ਪੰਜਾਬੀ ਸੱਭਿਆਚਾਰ ਵਿੱਚ ਲੋਕ ਮੰਨੋਰੰਜਨ ਦੇ ਸਾਧਨ:
ਲੋਕ ਮੰਨੋਰੰਜਨ : ਸੰਕਲਪ, ਅਰਥ, ਸਿਧਾਂਤ ਅਤੇ ਪਰਿਭਾਸ਼ਾ
ਮੰਨੋਰੰਜਨ ਮਨੁੱਖੀ ਜ਼ਿੰਦਗੀ ਦੀ ਇੱਕ ਅਜਿਹੀ ਵਾਸਤਵਿਕਤਾ ਹੈ, ਜਿਸ ਨੂੰ ਹਰ ਮਨੁੱਖ ਜਨਮ ਤੋਂ ਲੈ ਕੇ ਮੌਤ ਤੱਕ ਕਿਸੇ ਨਾ ਕਿਸੇ ਰੂਪ ਵਿਚ ਮਾਣਦਾ ਆਇਆ ਹੈ। ਮੰਨੋਰੰਜਨ ਮਨੁੱਖੀ ਸ਼ੌਕ ਅਤੇ ਲੋੜਾਂ ਦਾ ਅਜਿਹਾ ਕੁਦਰਤੀ ਅਤੇ ਸਰਵ ਵਿਆਪਕ ਵਰਤਾਰਾ ਹੈ।ਜਿਸਦੇ ਬਿਨਾਂ ਮਨੁੱਖੀ ਜ਼ਿੰਦਗੀ ਦਾ ਕਿਆਸ ਵੀ ਨਹੀਂ ਕੀਤਾ ਜਾ ਸਕਦਾ। ਮੰਨੋਰੰਜਨ ਦੀ ਇੱਛਾ ਦਾ ਜਨਮ ਵੀ ਸ਼ਾਇਦ ਮਨੁੱਖ ਦੇ ਜਨਮ ਨਾਲ ਹੀ ਹੋਇਆ ਹੈ। ਜਿਸ ਤਰਾਂ ਮਨੁੱਖ ਨੂੰ ਜੀਵੰਤ ਰਹਿਣ ਲਈ ਹਵਾ , ਪਾਣੀ ਅਤੇ ਅੰਨ ਦੀ ਲੋੜ ਹੈ। ਉਸੇ ਤਰਾਂ ਮਨੋਰੰਜਨ ਵੀ ਮਨੁੱਖ ਦੀ ਮਾਨਸਿਕ ਲੋੜ ਹੈ। ਪ੍ਰਸਿੱਧ ਕਹਾਵਤ ਹੈ ਕਿ " ਮਨੁੱਖ ਕੇਵਲ ਰੋਟੀ ਲਈ ਨਹੀਂ ਜਿਊਂਦਾ।" ਵਿਗਿਆਨਕ ਖੋਜ ਵੀ ਇਹੀ ਸਿੱਧ ਕਰਦੀ ਹੈ।ਮਨੋਰੰਜਨ ਜੀਵਨ ਦਾ ਉਹ ਤਰਤੀਬ ਹੈ ਜੋ ਸਮਾਜ ਦੇ ਜੀਵਨ ਨੂੰ ਨਿਯਮਤ ਕਰਦੀ ਹੈ-ਗੁਰਬਾਣੀ ਦਾ ਮਹਾਂਵਾਕ ,ਨੱਚਣ - ਕੁੱਦਣ ਮਨ ਕਾ ਚਾਓ ਇਸ ਦੀ ਮਹੱਤਾ ਨੂੰ ਹੋਰ ਵੀ ਓੁਘਾੜਦਾ ਹੈ ।
ਮਨੋਰੰਜਨ ਹੀ ਮਨੁੱਖੀ ਜ਼ਿੰਦਗੀ ਦਾ ਅਜਿਹਾ ਪਹਿਲੂ ਹੈ ਜੋ ਉਸਦੀ ਜ਼ਿੰਦਗੀ ਨੂੰ ਹਰ ਪੱਖ ਤੋਂ ਸਾਵਾਂ ਰੱਖਦਾ ਹੈ ਅਤੇ ਮਨੁੱਖ ਦਾ ਸਰਵਪੱਖੀ ਵਿਕਾਸ ਵੀ ਕਰਦਾ ਹੈ ।ਮਨੋਰੰਜਨ ਦੇ ਅਨੇਕਾਂ ਸਾਧਨ ਪਰੰਪਰਾ ਤੋਂ ਹੀ ਮਨੁੱਖ ਦੇ ਜੀਵਨ ਦਾ ਅੰਗ ਬਣੇ ਹੋਏ ਹਨ ਅਤੇ ਅੱਜ ਵੀ ਮਨੋਰੰਜਨ ਦੇ ਪਰੰਪਰਾਗਤ ਸਾਧਨ ਸਾਡੇ ਲਈ ਉਤਨੇ ਹੀ ਸਾਰਥਕ ਹਨ, ਜਿਤਨੇ ਕਿ ਪੁਰਾਣੇ ਸਮੇਂ ਵਿਚ । ਲੋਕ-ਮਨੋਰੰਜਨ ਦੀ ਗੱਲ ਕਰਦੇ ਸਮੇਂ ‘ਲੋਕ’ ਅਤੇ ‘ਮਨੋਰੰਜਨ’ ਦੇ ਅਰਥ ਅਤੇ ਸੰਕਲਪ ਨੂੰ ਸਪੱਸ਼ਟ ਕਰਨਾ ਜ਼ਰੂਰੀ ਹੋ ਜਾਂਦਾ ਹੈ ।
‘ਲੋਕ’ ਸ਼ਬਦ ਅੰਗਰੇਜ਼ੀ ਦੇ ‘ਫੋਕ’ ਦਾ ਸਮਾਨਾਰਥੀ ਹੈ ਜਿਸ ਤੋਂ ਭਾਵ ਉਨ੍ਹਾਂ ਜਨ-ਸਾਧਾਰਨ ਦੇ ਸਮੂਹ ਤੋਂ ਹੈ, ਜਿਨ੍ਹਾਂ ਦੀ ਆਪਣੀ ਕੋਈ ਪਰੰਪਰਾ ਹੋਵੇ । ਕੁਝ ਵਿਦਵਾਨਾਂ ਨੇ ‘ਲੋਕ’ ਸ਼ਬਦ ਨੂੰ ਨਿਮਨ-ਵਰਗ ਜਾਂ ਅਸੱਭਿਅਕ ਲੋਕਾਂ ਲਈ ਹੀ ਵਰਤਿਆ ਹੈ, ਜਿਹੜਾ ਕਿ ਠੀਕ ਨਹੀਂ ਹੈ। ਪ੍ਰੋ. ਮੋਹਨ ਮੈਤਰੇ ਨੇ ਇਸਦੇ ਉਲਟ ‘ਲੋਕ’ ਦੀ ਪਰਿਭਾਸ਼ਾ ਇਨ੍ਹਾਂ ਅਰਥਾਂ ਨਾਲ ਦਿੱਤੀ ਹੈ:
ਲੋਕਯਾਨ ਦੀ ਦ੍ਰਿਸ਼ਟੀ ਤੋਂ ‘ਲੋਕ’ ਦੀ ਭਾਵਨਾ ਏਨੀ ਵਿਆਪਕ ਹੈ ਕਿ ਇਸ ਵਿਚ ਸਿਖਿਅਤ ਅਤੇ ਅਸਿਖਿਅਤ, ਪੇਂਡੂ ਅਤੇ ਸ਼ਹਿਰੀ , ਸੱਭਿਅ ਅਤੇ ਅਸੱਭਿਅ , ਹਰ ਵਰਗ ਦੇ ਵਿਅਕਤੀ ਜਿਨ੍ਹਾਂ ਦੀ ਪਰੰਪਰਾਗਤ ਰੂਪ ਵਿਚ ਕੋਈ ਸਾਂਝ ਹੈ , ਸ਼ਾਮਿਲ ਕੀਤੇ ਜਾਂਦੇ ਹਨ। ਮਨੁੱਖੀ ਸਮੂਹ ਦਾ ਕੋਈ ਵੀ ਅਜੇਹਾ ਵਰਗ , ਜਿਸਦਾ ਆਪਣਾ ਲੋਕਯਾਨ ਹੈ , ਉਹ ਲੋਕ ਹੈ।[1]
ਇਸ ਤਰ੍ਹਾਂ ਸਪੱਸ਼ਟ ਹੈ ਕਿ ‘ਲੋਕ’ ਕਿਸੇ ਸਿੱਧਾਂਤ ਦਾ ਰੂਪ ਨਾ ਹੋ ਕੇ ਜੀਊਂਦਾ-ਜਾਗਦਾ, ਹੱਸਦਾ-ਖੇੜਦਾ, ਨੱਚਦਾ-ਟੱਪਦਾ, ਅਸਲੀ ਰੂਪ ਵਿਚ ਜੀਵੰਤ ਮਨੁੱਖੀ ਸਮੂਹ ਹੈ, ਜੋ ਆਪਣੇ ਅਸਤਿਤਵ ਲਈ ਘਾਲਣਾ ਘਾਲਣ ਵਿਚ ਜੁਟਿਆ ਹੋਇਆ ਹੈ । ਜਦੋਂ ਇਕ ਵਿਆਕਤੀ ਨੂੰ ਸਮੂਹ ਵਿਚ ਲੀਨ ਕਰ ਦਿੱਤਾ ਜਾਂਦਾ ਹੈ ਤਾਂ ਉਸਨੂੰ ‘ਲੋਕ’ ਕਹਿੰਦੇ ਹਨ।
ਲੋਕ ਮੰਨੋਰਜਨ ਦੇ ਸਾਧਨਾ ਤੋ ਭਾਵ ਮੰਨੋਰੰਜਨ ਦੇ ਉਹ ਰਵਾਇਤੀ ਸਾਧਨ ਤੋ ਹੈ, ਜੋ ਕਿਸੇ ਸਮਾਜ ਦੇ ਸਮੂਹ ਵਿੱਚ ਰਹਿੰਦੇ ਲੋਕ ਆਪਣੇ ਵਿਹਾਰਕ ਜੀਵਨ ਦੀ ਰਟ ਨੂੰ ਤੋੜਨ ਲਈ, ਕੰਮਾਂ ਧੰਦਿਆ ਦੇ ਥਕੇਵਿਆ ਨੂੰ ਦੂਰ ਕਰਨ ਖਾਤਰ, ਸਮਾਜਿਕ ਉਤਸਵਾਂ, ਤਿੱਬਾਂ ਤਿਉਹਾਰਾਂ ਨੂੰ ਸਾਣਨ ਲਈ ਅਤੇ ਵਿਹਲੀਆ ਘੜੀਆ ਨੂੰ ਰਸਰਤਾਂ ਬਿਤਾਉਣ ਖਾਤਰ ਅਪਣਾਉਦੇ ਹਨ। ਲੋਕ ਮੰਨੋਰੰਜਨ ਦੇ ਸਾਧਨ ਪੰਜਾਬ ਦੇ ਪੇਂਡੂ ਸਭਿਆਚਾਰਕ ਖੇਤਰ ਦਾ ਇੱਕ ਅਹਿਮ ਅੰਗ ਰਹੇ ਹਨ। ਇਹਨਾਂ ਸਾਧਨਾਂ ਨੂੰ ਲੋਕ ਕਲਾਕਾਰਾਂ ਦੀਆਂ ਉਹਨਾਂ ਮੰਡਲੀਆ ਨੇ ਅਪਣਾਇਆ ਜੋ ਪਿੰਡਾਂ ਵਿੱਚ ਜਾ ਕੇ ਉਹਨਾਂ ਦਾ ਮਨ ਪਰਚਵਾ ਕਰਦੀਆ, ਉਹਨਾਂ ਦੇ ਅਕੇਵੇ ਭਰੇ ਜੀਵਨ ਨੂੰ ਉਤਸਾਹਿਤ ਕਰ ਕੇ ਬੜੋਤ ਵਿੱਚ ਰਵਾਨਗੀ ਲਿਆਉਦੀਆ ਅਤੇ ਸਮੁੱਚੇ ਪਿੰਡ ਵਾਸੀਆ ਦੇ ਜੀਵਨ ਰੌ ਨੂੰ ਬਦਲ ਦੇਦੀਆ। ਇਸ ਨਾਲ ਲੋਕਾਂ ਦੇ ਗਿਆਨ ਵਿੱਚ ਵੀ ਵਾਧਾ ਹੁੰਦਾ ਅਤੇ ਨੈਤਿਕ ਤੇ ਸਦਾਚਾਰ ਕੀਮਤਾਂ ਦੀ ਸੂਝ ਵਧਦੀ। ਪਿੰਡਾਂ ਵਿੱਚ ਵਿਆਹ ਸ਼ਾਦੀ ਦੇ ਅਵਸਰ ਬੜੀ ਧੂਮ-ਧਾਮ ਨਾਲ ਮਨਾਏ ਜਾਂਦੇ ਹਨ। ਵਿਹਾਰਕ ਰਸਮਾਂ ਤੋਂ ਇਲਾਵਾ ਗੀਤ ਨਾਚ ਦੇ ਪ੍ਰੋਗਰਾਮ ਜਿਵੇ ਗਿੱਧਾ ਮੁਟਿਆਰਾਂ ਦੁਆਰਾ ਪਾਇਆ ਜਾਂਦਾ ਤੇ ਗੱਭਰੂਆ ਦੁਆਰਾ ਭੰਗੜਾ । ਪਿੰਡ ਦੀਆਂ ਇਸਤਰੀਆ ਬੜੀ ਖੁਸੀ ਨਾਲ ਇਹ ਅਵਸਰ ਰੱਜ ਕੇ ਮਾਣਦੀਆ ਰਹੀਆ ਹਨ।
ਲੋਕ ਮੰਨੋਰੰਜਨ ਦੇ ਵਿੰਭਿਨ ਸਾਧਨ .ਲੋਕ ਖੇਡਾਂ
. ਲੋਕ ਤਮਾਸ਼ੇ
. ਲੋਕ ਨਾਚ
. ਲੋਕ ਮੇਲੇ
. ਲੋਕ ਸਾਜ਼
. ਲੋਕ ਸਾਹਿਤ[1]
1.ਖੇਡਾਂ - ਅਨੇਕ ਲੋਕ ਖੇਡਾਂ ਮੰਨੋਰੰਜਨ ਲਈ ਹਨ ਜਿਨ੍ਹਾਂ ਵਿੱਚੋਂ ਕੁਸ਼ਤੀ , ਕਬੱਡੀ ,ਰੱਸਾ ਕੱਸੀ, ਮੁਗਦਰ ਚੁੱਕਣਾ , ਮੂੰਗਲੀਆਂ ਫੇਰਨੀਆਂ ,ਬੋਰੀ ਚੱਕਣੀ , ਵੀਹਣੀ ਫੜਨੀ , ਗੱਤਕਾ ਖੇਡਣਾਂ ਆਦਿ ਖੇਡਾਂ ਪੰਜਾਬੀਆਂ ਦੇ ਸਰੀਰਕ ਬਲ ਦਾ ਪ੍ਰਗਟਾਵਾ ਕਰਦੀਆਂ ਹਨ। ਚੋਪੜ , ਸ਼ਤਰੰਜ , ਬਾਰਾ ਟਾਹਣੀ , ਆਦਿ ਖੇਡਾਂ ਬੁੱਧੀ ਦਾ ਪ੍ਰਗਟਾਵਾ ਕਰਦੀਆਂ ਹਨ। ਖਿੱਦੋ ਖੂੰਡੀ, ਛੂਹਣ ਛਪਾਹੀ , ਗੁੱਲੀ ਡੰਡਾ, ਕਬੱਡੀ, ਪਿੱਠੂ , ਰੰਗ ਮੱਲਣ, ਭੰਡਾ ਭੰਡਾਰੀਆ, ਸਟਾਪੂ ਸਮੁੰਦਰ ਮੱਛੀ, ਬੰਟੇ, ਅਖਰੋਟ ਆਦਿ ਪਿੰਡਾਂ ਦੇ ਲੋਕਾਂ ਅਤੇ ਬੱਚਿਆਂ ਦੀਆਂ ਮਨਪਸੰਦ ਖੇਡਾਂ ਹਨ।
2.ਤਮਾਸ਼ੇ-ਅਨੇਕਾਂ ਲੋਕ ਤਮਾਸ਼ੇ ਅਤੇ ਸ਼ੁਗਲ ਪਿੰਡਾਂ ਵਿੱਚ ਮੰਨੋਰੰਜਨ ਲਈ ਹੁਣ ਤੱਕ ਚੱਲਦੇ ਆ ਰਹੇ ਹਨ। ਜਿਹਨਾਂ ਵਿਚ ਮਦਾਰੀ, ਬਾਜ਼ੀਗਰ, ਨਟ, ਸਪੇਰੇ ਆਦਿ ਲੋਕ ਵੱਖ ਵੱਖ ਜਾਨਵਰਾਂ, ਵਸਤਾਂ, ਕਰਤੱਵਾਂ ਨਾਲ ਲੋਕਾਂ ਦਾ ਦਿਲ ਪਰਚਾਵਾ ਕਰ ਰਹੇ ਹਨ। ਇਹਨਾਂ ਵਿੱਚ ਵੱਖ ਵੱਖ ਤਮਾਸ਼ੇ, ਸਰੀਰਕ ਕੁਸ਼ਲਤਾ, ਬਾਂਦਰ ਬਾਂਦਰੀ , ਸੱਪਾਂ , ਨਿਓਲੇ , ਰਿੱਛਾ , ਮੁਰਲੀ , ਝੁਰਲੂ , ਜਮੂਰੇ ਅਤੇ ਹੱਥ ਦੀ ਸਫਾਈ ਨਾਲ ਦਿਖਾਉਂਦੇ ਹਨ। ਵੱਖ ਵੱਖ ਬਾਜ਼ੀਆਂ ਜਿਵੇਂ ਤਿੱਤਰ ਬਾਜ਼ੀ , ਬਟੇਰ ਬਾਜ਼ੀ , ਮੁਰਗਾ ਬਾਜ਼ੀ , ਕਬੂਤਰ ਬਾਜ਼ੀ , ਪਤੰਗ ਬਾਜ਼ੀ ਆਦਿ ਸ਼ੁਗਲ ਦੇ ਸਾਧਨ ਹਨ।
#ਸੌਂਂਕਣ ਦਾ ਮੁਕਾਬਲਾ
ਇੱਕ - ਸਾਰੇ ਭਾਂਡੇ ਤੇਰੇ ਕੋਲ , ਇੱਕ ਕੜਛੀ ਮੇਰੇ ਕੋਲ
ਅਜੇ ਵੀ ਸੌਂਕਣੇ ਲੜੀ ਦੀ ਏਂ , ਲੜ ਲੜ ਗੱਲਾਂ ਕਰਦੀ ਏਂ
ਉਸ ਕੰਜਰ ਨਾਲ ਲੜਿਆ ਕਰ , ਉਹਦੀ ਦਾਹੜੀ ਫੜਿਆ ਕਰ
ਜਿਹਨੇ ਤੈਨੂੰ ਵਿਆਹਿਆ ਸੀ , ਰੱਤੇ ਡੋਲੇ ਪਾਇਆ ਸੀ
ਰੱਤਾਂ ਡੋਲਾ ਚੀਕਦਾ , ਭਾਬੋ ਜੀ ਨੂੰ ਉਡੀਕ ਦਾ
ਸਾਰੀਆ - ਤੇਰਾ ਦਿਲੀ ਮੇਰਾ ਆਗਰਾ , ਆਮੋ-ਸਾਹਮਣੇ
ਸੌਂਕਣ ਸੌਕਣ ਦਾ ਮੁਕਾਬਲਾ - ਆਮੋ-ਸਾਹਮਣੇ
ਸੌਂਕਣ ਸੌਕਣ ਦਾ ਮੁਕਾਬਲਾ - ਆਮੋ-ਸਾਹਮਣੇ
ਹੁਣ ਲੜ ਸੌਂਕਣੇ ਮੈਂ ਤੇਰੇ ਜਿੱਡੀ ਹੋਈ
ਹੁਣ ਲੜ ਸੌਂਕਣੇ ਮੈਂ ਤੇਰੇ ਜਿੱਡੀ ਹੋਈ
ਔਰਤ ਆਪਣਾ ਸਭ ਕੁਝ ਵੰਡ ਸਕਦੀ ਹੈ ਪਰ ਆਪਣੇ ਪਤੀ ਨੂੰ ਨਹੀ ਸੌਂਕਣ ਸ਼ਬਦ ਵੈਸੇ ਵੀ ਸਾਡੇ ਸਭਿਆਚਾਰ ਅੰਦਰ ਇਕ ਗਾਲ਼ ਹੈ।
ਆਪਣੇ ਪਤੀ ਦੀ ਦੂਸਰੀ ਪਤਨੀ ਨੂੰ ਸੌਂਕਣ ਕਿਹਾ ਜਾਂਦਾ ਹੈ । ਪੰਜਾਬੀ ਸਭਿਆਚਾਰ ਵਿੱਚ ਔਰਤਾਂ ਦੇ ਮਨੋਭਾਵਾਂ ਦੇ ਅੰਤਰਗਤ ਔਰਤ ਦੇ ਔਰਤ ਨਾਲ ਆਪਸੀ ਦਵੰਦਾਤਮਿਕ ਰਿਸ਼ਤੇ ਦੀ ਤਰਜਮਾਨੀ ਹੈ ਇਹ ਤਮਾਸ਼ਾ.....ਜਦੋਂ ਇਸ ਸਵਾਂਗ ਨੂੰ ਗਿੱਧੇ ਵਿੱਚ ਪੇਸ਼ ਕੀਤਾਂ ਜਾਂਦਾ ਹੈ ਤਾਂ ਆਪਣੇ ਆਪ ਵਿੱਚ ਬਹੁਤ ਹੀ ਮਹੱਤਵਪੂਰਨ ਹੈ । ਸਰੀਰਕ ਮੁੰਦਰਾਵਾਂ ਨੂੰ ਬੋਲਾਂ ਦੇ ਅਨੁਸਾਰ ਢਾਲਣਾਂ ਰੋਮਾਂਚਿਤ ਲੱਗਦਾ ਹੈ।ਸੌਂਕਣ ਸੌਂਕਣ ਦਾ ਮੁਕਾਬਲਾ ਸਵਾਂਗ ਵਿੱਚ ਦਿ ਅੋਰਤਾਂ ਆਪਸ ਵਿੱਚ ਲੜਨ ਦਾ ਸਵਾਂਗ ਰਚਦੀਆ ਹਨ । ਜੋ ਬਾਹਾਂ ਕੱਢ ਲੜਨ ਵਾਂਗ ਇੱਕ ਦੂਜੀ ਨਾਲ ਮੇਹਣੋਂ-ਮੇਹਣੀ ਹੁੰਦੀਆਂ ਹਨ । ਇਹ ਤਮਾਸ਼ਾ ਔਰਤ ਮਨ ਅੰਦਰ ਚੱਲ ਰਹੀ ਕਸ਼ਮਕਸ਼ ਨੂੰ ਰੂਪਮਾਨ ਕਰਦਾ ਹੋਇਆ ਔਰਤ ਮਰਦ ਦੇ ਸਮਾਜ-ਪ੍ਰਵਾਨਤ ਰਿਸ਼ਤੇ ਦੀ ਪ੍ਰੋੜਤਾ ਕਰਦਾ ਹੈ ।
#ਐਡਾ ਬਿੱਲ ਆ ਗਿਆ
ਪਹਿਲੀ -ਨੀ ਕਰਤਾਰੇ ਦਾ ਸੀ ਵਿਆਹ ........?
ਦੂਜੀ - ਨੀ ਫੇਰ ਕੀ ਹੋਇਆ। ਬੰਤੀਏ !
ਪਹਿਲੀ - ਨੀ ਜਦ ਖਰੀਦਣ ਗਏ ਬਰੀ
ਦੂਜੀ- ਨੀ ........ ਫੇਰ.......?
ਪਹਿਲੀ- ਪਹਿਲਾਂ ਤਾਂ ਮਾਮੀ ਫੱਲੀਓ ਕੱਪੜੇ ਪੜਵਾਈ ਗਈ , ਪੜਵਾਈ ਗਈ ,
ਦੂਜੀ - ਨੀ ਫੇਰ..........
ਪਹਿਲੀ - ਨੀ ਜਦੋਂ ਲਾਲੇ ਨੇ ਮੰਗੇ ਟਕੇ ਨੀ ਉਹ ਤਾਂ ਭਾਈ ਗਸ਼ ਖਾ ਕੇ ਡਿੱਗ ਪਈ ਕਹਿੰਦੀ
ਸਾਰੀਆ -ਐਡਾ ਬਿੱਲ ਆ ਗਿਆ
ਦਿਲ ਘਬਰਾ ਗਿਆ
ਐਡਾ ਬਿੱਲ ਆ ਗਿਆ
ਦਿਲ ਘਬਰਾ ਗਿਆ
ਪੰਜਾਬੀ ਸਭਿਆਚਾਰ ਅੰਦਰ ਪੇਂਡੂ ਜਨ ਜੀਵਨ ਵਿੱਚ ਸ਼ਰੀਕ ਸ਼ਬਦ ਦੀ ਆਪਣੀ ਵਿਆਖਿਆ ਹੈ । ਸ਼ਰੀਕ ਸ਼ਬਦ ਚੋਭਾ ਹੈ ਵਿਰੋਧੀ ਧਿਰ ਦਾ ਸੂਚਕ ਹੈ । ਪੇਂਡੂ ਸਮਾਜ ਅੰਦਰ ਢੇਰ ਚਿਰ ਪਹਿਲਾਂ ਤੋਂ ਹੀ ਅਜਿਹਾ ਸਭਿਆਚਾਰ ਤੇ ਰੀਤੀ ਰਿਵਾਜ਼ ਸਿਰਜੇ ਗਏ ਹਨ। ‘ਐਡਾ ਬਿਲ ਆ ਗਿਆ ‘ ਸਵਾਂਗ ਵਿੱਚ ਸ਼ਰੀਕ ਪਰਿਵਾਰ ਦੀ ਆਰਥਿਕ ਤੇ ਸਮਾਜਿਕ ਦਸ਼ਾ ਤੇ ਵਿਅੰਗ ਕਸਦਿਆਂ ਵਿਆਹ ਸਮੇਂ ਕੀਤੀ ਖਰੀਦੋ ਫਰੋਖਤ ਅਤੇ ਦੁਕਾਨ ਦਾਰ ਵੱਲੋਂ ਹੱਥ ‘ਚ ਫੜਾਏ ਬਿੱਲ ਕਾਰਨ ਉਪਰੋਕਤ ਪਰਿਵਾਰ ਦਾ ਹਾਸਾ ਉਡਾਂਦਿਆਂ , ਇਕ ਸਰੀਕਣ ਔਰਤ ਵਾਪਰੀ ਸਾਰੀ ਘਟਨਾ ਨੂੰ ਮਸਾਲਾ ਲਾ ਕੇ ਨਾਟਕੀ ਅੰਦਾਜ਼ ਵਿੱਚ ਸਾਰੀ ਸਥਿਤੀ ਬਿਆਨ ਕਰਦੀ ਹੈ ।
ਜੋ ਮਨੋਰੰਜਨ ਦੇ ਨਾਲ-ਨਾਲ ਉਸ ਪਰਿਵਾਰ ਦੀ ਆਰਥਿਕ ਦਸ਼ਾ ਦੀ ਪੋਲ ਖੋਲਦੀ ਹੈ ਕੇ ਇਸ ਤਰ੍ਹਾਂ ਨੱਕ-ਨਮੂਜ਼ ਦੀ ਸਲਾਮਤੀ ਲਈ ਲੋਕ ਆਪਣਾ ਚੁਘਾ-ਚੌੜ੍ਹ ਕਰਵਾਉਂਦੇ ਹਨ ।[2]
3.ਲੋਕ ਨਾਚ - ਲੋਕ ਨਾਚ ਅਤੇ ਲੋਕ ਨਾਟ ਵੀ ਪੇਂਡੂ ਲੋਕਾਂ ਦੇ ਬਹੁਤ ਸ਼ਕਤੀਸ਼ਾਲੀ ਅਤੇ ਮਹੱਤਵਪੂਰਨ ਮੰਨੋਰੰਜਨ ਦੇ ਸਾਧਨ ਹਨ। ਲੋਕ ਨਾਟਕ ਵਿੱਚ ਜੀਵਨ ਦੀਆਂ ਪਰੰਪਰਾਵਾਂ ਦਾ ਵਿਕਸਿਤ ਰੂਪ ਹੁੰਦਾ ਹੈ। ਲੋਕ ਨਾਟਕਾਂ ਦੇ ਵੱਖ-ਵੱਖ ਰੂਪਾਂ ਨੂੰ ਭਿੰਨ-ਭਿੰਨ ਪ੍ਰਕਾਰ ਦੀਆਂ ਵਿਧੀਆਂ ਦੁਆਰਾ ਪੇਸ਼ ਕਰਕੇ ਲੋਕਾਂ ਦਾ ਮਨੋਰੰਜਨ ਕਰਨ ਲਈ ਨਾਟਕ ਮੰਡਲੀਆਂ ਪੰਜਾਬ ਦੇ ਲੋਕਾਂ ਵਿੱਚ ਆਮ ਜਾਂਦੀਆਂ ਰਹੀਆਂ ਹਨ। ਲੋਕ ਨਾਟਕਾਂ ਵਿਚ ਨਕਲਾਂ, ਰਾਸਾਂ , ਸੰਵਾਗ , ਨੋਟੰਕੀ ਆਦਿ ਪਰੰਪਰਾਵਾਂ ਦੀਆਂ ਕੜੀਆਂ ਹਨ। ਲੋਕ ਨਾਚਾਂ ਦੁਆਰਾ ਮਨੁੱਖ ਦੇ ਅੰਦਰਲੇ ਚਾਵਾਂ , ਉਮੰਗਾਂ ਅਤੇ ਖੁਸ਼ੀਆਂ ਦਾ ਸਰੀਰਕ ਅੰਗਾਂ ਦੀਆਂ ਮੁਦਰਾਵਾਂ ਦੁਆਰਾ ਪ੍ਰਗਟਾਵਾ ਕੀਤਾ ਜਾਂਦਾ ਹੈ।
4.ਲੋਕ ਸਾਜ਼- ਅਨੇਕਾਂ ਵਾਜੇ ਅਤੇ ਲੋਕ ਸਾਜ਼ ਸੰਗੀਤ ਮਨੁੱਖੀ ਮਨ ਪਰਚਾਵੇ ਲਈ ਹਨ ਜਿਨ੍ਹਾਂ ਦੀ ਵਰਤੋਂ ਆਦਿ ਕਾਲ ਤੋਂ ਹੀ ਹੁੰਦੀ ਆ ਰਹੀ ਹੈ ਆਦਿ ਮਨੁੱਖ ਸ਼ੁਰੂ ਵਿਚ ਲੱਕੜ ਅਤੇ ਪੱਥਰ ਦੇ ਸਾਜ਼ ਬਣਾ ਕੇ ਸੰਗੀਤ ਦਾ ਆਨੰਦ ਮਾਣਦਾ ਆ ਰਿਹਾ ਹੈ। ਪੱਤਾ ਪੀਪਨੀ, ਕਾਨੇ ਦਾ ਬਾਜਾਂ, ਨੜੇ ਦੀ ਪੀਪਨੀ , ਛਣਕਣਾ, ਭੋਪੂ, ਛੱਜ, ਸਿੰਗੀ, ਬੀਨ, ਬੰਸਰੀ, ਘੜਾ, ਛੈਣੇ, ਚਿਮਟੇ , ਖੜਤਾਲ, ਢੋਲਕੀ, ਢੋਲ, ਡਮਰੂ, ਡਫ਼ਲੀ, ਨਗਾਰਾ, ਇੱਕ ਤਾਰਾ, ਤੂੰਬੀ , ਸਾਰੰਗੀ, ਆਦਿ ਅਨੇਕਾਂ ਸਾਜ਼ ਹਨ। ਸਾਜ਼ ਸੰਗੀਤ ਲੋਕਾਂ ਦੇ ਜੀਵਨ ਦਾ ਅਜਿਹਾ ਹਿੱਸਾ ਹਨ ਜਿਨ੍ਹਾਂ ਰਾਹੀਂ ਜੀਵਨ ਦੀਆਂ ਖ਼ੁਸ਼ੀਆਂ ਤੇ ਭਾਵਨਾਵਾਂ ਨੂੰ ਵਧੇਰੇ ਭਰਪੂਰ ਤਰੀਕੇ ਨਾਲ ਜੀਵਿਆ ਜਾ ਸਕਦਾ ਹੈ।
5ਲੋਕ ਮੇਲੇ- ਜਿੱਥੇ ਪੰਜਾਬੀਆਂ ਦੇ ਲੋਕ ਨਾਚ , ਨਾਟ ਅਤੇ ਖੇਡਾਂ ਤਮਾਸ਼ੇ ਮੰਨੋਰੰਜਨ ਕਰਦੇ ਹਨ ਉੱਥੇ ਪੰਜਾਬੀਆਂ ਦੇ ਮੇਲੇ ਅਤੇ ਤਿਉਹਾਰ ਵੀ ਉਸ ਦੇ ਮਨ ਨੂੰ ਮੌਹ ਲੈਂਦੇ ਹਨ। ਮੇਲੇ ਪੰਜਾਬੀ ਸੱਭਿਆਚਾਰ ਦੀ ਜਿਊਂਦੀ ਜਾਗਦੀ ਤਸਵੀਰ ਹਨ। " ਮੇਲਾ ਉਹ ਥਾਂ ਹੈ , ਜਿੱਥੇ ਦਿਲਾਂ ਦੇ ਮਹਿਰਮਾ ਦਾ ਮੇਲ ਹੁੰਦਾ ਹੈ।... ਜਿੰਨੇਂ ਪੰਜਾਬ ਦੇ ਲੋਕ ਰੰਗ ਬਰੰਗੇ ਸੁਭਾਅ ਦੇ ਮਾਲਕ ਹਨ, ਉਨੇ ਹੀ ਰੰਗਾਂ ਦੇ ਉਹਨਾਂ ਦੇ ਮੇਲੇ ਹਨ ।" ਮੇਲੇ ਵਿਚ ਜਾ ਕੇ ਝੂਲਿਆਂ ਵਿੱਚ ਝੂਟੇ ਲੈਣੇ , ਮਠਿਆਈਆਂ ਖਾਣੀਆਂ, ਨੱਚਣ ਟੱਪਣ ਅਤੇ ਸੰਗੀਤ ਸੁਣਨ ਦਾ ਸ਼ੌਕ ਪੰਜਾਬੀਆਂ ਨੂੰ ਸੁਰੂ ਤੋਂ ਹੀ ਹੈ। ਪੰਜਾਬ ਦੇ ਪੇਂਡੂ ਮੇਲਿਆਂ ਵਿੱਚੋਂ ਛਪਾਰ , ਜਰਗ , ਜਗਰਾਵਾਂ ਦੀ ਰੌਸ਼ਨੀ , ਮੁਕਤਸਰ ਦੇ ਤਖ਼ਤ ਪੁਰੇ ਦੀ ਮਾਘੀ , ਦਮਦਮੇ ਸਾਹਿਬ ਦੀ ਵਿਸਾਖੀ , ਪਟਿਆਲੇ ਅਤੇ ਅਮ੍ਰਿਤਸਰ ਦੀ ਬਸੰਤ ਪੰਚਮੀ , ਜੋੜ ਮੇਲਾ ਫ਼ਤਹਿਗੜ੍ਹ ਸਾਹਿਬ , ਅਨੰਦਪੁਰ ਸਾਹਿਬ ਦਾ ਹੌਲਾ ਮਹੱਲਾ , ਹਰਮਿੰਦਰ ਸਾਹਿਬ ਦੀ ਦਿਵਾਲੀ ਆਦਿ ਪੰਜਾਬ ਦੇ ਵੱਡੇ ਅਤੇ ਮਸ਼ਹੂਰ ਮੇਲੇ ਤਿਉਹਾਰ ਹਨ।
6ਲੋਕ ਸਾਹਿਤ- ਲੋਕ ਸਾਹਿਤ ਅਤੇ ਲੋਕ ਮੰਨੋਰੰਜਨ ਦਾ ਵੀ ਅਟੁੱਟ ਸੰਬੰਧ ਹੈ। ਲੋਕ ਸਾਹਿਤ ਦਾ ਕੋਈ ਵੀ ਖੇਤਰ ਹੋਵੇ , ਆਨੰਦ ਦੀ ਪ੍ਰਵਿਰਤੀ ਉਸ ਵਿੱਚ ਪ੍ਰਧਾਨ ਰਹਿੰਦੀ ਹੈ। ਲੋਕ ਗੀਤ, ਲੋਕ ਗਾਥਾ, ਲੋਕ ਕਾਵਿ, ਲੋਕ ਨਾਟ , ਬੁਝਾਰਤਾਂ, ਅਖੋਤਾ , ਮੁਹਾਵਰੇ, ਚੁਟਕਲੇ, ਲੋਕ ਵਾਰਾਂ, ਲੋਕ ਕਹਾਣੀਆਂ, ਆਦਿ ਮਨੁੱਖੀ ਮਨ ਦੀ ਵਿਰਤੀ ਦੀ ਸਿਰਜਣਾ ਹੈ। ਲੋਕ ਸਾਹਿਤ ਦੇ ਸਾਰੇ ਰੂਪ ਲੋਕ ਜੀਵਨ ਦੇ ਕਿਸੇ ਨਾ ਕਿਸੇ ਪੱਖ ਨੂੰ ਪੇਸ਼ ਕਰਦਾ ਹੈ। ਲੋਕ ਸਾਹਿਤ ਵਿੱਚ ਮਨੁੱਖ ਦੀ ਬੁਨਿਆਦੀ ਲੋੜ ਮੰਨੋਰੰਜਨ ਨੂੰ ਹੀ ਮੁੱਖ ਰੱਖਿਆ ਜਾਂਦਾ ਹੈ।[1]
ਗਾਉਣ
[ਸੋਧੋ]ਗਾਉਣ ਬਰਾਤ ਲਈ ਮੰਨੋਰੰਜਨ ਦਾ ਅਲੱਗ ਪ੍ਰਬੰਧ ਹੁੰਦਾ ਹੈ ਜੋ ਮੁੰਡੇ ਵਾਲਿਆ ਵੱਲੋ ਕੀਤਾ ਜਾਂਦਾ ਹੈ। ਬਰਾਤ ਦੇ ਨਾਲ ਲੋਕ ਗਵੱਈਆ ਦੀ ਇੱਕ ਮੰਡਲੀ ਲਿਜਾਂਦੇ ਹਨ। ਇਸ ਮੰਡਲੀ ਦੇ ਕਲਾਕਾਰ ਢੰਡ ਸਾਰੰਗੀ ਜਿਹੇ ਸਾਜ਼ਾ ਨਾਲ ਲੋਕ ਸੁਰਾ ਵਿੱਚ ਗਾਉਣੇ ਹਨ। ਇਸ ਮੰਡਲੀ ਦਾ ਨਾਂ ਗਾਉਣ ਪੈ ਚੁਕਿਆ ਸੀ। ਲੋਕ ਕੋਹਾ ਤੋ ਚੱਲ ਕੇ ਗਾਉਣ ਸੁਣਨ ਆਉਦੇ ਸਨ। ਜਿਵੇ ਬਾਰ ਦੇ ਇਲਾਕੇ (ਜਿਲ੍ਹਾ ਲਾਇਲਪੁਰ)ਵਿੱਚ ਡਗਰ ਅਤੇ ਨਗੀਨੇ ਦੇ ਗਾਉਣ ਬਹੁਤ ਪ੍ਰਸਿੱਧੀ ਪ੍ਰਾਪਤ ਕਰ ਚੁਕੇ ਸਨ। ਇਹ ਗਵਈਏ ਸੁਰੀਲੀ ਅਵਾਜ਼ ਵਿੱਚ ਹੇਕਾਂ ਨਾਲ ਲੋਕ ਸੁਰਾਂ ਵਿੱਚ, ਲੋਕ ਗਥਾਵਾਂ, ਸਦਾਚਾਰ ਕਥਾਵਾਂ, ਪਿਆਰ ਦੇ ਕਿਸੇ ਕਹਾਣੀਆ ਅਤੇ ਬੀਰ ਰਸੀ ਵਾਰਾਂ ਗਾ ਕੇ ਲੋਕਾਂ ਨੂੰ ਘੰਟਿਆ ਬੱਧੀ ਕੀਲੀ ਰੱਖਦੇ। ਜੋ ਕੁਝ ਵੀ ਪੁਰਾਣੇ ਬਜੁਰਗ ਅੱਜ ਪ੍ਰਾਚੀਨ ਕਿੱਸੇ ਕਹਾਣੀਆ ਦੱਸ ਸਕਦੇ ਹਨ ਉਹ ਵਧੇਰੇ ਕਰਕੇ ਇਨ੍ਹਾਂ ਸਮਾਗਮਾਂ ਕਰਕੇ। ਜਲਮਾ ਲਗਾਉਣਾਂ ਜਾਂ ਅਖਾੜਾ ਲਗਾਉਣਾ ਪੇਂਡੂ ਲੋਕਾਂ ਦੇ ਸਭਿਆਚਾਰਕ ਜੀਵਨ ਵਿੱਚ ਮੰਨੋਰੰਜਨ ਅਤੇ ਸੋਹਜ ਸੁਆਦ ਦੀ ਤਿਪਤੀ ਦੇ ਪੱਖ ਦਾ ਇੱਕ ਹੋਰ ਵਰਣਨਯੋਗ ਭਾਗ ਹੈ। ਜਲਸਾ ਨਿਰੋਲ ਮੰਨੋਰੰਜਨ ਅਤੇ ਨ੍ਰਿਤ ਕਲਾ ਦਾ ਪੱਖ ਪੂਰਦਾ ਰਿਹਾ ਹੈ। ਕਲਾਕਾਰਾਂ ਦੀ ਇੱਕ ਮੰਡਲੀ ਜਲਮਾ ਲਗਾੳਣ ਵਾਲੇ ਜਾਂ ਅਖਾੜਾ ਲਗਾਉਣ ਵਾਲੇ ਅਖਵਾਉਦੀ ਸੀ।
ਜਲਮਾ
[ਸੋਧੋ]ਜਲਮਾ ਰਾਤ ਸਮੇ ਪਿੰਡ ਤੋਂ ਬਾਹਰ ਕਿਸੇ ਖੁਲ੍ਹੀ ਥਾਂ ਤੇ ਲਗਾਇਆ ਜਾਂਦਾ । ਦਿਨ ਦੀ ਮਿਹਨਤ ਮਜਦੂਰੀ ਤੋਂ ਥੱਕੇ ਲੋਕ, ਰਾਤ ਦਾ ਅੰਨ ਪਾਣੀ ਥਾਂ ਚੁੱਕਣ ਤੋਂ ਬਾਅਦ ਪਿੜ ਵਿੱਚ ਜੁੜ ਜਾਂਦੇ, ਆਮ ਤੌਰ ਤੇ ਪਿੰਡ ਦੇ ਸਥਾਨਕ ਲੋਕ ਹੀ ਸਰੋਤੇ ਹੁੰਦੇ ਸਨ ਪਰ ਕਈ ਥਾਵਾਂ ਤੇ ਲਾਗਲੇ ਪਿੰਡਾਂ ਤੋਂ ਵੀ ਲੋਕ ਆ ਜਾਦੇ ਸਨ। ਨਚਾਰ ਮੁਟਿਆਰ ਇਸਤਰੀ ਦਾ ਰੂਪ ਪੇਸ਼ ਕਰਦਾ। ਪ੍ਰੋਗਰਾਮ ਦਾ ਆਰੰਭ ਸਾਜਾਂ ਜਾਂ ਢੋਲਕੀ ਦੀ ਧੁਨ ਵਿੱਚ ਗੀਤਾਂ ਨਾਲ ਹੁੰਦਾ। ਅੱਧਾ ਪੌਣਾ ਘੰਟਾ ਇਸ ਤਰ੍ਹਾ ਹੀ ਮੁੱਖ ਪ੍ਰੋਗਰਾਮ ਦੀ ਪੇਸ਼ਕਾਰੀ ਲਈ ਮਾਹੌਲ ਬੰਨਿਆ ਜਾਂਦਾ ਅਤੇ ਦਰਸ਼ਕ ਇੱਕਠੇ ਹੁੰਦੇ ਰਹਿੰਦੇ। ਇਸ ਤੋ ਬਾਅਦ ਨਚਾਰ ਪੈਰਾਂ ਵਿੱਚ ਘੁੰਗਰੂ ਬੰਨ੍ਹ ਕੇ, ਢੋਲਕੀ ਦੀ ਤਾਲ ਨਾਲ ਪਿੜ ਵਿੱਚ ਗੇੜਾ ਦੇਦਾ। ਨਚਾਰ ਦੇ ਪਿੱਛੇ ਪਿੱਛੇ ਸਮਾਲਚੀ ਹੁੰਦਾ ਜਿਸਦੇ ਵਿੱਚ ਲਟ ਲਟ ਬਲਦੀ ਸਮਾਨ ਹੁੰਦੀ ਸੀ। ਨਚਾਰ ਨਾਚ ਦੀਆਂ ਸੁਦਰਾਵਾਂ ਪੇਸ ਕਰਦਾ ਗਵਾਂਈਆ ਗੀਤ ਜਾਂ ਬੋਲੀ ਸੁਰੂ ਕਰਦਾ ਅਤੇ ਨਚਾਰ ਬੋਲੀ ਨੂੰ ਗੇੜਾ ਕਢਦਾ ਗਾਉਦਾ ਅਤੇ ਸਮਾਲਚੀ, ਉਹਦੇ ਪਿੱਛੇ ਪਿੱਛੇ ਉਸੇ ਫੁਰਤੀ ਨਾਲ ਘੁੰਮਦਾ ਅਤੇ ਨਚਾਰ ਦੇ ਚਿਹਰੇ ਤੇ ਪੁਸ਼ਾਕ ਨੂੰ ਲਿਸ਼ਕਾਈ ਰੱਖਦਾ। ਦਰਸ਼ਕਾਂ ਲਈ ਰੌਚਕਤਾ ਵਧਾਉਣਾ ਲਈ ਸਮਾਲਚੀ ਨਚਾਰ ਨੂੰ ਪਰੇਸ਼ਾਨ ਕਰਨ ਲਈ ਕਦੇ ਕਦੇ ਭੁਲੇਖੇ ਦੇ ਕੇ ਅਜਿਹੀ ਹਰਕਤ ਕਰਦਾ ਕਿ ਸਮਾਲਚੀ ਅੱਗੇ ਲੰਘ ਜਾਂਦਾ ਤੇ ਨਚਾਰ ਹਨੇਰੇ ਵਿੱਚ ਹੋਰ ਪਾਸੇ ਹੁੰਦਾ। ਅਜਿਹੀ ਹਰਕਤ ਨਾਲ ਹਾਸ ਰਸੀ ਵਾਤਾਵਰਨ ਵੀ ਬਣਦਾ ਅਤੇ ਸਮਾਲਚੀ ਨੂੰ ਪਰੇਸ਼ਾਨ ਕਰਕੇ ਨਚਾਰ ਵੀ ਖੁਸ਼ ਹੁੰਦਾ। ਇਸ ਜਲਸੇ ਵਿੱਚ ਲੋਕ ਬੋਲੀਆ ਅਤੇ ਲੋਕ ਗੀਤਾਂ ਦੀ ਭਰਮਾਰ ਹੁੰਦੀ। ਇਸ ਵਿੱਚ ਰੁਮਾਂਟਿਕ ਗੀਤਾਂ ਦੀ ਭਰਮਾਰ ਵੀ ਹੁੰਦੀ। ਖੇਤੀ ਦੇ ਕੰਮ ਕਾਰਾਂ ਤੋ ਥੱਕੇ, ਗ੍ਰਹਿਮਤ ਦੀਆਂ ਆਰਥਕ ਅਤੇ ਹੋਰ ਮਾਨਸਿਕ, ਤਣਾਉ ਵਧਾਉਣ ਵਾਲੀਆ ਸਮੱਸਿਆਵਾ ਤੋਂ ਕੁਝ ਸਮੇ ਲਈ ਟੱੁਟ ਕੇ ਲੋਕ ਇਸ ਮਨਚਲੇ ਵਾਤਾਵਰਨ ਵਾਲ ਜਲਮੇ ਰਜ ਕੇ ਮਾਣਦੇ। ਇਨ੍ਹਾ ਵਿੱਚ ਕੋਈ ਗੰਭੀਰ ਪਾਰਸਕ ਸਦਾਚਾਰ ਵਿਿਸ਼ਆ ਦੀ ਅਣਹੋਂਦ ਕਾਰਨ, ਇਸਤਰੀਆ ਸਰੋਤਿਆ ਵਿੱਚ ਸ਼ਾਮਲ ਨਹੀ ਹੁੰਦੀਆ ਸਨ। ਰੋਪੜ ਜਿਲ੍ਹੇ ਵਿੱਚ ਆਸਾ ਰਾਮ ਮੋਹਣ ਵਾਲੇ ਦਾ ਅਖਾਣਾ ਬੜਾ ਪ੍ਰਸਿੱਧ ਸੀ।
ਢਾਡੀ ਜਥਾ
[ਸੋਧੋ]ਢਾਡੀ ਜਥਾ ਜਾਂ ਸਦਾਚਾਰ ਕਦਰਾਂ ਕੀਮਤਾਂ ਦੇ ਪ੍ਰਚਾਰ ਲਈ ਬਣੇ ਕੁਝ ਜਥੇ ਵੀ ਪਿੰਡਾਂ ਵਿੱਚ ਆ ਕੇ ਕਥਾਵਾਂ, ਗਥਾਵਾਂ ਗਾ ਕੇ ਨਿਰੋਲ ਧਾਰਮਕ ਜਾਂ ਸਦਾਚਾਰ ਵਿਿਸ਼ਆ ਬਾਰੇ ਪ੍ਰਚਾਰ ਕਰਦੇ। ਭਾਵੇ ਇਹ ਜਥੇ ਬਹੁਤ ਹੀ ਵਿਰਲੇ ਸਨ ਪਰ ਇਹਨਾਂ ਦੀ ਹੋਂਦ ਅਤੇ ਦੇਣ ਪੇਂਡੂ ਲੋਕਾਂ ਲਈ ਪਖ^ਪ੍ਰਦਰਸ਼ਕ ਦਾ ਕੰਮ ਦੇਂਦੀ ਸੀ, ਇਹ ਗਾ ਕੇ ਕਥਾ ਸੁਣਾਉਦੇ ਅਤੇ ਉਸਦੀ ਵਿਆਖਿਆ ਕਰਦੇ ਹਨ।ਦਇਆ ਸਿੰਘ (ਜਿੰਦਗੀ ਬਿਲਾਸ) ਵਾਲੇ ਦਾ ਜਥਾ ਪਿੰਡਾਂ ਵਿੱਚ ਜਾ ਕੇ ਜਿੰਦਗੀ ਬਲਾਸ ਅਤੇ ਅਜਿਹੇ ਹੋਰ ਵਿਿਸ਼ਆ ਬਾਰੇ ਪ੍ਰਚਾਰ ਕਰਦਾ ਸੀ। ਕਵਿਸ਼ਰੀਆਂ ਦਾ ਰੋਲ ਪੰਜਾਬ ਦੇ ਸਭਿਆਚਾਰਕ ਖੇਤਰ ਵਿੱਚ ਆਪਣੀ ਕਿਸਮ ਦਾ ਹੀ ਹੈ। ਇਹ ਖੁਸ਼ੀ ਦੇ ਸਮਾਗਮਾਂ, ਧਾਰਮਕ ਦੀਵਾਨਾਂ, ਸਮਾਜਕ ਇੱਕਠਾ ਅਤੇ ਇਸ ਪ੍ਰਕਾਰ ਦੇ ਹੋਰ ਜਨ^ਸਮੂਹ ਨਾਲ ਸਬੰਧਤ ਇੱਕਠਾ ਵਿੱਚ ਪੁੱਜਦੇ ਸਨ। ਇਹ ਆਪਣੀਆ ਲਿਖੀਆ ਕਵਿਤਾਵਾਂ ਜਾਂ ਕਿਸੇ ਹੋਰ ਕਵੀ ਦੀਆ ਲਿਖੀਆ ਕਵਿਤਾਵਾਂ ਆਪਣੇ ਵਿਲੱਖਣ ਅੰਦਾਜ ਨਾਲ ਗਾਉਦੇ ਸਨ। ਇਸ ਮੰਡਲੀ ਵਿੱਚ ਤਿੰਨ ਵਿਅਕਤੀ ਹੁੰਦੇ ਹਨ। ਇਹਨਾਂ ਪਾਸ ਸ਼ਾਜ ਕੋਈ ਨਹੀਹੁੰਦਾ। ਕਵਿਤਾ ਦਾ ਇੱਕ ਬੰਦ ਇੱਕ ਵਿਅਕਤੀ ਗਾ ਕੇ ਸੁਣਾਉਦਾ ਉਸ ਦਾ ਅੰਤਲਾ ਸ਼ਬਦ ਅਜੇ ਅਧੂਰਾ ਲੈਅ ਵਿੱਚ ਹੀ ਹੁੰਦਾ ਕਿ ਅਗਲਾ ਬੰਦ ਦੂਜੇ ਦੋ ਗਾਇਕ ਸ਼ੁਰੂ ਕਰ ਦੇਂਦੇ ਹਨ। ਇਸੇ ਵਿਧੀ ਨਾਲ ਸਾਰੀ ਕਵਿਤਾ ਜਾਂ ਗੀਤ ਗਾਇਆ ਜਾਂਦਾ।
ਛਿੰੰਝ ਜਾਂ ਕੁਸ਼਼ਤੀਆਂ
[ਸੋਧੋ]ਛਿੰੰਝ ਜਾਂ ਕੁਸ਼਼ਤੀਆਂ ਪੇਂਡੂ ਜੀਵਨ ਦਾ ਅਜਿਹਾ ਅਨਿਖੜਵਾਂ ਅੰਗ ਹੈ ਕਿ ਇਸ ਵਿੱਚ ਮੰਨੋਰੰਜਨ ਅਤੇ ਖੇਡ ਰੁਚੀਆ ਨੇ ਤ੍ਰਿਪਤ ਕਰਨ ਦੀ ਦੂਹਰੀ ਸ਼ਕਤੀ ਹੈ। ਪਿੰਡਾਂ ਵਿੱਚ ਛਿੜ ਪੁਆਉਣ ਆਖਿਆ ਜਾਂਦਾ ਹੈ। ਇਹ ਛਿੰਝ ਕਿਸੇ ਦਿਨ ਤਿਉਹਾਰ ਮੇਲੇ ਤੇ, ਕਿਸੇ ਵਿਅਕਤੀ ਦੀ ਯਾਦਗਾਰ ਵਿੱਚ ਜਾਂ ਕਿਸੇ ਵਿਅਕਤੀ ਵੱਲੋ ਨਿੱਜੀ ਗੋਕ ਸਦਕਾ ਪੁਆਈ ਜਾਦੀ ਸੀ। ਲੋਕੀ ਗੋਲ ਦਾਇਰੇ ਵਿੱਚ ਬੈਠਕੇ ਕੁਸ਼ਤੀਆ ਵੇਖਦੇ। ਪਿੰਡ ਦੇ ਇੱਕ ਪਾਸੇ ਲੰਮੇ ਬਾਂਸ ਦੇ ਸਿਰ ਉਤੋ ਇੱਕ ਕੋਰ ਕੱਪੜਾ ਬੰਨ੍ਹਿਆ ਜਾਂਦਾ ਉਸਦੇ ਇੱਕ ਖੂੰਜੇ ਕੁਝ ਰੁਪਏ ਹੁੰਦੇ ਸਨ। ਉਹ ਛਿੰਝ ਪੁਆਉਣ ਵਾਲੇ ਵਲੋ ਗੱਡਿਆ ਜਾਂਦਾ ਸੀ। ਜੋ ਪਹਿਲਵਾਨ ਸਭ ਨੂੰ ਹਰਾ ਕੇ ਅੰਤਿਮ ਮੈਚ ਜਿੱਤ ਜਾਂਦਾ ਉਹ ਆਪਣੇ ਆਪ ਇਹ ਬਾਂਸ ਨੂੰ ਝੰਡੀ ਸਸਤੇ ਪੁੱਟ ਲੈਂਦਾ। ਸਰੀਰਕ ਕਿਰਿਆਵਾਂ ਦੁਆਰਾ ਮੰਨੋਰੰਜਨ ਕਰਾਉਣ ਵਾਲੇ ਕਲਾਕਾਰ ਬਾਜੀਗਰਾਂ ਦੀਆਂ ਟੋਲੀਆ ਲੋਕ ਮੰਨੋਰੰਜਨ ਦੇ ਸਾਧਨ ਵਿੱਚ ਮਹੱਤਵਪੂਰਨ ਸਥਾਨ ਰੱਖਦੀਆ ਹਨ।
ਬਾਜੀਗਰ
[ਸੋਧੋ]ਬਾਜੀਗਰਾਂ ਦਾ ਮੁੱਖ ਕਿੱਤਾ ਬਾਜੀ਼ ਪਾਉਣਾ ਹੀ ਹੈ। ਜਿਸ ਵਿੱਚ ਸਰੀਰ ਦੀ ਚੁਸਤੀ ਅਤੇ ਫੁਰਤੀ ਦੁਆਰਾ ਅਮਚਰਮਹੀ ਕਰਤਬ, ਦਿਖਾਉਣਾ, ਲੰਮੀ ਢਲਾਨ ਜਾਂ ਛੜੱਪਾਛਾਲ, ਪੁੱਠੀ ਥਾਲ, ਅੰਨ੍ਹੀ ਛਾਲ, ਪਟੜੀ ਦੀ ਛਾਲ ਅਤੇ ਛੱਜ ਟੱਪਣ, ਵਰਗੇ ਅਚੰਭੇ ਭਰੇ ਕਰਤੱਵ ਸ਼ਾਮਲ ਹਨ। ਇਹ ਸਾਰੇ ਕਰਤੱਬ ਬੇਹੱਦ ਮੁਸ਼ਕਲ ਅਤੇ ਜੋਖਮ ਭਰੇ ਹਨ ਜੋ ਸਧਾਰਲ ਵਿਅਕਤੀ ਨੂੰ ਖੇਡ ਵਿੱਚ ਸ਼ਾਮਲ ਹੋਣ ਤੋ ਰੋਕ ਰੱਖਦੇ ਹਨ। ਪਟੜੀ ਦੀ ਛਾਲਾ ਸਮੇਂ ਖਿਡਾਰੀ ਨੇ ਉਚੇ ਪਟੜੇ ਤੋਂ ਮੂੰਹ ਵਿੱਚ ਨੰਗੀ ਤਲਵਾਰ ਲੈ ਕੇ ਅਤੇ ਤਲਵਾਰ ਦੇ ਦੁਅੱਲੀ ਸਿੱਟੀ ਦੇ ਤੇਲ ਸੱਚਦੀਆ ਦੋ ਝਟਕਦੀਆ ਬੋਹਲਾਂ ਸਮੇਤ ਪੈਰ ਜੋੜ ਕੇ ਪੁੱਠੀ ਛਾਲ ਮਾਰਨੀ ਹੁੰਦੀ ਹੈ। ਨਿਤ ਬਦਲਦੀ ਪੇਂਡੂ ਰਹਿਤਲ ਵਿੱਚ ਲੋਕ^ਖੇਡਾਂ ਦੇ ਲੋਪ ਹੋ ਰਹੇ ਚਲਨ ਨੇ ਪੇਂਡੂ ਖੇਡ ਮੇਲਿਆ ਨੇ ਧਨਪੇ ਰੁਝਾਨ ਨੇ ਕਿੱਤਾਗਤ ਖੇਡਾਂ, ਚੇਟਕ ਖੇੜਾ ਅਤੇ ਕੁਸਰਤੀ ਖੇਡ-ਕਾਰਜਾਂ ਨੂੰ ਖੇਡ ਦੀਆਂ ਪਰਿਭਾਸ਼ਿਕ ਵਿਸੇ਼ਸਤਾਈਆ ਵਿੱਚ ਰੱਖਣ ਪਰਖਣ ਦੀ ਥਾਂ ਕੇਵਲ ਮੰਨੋਰੰਜਨ ਦੇ ਸੁਥਤਾ, ਪ੍ਰਯੋਜਨ ਹੀ ਸਾਹਮਣੇ ਰੱਖਣ ਦੀ ਭੂਮਿਕਾ ਨਿਭਾਈ ਹੈ। ਇਸ ਭੂਮਿਕਾ ਨੇ ਕਈ ਚੇਟਕ^ਖੇਡਾਂ ਨੂੰ ਵੀ ਖੇਡਾਂ ਵਿੱਚ ਸ਼ਾਮਲ ਕਰ ਲਿਆ ਹੈ ਜੋ ਵਾਸਤਣ ਵਿੱਚ ਖੇਡ ਨਾਲੋ ਵਧੇਰੇ ਸੌ਼ਕ ਹਨ।
ਲੋਕ ਨਾਟਕ
[ਸੋਧੋ]ਲੋਕ ਨਾਟਕ ਲੋਕ ਸ਼ੈਲੀ ਵਿੱਚ ਜਨ ਸਧਾਰਨ ਲਈ ਮੰਨੋਰੰਜਨ ਦਾ ਸਾਧਨ ਰਿਹਾ ਹੈ। ਇਸ ਵਿੱਚ ਲੋਕ ਜੀਵਨ ਦੀਆਂ ਪਰੰਪਰਾਵਾਂ ਦਾ ਵਿਕਸਿਤ ਰੂਪ ਹੁੰਦ ਹੈ। ਲੋਕ ਨਾਟਕ ਮੌਖਿਕ ਰੂਪ ਵਿੱਚ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਪੁੱਜਦਾ ਰਹਿੰਦਾ ਹੈ। ਲੋਕ ਨਾਟਕ ਦਾ ਰੂਪ ਮੌਕੇ ਅਨੁਸਾਰ ਬਦਲ ਵੀ ਜਾਂਦਾ ਹੈ। ਲੋਕ ਨਾਟਕ ਆਮ ਤੌਰ ਤੇ ਪਿੰਡਾਂ ਵਿੱਚ ਖੇਡਿਆ ਜਾਂਦਾ ਰਹਿਾ ਹੈ। ਲੋਕ ਨਾਟਕ ਦੇ ਵੱਖ^ਵੱਖ ਰੂਪਾ ਨੂੰ ਭਿੰਨ ਭਿੰਨ ਵਿਧੀਆਂ ਦੁਆਰਾ ਪੇਸ਼ ਕਰਕੇ ਲੋਕਾਂ ਦਾ ਮਨਪਰਚਾਵਾਂ ਕੀਤਾ ਜਾਂਦਾ ਸੀ। ਰਾਸ, ਨਕਲਾਂ ਅਤੇ ਨਕਲੀਏ, ਨੌਟੰਕੀ, ਸਾਂਗ ਲੋਕ ਨਾਟਕ ਦੇ ਰੂਪ ਹਨ। ਲੋਕ ਨਾਚ ਜੋ ਮਨੁੱਖ ਦੇ ਅੰਦਰਲੇ ਮਨੋਭਾਵਾਂ ਨੂੰ ਸਰੀਰਕ ਅੰਗਾਂ ਦੀਆਂ ਸੁਦਰਾਵ ਦੁਆਰਾ ਪ੍ਰਗਟ ਕੀਤਾ ਜਾਂਦਾ ਹੈ। ਇਸ ਵਿੱਚ ਭੰਗੜਾ, ਗਿੱਧਾ ਕਿੱਕਲੀ, ਝੂੰਮਰ, ਲੁੱਡੀ, ਸੰਮੀ ਹਨ। ਗਿੱਧੇ ਦੀਆਂ ਬੋਲੀਆ ਦੁਆਰਾ ਇਸਤਰੀਆਂ ਆਪਣੇ ਮਨੋਭਾਵਾ ਨੂੰ ਪੇਸ਼ ਕਰਦੀਆ ਹਨ। ਜਿਵੇ :
ਦੋ ਪੈਰ ਘੱਟ ਤੁਰਨਾ,
ਤੁਰਨਾ ਮਟਕ ਦੇ ਨਾਲ।
ਭੰਗੜਾ ਜਦੋਂ ਅਪੈ੍ਰਲ ਦੇ ਮਹੀਨੇ ਵਿੱਚ ਕਿਰਸਨ ਕਹਿਰਾਂ ਦੀ ਮਰਦੀ ਵਿੱਚ ਘਾਲੀ ਹੋਈ ਘਾਲ ਦੇ ਸਿੱਟ ਵਜੋ ਸੁਨਹਿਰੀ ਕਣਕਾਂ ਅਤੇ ਖੇਤਾਂ ਵਿੱਚ ਲਹਿਰਾਉਦੀਆ ਫਸਲਾਂ ਵੇਖਦਾ ਹੈ ਤਾਂ ਉਸਦਾ ਮਨ ਹੁਲਾਰੇ ਵਿੱਚ ਆਾ ਜਾਂਦਾ ਹੈ। ਉਸ ਦਾ ਇਹ ਜੋੋਸ਼ ਖੁਸੀ ਅਤੇ ਵਖਵਲਾ ਭੰਗੜੇ ਨਾਚ ਵਿੱਚ ਪ੍ਰਗਟ ਹੁੰਦਾ। ਜਿਵੇ:
ਇਹ ਗੱਭਰੂ ਦੇਸ਼ ਪੰਜਾਬ ਦਾ,
ਉੱਛਕੇ ਵਿੱਚ ਹਵਾ,
ਇਹ ਨੱਚ ਭੰਗੜਾ ਪਾਉਂਦੇ,
ਤੇ ਦਿੰਦੇ ਧੂਸ ਪਸ।
ਉਪਰੋਕਤ ਵਿਆਖਿਆ ਦੇ ਅਧਾਰ ਤੇ ਇਹ ਕਿਹਾ ਜਾ ਸਕਦਾ ਹੈ ਪੰਜਾਬੀ ਸਭਿਆਚਾਰ ਅਨੇਕਾ ਸਾਧਨਾਂ ਦੁਆਰਾ ਆਪਣਾ ਮੰਨੋਰੰਜਨ ਕੀਤਾ ਜਾਂਦਾ ਸੀ ਤੇ ਇਹ ਮੰਨੋਰੰਜਨ ਵਿਅਕਤੀ ਆਪਣੀ ਯੋਗਤਾ ਤੇ ਸਮਰੱਥਾ ਅਨੁਸਾਰ ਕਰਦੇ ਸਨ ਜਿਵੇ ਲੋ ਸਰੀਰਿਕ ਕਿਰਿਆਵਾਂ, ਨਾਚ ਆਦਿ।
ਲੇਖ ਨੂੰ ਸੋਧਣ ਲਈ ਸਹਿਯੋਗੀ ਕਿਤਾਬਾਂ
[ਸੋਧੋ]ਲੋਕ ਖੇਡਾਂ ਤੇ ਪੰਜਾਬੀ ਸਭਿਆਚਾਰ(ਕਿਰਪਾਲ ਕਜ਼ਾਕ)
ਪੰਜਾਬੀ ਸਭਿਆਚਾਰ ਰੂਪ ਅਤੇ ਸਿਧਾਂਤ (ਡਾ.ਸੁਦਰਸ਼ਨ ਗਾਮੋ)
ਪੰਜਾਬ ਦਾ ਸਭਿਆਚਾਰਿਕ ਵਿਰਸਾ (ਡਾ ਸੁਰਿੰਦਰ ਸਿੰਘ ਸ਼ੇਰਗਿੱਲ)
- ↑ 1.0 1.1 1.2 ਕੁਲਵੰਤ, ਕੌਰ. ਲੋਕ ਮੰਨੋਰੰਜਨ ਪੰਜਾਬ ਦਾ ਬਹੁ ਰੰਗੀ ਵਿਰਸਾ. ਵਾਰਿਸ ਸ਼ਾਹ ਫ਼ਾਉਂਡੇਸ਼ਨ ਅਮ੍ਰਿਤਸਰ 143002. ISBN 978-81-7856-237-7.
- ↑ ਜਸਵਿੰਦਰ, ਧਨਾਨਸੂ. ਲੋਕ ਤਮਾਸ਼ੇ ਰੰਗ ਤੇ ਰੂਪ. unistar books publication limited. ISBN 81-7142-529-1.
- ↑ ਕੁਲਵੰਤ, ਕੌਰ. ਲੋਕ ਮਨੋਰੰਜਨ ਪੰਜਾਬ ਦਾ ਬਹੁ ਰੰਗੀ ਵਿਰਸਾ. ਵਾਰਿਸ ਸ਼ਾਹ ਫ਼ਾਉਂਡੇਸ਼ਨ ਅਮ੍ਰਿਤਸਰ 143002. pp. 13, 14. ISBN 978-81-7856-237-7.