਤਮਾਨ ਪੰਜਾਬੀ ਦੇ ਆਦਿ ਕਵੀ ਸ਼ੇਖ ਫਰੀਦ ਜੀ ਦੇ ਕੁੱਝ ਬਚਨਾਂ ਤੇ ਵਿਚਾਰਾਂ ਦੀ ਵਿਆਖਿਆਂ ਜਾਂ ਟੀਕਾ ਟਿੱਪਣੀ ਕਰਕੇ ਇਸ ਦਾ ਮੁੱਢ ਬੰਨ੍ਹਿਆ ।ਉਹਨਾਂ ਨੇ ਬਾਬਾ ਫਰੀਦ ਬਾਣੀ ਧੁਰ ਗੁਰੂ ਵਿਅਕਤੀਆਂ ਵੱਲੋਂ ਕੀਤੇ ਗਏ ਕਿੰਤੂਆਂ ਜਾਂ ਦਿੱਤੀਆ ਗਈਆ ਟਿੱਪਣੀਆਂ ਨੂੰ ਆਪਣੀ ਉਪਰੋਕਤ ਉਕਤੀ ਦਾ ਆਧਾਰ ਬਣਾਇਆ।ਡਾ. ਹਰਨਾਮ ਸਿੰਘ ਸ਼ਾਨ ਨੇ ਪੰਜਾਬੀ ਕਵੀਆਂ, ਵਿਸ਼ੇਸ ਤੌਰ ਤੇ ਕਿੱਸਾਕਾਰਾਂ ਵੱਲੋਂ ਕੀਤੀ ਗਈ ਸਵੈ੍ਪੜਚੋਲ ਜਾਂ ਸਾਥੀ ਕਿੱਸਾਕਾਰਾਂ ਦੀਆਂ ਕਿਰਤਾਂ ਬਾਰੇ ਵਿਚਾਰਾਂ ਨੂੰ ਈ ਪੰਜਾਬੀ ਸਾਹਿਤ ਦੀ ਮੋਢੀ ਆਲੋਚਨਾ ਮੰਨਿਆ ਹੈ।ਵਾਰਿਸ, ਅਹਿਮਦਯਾਰ ਆਦਿ ਨੂੰ ਆਲੋਚਕ ਹੀ ਨਹੀਂ ਮੰਨਿਆਂ ਸਗੋਂ ਅਹਿਮਦਯਾਰ ਨੂੰ ਇੱਕ ਆਦਰਸ਼ਕ ਸਮਾਲੋਚਕ ਦੇ ਸਾਰੇ ਗੁਣਾਂ ਦਾ ਧਾਰਨੀ ਕਿਹਾ ਹੈ ਕਿਉਂਕਿ ਉਸ ਨੇ ਵਾਰਸ ਦੀ ਰਚਨਾ ਨੂੰ ਚੰਗੀ ਤਰ੍ਹਾਂ ਪੜ੍ਹਿਆ, ਘੋਖਿਆ।ਉਸ ਦੀਆਂ ਦਿਲ ਡੂੰਘਾਈਆਂ ਤੱਕ ਅੱਪੜਿਆ, ਉਸਦੀ ਕਲਾ ਨੂੰ ਜਾਂਚਿਆ- ਪਰਖਿਆ ਅਤੇ ਆਪਣੇ ਨਿੱਜੀ ਅਨੁਭਵ, ਵਿਸ਼ਾਲ ਵਾਕਫੀ ਤੇ ਅਮੁੱਕ ਅਭਿਆਸ ਅਤੇ ਪਹਿਲੀਆਂ ਹੀਰਾਂ ਦੇ ਤੁਲਨਾਤਮਕ ਅਧਿਐਨ ਦੇ ਆਧਾਰ ਤੇ ਉਸਦੀ ਕਿਰਤ ਅਤੇ ਕਲਾ- ਕੁਸ਼ਲਤਾ ਦਾ ਜਾਇਜਾਂ ਲਿਆ ਜਾਪਦਾ ਹੈ|

ਡਾ. ਸ਼ਾਨ ਨੇ ਹਾਸ਼ਮ ਮਹੁੰਮਦ ਬਖਸ਼, ਫ਼ਜ਼ਲ ਸ਼ਾਹ, ਪੀਰ ਨੇਕ ਆਲਮ ਆਦਿ ਸ਼ਾਇਰਾਂ ਨੂੰ ਆਲੋਚਕਾਂ ਦੀ ਉਪਰੋਕਤ ਸੂਚੀ ਵਿੱਚ ਸ਼ਾਮਿਲ ਕੀਤਾ ਹੈ।ਪਿਆਰਾ ਸਿੰਘ ਭੋਗਲੇ ਲਿਖਦੇ ਹਨ:- ਸਭ ਤੋਂ ਪਹਿਲਾਂ ਗੁਰੂ ਨਾਨਕ ਨੇ ਸਾਹਿਤਪਰਖਣ ਤੇ ਸੰਪਾਦਨ ਕਰਨ ਤਾ ਕੰਮ ਆਰੰਭ ਕੀਤਾ ਸੀ।ਪਿੱਛੋਂ ਗੁਰੂ ਅਰਜਨ ਦੇਵ ਜੀ ਨੇ ਗੁੁਰੂ ਗ੍ਰੰਥ ਦਾ ਸੰਪਾਦਨ ਕਰਕੇ ਪੰਜਾਬੀ ਆਲੋਚਨਾ ਦਾ ਮਿਆਰ ਕਾਇਮ ਕੀਤਾ।

ਭੋਗਲੇ ਏਥੇ ਡਾ. ਹਰਨਾਮ ਸਿੰਘ ਸ਼ਾਨ ਦੀ ਇਸ ਧਾਰਨਾ ਦੇ ਹਾਮੀ ਹਨ ਜਿਸ ਅਨੁਸਾਰ ਪੰਜਾਬੀ ਸਾਹਿਤ ਆਲੋਚਨਾ ਬਾਬਾ ਫਰੀਦ ਤੋਂ ਸ਼ੁਰੂ ਹੁੰਦੀ ਹੈ: ਕੁੱਝ ਕਿੰਤੂ ਕੀਤੇ ਜਾ ਸਕਦੇ ਹਨ ਜਿਨ੍ਹਾਂ ਨਾਲ ਉਪਰੋਕਤ ਧਾਰਨਾ ਦੀ ਸਾਰਥਕਤਾ ਜਾਂ ਨਿਰਾਰਥਕਤਾ ਸੁਤੇ ਸਿੱਧ ਹੋ ਜਾਂਦੀ ਹੈ।ਪਹਿਲਾ ਕਿੰਤੂ ਤਾਂ ਇਹ ਕਿ ਅਸੀਂ ਗੁਰੂ ਨਾਨਕ ਨੂੰ ਸਾਹਿਤ ਸਮਾਲੋਚਕ ਮੰਨਣ ਨੂੰ ਤਿਆਰ ਹਾਂ? ਦੂਜੇ ਕਿ ਗੁਰੂ ਅਰਜਨ ਦੇਵ ਦੁਆਰਾ ਆਦਿ ਗ੍ਰੰਥ ਦਾ ਸੰਪਾਦਨ ਆਲੋਚਨਾ ਦਾ ਕਾਰਨ ਹੈ ਅਤੇ ਆਦਿ ਗ੍ਰੰਥ ਆਲੋਚਨਾ ਦਾ ਗ੍ਰੰਥ ਹੈ? ਉੱਤਰ ਨਿਸ਼ਚੇ ਹੀ ਨਾਂਹਵਾਚੀ ਹਨ।

ਪਿਆਰਾ ਸਿੰਘ ਭੋਗਲੇ ਨੇ ਬੜੇ ਜ਼ੋਰਦਾਰ ਸ਼ਬਦਾਂ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਪੰਜਾਬੀ ਦਾ ਪਹਿਲਾ ਆਲੋਚਕ ਮੰਨਿਆਂ ਹੈ ਅਤੇ ਉਹਨਾਂ ਦੀ ਸੰਮਤੀ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਨਾ ਕੇਵਲ ਆਪ ਉੱਚੇ ਪੱਧਰ ਦਾ ਸਾਹਿਤ ਰਚਿਆ ਸਗੋਂ ਅਪਣੇ ਤੋਂ ਪਹਿਲਾਂ ਰਚੇ ਜਾ ਚੁੱਕੇ ਸਾਹਿਤ ਦੀ ਚੋਣ ਅਤੇ ਪਰਖ ਵੀ ਕੀਤੀ। ਆਪ ਦੀ ਦਲੀਲ ਦਾ ਆਧਾਰ ਵੀ ਬੜਾ ਮਜ਼ੇਦਾਰ ਹੈ।ਆਪ ਨੇ ਫਰਮਾਇਆ ਹੈ, ਬਾਬਾ ਫਰੀਦ, ਭਗਤ ਕਬੀਰ ਅਤੇ ਦੂਸਰੇ ਸੰਤਾਂ ਦੀ ਬਾਣੀ ਨੂੰ ਇੱਕਤਰ ਕਰਨ ਦਾ ਕੰਮ ਗੁਰੂ ਨਾਨਕ ਨੇ ਕੀਤਾ।ਕਬੀਰ ਦੀ ਬਾਣੀ ਰਚਦਿਆਂ ਕਬੀਰ ਦੀ ਬਾਣੀ ਤੋਂ ਪ੍ਰੇਰਨਾ ਵੀ ਲਈ, ਇਸ ਆਧਾਰ ਤੇ ਗੁਰੂ ਨਾਨਕ ਜੀ ਨੂੰ ਪੰਜਾਬੀ ਸਾਹਿਤ ਦਾ ਮੋਢੀ ਆਲੋਚਕ ਕਲਪਨਾ ਕਰਨਾ ਨਾ ਕੇਵਲ ਗੁਰੂ ਨਾਨਕ ਨਾਲ ਧੱਕਾ ਹੈ ਬਲਕਿ ਪੰਜਾਬੀ ਸਾਹਿਤ ਆਲੋਚਨਾ ਨਾਲ ਘੋਰ ਅਨਿਆਂ ਹੈ।

ਭਾਵੇਂ ਪਿਆਰਾ ਸਿੰਘ ਭੋਗਲੇ ਨੇ ਗੁਰੂ ਨਾਨਕ ਨੂੰ ਆਲੋਚਨਾ ਸਿੱਧ ਕਰਨ ਲਈ ਉਹਨਾਂ ਦੀ ਬਾਣੀ ਇੱਕਤਰ ਕਰਨਾ, ਬਾਣੀ ਦੀ ਪਰਖ ਕਰਨਾ ਆਦਿ ਗਿਣਿਆ ਹੈ ਤੇ ਇਸੇ ਕਰਕੇ ਗੁਰੂ ਨਾਨਕ ਨੂੰ ਪੰਜਾਬੀ ਸਾਹਿਤ ਦਾ ਪਹਿਲਾ ਆਲੋਚਕ ਮੰਨਿਆਂ ਹੈ, ਪਰ ਇਹ ਆਧਾਰ ਨਹੀਂ ਹਨ। ਗੁਰੂ ਨਾਨਕ ਜੀ ਨੂੰ ਆਲੋਚਕ ਸਿੱਧ ਕਰਨ ਤੇ ਗੁਰੂ ਅਰਜਨ ਦੇਵ ਜੀ ਨੂੰ ਵੀ ਆਪ ਨੇ ਏਸੇ ਆਧਾਰ ਉੱਤੇ ਆਲੋਚਕ ਸਿੱਧ ਕੀਤਾ ਹੈ ਕਿ ਗੁਰੂ ਨਾਨਕ ਵੱਲੋਂ ਜਾਰੀ ਕੀਤੀ ਗਈ ਆਲੋਚਨਾ ਦੀ ਇਹ ਪ੍ਰੰਪਰਾ ਗੁਰੂ ਅਰਜਨ ਦੇਵ ਜੀ ਦੇ ਸਮੇਂ ਸਿਖਰ ਉੱਤੇ ਪਹੁੰਚਦੀ ਹੈ।

ਕਿੱਸਾ ਕਵੀਆਂ ਨੂੰ ਵੀ ਭੋਗਲ ਨੇ ਡਾ. ਸ਼ਾਨ ਸਿੰਘ ਵਾਂਗ ਆਲੋਚਕ ਮੰਨਿਆ ਹੈ।ਵਾਰਸ਼ ਸ਼ਾਹ ਦੀ ਸਵੈ-ਆਲੋਚਨਾ ਅਤੇ ਉਸ ਤੋਂ ਵੀ ਪਹਿਲਾਂ ਹਾਫਜ਼ ਬਰਖ਼ੁਰਦਾਰ ਦੇ ਦੂਜੇ ਕਿੱਸਾਕਾਰਾਂ ਉੱਤੇ ਕੀਤੀਆਂ ਟਿੱਪਣੀਆਂ ਅਹਿਮਦਯਾਰ ਦੇ ਸਮਕਾਲੀ ਤੇ ਪੂਰਵਕਾਲੀਨ ਕਿੱਸਾ ਕਾਵਿ ਵੱਲ ਸੰਕੇਤ ਤੋਂ ਛੁੱਟ, ਅਹਿਮਦਯਾਰ ਆਦਿ ਨੂੰ ਪੰਜਾਬੀ ਸਾਹਿਤ ਆਲੋਚਨਾ ਦੀ ਪ੍ਰੰਪਰਾ ਦੇ ਮਹੱਤਵਪੂਰਨ ਸਾਹਿਤ-ਚਿੰਤਕ ਮੰਨਿਆਂ ਗਿਆ ਹੈ।ਮੀਆਂ ਮੁਹੰਮਦ ਬਖਸ਼ ਵੀ ਭੋਗਲ ਅਨੁਸਾਰ ਪੰਜਾਬੀ ਆਲੋਚਕ ਸਨ।ਉਪਰੋਕਤ ਸਾਰੇ ਕਿੱਸਾਕਾਰਾਂ ਨੂੰ ਪੰਜਾਬੀ ਸਾਹਿਤ ਆਲੋਚਨਾ ਜੋ ਕੋਈ ਕੀਤੀ ਹੈ ਤਾਂ ਉਹ ਕੇਵਲ ਆਪਣੇ ਸਮਕਾਲੀ ਜਾਂ ਪੂਰਵਕਾਲੀ ਕਿੱਸਾਕਾਰਾਂ ਜਾਂ ਕਿੱਸਾ ਕਾਵਿ ਪ੍ਰਤੀ ਸ਼ਰਧਾ ਦਿਖਾਉਣ ਹਿੱਤ ਹੈ ਜਾਂ ਉਹ ਗੰਭੀਰ ਤੇ ਸੁਚੇਤ ਆਲੋਚਨਾ ਕਰ ਰਹੇ ਹਨ? ਇਹ ਵਿਚਾਰਨ ਵਾਲੀ ਗੱਲ ਹੈ।ਕਿੱਸਾ ਲੇਖਕਾਂ ਦਾ ਚੇਤੰਨ ਯਤਨ ਆਲੋਚਨਾ ਉੱਕਾ ਨਹੀਂ ਹੈ।(੧)

ਪੰਜਾਬੀ ਸਾਹਿਤ ਆਲੋਚਨਾ ਦਾ ਇਤਿਹਾਸ:

ਆਲੋਚਨਾ ਸ਼ਬਦ ਦੀ ਪਰਿਭਾਸ਼ਾ: ਆਲੋਚਨਾ ਪਦ ਸੰਸਕ੍ਰਿਤ ਦੇ ਧਾਤੂ ਲੁਚ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਵੇਖਣਾ। ਲੁਚ ਤੋਂ ਹੀ ਫਿਰ ਲਚਨ ਸ਼ਬਦ ਬਣਦਾ ਹੈ ਤੇ ਇਸਦਾ ਅਰਥ ਹੈ ਤੋਲਣਾ ਜਾਂ ਨਿਰਣਾ ਕਰਨਾ ਆਦਿ। ਕਿਹਾ ਜਾਂਦਾ ਹੈ ਕਿ ਲੋਚਨ ਤੋਂ ਹੀ ਆਲੋਚਨਾ ਸ਼ਬਦ ਦੀ ਉੱਤਪੱਤੀ ਹੋਈ।ਇਸਦਾ ਅਗੇਤਰ ਹੈ ਜਿਸਦਾ ਅਰਥ ਹੈ ਚੰਗੀ ਤਰ੍ਹਾਂ, ਚਤੁਰਫਿਓੁਂ ਇਓਂ ਆਲੋਚਨਾ ਦਾ ਲਫ਼ਜ਼ੀ ਅਰਥ ਹੈ, ਚੰਗੀ ਤਰ੍ਹਾਂ ਵੇਖਣਾ।(੨)

ਡਾ. ਪ੍ਰੇਮ ਪ੍ਰਕਾਸ਼ ਸਿੰਘ ਭਾਰਤੀ ਕਾਵਿ ਸ਼ਾਸਤਰ:

ਅੰਗਰੇਜੀ ਵਿੱਚ ਆਲੋਚਨਾ ਨੂੰ ਕਰਿਟਸਿਜਮ ਆਖਿਆ ਜਾਂਦਾ ਹੈ ਜਿਸਦਾ ਸਮੁੱਚਾ ਅਰਥ ਹੈ, ਕਿਸੇ ਬਾਰੇ ਨਿਰਣਾਇਕ ਟਿੱਪਣੀ ਕਰਨੀ ਜਾਂ ਫੈਸਲਾ ਸੁਣਾਉਣਾ ਆਦਿ।ਇਸ ਤਰ੍ਹਾਂ ਆਲੋਚਨਾ ਦਾ ਉਰਦੂ ਭਾਸ਼ਾ ਵਿੱਚ ਪਰਿਆਇ ਤਨਕੀਦ ਹੈ ਜਿਸਦਾ ਅਰਥ ਹੈ: ਤੋਲਣਾ ਆਦਿ।ਵੱਖ ਵੱਖ ਭਾਸ਼ਾਵਾਂ ਵਿੱਚ ਵਰਤੇ ਜਾਂਦੇ ਇਸ ਸ਼ਬਦ ਆਲੋਚਨਾ ਦਾ ਭਾਵ ਕਿਸੇ ਸਾਹਿਤ ਵਸਤੂ ਬਾਰੇ ਨਿਰਣਾ ਕਰਨਾ ਹੈ ਕਿ ਉਸ ਵਿੱਚ ਰਚਨਾਕਾਰ ਨੇ ਕੀ ਆਖਣਾ ਚਾਹਿਆ ਹੈ ਤੇ ਉਹ ਜੋ ਕਹਿਣਾ ਚਾਹਿਆ ਹੈ, ਉਸ ਵਿੱਚ ਕਿੱਥੋਂ ਤੱਕ ਕਾਮਯਾਬ ਰਿਹਾ ਹੈ।

ਇਤਿਹਾਸ: ਸਾਹਿਤ ਦੇ ਇਤਿਹਾਸ ਉੱਪਰ ਨਜ਼ਰ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਵੱਖਰੇ ਡਿਸਪਲਿਨ ਦੇ ਰੂਪ ਵਿੱਚ ਆਲੋਚਨਾ ਪੱਛਮੀ ਸਾਹਿਤ ਅਧੀਨ ਵੀਹਵੀਂ ਸਦੀ ਵਿੱਚ ਹੀ ਪੈਦਾ ਹੋਈ ਹੈ।ਪੱਛਮੀ ਚਿੰਤਕਾਂ ਦੀ ਤਰ੍ਹਾਂ ਪੰਜਾਬੀ ਦੇ ਕੁੱਝ ਨਾਮਵਰ ਹਸਤਾਖਰਾਂ ਨੇ ਵੀ ਆਪਣੀ ਜੁਬਾਨ ਵਿੱਚ ਸਾਹਿਤਕ ਖੋਜ਼ ਅਤੇ ਪਰਖ ਦਾ ਕੰਮ ਆਰੰਭਿਆ ਹੈ।ਇਹਨਾਂ ਵਿੱਚ ਵਰਣਨਯੋਗ ਡਾ. ਚਰਨ ਸਿੰਘ, ਭਾਈ ਕਾਨ੍ਹ ਸਿੰਘ ਨਾਭਾ ਅਤੇ ਬਾਵਾ ਬੁੱਧ ਸਿੰਘ ਹਨ।ਪਰ ਪ੍ਰਚੰਡ ਰੂਪ ਵਿੱਚ ਆਲੋਚਨਾ ਖੇਤਰ ਵਿੱਚ ਬਾਵਾ ਬੁੱਧ ਸਿੰਘ ਹੀ ਦਿੱਸਦਾ ਹੈ। ਬਾਵਾ ਬੁੱਧ ਸਿੰਘ ਤੋਂ ਪਹਿਲਾਂ ਮੀਆਂ ਮੌਲਾ ਬਖ਼ਸ਼ ਕੁਸ਼ਤਾ ਦੀ ਰਚਨਾ ਚਸ਼ਮਾ-ਇ-ਹਇਆਤ (1931) ਪੰਜਾਬੀ ਕਵੀਆਂ ਬਾਰੇ ਲਿਖੀ ਜਾ ਚੁੱਕੀ ਸੀ ਅਤੇ ਇਸਦਾ ਪ੍ਰਭਾਵ ਵੀ ਪੰਜਾਬੀ ਆਲੋਚਨਾ ਉੱਤੇ ਪਿਆ, ਪਰ ਇਹ ਰਚਨਾ ਉਰਦੂ ਵਿੱਚ ਹੋਣ ਕਰਕੇ ਪੰਜਾਬੀ ਆਲੋਚਨਾ ਦੀ ਮੁੱਢਲੀ ਰਚਨਾ ਸਵੀਕਾਰ ਕਰਨਾ ਜੱਚਦਾ ਨਹੀਂ।ਨਵੀਨ ਅਲੋਚਨਾ ਦਾ ਮੁੱਢ ਬਾਵਾ ਬੁੱਧ ਸਿੰਘ ਦੀਆਂ ਤਿੰਨ ਅਲੋਚਨਤਾਮਕ ਪੁਸਤਕਾਂ ਹੰਸ-ਚੋਗ (1914), ਕੋਇਲ ਕੂ(1916) ਅਤੇ ਬੰਬੀਹਾ ਬੋਲ(1925) ਨਾਲ ਹੋਇਆ ਮੰਨ ਸਕਦੇ ਹਾਂ।ਇਹਨਾਂ ਤਿੰਨਾਂ ਪੁਸਤਕਾਂ ਵਿੱਚ ਸਿਧਾਂਤਕ, ਵਿਵਹਾਰਿਕ ਅਤੇ ਖੋਜਾਤਮਕ ਅਲੋਚਨਾ ਹੋਈ ਮਿਲਦੀ ਹੈ। ਬਾਵਾ ਬੁੱਧ ਸਿੰਘ ਤੋਂ ਬਾਅਦ ਪ੍ਰੋ. ਪੂਰਨ ਸਿੰਘ ਨੇ ਦੀ ਸਪਿਰਟ ਆੱਫ ਔਰੀਐਂਟਲ ਪੋਇਟਰੀੋ ਵਿੱਚ ਪੱਛਮੀ ਅਤੇ ਪੂਰਵੀ ਕਵੀਆਂ ਅਤੇ ਸਾਹਿਤਕਾਰਾਂ ਉੱਤੇ ਟਿੱਪਣੀ ਕੀਤੀ ਹੈ।ਇਸ ਅਲੋਚਨਾ ਪ੍ਰੰਪਰਾ ਦਾ ਅੱਗੇ ਵਿਸਥਾਰ ਕਰਨ ਵਾਲੇ ਡਾ. ਮੋਹਨ ਸਿੰਘ ਅਤੇ ਪ੍ਰਿੰ. ਤੇਜਾ ਸਿੰਘ ਹਨ।ਇਨ੍ਹਾਂ ਦੀਆਂ ਪਾਈਆਂ ਲੀਹਾਂ ਨੂੰ ਅੱਗੇ ਜਿੰਦਾਂ ਰੱਖਣ ਵਾਲੇ ਪ੍ਰਿੰ. ਤੇਜਾ ਸਿੰਘ, ਪ੍ਰਿੰ. ਸ਼ਰਬਚਨ ਸਿੰਘ ਤਾਲਿਬ, ਡਾ. ਰੋਸ਼ਨ ਲਾਲ ਅਹੂਜਾ, ਪ੍ਰੋ. ਕਿਰਪਾਲ ਸਿੰਘ ਕਸੇਲ, ਡਾ. ਦੀਵਾਨ ਸਿੰਘ, ਡਾ. ਜੀਤ ਸ਼ੀਤਲ, ਡਾ. ਰਤਨ ਸਿੰਘ ਜੱਗੀ ਹਨ।ਇਨ੍ਹਾਂ ਤੋਂ ਅਗਲੇ ਪੜ੍ਹਾਅ ਵਿੱਚ ਅਸੀਂ ਪ੍ਰਿੰ. ਸੰਤ ਸਿੰਘ ਸੇਖੋਂ, ਡਾ. ਅਤਰ ਸਿੰਘ, ਡਾ. ਜਸਵੀਰ ਸਿੰਘ ਆਹਲੂਵਾਲੀਆ,ਪ੍ਰੋ.ਕ੍ਰਿਸ਼ਨ ਸਿੰਘ, ਡਾ. ਪ੍ਰੇਮ ਪ੍ਰਕਾਸ਼ ਸਿੰਘ ਅਤੇ ਡਾ. ਹਰਿਭਜਨ ਸਿੰਘ ਆਦਿ ਨੂੰ ਇਸ ਕਰਕੇ ਰੱਖ ਰਹੇ ਹਾਂ ਕਿ ਇਹਨਾਂ ਨੇ ਕਿਸੇ ਨਾ ਕਿਸੇ ਵਾਦ ਨੂੰ ਲੈ ਕੇ ਅਲੋਚਨਾ ਦਾ ਆਰੰਭ ਕੀਤਾ।

ਆਲੋਚਨਾ ਪ੍ਰਣਾਲੀਆਂ ਜਾਂ ਪਰਵਿਰਤੀਆਂ:-

ਪੰਜਾਬੀ ਆਲੋਚਨਾ ਖੇਤਰ ਵੱਲ ਜੇ ਗਹੁ ਨਾਲ ਨਜ਼ਰ ਮਾਰੀਏ, ਤਾਂ ਸਾਨੂੰ ਵੱਖ ਵੱਖ ਆਲੋਚਨਾ ਦੀਆਂ ਵੱਖ ਵੱਖ ਆਲੋਚਨਾ ਵੰਨਗੀਆਂ ਦਾ ਪਰਿਚਯ ਮਿਲਦਾ ਹੈ ਜਿਸ ਤੋਂ ਸਾਨੂੰ ਆਧੁਨਿਕ ਆਲੋਚਨਾ ਦੀਆਂ ਪਰਵਿਰਤੀਆਂ ਦੇ ਉਦੈ ਹੋਣ ਦਾ ਪਤਾ ਚੱਲਦਾ ਹੈ।ਹੁਣ ਤੱਕ ਆਲੋਚਨਾ ਦੇ ਖੇਤਰ ਵਿੱਚ ਜਿਹੜੀਆਂ ਆਲੋਚਨਾ ਅਧਿਅਨ ਵਿਧੀਆ ਪ੍ਰਚਲਿਤ ਰਹੀਆ ਹਨ ਉਹਨਾਂ ਵਿੱਚੋਂ ਪ੍ਰਮੁੱਖ ਨਿਮਨਲਿਖਤ ਹਨ-

ਸਿਧਾਂਤਕ ਆਲੋਚਨਾ:

ਪੰਜਾਬੀ ਸਾਹਿਤ ਤੋਂ ਇਲਾਵਾ ਜੇ ਅਸੀਂ ਸੰਸਕ੍ਰਿਤ ਜਾਂ ਪੱਛਮੀ ਸਾਹਿਤ ਉੱਪਰ ਪਿੱਛਲਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿਸ਼ੁਰੂ ਸ਼ੁਰੂ ਦੀ ਅਲੋਚਨਾ ਕਿਸੇ ਸਿਧਾਂਤਾਂ, ਨਿਯਮਾਂ ਜਾਂ ਆਦਰਸ਼ਾਂ ਉੱਪਰ ਹੀ ਟਿਕੀ ਹੋਈ ਸੀ।ਇਸ ਆਲੋਚਲਾ ਦੀ ਹੋਂਦ ਤੋਂ ਪਹਿਲਾਂ ਕੋਈ ਮਹੱਤਵਪੂਰਨ ਰਚਨਾ ਹੋਂਦ ਵਿੱਚ ਨਹੀਂ ਆਉਂਦੀ ਹੈ(ਜੋ ਲੋਕ ਮਨਾਂ ਨੂੰ ਪ੍ਰਭਾਵਿਤ ਕਰਦੀ ਹੋਵੇ), ਜੋ ਪੂਰਵਲੇ ਅਤੇ ਪਿਛਲੇਰੇ ਸਿਰਜਕਾਂ ਲਈ ਕਸੌਟੀ ਦਾ ਕੰਮ ਦਿੰਦੀ ਹੈ।ਉਸ ਰਚਨਾ ਦੇ ਆਧਾਰ ਤੇ ਹੀ ਕਾਵਿ ਅਧਿਅਨ ਦੇ ਨਿਯਮ ਸਥਾਪਿਤ ਕੀਤੇ ਜਾਂਦੇ ਹਨ।ਇਹ ਨਿਯਮ ਹੀ ਸਿਧਾਂਤ ਅਖਵਾਉਂਦੇ ਹਨ ਤੇ ਅਲੋਚਕ ਇਹਨਾਂ ਸਿਧਾਂਤਾਂ ਉੱਪਰ ਹਰ ਰਚਨਾ ਨੂੰ ਪਰਖਦਾ ਹੈ।ਭਾਰਤ ਵਿੱਚ ਸਿਧਾਂਤਕ ਆਲੋਚਨਾ ਦਾ ਮੋਢੀ ਨਾਟਯ-ਸ਼ਾਸਤ਼ਰ ਦੇ ਭਰਤਮੁਨੀ ਨੂੰ ਹੀ ਮੰਨਿਆ ਜਾ ਸਕਦਾ ਹੈ, ਜਿਸਨੇ ਪਹਿਲੀ ਵਾਰੀ ਇਸ ਗ੍ਰੰਥ ਵਿੱਚ ਕਾਵਿ ਰਚਨਾ ਦੇ ਲਈ ਕਾਵਿ- ਅਧਿਅਨ ਨਿਯਮਾਵਲੀ ਤਿਆਰ ਕੀਤੀ।ਇਸ ਤੋਂ ਬਾਅਦ ਵੱਖ ਵੱਖ ਸੰਪ੍ਰਦਾਵਾਂ(ਰਸ, ਧੁਨੀ, ਰੀਤੀ, ਵਕ੍ਰੋਕਤੀ ਅਤੇ ਔਚਿਤਯ) ਦੇ ਸਥਾਪਕਾ ਨੇ ਵੀ ਆਪਣੀ ਆਪਣੀ ਸੰਪ੍ਰਦਾ ਦੇ ਸਮਰਥਨ ਵਿੱਚ ਕੁੱਝ ਸਿਧਾਂਤ ਪੇਸ਼ ਕੀਤੇ ਜੋ ਸਿਧਾਂਤਕ ਆਲੋਚਨਾ ਦੇ ਸਰੂਪ ਨੂੰ ਉਭਾਰਦੇ ਹਨ।ਇਸੇ ਤਰ੍ਹਾਂ ਹੀ, ਯੂਰੋਪ ਵਿੱਚ ਭਰਤਮੁਨੀ ਦੇ ਨਾਟਯ-ਸ਼ਾਸਤ਼ਰ ਵਾਂਗ ਅਰਸਤੂ ਦਾ ਕਾਵਿ ਸ਼ਾਸਤਰ ਪੋਇਟਿਸ ਹੈ ਜੋ ਸਿਧਾਂਤਕ ਆਲੋਚਨਾ ਦੀ ਮੂੰਹ ਬੋਲਦੀ ਤਸਵੀਰ ਹੈ।ਉਰਦੂ ਵਿੱਚ ਮੌਲਾਨਾ ਗਲੀ ਦੀ ਮੁੱਕਦਮਾ ਨਾਂ ਦੀ ਪੁਸਤਕ ਵੀ ਅਜਿਹੇ ਕਾਵਿ ਸਿਧਾਂਤਾਂ ਨੂੰ ਹੀ ਪੇਸ਼ ਕਰਦੀ ਹੈ।

ਗੁਲਾਬ ਰਾਏ ਲਿਖਦਾ ਹੈ, ਜਦੋਂ ਲੋਕ ਰੁਚੀ ਸੂਤਰਬੱਧ ਹੋ ਜਾਂਦੀ ਹੈ ਅਤੇ ਯੁੱਗ ਪਲਟਾਊ ਕਵੀਆਂ ਦੀਆਂ ਅਮਰ ਰਚਨਾਵਾਂ ਦਾ ਵਿਸ਼ਲੇਸ਼ਣ ਕਰਕੇ ਉਹਨਾਂ ਦੇ ਨਮੂਨਿਆਂ ਦੇ ਆਧਾਰ ਤੇ ਸਿਧਾਂਤ ਅਤੇ ਨਿਯਮ ਬਣਾਏ ਜਾਂਦੇ ਹਨ ਤਾਂ ਸਿਧਾਂਤਕ ਅਲੋਚਨਾ ਦਾ ਜਨਮ ਹੁੰਦਾ ਹੈ।

ਇਸ ਸਿਧਾਂਤ ਦੀ ਹੌਲੀ-ਹੌਲੀ ਐਨੀ ਮਹੱਤਤਾ ਵੱਧ ਜਾਂਦੀ ਹੈ ਕਿ ਹਰ ਆਲੋਚਕ ਆਪਣੀਆਂ ਵਿਅਕਤੀਗਤ ਅਤੇ ਪੱਖਪਾਤੀ ਰੁਚੀਆ ਦਾ ਤਿਆਗ ਕਰਕੇ ਕਾਵਿ ਨਿਯਮਾਂ ਅਨੁਸਾਰ ਹੀ ਸਮਾਲੋਚਨਾ ਕਰਦਾ ਹੈ।ਇਸ ਤਰ੍ਹਾਂ ਦੀ ਆਲੋਚਨਾ ਨੂੰ ਸਪਐਕਊਲੇਟਿਵ ਕਰੀਟਸਿਜਮ ਵੀ ਕਿਹਾ ਜਾਂਦਾ ਹੈ।ਅਜਿਹੀ ਆਲੋਚਨਾ ਦੀ ਆਮਦ ਬਾਬਤ ਡਾ. ਪ੍ਰੇਮ ਪ੍ਰਕਾਸ਼ ਸਿੰਘ ਲਿਖਦਾ ਹੈ- ਵਾਸਤਵ ਵਿੱਚ ਸਾਹਿਤ ਵਿੱਚ ਜਦੋਂ ਕੋਈ ਲੱਛਣ ਗ੍ਰੰਥ ਹਰਮਨ ਪਿਆਰੇ ਹੋ ਜਾਂਦੇ ਹਨ ਅਤੇ ਸਾਹਿਤ ਬਾਰੇ ਲੋਕਾਂ ਦੀ ਰੁਚੀ ਪੱਕੀ ਹੋ ਜਾਂਦੀ ਹੈ ਤਾਂ ਸਾਹਿਤਿਕ ਗ੍ਰੰਥਾਂ ਦਾ ਵਿਸ਼ਲੇਸ਼ਣ ਕਰਕੇ ਸਿਧਾਂਤ ਦੇ ਨਿਯਮ ਥਾਪੇ ਜਾਂਦੇ ਹਨ।ਇਹ ਸਿਧਾਂਤ ਜਦੋਂ ਨਿਸ਼ਚਿਤ ਤੇ ਸਥਿਰ ਹੋ ਜਾਂਦੇ ਹਨ ਤਾਂ ਇਨ੍ਹਾਂ ਦੇ ਆਧਾਰ ਉੱਤੇ ਆਲੋਚਨਾ ਕਲਾ ਨੂੰ ਅੰਕਿਤ ਕੀਤਾ ਜਾਂਦਾ ਹੈ।(੩)

ਨਿਰਣਾਤਮਕ ਆਲੋਚਨਾ

ਅੰਗਰੇਜੀ ਵਿੱਚ ਇਸ ਕਿਸਮ ਦੀ ਆਲੋਚਨਾ ਦਾ ਨਾ ਜੁਡੀਸ਼ਲ ਕਰੀਟਸਿਜਮ ਹੈ।ਜਿੱਥੇ ਸਿਧਾਂਤਕ ਆਲੋਚਨਾ ਥਿਊਰੈਟੀਕਲ ਹੁੰਦੀ ਹੈ।ਉੱਥੇ ਨਿਰਣਾਤਮਕ ਆਲੋਚਨਾ ਪ੍ਰੈਕਟੀਕਲ ਹੁੰਦੀ ਹੈ। ਸਿਧਾਂਤਕ ਆਲੋਚਨਾ ਵਿੱਚ ਜਿੱਥੇ ਆਲੋਚਕ ਨਿਰੇ ਨਿਯਮਾਂ ਦਾ ਹੀ ਧਿਆਨ ਰੱਖ ਕੇ ਕਵੀ ਦੇ ਕਾਵਿ ਪੱਧਰ ਬਾਰੇ ਗੱਲ ਕਰਦਾ ਹੈ, ਉੱਥੇ ਨਿਰਣਾਤਮਕ ਆਲੋਚਨਾ ਵਿੱਚ ਆਲੋਚਕ ਕਾਵਿ ਨਿਯਮਾਂ ਤੋਂ ਇਲਾਵਾ ਕਈ ਵਾਰੀ ਆਪਣਾ ਨਿੱਜੀ ਵਿਚਾਰ ਵੀ ਪੇਸ਼ ਕਰਦਾ ਹੈ, ਜੋ ਉਸਦੀ ਰਚਨਾ ਪ੍ਰਤੀ ਇੱਕ ਨਿਰਣਾਇਕ ਫੈਸਲਾ ਹੀ ਹੁੰਦਾ ਹੈ।ਇੱਥੇ ਇੱਕ ਪ੍ਰਕਾਰ ਦਾ ਆਲੋਚਕ ਇੱਕ ਜੱਜ ਜਾਂ ਪ੍ਰੀਖਿਅਕ ਦਾ ਕੰਮ ਵੀ ਕਰਦਾ ਹੈ।ਉਹ ਪ੍ਰੀਖਿਅਕ ਜਾਂ ਜੱਜ ਬਣ ਕਵਿਤਾ ਦੇ ਗੁਣਾਂ ਦੋਸ਼ਾ ਦੇ ਆਧਾਰਿਤ ਫੈਸਲਾ ਸੁਣਾਉਂਦਾ ਹੈ।ਇਸ ਆਲੋਚਨਾ ਦੇ ਸਮਰਥਕ ਹਡਸਨ ਹੋਏ ਹਨ, ਜੋ ਆਖਦੇ ਹਨ ਕਿ ਭਾਂਵੇ ਆਲੋਚਨਾ ਕਿਸੇ ਵੀ ਪੈਂਤੜੇ ਤੋਂ (ਉਹ ਪੈਂਤੜਾਂ ਸਿਧਾਂਤਕ ਵੀ ਹੋ ਸਕਦਾ ਹੈ) ਕੀਤੀ ਜਾਵੇ।ਆਲੋਚਕ ਆਪਣੀ ਰਾਏ ਦਿੱਤੀ ਬਿਨਾਂ ਰਹਿ ਹੀ ਨਹੀਂ ਸੀ ਸਕਦਾ।ਸਾਡੇ ਵਿਚਾਰ ਅਨੁਸਾਰ ਅਜਿਹਾ ਕਰਨ ਨਾਲ ਸਗੋਂ ਅਹਿੱਤ ਨੂੰ ਸੁਯੋਗ ਅਗਵਾਈ ਹੀ ਮਿਲਦੀ ਹੈ ਪਰ ਲੋੜ ਹੈ ਕਿ ਅਜਿਹੀ ਆਲੋਚਨਾ ਕਰਕੇ ਵਾਤ ਆਲੋਚਕ ਸੁਹਿਰਦ ਅਤੇ ਆਧਾਰਚਿੱਤ ਭਾਵੀ ਵੀ ਹੋਵੇ।ਭਾਵੇਂ ਮੌਲਟਨ ਇਸ ਆਲੋਚਨਾ ਜ਼ਬਰਦਸਤ ਵਿਰੋਧ ਕਰਦਾ ਆਖਦਾ ਹੈ ਕਿ ਆਲੋਚਕ ਨੂੰ ਨਿਰਣਾ ਦੇਣ ਦਾ ਕੋਈ ਹੱਕ ਨਹੀਂ ਉਹ ਸਿਰਫ਼ ਸਾਹਿਤਕ ਕ੍ਰਿਤਾਂ ਦੀ ਵਿਆਖਿਆ ਹੀ ਕਰੇ ਅਤੇ ਨਾਲ ਹੀ ਆਲੋਚਨਾ ਦੇ ਉਹ ਮਾਨਦੰਡ ਹੀ ਵਰਤੇ ਜਿਨ੍ਹਾਂ ਦੇ ਸਹਾਰੇ ਕਵਿਤਾ ਦੇ ਸੁੰਦਰ ਪੱਖਾਂ ਨੂੰ ਦਰਸਾਉਣ ਅਤੇ ਦੂਜਿਆਂ ਨੂੰ ਇਸ ਸੁੰਦਰਤਾ ਮਾਣਨ ਵਿੱਚ ਸਹਾਇਕ ਸਿੱਧ ਹੋਵੇ।ਪਰ ਸਾਡੀ ਜਾਂਚੇ ਅਜਿਹਾ ਕਰਨਾ ਆਲੋਚਕ ਨੂੰ ਦਾਇਰੇ ਵਿੱਚ ਬੰਨ੍ਹਣਾ ਹੀ ਹੋਵੇਗਾ ਕਿਉਂਕਿ ਸਿਧਾਂਤ ਤਾਂ ਸਮੇਂ ਦੀਆਂ ਬਦਲਦੀਆਂ ਪਰਸਥਿਤੀਆਂ ਕਰਕੇ ਆਪਣਾ ਰੂਪ ਬਦਲਦੇ ਰਹਿੰਦੇ ਹਨ।ਇਸ ਪ੍ਰਕਾਰ ਦੀ ਆਲੋਚਨਾ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਆਲੋਚਕ ਉਹਨਾਂ ਮੁੱਦਿਆਂ ਤੇ ਹੀ ਆਪਣਾ ਨਿਰਣਾ ਦਿੰਦਾ ਹੈ, ਜਿਨ੍ਹਾਂ ਮੁੱਦਿਆਂ ਵਿੱਚ ਨੀਰਸਤਾ ਇਖਲਾਕੀ ਅਤੇ ਨੈਤਿਕ ਮੁੱਲਾਂ ਦੀ ਗਿਰਾਵਟ ਕਾਰਨ ਆਈ ਹੈ, ਇਸ ਕਰਕੇ ਇਸ ਕੋਟੀ ਦਾ ਆਲੋਚਕ ਨੈਤਿਕ ਇਖਲਾਕੀ ਅਤੇ ਸਦਾਚਾਰਕ ਕੀਮਤਾਂ ਦੇ ਸਜੀਵ ਰਹਿਣ ਲਈ ਹੀ ਅਜਿਹੀ ਆਲੋਚਣਾ ਕਰਦਾ ਹੈ।

ਵਿਆਖਿਆਤਮਕ ਆਲੋਚਨਾ

ਨਿਰਣਾਤਮਕ ਆਲੋਚਨਾ ਦੇ ਕੱਟੜ ਵਿਰੋਧੀ ਮੌਲਟਨ ਇਸ ਆਲੋਚਨਾ ਪ੍ਰਣਾਲੀ ਦੇ ਸਮਰਥਕ ਮੰਨੇ ਜਾਂਦੇ ਹਨ।ਉਹ ਸਿਧਾਂਤਕ ਅਤੇ ਨਿਰਣਾਤਮਕ ਆਲੋਚਨਾ ਦੀ ਵਿਰੋਧਤਾ ਵਿੱਚ ਕਹਿੰਦਾ ਹੈ ਕਿ ਕਿਸੇ ਵੀ ਕ੍ਰਿਤ ਉੱਪਰ ਨਿਯਮ ਜਾਂ ਨਿੱਜੀ ਰਾਏ ਆਰੋਧਿਤ ਕਰਨ ਦੀ ਬਜਾਏ ਆਲੋਚਨਾ ਨੂੰ, ਉਸ ਕਿਰਤ ਵਿੱਚੋਂ ਹੀ ਸਿਰਜਣਾਤਮਕ ਸਿਧਾਂਤ ਲੱਭਣੇ ਚਾਹੀਦੇ ਹਨ। ਆਲੋਚਨਾ ਕਿਸੇ ਕ੍ਰਿਤ ਦੀ ਅੰਤਰ ਭਾਵਨਾ ਨੂੰ ਸਮਝਦੇ ਹੋਇਆ ਉਸ ਵਿੱਚੋਂ ਸਤਿਅਮ, ਸ਼ਿਵਮ, ਸੁੰਦਰਮ ਦੇ ਅੰਕ ਲੱਭਦਾ ਹੈ, ਇਸ ਪ੍ਰਕਾਰ ਉਹ ਆਲੋਚਕ ਦੇ ਨਾਲ ਨਾਲ ਇੱਕ ਸਿਰਜਕ(ਰਚਨਹਾਰ) ਦਾ ਵੀ ਕੰਮ ਕਰ ਰਿਹਾ ਹੁੰਦਾ ਹੈ।ਇਸ ਵਿੱਚ ਕਿਸੇ ਰਚਨਾ ਬਾਰੇ ਆਲੋਚਕ ਦੀਆਂ ਨਿੱਜੀ ਪ੍ਰਤੀਕਿਰਿਆਵਾਂ ਨੂੰ ਕੋਈ ਮਹੱਤਵ ਨਹੀਂ ਦਿੱਤਾ ਜਾਂਦਾ, ਸਿਧਾਂਤਾਂ ਤੇ ਆਦਰਸ਼ਾਂ, ਸਮਾਜਿਕ ਤੇ ਨੈਤਿਕ ਉਦੇਸ਼ਾਂ ਦੇ ਆਧਾਰ ਉੱਤੇ ਆਪਣੇ ਵੱਲੋਂ ਕਿਸੇ ਰਚਨਾ ਬਾਰੇ ਕੋਈ ਨਿਰਣਾ ਨਹੀਂ ਦੇਂਦਾ, ਸਗੋਂ ਉਸ ਵਿੱਚਲੇ ਗੁਣਾਂ ਰਚਲਾਤਮਕ ਤੇ ਵਿਚਾਰਗਤ ਉਦੇਸ਼ਾ ਦੀ ਵਿਗਿਆਨਕ ਵਿਆਖਿਆ ਤੇ ਵਿਸ਼ਲੇਸ਼ਣ ਹੀ ਇਸ ਆਲੋਚਨਾ ਦੀ ਇੱਕੋ ਇੱਕ ਆਸਾ ਹੁੰਦੀ ਹੈ।(੪)

ਸਪੇਖਕ ਜਾਂ ਵਿਆਕਤੀਗਤ ਆਲੋਚਨਾ

ਅਜਿਹੀ ਕਿਸਮ ਦੀ ਆਲੋਚਨਾ ਕਾਵਿ ਸ਼ਾਸਤਰ ਦੇ ਨਾ ਤਾਂ ਕਿਸੇ ਸਿਧਾਂਤ ਨਾਲ ਹੀ ਬੱਝੀ ਹੁੰਦੀ ਹੈ ਤੇ ਨਾ ਹੀ ਕਿਸੇ ਚਲੰਤ ਵਿਚਾਰਧਾਰਾ ਵੱਲੋਂ ਪ੍ਰਤੀਬੱਧ।ਇਹ ਆਲੋਚਨਾ ਕਰਨ ਵਾਲਾ ਵਿਦਵਾਨ ਵਿਅਕਤੀ ਦੀ ਆਪਣੀ ਪਸੰਦ ਦੇ ਪ੍ਰਸਤੁਤ ਕੀਤੇ ਵਿਚਾਰ ਹੁੰਦੇ ਹਨ, ਜਿਸ ਵਿੱਚ ਸਾਹਿਤਕ ਆਲੋਚਨਾ ਦੀ ਗਰਾਮਰ ਤਕਰੀਬਨ ਨਜ਼ਰ ਅੰਦਾਜ਼ ਹੀ ਹੁੰਦੀ ਹੈ।ਇਸ ਕਰਕੇ ਅਜਿਹੀ ਕਿਸਮ ਦੀ ਆਲੋਚਨਾ ਸਿਰਫ਼ ਭਾਵੁਕ ਹੀ ਹੋ ਨਿਬੜਦੀ ਹੈ ਤੇ ਫਲਸਰੂਪ ਇਹ ਆਲੋਚਨਾ ਚਿਰ ਸਦੀਵੀ ਜਾਂ ਸਾਹਿਤ ਆਲੋਚਨਾ ਦੀ ਕੋਟੀ ਵਿੱਚ ਨਹੀਂ ਗਿਣੀ ਜਾ ਸਕਦੀ। ਭਾਵੁਕ ਹੋਣ ਕਰਕੇ ਹੀ ਇਸਦਾ ਜੇਕਰ ਕੋਈ ਆਧਾਰ ਹੁੰਦਾ ਹੈ ਤਾਂ ਉਹ ਵਕਤੀ।ਬਦਲਦੀਆਂ ਪਰਸਥਿਤੀਆਂ ਵਿੱਚ ਇਹ ਆਲੋਚਨਾ ਆਪਣਾ ਸਰੂਪ ਗਵਾ ਬੈਠਦੀ ਹੈ।ਗੱਲ ਦੀ ਸਪੇਖਕ ਆਲੋਚਨਾ ਬੌਧਿਕਤਾ ਤੋਂ ਕੋਰੀ, ਸਿੱਧੀ ਅਤੇ ਸਪੱਸ਼ਟ ਵੀ ਹੋ ਜਾਇਆ ਕਰਦੀ ਹੈ ਜਿਸ ਕਰਕੇ ਸਾਹਿਤ ਦੇ ਆਲੋਚਨਾ ਜਗਤ ਵਿੱਚ ਇਸਦੀ ਮਹੱਤਤਾ ਗੁਣਾਤਮਕ ਪੱਖੋਂ ਘੱਟ ਅਤੇ ਗਿਣਾਤਮ ਪੱਖੋਂ ਜਿਆਦਾ ਹੁੰਦੀ ਹੈ।

ਮਨੋਵਿਗਿਆਨਕ ਆਲੋਚਨਾ

ਇਸ ਕਿਸਮ ਦੀ ਆਲੋਚਨਾ ਜਦੋਂ ਕੋਈ ਵਿਦਵਾਨ ਆਲੋਚਨਾ ਕਰਦਾ ਹੈ ਤਾਂ ਉਹ ਕਵਿਤਾ ਜਾਂ ਕਵਿਤਾ ਦੀ ਸੰਰਚਨਾ ਨਾਲੋਂ ਕਿਤੇ ਵੱਧ ਕਵੀ ਦੀ ਮਾਨਸਿਕ ਪ੍ਰਵਿਰਤੀ ਜਾਂ ਰੁਝਾਨ ਨੂੰ ਮੱਦੇ ਨਜ਼ਰ ਰੱਖ ਕੇ ਕਰਦਾ ਹੈ।ਕਹਿਣ ਦਾ ਭਾਵ ਹੈ ਕਿ ਮਨੋਵਿਗਿਆਨਕ ਆਲੋਚਨਾ ਕਰਦੇ ਵਕਤ ਆਲੋਚਕ ਰਚਨਾ ਨੂੰ ਰਚਨਾਕਾਰ ਦੇ ਨਿੱਜ ਜਾਂ ਉਸਦੀ ਨਿੱਜੀ ਜਿੰਦਗੀ ਦੀਆਂ ਘਟਨਾਵਾਂ ਨਾਲ ਜੋੜਕੇ ਵਿਸ਼ਾ ਵਸਤੂ ਦੀ ਪਰਮਾਣਿਕਤਾ ਸਿੱਧ ਕਰਦਾ ਹੈ।ਇਹ ਨਿੱਜੀ ਜਿੰਦਗੀ ਦੀਆਂ ਉਹ ਘਟਨਾਵਾਂ ਹੁੰਦੀਆਂ ਹਨ ਜਿਨ੍ਹਾਂ ਨੇ ਰਚਨਾਕਾਰ ਦੇ ਮਨ ਤੇ ਕੋਈ ਪ੍ਰਭਾਵ ਪਾਇਆ ਹੋਵੇ ਜਾਂ ਉਨ੍ਹਾਂ ਕਰਕੇ ਮਨ ਵਿੱਚ ਉੱਥਲ-ਪੁਥਲ ਹੋ ਰਹੀ ਹੋਵੇ।

ਕਈ ਆਲੋਚਕ ਇਸ ਆਲੋਚਨਾ ਨੂੰ ਵਿਆਖਿਆਤਮਕ ਆਲੋਚਨਾ ਵੀ ਕਹਿੰਦੇ ਹਨ ਕਿਉਂਕਿ ਵਿਆਖਿਆਤਮਕ ਆਲੋਚਨਾ ਰਾਹੀਂ ਆਲੋਚਕ ਇੱਕ ਰਚਨਾਕਾਰ ਦੀ ਅੰਤਰ ਭਾਵਨਾ ਨੂੰ ਸਮਝਦਾ ਹੋਇਆ ਹੀ ਆਲੋਚਨਾ ਕਰਦਾ ਹੈ।ਪਰ ਸਾਡੀ ਜਾਂਚੇ ਦੋਹਾਂ ਵਿਆਖਿਆਤਮਕ ਆਲੋਚਨਾ ਪ੍ਰਣਾਲੀਆਂ ਕੁੱਝ ਅੰਤਰ ਜਰੂਰ ਹੈ।ਜਿਵੇਂ ਕਿ ਉੱਪਰ ਦੱਸਿਆ ਜਾ ਚੁੱਕਾ ਹੈ ਕਿ ਆਲੋਚਕ ਰਚਨਾਕਾਰ ਦੇ ਰੂਪ ਵਿੱਚ ਹੁੰਦਾ ਹੋਇਆ ਨਾਲ ਨਾਲ ਰਚਨਾਕਾਰ ਦੀ ਜੀਵਨ ਦ੍ਰਿਸ਼ਟੀ ਅਤੇ ਉਸਦੇ ਮਨ ਦੀ ਪ੍ਰਵਿਰਤੀ ਦਾ ਵੀ ਖਿਆਲ ਰੱਖਦਾ ਹੈ, ਇਸ ਆਲੋਚਨਾ ਪੱਧਤੀ ਦੇ ਆਧਾਰ ਤੇ ਪ੍ਰਸਿੱਧ ਮਨੋਵਿਸਲੇਸ਼ਣ ਸਾਸ਼ਤਰੀ ਟਰਾਇਡ ਏਡਲਰ ਤੇ ਯੁੰਗ ਆਦਿ ਹਨ, ਇਨ੍ਹਾਂ ਹੀ ਮਨੁੱਖੀ ਮਨ ਦੀਆਂ ਅਭ੍ਰਿਪਤ ਇੱਛਾਵਾਂ ਨੂੰ ਸਾਹਿਤ ਦਾ ਸਰੋਤ ਦੱਸਿਆ ਹੈ। ਇਸ ਲਈ ਇਨ੍ਹਾਂ ਵਿਚਾਰਾਂ ਦੇ ਸਾਰਥਕ ਆਲੋਚਕ ਇਹ ਕਹਿੰਦੇ ਹਨ ਕਿ ਸਾਹਿਤਕਾਰ ਨੂੰ ਪੂਰਨ੍ਭਾਂਤ ਸਮਝਣ ਲਈ ਸਾਹਿਤਕਾਰ ਦੀ ਮਾਨਸਿਕਤਾ ਦੇ ਸੁਭਾਅ ਦਾ ਵਿਸ਼ਲੇਸਣ ਜਰੂਰੀ ਹੈ।(੫)

ਇਸ ਆਲੋਚਨਾ ਦਾ ਦੋਸ਼ ਇਹ ਹੈ ਕਿ ਸਾਹਿਤਕਾਰ ਦੀ ਮਾਨਸਿਕਤਾ ਨਾਲ ਜੁੜੀ ਹੋਣ ਕਰਕੇ ਸਮਾਜ ਦੇ ਸਮੁੱਚੇ ਵਰਤਾਰੇ ਨਾਲੋਂ ਟੁੱਟਕੇ ਅਣਯਥਾਰਥਕ ਸਿੱਟੇ ਕੱਢਦੀ ਹੈ।ਸਾਹਿਤਕਾਰ ਦੇ ਜੀਵਨ ਨਾਲ ਸੰਬੰਧਿਤ ਹੋਣ ਕਰਕੇ ਹੀ ਇਹ ਆਲੋਚਕ ਸਾਹਿਤਕ ਆਲੋਚਨਾ ਨਾ ਰਹਿ ਕੇ ਇੱਕ ਜੀਵਨਤਮਕ ਆਲੋਚਨਾ ਬਣ ਕੇ ਰਹਿ ਜਾਂਦੀ ਹੈ।

ਪ੍ਰਭਾਵਵਾਦੀ ਆਲੋਚਨਾ

ਇਸ ਆਲੋਚਨਾ ਨੂੰ ਆਤਮਨਿਸ਼ਠ ਆਲੋਚਨਾ ਵੀ ਕਿਹਾ ਜਾਂਦਾ ਹੈ।ਕਿਉਂਕਿ ਇਸ ਰਾਹੀਂ ਆਲੋਚਕ ਕੋਈ ਰਚਨਾ ਪੜ੍ਹਕੇ ਐਨਾ ਅੰਤਰਮੁਖੀ ਹੋ ਜਾਂਦਾ ਹੈ ਕਿ ਉਹ ਰਚਨਾਕਾਰ ਤੋਂ ਕੋਈ ਪ੍ਰਭਾਵ ਅਪਣੇ ਮਨ ਤੇ ਪੁਆ ਬੈਠਦਾ ਹੈ।ਫਿਰ ਉਹਨਾਂ ਪ੍ਰਭਾਵਾਂ ਦੀ ਹੀ ਵਿਆਖਿਆ ਕਰਦਾ ਹੈ ਤਾਂ ਅਸੀਂ ਕਹਿੰਦੇ ਹਾਂ ਕਿ ਇਹ ਪ੍ਰਭਾਵਵਾਦੀ ਆਲੋਚਨਾ ਹੈ।ਕਹਿਣ ਦਾ ਭਾਵ ਹੈ ਕਿ ਪਹਿਲੇ ਆਲੋਚਕ ਕਿਸੇ ਦੀ ਰਚਨਾ ਪੜ੍ਹਦਾ ਹੈ ਅਤੇ ਫਿਰ ਉਸ ਵਿੱਚੋਂ ਉਸਨੂੰ ਚਮਤਕਾਰੀ ਗੱਲ ਅਪੀਲ ਕਰਦੀ ਹੈ ਤੇ ਉਸ ਅਪੀਲ ਕੀਤੀ ਗੱਲ ਤੇ ਪ੍ਰਤੀਕਰਮ ਵਜੋਂ ਮਨ ਵਿੱਚ ਉਪਜੇ ਪ੍ਰਭਾਵਾਂ ਦਾ ਨਿਰੂਪਣ ਕਰਦਾ ਹੈ।ਇਹ ਨਿਰੂਪਿਤ ਪ੍ਰਭਾਵ ਹੀ ਉਸਦੀ ਪ੍ਰਭਾਵਵਾਦੀ ਆਲੋਚਨਾ ਵੱਲ ਸੰਕੇਤ ਕਰਦੇ ਹਨ।ਇਹ ਆਲੋਚਨਾ ਆਲੋਚਕ ਦੀ ਵਿਅਕਤੀਗਤ ਅਨੁਭੂਤੀ ਦੀ ਪ੍ਰਤੀਕ ਹੁੰਦੀ ਹੈ।ਜੋ ਕਵੀ ਦੀ ਕਲਾਤਮਕ ਸ਼ੈਲੀ ਤੋਂ ਪ੍ਰਭਾਵਿਤ ਹੋ ਕੇ ਕੀਤੀ ਹੁੰਦੀ ਹੈ।ਇਸ ਆਲੋਚਨਾ ਰਾਹੀਂ ਰਚਨਾ ਦਾ ਆਲੋਚਨਾਤਮਕ ਵਿਸ਼ਲੇਸ਼ਣ ਨਹੀਂ ਕੀਤਾ ਜਾਂਦਾ, ਸਗੋਂ ਰਚਨਾ ਵਿਚਲੇ ਜੋ ਪ੍ਰਭਾਵ ਆਲੋਚਕ ਦੇ ਮਨ ਤੇ ਪਏ ਹੁੰਦੇ ਹਨ, ਉਹਨਾਂ ਦਾ ਪ੍ਰਤੀਕਰਮ ਹੀ ਅਭਿਵਿਅਕਤ ਹੁੰਦਾ ਹੈ।

ਪ੍ਰਗਤੀਵਾਦੀ ਜਾਂ ਮਾਰਕਸਵਾਦੀ ਆਲੋਚਨਾ

ਇਸ ਆਲੋਚਨਾ ਪ੍ਰਣਾਲੀ ਨੂੰ ਅਸੀਂ ਸਮਾਜਵਾਦੀ ਯਥਾਰਥ ਦੇ ਅੰਤਰਗਤ ਵੀ ਵਿਚਾਰਦੇ ਰਹੇ ਹਾਂ।ਇਸ ਆਲੋਚਨਾ ਨੂੰ ਵਿਕਸਿਤ ਕਰਨ ਵਾਲਾ ਪ੍ਰਮੁੱਖ ਰੂਪ ਵਿੱਚ ਕਾਰਲ ਮਾਰਕਸ ਹੀ ਹੈ ਜੋ ਸਮਾਜੀ ਵਿਵਸਥਾ ਦਾ ਮੂਲ ਆਧਾਰ ਆਰਥਿਕਤਾ ਨੂੰ ਹੀ ਮੰਨਦਾ ਹੈ।ਇਹ ਆਰਥਿਕਤਾ ਹੀ ਹੈ ਜਿਸ ਨੇ ਦੁਨੀਆ ਵਿੱਚ ਦੋ ਧੜੇ ਸਾਧਨਹੀਣ ਅਤੇ ਸਾਧਨਸ਼ੀਲ ਬਣਾਏ ਹਨ।ਇਨ੍ਹਾਂ ਦੋ ਧੜਿਆਂ ਜਾਂ ਵਰਗਾ ਨੂੰ ਇੱਕ ਪਲੇਨਫਾਰਮ ਤੇ ਲਿਆਉਣ ਲਈ ਮਾਰਕਸ ੌਸ਼੍ਰੇਣੀਰਹਿਤ ਸਮਾਜੌਦਾ ਪ੍ਰਸਤਾਵ ਰੱਖਦਾ ਹੈ ਜਿਸਦੀ ੳੁੱਪਲਬਧੀ ਸ੍ਰੇਣੀ ਸੰਘਰਸ਼ ਵਿੱਚ ਹੀ ਹੋ ਸਕਦੀ ਹੈ।ਅਜਿਹੀਆਲੋਚਨਾ ਦੇ ਅੰਕਰਗਤ ਲਿਖਿਆ ਸਾਹਿਤ ਸ਼੍ਰੇਣੀ ਸੰਘਰਸ਼ ਨੂੰ ਪਹਿਲ ਦਿੱਤੀ ਹੈ।ਇਸ ਕਿਸਮ ਦਾ ਆਲੋਚਕ ਕਿਸੇ ਵੀ ਰਚਨਾ ਨੂੰ ਸਰਵੋਤਮ ਕਹਿਣ ਲਈ ਰਚਨਾ ਵਿੱਚੋਂ ਕਿਰਤੀ ਜਮਾਤ ਦੀਆਂ ਸਮੱਸਿਆਵਾਂ ਅਤੇ ਉਹਨਾਂ ਦੇ ਘੋਲਾਂ ਬਾਰੇ ਕੀਤੀਆਂ ਗੱਲਾ ਦਾ ਲੇਖਾ ਜੋਖਾ ਕਰਦਾ ਹੈ।ਉਹ ਕਿਰਤੀ ਸ਼੍ਰੇਣੀ ਨੂੰ ਸ਼ੋਸਿਤ ਧਿਰ ਤੋਂ ਆਪਣੇ ਹੱਕ ਖੋਹਣ ਲਈ ਜਥੇਬੰਦ ਹੋਣ ਦੀ ਪ੍ਰੇਰਣਾ ਦੇਣ ਵਾਲੇ ਕਥਨਾਂ ਨੂੰ ਢੂੰਡਦਾ ਹੈ।ਮਾਰਕਸ ਦੇ ਇਸ ਸਿਧਾਂਤ ਦਵੰਦਾਤਮਕ ਭੌਤਿਕਵਾਦ ਅਨੁਸਾਰ ਸ੍ਰਿਸ਼ਟੀ ਦਾ ਆਧਾਰ ਪਦਾਰਥ ਹੈ ਜੋ ਪਰਵਰਤਲਸ਼ੀਲ ਵੀ ਹੈ ਅਤੇ ਜਿਹੜਾ ਪਹਿਲਾ ਹੀ ਸ੍ਰਿਸ਼ਟੀ ਵਿੱਚ ਮੌਜੂਦ ਹੁੰਦਾ ਹੈ।ਪਦਾਰਥ ਅਤੇ ਚਿੱਤ ਦੇ ਆਪਸੀ ਦਾਵੰਦ ਕਰਕੇ ਹੀ ਇਸ ਨੂੰ ਦਾਵੰਦਾਤਮਕ ਭੌਤਿਕਵਾਦ ਦਾ ਨਾਮ ਦਿੱਤਾ ਗਿਆ ਹੈ।ਮਾਰਕਸ ਦੀ ਇਸ ਆਲੋਚਨਾ ਪੱਧਤੀ ਦਾ ਮਗਰੋਂ ਮੈਕਲਿਮ ਗੋਰਕੀ ਤੇ ਪਲੈਖਾਨੋਵ ਵਰਗਿਆ ਵਿਸਥਾਰ ਕੀਤਾ।ਪੰਜਾਬੀ ਵਿੱਚ ਪ੍ਰਿੰ. ਸੰਤ ਸਿੰਘ ਸੇਂਖੋ ਅਤੇ ਪ੍ਰੋ. ਕਿਸ਼ਨ ਸਿੰਘ ਦੀ ਆਲੋਚਨਾ ਇਸ ਪੱਧਰ ਦੀ ਮੰਨੀ ਗਈ ਹੈ।

ਇਸ ਆਲੋਚਨਾ ਦਾ ਦੋਸ਼ ਇਹ ਹੈ ਕਿ ਇਹ ਸੁਹਜ ਸੁਆਦ ਅਤੇ ਕਲਾ ਪੱਖ ਨੂੰ ਬਿਲਕੁਲ ਨਜ਼ਰ ਅੰਦਾਜ ਕਰਕੇ ਵਸਤੂ ਪਦਾਰਥ ਉੱਪਰ ਬਲ ਦਿੱਤਾ ਜਾਂਦਾ ਹੈ।ਦੂਸਰਾ ਇਸ ਵਿੱਚ ਵਿਅਕਤੀਗਤ ਪ੍ਰਤਿਭਾ ਦੇ ਚਮਤਕਾਰੀ ਪ੍ਰਭਾਵ ਨੂੰ ਪਹਿਲ ਦੇਣ ਦੀ ਥਾਂ ਸਮੂਹਿਕ ਹਿੱਤ ਹੀ ਪਰਖੇ ਜਾਂਦੇ ਹਨ।ਇੰਝ ਕਈ ਵਾਰ ਆਲੋਚਨਾ ਕਰਦਿਆਂ ਕਵਿਤਾ ਵਿੱਚੋਂ ਕਵੀ ਦੀ ਸ਼ਖਸੀਅਤ ਖਤਮ ਹੋ ਜਾਂਦੀ ਹੈ।ਇਸ ਤੋਂ ਇਲਾਵਾ ਇਸ ਆਲੋਚਨਾ ਪੱਧਤੀ ਦਾ ਇੱਕ ਹੋਰ ਨੁਕਸ ਇਹ ਵੀ ਹੈ ਕਿ ਉਹ ਆਰਥਿਕ ਮੁੱਲਾਂ ਨੂੰ ਐਨਾਂ ਮਹੱਤਵਪੂਰਣ ਮੰਨਦੀ ਹੈ ਕਿ ਇਸਦੇ ਦਬਾਅ ਹੇਠ ਆ ਕੇ ਸਮਾਜ ਦੇ ਦੂਸਰੇ ਮੁੱਲ ਅਤੇ ਸਰੋਕਾਰ ਗਾਇਬ ਹੋ ਕੇ ਰਹਿ ਜਾਂਦੇ ਹਨ।ਪਰ ਇਸਦੀ ਜੋ ਵੱਡੀ ਦੇਣ ਹੈ ਉਹ ਇਹ ਹੈ ਕਿ ਇਸ ਆਲੋਚਨਾ ਨੇ ਸਾਹਿਤ ਵਿੱਚ ਪ੍ਰਵੇਸ਼ ਪਲਾਇਨਵਾਦੀ ਰੁਚੀਆਂ ਦਾ ਨਾਕਾਰਣ ਕੀਤਾ।

ਸੰਰਚਨਾਵਾਦੀ ਆਲੋਚਨਾ

ਸੰਰਚਨਾਵਾਦ ਦਾ ਅੰਗਰੇਜ਼ੀ ਪਰਿਆਇ ਹੈ:ਸਟਰਕਚਾਲਿਜਮ ਜਿਸਦਾ ਦੂਸਰਾ ਅਰਥ ਹੈ: ਸਿਸਟਮ।ਇਸ ਆਲੋਚਨਾ ਦੇ ਸਮਰਥਕ ਇਹ ਕਹਿੰਦੇ ਹਨ ਕਿ ਗਿਆਨ ਦੀ ਪ੍ਰਾਪਤੀ ਉਹਨਾਂ ਚਿਰ ਆਧੂਰੀ ਹੈ ਜਿਨ੍ਹਾਂ ਚਿਰ ਕਵਿਤਾ ਦੇ ਸਾਰਿਆ ਅੰਗਾਂ ਦਾ ਇੱਕ ਦੁਜੇ ਨਾਲ ਸੰਬੰਧ ਨਾ ਜੁੜਦਾ ਹੋਵੇ।ਇੱਕ ਅੰਗ ਸੰਕਲਪ ਦੀ ਸਾਰਥਕਤਾ ਤਾਂ ਹੀ ਗ੍ਰਹਿਣ ਹੋਵੇਗੀ ਜੇਕਰ ਉਸਦਾ ਰਿਸ਼ਤਾ ਕਵਿਤਾ ਦੇ ਦੂਜੇ ਅੰਗ ਨਾਲ ਵੀ ਹੋਵੇ।ਡਾ. ਹਰਿਭਜਨ ਸਿੰਘ ਅਨੁਸਾਰ, ਸੰਰਚਨਾਵਾਦ ਕੋਈ ਸਿਧਾਂਤ ਨਹੀਂ, ਕੇਵਲ ਇੱਕ ਦ੍ਰਿਸ਼ਟੀ ਬਿੰਦੂ ਹੈ ਗਿਆਨ ਪ੍ਰਾਪਤੀ ਦਾ।ਇਸਦੀ ਮੂਲ ਸਥਾਪਨਾ ਇਹ ਹੈ ਕਿ ਕਿਸੇ ਵਸਤੂ ਵਿਸ਼ੇਸ ਨੂੰ ਇੱਕ ਸੰਰਚਨਾ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ।ਸੰਰਚਨਾ ਇੱਕ ਸਮੁੱਚ ਹੈ ਜਿਸਦੇ ਅੰਗ ਇੱਕ ਦੂਜੇ ਨਾਲ ਸਾਰਥਕ ਰੂਪ ਵਿੱਚ ਅੰਤਰ ਸੰਬੰਧਿਤ ਰਹਿੰਦੇ ਹਨ ਤੇ ਸਮੁੱਚ ਦੇ ਸਾਰਥਕ ਰੂਪ ਵਿੱਚ ਇਸਦਾ ਵਡੇਰੇ ਸਮਾਜਿਕ ਪਸਾਰੇ ਵਿੱਚ ਇੱਕ ਸਾਰਥਕ ਪ੍ਰਯੋਜਨ ਹੁੰਦਾ ਹੈ।

ਰੂਪਕੀ:

ਇਸ ਆਲੋਚਨਾ ਪ੍ਰਣਾਲੀ ਦਾ ਮੁੱਖ ਫਾਇਦਾ ਇਹ ਹੈ ਕਿ ਕਵੀ ਦੇ ਨਿੱਜ ਨਾਲੋਂ ਕਵਿਤਾ ਦਾ ਨਾਤਾ ਤੋੜ ਕੇ ਆਲੋਚਕ ਉਸਦੀ ਕਵਿਤਾ ਦਾ ਮੁਲਾਂਕਣ ਕਰਦਾ ਹੈ।ਇਸ ਪ੍ਰਣਾਲੀ ਵਿੱਚ ਭਾਸ਼ਾ ਵਿਗਿਆਨ, ਮਾਨਵ ਵਿਗਿਆਨ ਅਤੇ ਗਣਿਤ ਵਿਗਿਆਨ ਆਦਿ ਦੀਆਂ ਕਈ ਵਿਗਿਆਨਕ ਤਕਨੀਕਾਂ ਨੂੰ ਨਜ਼ਰ ਗੋਚਰੇ ਰੱਖਿਆ ਜਾਂਦਾ ਹੈ।ਇਸ ਆਲੋਚਨਾ ਦੇ ਸਮਰਥਕਾਂ ਨੇ ਪੰਜਾਬੀ ਸਾਹਿਤ ਵਿੱਚ ਇੱਕ ਅਜਿਹੀ ਆਲੋਚਨਾ ਦੀ ਧਿਰਤ ਪਾਈ ਜਿਸਦਾ ਆਧਾਰ ਬਿਲਕੁਲ ਵਿਗਿਆਨ ਸੀ।ਪਰ ਫਿਰ ਵੀ ਇਸ ਆਲੋਚਨਾ ਦਾ ਇਹ ਦੋਸ਼ ਮੰਨਿਆ ਗਿਆ ਹੈ ਕਿ ਇਸ ਸਾਮਾਜ ਦੇ ਸਮੁੱਚੇ ਵਰਤਾਰੇ ਉੱਪਰ ਕੋਈ ਆਲੋਚਨਾਤਮਕ ਟਿੱਪਣੀ ਨਹੀਂ ਕਰਦੀ।ਇਸ ਤੋਂ ਬਾਅਦ ਕਈ ਆਲੋਚਨਾ ਵਿਧੀਆਂ ਹੋਂਦ ਵਿੱਚ ਆ ਚੁੱਕੀਆ ਹਨ।ਸ਼ੈਲੀ ਵਿਗਿਆਨ, ਭਾਸ਼ਾ ਵਿਗਿਆਨ ਅਤੇ ਚਿੰਨ੍ਹ ਵਿਗਿਆਨ ਆਦਿ ਕਈ ਸਮੀਖਿਆ ਵਿਧੀਆ ਅੱਜ ਕੱਲ੍ਹ ਕਾਰਜ਼ਸ਼ੀਲ ਹਨ ਜੋ ਪੰਜਾਬੀ ਸਮੀਖਿਆ ਦਾ ਖੇਤਰ ਖੋਖਲਾ ਕਰ ਰਹੀਆ ਹਨ।

ਆਧੁਨਿਕ ਪੰਜਾਬੀ ਆਲੋਚਨਾ: ਪ੍ਰਮੁੱਖ ਪ੍ਰਵਿਰਤੀਆਂ

(ੳ)     ਪ੍ਰਗਤੀਵਾਦੀ ਪੰਜਾਬੀ ਆਲੋਚਨਾ

ਪ੍ਰਗਤੀਵਾਦੀ ਪੰਜਾਬੀ ਆਲੋਚਨਾ ਪੰਜਾਬੀ ਆਲੋਚਨਾ ਦੇ ਇਤਿਹਾਸ ਵਿੱਚ ਪਹਿਲੀ ਵਿਧੀਵਤ ਆਲੋਚਨਾ ਪ੍ਰਣਾਲੀ ਹੈ। ਇਸਤੋਂ ਪਹਿਲਾਂ ਦੀ ਆਲੋਚਨਾ ਅੰਗ੍ਰੇਜ਼ੀ ਬਸਤੀਵਾਦ ਨਾਲ ਅਤੇ ਸਾਹਿਤ ਸਿਧਾਂਤਾ ਦੀ ਪੇਤਲੀ ਜਿਹੀ ਜਾਣਕਾਰੀ ਵਾਲੀ ਸੀ, ਜਿਸ ਵਿੱਚ ਭਾਰਤੀ ਕਾਵੀ ਸ਼ਾਸਤਰ ਦੇ ਵਿਭਿੰਨ ਸਿਧਾਂਤਾਂ ਦਾ ਵੀ ਦਖਲ ਸੀ। ਇਹ ਸਾਰੀ ਆਲੋਚਨਾ ਆਦਰਸ਼ਵਾਦੀ ਅਤੇ ਸਹਿਤ ਨੂੰ ਮਨੋਰੰਜਨ ਤੋਂ ਉੱਪਰ ਉੱਠ ਕੇ ਨਹੀਂ ਦੇਖ ਸਕੀ। ਪ੍ਰਗਤੀਵਾਦੀ ਪੰਜਾਬੀ ਆਲੋਚਨਾ ਪਹਿਲੀ ਪੰਜਾਬੀ ਆਲੋਚਨਾ ਨਾਲੋਂ ਇਸ ਪੱਖ ਤੋ ਨਿਵੇਕਲੀ ਹੈ ਕਿ ਇਸਨੇ ਸਾਹਿਤ ਨੂੰ ਇੱਕ ਸੱਭਿਆਚਾਰਕ ਸਿਰਜਣਾ ਬਣਾਉਂਦੇ ਸਾਹਿਤਕਾਰ ਨੂੰ ਵਿਚਾਰਧਾਰਕ ਕਾਮਾ ਕਹਿ ਕੇ ਉਸਦੀ ਰਚਨਾ ਨੂੰ ਸਮਾਜਕ ਸੰਘਰਸ਼ ਦਾ ਇੱਕ ਅਨਿੱਖੜ ਅੰਗ ਬਣਾ ਕੇ ਵੇਖਿਆ। ਇਸ ਨਾਲ ਸਾਹਿਤ ਦੀ ਹੋਂਦ, ਮੰਤਵ ਅਤੇ ਪ੍ਰਸੰਗ ਆਦਿ ਨੂੰ ਨਵੇਂ ਅਰਥ ਪ੍ਰਦਾਨ ਕੀਤੇ। ਪ੍ਰਗਤੀਵਾਦੀ ਬਿਨਾਂ ਸ਼ਰਤ ਮਾਕਸਵਾਦੀ ਵਿਚਾਰਾ ਦਾ ਸਿਧਾਂਤਕ ਪਰਿਪੇਖ ਹੈ ਪਰੰਤੂ ਪੰਜਾਬੀ ਵਿੱਚ ਚੱਲੀ ਪ੍ਰਗਤੀਵਾਦੀ ਸਾਹਿਤਧਾਰਾ ਨਾਲ ਸਾਡੇ ਕੁੱਝ ਚਿੰਤਕ ਇਸਨੂੰ ਸੰਬੋਧਿਤ ਕਰ ਲੈਂਦੇ ਹਨ, ਜਦੋਂ ਕਿ ਪ੍ਰਗਤੀਵਾਦੀ ਸਾਹਿਤਕ ਧਾਰਾ ਵਿਚ ਇਕੱਲੀ ਮਾਰਕਸੀ ਦ੍ਰਿਸ਼ਟੀ ਨਹੀਂ ਸੀ, ਸਗੋਂ ਹੋਰ ਵਿਚਾਰ ਵੀ ਨਾਲ ਨਾਲ ਚਲ ਰਹੇ ਹਨ।

ਇਸ ਤਰ੍ਹਾਂ ਭਾਰਤੀ ਸਮਾਜਕ ਰਾਜਨੀਤਕ ਪਰਿਵੇਸ਼ ਵਿਚੋਂ ਜਿਹੜਾ ਪ੍ਰਗਤੀਵਾਦੀ ਸਾਹਿਤਕ ਅੰਦੋਲਨ ਉਤਪੰਨ ਹੁੰਦਾ ਹੈ। ਉਸਨੇ ਪੰਜਾਬੀ ਸਾਹਿਤ ਸਿਰਜਣਧਾਰਾ ਨੂੰ ਪੰਜਾਬੀ ਸਾਹਿਤ ਆਲੋਚਨਾ ਨਾਲੋਂ ਵੱਖਰੀ ਤਰ੍ਹਾਂ ਨਾਲ ਪ੍ਰਭਾਵਤ ਕੀਤਾ ਹੈ।

ਪ੍ਰਗਤੀਵਾਦੀ ਪੰਜਾਬੀ ਆਲੋਚਨਾ ਦਾ ਪਹਿਲਾ ਸੰਸਥਾਪਕ ਆਲੋਚਕ ਸੰਤ ਸਿੰਘ ਸੇਖੋਂ ਹੈ। ਸੰਤ ਸਿੰਘ ਸੇਖੋਂ ਦੀ ਪੁਸਤਕ ‘ਸਾਹਿਤਿਆਰਥ’ ਨਾਲ ਜਿਥੇ ਪ੍ਰਗਤੀਵਾਦੀ ਪੰਜਾਬੀ ਆਲੋਚਨਾ ਦਾ ਉਦੈ ਹੁੰਦਾ ਹੈ, ਉਥੇ ਪੰਜਾਬੀ ਆਲੋਚਨਾ ਦੇ ਇਤਿਹਾਸ ਵਿਚ ਸਿਧਾਂਤਕ ਅਤੇ ਸੁਚੇਤ ਵਿਚਾਰਧਾਰਕ ਆਲੋਚਨਾ ਦਾ ਦੌਰ ਵੀ ਆਰੰਭ ਹੁੰਦਾ ਹੈ।

ਸੰਤ ਸਿੰਘ ਸੇਖੋਂ ਤੋਂ ਬਾਅਦ ਪ੍ਰਗਤੀਵਾਦੀ ਪੰਜਾਬੀ ਆਲੋਚਨਾ ਦੀ ਵਿਕਾਸ ਰੇਖਾ ਵਿਚ ਅਗਲਾ ਮਹੱਤਵਪੂਰਨ ਆਲੋਚਕ ਪੰਜਾਬੀ ਪ੍ਰੋ. ਕਿਸ਼ਨ ਸਿੰਘ ਹੈ। ਪ੍ਰੋ. ਕਿਸ਼ਨ ਸਿੰਘ ਤੋਂ ਬਾਅਦ ਪ੍ਰਗਤੀਵਾਦੀ ਪੰਜਾਬੀ ਆਲੋਚਨਾ ਦੇ ਇਤਿਹਾਸਕ ਵਿਕਾਸ ਵਿਚ ਅਗਲਾ ਮਹੱਤਵਪੂਰਨ ਨਾਂ ਡਾ. ਅਤਰ ਸਿੰਘ ਦਾ ਹੈ। ਇਨ੍ਹਾਂ ਤੋਂ ਬਾਅਦ ਡਾ. ਤੇਜਵੰਤ ਸਿੰਘ ਗਿੱਲ, ਡਾ. ਟੀ.ਆਰ ਵਿਨੋਦ ਅਤੇ ਡਾ. ਕੇਸਰ ਸਿੰਘ ਕੇਸਰ ਇਤਿਹਾਸਕ ਕ੍ਰਮ ਅਨੁਸਾਰ ਸਾਹਮਣੇ ਆਉਂਦੇ ਹਨ। ਪ੍ਰਗਤੀਵਾਦੀ ਪੰਜਾਬੀ ਆਲੋਚਨਾ ਵਿਚ ਹੋਰ ਵੀ ਕੁਝ ਆਲੋਚਕਾਂ ਦੇ ਨਾਂ ਸ਼ਾਮਲ ਕੀਤੇ ਜਾ ਸਕਦੇ ਹਨ ਜਿਨ੍ਹਾਂ ਨੇ ਇਸ ਵਿਚਾਰਧਾਰਕ ਦ੍ਰਿਸ਼ਟੀ ਤੋਂ ਸਾਹਿਤ ਅਤੇ ਸਭਿਆਚਾਰ ਦੇ ਵਿਭਿੰਨ ਰੂਪਾਂ ਵਿਚ ਕੰਮ ਕੀਤਾ ਹੈ। ਇਨ੍ਹਾਂ ਆਲੋਚਕਾਂ ਵਿਚ ਡਾ. ਗੁਰਬਖ਼ਸ਼ ਸਿੰਘ ਫਰੈਂਕ, ਡਾ. ਰਘਬੀਰ ਸਿੰਘ, ਡਾ. ਕਰਮਜੀਤ ਸਿੰਘ ਅਤੇ ਡਾ. ਕੁਲਬੀਰ ਸਿੰਘ ਕਾਂਗ ਦੇ ਨਾਂ ਸ਼ਾਮਲ ਕੀਤੇ ਜਾ ਸਕਦੇ ਹਨ। ਇਨ੍ਹਾਂ ਨੇ ਗਲਪ, ਸਭਿਆਚਾਰ ਅਤੇ ਕਵਿਤਾ ਦੇ ਖੇਤਰ ਵਿੱਚ ਵਿਸ਼ੇਸ਼ ਕੰਮ ਕਰਕੇ ਪ੍ਰਗਤੀਵਾਦੀ ਪੰਜਾਬੀ ਆਲੋਚਨਾ ਨੂੰ ਵਿਕਸਤ ਕੀਤਾ ਹੈ ਅਤੇ ਇਸਨੂੰ ਸਮਰਿਧ ਆਲੋਚਨਾ ਧਾਰਾ ਬਣਾਇਆ ਹੈ।

(ਅ)     ਰੂਪਵਾਦੀ ਪੰਜਾਬੀ ਆਲੋਚਨਾ

         ਰੂਪ ਵਿਗਿਆਨ ਦਾ ਸੰਬੰਧ ਸਾਹਿਤ ਅਧਿਐਨ ਨਾਲ ਹੈ। ਇਹ ਅਧਿਐਨ ਦੀ ਐਸੀ ਵਿਧੀ ਹੈ ਜਿਸਦਾ ਸੰਬੰਧ ਅਰਸਤੂ ਦੇ ਰੂਪ ਸੰਕਲਪ ਨਾਲ ਸਥਾਪਤ ਕੀਤਾ ਜਾ ਸਕਦਾ ਕਿਉਂਕਿ ਉਸਨੇ ਕਈ ਕਿਰਤਾਂ ਦਾ ਅਧਿਐਨ ‘ਰੂਪ’ ਦੀ ਦ੍ਰਿਸ਼ਟੀ ਤੋਂ ਕੀਤਾ ਸੀ ਜਿਸ ਦਾ ਆਧਾਰ ਉਸਦੇ ਸਾਹਿਤ ਸਿਧਾਂਤ ਮੰਨਿਆ।

         ਰੂਪ ਦੀ ਦ੍ਰਿਸ਼ਟੀ ਤੋਂ ਸਾਹਿਤ ਨੂੰ ਪਛਾਨਣ ਦਾ ਆਰੰਭ ਅਰਸਤੂ ਤੋਂ ਹੀ ਸ਼ੁਰੂ ਹੋ ਗਿਆ ਸੀ। ਪਰੰਤੂ ਉਸ ਤੋਂ ਬਾਅਦ ਰਚਨਾ ਨੂੰ ਵਸਤੂ ਅਤੇ ਰੂਪ ਦੀ ਦਵੈਤ ਵਿਚ ਵੰਡ ਦੇਣ ਕਰਕੇ ਸਾਹਿਤਕ ਰਚਨਾ, ਖੰਡਿਤ ਹੋ ਗਈ। 1925 ਤੋਂ 1960 ਤੱਕ ਵੱਖਰੀਆਂ-ਵੱਖਰੀਆਂ ਆਲੋਚਨਾ ਵਿਧੀਆਂ ਅਕਾਦਮਿਕ ਖੇਤਰ ਵਿਚ ਆਉਂਦੀਆਂ ਹਨ। ਇਨ੍ਹਾਂ ਨੂੰ ਵਿਸ਼ਵ ਵਿਚ ਨਵ-ਆਲੋਚਨਾ ਕਿਹਾ ਜਾਣ ਲੱਗਾ। ਇਸ ਨਵ-ਆਲੋਚਨਾ ਦੇ ਦੋ ਵੱਡੇ ਕੇਂਦਰ ਰੂਸ ਅਤੇ ਅਮਰੀਕਾ ਸਨ। ਰੂਸ ਵਿਚ ਰੂਪਵਾਦੀ ਆਲੋਚਨਾ ਅਤੇ ਅਮਰੀਕਾ ਵਿਚ ਰੂਪਵਾਦੀ ਆਲੋਚਨਾ ਨੂੰ ਨਵ-ਆਲੋਚਨਾ ਕਿਹਾ ਗਿਆ। ਇਹ ਵੀਹਵੀਂ ਸਦੀ ਦੇ ਰੂਪਵਾਰ ਨੇ ਆਪਣੇ ਤੋਂ ਪਹਿਲੇ ਆਦਰਸ਼ਵਾਦੀ ਚਿੰਤਨ ਨੂੰ ਰੱਦ ਕਰਕੇ ਨਵਾਂ ‘ਰੂਪ’ ਸੰਕਲਪ ਪੈਦਾ ਕੀਤਾ। ਆਦਰਸ਼ਵਾਦੀ ਚਿੰਤਨ ਅਨੁਸਾਰ ‘ਰੂਪ’ ਭਾਂਡਾ ਹੈ ਅਤੇ ਵਸਤੂ ਉਸ ਵਿਚ ਪਾਈ ਜਾਣ ਵਾਲੀ ਸਮੱਗਰੀ। ਪਰੰਤੂ ਵੀਹਵੀਂ ਸਦੀ ਦੇ ਰੂਪਵਾਦ ਨੇ ਆਪਣਾ ਆਧਾਰ ਭਾਸ਼ਾ ਵਿਗਿਆਨਕ ਲੱਭਤਾ ਨੂੰ ਬਣਾਇਆ ਇਸ ਕਰਕੇ ਵੀਹਵੀਂ ਸਦੀ ਦੀਆਂ ਬਹੁਤੀਆਂ ਆਲੋਚਨਾ ਪ੍ਰਣਾਲੀਆਂ ਆਪਣੇ ਵਿਚ ਕੁਝ ਸਮਾਨਤਾਵਾਂ ਰੱਖਦੀਆਂ ਹਨ। ਰੂਪਵਾਦੀਆਂ ਨੇ ਜਿਸ ਰੂਪ ਦੇ ਸੰਕਲਪ ਨੂੰ ਹੋਂਦ ਵਿਚ ਲਿਆਂਦਾ ਉਸਦਾ ਉਦੇਸ਼ ਸਾਹਿਤਕ ਰਚਨਾਵਾਂ ਨੂੰ ਰੂਪ ਦੀ ਦ੍ਰਿਸ਼ਟੀ ਤੋਂ ਪੜ੍ਹਨ ਸਮਝ ਦਾ ਸੀ। ਇਨ੍ਹਾਂ ਨੇ ਜੋ ਸਾਹਿਤ  ਰਚਨਾ ਲਈ ਸਿਧਾਂਤ ਬਣਾਏ, ਉਹ ਨਿਰੋਲ ਰਚਨਾ ਦੇ ਅੰਦਰੂਨੀ ਨੇਮਾਂ ਉਪਰ ਕੇਂਦਰਿਤ ਰਹਿੰਦੇ ਹਨ।

ਰੂਪਵਾਦੀ ਚਿੰਤਨ ਨੂੰ ਵਿਸ਼ਵ ਵਿਚ ਦੋ ਕੋਟੀਆਂ ਵਿਚ ਸਮਝਿਆ ਗਿਆ ਹੈ:

1.       ਅਮਰੀਕੀ ਨਵ-ਆਲੋਚਨਾ

2.       ਰੂਸੀ ਰੂਪਵਾਦ

1.       ਅਮਰੀਕੀ ਨਵ-ਆਲੋਚਨਾ : ਅਮਰੀਕੀ ਨਵ-ਆਲੋਚਨਾ ਦਾ ਆਰੰਭ 20ਵੀਂ ਸਦੀ ਦੇ ਦੂਜੇ ਦਹਾਕੇ ਵਿਚ ਹੁੰਦਾ ਹੈ। ਪਰੰਤੂ ਇਹ ਅਰਸਤੂ ਕਾਂਤ, ਕਾਲਰਿਜ ਅਤੇ ਕੋਚੇ ਤੋਂ ਆਮ ਤੌਰ ਸ਼ਾਸਤਰ ਸੀ। ਅਮਰੀਕਾ ਨਵ-ਆਲੋਚਨਾ ਨੇ ਅਰਸਤੂ ਦੀਆਂ ਉਨ੍ਹਾਂ ਧਾਰਨਾਵਾਂ ਉਪਰ ਵਧੇਰੇ ਬਲ ਦਿੱਤਾ, ਜਿਹੜੀਆਂ ਰਚਨਾ ਦੀਆਂ ਅੰਤਰੰਗ ਵਿਸ਼ੇਸ਼ਤਾਵਾਂ ਨਾਲ ਸੰਬੰਧਿਤ ਸੀ। ਅਮਰੀਕੀ ਨਵ-ਆਲੋਚਨਾ ਜਾਂ ਕਰੋਅ ਰੈਨਸਮ, ਐਲਨ ਟੇਟ, ਕਲਿੰਥ ਬਰੁਕਸ, ਆਰ.ਪੀ. ਬਲੈਕਮਰ ਦੀ ਆਲੋਚਨਾ ਵਿਚ ਇਹ ਪ੍ਰਭਾਵ ਪ੍ਰਤੱਖ ਰੂਪ ਵਿਚ ਵੇਖਿਆ ਜਾ ਸਕਦਾ ਹੈ।

         ਟੀ.ਈ. ਹਿਊਸ ਅਤੇ ਟੀ.ਐਸ. ਇਲੀਅਟ ਦੇ ਵਿਚਾਰਾਂ ਨੂੰ ਅਮਰੀਕੀ ਨਵ-ਆਲੋਚਨਾ ਵਿਚ ਖਾਸ ਤੌਰ ਤੇ ਵਿਚਾਰਿਆ ਗਿਆ। ਇਲੀਅਟ ਦੇ ਤਿੰਨ ਮੂਲ ਸੰਕਲਪ ਇਸ ਆਲੋਚਨਾ ਵਿਚ ਕੇਂਦਰੀ ਮਹੱਤਵ ਰੱਖਦੇ ਹਨ:

1)           ਨਵੀਆਂ ਰਚਨਾਵਾਂ ਦੇ ਹੋਂਦ ਵਿਚ ਆਉਣ ਨਾਲ ਸਾਹਿਤਕ ਪਰੰਪਰਾ ਅਤੇ ਸਾਹਿਤ ਇਤਿਹਾਸ ਪ੍ਰਵਰਤਿਤ ਹੁੰਦਾ ਹੈ।

2)          ਲੇਖਕ ਦਾ ਅਨੁਭਵ ਉਸ ਦੀ ਕਲਾ ਕਿਰਤ ਵਿਚ ਹੀ ਹੁੰਦਾ ਹੈ। ਇਸ ਕਰਕੇ ਲੇਖਕ ਉਪਰ ਆਲੋਚਕ ਨੂੰ ਕੇਂਦਰਿਤ ਰਹਿਣਾ ਚਾਹੀਦਾ ਹੈ।

3)          ਕਲਾ ਜੀਵਨ-ਪਰਕ ਹਵਾਲਿਆਂ ਤੋਂ ਰਹਿਤ ਹੁੰਦੀ ਹੈ।

ਆਈ.ਏ. ਰਿਚਰਡਸ ਨੇ ਵਿਹਾਰਕ ਸਮੀਖਿਆ ਵਿਚ ਇਸ ਵਿਧੀ ਨੂੰ ਅਪਣਾ ਕੇ ਆਲੋਚਨਾ ਕੀਤੀ, ਜਿਸ ਨਾਲ ਇਸ ਧਾਰਾ ਦਾ ਪ੍ਰਚੱਲਨ ਹੋਇਆ। ਅਮਰੀਕੀ ਆਲੋਚਕਾਂ ਨੇ ਵੱਖਰੇ-ਵੱਖਰੇ ਨੁਕਤਿਆਂ ਨੂੰ ਉਤਾਰਿਆ। ਰੈਨਸਮ ਨੇ ‘ਬਣਤਰ ਅਤੇ ਬੁਣਤਰ’ ਦਾ ਸੰਕਲਪ ਪੇਸ਼ ਕੀਤਾ। ਕਲਿੰਥ ਬਰੁਕਸ ਨੇ ‘ਰੂਪ’ ਨੂੰ ‘ਕਾਵਿ’ ਵੀ ਹੋਂਦ ਵਿਧੀ ਦਾ ਮੁੱਖ ਆਧਾਰ ਮੰਨਿਆ।

2.       ਰੂਸੀ ਰੂਪਵਾਦ : ਰੂਪਵਾਦੀ ਚਿੰਤਨ ਵਿਚ ਦੂਸਰਾ ਮਹੱਤਵਪੂਰਨ ਅਧਿਆਇ ‘ਰੂਸੀ ਰੂਪਵਾਦ’ ਦਾ ਹੈ। ਰੂਸੀ ਰੂਪਵਾਦ 1915-16 ਵਿਚ ਰੂਸ ਵਿਚ ਆਰੰਭ ਹੋਇਆ। 1930 ਦੇ ਨੇੜੇ ਤੇੜੇ ਜੋਜ਼ਫ ਸਟਾਲਿਨ ਦੇ ਰਾਜ ਸਮੇਂ ਇਸ ਨੂੰ ਜਬਰੀ ਤੌਰ 'ਤੇ ਕੁਚਲ ਦਿੱਤਾ ਗਿਆ। ਰੂਸੀ ਰੂਪਵਾਦੀਆਂ ਵਿਚ ਮੁੱਖ ਚਿੰਤਕ ਵਿਕਟਰ ਸ਼ਕਲੋਵਸਕੀ, ਰਮਨ ਜੈਕਬਸਨ, ਬੋਰਸ ਤਮਾਸੇਵਸਦੀ, ਬੋਰਿਸ ਇਖਸਬਾਖ ਅਤੇ ਜੂਰੀ ਤਿਨਿਆਕੋਣ ਸ਼ਾਮ ਹਨ। ਰੂਸੀ ਰੂਪਵਾਦੀ ਵਧੇਰੇ ਕਰਕੇ ਸਾਹਿਤ ਦੀ ਭਾਸ਼ਾ ਉਪਰ ਜ਼ੋਰ ਦਿੰਦੇ ਸਨ। ਉਨ੍ਹਾਂ ਨੇ ਸਾਹਿਤ ਦਾ ਅਧਿਐਨ ਸਾਹਿਤ ਵਜੋਂ ਕਰਦਿਆਂ ਹੋਇਆ ‘ਭਾਸ਼ਾ’ ਤੇ ਵਿਸ਼ੇਸ਼ ਜ਼ੋਰ ਦਿੱਤਾ। ਉਨ੍ਹਾਂ ਦਾ ਬੁਨਿਆਦੀ ਨਿਖੇੜਾ ‘ਕਾਵਿ ਭਾਸ਼ਾ’ ਤੇ ਵਿਹਾਰਕ ਭਾਸ਼ਾ ਦਾ ਸੀ। ਵਿਹਾਰਕ ਭਾਸ਼ਾ ਜੀਵਨ ਦੇ ਵਿਹਾਰ ਨੂੰ ਸਿਰਫ ਸੰਚਾਰਨ ਵਿਚ ਮਦਦ ਦਿੰਦੀ ਹੈ, ਜਦੋਂ ਕਿ ‘ਕਾਵਿ ਭਾਸ਼ਾ’ ਸਮਾਜਕ ਯਥਾਰਥ ਦਾ ਮਹਾਂ ਦ੍ਰਿਸ਼ ਪੇਸ਼ ਕਰਦੀ ਹੈ।

ਰੂਸੀ ਰੂਪਵਾਦ ਦਾ ਦੂਸਰਾ ਪਹਿਲੂ ‘ਥੀਮ’ ਸੀ। ਤੋਮਾਸੇਵਸਕੀ ਦਾ ਵਿਚਾਰ ਸੀ ਕਿ ਸਾਹਿਤਕ ਕਿਰਤ ਨੂੰ ਏਕਤਾ ਉਸਦੇ ਥੀਮ ਤੋਂ ਮਿਲਦੀ ਹੈ, ਜੋ ਉਸਦੇ ਅੰਦਰ ਬਾਹਰ ਆਦਿ ਤੋਂ ਅੰਤ ਤੱਕ ਹਾਜਰ ਰਹਿੰਦਾ ਹੈ। ਉਸ ਅਨੁਸਾਰ ਥੀਮ ਦੀ ਚੋਣ ਸੁਹਜ ਸ਼ਾਸਤਰ ਦਾ ਬੁਨਿਆਦੀ ਸਮੱਸਿਆਕਾਰ ਹੈ। ਉਸਨੇ ਥੀਮ ਨੂੰ ਵਾਕ-ਵਿਗਿਆਨ ਤੱਕ ਲਿਆ ਕੇ ਰਚਨਾ ਨੂੰ ਟੁਕੜਿਆਂ ਵਿਚ ਸਮਝਣ ਦਾ ਆਧਾਰ ਪ੍ਰਦਾਨ ਕੀਤਾ। ਤੀਸਰਾ ਉਨ੍ਹਾਂ ਦਾ ਸਾਹਿਤ ਚਿੰਤਨ ਨੂੰ ਮੋਟਿਫ਼ ਤੋਂ ਵਾਕਫ਼ ਕਰਾਉਣਾਸੀ। ਖੁੱਲ੍ਹੇ ਅਤੇ ਬੰਦ ਮੋਟਿਫ਼ ਰੂਸੀ ਰੂਪਵਾਦ ਦਾ ਪਛਾਣਯੋਗ ਪਹਿਲੂ ਹਨ।

ਹਰਿਭਜਨ ਸਿੰਘ ਇਸ ਚਿੰਤਨ ਦਾ ਪਹਿਲਾ ਪ੍ਰਵਕਤਾ ਹੈ। ਉਸ ਦੀ ਆਲੋਚਨਾ ਦੇ ਰੂਪਵਾਦ ਦੀ ਸੁਰ ਵਧੇਰੇ ਭਾਰੂ ਸੀ। ਸੰਰਚਨਾਵਾਦ ਚਿਹਨ ਵਿਗਿਆਨ, ਸਿਸਟਮੀ ਚੇਤਨਾ, ਥੀਮ ਵਿਗਿਆਨ ਆਦਿਕ ਰਲਵੇਂ-ਮਿਲਵੇਂ ਰੂਪ ਸਨ। ਉਸ ਦੀ ਪਹਿਲੀ ਵਫਾ ਰੂਪਵਾਦੀ ਚਿੰਤਨ ਨਾਲ ਹੈ। ਆਰੰਭਿਕ ਰੂਪ ਵਿਚ ਡਾ. ਤਰਲੋਕ ਸਿੰਘ ਕੰਵਰ, ਡਾ. ਸੁਤਿੰਦਰ ਸਿੰਘ ਨੂਰ, ਡਾ. ਸੁਤਿੰਦਰ ਸਿੰਘ, ਡਾ. ਆਤਮਜੀਤ ਸਿੰਘ ਅਤੇ ਡਾ. ਜਗਬੀਰ ਸਿੰਘ ਇਸ ਚਿੰਤਨ ਨਾਲ ਜੁੜਦੇ ਹਨ।

ਹਵਾਲੇ-

੧) ਪੱਛਮੀ ਤੇ ਭਾਰਤੀ ਸਾਹਿਤ੍ਆਲੋਚਨਾ ਦੇ ਮੁੱਖ ਸਿਧਾਂਤ(ਗੁਰਦੇਵ ਸਿੰਘ),ਪੰਨਾ 34

੨) ਭਾਰਤ ਕਾਵਿ ਸ਼ਾਸਤਰ: ਪ੍ਰੇਮ ਪ੍ਰਕਾਸ਼ ਸਿੰਘ(ਡਾ.),ਪੰਨਾ 373

੩) ਭਾਰਤੀ ਕਾਵਿ ਸ਼ਾਸਤਰ: ਪ੍ਰੇਮ ਪ੍ਰਕਾਸ਼ ਸਿੰਘ(ਡਾ.),ਪੰਨਾ 38

੪)ਪੰਜਾਬੀ ਦੁਨੀਆ ਆਲੋਚਨਾ ਸਿਧਾਂਤਕ ਪੱਖ,ਪੰਨਾ 76

੫) ਆਲੋਚਕ ਸਿਧਾਂਤਕ ਵਿਸ਼ੇਸ ਅੰਕ ਪੰਜਾਬੀ ਦੁਆਰ ,ਪੰਨਾ 73

੬) ਆਧੁਨਿਕ ਆਲੋਚਨਾ: ਨਵ-ਪਰਿਪੇਖ, ਭੁਪਿੰਦਰ ਧਾਲੀਵਾਲ (ਡਾ.), ਪੰਨਾ 40-59