ਸਮੱਗਰੀ 'ਤੇ ਜਾਓ

ਲੋਕ ਕਲਾਵਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜਾਣ ਪਛਾਣ :- ਕਲਾ ਬਾਰੇ ਆਮ ਤੌਰ ਤੇ ਇਹ ਧਾਰਨਾ ਹੈ ਕਿ ਜੋ ਕੁਝ ਵੀ ਇਨਸਾਨ ਦੁਆਰਾ ਸਿਰਜਿਆ ਉਹ ਕਲਾ ਹੈ । ਇਸ ਸੰਸਾਰ ਵਿਚ ਸਾਨੂੰ ਦੋ ਪ੍ਰਕਾਰ ਦੀਆਂ ਚੀਜਾਂ ਨਜ਼ਰ ਪੈਂਦੀਆਂ ਹਨ, ਜਿਸ ਵਿਚ ਇਕ ਪਾਸੇ ਤਾਂ ਕੁਦਰਤ ਦੀ ਕਾਰੀਗਰੀ ਹੈ ਜਿਵੇਂ: ਤਾਰੇ , ਚੰਨ,ਸੂਰਜ,ਧਰਤੀ,ਅਕਾਸ਼,ਪਹਾੜ, ਸਮੁੰਦਰ,ਜੰਗਲ,ਦਰਿਆ, ਪਸ਼ੂ,ਪੰਛੀ ਆਦਿ ਅਤੇ ਦੂਜੇ ਪਾਸੇ ਮਨੁੱਖ ਦੀਆਂ ਭਾਂਤ ਭਾਂਤ ਦੀਆਂ ਬਣਾਈਆਂ ਹੋਈਆਂ ਵਸਤਾਂ ਹਨ, ਜਿਵੇਂ: ਰਿਹਾਇਸ਼ ਲਈ ਬਣਾਈਆਂ ਝੁਗੀਆਂ ਝੌਂਪੜੀਆਂ ਤੋਂ ਲੈ ਕੇ ਮਹਿਲ ਮਾੜੀਆਂ, ਘਰਾਂ ਵਿੱਚ ਨਿੱਕੀ ਜਿਹੀ ਸੂਈ ਤੋਂ ਲੈ ਕੇ ਨਿੱਤ ਵਰਤੋਂ ਦੀਆਂ ਅਣਗਿਣਤ ਚੀਜ਼ਾਂ, ਜਿਵੇਂ ਖਾਣ ਲਈ ਰੋਟੀ ਪਹਿਨਣ ਲਈ ਕੱਪੜੇ, ਆਵਾਜਾਈ ਲਈ ਲੱਕੜੀ ਦੇ ਗੱਡੇ ਤੋਂ ਲੈ ਕੇ ਹਵਾਈ ਜਹਾਜ਼ ਆਦਿ। ਵਧਦੀਆਂ ਲੋੜਾਂ ਅਨੁਸਾਰ ਮਨੁੱਖ ਆਪਣੀ ਸੋਚ ਅਤੇ ਬੁੱਧੀ ਸਦਕਾ ਇਨ੍ਹਾਂ ਚੀਜਾਂ ਵਿਚ ਵਾਧਾ ਕਰਦਾ ਆਇਆ ਹੈ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਦਰਿਆ ਕਲਾ ਨਹੀਂ ਹੈ, ਪਰ ਦਰਿਆ ਦੇ ਪਾਣੀ ਨੂੰ ਵਿਓਂਤ ਮੂਜਬ ਇੱਕਠਾ ਕਰਕੇ, ਬੰਨ੍ਹ ਜਾਂ ਡੈਮ ਬਣਾ ਕੇ ਕੰਢੀਆਂ ਗਈਆਂ ਨਹਿਰਾਂ ਜਾਂ ਇਸਦਾ ਕੀਤੀ ਗਈ ਬਿਜਲੀ, ਕਲਾ ਹੈ। [1]

ਸੀ[2] ਮਨੁੱਖ ਦੀਆਂ ਮਾਨਸਿਕ ਲੋੜਾਂ ਦੀ ਤ੍ਰਿਪਤੀ ਸੁਹਜ ਰਸ ਨਾਲ ਹੁੰਦੀ ਹੈ ਇਹੀ ਸੁਹਜ ਰਸ ਨੂੰ ਮਾਨਣ ਦੀ ਇੱਛਾ ਨੇ ਹੀ ਕਲਾ ਨੂੰ ਜਨਮ ਦਿੱਤਾ ਹੈ।

[2]

  ਵਣਜਾਰਾ ਬੇਦੀ ਦੇ ਅਨੁਸਾਰ:  

      "ਉਹ ਕਲਾ ਜਿਸਨੂੰ ਆਦਿ ਕਾਲ ਤੋਂ ਅਨੇਕਾਂ ਕਿਰਤੀਆਂ ਨੇ ਆਪਣੇ ਅਨੁਭਵ ਨਾਲ ਸਿੰਜ ਕੇ ਰਸਾਇਆ , ਪਕਾਇਆ ਤੇ ਨਿਖਾਰਿਆ ਅਤੇ ਪਰੰਪਰਾ ਦੀ ਧਾਰਾ ਦਾ ਅੰਗ ਬਣਾ ਕੇ ਵਿਗਸੀ , ਲੋਕ ਕਲਾ ਅਖਵਾਈ।" ਲੋਕ ਕਲਾ ਵਿਅੱਕਤੀ ਦੇ  ਜੀਵਨ ਦਾ ਅਤੇ ਸੱਭਿਆਚਾਰ ਦਾ ਸ਼ੀਸ਼ਾ ਹੁੰਦੀਆ ਹਨ ਇਨ੍ਹਾਂ ਵਿਚ ਪੀੜ੍ਹੀਆਂ ਦੀ ਘਾਲਣਾ ਸਮਾਈ ਹੋਏੀ ਹੁੰਦੀ ਹੈ।  ਲੋਕ  ਕਲਾਵਾਂ ਦੇ ਨਿਭਾਅ ਵਿਚੋਂ  ਉਸ ਕੌਮੀਅਤ ਦਾ ਵਰਤਮਾਨ, ਅਤੀਤ ਤੇ ਭਵਿੱਖ ਅਤੇ ਸੱਚੇ - ਸੁੱਚੇ ਸਵਰ ਵਿਚ ਬੋਲਦਾ ਹੈ।

ਪੇਟ ਦੀ ਭੁੱਖ ਭਾਵ ਪਦਾਰਥਕ ਕਲਾਵਾਂ  ਦੇ ਨਾਲ ਹੀ ਮਨੁੱਖ ਨੂੰ ਆਤਮਿਕ ਜਾਂ ਰੂਹਾਨੀ ਖੁਰਾਕ ਦੀ ਵੀ ਬਹੁਤ ਵੱਡੇ ਪੱਧਰ ਤੇ ਹੀ ਲੋੜ ਹੁੰਦੀ ਹੈ ਕਿਉਂਕਿ ਢਿੱਡ ਤਾਂ ਪਸ਼ੂ ਵੀ ਭਰ ਲੈਂਦੇ ਹਨ। ਇਸ ਲਈ ਰੂਹ ਦੀ ਖੁਰਾਕ ਲਈ ਪੈਦਾ ਕੀਤੀ ਹਰ ਵਸਤੂ ਮਨੁੱਖ ਦੀ ਸੁਹਜ ਤ੍ਰਿਪਤੀ ਕਰਦੀ ਹੈ, ਉਸਨੂੰ ਆਨੰਦ ਦੀ ਦਿੰਦੀ ਹੈ ਤੇ ਉਸਦੇ ਭਾਵਾਂ ਨੂੰ ਹਲੂਣਦੀ ਹੈ। ਇਹਨਾਂ ਵਿੱਚੋਂ : ਸਾਹਿਤ , ਸੰਗੀਤ, ਨਾਚ,ਨਾਟ, ਚਿੱਤਰਕਾਰੀ, ਬੁੱਤਕਾਰੀ ਜਾਂ ਮੁਰਤੀਕਾਰੀ,ਇਮਾਰਤਕਾਰੀ ਆਦਿ ਸ਼ਾਮਿਲ ਹਨ। ਇਨ੍ਹਾਂ ਨੂੰ ਕੋਮਲ ਕਲਾਵਾਂ ਦੇ ਵਿਚ ਰੱਖਿਆ ਜਾਂਦਾ ਹੈ।ਮਨੁੱਖ ਨੂੰ ਸੱਭਿਅਕ ਅਤੇ ਦੁਨੀਆਂ ਵਿੱਚ ਖੂਬਸੂਰਤ ਤੇ ਵਧਿਆ ਢੰਗ ਨਾਲ ਜਿਊਣ ਯੋਗ ਬਣਾਉਣ ਲਈ ਕਲਾਵਾਂ ਦਾ ਬਹੁਤ ਵੱਡਾ ਹੱਥ ਹੈ। ਜਿਵੇਂ ਕੋਇਲ ਦੀ ਸੁਰੀਲੀ ਆਵਾਜ਼ ਸੁਣ ਕੇ ਆਦਮੀ ਗੁਣਗੁਣਾਉਣਾ ਆਰੰਭ ਕਰ ਦੇਂਦਾ ਹੈ ਤਾਂ ਅਸੀਂ ਉਸਨੂੰ ਸੰਗੀਤ ਦਾ ਨਾਮ ਦੇਂਦੇ ਹਾਂ। ਮੋਰ ਨੂੰ ਪੈਲਾਂ ਪਾਉਂਦਿਆਂ ਤਕ ਕੇ ਜਾਂ ਫਿਰ ਕਿਸੇ ਪ੍ਰਾਪਤੀ ਉਪਰ ਹੋਈ ਕਿਸੇ ਖੁਸ਼ੀ ਨੂੰ ਦੂਜਿਆਂ ਨਾਲ ਸਾਂਝਿਆਂ ਕਰਨ ਲਈ ਵਿਅਕਤੀ ਨੱਚਣ ਲਗਦਾ ਹੈ , ਇਸਨੂੰ ਨ੍ਰਿਤ ਕਲਾ ਕਹਿੰਦੇ ਹਨ । ਬਾਰਿਸ਼ ਤੋਂ ਪਿੱਛੋਂ ਆਸਮਾਨ ਉੱਪਰ ਸੱਤਰੰਗੀਂ ਪੀਂਘ ਵੇਖ ਕੇ ਉਹੋ ਜਿਹਾ ਚਿੱਤਰ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਇਹ ਚਿੱਤਰਕਾਰੀ ਹੈ। ਸੰਗੀਤਕ ਜਾਂ ਸੁਰੀਲੀ ਆਵਾਜ਼ ਵਿਚ ਗਾਉਣਾ, ਨੱਚਣਾ ਅਤੇ ਕੋਈ ਤਸਵੀਰ ਬਣਾਉਣਾ ਇਹ ਤਿੰਨੋ ਕੋਮਲ ਜਾਂ ਸੂਖਮ ਕਲਾਵਾਂ ਹਨ ਪਰ ਇਨ੍ਹਾਂ ਦਾ ਮਾਧਿਅਮ ਵੱਖਰਾ ਵੱਖਰਾ ਹੈ। ਮਾਧਿਅਮ ਦੇ ਸਪੱਸ਼ਟੀਕਰਨ ਲਈ ਫ਼ਜ਼ਲ ਸ਼ਾਹ ਦਾ ਸੋਹਣੀ ਮਹੀਂਵਾਲ ਲੈ ਸਕਦੇ ਹਾਂ। ਜਿਵੇਂ ਫਜ਼ਲ ਸ਼ਾਹ ਨੇ ਇਸ ਕਹਾਣੀ ਨੂੰ ਸੁਣਿਆ ਅਤੇ ਸ਼ਬਦਾਂ / ਕਵਿਤਾ ਦੇ ਮਾਧਿਅਮ ਰਾਹੀਂ ਕਿੱਸੇ ਦੇ ਰੂਪ ਵਿੱਚ ਲਿਖ ਦਿੱਤਾ। ਇਸੇ ਲੋਕ ਕਥਾ ਨੂੰ ਜਦ ਸੋਭਾ ਸਿੰਘ ਨੇ ਸੁਣਿਆ ਤਾਂ ਉਸਨੇ ਇਸਤੋਂ ਪ੍ਰਭਾਵਿਤ ਹੋ ਕੇ ਸੋਹਣੀ ਮਹੀਂਵਾਲ ਦਾ ਖੂਬਸਰਤ ਚਿੱਤਰ ਬਣਾਇਆ । ਇਹ ਚਿੱਤਰ  ਅਣਗਿਣਤ ਲੋਕਾਂ ਦੇ ਘਰਾਂ ਦੀਆਂ ਕੰਧਾਂ ਦਾ ਸ਼ਿੰਗਾਰ ਬਣਿਆ। ਸੋਭਾ ਸਿੰਘ ਨੇ ਆਪਣੀ ਕਲਾ ਦਾ ਮਾਧਿਅਮ  ਕਾਗਜ਼, ਬੁਰਸ਼, ਤੇ ਰੰਗਾਂ ਨੂੰ ਬਣਾਇਆ । ਸੋਹਣੀ ਮਹੀਂਵਾਲ ਦੀ ਪ੍ਰੇਮ ਗਾਥਾ ਜਦ ਜੈ ਦੇਵ  ਤਕ ਪਹੁੰਚੀ ਤਾਂ ਉਸ ਨੇ ਪੱਥਰ ਦੇ ਟੁਕੜੇ ਨੂੰ ਹਥੌੜੇ ਤੇ ਛੈਣੀ ਦੀ ਮਦਦ ਨਾਲ ਤਰਾਸ਼  ਕੇ  ਸੋਹਣੀ ਮਹੀਵਾਲ ਦੀ ਮੂਰਤੀ ਬਣਾਈ ।ਇਸ ਤਰ੍ਹਾਂ ਸਾਹਿਤਕਾਰ , ਮੂਰਤੀਕਾਰ, ਚਿੱਤਰਕਾਰ ਨੇ ਆਪਣੇ ਢੰਗ ਨਾਲ ਆਪਣੇ ਹੁਨਰ ਦਾ ਪ੍ਰਗਟਾਵਾ ਕੀਤਾ।

  ਕਲਾ ਦੀਆਂ ਇਨ੍ਹਾਂ ਵੰਨਗੀ  ਤੋਂ ਇਲਾਵਾ ਕਿੱਤਿਆਂ ਜਾਂ ਧੰਦਿਆਂ ਨਾਲ ਜੁੜੀਆਂ ਕਲਾਵਾਂ ਵੀ ਹਨ।  ਇਨ੍ਹਾਂ ਨੂੰ ਸ਼ਿਲਪ ਕਲਾਵਾਂ ਕਿਹਾ ਜਾਂਦਾ ਹੈ। ਇਨ੍ਹਾਂ ਵਿਚ ਪਦਾਰਥਕ ਕਲਾਵਾਂ ਵਾਂਗ ਰੋਜ਼ੀ ਰੋਟੀ ਦਾ ਮਸਲਾ ਵੀ ਜੁੜਿਆ ਹੋਇਆ ਹੈ ਅਤੇ ਇਸਦੇ ਨਾਲ ਹੀ ਲਲਿਤ ਕਲਾਵਾਂ ਵਾਲੀ ਭਾਵਨਾ ਵੀ।

[3] ਉਪਰੋਕਤ ਵਿਚਾਰ ਚਰਚਾਾ ਤੋਂ ਬਾਅਦ ਲੋਕ ਕਲਾ ਨੂੰ ਇਸ ਤਰ੍ਹਾਂਂਂ ਪਰਿਭਾਸ਼ਿਤ ਕੀਤਾ ਜਾਾ ਸਕਦਾ ਹੈ:-

" ਲੋਕ ਕਲਾ ਅਜਿਹਾ ਹੁਨਰ ਹੈ ਜਿਸ ਦਾ ਆਧਾਰ ਲੋਕ ਜੀਵਨ ਹੈ। ਇਹ ਪਰੰਪਰਾ ਦੇ ਅੰਸ਼ਾਂ ਨਾਲ ਭਰਪੂਰ ਹੁੰਦੀ ਹੈ ਲੋਕ ਸਮੂਹ ਦੀ ਪ੍ਰਵਾਨਗੀ ਨਾਲ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਨੂੰ ਵਿਰਸੇ ਵਿੱਚ ਅੱਗੇ ਤੋਰਦੀ ਹੈ। ਇਸ ਵਿੱਚ ਲੋਕ-ਮਾਨਸ ਦੀ ਅਭਿਵਿਅਕਤੀ ਅਤੇ ਲੋਕ ਸੰਸਕ੍ਰਿਤੀ ਦੇ ਅਵਸ਼ੇਸ਼ ਹੁੰਦੇ ਹਨ। ਇਸ ਵਿੱਚ ਸੰਗੀਤ ਲੋਕ, ਨਾਚ ਲੋਕ , ਲੋਕ ਨਾਟਕ, ਲੋਕ ਚਿੱਤਰਕਾਰੀ ਦੇ ਬੁੱਤ ਕਾਰੀ ,ਕਢਾਈ ਤੇ ਬੁਣਤੀ ਆਦਿ ਲੋਕ ਹੁਨਰਾਂ ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ।"[4]

[5]ਵਿਸ਼ਾ ਸੂਚੀ

[ਸੋਧੋ]

ਲੋਕ ਕਲਾਵਾਂ ਦੀਆਂ ਵੰਨਗੀਆ

[ਸੋਧੋ]

ਮੂਰਤੀ ਕਲਾ

[ਸੋਧੋ]

ਮੂਰਤੀ ਕਲਾ ਵਿੱਚ ਪੰਜਾਬ ਦੀ ਗੰਧਾਰ ਸ਼ੈੱਲੀ ਬੜੀ ਪ੍ਰਸਿੱਧ ਹੈ। ਇਹ ਮੂਲ ਵਿੱਚ ਲੋਕ ਸ਼ੈਲੀ ਜੋ ਯੂਨਾਨੀ ਤੇ ਈਰਾਨੀ ਸ਼ੈਲੀਆਂ ਦੇ ਪ੍ਰਭਾਵ ਹੇਠ, ਬੁੱਧ ਕਾਲ ਵਿੱਚ ਨਿਖਰੀ। ਗੰਧਾਰ ਸ਼ੈਲੀ ਦੀ ਵੱਡੀ ਵਿਸ਼ੇਸਤਾ ਇਹ ਸੀ ਕਿ ਮੂਰਤੀਆਂ ਵਿੱਚ ਨਕਸ਼ਾਂ ਤੇ ਅੰਗਾ ਨੂੰ ਬੜੀ ਮਿਹਨਤ ਨਾਲ ਘੜਿਆ ਤੇ ਨਿਖਾਰਿਆ ਜਾਂਦਾ ਸੀ।

ਚਿੱਤਰਕਲਾ

[ਸੋਧੋ]

ਜਨ ਸਧਾਰਨ ਵਲੋਂ ਲੋਕ ਨਮੂਨਿਆਂ ਵਿੱਚ ਕੀਤੀ ਚਿੱਤਰਕਾਰੀ ਜਾਂ ਕਲਾਕਾਰਾਂ ਵਲੋਂ ਲੋਕ-ਨਮੂਨਿਆਂ ਅਤੇ ਸਮੱਗਰੀ ਦੀ ਚਿੱਤਰਕਾਰੀ ਨੂੰ ਹੀ ਲੋਕ ਚਿੱਤਰਕਾਰੀ ਕਿਹਾ ਜਾਂਦਾ ਹੈ। ਪੰਜਾਬ ਵਿੱਚ ਚਿੱਤਰਕਾਰੀ ਦੀਆਂ ਦ ਵੰਨਗੀਆਂ ਮਿਲਦੀਆਂ ਹਨ। ਭਾਰਤ ਵਿਚ ਚਿੱਤਰਕਾਰੀ ਦੀ ਪਰੰਪਰਾ ਬਹੁਤ ਪੁਰਾਣੀ ਹੈ। ਸੰਸਕ੍ਰਿਤ ਵਿਚ ਚਿੱਤਰਕਾਰੀ ਦੇ ਹਵਾਲੇ ਮਿਲਦੇ ਹਨ। ਕਨੌਜ ਦੇ ਰਾਜਾ ਹਰਸ ਦੀ ਸਿਮਰਤੀ ਵਿੱਚ ਨਾਗਾਨੰਦ ਨਾਂ ਦੇ ਨਾਟ ਵਿਚ ਰਾਜਕੁਮਾਰ ਨੂੰ ਆਪਣੀ ਪਿਆਰੀ ਮਾਇਆਵਤੀ ਦਾ ਚਿੱਤਰ ਬਣਾਉਂਦਾ ਦਿਖਾਇਆ ਗਿਆ ਹੈ। ਇਸ ਤੋਂ ਇਲਾਵਾ ਸਕੁੰਤਲਾ ਵਿਚ ਰਾਜਾ ਆਪਣੀ ਪਤਨੀ ਦਾ ਚਿੱਤਰ ਬਣਾਉਂਦਾ ਹੈ , ਰਾਜਿਆਂ ਦੇ ਮਹਿਲਾਂ ਦੀਆਂ ਦੀਵਾਰਾਂ ਚਿੱਤਰਾਂ ਨਾਲ ਸਜਾਈਆਂ ਜਾਂਦੀਆ ਸਨ। ਇੰਨਾ ਮਹਿਲਾਂ ਨਾਲ ਚਿੱਤਰਕਲਾ ਸੰਬੰਧਿਤ ਹੁੰਦੀ ਸੀ ਜਿਸ ਵਿੱਚ ਖ਼ੂਬਸੂਰਤ ਚਿੱਤਰ ਬਣੇ ਹੁੰਦੇ ਸਨ । ਭਾਰਤੀ ਅਤੇ ਚੀਨੀ ਕਲਾਵਾਂ, ਪੁਰਾਤਨ ਅਤੇ ਮੱਧਕਾਲੀਨ, ਅਨੁਸ਼ਾਸਨ ਅਤੇ ਪ੍ਰਦਰਸ਼ਨ ਵਿਚ ਕਾਫੀ ਸਮਾਨ ਹਨ।

ਪੰਜਾਬ ਦੀ ਚਿੱਤਰਕਾਰੀ: ਪੰਜਾਬ ਵਿੱਚ ਚਿੱਤਰਕਾਰੀ ਦੀਆਂ ਦੋ ਵੰਨਗੀਆਂ ਮਿਲਦੀਆਂ ਹਨ।

ਸਧਾਰਨ ਚਿੱਤਰਕਾਰੀ

[ਸੋਧੋ]

ਇਹ ਚਿੱਤਰਕਾਰੀ ਸਾਧਾਰਨ ਪੇਂਡੂ ਔਰਤਾਂ ਵੱਲੋਂ ਪਾਂਡੂ ਨਾਲ ਲਿਪੀਆਂ ਕੰਧਾਂ ਉੱਪਰ ਚੂਨੇ, ਗੇਰੂ ਜਾਂ ਕਾਲੇ ਰੰਗ ਨਾਲ ਕੀਤੀ ਜਾਂਦੀ ਹੈ। ਇਨ੍ਹਾਂ ਵਿੱਚ ਹੋਈ ਮਾਤਾ ਜਾਂ ਚੰਡੀ ਮਾਈ ਤੋਂ ਇਲਾਵਾ ਬਿੱਲੀਆਂ ਦਾ ਜੋੜਾਂ, ਖਰਗੋਸਾਂ ਦਾ ਜੋੜਾਂ, ਮੋਰ, ਹਿਰਨ, ਚਿੜੀਆਂ, ਬਰੋਟਾ, ਭਲਵਾਨ, ਸ਼ੇਰ, ਹਾਥੀ, ਮਿਰਗ ਜਾਂ ਮਜ਼ਾਕੀਆ ਲਹਿਜੇ ਵਿੱਚ ਮੁੱਛਾਂ ਵਾਲਾ ਮਨੁੱਖ, ਭੱਜਿਆ ਜਾਂਦਾ ਕੁੱਤਾ, ਕਬੂਤਰ ਆਦਿ ਵੱਖ ਵੱਖ ਨਮੂਨੇ ਚਿੱਤਰੇ ਜਾਂਦੇ ਹਨ। ਇਨ੍ਹਾਂ ਚਿੱਤਰਾਂ ਵਿੱਚ ਨਮੂਨੇ ਪ੍ਰਤੀਕ ਰੂਪ ਵਿੱਚ ਪੇਸ਼ ਕੀਤੇ ਜਾਂਦੇ ਹਨ । ਅਜਿਹੇ ਚਿੱਤਰ ਅੱਜ ਤੋਂ ਕੋਈ ਬਾਰਾਂ ਸਦੀਆਂ ਪਹਿਲਾਂ ਬਣੀਆਂ ਅਜੰਤਾਂ ਦੀਆਂ ਗੁਫਾਵਾਂ ਵਿੱਚ ਵੀ ਚਿਤਰੇ ਹੋਏ ਸਾਨੂੰ ਮਿਲ ਜਾਂਦੇ ਹਨ।

ਪਰਬੀਨ ਚਿੱਤਰਕਾਰੀ

[ਸੋਧੋ]

ਇਹ ਕਲਾਕਾਰੀ ਕਿਸੇ ਖਾਸ਼ ਚਿੱਤਰਪਟ ਤੇ ਰੰਗਾਂ ਦੁਆਰਾ ਪਰਬੀਨ ਤੇ ਹੁਨਰਮੰਦ ਕਲਾਕਾਰਾਂ ਵਲੋਂ ਕੀਤੀ ਜਾਂਦੀ ਹੈ। ਇਸ ਦੁਆਰਾ ਲੋਕ ਪਰੰਪਰਾਂ ਦਾ ਚਿੱਤਰਨ ਕੀਤਾ ਜਾਂਦਾ ਹੈ। ਮਹਾਂਭਾਰਤ ਅਤੇ ਰਮਾਇਣ ਵਿੱਚੋਂ ਝਾਕੀਆਂ ਚਿੱਤਰੀਆਂ ਜਾਂਦੀਆਂ ਹਨ। ਪਟਿਆਲਾ ਦੀ ਸ਼ੀਸ ਮਹਿਲ ਆਰਟ ਗੈਲਰੀ ਵਿਚ ਕ੍ਰਿਸ਼ਨ ਦੀਆਂ ਗੋਪੀਆਂ ਅਤੇ ਰਾਧਾ ਦਾ ਵਿਯੋਗਮਈ ਮਨ ਬਹੁਤ ਹੀ ਸਾਰਥਕ ਰੂਪ ਵਿੱਚ ਚਿਤਰਿਆ ਗਿਆ ਹੈ । ਇਸ ਵਿਚ ਮਨ ਦੀ ਅਵਸਥਾ ਦਰਸ਼ਾਉਣ ਲਈ ਵਧੇਰੇ ਪ੍ਰਤੀਕ ਵਰਤੇ ਗਏ ਹਨ ਜਿਵੇਂ ਇਕੱਲ ਦੀ ਭਾਵਨਾ ਦਰਸਾਉਣ ਲਈ ਮੋਰ ਦਾ ਪ੍ਰਤੀਕ ਵਰਤਿਆ ਗਿਆ ਹੈ।

ਪੁਰਾਤਨ ਜਨਮ ਸਾਖੀ ਦੀਆਂ ਕਈ ਅਜਿਹੀਆਂ ਵੰਨਗੀਆਂ ਵੀ ਹਨ ਜਿਨ੍ਹਾਂ ਵਿੱਚ ਬਿਰਤਾਂਤ ਲੋਕ ਚਿੱਤਰਾਂ ਦੁਆਰਾ ਦਰਸਾਇਆ ਗਿਆ ਹੈ। ਜਿਵੇਂ ਇਕ ਪੁਰਾਤਨ ਲਿਖਤ ਵਿਚ ਚਿੱਤਰ ਹੈ ਜਿਸ ਵਿਚ ਗੁਰੂ ਨਾਨਕ ਦੇਵ ਜੀ ਸਿੱਧਾਂ ਨਾਲ ਗੋਸ਼ਟ ਕਰ ਰਹੇ ਹਨ। ਇਸ ਬਿਰਤਾਂਤ ਵਿਚ ਗੁਰੂ ਨਾਨਕ , ਬਾਲਾ, ਮਰਦਾਨਾ, ਗੋਰਖ,ਚੰਦਰਨਾਥ,ਘੁਗੁਨਾਥ, ਗੋਪੀ ਚੰਦ ਨੂੰ ਅਚੰਭਿਤ ਅਵਸਥਾ ਵਿੱਚ ਦਿਖਾਇਆ ਗਿਆ ਹੈ।

ਸਿੱਖ ਰਾਜ ਸਮੇਂ ਚਿੱਤਰਕਾਰੀ

[ਸੋਧੋ]

ਸਿੱਖ ਰਾਜ ਸਮੇਂ ਪੰਜਾਬ ਦੀ ਪ੍ਰਬੀਨ ਚਿੱਤਰਕਾਰੀ ਬਹੁਤ ਪ੍ਰਚਲਤ ਹੋਈ।ਪਹਾੜੀ ਕਲਾਕਾਰਾਂ ਨੇ ਆਪਣੇ ਸਿੱਖ ਸਰਪ੍ਸਤਾਂ ਦੇ ਸੁਹਜ-ਸੁਆਦ ਨੂੰ ਮੁੁੱਖ ਰੱਖਦੇ ਚਿੱਤਰ ਬਣਾਉਣੇ ਸ਼ੁਰੂ ਕਰ ਦਿੱਤੇ ਅਤੇ ਉਹਨਾਂ ਵਿਚੋਂ ਕੁਝ ਲਾਹੌਰ ਵੀ ਆ ਵਸੇ ਪਹਾੜੀ ਕਲਾਕਾਰਾਂ ਦੀਆਂ ਵਿਭਿੰਨ ਕਲਾ ਸ਼ੈੈੈਲੀਆਂ ਜਿਹਨਾਂ ਵਿੱਚ ਕਾਂਗੜਾ,ਬਸੋਲੀ ਅਤੇ ਨੂਰਪੁਰ ਦੀਆਂ ਕਲਾ ਸ਼ੈੈੈਲੀਆਂ ਪ੍ਰਸਿੱਧ ਹਨ।ਪਰ ਛੇਤੀ ਹੀ ਪਰਬੀਨ ਕਲਾਂ ਨੇ ਢਹਿੰਦੀ ਕਲਾ ਵਲ ਵਧਣਾ ਸ਼ੁਰੂ ਕਰ ਦਿੱਤਾ। ਇਸਦਾ ਕਾਰਨ ਇਹ ਸੀ ਕਿ ਪਹਾੜੀ ਚਿੱਤਰਕਲਾ ਆਪਣੀ ਅਧਿਆਤਮਕ ਪਰੰਪਰਾ ਨਾਲੋਂ ਪੂਰੀ ਤਰ੍ਹਾਂ ਟੁੱਟ ਗਈ ਹੈ।[6]

ਕੁੰਭਕਾਰੀ ਕਲਾ

[ਸੋਧੋ]

ਮਿੱਟੀ ਨਾਲ ਭਾਂਡੇ ਘੜਨ ਦੀ ਕਲਾ ਨੂੰ ਕੁੰਭਕਾਰੀ ਦੀ ਕਲਾ ਦਾ ਨਾਂ ਦਿੱਤਾ ਜਾਂਦਾ ਹੈ, ਮੁਸਲਮਾਨਾ ਤੇ ਆਉਣ ਨਾਲ ਕੁੰਭਕਾਰੀ ਦੀ ਕਲਾ ਕਾਫੀ ਵਿਗਸੀ ਤੇ ਪ੍ਰਫੁੱਲਿਤ ਹੋਈ ਕਿਉਂਕਿ ਮੁਸਲਮਾਨ ਧਾਤ ਦੇ ਭਾਂਡਿਆਂ ਨਾਲੋਂ ਮਿੱਟੇ ਦੇ ਭਾਂਡੇ ਵਧੇਰੇ ਵਰਤਦੇ ਹਨ। ਮੁਸਲਮਾਨੀ ਵਿਸ਼ਵਾਸਾਂ ਨੇ ਕੁੰਭਕਾਰੀ ਦੀ ਕਲਾ ਨੂੰ ਵਿਗਸਾਣ ਵਿੱਚ ਚੌਖਾ ਹਿੱਸਾ ਪਾਇਆ। ਪਹਿਲਾਂ ਪੰਜਾਬ ਦੇ ਮਿੱਟੀ ਦੇ ਭਾਂਡੇ ਰੋਗਨੀ ਨਹੀਂ ਹੁੰਦੇ ਸਨ। ਰੋਗਨੀ ਤੇ ਰੰਗਦਾਰ ਬਰਤਨਾਂ ਦਾ ਰਿਵਾਜ ਵੀ ਮੁਸਲਮਾਨਾਂ ਦੇ ਵੇਲੇ ਪਿਆ ਤੇ ਇਹ ਕਲਾ ਮੂਲ ਵਿੱਚ ਈਰਾਨੀ ਹੈ। ਸਾਡੀਆਂ ਬਹੁਤ ਸਾਰੀਆਂ ਲੋਕ-ਕਲਾਵਾਂ ਅਜਿਹੀਆਂ ਹਨ, ਜੋ ਮਿੱਟੀ ਨਾਲ ਸੰਬੰਧਿਤ ਹਨ। ਪੰਜਾਬੀ ਸੁਆਣੀਆਂ ਮਿੱਟੀ ਨੂੰ ਆਧਾਰ ਬਣਾ ਕੇ ਹੀ ਇਨ੍ਹਾਂ ਲੋਕ-ਕਲਾਵਾਂ ਨੂੰ ਪ੍ਰਗਟ ਕਰਦੀਆਂ ਹਨ। ਜਿੱਥੇ ਇਹ ਕਲਾਵਾਂ ਉਨ੍ਹਾਂ ਅੰਦਰਲੇ ਗੁਣਾਂ ਨੂੰ ਬਾਹਰ ਕੱਢਦੀਆਂ ਸਨ, ਉੱਥੇ ਮਾਨਸਿਕ ਤੇ ਸਰੀਰਕ ਤੌਰ `ਤੇ ਵਧੇਰੇ ਚੇਤੰਨ ਵੀ ਕਰਦੀਆਂ ਸਨ। ਇਸ ਵਰਗ ਅਧੀਨ ਆਉਣ ਵਾਲੀਆਂ ਲੋਕ ਕਲਾਵਾਂ ਦਾ ਵੇਰਵਾ ਇਸ ਪ੍ਰਕਾਰ ਹੈ :

ਮਿੱਟੀ ਦੀ ਕੰਧ `ਤੇ ਬੂਟੀਆਂ ਪਾਉਣਾ

[ਸੋਧੋ]

ਸਾਡੇ ਵਿਰਸੇ ਦੀ ਇਹ ਬਹੁਤ ਹੀ ਹਰਮਨ ਪਿਆਰੀ ਕਲਾ ਰਹੀ ਹੈ। ਇਹ ਕਲਾ ਸੁਆਣੀਆਂ ਆਪਣੇ ਘਰ ਦੀਆਂ ਕੰਧਾਂ ਉੱਤੇ ਵੱਖ-ਵੱਖ ਤਰ੍ਹਾਂ ਦੀਆਂ ਬੂਟੀਆਂ ਬਣਾ ਕੇ ਪ੍ਰਗਟ ਕਰਦੀਆਂ ਸਨ। ਔਰਤਾਂ ਘਰ ਦੀਆਂ ਕੱਚੀਆਂ ਕੰਧਾਂ `ਤੇ ਗੋਹਾ ਫੇਰ ਕੇ ਇਸ ਉੱਤੇ ਸਫ਼ੈਦੀ ਨਾਲ ਕਈ ਪ੍ਰਕਾਰ ਦੇ ਕਬੂਤਰ, ਤੋਤੇ, ਮੋਰ, ਚਿੜੀਆਂ, ਗੁੱਡੀਆਂ, ਗੁੱਡੇ ਉਲ੍ਹੀਕਦੀਆਂ ਸਨ। ਇਸ ਤਰ੍ਹਾ ਜਿੱਥੇ ਉਹ ਆਪਣੇ ਘਰਾਂ ਦੀਆਂ ਕੰਧਾਂ ਨੂੰ ਵੱਖ-ਵੱਖ ਚਿੱਤਰਾਂ ਨਾਲ ਸਿੰ਼ਗਾਰਦੀਆਂ ਸਨ, ਉਥੇ ਉਹ ਆਪਣੇ ਅੰਦਰ ਛੁਪੀ ਕਲਾ ਦੇ ਨਮੂਨੇ ਵੀ ਬਿਖ਼ਰਦੀਆਂ ਨਜ਼ਰ ਆਉਂਦੀਆ ਸਨ, ਪਰ ਅੱਜ ਜਦ ਮਿੱਟੀਆਂ ਨਾਲ ਬਣੀਆਂ ਕੰਧਾਂ ਹੀ ਨਹੀਂ ਰਹੀਆਂ, ਤਾਂ ਬੂਟੀਆਂ ਕਿੱਥੇ ਪਾਊਣੀਆ ਨੇ =;ਵਸ

ਚੁੱਲੇ ਨੂੰ ਮਿੱਟੀ ਲਾਉਣੀ

[ਸੋਧੋ]

ਚੁੱਲੇ ਦੀ ਆਮਦ ਹਰ ਘਰ ਵਿਚ ਸਥਿਰ ਰਹੀ ਹੈ। ਚੁੱਲ੍ਹਾ ਉਹ ਥਾਂ ਜਾਂ ਜਗ੍ਹਾਂ ਹੈ, ਜਿੱਥੇ ਅੰਨ, ਪਾਣੀ ਤਿਆਰ ਕੀਤਾ ਜਾਂਦਾ ਹੈ। ਜਿਸ `ਤੇ ਆਪਾਂ ਏਨਾ ਕੁਝ ਤਿਆਰ ਕਰਦੇ ਹਾਂ ਉਸ ਨੂੰ ਸ਼ਿੰਗਾਰ ਕੇ ਰੱਖਿਆ ਜਾਵੇ। ਉਸ ਦੀ ਟੁੱਟ-ਭੱਜ ਮੁਰੰਮਤ ਕੀਤੀ ਜਾਵੇ। ਚੁੱਲ੍ਹੇ ਦੀ ਮੁਰੰਮਤ ਅਸੀਂ ਮਿੱਟੀ ਲਾ ਕੇ ਹੀ ਕਰ ਸਕਦੇ ਹਾਂ। ਜਿਸ ਥਾਂ ਤੋਂ ਚੁੱਲ੍ਹਾਂ ਭੁਰਿਆ ਹੋਵੇ ਅਸੀਂ ਉੁਥੇ ਹੀ ਮਿੱਟੀ ਲਾਉਂਦੇ ਹਾਂ। ਅੱਜ ਦੇ ਆਧੁਨਿਕ ਯੁੱਗ ਵਿਚ ਚੁੱਲ੍ਹੇ ਹੀ ਨਾ ਰਹੇ, ਤਾਂ ਮਿੱਟੀਆਂ ਕਿਵੇਂ ਲਾਉਣੀਆ ਨੇ। ਇਨ੍ਹਾਂ ਚੁੱਲਿਆਂ ਦੀ ਥਾਂ ਹੁਣ ਗੈਸੀ ਚੁੱਲ੍ਹਿਆਂ ਨੇ ਭਾਵੇਂ ਲੈ ਲਈ ਹੈ। ਪਰ ਇਨ੍ਹਾਂ ਦੀ ਮਹੱਤਤਾ ਹਾਲੇ ਵੀ ੳਨੀ ਹੈ, ਜਿੰਨੀ ਪਹਿਲੇ ਸਮਿਆਂ ਵਿਚ ਸੀ। ਕਿਉਂਕਿ ਗੈਸ ਦੀ ਕਮੀ ਕਰਕੇ ਇਨ੍ਹਾਂ ਦਾ ਆਸਰਾ ਸਾਡੇ ਟੁੱਟੇ ਸਰੀਰ ਨੂੰ ਸਿਆਲ ਵਿੱਚ ਨਿੱਘ ਦੇਂਦਾ ਹੈ।

ਮੱਟੀਆਂ ਬਣਾਉਣੀਆਂ

[ਸੋਧੋ]

ਪੁਰਾਣੇ ਸਮਿਆਂ ਵਿਚ ਆਟਾ, ਚੌਲ, ਦਾਣੇ ਪਾਉਣ ਲਈ ਮੱਟੀਆਂ ਦੀ ਵਰਤੋਂ ਕਰਿਆ ਕਰਦੇ ਸਨ। ਇਨ੍ਹਾਂ ਮੱਟੀਆਂ ਬਣਾਉਣ ਦੀ ਕਲਾ ਸਾਡੀਆਂ ਸੁਆਣੀਆਂ ਭਲੀ-ਭਾਂਤੀ ਜਾਣੂ ਸਨ। ਉਹ ਇੱਕਲੀ ਜਾਂ ਦੋ ਮੱਟੀਆਂ ਨੂੰ ਜੋੜ ਕੇ ਵੀ ਬਣਾਉਂਦੀਆ ਸਨ। ਮੱਟੀਆਂ ਬਣਾਉਣ ਲਈ ਚੀਕਣੀ ਮਿੱਟੀ ਲਈ ਜਾਂਦੀ ਹੈ। ਚੀਕਣੀ ਮਿੱਟੀ ਨੂੰ ਭਿੱਜਣੀ ਪਾਇਆ ਜਾਂਦਾ ਹੈ। ਜਦੋਂ ਮਿੱਟੀ ਪਾਣੀ ਨਾਲ ਪੂਰੀ ਤਰ੍ਹਾਂ ਭਰ ਜਾਂਦੀ ਹੈ,ਤਾਂ ਇਸ ਵਿਚ ਥੋੜ੍ਹੀ ਜਿਹੀ ਤੂੜੀ ਪਾ ਦਿੱਤੀ ਜਾਂਦੀ ਹੈ। ਬਾਅਦ ਵਿਚ ਇਸ ਨੂੰ ਪੂਰੀ ਤਰ੍ਹਾਂ ਘਾਣੀ ਕੀਤਾ ਜਾਂਦਾ ਹੈ। ਮੱਟੀਆਂ ਦੀ ਉਸਾਰੀ ਉਸ ਥਾਂ `ਤੇ ਕੀਤੀ ਜਾਂਦੀ ਹੈ ਜਿੱਥੇ ਮੀਂਹ ਕਣੀ ਦਾ ਡਰ ਨਾ ਹੋਵੇ। ਸਭ ਤੋਂ ਪਹਿਲਾ ਮੱਟੀਆਂ ਦਾ ਥੱਲਾ ਪਾਇਆ ਜਾਂਦਾ ਹੈ। ਥੱਲੇ ਹੇਠ ਥੋੜ੍ਹੀ ਜਿਹੀ ਤੂੜੀ ਖਿਲਾਰ ਲਈ ਜਾਂਦੀ ਹੈ ਤਾਂ ਥੱਲੇ ਨੂੰ ਜ਼ਮੀਨ ਤੋਂ ਆਸਾਨੀ ਨਾਲ ਛੁਡਵਾਇਆ ਜਾਵੇ। ਥੱਲੇ ਉੱਤੇ ਵਰਗਾਕਾਰ ਰੂਪ/ਸ਼ਕਲ ਵਿਚ ਮੱਟੀਆ ਦੀ ਉਤਾਂਹ ਵੱਲ ਨੂੰ ਉਸਾਰੀ ਕੀਤੀ ਜਾਂਦੀ ਹੇ। 3-4 ਫੁੱਟ ਤੱਕ ਪਹੁੰਚ ਕੇ ਮੱਟੀਆਂ ਦੇ ਮੂੰਹ ਬਣਾਏ ਜਾਂਦੇ ਹਨ। ਇਨ੍ਹਾਂ ਦੇ ਮੂੰਹ 3-4 ਇੰਚ ਅਰਧ ਵਿਆਸ ਵਾਲੇ ਚੱਕਰੀ ਰੂਪ ਹੁੰਦੇ ਹਨ। ਇਨ੍ਹਾਂ ਦੇ ਮੂੰਹਾਂ ਉੱਤੇ ਚਾਟੀ, ਘੜੇ ਜਾਂ ਦਧੂਨੇ ਦਾ ਉਪਰਲਾ ਹਿੱਸਾ ਤੋੜ ਕੇ ਲਾਇਆ ਜਾਂਦਾ ਹੈ। ਪੂਰੀ ਸਿਰਜਣਾ ਤੋਂ ਬਾਅਦ ਇਨ੍ਹਾਂ ਨੂੰ ਨਮੀ ਰਹਿਤ ਕੀਤਾ ਜਾਂਦਾ ਹੇ। ਫਿਰ ਇਸ ਉੱਤੇ ਗੋਲੂ ਫੇਰਿਆਂ ਜਾਂਦਾ ਹੈ ਤੇ ਕਈ ਪ੍ਰਕਾਰ ਦੀ ਡਿਜ਼ਾਇਨਿੰਗ ਵੇਲ਼ ਬੂਟੀਆਂ ਪਾ ਕੇ ਕੀਤੀ ਜਾਂਦੀ ਹੈ। ਪਰ ਅੱਜ ਇਹ ਲੋਕ-ਕਲਾ ਸਾਡੀਆਂ ਸੁਆਣੀਆਂ ਦੇ ਮਨੋਂ ਵਿਸਰਦੀ ਜਾ ਰਹੀ ਹੈ। ਉਹ ਘਰੇਲੂ ਵਰਤੋਂ ਲਈ ਮੱਟੀਆ ਬਣਾਉਣ ਦੀ ਕਲਾ ਤੋਂ ਬਿਲਕੁਲ ਅਣਜਾਣ ਹੋ ਰਹੀਆਂ ਹਨ।

ਭੜੋਲੇ ਬਣਾਉਣਾ

[ਸੋਧੋ]

ਪੁਰਾਣੇ ਸਮਿਆਂ ਵਿਚ ਅਨਾਜ ਦੀ ਸੰਭਾਲ ਲਈ ਭੜੋਲੇ ਵਰਤੇ ਜਾਂਦੇ ਸਨ। ਉਸ ਸਮੇਂ ਅੱਜ ਦੇ ਸਮੇਂ ਵਾਂਗ ਵੱਖ-ਵੱਖ ਧਾਤਾਂ ਦੇ ਬਣੇ ਹੋਏ ਡਰੰਮ ਨਹੀਂ ਸਨ ਮਿਲਦੇ। ਲੋਕ ਆਪਣੀ ਕਲਾ ਕ੍ਰਿਤੀ ਦੇ ਅਨੁਸਾਰ ਹੀ ਅਨਾਜ ਦੀ ਸੰਭਾਲ ਲਈ ਭੜੋਲੇ ਬਣਾ ਲੈਂਦੇ ਸਨ। ਭੜੋਲਾ ਬਣਾੳਣਾ ਲਈ ਚੀਕਣੀ ਮਿੱਟੀ ਲਈ ਜਾਂਦੀ ਹੈ ਤੇ ਮਿੱਟੀ ਨੂੰ ਖੂਬ ਗਿੱਲਾ ਕੀਤਾ ਜਾਂਦਾ ਹੈ।ਗਿੱਲੀ ਮਿੱਟੀ ਵਿਚ ਤੂੜੀ ਪਾਈ ਜਾਂਦੀ ਹੈ। ਇਸ ਨੂੰ ਬਾਅਦ ਵਿਚ ਘਾਣੀ ਕੀਤਾ ਜਾਂਦਾ ਹੈ। ਘਾਣੀ ਕੀਤੀ ਮਿੱਟੀ ਭੜੋਲਾ ਬਣਾਉਣ ਲਈ ਵਰਤੀ ਜਾਂਦੀ ਹੈ।ਭੜੋਲਾ ਬਣਾਉਣ ਲਈ ਸਭ ਤੋਂ ਪਹਿਲਾ ਇਸ ਦਾ ਥੱਲਾ ਰੱਖਿਆ ਜਾਂਦਾ ਹੈ। ਥੱਲੇ ਵਾਲੀ ਜਗ੍ਹਾਂ ਸਮਤਲ ਰੱਖੀ ਜਾਂਦੀ ਹੈ। ਇਸ ਜਗ੍ਹਾਂ ਤੇ ਥੋੜ੍ਹੀ ਜਿਹੀ ਤੂੜੀ ਖਿਲਾਰੀ ਜਾਂਦੀ ਹੈ, ਤਾਂ ਜੋ ਭੜੋਲਾ ਜ਼ਮੀਨ ਨਾਲ ਨਾ ਚਿੰਬੜੇ। ਭੜੋਲੇ ਦੇ ਘੇਰੇ ਦੀ ਚੌੜਾਈ ਅਨਾਜ ਦੀ ਸਮੱਰਥਾ ਤੇ ਆਪਣੀ ਮਰਜ਼ੀ ਮੁਤਾਬਿਕ ਰੱਖਿਆ ਜਾਂਦਾ ਹੈ। ਭੜੋਲੇ ਦੀ ਪਰਤ ਦੀ ਮੋਟਾਈ ਇੱਕ-ਡੇਢ ਇੰਚ ਰੱਖੀ ਜਾਂਦੀ ਹੈ, ਤਾਂ ਜੋ ਇਸ ਵਿਚ ਆਸਾਨੀ ਨਾਲ ਸਿੱਲ ਨਾ ਜਾ ਸਕੇ। ਇਸ ਦੀ ਉਸਾਰੀ ਹਰ ਰੋਜ਼ ਥ’ੜੀ-ਥੋੜੀ ਕੀਤੀ ਜਾਂਦੀ ਹੈ ਤੇ ਤਿੱਖੀ ਧੁੱਪ ਵਿਚ ਸੁਕਾਇਆ ਜਾਂਦਾ ਹੈ।ਇਸ ਵਿਚ ਇੱਕ ਛੇਕ ਉਪਰਲੇ ਤੱਲ `ਤੇ ਦੋ-ਢਾਈ ਇੰਚ ਅਰਧ ਵਿਆਸ ਦਾ ਤੇ ਹੇਠਲੇ ਤੱਲ ਤੋਂ 4-5 ਇੰਚ ਉੱਪਰ ਇਕ ਇੱਕ ਛੇਕ ਡੇਢ-ਦੋ ਇੰਚ ਅਰਧ ਵਿਆਸ ਦਾ ਰੱਖਿਆ ਜਾਂਦਾ ਹੈ ਇਸ ਉੱਤੇ ਗੋਲੂ ਫੇਰਿਆ ਜਾਂਦਾ ਤੇ ਕਈ ਪ੍ਰਕਾਰ ਦੇ ਬੂਟੇ ਪਾਏ ਜਾਂਦੇ ਹਨ । ਪਰ ਅੱਜ ਇਸ ਦੀ ਸਾਡੇ ਘਰਾਂ ਵਿੱਚੋਂ ਅਣਹੋਂਦ ਸਪੱਸ਼ਟ ਨਜਰ ਆਉਂਦੀ ਹੈ।ਭੜੋਲੇ ਸਾਡੀਆਂ ਜਰੂਰਤਾਂ ਨੂੰ ਪੂਰੀਆ ਕਰਦੇ ਸਨ। ਸਾਡੇ ਸਮੁੱਚੇ ਪੰਜਾਬੀ ਜਗਤ ਵਿਚੋਂ ਇਹ ਲੋਕ-ਕਲਾ ਵਿਸਰ ਚੁੱਕੀ ਹੈ। ਭੜੋਲੇ ਦੀ ਥਾਂ ਅੱਜ ਕਈ ਪ੍ਰਕਾਰ ਦੇ ਧਾਤਾਂ ਦੇ ਡਰੰਮਾਂ ਨੇ ਲੈ ਲਈ ਹੈ।

ਫੁਲਕਾਰੀ

[ਸੋਧੋ]

ਫੁਲਕਾਰੀ ਪੰਜਾਬੀ ਦੀ ਸ਼ਿਲਪ ਕਲਾ ਦਾ ਉੱਤਮ ਨਮੂਨਾ ਹੈ। ਫੁਲਕਾਰੀ ਦੇ ਪੈਟਰਨ ਤੇ ਡਿਜ਼ਾਇਨ ਹੋਰ ਕਸੀਦਾਕਾਰੀ ਲਈ ਵੀ ਅਪਣਾਏ ਗਏ ਹਨ। ਫੁੁੁਲਕਾਰੀ ਸ਼ਬਦ ਹਰ ਤਰ੍ਹਾਂ ਦੀ ਕਸੀਦਾਕਾਰੀ ਲਈ ਵਰਤਿਆ ਜਾਂਦਾ ਹੈ। ਇਸ ਕੱਢਣ ਅਰਥ ਹਨ -ਫੁੱਲ ਕੱਢਣੇ ।

ਫੁਲਕਾਰੀ ਪੰਜਾਬ ਦੇ ਲੋਕ ਵਿਰਸੇ ਦਾ ਅਜਿਹਾ ਰੂਪ ਹੈ ਜਿਸ ਦਾ ਸੰਬਧ ਕਸੀਦਾਕਾਰੀ ਨਾਲ ਹੈ। ਸੂਈ ਅਤੇ ਧਾਗੇ ਨਾਲ ਕਪੜੇ ਉਪਰ ਪਾਏ ਜਾਣ ਵਾਲੇ ਬੇਲ ਬੂਟਿਆਂ ਨੂੰ ਕਸੀਦਾਕਾਰੀ ਕਿਹਾ ਜਾਂਦਾ ਹੈ। ਇਹ ਹੌਲੀ ਹੌਲੀ ਅਤੇ ਸਹਿਜਤਾ ਨਾਲ ਹੋਣ ਵਾਲਾ ਕਾਰਜ ਹੈ।

ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ: ਮਹਾਨ ਕੋਸ਼ ਵਿਚ ਓਹਨਾ ਨੇ ਕਸੀਦਾਕਾਰੀ ਨੂੰ ਸੂਈ ਨਾਲ ਕਢਿਆ ਵਸਤੂ ਲਿਖਿਆ।

ਪੰਜਾਬ ਵਿੱਚ ਇਹ ਕਢਾਈ ਫੁਲਕਾਰੀਆਂ , ਸਿਰਹਾਣਿਆਂ, ਤੇ ਉਛਾੜਾਂ, ਮੇਜ਼ - ਪੋਸਾ਼ਂ ਝੋਲਿਆਂ ਅਤੇ ਦਰਿਆ ਉਤੇ ਕਰਦੀ ਰਹੀ ਹੈ। ਕਢਾਈ ਅਤੇ ਬੁੱਣਤੀ ਦੀ ਕਲਾ ਦੇ ਅਜੋਕੇ ਯੁੱਗ ਵਿੱਚ ਸ਼ਿਲਪਕਾਰੀ ਜਾਂ ਧੰਦੇ ਦੀ ਸ਼ਕਲ ਧਾਰਨ ਕਰ ਲਈ ਹੈ। ਫੁਲਕਾਰੀ ਨੂੰ ਕੱਪੜੇ ਦੇ ਪੁੱਠੇ ਪਾਸਿਓਂ ਕੱਢਿਆ ਜਾਂਦਾ ਹੈ ਅਤੇ ਤੋਪੇ ਛੋਟੇ ਛੋਟੇ ਅਤੇ ਲੰਬੇ ਹੁੰਦੇ ਹਨ। ਫੁਲਕਾਰੀ ਨੂੰ ਕੱਢਣ ਸਮੇਂ ਕੋਈ ਸਮਾਂ ਨਿਸ਼ਚਿਤ ਨਹੀਂ ਕੀਤਾ ਗਿਆ। ਕੁਵੈਂਟਰੀ ਵਿਖੇ ਚੰਨਣ ਸਿੰਘ ਚੰਨ ਪਾਸ ਪੁਰਾਣੇ ਸਿੱਕਿਆਂ ਅਤੇ ਕੁਝ ਯਾਦਗਾਰੀ ਤਸਵੀਰਾਂ ਦੇ ਨਾਲ ਕਸੀਦਾਕਾਰੀ ਦਾ ਬਹੁਤ ਵੱਡਾ ਭੰਡਾਰ ਹੈ। ਉਸਦੇ ਸੰਗ੍ਰਹਿ ਵਿਚ ਲਗਭਗ ਫੁਲਕਾਰੀ ਦੇ ਸੱਤ ਸੌ ਉਪਲਬਧ ਸਨ। ਉਸ ਦੁਆਰਾ ਵੱਖ ਵੱਖ ਵੰਨਗੀਆਂ ਦੀ ਜਾਣ-ਪਛਾਣ ਜਿਹੜੀ ਕਰਵਾਈ ਹੈ ਉਸ ਦੇ ਰੂਪ ਹੇਠਾਂ ਲਿਖੇ ਅਨੁਸਾਰ ਹਨ।

1 ਬਾਗ਼: - ਇਹ ਫੁਲਕਾਰੀ ਦੀ ਸਭ ਤੋਂ ਵਿਲੱਖਣ ਅਤੇ ਮਹੱਤਵਪੂਰਨ ਕਿਸਮ ਹੈ। ਇਸ ਦੀ ਖਾਸੀਅਤ ਇਹ ਹੈ ਕਿ ਇਸਦੇ ਸਾਰੇ ਕਪੜੇ ਉਪਰ ਜੁੜਵੀਂ ਕਢਾਈ ਕੀਤੀ ਜਾਂਦੀ ਹੈ।ਇਸ ਦੀ ਕਢਾਈ ਲਈ ਗੂੜ੍ਹੇ ਰੰਗ ਦਾ ਪੱਟ ਵਰਤਿਆ ਜਾਂਦਾ ਹੈ ਉਸ ਵਿੱਚ ਕੋਈ ਵੀ ਜਗ੍ਹਾ ਖਾਲੀ ਨਹੀਂ ਛੱਡੀ ਜਾਂਦੀ। ਇਸ ਕਢਾਈ ਦੇ ਵੱਖੱਖ ਵੱਖ ਡਿਜ਼ਾਈਨਾਂ ਵਿਚ ਖੂਬਸੂਰਤੀ ਹੁੰਦੀ ਹ ਫੁਲਕਾਰੀ ਕਲਾ ਦਾ ਸਭ ਤੋਂ ਸੁੰਦਰ ਨਮੂਨਾ ਬਾਗਾਂ ਵਿੱਚ ਦਿਸ ਪੈਂਦਾ ਹੈ।

2 ਘੁੰਗਟ ਬਾਗ਼:- ਇਸ ਬਾਗ ਦੀ ਕਢਾਈ ਸਿਰ ਉਪਰਲੇ ਹਿੱਸੇ ਵਿੱਚ ਤਿਕੋਣੀ ਸ਼ਕਲ ਵਿੱਚ ਹੁੰਦੀ ਹੈ। ਇਸ ਦੀ ਕੱਪੜੇ ਅਤੇ ਰੇਸ਼ਮ ਦੀ ਚੋਣ ਦੂਜੇ ਬਾਗ਼ਾਂ ਵਾਲੀ ਹੀ ਹੁੰਦੀ ਹੈ। ਇਸ ਦਾ ਨਮੂਨਾ ਦੂਜੇ ਬਾਗਾਂ ਨਾਲੋਂ ਬਿਲਕੁਲ ਭਿੰਨ ਹੁੰਦਾ ਹੈ।

3 ਸੁੱਭਰ ਬਾਗ਼:- ਇਹ ਸ਼ਗਨਾਂ ਦੀ ਫੁਲਕਾਰੀ ਹੈ। ਇਹ ਫੁਲਕਾਰੀ ਲਾਲ ਰੰਗ ਦੇ ਕੱਪੜੇ ਦੇ ਚਾਰੇ ਕੋਨਿਆਂ ਉਪਰ ਅਤੇ ਵਿਚਕਾਰ ਕੰਵਲ ਫੁੱਲ ਵਰਗੀ ਇੱਕ ਬੂਟੀ ਦੀ ਕਢਾਈ ਵਾਲੀ ਇਸ ਫੁਲਕਾਰੀ ਨੂੰ ਕੰਨਿਆਂ ਦੇ ਵਿਆਹ ਸਮੇ ਲਪੇਟ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਫੇਰਿਆ ਲਈ ਬਿਠਾਇਆ ਜਾਂਦਾ ਹੈ।

4 ਚੋਪ :- ਸੁੱਭਰ ਵਾਂਗ ਚੋਪ ਨਾਂ ਦੀ ਫੁਲਕਾਰੀ ਦਾ ਸਬੰਧ ਵਧੇਰੇ ਕਰਕੇ ਵਿਆਹ ਸਬੰਧੀ ਸ਼ਗਨਾਂ ਨਾਲ ਹੈ। ਇਹ ਕਢਾਈ ਬਹੁਤਾ ਕਰ ਕੇ ਨੁੱਕਰਾਂ ਉੱਪਰ ਕੀਤੀ ਜਾਂਦੀ ਹੈ ਅਤੇ ਵਿਚਕਾਰ ਖਾਲੀ ਹੁੰਦੀ ਹੈ। ਇਹ ਫੁਲਕਾਰੀ ਨਾਨਕਿਆਂ ਵੱਲੋਂ ਆਪਣੇ ਦੋਹਤੀ ਦੀ ਸ਼ਾਦੀ ਸਮੇਂ ਦਾਜ ਵਿਚ ਦਿੱਤੀ ਜਾਂਦੀ ਹੈ।

5 ਛਮਾਸ:-ਇਸ ਫੁਲਕਾਰੀ ਦੀਆਂ ਬੂਟੀਆਂ ਵਿਚ ਸ਼ੀਸ਼ੇ ਦੇ ਛੋਟੇ-ਛੋਟੇ ਟੁਕੜੇ ਜੋੜੇ ਹੁੰਦੇ ਹਨ। ਅਜਿਹੀਆਂ ਫੁਲਕਾਰੀਆਂ ਨੂੰ ਸ਼ੀਸ਼ੇ ਵਾਲੀਆਂ ਫੁਲਕਾਰੀਆਂ ਕਿਹਾ ਜਾਂਦਾ ਹੈ ਪਰ ਰੰਪਾ ਪਾਲ ਨੇ ਇਨ੍ਹਾਂ ਨੂੰ ਛਮਾਸ ਦਾ ਨਾਂ ਦਿੱਤਾ ਹੈ।

6 ਨੀਲਕ :- ਇਸ ਫੁਲਕਾਰੀ ਉੱਤੇ ਗੂੜ੍ਹੇ ਨੀਲੇ ਰੰਗ ਦੇ ਖੱਦਰ ਉੱਪਰ ਕਾਲੇ ਰੇਸ਼ਮੀ ਧਾਗੇ ਨਾਲ ਕਢਾਈ ਕੀਤੀ ਹੁੰਦੀ ਹੈ।

7 ਤਿਲਪੱਤਰਾ:- ਇਹ ਫੁਲਕਾਰੀਆਂ ਘਟੀਆ ਖੱਦਰ ਉੱਪਰ ਵਿਰਲੀਆਂ ਅਤੇ ਸਧਾਰਣ ਬੂਟੀਆਂ ਪਾ ਕੇ ਕੱਢੀਆਂ ਜਾਂਦੀਆਂ ਹਨ। ਵਿਆਹ ਸ਼ਾਦੀ ਦੇ ਘਰ ਵਿਚ ਪੁੱਤਰ ਦੇ ਜਨਮ ਜਾਂ ਹੋਰ ਸ਼ੁਭ ਮੌਕੇ ਤੇ ਅਜਿਹੀਆਂ ਫੁਲਕਾਰੀਆਂ ਲਾਗਣਾਂ ,ਨਾਇਣਾਂ ,ਮਹਿਰੀਆਂ, ਦਾਈਆ ਜਾਂ ਘਰ ਵਿਚ ਗੋਹਾ- ਕੂੜਾ ਕਰਨ ਵਾਲੀਆਂ ਔਰਤਾਂ ਨੂੰ ਦਿੱਤੀਆਂ ਜਾਣ ਵਾਲੀਆਂ ਫੁਲਕਾਰੀਆਂ ਨੂੰ ਤਿਲ ਪੱਤਰਾ ਦਾ ਨਾਂ ਦਿੱਤਾ ਗਿਆ ਹੈ।[7]


ਉਦਾਹਰਨ:-"ਵਿੱਚ ਦਰਵਾਜ਼ੇ ਦੇ ਕੋਈ ਫੁੱਲ ਕੱਢਦਾ ਫੁਲਕਾਰੀ।

ਮਿੱਤਰਾਂ ਦੇ ਪਿੰਡ ਜਾਣ ਦੀ ਕੋਈ,ਕਰਦਾ ਏ ਭੌਰ ਤਿਆਰੀ"

ਹਵਾਲੇ

[ਸੋਧੋ]
  1. ਥਿੰਦ, ਕਰਨੈਲ ਸਿੰਘ (2007). ਪੰਜਾਬ ਦਾ ਲੋਕ ਵਿਰਸਾ ( ਭਾਗ ਦੂਜਾ). ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ. p. 1. ISBN 81-302-0118-6.
  2. 2.0 2.1 {{cite book}}: Empty citation (help)
  3. ਪੂਨੀ, ਬਲਬੀਰ ਸਿੰਘ (2001). ਲੋਕਧਾਰਾ ਅਧਿਐਨ. ਰੂਹੀ ਪ੍ਰਕਾਸ਼ਨ. p. 135.
  4. ਥਿੰਦ, ਕਰਨੈਲ ਸਿੰਘ. ਪੰਜਾਬ ਦਾ ਲੋਕ ਵਿਰਸਾ ਭਾਗ ਦੂਜਾ. p. 4.
  5. ਥਿੰਦ, ਕਰਨੈਲ ਸਿੰਘ (2007). ਪੰਜਾਬ ਦਾ ਲੋਕ ਵਿਰਸਾ. ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ. pp. 1 ਤੋਂ 2. ISBN 81-302-0118-6.
  6. ਖਹਿਰਾ, ਭੁਪਿੰਦਰ ਸਿੰਘ. ਲੋਕਧਾਰਾ ( ਭਾਸ਼ਾ ਅਤੇ ਸਭਿਆਚਰ). ਪੈਪਸੂ ਬੁੱਕ ਡਿਪੂ ਬੁੱਕਸ ਮਾਰਕੀਟ ਪਟਿਆਲਾ. pp. 114 ਤੋਂ 116.
  7. ਥਿੰਦ, ਕਰਨੈਲ ਸਿੰਘ. ਪੰਜਾਬ ਦਾ ਲੋਕ ਵਿਰਸਾ ਭਾਗ ਦੂਜਾ. pp. 83 ਤੋਂ 88.