ਸਮੱਗਰੀ 'ਤੇ ਜਾਓ

ਮੈਂ ਹੁਣ ਵਿਦਾ ਹੁੰਦਾ ਹਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪਾਸ਼-ਮੈਂ ਹੁਣ ਵਿਦਾ ਹੁੰਦਾ ਹਾਂ ਡਾ. ਰਾਜਿੰਦਰ ਪਾਲ ਸਿੰਘ ਦੁਆਰਾ ਸੰਪਾਦਿਤ ਕਿਤਾਬ ਦਾ ਨਾਂ ਹੈ। ਮੂਲ ਰੂਪ ਵਿਚ 'ਮੈਂ ਹੁਣ ਵਿਦਾ ਹੁੰਦਾ ਹਾਂ' ਇਨਕਲਾਬੀ ਕਵੀ ਅਵਤਾਰ ਸਿੰਘ ਪਾਸ਼ ਦੀ ਕਵਿਤਾ ਦਾ ਨਾਂ ਹੈ, ਜਿਸਨੂੰ ਇਸ ਪੁਸਤਕ ਦੇ ਸਿਰਨਾਵੇਂ ਵਜੋਂ ਵਰਤਿਆ ਗਿਆ ਹੈ। ਇਸ ਪੁਸਤਕ ਵਿਚ ਪਾਸ਼ ਦੀਆਂ ਚੋਣਵੀਆਂ ਕਵਿਤਾਵਾਂ ਨੂੰ ਸੰਗ੍ਰਹਿਤ ਕੀਤਾ ਗਿਆ ਹੈ। ਇਹ ਪੁਸਤਕ ਪਾਸ਼ ਦੀ ਸਮੁੱਚੀ ਕਵਿਤਾ ਵਿਚਲੀਆਂ ਵਿਭਿੰਨ ਤੈਹਾਂ, ਸਰੋਕਾਰਾਂ ਨੂੰ ਪਾਠਕ ਦਰਪੇਸ਼ ਕਰ ਸਕਣ ਵਾਲੀਆਂ ਕਵਿਤਾਵਾਂ ਦਾ ਕੋਲਾਜ ਹੈ।

ਪਾਸ਼ ਬਾਰੇ ਦੋ ਗੱਲਾਂ

[ਸੋਧੋ]

ਪਾਸ਼ ਜਿਸਦਾ ਪੂਰਾ ਨਾਮ ਅਵਤਾਰ ਸਿੰਘ ਪਾਸ਼ ਸੀ, ਇਕ ਲਾਮਿਸਾਲ ਕਵੀ, ਚਿੰਤਕ ਅਤੇ ਯੁੱਗ ਵਰਤਾਰਾ ਸੀ। ਉਸਦਾ ਜਨਮ 9 ਸਤੰਬਰ 1950 ਪਿੰਡ ਤਲਵੰਡੀ ਸਲੇਮ ਜ਼ਿਲ੍ਹਾ ਜਲੰਧਰ ਵਿਖੇ ਹੋਇਆ। ਉਹ ਬੀਤੀ ਸਦੀ ਦੇ ਸੱਤਵੇਂ ਦਹਾਕੇ ਦੇ ਆਖ਼ਰੀ ਵਰ੍ਹਿਆਂ ਵਿਚ ਉੱਠੀ ਕਮਿਊਨਿਸਟ ਵਿਚਾਰਧਾਰਾ ਵਾਲੀ ਨਕਸਲਬਾੜੀ ਲਹਿਰ ਦੇ ਸਿਰਮੌਰ ਕਵੀ ਵਜੋਂ ਉੱਭਰਿਆ। ਪਰ ਇਹ ਲਹਿਰ ਉਸਦੀ ਸੀਮਤਾਈ ਕਦੰਤ ਨਹੀਂ ਸੀ। ਪਾਸ਼ ਤਾਉਮਰ ਮਿਹਨਤਕਸ਼ ਲੋਕਾਂ ਦੇ ਫ਼ਿਕਰਾਂ ਵਿਚ ਜੀਣ ਅਤੇ ਸੰਘਰਸ਼ ਲਈ ਆਵਾਜ਼ ਬੁਲੰਦ ਕਰਨ ਵਾਲਾ ਕਵੀ ਸੀ। ਪਾਸ਼ ਦਾ ਬੌਧਿਕ ਚਿੰਤਨ ਅਤੇ ਚੇਤਨਾ ਬੇਹੱਦ ਡੂੰਘੀ ਅਤੇ ਜ਼ਮੀਨੀ ਹਕੀਕਤ ਦੇ ਮੇਚ ਦੀ ਸੀ। ਉਸਦੀ ਸਖ਼ਸ਼ੀਅਤ ਅਤੇ ਕਵੀ ਵਜੋਂ ਸਥਾਨ ਦੀ ਗੱਲ ਕਰਦਿਆਂ ਪੁਸਤਕ ਦੇ ਸੰਪਾਦਕ ਦੁਆਰਾ ਕਹੇ ਸ਼ਬਦ ਇੱਥੇ ਜ਼ਿਕਰ ਯੋਗ ਹਨ, "ਆਧੁਨਿਕ ਪੰਜਾਬੀ ਕਵਿਤਾ ਦੀ ਪਿਛਲੀ ਸਦੀ ਦੇ ਜੇ ਸੌ ਕਵੀ ਚੁਣਨੇ ਹੋਣ ਤਾਂ ਪਾਸ਼ ਉਨ੍ਹਾਂ ਵਿੱਚੋਂ ਇਕ ਹੋਵੇਗਾ ਅਤੇ ਜੇ ਦਸ ਕਵੀ ਚੁਣਨੇ ਹੋਣ ਤਾਂ ਵੀ ਪਾਸ਼ ਉਨ੍ਹਾਂ ਵਿਚੋਂ ਇਕ ਹੋਵੇਗਾ ਅਤੇ ਜੇ ਪਿਛਲੀ ਸਾਰੀ ਸਦੀ ਵਿਚੋਂ ਇਕੋ ਕਵੀ ਚੁਣਨਾ ਹੋਵੇ ਤਾਂ ਵੀ ਸਾਡੀ ਸਮਝ ਅਨੁਸਾਰ ਉਹ ਪਾਸ਼ ਅਤੇ ਕੇਵਲ ਪਾਸ਼ ਹੀ ਹੋਵੇਗਾ।"[1]

ਸੰਪਾਦਕੀ

[ਸੋਧੋ]

ਪੁਸਤਕ ਦੀ ਸੰਪਾਦਕੀ ਨੂੰ 'ਪਾਸ਼! ਪਾਸ਼! ਸੀ' ਦਾ ਨਾਂ ਦਿੱਤਾ ਗਿਆ ਹੈ। 'ਪਾਸ਼! ਪਾਸ਼! ਕਿਉਂ ਸੀ' ਦਾ ਜਵਾਬ ਪਾਸ਼ ਦੀ ਕਵਿਤਾ ਆਪ ਹੈ ਤੇ ਇਸ ਸੰਪਾਦਕੀ ਵਿਚੋਂ ਵੀ ਇਸਦੀ ਟੋਹ ਮਿਲਦੀ ਹੈ। ਸੰਪਾਦਕ ਨੇ ਪਾਸ਼ ਦੀ ਕਵਿਤਾ ਦੇ ਵਿਭਿੰਨ ਪਾਸਾਰਾਂ ਨੂੰ ਉਲੀਕਦਿਆਂ ਪਾਠਕ ਤੱਕ ਇਸਦੀ ਰਸਾਈ ਦਾ ਰਾਹ ਪੱਧਰਾ ਕੀਤਾ ਹੈ। ਪਾਸ਼ ਦੀ ਕਾਵਿ ਦ੍ਰਿਸ਼ਟੀ ਵਿਚ ਕਾਰਲ ਮਾਰਕਸ ਦੇ ਦਵੰਦਾਤਮਕ ਪਦਾਰਥਵਾਦੀ ਦਰਸ਼ਨ ਤੇ ਨਕਸਲਬਾੜੀ ਲਹਿਰ ਨਾਲ ਨਾਤੇ ਦੀ ਗੱਲ ਕਰਦਿਆਂ ਸੰਪਾਦਕ ਲਿਖਦਾ ਹੈ ਕਿ, "ਉਸਦੀ ਨਕਸਲਬਾੜੀ ਵਿਚਾਰਧਾਰਾ ਨਾਲ ਕਦੇ ਪੂਰਨ ਅਤੇ ਕਦੇ ਅੰਸ਼ਕ ਸਹਿਮਤੀ ਵੀ ਰਹੀ ਜਾਂ ਘੱਟੋ ਘੱਟ ਉਹ ਇਸ ਲਹਿਰ ਦਾ ਅੰਤਮ ਸਮੇਂ ਤਕ ਹਮਦਰਦ ਰਿਹਾ। ਇਸਦੇ ਬਾਵਜੂਦ ਉਸਦੀ ਕਵਿਤਾ ਨਕਸਲਬਾੜੀ ਵਿਚਾਰਧਾਰਾ ਦੀ ਕੈਦੀ ਨਹੀਂ ਸੀ। ਇਸ ਦਾ ਉਹ ਕਵਿਤਾ ਅਤੇ ਵਾਰਤਕ ਵਿਚ ਕਦੇ ਦੱਬਵੀਂ ਸੁਰ ਵਿਚ ਅਤੇ ਕਦੇ ਸਪਸ਼ਟ ਇਕਬਾਲ ਵੀ ਕਰਦਾ ਰਿਹਾ। ਇਸਦੇ ਬਾਵਜੂਦ ਉਸਦੀ ਕਵਿਤਾ ਮਾਰਕਸਵਾਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਵੀ ਸੀ ਅਤੇ ਉਸਦਾ ਕਾਵਿ ਪ੍ਰਵਚਨ ਇਸ ਵਿਚਾਰਧਾਰਾ ਦਾ ਕਾਵਿ ਪ੍ਰਗਟਾਵਾ ਵੀ ਸੀ ਜਾਂ ਇੰਜ ਕਹਿ ਲਵੋ ਕਿ ਉਸ ਦੀ ਕਾਵਿ ਦ੍ਰਿਸ਼ਟੀ ਵਿਚ ਕਾਰਲ ਮਾਰਕਸ ਦੇ ਦਵੰਦਾਤਮਿਕ ਪਦਾਰਥਵਾਦੀ ਦਰਸ਼ਨ ਦਾ ਦਖਲ ਸੀ।"[2] ਇਸ ਉਪਰੰਤ ਪੰਜਾਬ ਅਤੇ ਪੰਜਾਬੀਆਂ ਦੇ ਹਕੂਮਤ ਤੋਂ ਨਾਬਰੀ ਅਤੇ ਬਰਾਬਰੀ ਦੀ ਚਾਹਤ ਵਾਲੇ ਖਾਸੇ ਦੀ ਗੱਲ ਕਰਦਿਆਂ ਇਸਦੀ ਨਿਰੰਤਰਤਾ ਵਿਚ ਪਾਸ਼ ਦੀ ਕਵਿਤਾ ਦੀ ਪ੍ਰਸੰਗਿਕਤਾ ਨੂੰ ਬਿਆਨ ਕੀਤਾ ਗਿਆ ਹੈ।

ਪਾਸ਼ ਦੀ ਕਵਿਤਾ ਦੇ ਮਿੱਥਭੰਜਕ, ਕਿਸਾਨੀ ਦੀ ਬਹੁਰੰਗਤਾ ਨੂੰ ਬੁਲੰਦ ਆਵਾਜ਼ 'ਚ ਜੀਵੰਤਤਾ ਸਮੇਤ ਚਿਤਰਣ ਜਿਹੀਆਂ ਖਾਸੀਅਤਾਂ ਦੇ ਨਾਲੋ ਨਾਲ ਫਿਰਕਾਪ੍ਰਸਤ ਤਾਕਤਾਂ ਤੇ ਹਕੂਮਤ ਦੋਹਾਂ ਨੂੰ ਬੇਪਰਦ ਕਰਨ ਦੀ ਗੱਲ ਕਹੀ ਗਈ ਹੈ। ਪਾਸ਼ ਦੀ ਕਵਿਤਾਂ ਦੀ ਰੂਪਕ ਪਕਿਆਈ ਦੀ ਗੱਲ ਕਰਦਿਆਂ ਉਸਦੇ ਪੇਂਡੂ ਜੀਵਨ ਚੋਂ ਗ੍ਰਹਿਣ ਕੀਤੇ ਅਮੁੱਕ ਭਾਸ਼ਾ ਭੰਡਾਰ, ਮੌਲਿਕ ਬਿੰਬ ਸਿਰਜਣਾ ਦੀ ਯੋਗਤਾ ਆਦਿ ਬਾਬਤ ਗੱਲ ਕਹੀ ਹੈ।

ਅੰਤ ਵਿਚ ਪੁਸਤਕ ਦੀ ਸੰਪਾਦਨਾ ਤੇ ਸ਼ਾਮਿਲ ਕਵਿਤਾਵਾਂ ਦੀ ਤਰਤੀਬ ਦੇ ਅਧਾਰਾਂ ਨੂੰ ਸਪੱਸ਼ਟ ਕੀਤਾ ਗਿਆ ਹੈ।

ਸੰਪਾਦਕ ਬਾਰੇ

[ਸੋਧੋ]

ਸੰਪਾਦਕ ਡਾ. ਰਾਜਿੰਦਰ ਪਾਲ ਸਿੰਘ ਪੰਜਾਬੀ ਕਵਿਤਾ ਦੇ ਅਧਿਐਨ ਤੇ ਅਧਿਆਪਨ ਨਾਲ ਲੰਮੇ ਸਮੇਂ ਤੋਂ ਵਾਬਸਤਾ ਇਨਸਾਨ ਹਨ। ਸੰਪਾਦਨਾ ਦੇ ਖੇਤਰ ਵਿਚ ਉਹਨਾਂ ਦਾ ਵਡਮੁੱਲਾ ਯੋਗਦਾਨ ਹੈ। ਵਿਚਾਰਅਧੀਨ ਪੁਸਤਕ ਅਤੇ ਇਸ ਤੋਂ ਇਲਾਵਾ ਉਹਨਾਂ ਦੁਆਰਾ ਸੰਪਾਦਿਤ ਪੁਸਤਕ 'ਹਾਸ਼ੀਏ ਦੇ ਹਾਸਲ' ਐੱਮ. ਏ. ਦੇ ਪਾਠਕ੍ਰਮ ਦਾ ਹਿੱਸਾ ਹਨ। ਆਧੁਨਿਕ ਪੰਜਾਬੀ ਕਵਿਤਾ ਦੇ ਇਤਿਹਾਸ ਲੇਖਨ ਦਾ ਸਿਹਰਾ ਉਹਨਾਂ ਸਿਰ ਹੈ। ਆਧੁਨਿਕ ਪੰਜਾਬੀ ਕਵਿਤਾ ਦਾ ਨਵੇਂ ਕੋਣਾਂ ਤੋਂ ਅਧਿਐਨ ਅਤੇ ਸਟੇਜੀ ਕਾਵਿ ਰੂਪ ਬਾਰੇ ਵਿਸ਼ੇਸ਼ ਮਹੱਤਤਾ ਵਾਲੀਆਂ ਲਿਖਤਾਂ ਉਹਨਾਂ ਪਾਠਕਾਂ ਨੂੰ ਦਿੱਤੀਆਂ ਹਨ। ਭਾਰਤੀ ਦਰਸ਼ਨ ਬਾਰੇ ਉਹਨਾਂ ਦੀ ਪੁਸਤਕ 'ਭਾਰਤੀ ਦਰਸ਼ਨ : ਵਿਗਿਆਨਕ ਅਧਿਐਨ' ਵਿਸ਼ੇਸ਼ ਮਹੱਤਤਾ ਦੀ ਧਾਰਨੀ ਹੈ। ਇਸ ਤੋਂ ਸਿਵਾ ਗੀਤ ਕਾਵਿ ਰੂਪ ਸੰਬੰਧੀ ਆਲੇਖ ਵੱਖ ਵੱਖ ਰਸਾਲਿਆਂ ਦਾ ਹਿੱਸਾ ਬਣਦੇ ਰਹਿੰਦੇ ਹਨ। ਪੰਜਾਬ ਦੇ ਸਮਕਾਲੀ ਆਰਥਿਕ, ਸਮਾਜਕ ਤੇ ਰਾਜਸੀ ਮਸਲਿਆਂ ਬਾਬਤ ਉਹਨਾਂ ਦੀ ਹਾਲ ਹੀ ਵਿਚ ਛਪੀ ਪੁਸਤਕ 'ਗੋਸ਼ਟਿ ਪੰਜਾਬ' ਵੀ ਵਿਸ਼ੇਸ਼ ਮਹੱਤਵ ਵਾਲੀ ਹੈ।

ਕਾਵਿ ਨਮੂਨਾ

[ਸੋਧੋ]

ਇਨਕਾਰ

ਮੇਰੇ ਤੋਂ ਆਸ ਨ ਕਰਿਓ ਕਿ ਮੈਂ ਖੇਤਾਂ ਦਾ ਪੁੱਤ ਹੋ ਕੇ

ਤੁਹਾਡੇ ਚਗਲੇ ਹੋਏ ਸਵਾਦਾਂ ਦੀ ਗੱਲ ਕਰਾਂਗਾ

ਜਿਨ੍ਹਾਂ ਦੇ ਹੜ੍ਹ 'ਚ ਰੁੜ੍ਹ ਜਾਂਦੀ ਹੈ

ਸਾਡੇ ਬੱਚਿਆਂ ਦੀ ਤੋਤਲੀ ਕਵਿਤਾ

ਤੇ ਸਾਡੀਆਂ ਧੀਆਂ ਦਾ ਕੰਜਕ ਜਿਹਾ ਹਾਸਾ

ਮੈੰ ਤਾਂ ਜਦ ਵੀ ਕੀਤੀ-ਖਾਦ ਦੇ ਘਾਟੇ

ਕਿਸੇ ਗਰੀਬੜੀ ਦੀ ਹਿੱਕ ਵਾਂਗੂ ਪਿਚਕ ਗਏ ਗੰਨਿਆਂ ਦੀ ਗੱਲ ਹੀ ਕਰਾਂਗਾ

ਮੈਂ ਦਲਾਨ ਦੇ ਖੂੰਜੇ 'ਚ ਪਈ ਸੌਣੀ ਦੀ ਫਸਲ

ਤੇ ਦਲਾਨ ਦੇ ਬੂਹੇ 'ਤੇ ਖੜੇ ਸਿਆਲ ਦੀ ਹੀ ਗੱਲ ਕਰਾਂਗਾ... 

ਹਵਾਲੇ

[ਸੋਧੋ]
  1. ਰਾਜਿੰਦਰ ਪਾਲ ਸਿੰਘ, (ਸੰਪਾ.) (2005). ਪਾਸ਼ : ਮੈਂ ਹੁਣ ਵਿਦਾ ਹੁੰਦਾ ਹਾਂ. ਚੰਡੀਗੜ੍ਹ: ਲੋਕਗੀਤ ਪ੍ਰਕਾਸ਼ਨ. p. 5.
  2. ਰਾਜਿੰਦਰ ਪਾਲ ਸਿੰਘ, (ਸੰਪਾ.) (2005). ਪਾਸ : ਮੈਂ ਹੁਣ ਵਿਦਾ ਹੁੰਦਾ ਹਾਂ. ਚੰਡੀਗੜ੍ਹ: ਲੋਕਗੀਤ ਪ੍ਰਕਾਸ਼ਨ. p. 7.