ਸਮੱਗਰੀ 'ਤੇ ਜਾਓ

ਲੋਕ ਧਰਮ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਲੋਕ ਧਰਮ ਇੱਕ ਅਜਿਹਾ ਸੰਕਲਪ ਹੈ ਜਿਸ ਵਿੱਚ ਲੋਕ-ਜੀਵਨ ਦੀਆਂ ਅਨੇਕਾਂ ਆਪ ਮੁਹਾਰੀਆਂ ਲਹਿਰਾਂ ਦੀ ਝਲਕ ਹੁੰਦੀ ਹੈ। ਕਿਸੇ ਅਣਡਿੱਠੀ, ਵਜੂਦ ਰਹਿਤ ਚੀਜ਼ ਦੀ ਹੋਂਦ ਨੂੰ ਚਿਤਵ ਲੈਣਾ ਅਤੇ ਉਸਨੂੰ ਵਾਸਤਵਿਕ ਰੂਪ ਵਿੱਚ ਪ੍ਰਵਾਨ ਕਰ ਲੈਣਾ, ਲੋਕ-ਮਾਨਸ ਦੀ ਸੁਭਾਵਿਕ ਪ੍ਰਵਿਰਤੀ ਹੈ। ਇਸੇ ਸੁਭਾਵਿਕ ਪ੍ਰਵਿਰਤੀ ਵਿਚੋਂ ਹੀ ਲੋਕ-ਧਰਮ ਦਾ ਜਨਮ ਹੋਇਆ ਹੈ।[1] ਲੋਕ-ਧਰਮ ਦੀ ਇਤਿਹਾਸਕ ਪਿਠਭੂਮੀ ਨੂੰ ਸਮਝਣ ਲਈ ਮੂਲ ਧਰਮ ਅਤੇ ਆਦਿ-ਕਾਲੀਨ ਧਰਮ ਦੀਆਂ ਰੂੜ੍ਹੀਆਂ ਨੂੰ ਸਮਝਣ ਦੀ ਲੋੜ ਹੈ। ਪੁਰਾਤਤਵ ਵਿਗਿਆਨੀ ਅਤੇ ਮਾਨਵ ਵਿਗਿਆਨੀ ਆਪਣੀ ਖੋਜ ਦੇ ਅਧਾਰ ਤੇ ਇਸ ਸਿੱਟੇ ਤੇ ਪਹੁੰਚੇ ਹਨ ਕਿ ਅੱਜ ਦੇ ਤਕਰੀਬਨ 150,000 ਸਾਲ ਪਹਿਲਾਂ ਵੱਸਣ ਵਾਲੇ ਸਾਡੇ ਪੂਰਵਜ ਵੀ ਕਿਸੇ ਨਾ ਕਿਸੇ ਰੂਪ ਵਿੱਚ ਪਰਾਭੌਤਿਕ ਸ਼ਕਤੀਆਂ ਦੀ ਪੂਜਾ ਕਰਦੇ ਹਨ। ਪਰ ਸਾਡਾ ਲਿਖਤੀ ਇਤਿਹਾਸ ਤਾਂ ਅੱਜ ਤੋਂ 5000 ਸਾਲ ਪਿੱਛੇ ਤੱਕ ਦਾ ਹੈ। ਜੇਕਰ ਇਹ ਮੰਨ ਲਿਆ ਜਾਵੇ ਕਿ ਅੱਜ ਤੋਂ 150,000 ਸਾਲ ਪਹਿਲਾਂ ਪਿੱਤਰ ਪੂਜਾ ਪ੍ਰਚਲਿਤ ਸੀ ਅਤੇ ਮੌਤ ਤੋਂ ਪਿਛੋਂ ਉਹ ਆਤਮਾ ਦੀ ਹੋਂਦ ਨੂੰ ਮੰਨਦੇ ਸਨ ਤਾਂ ਇਹ ਗੱਲ ਜ਼ਰੂਰੀ ਹੈ ਕਿ ਇਨ੍ਹਾਂ ਵਿਸ਼ਵਾਸਾਂ ਵਿੱਚ ਲਿਖਤੀ ਇਤਿਹਾਸ ਤੱਕ ਜ਼ਰੂਰ ਪਰਿਵਰਤਨ ਆਇਆ ਹੋਵੇਗਾ। ਆਰੰਭਿਕ ਧਰਮ ਦੇ ਸਰੂਪ ਅਤੇ ਉਸ ਵਿੱਚ ਹੋਈਆਂ ਤਬਦੀਲੀਆਂ ਬਾਰੇ ਜਾਣਕਾਰੀ ਦੇਣ ਵਾਲਾ ਕੋਈ ਪ੍ਰਮਾਣਿਕ ਸਰੋਤ ਸਾਡੇ ਪਾਸ ਨਹੀਂ ਹੈ। ਪਰ ਇੱਕ ਗੱਲ ਨਿਸ਼ਚੇ ਨਾਲ ਕਹੀ ਜਾ ਸਕਦੀ ਹੈ ਕਿ ਧਰਮ ਦਾ ਜੋ ਸਰੂਪ ਪਹਿਲੇ ਸੀ ਉਹ ਲਿਖਤੀ ਇਤਿਹਾਸ ਤੱਕ ਪਹੁੰਚਦੇ ਜ਼ਰੂਰ ਕਾਫੀ ਤਬਦੀਲ ਹੋ ਚੁੱਕਾ ਹੋਵੇਗਾ।[2] ਧਰਮ ਸਭਿਆਚਾਰ ਵਾਂਗ ਕਈ ਪੜਾਵਾਂ ਵਿਚੋਂ ਲੰਘਿਆ। ਪਹਿਲੇ ਪੜਾਵਾਂ ਵਿੱਚ ਆਤਮਸ਼ੀਲ ਚਿੰਤਨ ਇਸਦਾ ਇੱਕ ਅਹਿਮ ਪੜਾਅ ਸੀ। ਜਦੋਂ ਇਹ ਧਾਰਨਾ ਬਣੀ ਕਿ ਹਰ ਵਸਤੂ ਭਾਵੇਂ ਉਹ ਜੜ੍ਹ ਹੋਵੇ ਤੇ ਭਾਵੇਂ ਚੇਤਨ, ਉਸ ਵਿੱਚ ਆਤਮਾ ਤੱਤ ਹੈ ਤੇ ਇਹੋ ਧਾਰਨਾ ਫੈਲਦੀ ਹੋਈ ਸਰਗੁਣ ਸਰੂਪ ਦਾ ਰੂਪ ਧਾਰਨ ਕਰ ਗਈ। ਇਸੇ ਤਰ੍ਹਾਂ ਮੋਏ ਪ੍ਰਾਣੀਆਂ ਦੀ ਪਿਤਰ ਪੂਜਾ ਤੋਂ ਇਹ ਚਿੰਤਨ ਟੋਟਮ ਵਿੱਚ ਕਿਸੇ ਬਲਵਾਨ ਰਹੱਸਮਈ ਸ਼ਕਤੀ ਨੂੰ ਪਛਾਣਦਾ ਹੋਇਆ ਦੇਵੀ-ਦੇਵਤਿਆਂ ਦੀ ਪੂਜਾ ਤੱਕ ਯਾਤਰਾ ਕਰਦਾ ਇੱਕ ਰੱਬ ਦੀ ਹੋਂਦ ਵਿੱਚ ਆਸਥਾ ਰੱਖਣ ਲੱਗਾ।[3]

ਲੋਕ ਧਰਮ ਦਾ ਸਰੂਪ

[ਸੋਧੋ]

ਲੋਕ-ਧਰਮ ਕੇਵਲ ਵਹਿਮਾਂ-ਭਰਮਾਂ ਜਾਂ ਵਿਸ਼ਵਾਸ਼ਾਂ ਦੀ ਵਲਗਣ ਵਿੱਚ ਲੋਕਾਂ ਨੂੰ ਬੰਦੀਵਾਨ ਬਣਾ ਕੇ ਨਹੀਂ ਰੱਖਦਾ, ਸਗੋਂ ਉਨ੍ਹਾਂ ਦੀਆਂ ਸੁਤੰਤਰ ਪ੍ਰਵਿਰਤੀਆਂ ਨੂੰ ਉਤੇਜਿਤ ਵੀ ਕਰਦਾ ਹੈ। ਲੋਕਧਰਮ ਮੁੱਢ ਕਦੀਮ ਤੋਂ ਊਚ-ਨੀਚ ਅਤੇ ਜਾਤ-ਪਾਤ ਦੇ ਬੰਧਨਾਂ ਤੋਂ ਮੁਕਤ ਰਿਹਾ ਹੈ। ਨਿਯਮਾਂ ਦਾ ਬੰਧਨ ਵਿਸ਼ਿਸ਼ਟ ਧਰਮ ਵਿੱਚ ਰਿਹਾ ਹੈ, ਲੋਕ ਧਰਮ ਵਿੱਚ ਨਹੀਂ। ਉਂਜ ਕਿਸੇ ਵੀ ਵਿਸ਼ਿਸਟ ਧਰਮ ਨੂੰ ਖਾਲਸ ਸਰੂਪ ਵਾਲਾ ਨਹੀਂ ਮੰਨਿਆ ਜਾ ਸਕਦਾ। ਵਿਸ਼ਿਸਟ ਧਰਮ ਲੋਕ ਧਰਮ ਨੂੰ ਅਤੇ ਲੋਕ ਧਰਮ ਵਿਸ਼ਿਸਟ ਧਰਮ ਨੂੰ ਪ੍ਰਭਾਵਿਤ ਕਰਦੇ ਰਹਿੰਦੇ ਹਨ। ਲੋਕ-ਧਰਮ ਅਸਲ ਵਿੱਚ ਮਾਨਵ ਧਰਮ ਦਾ ਹੀ ਵਿਸਤ੍ਰਿਤ ਰੂਪ ਹੈ। [4] “ਲੋਕ ਧਰਮ ਇੱਕ ਅਜਿਹਾ ਸੰਕਲਪ ਹੈ, ਜਿਸ ਦੀ ਆਧਾਰਸ਼ਿਲਾ ਲੋਕ ਵਿਸ਼ਵਾਸ ਹਨ ਅਤੇ ਲੋਕ ਵਿਸ਼ਵਾਸ ਦਾ ਇੱਕ ਮਹੱਤਵਪੂਰਨ ਅੰਗ ਹਨ। ਆਦਿ ਮਨੁੱਖ ਜਦੋਂ ਜੰਗਲਾਂ ਵਿੱਚ ਰਹਿੰਦਾ ਸੀ ਉਦੋਂ ਉਸ ਦੀ ਬੁੱਧੀ ਬਹੁਤ ਬਿਬੇਕ ਨਹੀਂ ਸੀ, ਉਹ ਕੁਦਰਤੀ ਸ਼ਕਤੀਆਂ ਸੂਰਜ, ਅੱਗ, ਚੰਦ, ਤਾਰੇ ਅਤੇ ਹੋਰ ਗ੍ਰਹਿਆਂ ਤੋਂ ਬੜਾ ਭੈ-ਭੀਤ ਰਹਿੰਦਾ ਸੀ, ਉਸਨੂੰ ਹਮੇਸ਼ਾ ਇਸ ਗੱਲ ਦਾ ਤੋਖਲਾ ਰਹਿੰਦਾ ਸੀ ਕਿ ਕੁਦਰਤੀ ਸ਼ਕਤੀਆਂ ਉਸ ਨੂੰ ਕਿਧਰੇ ਨੁਕਸਾਨ ਨਾ ਪਹੁੰਚਾ ਦੇਣ। ਇਸ ਲਈ ਕਿਸੇ ਅਣਡਿੱਠੀ, ਵਜੂਦ ਰਹਿਤ ਚੀਜ਼ ਦੀ ਹੋਂਦ ਨੂੰ ਚਿੱਤਵ ਲੈਣਾ ਅਤੇ ਉਸ ਨੂੰ ਵਾਸਤਵਿਕ ਰੂਪ ਵਿੱਚ ਪ੍ਰਵਾਨ ਕਰ ਲੈਣਾ ਲੋਕ-ਮਾਨਸ ਦੀ ਸੁਭਾਵਿਕ ਪ੍ਰਵਿਰਤੀ ਬਣ ਗਈ। ਇਸ ਡਰ, ਭੈਅ, ਤੋਖਲੇ ਨੇ ਧਰਮ ਦੀ ਸਥਾਪਨਾ ਵਿੱਚ ਵੱਡਾ ਯੋਗਦਾਨ ਪਾਇਆ। ਫਿਰ ਉਸ ਨੇ ਇਸ ਕਰੋਪੀ ਤੋਂ ਡਰਦੇ ਉਨ੍ਹਾਂ ਸ਼ਕਤੀਆਂ ਦੀ ਪੂਜਾ ਆਰੰਭ ਕਰ ਦਿੱਤੀ ਉਸ ਦਾ ਇਹ ਪੱਕਾ ਨਿਸ਼ਚਾ ਬਣ ਗਿਆ ਕਿ ਜੋ ਕੋਈ ਕੰਮ ਨਹੀਂ ਹੋ ਸਕਦਾ, ਉਹ ਪੂਜਾ, ਅਰਦਾਸ ਅਤੇ ਸੁੱਖਣਾ ਸੁੱਖਣ ਨਾਲ ਹੋ ਸਕਦਾ ਹੈ। ਇਸ ਪ੍ਰਕਾਰ ਇਨ੍ਹਾਂ ਪਰਾਸਰੀਰਕ ਸ਼ਕਤੀਆਂ ਨੂੰ ਵੱਖ-ਵੱਖ ਢੰਗਾਂ ਨਾਲ ਮਨਾਉਣ, ਖੁਸ਼ ਕਰਨ ਜਾਂ ਕਾਬੂ ਕਰਨ ਦੇ ਵੱਖ-ਵੱਖ ਪੱਖਾਂ ਨੇ ਲੋਕ ਧਰਮ ਨੂੰ ਜਨਮ ਦਿੱਤਾ।"[5] “ਲੋਕ ਧਰਮ ਮਾਨਵਵਾਦੀ ਹੈ। ਇਸਦਾ ਮਨੋਰਥ ਲੌਕਿਕ ਯੁੱਗ ਵਿੱਚ ਵਿਅਕਤੀ ਨੂੰ ਦੁੱਖਾਂ, ਕਸ਼ਟਾਂ, ਮੁਸੀਬਤਾਂ ਤੋਂ ਬਚਾਉਣਾ ਹੈ। ਕੁਦਰਤੀ ਸ਼ਕਤੀਆਂ ਦੇ ਚੰਗੇ ‘ਪ੍ਰਭਾਵ ਨੂੰ ਗ੍ਰਹਿਣ ਕਰਣਾ` ਅਤੇ ਮਾੜੇ ਪ੍ਰਭਾਵਾਂ ਤੋਂ ਬਚਣ ਲਈ ਵੱਖੋ-ਵੱਖਰੇ ਉਪਾਅ ਜਾਂ ਪੂਜਾ-ਵਿਧੀਆਂ ਨੂੰ ਅਪਣਾਉਣਾ ਹੈ, ਜਦੋਂ ਕਿ ਵਿਸ਼ਿਸ਼ਟ ਧਰਮ ਵਿੱਚ ਪਰਾਲੌਕਿ ਜਗਤ ਵਿੱਚ ਖੁਸ਼ਹਾਲੀ ਅਤੇ ਜਨਮ ਮਰਨ ਤੋਂ ਮੁਕਤੀ ਦਿਵਾਉਣਾ।"[6] “ਪਰਿਭਾਸ਼ਾ : ਕਰਨੈਲ ਸਿੰਘ ਥਿੰਦ ਦੇ ਵਿਚਾਰ ਅਨੁਸਾਰ, “ਇਸ ਵਿੱਚ ਨਰਕ ਸਵਰਗ ਅਤੇ ਚੋਰਾਸੀ ਲੱਖ ਜੂਨਾਂ ਵਿੱਚ ਵਿਸ਼ਵਾਸ, ਦੇਵੀ ਦੇਵਤਿਆਂ ਦੀ ਪੂਜਾ, ਸੁੱਖਣਾ, ਮੰਨਤ, ਚੜਾਵਾ, ਵਰਤ, ਤੀਰਥ ਯਾਤਰਾ, ਤੀਰਥ ਇਸ਼ਨਾਨ, ਸੂਰਜ ਅਤੇ ਚੰਦ ਗ੍ਰਹਿਣ ਬਾਰੇ ਵਿਸ਼ਵਾਸ ਪੂਜਾ ਪਾਠ, ਜੰਤਰ ਮੰਤਰ, ਸ਼ਰਾਪ, ਸ਼ਗਨ ਅਪਸ਼ਗਨ ਆਦਿ ਵਿਸ਼ੇ ਆਉਂਦੇ ਹਨ। ਅਸਲ ਵਿੱਚ ਲੋਕਧਾਰਾ ਇੱਕ ਅਜਿਹਾ ਸੰਕਲਪ ਹੈ ਜਿਸ ਵਿੱਚ ਜਨ-ਜੀਵਨ ਦੀਆ ਅਨੇਕਾਂ ਆਪ-ਮੁਹਾਰੀਆਂ ਲਹਿਰਾਂ ਦੀ ਝਲਕ ਹੁੰਦੀ ਹੈ। ਡਰ, ਤੋਖਲੇ, ਸ਼ੰਕੇ ਅਤੇ ਭੈਅ ਲੋਕ ਧਰਮ ਦੀ ਹੋਂਦ ਨੂੰ ਨਿਰਧਾਰਿਤ ਕਰਨ ਵਿੱਚ ਸਹਾਈ ਹੁੰਦੇ ਹਨ।"[7] ਸਰੂਪ : “ਲੋਕ ਧਰਮ, ਸਰਬ-ਸਾਂਝਾ ਧਰਮ ਹੈ। ਸਾਰੇ ਫਿ਼ਰਕਿਆਂ ਅਤੇ ਵੱਖ-ਵੱਖ ਵਿਸ਼ਿਸ਼ਟ ਧਰਮ ਦੇ ਧਾਰਨੀ ਵੀ ਇਸ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਪੂਜਾ ਵਿਧੀਆਂ ਨੂੰ ਅਪਣਾਉਂਦੇ ਹਨ। ਇਸ ਪ੍ਰਕਾਰ ਲੋਕ ਧਰਮ ਦਾ ਵਿਸ਼ਾਲ ਵਿਸ਼ਾ ਖੇਤਰ ਹੈ। ਲੋਕ ਧਰਮ ਮਾਨਵਤਾ ਦਾ ਹਾਣੀ ਹੈ। ਕੋਈ ਵੀ ਸਮਾਜ ਭਾਵ ਉਹ ਵਿਕਾਸ ਦੇ ਕਿਸੇ ਵੀ ਪੜਾਅ ਵਿਚੋਂ ਲੰਘ ਰਿਹਾ ਹੋਵੇ, ਲੋਕ ਧਰਮ ਦੀ ਭਾਵਨਾ ਤੋਂ ਪੂਰੀ ਤਰ੍ਹਾਂ ਮੁਕਤ ਕਰਾਰ ਨਹੀਂ ਦਿੱਤਾ ਜਾ ਸਕਦਾ, ਲੋਕ ਧਰਮ ਦੀ ਕੋਈ ਨਾ ਕੋਈ ਝਲਕ ਹਰ ਵਿਅਕਤੀ ਅਤੇ ਉਸ ਨਾਲ ਸੰਬੰਧਤ ਸਮਾਜ ਅੰਦਰ ਤੱਕੀ ਜਾ ਸਕਦੀ ਹੈ।"[8] “ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ। ਖੇਤੀ ਪੁਰਾਤਨ ਸਮੇਂ ਵਿੱਚ ਪੂਰੀ ਤਰ੍ਹਾਂ ਪ੍ਰਕਿਰਤੀ ਦੇ ਰਹਿਮੋ ਕਰਮ ਉੱਪਰ ਨਿਰਭਰ ਕਰਦੀ ਸੀ। ਭੂਗੋਲਿਕ ਹੱਦਾਂ ਵੀ ਇਸ ਨੂੰ ਲੋਕਧਾਰਾਈ ਰੰਗਤ ਦੇਣ ਵਿੱਚ ਸਹਾਈ ਹੋਈਆਂ ਹਨ। ਪਹਾੜੀਆਂ ਨਾਲ ਟਕਰਾ ਕੇ ਜਦੋਂ ਸਮੁੰਦਰੀ ਪੌਣਾਂ ਪੰਜਾਬ ਦੇ ਮੈਦਾਨੀ ਇਲਾਕੇ ਵਿੱਚ ਬਾਰਿਸ਼ ਕਰਦੀਆਂ ਹਨ ਤਾਂ ਮਾਨਵ ਨੂੰ ਜੀਵਨ ਦੇਣ ਵਾਲਾ ਅੰਨ ਪੈਦਾ ਹੁੰਦਾ ਹੈ। ਇਸ ਦ੍ਰਿਸ਼ਟੀ ਤੋਂ ਜੇ ਮਾਨਵ ਇਹ ਮੰਨ ਲਵੇ ਕਿ ਮਨੁੱਖ ਨੂੰ ਜੀਵਨ ਦਾਨ ਦੇਣ ਵਾਲਾ ਸ਼ਿਵ ਭੋਲੇਨਾਥ ਪਹਾੜੀ ਦੀ ਚੋਟੀ ਉਤੇ ਨਿਵਾਸ ਕਰਦਾ ਹੈ ਤਾਂ ਇਸ ਵਿੱਚ ਲੋਕ ਮਾਨਸ ਦਾ ਕੀ ਦੋਸ਼ ? ਉਸ ਨੂੰ ਤਾਂ ਜੀਵਨ ਦਾਨ ਸਚਮੁੱਚ ਮਿਲ ਰਿਹਾ ਹੈ। ਇਹ ਸਾਰਾ ਕੁੱਝ ਕੌਣ ਕਰਦਾ ਹੈ ? ਤੇ ਕਿਵੇਂ ਹੋ ਰਿਹਾ ਹੈ ? ਇਸ ਬਾਰੇ ਸੋਚਣ ਦੀ ਉਸ ਨੂੰ ਲੋੜ ਹੀ ਨਹੀਂ ਜਾਪਦੀ। ਉਸ ਨੂੰ ਫ਼ਲ ਖਾਣ ਤੱਕ ਮਤਲਬ ਹੈ ਪੇੜ ਗਿਣਨਾ ਉਸ ਦੀ ਫਿਤਰਤ ਨਹੀਂ ਹੈ।"[9]

ਲੋਕ ਧਰਮ ਦਾ ਅਰਥ ਖੇਤਰ

[ਸੋਧੋ]

ਖੇਤਰ“ਲੋਕ ਧਰਮ ਦਾ ਅਰਥ ਖੇਤਰ ਅਤਿਅੰਤ ਵਿਸ਼ਾਲ ਹੈ। ਲੋਕ ਧਰਮ ਨੂੰ ਸੰਸਥਾਈ ਧਰਮ ਨਾਲੋਂ ਨਿਖੇੜਿਆ ਤਾਂ ਜਾ ਸਕਦਾ ਹੈ ਪਰ ਲੋਕ ਧਰਮ ਨੂੰ ਪਰਿਭਾਸ਼ਿਤ ਕਰਨ ਦਾ ਕਾਰਜ ਕਠਿਨ ਹੈ। ਕਿਉਂਕ ਲੋਕ ਧਰਮ ਦਾ ਸਬੰਧ ਹਮੇਸ਼ਾ ਲੋਕ ਮਾਨਸ ਨਾਲ ਰਿਹਾ ਹੈ, ਜਿਸ ਦੀ ਜੋਤ ਹਰ ਇੱਕ ਵਿਅਕਤੀ ਦੇ ਅੰਦਰ ਜਗਦੀ ਰਹਿੰਦੀ ਹੈ। ਉਸ ਮੱਧਮ ਜਾਂ ਪੂਰੀ ਤਰ੍ਰਾਂ ਪ੍ਰਜੁਲਿਤ ਤਾਂ ਹੋ ਸਕਦੀ ਹੈ ਪਰ ਅਲੋਪ ਉੱਕਾ ਨਹੀਂ ਹੁੰਦੀ। ਇਸ ਪ੍ਰਕਾਰ ਲੋਕ ਧਰਮ ਦੀਆਂ ਜੜ੍ਹਾਂ ਮਾਨਵ ਦੇ ਅਚੇਤ ਮਨ ਵਿੱਚ ਹੁੰਦੀਆਂ ਹਨ। ਇਸਦਾ ਦਾਇਰਾ ਸਮੇਂ ਅਤੇ ਸਥਾਨ ਦੀ ਸੀਮਾ ਤੋਂ ਮੁਕਤ ਹੁੰਦਾ ਹੈ। ਧਰਮ ਭਾਵੇਂ ਉਹ ਲੋਕ ਧਰਮ ਹੋਵੇ ਜਾਂ ਵਿਸ਼ਿਸ਼ਟ ਧਰਮ, ਉਹ ਕਿਸੇ ਜਾਤੀ ਜਾਂ ਸਮਾਜ ਦੀ ਸਭਿਆਚਾਰਕ ਪਹੁੰਚ ਦਾ ਹੀ ਫ਼ਲ ਹੁੰਦਾ ਹੈ।"[10] “ਇਹ ਕਹਿਣਾ ਦਰੁਸਤ ਨਹੀਂ ਹੋਵੇਗਾ ਕਿ ਲੋਕ ਧਰਮ ਪਰਿਵਰਤਨਸ਼ੀਲ ਨਹੀਂ ਹੈ। ਸਮਾਜਿਕ ਆਰਥਿਕ ਹਾਲਾਤਾਂ ਵਿੱਚ ਆਈ ਤਬਦੀਲੀ ਸਮਾਜ ਦੇ ਸਭਿਆਚਾਰਕ ਢਾਂਚੇ ਨੂੰ ਵੀ ਪ੍ਰਭਾਵਿਤ ਕਰਦੀ ਹੈ। ਲੋਕ ਧਰਮ ਵੀ ਸਮਾਜ ਦਾ ਇੱਕ ਸਭਿਆਚਾਰਕ ਵਰਤਰਾ ਹੈ। ਇਸ ਵਿੱਚ ਪਰਿਵਰਤਨ ਹੋਣਾ ਵੀ ਅਨਿਵਾਰੀ ਹੈ ਪਰ ਲੋਕਧਾਰਾਈ ਵਰਤਾਰਿਆਂ ਵਿੱਚ ਤਬਦੀਲੀ ਅਤਿਅੰਤ ਧੀਮੀ ਗਤੀ ਨਾਲ ਹੁੰਦੀ ਹੈ। ਲੋਕ ਧਰਮ ਪ੍ਰਤੀ ਜੋ ਰੁਖ਼ ਮੱਧਕਾਲੀ ਮਾਨਵ ਰੱਖਦਾ ਸੀ, ਵਰਤਮਾਨ ਸਮੇਂ ਵਿਚਲੇ ਮਾਨਵ ਅੰਦਰ ਉਸ ਦੀ ਉਹ ਆਸਥਾ ਨਹੀਂ ਹੈ। ਪਰ ਇਹ ਭਾਵਨਾ ਉੱਕਾ ਖਤਮ ਨਹੀਂ ਹੋਈ, ਕਿਸੇ ਨਾ ਕਿਸੇ ਰੂਪ ਵਿੱਚ ਹਾਲੇ ਤੱਕ ਜਿਉਂਦੀ ਹੈ। ਹੈਦਰ ਸ਼ੇਖ ਦੀ ਚੌਂਕੀ ਭਰਨਾ, ਛਪਾਰ ਦੀ ਗੁੱਗਾ ਮਾੜੀ, ਜਰਗ ਵਿਖੇ ਸ਼ੀਤਲਾ ਮਾਤਾ ਦੇ ਸਥਾਨ ਦੀ ਪੂਜਾ ਲਈ, ਮਾਈਸਰਖਾਨੇ ਦੇਵੀ ਦੇ ਮੇਲੇ ਲਈ ਬੱਸਾਂ ਗੱਡੀਆਂ ਦੀ ਭੀੜ ਹਾਲੇ ਘਟੀ ਨਹੀਂ ਹੈ, ਸ਼ਰਧਾਲੂਆਂ ਵਿੱਚ ਭਾਵੇਂ ਸ਼ਰਧਾ ਦਾ ਸਰੂਪ ਬਦਲ ਗਿਆ ਹੋਵੇ ਪਰ ਲੋਕ ਧਰਮ ਦੀ ਹੋਂਦ ਹਾਲੇ ਅਸਵੀਕਾਰ ਨਹੀਂ ਹੋ ਸਕੀ।"[11] “ਲੋਕ ਧਰਮ ਦੇ ਅਰਥ ਖੇਤਰ ਵਿੱਚ ਮਾਨਵ ਜੀਵਨ ਦੇ ਅਨੇਕ ਪੱਖ ਸਮਾਏ ਹੋਏ ਹਨ, ਜਿਵੇਂ ਨਰਕ ਸਵਰਗ ਦੀ ਹੋਂਦ, ਚੌਰਾਸੀ ਲੱਖ ਜੂਨਾਂ ਵਿੱਚ ਵਿਸ਼ਵਾਸ, ਦੇਵੀ ਦੇਵਤਿਆਂ ਦੀ ਹੋਂਦ ਵਿੱਚ ਵਿਸ਼ਵਾਸ, ਉਨ੍ਹਾਂ ਦੀ ਪੂਜਾ ਨਾਲ ਫਲ ਦੀ ਪ੍ਰਾਪਤੀ, ਸੁੱਖਣਾ, ਮੰਨਤ ਮਨਾਉਂਤਾ, ਭੇਟਾਂ ਚੜਾਵੇ, ਵਰਤ, ਤੀਰਥ ਯਾਤਰ, ਜੰਤਰ, ਮੰਤਰ ਜਾਪ, ਧਾਗੇ, ਤਵੀਤ ਆਦਿ ਅਨੇਕਾਂ ਰੂਪਾਂ ਵਿੱਚ ਲੋਕ ਧਰਮ ਲੋਕ ਮਨ ਵਿੱਚ ਵੱਸਿਆ ਹੋਇਆ ਹੈ।"[12] ਇਸ ਪ੍ਰਕਾਰ ਅਸੀਂ ਲੋਕ ਧਰਮ ਦੇ ਹੱਥਲੇ ਵਿਸ਼ੇ ਦੇ ਪੱਖਾਂ ਦੀ ਵਿਸਥਾਰ ਨਾਲ ਵਿਆਖਿਆ ਕਰਨ ਤੋਂ ਬਾਅਦ ਇਸ ਨਤੀਜੇ ਤੇ ਪਹੁੰਚਦੇ ਹਾਂ ਕਿ ਲੋਕ ਧਰਮ ਅਸਲ ਵਿੱਚ ਮਾਨਵ ਧਰਮ ਦਾ ਹੀ ਵਿਸਤ੍ਰਿਤ ਰੂਪ ਹੈ। ਲੋਕ ਧਰਮ ਕੇਵਲ ਵਹਿਮਾਂ ਭਰਮਾਂ ਜਾਂ ਵਿਸ਼ਵਾਸਾਂ ਦੀ ਵਲਗਣ ਵਿੱਚ ਲੋਕਾਂ ਨੂੰ ਬੰਦੀਵਾਨ ਬਣਾ ਕੇ ਨਹੀਂ ਰੱਖਦਾ, ਸਗੋਂ ਉਨ੍ਹਾਂ ਦੀਆਂ ਸੁਤੰਤਰ ਪ੍ਰਵਿਰਤੀਆਂ ਨੂੰ ਉਤੇਜਿਤ ਵੀ ਕਰਦਾ ਹੈ। ਲੋਕ ਮਨ ਦੀ ਇਹ ਖੂਬੀ ਹੈ ਕਿ ਉਹ ਵਿਸ਼ਿਸ਼ਟ ਧਰਮ ਦੇ ਅਸੂਲਾਂ ਦੀ ਪਾਲਣਾ ਵੀ ਕਰਦਾ ਰਹਿੰਦਾ ਹੈ ਅਤੇ ਨਾਲ-ਨਾਲ ਲੋਕ ਧਰਮ ਦੇ ਕਰਮ ਕਾਂਡ ਵੀ ਨਿਭਾਉਂਦਾ ਰਹਿੰਦਾ ਹੈ।

ਲੋਕ ਧਰਮ ਅਤੇ ਮੀਡੀਆ [13]
[ਸੋਧੋ]

ਲੋਕ ਧਰਮ ਕਿਸੇ ਖੇਤਰ ਵਿਚ ਵੱਸਦੇ ਲੋਕਾਂ ਦੀ ਜੀਵਨ-ਜਾਚ ਨਾਲ ਜੁੜੀਆਂ ਹੋਈਆਂ ਅਜਿਹੀਆਂ ਪ੍ਰੰਪਰਾਵਾਂ, ਪੂਜਾ-ਵਿਧੀਆਂ, ਰੀਤਾਂ-ਰਸਮਾਂ ਅਤੇ ਲੋਕ ਵਿਸ਼ਵਾਸਾਂ ਦਾ ਪ੍ਰਬੰਧ ਹੁੰਦਾ ਹੈ, ਜੋ ਕਿਸੇ ਮਨੁੱਖੀ ਸਮੁਦਾਇ ਦੀ ਜੀਵਨ-ਜਾਚ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਲੋਕ ਧਰਮ ਦਾ ਸੰਬੰਧ ਸਮੂਹਿਕ ਅਵਚੇਤਨ ਨਾਲ ਜੁੜਦਾ ਹੈ। ਇਸ ਲਈ ਸਦੀਆਂ ਤੋਂ ਚਲੀਆਂ ਆ ਰਹੀਆਂ ਲੋਕ ਰੂੜ੍ਹੀਆਂ ਇਸਦਾ ਮਹੱਤਵਪੂਰਨ ਹਿੱਸਾ ਬਣਦੀਆਂ ਹਨ। ਲੋਕ ਧਰਮ ਲੋਕ ਵਿਸ਼ਵਾਸਾਂ ਉਪਰ ਉਸਰਿਆ ਹੋਇਆ ਇਕ ਨਿਰੰਤਰ ਚਲਦਾ ਹੋਇਆ ਪ੍ਰਬੰਧ ਹੈ। ਜੋ ਮਨੁੱਖ ਦੀ ਸ਼ਖ਼ਸ਼ੀਅਤ ਨਿਰਮਾਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਦੁਨੀਆ ਦੇ ਅੱਤ ਵਿਕਸਤ ਸਮਾਜਾਂ ਵਿਚ ਵਰਤਮਾਨ ਸਮੇਂ ਵੀ ਲੋਕ ਧਰਮ ਦੀ ਹੋਂਦ ਨੂੰ ਮਨਫ਼ੀ ਨਹੀਂ ਕੀਤਾ ਜਾ ਸਕਿਆ, ਕਿਉਂਕਿ ਲੋਕ ਧਰਮ ਦੇ ਪ੍ਰਵਾਹ ਵਿਚ ਜਾਦੂ-ਚਿੰਤਨ ਅਤੇ ਮਿੱਥਾਂ ਸ਼ਕਤੀ ਪ੍ਰਦਾਨ ਕਰਦੀਆਂ ਹਨ। ਇਸ ਲਈ ਵਰਤਮਾਨ ਸਮੇਂ ਵੀ ਲੋਕ ਧਰਮ ਸਮਾਜ ਦਾ ਇਕ ਮਹੱਤਵਪੂਰਨ ਪਹਿਲੂ ਬਣ ਜਾਂਦਾ ਹੈ। ਦੁਨੀਆ ਵਿਚ ਪ੍ਰਚਲਿਤ ਹੋਏ ਵਿਸ਼ਿਸ਼ਟ ਧਰਮ ਲੋਕ ਧਰਮ ਉੱਪਰ ਹੀ ਉਸਰੇ ਹੋਏ ਹਨ। ਜਿਸ ਕਰਕੇ ਵਿਸ਼ਿਸ਼ਟ ਧਰਮਾਂ ਦੀਆਂ ਬਹੁਤ ਸਾਰੀਆਂ ਪ੍ਰੰਪਰਾਵਾਂ ਲੋਕ ਧਰਮ ਦੀ ਪ੍ਰਕਿਰਤੀ ਨਾਲ ਮੇਲ ਖਾਂਦੀਆਂ ਹਨ।

ਲੋਕ ਧਰਮ ਪਰੰਪਰਾਗਤ ਅਤੇ ਮੌਖਿਕ ਰੂਪ ਵਿਚ ਚਲਿਆ ਆਉਂਦਾ ਅਜਿਹਾ ਧਰਮ ਹੈ, ਜਿਸ ਵਿਚ ਮੂਲ ਧਰਮ ਅਤੇ ਆਦਿਮਕਾਲੀਨ ਧਰਮ ਦੀਆਂ ਰੂੜ੍ਹੀਆਂ ਦਾ ਮਿਸ਼ਰਣ ਹੁੰਦਾ ਹੈ। ਇਸ ਵਿਚ ਦੂਸਰੇ ਧਰਮਾਂ ਅਤੇ ਸਭਿਅਤਾਵਾਂ ਦੀਆਂ ਰੂੜ੍ਹੀਆਂ ਵੀ ਸਮਾ ਜਾਂਦੀਆਂ ਹਨ। ਜਿਸ ਕਰਕੇ ਇਹ ਸਥਿਰ ਧਰਮ ਨਹੀਂ। ਇਸ ਵਿਚ ਵੰਨ ਸੁਵੰਨਤਾ ਹੋਣ ਦੇ ਬਾਵਜੂਦ ਵੀ ਇਕਸਾਰਤਾ ਹੁੰਦੀ ਹੈ। ਇਸ ਵਿਚੋਂ ਸਮੂਹਿਕ ਮਨ ਦਾ ਜਲ ਹੁੰਦਾ ਹੈ ਅਤੇ ਵੱਖ-ਵੱਖ ਤਰ੍ਹਾਂ ਦੇ ਦੇਵੀ-ਦੇਵਤਿਆਂ ਅਤੇ ਪੀਰਾਂ ਫ਼ਕੀਰਾਂ ਨੂੰ ਵੱਖ-ਵੱਖ ਪੂਜਾ ਵਿਧੀਆਂ ਰਾਹੀਂ ਪੂਜਿਆ ਜਾਂਦਾ ਹੈ। ਇਹ ਅਜਿਹਾ ਧਰਮ ਹੈ ਜੋ ਦੂਸਰੇ ਧਰਮਾਂ ਤੋਂ ਉੱਪਰ ਉੱਠ ਜਾਂਦਾ ਹੈ ਅਤੇ ਬਿਨਾਂ ਕਿਸੇ ਭੇਦ-ਭਾਵ ਤੋਂ ਸਮਾਜ ਦੇ ਹਰੇਕ ਵਰਗ ਦੇ ਲੋਕਾਂ ਨੂੰ ਪ੍ਰਵਾਨਿਤ ਹੁੰਦਾ ਹੈ। ਲੋਕ ਧਰਮ ਲੋਕ ਵਿਸ਼ਵਾਸਾਂ ਅਤੇ ਅਨੁਸ਼ਠਾਨਾਂ ਉੱਪਰ ਉਸਰਿਆ ਇਕ ਅਜਿਹਾ ਵਰਤਾਰਾ ਹੈ, ਜੋ ਕਿਸੇ ਸਭਿਆਚਾਰ ਦੇ ਧੁਰ ਅੰਦਰ ਪਏ ਹੋਏ ਸੰਸਕਾਰਾਂ ਦੀ ਕੇਂਦਰੀ ਚੂਲ ਹੁੰਦਾ ਹੈ। ਇਸ ਦਾ ਸੰਬੰਧ ਕਿਸੇ ਜਾਤੀ ਸਮੁਦਾਇ ਜਾਂ ਸਮਾਜ ਦੀ ਲੋਕ-ਮਾਨਸਿਕਤਾ ਨਾਲ ਹੁੰਦਾ ਹੈ। ਲੋਕ ਮਾਨਸਿਕਤਾ ਜਨਮ ਜਾਤ ਤੋਂ ਪ੍ਰਾਪਤ ਪਰੰਪਰਾਗਤ ਮਿੱਥਾਂ ਅਤੇ ਰੂੜ੍ਹੀਆਂ ਦੀ ਅਜਿਹੀ ਖਾਨ ਹੈ ਜਿਸ ਵਿਚ ਜੀਵਨ ਵਿਵਹਾਰ ਨਾਲ ਜੁੜੇ ਹਰੇਕ ਵਰਤਾਰੇ ਦੇ ਚਿਹਨ ਕਿਸੇ ਨਾ ਕਿਸੇ ਰੂਪ ਵਿਚ ਪਏ ਹੁੰਦੇ ਹਨ। ਭਾਵੇਂ ਅਸੀਂ ਜਿੰਨਾ ਮਰਜ਼ੀ ਅਤਿ ਆਧੁਨਿਕ ਕਿਸਮ ਦਾ ਜੀਵਨ ਜਿਉ ਰਹੇ ਹੋਈਏ ਪਰੰਤੂ ਲੋਕ-ਮਾਨਸਿਕਤਾ ਸਾਡੇ ਜੀਵਨ ਵਿਵਹਾਰ ਨੂੰ ਪ੍ਰਭਾਵਿਤ ਹੀ ਨਹੀਂ ਕਰਦੀ ਸਗੋਂ ਨਿਯੰਤਰਿਤ ਵੀ ਕਰਦੀ ਹੈ। ਅਸੀਂ ਜ਼ਿੰਦਗੀ ਦੇ ਹਰੇਕ ਮਹੱਤਵਪੂਰਨ ਪੜਾਅ (ਜਨਮ, ਵਿਆਹ, ਮੌਤ ਆਦਿ) ਤੇ ਲੋਕ ਮਾਨਸਿਕਤਾ ਦੁਆਰਾ ਨਿਰਧਾਰਤ ਮਾਪਦੰਡਾਂ ਨੂੰ ਹੀ ਅਪਣਾਉਂਦੇ ਹਾਂ ਅਤੇ ਆਪਣੇ ਸਭਿਅਕ ਅਤੇ ਸਮਾਜਕ ਹੋਣ ਦਾ ਪ੍ਰਮਾਣ ਦੇਂਦੇ ਹਾਂ।

ਆਧੁਨਿਕ ਯੁੱਗ ਤਕਨਾਲੋਜੀ ਦਾ ਯੁੱਗ ਹੈ ਜਿਸ ਵਿਚ ਮਨੁੱਖੀ ਜੀਵਨ ਰੁਝੇਵਿਆਂ ਭਰਿਆ ਤਾਂ ਹੋਇਆ ਹੀ ਹੈ ਉਸਦੇ ਵਿਵਹਾਰ ਅਤੇ ਨੈਤਿਕ ਮੁੱਲਾਂ ਵਿਚ ਵੀ ਪਰਿਵਰਤਨ ਵਾਪਰਿਆ ਹੈ। ਇਹਨਾਂ ਪਰਿਵਰਤਨਾਂ ਦਾ ਹੋਰ ਕਾਰਨਾਂ ਦੇ ਨਾਲ ਨਾਲ ਸਭ ਤੋਂ ਵੱਧ ਮਲਟੀ ਮੀਡੀਆ ਨਾਲ ਸੰਬੰਧ ਜੁੜਦਾ ਹੈ। ਆਧੁਨਿਕ ਸੰਚਾਰ ਤਕਨਾਲੌਜੀ ਨੇ ਮਨੁੱਖ ਨੂੰ ਰੇਡੀਓ, ਟੈਲੀਵੀਜ਼ਨ, ਕੰਪਿਊਟਰ ਅਤੇ ਮੋਬਾਈਲ ਫ਼ੋਨ ਆਦਿ ਅਜਿਹੇ ਯੰਤਰ ਦਿੱਤੇ ਹਨ ਜਿਸ ਨਾਲ ਮਨੁੱਖੀ ਜੀਵਨ ਵਿਚ ਕ੍ਰਾਂਤੀਕਾਰੀ ਪਰਿਵਰਤਨ ਵਾਪਰਿਆ ਹੈ। ਇਹ ਸਾਰੇ ਯੰਤਰ ਇਕ ਵਿਸ਼ਵਵਿਆਪੀ ਨੈੱਟਵਰਕ ਨਾਲ ਜੁੜਕੇ ਆਪਣੇ ਆਪਣੇ ਖੇਤਰ ਵਿਚ ਸੰਚਾਰ ਕਰਦੇ ਹਨ। ਹੱਥਲੇ ਖੋਜ-ਪੱਤਰ ਵਿਚ ਇਸ ਨੈੱਟਵਰਕ ਵਿਚੋਂ ਸਿਰਫ਼ ਟੈਲੀਵਿਜ਼ਨ ਨੈੱਟਵਰਕ ਅਤੇ ਲੋਕ ਧਰਮ ਦੇ ਆਪਸੀ ਸੰਬੰਧਾਂ ਨਾਲ ਸੰਬੰਧਿਤ ਮਸਲਿਆਂ ਨੂੰ ਹੀ ਅਧਾਰ ਬਣਾਇਆ ਗਿਆ ਹੈ।

ਸੂਚਨਾ ਤਕਨਾਲੋਜੀ ਅਤੇ ਵਿਸ਼ਵੀਕਰਨ ਦੇ ਆਧੁਨਿਕ ਯੁਗ ਵਿਚ ਮਨੁੱਖੀ ਸਮਾਜਾਂ ਦੀਆਂ ਕਦਰਾਂ-ਕੀਮਤਾਂ ਵਿਚ ਹੀ ਪਰਿਵਰਤਨ ਨਹੀਂ ਵਾਪਰਿਆ ਸਗੋਂ ਇਸਦੇ ਬੁਨਿਆਦੀ ਢਾਂਚੇ ਵਿਚ ਵੀ ਤਬਦੀਲੀ ਵਾਪਰੀ ਹੈ। ਵਿਸ਼ਵੀਕਰਨ ਨੇ ਸਮੁੱਚੇ ਵਿਸ਼ਵ ਨੂੰ ਪ੍ਰਭਾਵਿਤ ਹੀ ਨਹੀਂ ਕੀਤਾ ਸਗੋਂ ਉਸਨੂੰ ਆਪਣੇ ਹਿੱਤਾਂ ਦੇ ਅਨੁਕੂਲ ਢਾਲਣ ਦੀ ਨਿਰੰਤਰ ਕੋਸ਼ਿਸ਼ ਕੀਤੀ ਹੈ। ਇਸ ਮਕਸਦ ਲਈ ਸੂਚਨਾਂ ਤਕਨਾਲੋਜੀ ਦੇ ਵਿਕਾਸ ਨੇ ਆਪਣਾ ਮਹੱਤਵਪੂਰਨ ਰੋਲ ਅਦਾ ਕੀਤਾ ਹੈ। ਸੂਚਨਾ ਤਕਨਾਲੋਜੀ ਦੇ ਵਿਕਾਸ ਹੋਣ ਨਾਲ ਸੂਚਨਾਵਾਂ ਦੇ ਅਦਾਨ-ਪ੍ਰਦਾਨ ਕਰਨ ਵਿਚ ਇਕ ਕ੍ਰਾਂਤੀਕਾਰੀ ਪਰਿਵਰਤਨ ਪੈਦਾ ਹੋਇਆ ਹੈ। ਇੰਟਰਨੈੱਟ ਦੀ ਸਹੂਲਤ ਨਾਲ ਵਿਸ਼ਵ ਦੀਆਂ ਸਮੁੱਚੀਆਂ ਸਭਿਆਤਾਵਾਂ ਦੇ ਗਿਆਨ ਦਾ ਵਟਾਂਦਰਾ ਹੋਇਆ ਹੈ। ਸੂਚਨਾ ਤਕਨਾਲੌਜੀ ਦੀਆਂ ਵਿਭਿੰਨ ਤਕਨੀਕਾਂ ਅਤੇ ਯੰਤਰਾਂ ਦੀ ਮਦਦ ਨਾਲਮਨੁੱਖ ਨੇ ਆਪਣੇ ਵਿਕਾਸ ਲਈ ਨਵੇਂ ਦਿਸਹੱਦੇ ਪ੍ਰਾਪਤ ਕੀਤੇ ਹਨ। ਟੈਲੀਵਿਜ਼ਨ ਨੈੱਟਵਰਕ ਸੂਚਨਾਵਾਂ ਦੇ ਆਦਾਨ-ਪ੍ਰਦਾਨ ਕਰਨ ਦਾ ਮਹੱਤਵਪੂਰਨ ਸਾਧਨ ਹੈ। ਇਹ ਇਕ ਅਜਿਹਾ ਸਾਧਨ ਹੈ, ਜੋ ਕਿਸੇ ਸਮੂਹ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦਾ ਹੈ। ਟੈਲੀਵਿਜ਼ਨ ਨੈੱਟਵਰਕ ਨੇ ਆਪਣੇ ਪ੍ਰੋਗਰਾਮਾਂ ਰਾਹੀਂ ਸਮਾਜ ਵਿਚ ਮਹੱਤਵਪੂਰਨ ਤਬਦੀਲੀਆਂ ਕਰਨ ਵਿਚ ਅਹਿਮ ਭੂਮਿਕਾ ਵੀ ਅਦਾ ਕੀਤੀ ਹੈ। ਪੰਜਾਬੀ ਸਭਿਆਚਾਰ ਦੇ ਸੰਦਰਭ ਵਿਚ ਜੇਕਰ ਟੈਲੀਵਿਜ਼ਨ ਦੀ ਭੂਮਿਕਾ ਦਾ ਅਧਿਐਨ ਕੀਤਾ ਜਾਵੇ, ਤਾਂ ਸਮਾਜ ਵਿਚ ਵਾਪਰੀਆਂ ਸਮਾਜਕ, ਧਾਰਮਿਕ ਲਹਿਰਾਂ ਵਿਚ ਇਸਦੀ ਮਹੱਤਵਪੂਰਨ ਭੂਮਿਕਾ ਰਹੀ ਹੈ। ਪੰਜਾਬ ਵਿਚ ਆਈ ਚਿੱਟੀ ਅਤੇ ਹਰੀ ਕ੍ਰਾਂਤੀ ਵਿਚ ਵੀ ਟੈਲੀਵਿਜ਼ਨ ਨੈੱਟਵਰਕ ਦੇ ਯੋਗਦਾਨ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ਸ਼ੁਰੂਆਤੀ ਦੌਰ ਵਿਚ ਟੈਲੀਵਿਜ਼ਨ ਨੈੱਟਵਰਕਿੰਗ ਨੇ ਸਭਿਆਚਾਰਕ ਸਦਭਾਵ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ। ਦੂਰਦਰਸ਼ਨ ਕੇਂਦਰ ਜਲੰਧਰ ਦੀ ਸਥਾਪਨਾ ਹੋਣ ਨਾਲ ਪੰਜਾਬ ਵਿਚ ਜਿਥੇ ਵਿਗਿਆਨਕ ਚੇਤਨਾ ਦੇ ਪ੍ਰਸਾਰ ਵਿਚ ਤੇਜ਼ੀ ਵਾਪਰਦੀ ਹੈ, ਉਥੇ ਇਹ ਸਭਿਆਚਾਰਕ ਤਬਦੀਲੀ ਦਾ ਆਧਾਰ ਵੀ ਬਣ ਜਾਂਦਾ ਹੈ। ਟੈਲੀਵਿਜ਼ਨ ਨੈੱਟਵਰਕਿੰਗ ਵਿਚ ਅਡਵਾਂਸ ਟੈਕਨਾਲੌਜੀ ਪੈਦਾ ਹੋਣ ਨਾਲ ਵੱਡੇ ਸ਼ਹਿਰਾਂ ਵਿਚ ਕੇਬਲ ਟੀ.ਵੀ. ਨੈੱਟਵਰਕਿੰਗ ਸ਼ੁਰੂ ਹੁੰਦੀ ਹੈ। ਜਿਸ ਨਾਲ ਇਸ ਖੇਤਰ ਵਿਚ ਪ੍ਰਾਈਵੇਟ ਨੀਤੀ ਸ਼ੁਰੂ ਹੁੰਦੀ ਹੈ, ਜਿਸ ਨਾਲ ਇਸ ਖੇਤਰ ਵਿਚ ਪ੍ਰਾਈਵੇਟ ਨਿੱਜੀ ਚੈਨਲਾਂ ਦਾ ਆਗਮਨ ਸ਼ੁਰੂ ਹੋ ਜਾਂਦਾ ਹੈ। ਇਹ ਨਿੱਜੀ ਚੈੱਨਲ ਆਪਣੀ ਪਹੁੰਚ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਕਰਨ, ਪੇਂਡੂ ਅਤੇ ਦੂਰ-ਦੁਰਾਡੇ ਦੇ ਖੇਤਰਾਂ ਦੇ ਲੋਕਾਂ ਨੂੰ ਵੀ ਆਪਣੇ ਦਾਇਰੇ ਵਿਚ ਲਿਆਉਣ ਲਈ ਡਿਸ਼ ਟੈਕਨਾਲੌਜੀ ਦੀ ਵਰਤੋਂ ਕਰਨ ਲੱਗ ਪੈਂਦੇ ਹਨ। ਜਿਵੇਂ-ਜਿਵੇਂ ਦਰਸ਼ਕਾਂ ਦਾ ਦਾਇਰਾ ਮੋਕਲਾ ਹੁੰਦਾ ਗਿਆ, ਤਿਵੇਂ-ਤਿਵੇਂ ਇਹਨਾਂ ਨਿੱਜੀ ਚੈਨਲਾਂ ਤੋਂ ਪ੍ਰਸਾਰਿਤ ਹੋਣ ਵਾਲੇ ਪ੍ਰਸਾਰਨਾਂ ਦੀ ਪ੍ਰਕਿਰਤੀ ਵੀ ਬਦਲਦੀ ਗਈ ਹੈ। ਵਿਸ਼ਵੀਕਰਨ ਦੇ ਅੰਤਰਗਤ ਬਹੁ-ਦੇਸ਼ੀ ਕੰਪਨੀਆਂ ਲਈ ਦੂਸਰੇ ਮੁਲਕਾਂ ਵਿਚ ਜਾ ਕੇ ਆਪਣਾ ਵਿਉਪਾਰ ਕਰਨ ਦੀ ਖੁੱਲ੍ਹ ਪ੍ਰਾਪਤ ਹੁੰਦੀ ਹੈ। ਇਸ ਨਾਲ ਮੰਡੀ ਦੇ ਯੁੱਗ ਦੀ ਸ਼ੁਰੂਆਤ ਹੁੰਦੀ ਹੈ। ਨਿੱਜੀ ਕੰਪਨੀਆਂ ਵੱਧ ਤੋਂ ਵੱਧ ਮੁਨਾਫ਼ਾ ਲੈਣ ਲਈ ਕਈ ਪ੍ਰਕਾਰ ਦੇ ਹੱਥ-ਕੰਡੇ ਅਪਨਾਉਂਦੀਆਂ ਹਨ। ਜਿਸ ਕਰਕੇ ਕਿਸੇ ਸਮਾਜ ਦੀਆਂ ਸਿਹਤਮੰਦ ਪ੍ਰੰਪਰਾਵਾਂ ਉਹਨਾਂ ਲਈ ਅਰਥਹੀਣ ਬਣ ਜਾਂਦੀਆਂ ਹਨ। ਵਰਤਮਾਨ ਸਮੇਂ ਵਿਚ ਸਭਿਆਚਾਰ ਉਦਯੋਗ ਮੁਨਾਫ਼ੇ ਦਾ ਇਕ ਵੱਡਾ ਸਾਧਨ ਬਣ ਚੁੱਕੇ ਹਨ। ਮਨੁੱਖੀ ਸਮੂਹ ਕਿਸੇ ਵਿਸ਼ੇਸ਼ ਸਭਿਆਚਾਰ ਵਿਚ ਹੀ ਆਪਣਾ ਜੀਵਨ ਨਿਰਮਾਣ ਕਰਨ ਦੇ ਯੋਗ ਹੁੰਦਾ ਹੈ, ਇਸ ਲਈ ਉਸਦੀਆਂ ਰੋਜ਼ਮਰਾ ਦੀਆਂ ਜ਼ਰੂਰਤਾਂ ਦੀ ਪੂਰਤੀ ਕਰਦੀਆਂ ਵਸਤਾਂ ਵੀ ਉਸਦੀਆਂ ਸਭਿਆਚਾਰਕ ਪ੍ਰੰਪਰਾਵਾਂ ਦੇ ਅਨੁਕੂਲਮਨੁੱਖ ਨੇ ਆਪਣੇ ਵਿਕਾਸ ਲਈ ਨਵੇਂ ਦਿਸਹੱਦੇ ਪ੍ਰਾਪਤ ਕੀਤੇ ਹਨ।

ਟੈਲੀਵਿਜ਼ਨ ਨੈੱਟਵਰਕ ਸੂਚਨਾਵਾਂ ਦੇ ਆਦਾਨ-ਪ੍ਰਦਾਨ ਕਰਨ ਦਾ ਮਹੱਤਵਪੂਰਨ ਸਾਧਨ ਹੈ। ਇਹ ਇਕ ਅਜਿਹਾ ਸਾਧਨ ਹੈ, ਜੋ ਕਿਸੇ ਸਮੂਹ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦਾ ਹੈ। ਟੈਲੀਵਿਜ਼ਨ ਨੈੱਟਵਰਕ ਨੇ ਆਪਣੇ ਪ੍ਰੋਗਰਾਮਾਂ ਰਾਹੀਂ ਸਮਾਜ ਵਿਚ ਮਹੱਤਵਪੂਰਨ ਤਬਦੀਲੀਆਂ ਕਰਨ ਵਿਚ ਅਹਿਮ ਭੂਮਿਕਾ ਵੀ ਅਦਾ ਕੀਤੀ ਹੈ। ਪੰਜਾਬੀ ਸਭਿਆਚਾਰ ਦੇ ਸੰਦਰਭ ਵਿਚ ਜੇਕਰ ਟੈਲੀਵਿਜ਼ਨ ਦੀ ਭੂਮਿਕਾ ਦਾ ਅਧਿਐਨ ਕੀਤਾ ਜਾਵੇ, ਤਾਂ ਸਮਾਜ ਵਿਚ ਵਾਪਰੀਆਂ ਸਮਾਜਕ, ਧਾਰਮਿਕ ਲਹਿਰਾਂ ਵਿਚ ਇਸਦੀ ਮਹੱਤਵਪੂਰਨ ਭੂਮਿਕਾ ਰਹੀ ਹੈ। ਪੰਜਾਬ ਵਿਚ ਆਈ ੱਚਿੱਟੀ ਅਤੇ ਹਰੀ ਕ੍ਰਾਂਤੀ ਵਿਚ ਵੀ ਟੈਲੀਵਿਜ਼ਨ ਨੈੱਟਵਰਕ ਦੇ ਯੋਗਦਾਨ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ਸ਼ੁਰੂਆਤੀ ਦੌਰ ਵਿਚ ਟੈਲੀਵਿਜ਼ਨ ਨੈੱਟਵਰਕਿੰਗ ਨੇ ਸਭਿਆਚਾਰਕ ਸਦਭਾਵ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ। ਦੂਰਦਰਸ਼ਨ ਕੇਂਦਰ ਜਲੰਧਰ ਦੀ ਸਥਾਪਨਾ ਹੋਣ ਨਾਲ ਪੰਜਾਬ ਵਿਚ ਜਿਥੇ ਵਿਗਿਆਨਕ ਚੇਤਨਾ ਦੇ ਪ੍ਰਸਾਰ ਵਿਚ ਤੇਜ਼ੀ ਵਾਪਰਦੀ ਹੈ, ਉਥੇ ਇਹ ਸਭਿਆਚਾਰਕ ਤਬਦੀਲੀ ਦਾ ਆਧਾਰ ਵੀ ਬਣ ਜਾਂਦਾ ਹੈ। ਟੈਲੀਵਿਜ਼ਨ ਨੈੱਟਵਰਕਿੰਗ ਵਿਚ ਅਡਵਾਂਸ ਟੈਕਨਾਲੌਜੀ ਪੈਦਾ ਹੋਣ ਨਾਲ ਵੱਡੇ ਸ਼ਹਿਰਾਂ ਵਿਚ ਕੇਬਲ ਟੀ.ਵੀ. ਨੈੱਟਵਰਕਿੰਗ ਸ਼ੁਰੂ ਹੁੰਦੀ ਹੈ। ਜਿਸ ਨਾਲ ਇਸ ਖੇਤਰ ਵਿਚ ਪ੍ਰਾਈਵੇਟ ਨੀਤੀ ਸ਼ੁਰੂ ਹੁੰਦੀ ਹੈ, ਜਿਸ ਨਾਲ ਇਸ ਖੇਤਰ ਵਿਚ ਪ੍ਰਾਈਵੇਟ ਨਿੱਜੀ ਚੈਨਲਾਂ ਦਾ ਆਗਮਨ ਸ਼ੁਰੂ ਹੋ ਜਾਂਦਾ ਹੈ। ਇਹ ਨਿੱਜੀ ਚੈੱਨਲ ਆਪਣੀ ਪਹੁੰਚ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਕਰਨ, ਪੇਂਡੂ ਅਤੇ ਦੂਰ-ਦੁਰਾਡੇ ਦੇ ਖੇਤਰਾਂ ਦੇ ਲੋਕਾਂ ਨੂੰ ਵੀ ਆਪਣੇ ਦਾਇਰੇ ਵਿਚ ਲਿਆਉਣ ਲਈ ਡਿਸ਼ ਟੈਕਨਾਲੌਜੀ ਦੀ ਵਰਤੋਂ ਕਰਨ ਲੱਗ ਪੈਂਦੇ ਹਨ। ਜਿਵੇਂ-ਜਿਵੇਂ ਦਰਸ਼ਕਾਂ ਦਾ ਦਾਇਰਾ ਮੋਕਲਾ ਹੁੰਦਾ ਗਿਆ, ਤਿਵੇਂ-ਤਿਵੇਂ ਇਹਨਾਂ ਨਿੱਜੀ ਚੈਨਲਾਂ ਤੋਂ ਪ੍ਰਸਾਰਿਤ ਹੋਣ ਵਾਲੇ ਪ੍ਰਸਾਰਨਾਂ ਦੀ ਪ੍ਰਕਿਰਤੀ ਵੀ ਬਦਲਦੀ ਗਈ ਹੈ।

ਵਿਸ਼ਵੀਕਰਨ ਦੇ ਅੰਤਰਗਤ ਬਹੁ-ਦੇਸ਼ੀ ਕੰਪਨੀਆਂ ਲਈ ਦੂਸਰੇ ਮੁਲਕਾਂ ਵਿਚ ਜਾ ਕੇ ਆਪਣਾ ਵਿਉਪਾਰ ਕਰਨ ਦੀ ਖੁੱਲ੍ਹ ਪ੍ਰਾਪਤ ਹੁੰਦੀ ਹੈ। ਇਸ ਨਾਲ ਮੰਡੀ ਦੇ ਯੁੱਗ ਦੀ ਸ਼ੁਰੂਆਤ ਹੁੰਦੀ ਹੈ। ਨਿੱਜੀ ਕੰਪਨੀਆਂ ਵੱਧ ਤੋਂ ਵੱਧ ਮੁਨਾਫ਼ਾ ਲੈਣ ਲਈ ਕਈ ਪ੍ਰਕਾਰ ਦੇ ਹੱਥ-ਕੰਡੇ ਅਪਨਾਉਂਦੀਆਂ ਹਨ। ਜਿਸ ਕਰਕੇ ਕਿਸੇ ਸਮਾਜ ਦੀਆਂ ਸਿਹਤਮੰਦ ਪ੍ਰੰਪਰਾਵਾਂ ਉਹਨਾਂ ਲਈ ਅਰਥਹੀਣ ਬਣ ਜਾਂਦੀਆਂ ਹਨ। ਵਰਤਮਾਨ ਸਮੇਂ ਵਿਚ ਸਭਿਆਚਾਰ ਉਦਯੋਗ ਮੁਨਾਫ਼ੇ ਦਾ ਇਕ ਵੱਡਾ ਸਾਧਨ ਬਣ ਚੁੱਕੇ ਹਨ। ਮਨੁੱਖੀ ਸਮੂਹ ਕਿਸੇ ਵਿਸ਼ੇਸ਼ ਸਭਿਆਚਾਰ ਵਿਚ ਹੀ ਆਪਣਾ ਜੀਵਨ ਨਿਰਮਾਣ ਕਰਨ ਦੇ ਯੋਗ ਹੁੰਦਾ ਹੈ, ਇਸ ਲਈ ਉਸਦੀਆਂ ਰੋਜ਼ਮਰਾ ਦੀਆਂ ਜ਼ਰੂਰਤਾਂ ਦੀ ਪੂਰਤੀ ਕਰਦੀਆਂ ਵਸਤਾਂ ਵੀ ਉਸਦੀਆਂ ਸਭਿਆਚਾਰਕ ਪ੍ਰੰਪਰਾਵਾਂ ਦੇ ਅਨੁਕੂਲਹੀ ਹੁੰਦੀਆਂ ਹਨ। ਇਸੇ ਕਰਕੇ ਹੀ ਅਜੋਕੇ ਮਨੁੱਖ ਨੂੰ ਆਪਣੇ ਨਿਯੰਤਰਣ ਵਿਚ ਕਰਕੇ ਉਸਨੂੰ ਉਪਭੋਗਤਾਵਾਦ ਦਾ ਸ਼ਿਕਾਰ ਬਣਾਉਣਾ ਵਰਤਮਾਨ ਟੈਲੀਵਿਜ਼ਨ ਨੈੱਟਵਰਕਿੰਗ ਦੀ ਪ੍ਰਮੁੱਖ ਜੁਗਤ ਹੈ। ਇਸ ਪ੍ਰਕਿਰਿਆ ਰਾਹੀਂ ਉਹ ਮਨੁੱਖੀ ਮਨ ਵਿਚ ਪਏ ਹੋਏ ਸਭਿਆਚਾਰਕ ਅਤੇ ਪ੍ਰੰਪਰਕ ਮੁੱਲਾਂ ਨੂੰ ਆਪਣੇ ਹਿੱਤਾਂ ਅਨੁਸਾਰ ਵਰਤ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ।

ਟੈਲੀਵਿਜ਼ਨ ਨੈੱਟਵਰਕ ਅਜੋਕੇ ਮਨੁੱਖ ਦੀ ਜ਼ਿੰਦਗੀ ਤੋਂ ਭਲੀਭਾਂਤ ਵਾਕਿਫ਼ ਹੈ। ਅਜੋਕੇ ਸਮੇਂ ਦੀ ਗੁੰਝਲਦਾਰ ਜ਼ਿੰਦਗੀ ਵਿਚ ਭਾਰਤ ਜਿਹੇ ਵਿਕਾਸਸ਼ੀਲ ਦੇਸ਼ਾਂ ਦਾ ਹਰ ਵਿਅਕਤੀ ਤਣਾਉਗ੍ਰਸਤ ਜੀਵਨ ਜੀਉ ਰਿਹਾ ਹੈ। ਉਸਨੂੰ ਕਿਸੇ ਨਾ ਕਿਸੇ ਰੂਪ ਵਿਚ ਆਪਣੇ ਭਵਿੱਖ ਪ੍ਰਤੀ ਚਿੰਤਾ ਰਹਿੰਦੀ ਹੈ। ਧਰਮ ਜਾਂ ਲੋਕ-ਧਰਮ ਹੀ ਅਜਿਹਾ ਸਾਧਨ ਹੈ ਜੋ ਵਿਅਕਤੀ ਦੇ ਭਵਿੱਖਤ ਜੀਵਨ ਦੀਆਂ ਚਿੰਤਾਵਾਂ ਬਾਰੇ ਸੋਚਦਾ ਹੈ। ਇਸ ਜੁਗਤ ਨੂੰ ਟੀ.ਵੀ. ਨੇ ਅਪਣਾਇਆ ਹੋਇਆ ਹੈ। ਸਵੇਰ ਸਮੇਂ ਅਨੇਕਾਂ ਚੈਨਲਾਂ ਤੋਂ ਰਾਸ਼ੀ ਆਧਾਰਿਤ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਹਨ। ਜਿਨ੍ਹਾਂ ਵਿਚ ਕਿਸੇ ਪ੍ਰਸਿੱਧ ਜੋਤਿਸ਼ੀ ਨੂੰ ਸਟੂਡੀਓ ਵਿਚ ਬੁਲਾ ਕੇ ਉਸ ਕੋਲੋਂ ਰਾਸ਼ੀ ਉਪਰ ਪੈਣ ਵਾਲੇ ਚੰਗੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਗੱਲ ਜਾਣਕਾਰੀ ਤੱਕ ਹੀ ਸੀਮਤ ਨਹੀਂ ਰਹਿੰਦੀ ਸਗੋਂ ਉਪਾਅ ਵੀ ਸੁਝਾਏ ਜਾਂਦੇ ਹਨ। ਇਹ ਪ੍ਰੋਗਰਾਮ ਦੇਖ ਕੇ ਦਰਸ਼ਕਾਂ ਦੇ ਮਨ ਵਿਚ ਵੀ ਆਪਣੀ ਰੋਜ਼ਮਰਾ ਜ਼ਿੰਦਗੀ ਪ੍ਰਤੀ ਕਈ ਤਰ੍ਹਾਂ ਦੇ ਪ੍ਰਸ਼ਨ ਪੈਦਾ ਹੁੰਦੇ ਹਨ ਅਤੇ ਉਹ ਸੰਭਾਵੀ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਦਿੱਤੇ ਉਪਾਅ ਕਰਨ ਦੇ ਆਹਰ ਵਿਚ ਲੱਗ ਜਾਂਦਾ ਹੈ। ਵਿਅਕਤੀ ਆਪਣੇ ਹਰੋਕ ਦਿਨ ਦੀ ਸ਼ੁਰੂਆਤ ਆਪਣੇ ਜੀਵਨ ਦਾ ਚੰਗੇਰਾ ਵਿਕਾਸ ਕਰਨ ਲਈ ਕਰਦਾ ਹੈ। ਉਹ ਟੀ.ਵੀ. ਨੈੱਟਵਰਕ ਤੋਂ ਆਪਣੀ ਰਾਸ਼ੀ ਉਪਰ ਮੰਦ ਪ੍ਰਭਾਵਾਂ ਬਾਰੇ ਜਾਣ ਕੇ ਦਵੰਦ ਵਿਚ ਫਸ ਜਾਂਦਾ ਹੈ। ਇਹ ਦਵੰਦ ਅਤੇ ਤਣਾਉ ਹੀ ਉਸ ਨੂੰ ਕੰਮ ਉਪਰ ਜਾਣ ਸਮੇਂ ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ ਹੈ ਅਤੇ ਸਾਰਾ ਦਿਨ ਹੀ ਤਣਾਉਗ੍ਰਸਤ ਗੁਜ਼ਾਰ ਦੇਂਦਾ ਹੈ। ਇਸ ਤਣਾਉ ਵਿਚੋਂ ਹੀ ਕਈ ਵਾਰ ਬਹੁਤ ਸਾਰੀਆਂ ਦੁਰਘਟਨਾਵਾਂ ਜਨਮ ਲੈਂਦੀਆਂ ਹਨ। ਗ੍ਰਹਿਆਂ ਦੀ ਪੂਜਾ ਪੰਜਾਬੀ ਲੋਕ ਧਰਮ ਦਾ ਪ੍ਰਮੁੱਖ ਅੰਗ ਹੈ। ਲੋਕ ਗ੍ਰਹਿਆਂ ਅਨੁਸਾਰ ਆਪਣੀਆਂ ਉਂਗਲਾਂ ਵਿਚ ਵੱਖ-ਵੱਖ ਪੱਥਰਾਂ ਤੋਂ ਬਣੀਆਂ ਮੁੰਦਰੀਆਂ ਪਹਿਨਦੇ ਹਨ। ਇਹਨਾਂ ਗ੍ਰਹਿਆਂ ਦੇ ਚੰਗੇ ਅਤੇ ਮਾਰੂ ਪ੍ਰਭਾਵਾਂ ਬਾਰੇ ਜਾਣਕਾਰੀ ਸਾਨੂੰ ਟੈਲੀਵਿਜ਼ਨ ਨੈੱਟਵਰਕ ਤੋਂ ਮਿਲਦੀ ਹੈ। ਟੈਲੀਵਿਜ਼ਨ ਕਿਉਂਕਿ ਮੰਡੀ ਸਭਿਆਚਾਰ ਦੀ ਉਪਜ ਹੈ ਇਸ ਲਈ ਉਹ ਇਸ਼ਤਿਹਾਰਬਾਜ਼ੀ ਉਪਰ ਨਿਰਭਰ ਕਰਦਾ ਹੈ। ਇਸ਼ਤਿਹਾਰਬਾਜ਼ੀ ਰਾਹੀਂ ਵੱਖ-ਵੱਖ ਪ੍ਰੋਡੈਕਟਸ ਕੰਪਨੀਆਂ ਮਹਿੰਗੇ ਤੋਂ ਮਹਿੰਗੇ ਢੰਗਾਂ ਰਾਹੀਂ ਖਪਤ ਸਭਿਆਚਾਰ ਵਿਚ ਜ਼ਿੰਦਗੀ ਜਿਉ ਰਹੇ ਅਜੋਕੇ ਮਨੁੱਖ ਤਕ ਪਹੁੰਚਾਉਣਾ ਚਾਹੁੰਦੀਆਂ ਹਨ। ਹਰੇਕ ਮਾਲ-ਉਤਪਾਦਕ ਦੀ ਅਜਿਹੀ ਇੱਛਾ ਹੁੰਦੀ ਹੈ ਕਿ ਮੰਡੀ ਵਿਚ ਉਸਦਾ ਮਾਲ ਸਭ ਤੋਂ ਵੱਧ ਵਿਕੇ। ਇਸ ਕਰਕੇ ਉਹਟੈਲੀਵਿਜ਼ਨ ਨੈੱਟਵਰਕ ਨੂੰ ਆਪਣੇ ਸਾਧਨ ਵਜੋਂ ਵਰਤਦਾ ਹੈ। ਕਈ ਵਾਰ ਤਾਂ ਕੰਪਨੀਆਂ ਅੱਧੇ ਅੱਧੇ ਘੰਟੇ ਦੇ ਸਪਾਂਸਰ ਪ੍ਰੋਗਰਾਮ ਵੀ ਪੇਸ਼ ਕਰਦੀਆਂ ਹਨ। ‘ਰੁਦਰਾਕਸ਼ ਕਵਚ’ ਇਸ ਦੀ ਇਕ ਮਹੱਤਵਪੂਰਨ ਉਦਾਹਰਨ ਹੈ। ਜਿਸ ਵਿਚ ਵੱਖ-ਵੱਖ ਜੁਗਤਾਂ ਵਰਤ ਕੇ ਲੋਕਾਂ ਨੂੰ ਇਹ ਰੁਦਰਾਕਸ਼ ਕਵਚ ਖਰੀਦਣ ਲਈ ਉਕਸਾਇਆ ਜਾਂਦਾ ਹੈ। ਅਜਿਹਾ ਉਹ ਵਿਅਕਤੀ ਅੰਦਰਲੀ ਲੋਕ ਧਾਰਮਿਕ ਮਾਨਸਿਕਤਾ ਨੂੰ ਝੰਜੋੜ ਕੇ ਆਪਦੇ ਨਿੱਜੀ ਫ਼ਾਇਦੇ ਲਈ ਆਪਣਾ ਮਾਲ ਵੇਚਣ ਲਈ ਕਰਦੇ ਹਨ। ਪਰੰਤੂ ਦੁੱਖ ਦੀ ਗੱਲ ਇਹ ਹੈ ਅਜਿਹਾ ਕਾਰਜ ਲੋਕਾਂ ਦੇ ਦਿਲਾਂ ਵਿਚ ਘਰ ਕਰ ਚੁੱਕੇ ਉਹ ਆਦਰਸ਼ਕ ਮਾਡਲ ਕਰ ਰਹੇ ਹਨ, ਜਿਨ੍ਹਾਂ ਵਿਚ ਲੋਕਾਂ ਦਾ ਅਥਾਹ ਵਿਸ਼ਵਾਸ ਹੁੰਦਾ ਹੈ। ਮੁਕੇਸ਼ ਖੰਨਾ ਵਰਗੇ ਸਮਾਜ ਦੇ ਜਿੰਮੇਵਾਰ ਲੋਕ ਆਪਣੀ ਹਰਮਨਪਿਆਰਤਾ ਦਾ ਨਜਾਇਜ਼ ਫਾਇਦਾ ਉੱਠਾ ਰਹੇ ਹਨ। ਉਹ ਆਪਣੇ ਲਾਲਚ ਵੱਸ ਉਤਪਾਦਕਾਂ ਕੋਲੋਂ ਮਨਮਰਜ਼ੀ ਦੇ ਪੈਸੇ ਲੈ ਕੇ ਲੋਕਾਂ ਨੂੰ ਫਿਰ ਤੋਂ ਅੰਧਕਾਰ ਵਿਚ ਧਕੇਲਣ ਵਿਚ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ। ਇਸੇ ਤਰ੍ਹਾਂ ਅਮਿਤਾਭ ਬਚਨ, ਆਮਿਰ ਖਾਨ, ਸ਼ਾਹਰੁਖ ਖਾਨ, ਖਿਡਾਰੀ ਸਚਿਨ, ਗਾਂਗੁਲੀ, ਸਹਿਵਾਗ, ਧੋਨੀ, ਸਾਨੀਆ ਮਿਰਜ਼ਾ ਆਦਿ ਨੂੰ ਉਤਪਾਦਕਾਂ ਦੁਆਰਾ ਪੈਸੇ ਦੇ ਜ਼ੋਰ ਨਾਲ ਵਰਤਿਆ ਜਾ ਰਿਹਾ ਹੈ।

ਸਦੀਆਂ ਤੋਂ ਚਲੀਆਂ ਆ ਰਹੀਆਂ ਲੋਕ-ਧਾਰਮਿਕ ਰੂੜ੍ਹੀਆਂ ਸਾਡੇ ਵਿਚ ਅੱਜ ਵੀ ਏਨੀਆਂ ਬਲਵਾਨ ਹਨ ਕਿ ਟੈਲੀਵੀਜ਼ਨ ਨੈੱਟਵਰਕ ਦੇ ਹਰੇਕ ਪ੍ਰੋਗਰਾਮ ਵਿਚ ਲੋਕ ਧਾਰਮਿਕ ਰੂੜ੍ਹੀਆਂ ਕਿਸੇ ਨਾ ਕਿਸੇ ਰੂਪ ਵਿਚ ਸ਼ਾਮਲ ਹੁੰਦੀਆਂ ਹਨ। ਟੈਲੀਵੀਜ਼ਨ ਦਾ ਇਤਿਹਾਸ ਗਵਾਹ ਹੈ ਕਿ ਉਹ ਪ੍ਰੋਗਰਾਮ ਹੀ ਸਭ ਤੋਂ ਜ਼ਿਆਦਾ ਸਫ਼ਲ ਰਹੇ ਹਨ, ਜਿਨ੍ਹਾਂ ਵਿਚ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਦੀ ਪੇਸ਼ਕਾਰੀ ਹੋਈ ਹੈ। ਰਮਾਇਣ, ਮਹਾਂਭਾਰਤ, ਜੈ ਹਨੂਮਾਨ, ਕ੍ਰਿਸ਼ਨਾ ਆਦਿ ਅਜਿਹੇ ਸੀਰੀਅਲ ਹਨ, ਜੋ ਭਾਰਤ ਵਿਚ ਸਭ ਤੋਂ ਜ਼ਿਆਦਾ ਪਸੰਦ ਕੀਤੇ ਗਏ।

ਟੈਲੀਵਿਜ਼ਨ ਨੈੱਟਵਰਕ ਵਿਚ ਜਿਥੇ ਪ੍ਰੋਗਰਾਮ ਸਾਡਾ ਮਨੋਰੰਜਨ ਕਰਦੇ ਹਨ ਉਥੇ ਇਸ਼ਤਿਹਾਰ ਵੀ ਸਾਨੂੰ ਪ੍ਰਭਾਵਿਤ ਕਰ ਰਹੇ ਹਨ। ਟੈਲੀਵਿਜ਼ਨ ਨੈੱਟਵਰਕ ਦਾ ਵੱਡਾ ਹਿੱਸਾ ਇਸ਼ਤਿਹਾਰਾਂ ਨਾਲ ਜੁੜਿਆ ਹੋਇਆ ਹੈ। ਇਸ਼ਤਿਹਾਰਾਂ ਰਾਹੀਂ ਵੀ ਆਪਣਾ ਉਤਪਾਦ ਵੇਚਣ ਵਾਸਤੇ ਵਿਅਕਤੀ ਦੀ ਲੋਕ-ਮਾਨਸਿਕਤਾ ਵਿਚ ਪਏ ਹੋਏ ਵਿਸ਼ਵਾਸਾਂ ਨੂੰ ਕੈਸ਼ ਕੀਤਾ ਜਾਂਦਾ ਹੈ। ਜਦੋਂ ਸਾਬਣ ਦਾ ਇਸ਼ਤਿਹਾਰ ਦੇਣ ਲਈ ‘ਗੰਗਾ’ ਦੇ ਸੰਕਲਪ ਅਤੇ ‘ਤੁਲਸੀ’ ਆਦਿ ਦਾ ਸੰਕਲਪ ਵਰਤਿਆ ਜਾਂਦਾ ਹੈ ਤਾਂ ਲੋਕ ਧਾਰਮਿਕ ਮਾਨਸਿਕਤਾ ਵਿਚ ਸੰਬੰਧਿਤ ਵਸਤ ਪ੍ਰਤੀ ਸ਼ਰਧਾ ਬਣ ਜਾਂਦੀ ਹੈ ਕਿਉਂਕਿ ਗੰਗਾ ਅਤੇ ਤੁਲਸੀ ਨਾਲ ਅਨੇਕ ਪ੍ਰਕਾਰ ਦੀਆਂ ਧਾਰਮਿਕ ਮਾਨਤਾਵਾਂ ਜੁੜੀਆਂ ਹੋਈਆਂ ਹਨ।

ਸਮੁੱਚੇ ਰੂਪ ਵਿਚ ਟੈਲੀਵਿਜ਼ਨ ਨੈੱਟਵਰਕ ਨੇ ਮਨੁੱਖੀ ਜੀਵਨ ਨੂੰ ਪੂਰੀ ਤਰ੍ਹਾਂਨਾਲ ਨਿਯੰਤਰਿਤ ਕੀਤਾ ਹੋਇਆ ਹੈ। ਇਹ ਮਨੁੱਖ ਨੂੰ ਗਿਆਨ ਪ੍ਰਦਾਨ ਕਰਕੇ ਉਸਦੇ ਜੀਵਨ ਵਿਚ ਰੌਸ਼ਨੀ ਪੈਦਾ ਕਰ ਰਿਹਾ ਹੈ। ਰੁਝੇਵਿਆਂ ਅਤੇ ਅਕੇਵਿਆਂ ਭਰੇ ਜੀਵਨ ਵਿਚ ਉਸਦਾ ਮਨੋਰੰਜਨ ਵੀ ਕਰਦਾ ਹੈ ਪਰੰਤੂ ਉਸਦੇ ਨਾਲ-ਨਾਲ ਮੰਡੀ ਸਭਿਆਚਾਰ ਦੇ ਹੱਥ ਵਿਚ ਆ ਕੇ ਟੈਲੀਵਿਜ਼ਨ ਨੈੱਟਵਰਕ ਮਨੁੱਖ ਦੀਆਂ ਭਾਵਨਾਵਾਂ ਦਾ ਨਜਾਇਜ਼ ਫ਼ਾਇਦਾ ਉਠਾ ਕੇ ਉਸਨੂੰ ਹੋਰ ਪੇਚੀਦਾ ਵੀ ਬਣਾ ਰਿਹਾ ਹੈ।

ਹਵਾਲੇ

[ਸੋਧੋ]
  1. ਡਾ. ਜੀਤ ਸਿੰਘ ਜੋਸ਼ੀ, ਲੋਕ ਕਲਾ ਅਤੇ ਸਭਿਆਚਾਰ: ਮੁੱਢਲੀ ਜਾਣ-ਪਛਾਣ, ਪੰਜਾਬੀ ਯੂਨੀਵਰਸਿਟੀ, ਪਟਿਆਲਾ 2010, ਪੰਨਾ-76
  2. ਬਲਬੀਰ ਸਿੰਘ ਪੂਨੀ, ਲੋਕਧਾਰਾ, ਵਾਰਿਸ਼ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ 1993, ਪੰਨਾ-119.
  3. ਵਣਜਾਰਾ ਬੇਦੀ, ਲੋਕ-ਧਰਮ, ਨੈਸ਼ਨਲ ਬੁੱਕ ਸ਼ਾਪ, ਦਿੱਲੀ, 2007, ਪੰਨਾ-10-11.
  4. ਡਾ. ਜੀਤ ਸਿੰਘ ਜੋਸ਼ੀ, ਲੋਕ ਕਲਾ ਅਤੇ ਸਭਿਆਚਾਰ: ਮੁੱਢਲੀ ਜਾਣ-ਪਛਾਣ, ਪੰਜਾਬੀ ਯੂਨੀਵਰਸਿਟੀ, ਪਟਿਆਲਾ 2010, ਪੰਨਾ-78-79
  5. ਬਲਬੀਰ ਸਿੰਘ, ਪੂਨੀ, ਲੋਕਧਾਰਾ ਅਧਿਐਨ, ਰੂਹੀ ਪ੍ਰਕਾਸ਼ਨ ਅੰਮ੍ਰਿਤਸਰ, ਪੰਨਾ 104
  6. ਉਹੀ, ਪੰਨਾ 104.
  7. ਉਹੀ, ਪੰਨਾ 104
  8. ਜੀਤ ਸਿੰਘ ਜੋਸ਼ੀ, ਲੋਕ ਧਰਮ, ਸੱਭਿਆਚਾਰ ਅਤੇ ਲੋਕਧਾਰਾ ਦੇ ਮੂਲ ਸਰੋਕਾਰ, ਲਾਹੌਰ ਬੁੱਕ ਸ਼ਾਪ, ਲੁਧਿਆਣਾ, ਪੰਨਾ 290.
  9. ਉਹੀ ਰਚਨਾ, ਪੰਨਾ 291.
  10. ਉਹੀ ਰਚਨਾ, ਪੰਨਾ 292.
  11. ਉਹੀ ਰਚਨਾ, ਪੰਨਾ 293.
  12. ਉਹੀ ਰਚਨਾ, ਪੰਨਾ 294.
  13. ਡਾ.ਦਰਿਆ, ਡਾ.ਦਰਿਆ (2016). ਪੰਜਾਬੀ ਲੋਕਧਾਰਾ ਅਤੇ ਸਭਿਆਚਾਰ ਬਦਲਦੇ ਪਰਿਪੇਖ. ਰਵੀ ਸਾਹਿਤ ਪ੍ਰਕਾਸ਼ਨ. ISBN 978-81-7143-649-1.