ਰੋਮਾਂਸਵਾਦੀ ਪੰਜਾਬੀ ਕਵਿਤਾ
ਆਧੁਨਿਕ ਪੰਜਾਬੀ ਕਵਿਤਾ ਵਿੱਚ ਰੁਮਾਂਸਵਾਦ
[ਸੋਧੋ]ਆਧੁਨਿਕ ਇੱਕ ਸਥਿਤੀ ਹੈ। ਆਧੁਨਿਕਤਾ ਤੋਂ ਭਾਵ ਵਿਗਿਆਨ ਅਤੇ ਵਿਗਿਆਨਕ ਦ੍ਰਿਸ਼ਟੀ ਤੋਂ ਹੈ। ਭਾਰਤ/ਪੰਜਾਬ ਵਿੱਚ ਆਧੁਨਿਕਤਾ ਅੰਗੇ੍ਰਜ਼ਾ ਦੇ ਆਉਣ ਨਾਲ ਪ੍ਰਵੇਸ਼ ਕਰਦੀ ਹੈ।ਅੰਗੇ੍ਰਜ਼ਾਂ ਦੇ ਭਾਰਤ ਵਿੱਚ ਆਉਣ ਨਾਲ ਪੱਛਮੀ ਸਾਹਿਤ ਦਾ ਭਾਰਤੀ/ਪੰਜਾਬ ਸਾਹਿਤ ਤੇ ਪ੍ਰਭਾਵ ਪੈਣਾ ਸੁਭਾਵਿਕ ਹੀ।
ਜਿਸ ਕਾਰਨ ਪੱਛਮ ਦੀਆਂ ਬਹੁਤ ਸਾਰੀਆਂ ਪ੍ਰਵਿਰਤੀਆਂ ਭਾਰਤੀ/ਪੰਜਾਬ ਸਾਹਿਤ ਵਿੱਚ ਪ੍ਰੇਵਸ਼ ਕਰ ਗਈਆਂ। ਰੁਮਾਂਸਵਾਦੀ ਪ੍ਰਵਿਰਤੀ ਵੀ ਉਨ੍ਹਾਂ ਵਿੱਚੋਂ ਇੱਕ ਹੈ।
ਰੁਮਾਂਸਵਾਦ ਵਿੱਚ ਇੱਕ ਕਲਪਨਾਮਈ ਸੰਸਾਰ ਸਿਰਜਿਆ ਜਾਂਦਾ ਹੈ। ਇਸ ਵਿੱਚ ਸਿਰਫ਼ ਪਿਆਰ ਹੀ ਸ਼ਾਮਿਲ ਨਹੀਂ ਹੁੰਦਾ, ਸਗੋਂ ਯਥਾਰਥ ਵਿਚਲੀਆਂ ਇੱਛਾਵਾਂ ਦੇ ਅਧੂਰੇ ਰਹਿ ਜਾਣ ਕਰਨ ਵਿਅਕਤੀ ਆਪਣੇ ਸੁਪਨਿਆਂ ਵਿੱਚ ਉਡਾਰੀਆਂ ਮਾਰਦਾ ਅਤੇ ਉਨ੍ਹਾਂ ਨੂੰ ਪੂਰਾ ਹੁੰਦਾ ਵੇਖਦਾ ਹੈ।
“ਰੁਮਾਂਸਵਾਦ ਕਿਸੇ ਇੱਕ ਵਿਸ਼ੇਸ਼ ਗੱਲ ਜਾਂ ਝੁਕਾਅ ਦਾ ਨਾਂ ਨਹੀਂ ਹੈ ਸਗੋਂ ਬਹਤੁ ਸਾਰੇ ਗੁਣਾਂ ਦੇ ਧਾਰਣੀ ਇੱਕ ਸੁਭਾਅ ਦਾ ਨਾਂ ਹੈ। ਜਿਸ ਵਿੱਚ ਪਿਆਰ, ਪ੍ਰਕਿਰਤੀ, ਸਾਹਮ, ਅਦਭੁਤਤਾ, ਸੰੁਦਰਤਾ, ਉਦਾਰਤਾ, ਅੰਤਰਮੁਖਤਾ, ਭੂਤਕਾਲਕ ਪੋਹ, ਯਥਾਰਥ ਤੋਂ ਭਾਂਜ, ਦਲੀਲ ਦੀ ਥਾਂ ਤੇ ਜਜ਼ਬਾ ਤੇ ਦਿਮਾਗ ਦੀ
ਥਾਂ ਤੇ ਦਿਲ ਦੀ ਪ੍ਰਧਾਨਤਾ ਹੁੰਦੀ ਹੈ।”[1]
ਪੰਜਾਬੀ ਰੁਮਾਂਸਵਾਦੀ ਸਾਹਿਤ ਵਿੱਚ ਬਹੁਤ ਸਾਰੇ ਕਵੀਆਂ ਨੇ ਆਪਣਾ ਮਹੱਤਵਪੂਰਨ ਯੋਗਦਾਨ ਪਾਇਆ। ਰੁਮਾਂਸਵਾਦੀ ਪ੍ਰਵਿਰਤੀ ਨੂੰ ਭਾਈ ਵੀਰ ਸਿੰਘ ਨੇ ਸਭ ਤੋਂ ਪਹਿਲਾਂ ਆਪਣੀਆਂ ਕਵਿਤਾਵਾਂ ਵਿਚੱ ਅਪਣਾਇਆ। ਭਾਈ ਵੀਰ ਸਿੰਘ ਦੀਆਂ ਕਵਿਤਾਵਾਂ ਦਾ ਆਧਾਰ ਗੁਰਮਤਿ ਰਹੱਸਵਾਦ ਹੈ। ਪਰ ਉਨ੍ਹਾਂ ਨੂੰ ਕੁਦਰਤ ਦਾ ਕਵੀ ਵੀ ਕਿਹਾ ਜਾਂਦਾ ਹੈ, ਕਿਉਂਕਿ ਉਹ ਆਪਣੀਆਂ ਕਵਿਤਾਵਾਂ ਵਿੱਚ ਕੁਦਰਤ ਨੂੰ ਬੜਾ ਨੇੜੇ ਹੋ ਕੇ ਚਿਤਰਦੇ ਹਨ। ਇਸ ਲਈ ਕਿਹਾ ਜਾ ਸਕਦਾ ਹੈ ਕਿ ਭਾਈ ਵੀਰ ਸਿੰਘ ਦਾ ਰੁਮਾਂਸਵਾਦ ਕੁਦਰਤੀ ਨਜ਼ਾਰਿਆਂ ਨਾਲ ਮਿਲਕੇ ਪੇਸ਼ ਹੁੰਦਾ ਹੈ। ਉਹ ਆਪਣੀਆਂ ਕਵਿਤਾਵਾਂ ਵਿੱਚ ਪ੍ਰਕਿਰਤੀ ਨਾਲ ਵਾਰਤਾਲਾਪ ਕਰਦੇ ਹਨ। “ਕਈ ਥਾਵਾਂ ਤੇ ਉਹ ਪ੍ਰਕਿਰਤੀ ਨਾਲ ਸੰਬੰਧ ਸਥਾਪਤ ਕਰ ਕੇ ਉਸ ਨਾਲ ਵਾਰਤਾਲਾਪ ਰਾਹੀਂ ਕਈ ਸੂਖਮ ਭਾਵ ਧਮਝਾਉਂਦੇ ਹਨ।”[2] ਉਹ ਕੁਦਰਤ ਦੀ ਸੁੰਦਰਤਾ ਦਾ ਵਰਨਣ ਕਰਦੇ ਹਨ ਤੇ ਮਨੁੱਖਤਾ ਅਤੇ ਦੇਸ਼ ਪ੍ਰਤੀ ਆਪਣੇ ਪਿਆਰ ਨੂੰ ਪੇਸ਼ ਕਰਦੇ ਹਨ।
ਭਾਈ ਵੀਰ ਸਿੰਘ ਤੋਂ ਬਾਅਦ ਰੁਮਾਂਟਿਕ ਕਵੀ ਦੇ ਰੂਪ ਵਿੱਚ ਪ੍ਰੋ. ਪੂਰਨ ਸਿੰਘ ਦਾ ਨਾਂ ਆਉਂਦਾ ਹੈ। ਪ੍ਰੋ. ਪੂਰਨ ਸਿੰਘ ‘ਤੇ ਭਾਈ ਵੀਰ ਸਿੰਘ ਦਾ ਬਹੁਤ ਪ੍ਰਭਾਵ ਸੀ। ਪ੍ਰੋ.ਪੂਰਨ ਸਿੰਘ ਅਧਿਆਤਮਕਤਾ ਦੇ ਨਾਲ-ਨਾਲ ਦੇਸ਼ ਪਿਆਰ ਨੂੰ ਪ੍ਰਗਟ ਕਰਦਾ ਹੈ। ਉਹ ਅਤੀਤ ਨੂੰ ਪਿਆਰ ਕਰਦਾ ਹੈ ਤੇ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਮਾਰਦਾ ਹੋਇਆ ਉਸ ਦੀ ਕਲਪਨਾ ਵਿੱਚ ਉਡਾਰੀ ਮਾਰਦਾ ਹੈ।
ਪ੍ਰੋ. ਪੂਰਨ ਸਿੰਘ ਵਾਂਗ ਧਨੀ ਰਾਮ ਚਾਤ੍ਰਿਕ ਵੀ ਅਧਿਆਤਮਕ ਧਰਾਤਲ ਦੇ ਨਾਲ-ਨਾਲ ਮਨੁੱਖਤਾ, ਦੇਬ ਤੇ ਸਮਾਜ ਪ੍ਰਤੀ ਆਪਣੇ ਪਿਆਰ ਨੂੰ ਪ੍ਰਗਟ ਕਰਦਾ ਹੈ। “ਪੰਜਾਬ, ਪੰਜਾਬੀ, ਪੰਜਾਬੀਅਤ, ਦੇਸ਼, ਮਨੁੱਖ ਅਤੇ ਸਮਾਜ ਬਾਰੇ ਉਸ ਦਾ ਸੁਪਨਾ ਪ੍ਰਸਥਿਤੀਆਂ ਦੇ ਤ੍ਰਾਸਦਿਕ ਸੁਭਾਅ ਨੂੰ ਪ੍ਰਗਟਾਉਣ
ਦੀ ਬਜਾਇ ਇੱਕ ਅਜਿਹੇ ਆਦਰਸ਼ਕ ਰੂਪ ਵਿੱਚ ਪੇਸ਼ ਕਰਦਾ ਹੈ, ਜਿਸਦੀ ਅਦੁੱਤੀ ਸ਼ਾਨ ਅਤੇ ਅਦੁੱਤੀਪਣ ਨਾਲ ਭਾਵਕ ਪੋਹ ਜਗਾਇਆ ਜਾ ਸਕੇ। ਅਜਿਹਾ ਭਾਵਕ ਮੋਹ ਚਾਤ੍ਰਿਕ ਦੀ ਕਵਿਤਾ ਵਿੱਚ ਪੰਜਾਬ ਦੇ ਰੋਮਾਂਟਿਕ ਸਰੂਪ ਦੀ ਸਿਰਜਣਾ ਕਰਦਾ ਹੈ।”[3]
ਰੁਮਾਂਸਵਾਦੀ ਪ੍ਰਵਿਰਤੀ ਦਾ ਪ੍ਰਮੁੱਖ ਕਵੀ ਪ੍ਰੋ. ਮੋਹਨ ਸਿੰਘ ਨੂੰ ਮੰਨਿਆ ਜਾਂਦਾ ਹੈ। ਉਸ ਦਾ ਕਾਵਿ ਸੰਗ੍ਰਹਿ ‘ਸਾਵੇਂ ਪਤੱਰ’ ਰੁਮਾਂਸ ਨਾਲ ਭਰਪੂਰ ਹੈ। ਪਤਨੀ ਦੀ ਮੌਤ ਦੇ ਦੁੱਖ ਕਾਰਨ ਮੋਹਨ ਸਿੰਘ ਇੱਕ ਕਵੀ ਤੇ ਗੀਤਕਾਰ ਬਣ ਭਾਵਪੂਰਕ ਤਰੀਕੇ ਨਾਲ ਪੇਸ਼ ਕਰਦਾ ਹੈ। ਉਸ ਦੀਆਂ ਕਵਿਤਾਵਾਂ ਵਿੱਚ ਕੁਦਰਤ ਨੂੰ ਵੀ ਪੇਸ਼ ਕੀਤਾ ਗਿਆ ਹੈ।“ਪ੍ਰੋ.ਮੋਹਨ ਸਿੰਘ ਦੇ ਕਾਵਿ ਵਿੱਚ ਕੁਦਰਤ ਵਰਨਣ ਮਿਲਦਾ ਹੈ, ਪਰ ਇਹ ਵਰਨਣ ਪਹਿਲੇ ਕਵੀਆਂ ਨਾਲੋਂ ਸੂਖਮ ਹੈ। ਉਹ ਪ੍ਰਕਿਰਤੀ ਦੇ ਅਣਸਾਂਭੇ ਅਤੇ ਅਣਕੱਜੇ ਸੁਹਜ ਜਾ ਹੁਸਨ ਵਿੱਚੋਂ ਆਪਣੀਆਂ ਅਤ੍ਰਿਪਤ ਰੀਝਾਂ ਦੀ ਪੂਰਤੀ ਕਰਦਾ ਹੈ।”[4]
ਅੰਮ੍ਰਿਤਾ ਪ੍ਰੀਤਮ ਵੀ ਪ੍ਰੋ. ਮੋਹਨ ਸਿੰਘ ਵਾਂਗ ਇੱਕ ਰੁਮਾਂਟਿਕ ਭਾਵਾਂ ਵਾਲੀ ਕਵਿੱਤਰੀ ਤੇ ਗੀਤਕਾਰ ਹੈ। ਉਹ ਨਾਰੀਤਵ ਨੂੰ ਬਹੁਤ ਭਾਵੁਕ ਹੋ ਕੇ ਪੇਸ਼ ਕਰਦੀ ਹੈ। “ਉਸ ਦੀ ਕਾਵਿ ਸਿਰਜਣਾ ਦਾ ਮੂਲ ਧੁਰਾ ਵੀ ਨਿੱਜੀ ਪਿਆਰ ਦਿ ਅਸਫ਼ਲਤਾ ਤੋਂ ਠੋਕਰ ਖਾ ਕੇ ਉਪਜੀ ਪੀੜ ਹੈ।”[5] ਉਹ ਆਪਣੀਆਂ ਕਵਿਤਾਵਾਂ ਵਿੱਚ ਵੰਡ ਅਤੇ ਵਿਛੋੜੇ ਦੀ ਪੀੜ ਦਾ ਵੀ ਵਰਨਣ ਕਰਦੀ ਹੈ।
ਸ਼ਿਵ ਕੁਮਾਰ ਦਾ ਵੀ ਰੁਮਾਂਸਵਾਦੀ ਪ੍ਰਵਿਰਤੀ ਵਿੱਚ ਖਾਸ ਨਾਮ ਹੈ। ਉਸ ਦੀਆਂ ਕਵਿਤਾਵਾਂ ਵੀ ਅਧੂਰੇ ਪਿਆਰ ਦੀ ਹੀ ਦੇਣ ਹਨ। ਉਸ ਦੀਆਂ ਕਵਿਤਾਵਾਂ ਵਿੱਚ ਬਿਰਹਾ ਪ੍ਰਧਾਨ ਹੈ। ਉਸਨੇ ਬਹੁਤ ਸਾਰੇ ਪਿਆਰ ਤੇ ਖੁਸ਼ੀਆਂ ਦੇ ਗੀਤ ਵੀ ਲਿਖੇ, ਪਰ ਬਿਰਹਾ ਉਸ ਦੀ ਪਛਾਣ ਬਣਿਆ। ਉਸਨੇ ਬਿਰਹਾ ਨੂੰ ਸੁਲਤਾਨ ਕਿਹਾ। ਇਸ ਲਈ ਉਸਨੂੰ ਬਿਰਹਾ ਦਾ ਕਵੀ ਵੀ ਕਿਹਾ ਜਾਂਦਾ ਹੈ। ਉਸ ਦੁਆਰਾ ਕੀਤਾ ਗਿਆ ਬਿਰਹਾ ਦਾ ਵਰਨਣ ਦਿਲ ਵਿੱਚ ਇੱਕ ਚੀਸ ਪੈਦਾ ਕਰਦਾ ਹੈ।
ਇਸ ਪ੍ਰਕਾਰ ਪੰਜਾਬੀ ਸਾਹਿਤ ਦੇ ਮੰਨੇ ਪ੍ਰਮੰਨੇ ਕਵੀਆਂ ਨੇ ਰੁਮਾਂਸਵਾਦੀ ਪ੍ਰਵਿਰਤੀ ਵਿੱਚ ਯੋਗਦਾਨ ਪਾਇਆ। ਇਨ੍ਹਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਵੀ ਜਿਵੇਂ ਅਵਤਾਰ ਸਿੰਘ ਆਜ਼ਾਦ, ਪ੍ਰੀਤਮ ਸਿੰਘ ਸਫ਼ੀਰ, ਬਾਵਾ ਬਲਵੰਤ, ਡਾ. ਦੀਵਾਨ ਸਿੰਘ ਕਾਲੇ ਪਾਣੀ ਤੇ ਡਾ ਅਮਰਜੀਤ ਟਾਂਡਾ ਆਦਿ ਰੁਮਾਂਸਵਾਦੀ ਪ੍ਰਵਿਰਤੀ ਦੇ ਪ੍ਰਭਾਵ ਤੋਂ ਮੁਕਤ ਨਾ ਰਹਿ ਸਕੇ। ਪਰ ਇਸ ਦੇ ਬਾਵਜੂਦ ਵੀ ਰੁਮਾਂਸਵਾਦੀ ਕਾਵਿਧਾਰਾ ਦੇ ਵਿਗਠਨ ਦਾ ਸਭ ਤੋਂ ਵੱਡਾ ਕਾਰਨ ਇਸ ਦਾ ਅਤਿਅੰਤ ਨਿੱਜੀ ਅਤੇ ਵਿਤਕਰੇਵਾਦੀ ਚਰਿੱਤਰ ਸੀ। ਕਵੀ ਆਪਣੇ ਨਿੱਜਤਵ ਦੇ ਪ੍ਰਗਟਾਵੇ ਤੱਕ ਹੀ ਸੀਮਤ ਹੋ ਕੇ ਰਹਿ ਗਹੇ ਸਨ।”[6]
ਇਸ ਦਾ ਰੁਝਾਨ ਦਿਨੋਂ ਦਿਨ ਘਟਦਾ ਜਾ ਰਿਹਾ ਹੈ। ਪਰ ਫਿਰ ਵੀ ਇਹ ਪ੍ਰਵਿਰਤੀ ਆਧੁਨਿਕ ਪੰਜਾਬੀ ਕਾਵਿ ਵਿਚੋਂ ਅਹਿਮ ਸਥਾਨ ਰੱਖਦੀ ਹੈ।
ਹਵਾਲੇ
[ਸੋਧੋ]- ↑ ਡਾ. ਰਤਨ ਸਿੰਘ ਜੱਗੀ, ਖੋਜ ਪੱਤ੍ਰਿਕਾ: ਸਾਹਿਤਿਕ ਵਾਦ ਅੰਕ (1), ਪੰਜਾਬੀ ਯੂਨੀਵਰਸਿਟੀ
- ↑ ਪ੍ਰੋ.ਮਨਿੰਦਰਜੀਤ ਕੌਰ ਹੇਰ, ਆਧੁਨਿਕ ਪੰਜਾਬੀ ਕਵਿਤਾ ਸਿਧਾਂਤ, ਇਤਿਹਾਸ ਤੇ ਪ੍ਰਵਿਰਤੀਆਂ,
- ↑ ਡਾ. ਯੋਗਰਾਜ, ਆਧੁਨਿਕ ਪੰਜਾਬੀ ਕਾਵਿ ਧਾਰਾਵਾਂ ਦਾ ਸੁਰਜ-ਸ਼ਾਸਤਰ, ਚੇਤਨਾ ਪ੍ਰਕਾਸ਼ਨ, ਪੰਜਾਬੀ
- ↑ ਡਾ. ਅੰਮ੍ਰਿਤਲਾਲ ਪਾਲ, ਡਾ. ਸ਼੍ਰੀਮਤੀ ਵਿੱਦਿਆਵਤੀ, ਆਧੁਨਿਕ ਪਜੰਾਬੀ ਕਵਿਤਾ ਸਿਧਾਂਤ,
- ↑ ਡਾ. ਭੁਪਿੰਦਰ ਕੌਰ, ਆਧੁਨਿਕ ਪੰਜਾਬੀ ਕਵਿਤਾ ਪਰਿਵਰਤਨ ਤੇ ਪ੍ਰਵਿਰਤੀਆਂ ਰਘਬੀਰ ਪ੍ਰਕਾਸ਼ਨ,
- ↑ ਪ੍ਰੋ.. ਬ੍ਰਹਮ ਜਗਦੀਸ਼ ਸਿੰਘ, ਆਧੁਨਿਕ ਪੰਜਾਬੀ ਕਾਵਿ, ਪ੍ਰਮੱਖ ਪ੍ਰਵਿਰਤੀਆਂ ਵਾਰਿਸ ਸ਼ਾਹ ਫ਼ਾਉਂਡੇਸ਼ਨ (ਅੰਮ੍ਰਿਤਸਰ), ਪੰਨਾ -37
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |