ਲੋਕ ਵਿਸ਼ਵਾਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਲੋਕ ਵਿਸ਼ਵਾਸ ਤੇ ਰਹੁ ਰੀਤਾਂ

[1]( ੳ ) ਲੋਕ ਵਿਸ਼ਵਾਸ ਅਤੇ ਵਹਿਮ ਭਰਮ :

ਵਹਿਮ ਭਰਮ ਦੀ ਆਧਾਰਸ਼ਿਲਾ ਡਰ ਹੈ। ਜਦੋਂ ਵਿਅਕਤੀ ਵੱਖ ਵੱਖ ਕੁਦਰਤੀ ਸ਼ਕਤੀਆਂ ਤੋਂ ਡਰਨ ਲੱਗਾ ਤਾਂ ਉਸ ਨੇ ਆਪਣੀ ਮਾਨਸਿਕ ਕਮਜ਼ੋਰੀ ਨੂੰ ਸਹਾਰਾ ਦੇਣ ਲਈ ਅਨੇਕਾਂ ਪੂਜਾ ਵਿਧੀਆਂ ਨੂੰ ਅਪਨਾਉਣਾ ਸ਼ੁਰੂ ਕੀਤਾ, ਜਿਸ ਨਾਲ ਵੱਖੋ ਵੱਖਰੇ ਵਹਿਮ ਭਰਮ ਵੀ ਪ੍ਰਚਲਿਤ ਹੋ ਗਏ। ਰੀਵਰ ਅਤੇ ਬੌਸਵੈਲਾਂ ਦੇ ਵਿਚਾਰ ਅਨੁਸਾਰ ਵਿਸ਼ਵਾਸ ਪਰੰਪਰਾਗਤ ਰੂਪ ਵਿਚ ਪ੍ਰਚਲਿਤ ਕਰਮ ਕਾਂਡਾਂ, ਰਹੁ ਰੀਤਾਂ, ਪੂਜਾ ਵਿਧੀਆਂ; ਪੁਰਬਾਂ, ਵਰਤਾਂ, ਪ੍ਰਥਾਵਾਂ ਅਤੇ ਸੰਸਕਾਰਾਂ ਆਦਿ ਦਾ ਸਮੂਹ ਹੈ, ਜਿਨ੍ਹਾਂ ਨਾਲ ਜਨ ਸਾਧਾਰਣ ਦੀ ਭਾਵਨਾ ਜੁੜੀ ਹੋਈ ਹੁੰਦੀ ਹੈ । ਇਨ੍ਹਾਂ ਦੀ ਵਰਤੋਂ ਆਦਿ ਕਾਲ ਤੋਂ ਮਨੁੱਖੀ ਜੀਵਨ ਦੇ ਵਿਸ਼ੇਸ਼ ਮੌਕਿਆਂ ਤੇ ਕੀਤੀ ਜਾਂਦੀ ਰਹੀ ਹੈ । ਵਹਿਮਾਂ ਭਰਮਾਂ ਦੀ ਉਤਪਤੀ ਸੰਬੰਧੀ ਡਾ. ਵਣਜਾਰਾ ਬੇਦੀ ਲਿਖਦੇ ਹਨ, “ਮਨੁੱਖ ਪ੍ਰਾਕ੍ਰਿਤੀ ਦੇ ਸੁਭਾਵ ਨੂੰ ਸਮਝਣੋ ਅਸਮਰੱਥ ਹੋਣ ਕਰਕੇ ਡਰਿਆ ਤੇ ਸਹਿਮਿਆ ਰਹਿੰਦਾ ਸੀ, ਜਦੋਂ ਉਹ ਹਰ ਜੜ੍ਹ ਵਸਤੂ ਵਿਚ ਕਿਸੇ ਭਲੀ ਜਾਂ ਚੰਦਰੀ ਆਤਮਾ ਦੀ ਹੋਂਦ ਨੂੰ ਮੰਨ ਕੇ, ਉਸਦੇ ਚੰਗੇ ਪ੍ਰਭਾਵ ਨੂੰ ਗ੍ਰਹਿਣ ਕਰਨ ਤੇ ਚੰਦਰੇ ਤੋਂ ਮੁਕਤ ਹੋਣ ਲਈ ਕਈ ਰੀਤਾਂ ਤੇ ਟੂਣੇ ਕੀਤਾ ਕਰਦਾ ਸੀ ਤੇ ਹਰ ਘਟਨਾ ਕਿਸੇ ਗੈਬੀ ਸ਼ਕਤੀ ਕਰਕੇ ਵਾਪਰਦੀ ਹੈ, ਦਾ ਵਿਸ਼ਵਾਸ ਰਖਦਾ ਸੀ ਤਾਂ ਅਨੇਕਾਂ ਵਹਿਮਾਂ ਭਰਮਾਂ ਦਾ ਜਨਮ ਹੋਇਆ।”

    ਵਹਿਮ ਭਰਮ ਅਤੇ ਵਿਸ਼ਵਾਸ ਇਕ ਦੂਸਰੇ ਤੇ ਟਿਕੇ ਹੋਏ ਹਨ। ਇਨ੍ਹਾਂ ਦੋਹਾਂ ਦਾ ਅੰਤਰ ਨਿਖੇੜ ਕਰਨਾ ਅਸੰਭਵ ਹੈ । ਡਾ. ਗੁਰਮੀਤ ਸਿੰਘ ਨੇ ਕੇ. ਡੀ. ਹੈਂਡ ਦੇ ਹਵਾਲੇ ਨਾਲ ਇਨ੍ਹਾਂ ਦਾ ਅੰਤਰ ਨਿਖੇੜ ਕਰਦੇ ਹੋਏ ਲਿਖਿਆ ਹੈ ਕਿ ਜਿਥੇ ਵਹਿਮ ਭਰਮ ਅਵਿਗਿਆਨਕ ਅਤੇ ਅਤਾਰਕਿਕ ਆਧਾਰਾਂ ਉਪਰ ਉਸਰੇ ਹੋਏ ਹੁੰਦੇ ਹਨ ਉਥੇ ਲੋਕ ਵਿਸ਼ਵਾਸ ਜ਼ਰੂਰੀ ਨਹੀਂ ਕਿ ਹਮੇਸ਼ਾਂ ਗ਼ਲਤ ਅਤੇ ਅਵਿਗਿਆਨਕ ਨਿਰਣੈ ਤੇ ਹੀ ਆਧਾਰਿਤ ਹੋਣ। ਲੋਕ ਵਿਸ਼ਵਾਸਾਂ ਦਾ ਆਧਾਰ ਪੂਰਨ ਜਾਂ ਅੰਸ਼ਕ ਰੂਪ ਵਿਚ ਤੱਥ ਵੀ ਹੋ ਸਕਦਾ ਹੈ।

ਵਹਿਮਾਂ ਭਰਮਾਂ ਅਤੇ ਵਿਸ਼ਵਾਸਾਂ ਦਾ ਵਿਸ਼ਾਲ ਵਿਸ਼ੈ ਖੇਤਰ ਹੈ। ਇਹ ਮਨੁੱਖ ਦੇ ਜੀਵਨ ਦੇ ਹਰ ਪੜਾਅ, ਹਰ ਅੰਗ ਅਤੇ ਹਰ ਸਮੇਂ ਨਾਲ ਸੰਬੰਧ ਰਖਦੇ ਹਨ । ਕੋਈ ਅਜੇਹਾ ਮੌਕਾ ਜਾਂ ਘਟਨਾ ਨਹੀਂ ਹੁੰਦੇ ਜਦੋਂ ਉਸ ਸੰਬੰਧੀ ਵੱਖੋ ਵੱਖਰੇ ਵਹਿਮ ਭਰਮ ਅਤੇ ਵਿਸ਼ਵਾਸ ਨਾ ਪਾਏ ਜਾਂਦੇ ਹੋਣ। ਇਨ੍ਹਾਂ ਕਾਰਨਾਂ ਕਰਕੇ ਇਨ੍ਹਾਂ ਦਾ ਵਰਗੀਕਰਣ ਕਰਨਾ ਮੁਸ਼ਕਲ ਹੈ । ਇਥੇ ਅਸੀਂ ਉਨ੍ਹਾਂ ਵਿਸ਼ੇਸ਼ ਵਹਿਮਾਂ ਭਰਮਾਂ ਅਤੇ ਵਿਸ਼ਵਾਸਾਂ ਦਾ ਵਰਣਨ ਕਰਦੇ ਹਾਂ ਜਿਨ੍ਹਾਂ ਦਾ ਮਨੁੱਖੀ ਜੀਵਨ ਨਾਲ ਸਦੀਆਂ ਤੋਂ ਸੰਬੰਧ ਰਿਹਾ ਹੈ ।

ਜਨਮ ਵਿਆਹ ਅਤੇ ਮੌਤ ਸੰਬੰਧੀ :

ਵਹਿਮ ਭਰਮ ਬੱਚੇ ਦੇ ਗਰਭ ਵਿਚ ਪੈਣ ਤੋਂ ਹੀ ਸ਼ੁਰੂ ਹੋ ਜਾਂਦੇ ਹਨ । ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਜੇਕਰ ਮੱਸਿਆ ਤੋਂ ਮਗਰੋਂ ਏਕਮ ਤੋਂ ਪੰਚਮੀ ਦੌਰਾਨ ਗਰਭ ਠਹਿਰ ਜਾਵੇ ਤਾਂ ਮੁੰਡਾ ਹੁੰਦਾ ਹੈ। ਜੇਕਰ ਗਰਭਵਤੀ ਦੇ ਦੁੱਧ ਦੀ ਧਾਰ ਮੋਟੀ ਹੋਵੇ ਤਾਂ ਮੁੰਡਾ ਹੁੰਦਾ ਹੈ, ਜੇਕਰ ਪਤਲੀ ਹੋਵੇ ਤਾਂ ਕੁੜੀ ਹੁੰਦੀ ਹੈ। ਸਵੇਰ ਸਾਰ ਜਨਮ ਲੈਣ ਵਾਲਾ ਬੱਚਾ ਭਾਗਾਂ ਵਾਲਾ ਸਮਝਿਆ ਜਾਂਦਾ ਹੈ। ਜੇ ਬੱਚਾ ਉਪਰਲੇ ਦੰਦ ਪਹਿਲਾਂ ਕੱਢ ਲਵੇ ਤਾਂ ਉਹ ਮਾਮੇ ਲਈ ਭੈੜਾ ਹੁੰਦਾ ਹੈ। ਜੇਕਰ ਕੋਈ ਬੱਚਾ ਤਿੰਨ ਕੁੜੀਆਂ ਤੋਂ ਬਾਅਦ ਜਨਮੇ ਤਾਂ ਉਸ ਨੂੰ ਤ੍ਰਿਖਲ ਆਖਦੇ ਹਨ । ਜੇਕਰ ਬੱਚਾ ਸਵਾ ਮਹੀਨੇ ਦੇ ਅੰਦਰ ਮਰ ਜਾਵੇ ਅਤੇ ਉਸਦੀ ਮਾਂ ਦਾ ਪਰਛਾਵਾਂ ਕਿਸੇ ਬੱਚੇ ਤੇ ਪੈ ਜਾਵੇ ਤਾਂ ਉਸ ਬੱਚੇ ਨੂੰ ਸੋਕੜੇ ਦੀ ਬੀਮਾਰੀ ਹੋ ਜਾਂਦੀ ਹੈ। ਇਸੇ ਤਰ੍ਹਾਂ ਵਿਆਹ ਸੰਬੰਧੀ ਵਹਿਮ ਭਰਮ ਪਾਏ ਜਾਂਦੇ ਹਨ। ਸਾਹਾ ਅਤੇ ਰਿਸ਼ਤਾ ਕਰਨ ਸਮੇਂ ਦਿਨਾਂ ਅਤੇ ਗ੍ਰਿਹਾਂ ਦਾ ਖਾਸ ਖ਼ਿਆਲ ਰਖਿਆ ਜਾਂਦਾ ਹੈ ।

ਗ੍ਰਹਿਾਂ ਸੰਬੰਧੀ :

ਵਹਿਮਾਂ ਭਰਮਾਂ ਦਾ ਸੰਬੰਧ ਗ੍ਰਹਿਾਂ ਨਾਲ ਵੀ ਹੈ। ਸ਼ਨੀ ਅਤੇ ਮੰਗਲ ਗ੍ਰਹਿ ਠੀਕ ਨਹੀਂ ਮੰਨੇ ਜਾਂਦੇ ਹਨ । ਮੰਗਲ ਗ੍ਰਹਿ ਹੇਠ ਜੰਮਿਆ ਬੱਚਾ ਮੰਗਲੀਕ ਹੁੰਦਾ ਹੈ। ਇਨ੍ਹਾਂ ਦੇ ਵਿਆਹ ਸੰਬੰਧੀ ਵੀ ਇਹ ਵਹਿਮ ਕੀਤਾ ਜਾਂਦਾ ਹੈ ਕਿ ਜੇਕਰ ਮੰਗਲ ਗ੍ਰਹਿ ਵਾਲੇ ਬੱਚੇ ਦਾ ਵਿਆਹ, ਉਸੇ ਗ੍ਰਹਿ ਵਾਲੇ ਬੱਚੇ ਨਾਲ ਨਾ ਕੀਤਾ ਜਾਵੇ ਤਾਂ ਦੋਹਾਂ ਵਿਚੋਂ ਕਿਸੇ ਇਕ ਦੀ ਮੌਤ ਹੋ ਸਕਦੀ ਹੈ । ਇਸੇ ਤਰ੍ਹਾਂ ਸ਼ਨੀ ਗ੍ਰਹਿ ਵਾਲੇ ਬੱਚੇ ਦਾ ਗ੍ਰਹਿ ਦੂਰ ਕਰਨ ਲਈ ਸ਼ਨੀਚਰਵਾਰ ਨੂੰ ਤੇਲ ਦਾਨ ਕੀਤਾ ਜਾਂਦਾ ਹੈ । ਬੁੱਧ, ਬ੍ਰਹਿਸਪਤ ਤੇ ਸ਼ੁਕਰ ਚੰਗੀ ਭਾਵਨਾਂ ਵਾਲੇ ਗ੍ਰਹਿ ਮੰਨੇ ਜਾਂਦੇ ਹਨ । ਇਨ੍ਹਾਂ ਦੇ ਪ੍ਰਭਾਵ ਹੇਠ ਜੰਮਿਆ ਬਾਲਕ ਸਦਾ ਅਰੋਗ ਤੇ ਨਰੋਆ ਰਹਿੰਦਾ ਹੈ । ਇਸੇ ਤਰ੍ਹਾਂ ਨਖਸ਼ਤਰਾਂ ਸੰਬੰਧੀ ਵਹਿਮ ਭਰਮ ਪਾਏ ਜਾਂਦੇ ਹਨ । ਨਖਸ਼ਤਰਾਂ ਵਿਚੋਂ ‘ਮੂਲ’ ਸਭ ਤੋਂ ਭੈੜਾ ਮੰਨਿਆ ਜਾਂਦਾ ਹੈ । ਇਹੋ ਜਿਹਾ ਬੱਚਾ ਮਾਤਾ ਪਿਤਾ ਲਈ ਚੰਗਾ ਨਹੀਂ ਹੁੰਦਾ ਹੈ । 12 ਸਾਲ ਤਕ ਪਿਓ ਅਜੇਹੇ ਬੱਚੇ ਦੇ ਮੱਥੇ ਨਹੀਂ ਲਗਦਾ ਹੈ ।

ਸੂਰਜ ਚੰਦ ਅਤੇ ਤਾਰਿਆਂ ਸੰਬੰਧੀ :

ਸੂਰਜ ਸੰਬੰਧੀ ਇਹ ਵਹਿਮ ਪਾਇਆ ਜਾਂਦਾ ਹੈ ਕਿ ਜੇ ਕੋਈ ਵਿਅਕਤੀ ਸੰਗਰਾਂਦ ਨੂੰ ਸੂਰਜ ਦਾ ਬਿੰਬ ਨਿਰਮਲ ਜਲ ਦੇ ਕਟੋਰੇ ਵਿਚ ਉਤਾਰ ਕੇ ਇਕ ਵਰ੍ਹਾ ਪੀਏ ਤਾਂ | ਉਸ ਦਾ ਬੜਾ ਤੇਜ ਪ੍ਰਤਾਪ ਹੁੰਦਾ ਹੈ । ਜੇਕਰ ਨਵੀਂ ਵਿਆਹੀ ਕੁੜੀ ਇਕ ਸਾਲ ਦੂਜ ਦਾ ਨਵਾਂ ਚੰਨ ਚੜ੍ਹਦਾ ਵੇਖੋ ਤਾਂ ਬਜ਼ੁਰਗ ਔਰਤਾਂ ਆਖਦੀਆਂ ਹਨ ਉਸ ਦੇ ਘਰ ਦੂਜ ਦੇ ਚੰਨ ਵਰਗਾ ਪੁੱਤਰ ਜੰਮਦਾ ਹੈ । ਨਵਾਂ ਹਨ ਦੂਜੇ ਜਾਂ ਤੀਜ ਵਾਲਾ ਵੇਖਣਾ ਸ਼ੁਭ ਹੁੰਦਾ ਹੈ। ਚੌਥ ਵਾਲਾ ਚੰਨ ਮਾੜਾ ਮੰਨਿਆ ਗਿਆ ਹੈ। ਇਸੇ ਤਰ੍ਹਾਂ ਤਾਰਾ ਟੁੱਟਣ ਵੇਲੇ ਜੇ ਕੋਈ ਵਿਅਕਤੀ ਉਸ ਸਮੇਂ ਕੱਪੜੇ ਦੀ ਗੰਢ ਮਾਰ ਲਵੇ ਤਾਂ ਉਸ ਦੀ ਹਰ ਇੱਛਾ ਪੂਰੀ ਹੋ ਸਕਦੀ ਹੈ। ਗੰਢ ਮਾਰਨ ਨਾਲ ਟੁੱਟਦੇ ਤਾਰੇ ਦੀ ਦੈਵੀ ਸ਼ਕਤੀ ਗੰਢ ਵਾਲੇ ਸ਼ਖ਼ਸ ਦੇ ਵੱਸ ਹੋ ਜਾਂਦੀ ਹੈ।

ਦਿਸ਼ਾਵਾਂ ਸੰਬੰਧੀ :

ਹਿੰਦੂ ਪੁਰਾਣ ਧਾਰਾ ਅਨੁਸਾਰ ਦਸਾਂ ਦਿਸ਼ਾਵਾਂ ਦੇ ਵੱਖੋ ਵੱਖਰੇ ਦੇਵਤੇ ਰਖਿਅਕ ਹਨ । ਜਿਸ ਦਿਸ਼ਾ ਵੱਲ ਜਾਣਾ ਹੋਵੇ ਉਸ ਦੇਵਤੇ ਦੀ ਪਹਿਲੇ ਪੂਜਾ ਕਰਨ ਨਾਲ ਸਫਰ ਸੌਖਾ ਹੋ ਜਾਂਦਾ ਹੈ । ਮੰਗਲ ਤੇ ਬੁੱਧ ਨੂੰ ਉੱਤਰ ਵੱਲ ਸਫ਼ਰ ਕਰਨਾ ਮਾੜਾ ਹੁੰਦਾ ਹੈ। ਪਰ ਸੋਮਵਾਰ ਤੇ ਸ਼ੁਕਰਵਾਰ ਚੰਗਾ ਹੁੰਦਾ ਹੈ। ਮੰਗਲ ਤੇ ਬੁੱਧ ਨੂੰ ਪਹਾੜ ਵੱਲ ਸਫ਼ਰ ਕਰਨਾ ਠੀਕ ਨਹੀਂ ਹੈ।

ਮੰਗਲ ਬੁੱਧ ਨਾ ਜਾਈਏ ਪਹਾੜ।

ਮੈਂ ਜਿੱਤੀ ਬਾਜ਼ੀ ਆਈਏ ਹਾਰ।

ਦਿਨਾਂ ਮਹੀਨਿਆਂ ਸੰਬੰਧੀ :

ਕੁਝ ਵਹਿਮ ਭਰਮ ਦਿਨਾਂ ਮਹੀਨਿਆਂ ਸੰਬੰਧੀ ਵੀ ਪਾਏ ਜਾਂਦੇ ਹਨ। ਬੁੱਧਵਾਰ ਸ਼ੁਰੂ ਕੀਤਾ ਕੰਮ ਸਫਲਤਾ ਨਾਲ ਤੋੜ ਚੜ੍ਹਦਾ ਹੈ –ਬੁੱਧ ਕੰਮ ਸ਼ੁੱਧ । ਨਵੇਂ ਕਪੜੇ ਬੁੱਧਵਾਰ ਅਤੇ ਸ਼ਨੀਚਰਵਾਰ ਵਾਲੇ ਦਿਨ ਪਾਏ ਚੰਗੇ ਹੰਢਦੇ ਹਨ । ਗਹਿਣਾ ਐਤਵਾਰ ਨੂੰ ਪਾਉਣਾ ਚਾਹੀਦਾ ਹੈ ।

“ਬੁੱਧ ਸ਼ਨੀਚਰ ਕੱਪੜਾ ਗਹਿਣਾ ਐਤਵਾਰ ।" ਵੀਰਵਾਰ ਸਿਰ ਨਹੀਂ ਨਹਾਉਣਾ ਚਾਹੀਦਾ ਅਤੇ ਨਾ ਹੀ ਕਪੜੇ ਧੋਣੇ ਚਾਹੀਦੇ ਹਨ। ਇਸ ਤਰ੍ਹਾਂ ਰਿਜ਼ਕ ਦਾ ਘਾਟਾ ਪੈਂਦਾ ਹੈ । ਸ਼ਨੀਚਰ ਵਾਰ ਅਤੇ ਮੰਗਲਵਾਰ ਸਿਰ ਨੂੰ ਤੇਲ ਨਹੀਂ ਲਾਉਣਾ ਚਾਹੀਦਾ ਹੈ। ਬੁੱਧਵਾਰ ਫ਼ਸਲ ਬੀਜਣੀ ਚਾਹੀਦੀ ਹੈ ਅਤੇ ਮੰਗਲਵਾਰ ਕਟਾਈ ਕਰਨੀ ਚਾਹੀਦੀ ਹੈ। ਜਿਵੇਂ ਕਿਹਾ ਗਿਆ ਹੈ :  

    ਮੰਗਲ ਦਾਤੀ ਬੁੱਧ ਬਿਜਾਈ।

ਬੁੱਧਵਾਰ ਗਊ, ਸ਼ੁਕਰਵਾਰ ਘੋੜੀ ਤੇ ਸ਼ਨਿਚਰਵਾਰ ਮੱਝ ਖਰੀਦਣੀ ਚੰਗੀ ਨਹੀਂ ਹੈ।

ਕੁਝ ਮਹੀਨੇ ਅਜੇਹੇ ਹਨ ਜਿਨ੍ਹਾਂ ਵਿਚ ਪਸ਼ੂਆਂ ਦਾ ਸੂਣਾ ਠੀਕ ਨਹੀਂ ਹੈ । ਚੇਤਰ ਮਹੀਨੇ ਕੁੱਤੀ, ਵਿਸਾਖ ਵਿਚ ਊਠਣੀ, ਜੇਠ ਵਿਚ ਬਿੱਲੀ, ਸਾਵਣ ਦੇ ਮਹੀਨੇ ਘੋੜੀ ਤੇ ਖੇਤੀ, ਭਾਦੋਂ ਦੇ ਮਹੀਨੇ ਗਊ , ਮੱਘਰ ਦੇ ਮਹੀਨੇ ਮੱਝ ਤੇ ਪੋਹ ਵਿਚ ਬੱਕਰੀ ਸੂਈ ਹੋਈ ਚੰਗੀ ਨਹੀਂ ਹੁੰਦੀ ਹੈ। ਜਿਸ ਘਰ ਵਿਚ ਅਜੇਹਾ ਪਸ਼ੂ ਸੂਏਂਗਾ, ਉਸ ਘਰ ਦੁਖ ਕਲੇਸ਼ ਰਹੇਗਾ । ਇਸ ਤਰ੍ਹਾਂ ਕੱਤਕ ਅਤੇ ਪੋਹ ਵਿਆਹ ਕਰਨ ਵਾਸਤੇ ਮਾੜੇ ਸਮਝੇ ਜਾਂਦੇ ਹਨ। ਸਾਉਣ ਮਹੀਨੇ ਪਹਿਲੀ ਵਿਆਹੀ ਬਹੁ ਆਪਣੀ ਸੱਸ ਦੇ ਮੱਥੇ ਨਹੀਂ ਲਗਦੀ ਹੈ ।

ਜੀਵ ਜੰਤੂਆਂ ਅਤੇ ਪਸ਼ੂਆਂ ਸੰਬੰਧੀ :

ਜੀਵ ਜੰਤੂਆਂ ਅਤੇ ਪਸ਼ੂਆਂ ਸੰਬੰਧੀ ਵੀ ਬਹੁਤ ਸਾਰੇ ਵਹਿਮ ਭਰਮ ਪਾਏ ਜਾਂਦੇ ਹਨ। ਕਿਹਾ ਜਾਂਦਾ ਹੈ ਕਿ ਉੱਲੂ ਉਜਾੜ ਮੰਗਦਾ ਹੈ, ਜਿਸ ਕੋਠੇ ਉਤੇ ਦਿਨੇ ਉੱਲੂ ਬੈਠੇ ਉਹ ਘਰ ਵਸਦਾ ਨਹੀਂ ਹੈ। ਸੱਪ ਨੂੰ ‘ਸੱਪ’ ਨਹੀਂ ਕਹਿਣਾ ਚਾਹੀਦਾ ਸਗੋਂ ਕੀੜਾ ਆਖਣਾ ਚਾਹੀਦਾ ਹੈ। ਇਸ ਨਾਲ ਸੱਪ ਅੰਨ੍ਹਾਂ ਹੋ ਜਾਂਦਾ ਹੈ। ਜੇਕਰ ਸੱਪ ਆਖੀਏ ਤਾਂ ਉਹ ਝੱਟ ਛੁੱਟ ਜਾਂਦਾ ਹੈ । ਸੱਪ ਨੂੰ ਮਾਰ ਕੇ ਆਮ ਦਰਵਾਜ਼ੇ ਰਾਹੀਂ ਬਾਹਰ ਨਹੀਂ ਸੁਟਣਾ ਚਾਹੀਦਾ ਸਗੋਂ ਖਿੜਕੀ ਜਾਂ ਕਿਸੇ ਮੋਰੀ ਰਾਹੀਂ ਬਾਹਰ ਸੁਟਣਾ ਚਾਹੀਦਾ ਹੈ, ਨਹੀਂ ਤਾਂ ਸੱਪ ਦੀ ਪ੍ਰੇਤ ਆਤਮਾ ਘਰ ਵਿਚ ਹਮੇਸ਼ਾਂ ਦੁੱਖ ਤੇ ਕਲੇਸ਼ ਦੇਂਦੀ ਰਹੇਗੀ । 100 ਸਾਲ ਦੀ ਉਮਰ ਭੋਗਣ ਤੇ ਸੱਪ ਇੱਛਾ ਧਾਰੀ ਬਣ ਜਾਂਦਾ ਹੈ ਅਤੇ ਉਹ ਆਪਣੀ ਇੱਛਾ ਨਾਲ ਕੋਈ ਵੀ ਰੂਪ ਧਾਰਨ ਕਰ ਸਕਦਾ ਹੈ। ਜੇ ਸੱਪ ਉਪਰ ਕਿਸੇ ਗਰਭਵਤੀ ਇਸਤਰੀ ਦਾ ਪਰਛਾਵਾਂ ਪੈ ਜਾਏ ਤਾਂ ਸੱਪ ਦੀ ਤੋਰ ਮੱਠੀ ਹੋ ਜਾਂਦੀ ਹੈ । ਘਰ ਵਿਚ ਨਵਾਂ ਭਾਂਡਾ ਲਿਆਇਆ ਜਾਵੇ ਤਾਂ ਘੋੜੇ ਨੂੰ ਸੁੰਘਾ ਲਿਆ ਜਾਂਦਾ ਹੈ। ਸੂਰ ਦਾ ਮਾਸ ਖਾਣ ਨਾਲ ਜਾਂ ਸੂਰ ਦੇ ਦੰਦ ਧਾਗੇ ਨਾਲ ਬੰਨ੍ਹ ਕੇ ਗਲੇ ਲਟਕਾਣ ਨਾਲ ਚੰਦਰੀ ਨਜ਼ਰ ਨਹੀਂ ਲੱਗਦੀ ਹੈ। ਜੇ ਕੀੜੀਆਂ ਬਾਹਰੋਂ ਦਾਣੇ ਢੋਅ ਕੇ ਘਰ ਲਿਆਉਣ ਤਾਂ ਘਰ ਵਿਚ ਖੁਸ਼ਹਾਲੀ ਵੱਸਦੀ ਹੈ। ਜੇਕਰ ਬਾਹਰ ਲਿਜਾਣ ਤਾਂ ਵਪਾਰ ਵਿਚ ਘਾਟੇ ਦਾ ਡਰ ਹੈ ।

ਸਰੀਰਕ ਅੰਗਾਂ ਸੰਬੰਧੀ :

ਕੁਝ ਵਹਿਮ ਭਰਮ ਸਰੀਰ ਦੇ ਅੰਗਾਂ ' ਦੇ ਫਰਕਣ ਨਾਲ ਵੀ ਸੰਬੰਧਿਤ ਹਨ । ਆਦਮੀ ਦੀ ਸੱਜੀ ਅੱਖ ਫਰਕੇ ਤਾਂ ਚੰਗੀ ਅਤੇ ਖੱਬੀ ਫਰਕੇ ਤਾਂ ਮਾੜੀ ਹੁੰਦੀ ਹੈ। ਔਰਤ ਦੀ ਖੱਬੀ ਚੰਗੀ ਅਤੇ ਸੱਜੀ ਮਾੜੀ ਹੁੰਦੀ ਹੈ । ਆਦਮੀ ਦੇ ਸੱਜੇ ਹੱਥ ਵਿਚ ਖਾਰਸ਼ ਹੋਵੇ ਤਾਂ ਧਨ ਦੌਲਤ ਦੀ ਪ੍ਰਾਪਤੀ ਦੀ ਨਿਸ਼ਾਨੀ ਹੈ, ਜੇ ਖੱਬੀ ਤਲੀ ਤੇ ਹੋਵੇ ਤਾਂ ਖਰਚ ਹੋਣ ਦੀ ਨਿਸ਼ਾਨੀ ਹੈ । ਇਸੇ ਤਰ੍ਹਾਂ ਔਰਤ ਦੀ ਖੱਬੀ ਤਲੀ ਤੇ ਖਾਰਸ਼ ਹੋਵੇ ਤਾਂ ਚੰਗੀ ਹੈ  ਅਤੇ ਸੱਜੀ ਤੇ ਮਾੜੀ, ਪੈਰਾਂ ਵਿਚ ਖਾਰਸ਼ ਹੋਵੇ ਤਾਂ ਸਫ਼ਰ ਕਰਨ ਦੀ ਨਿਸ਼ਾਨੀ ਹੈ ।

ਨਜ਼ਰ ਸੰਬੰਧੀ :

ਮਾੜੀ ਨਜ਼ਰ ਤੋਂ ਲੋਕੀਂ ਬਹੁਤ ਡਰਦੇ ਹਨ। ਕਹਿੰਦੇ ਹਨ ਕਿ ਜੇ ਮਾੜੀ ਨਜ਼ਰ ਪੱਥਰ ਤੇ ਪੈ ਜਾਵੇ ਤਾਂ ਪੱਥਰ ਪਾਟ ਜਾਂਦਾ ਹੈ । ਦੁੱਧ ਅਤੇ ਪੁੱਤ ਦੋਹਾਂ ਨੂੰ ਬੁਰੀ ਨਜ਼ਰ ' ਤੋਂ ਬਚਾਇਆ ਜਾਂਦਾ ਹੈ । ਦੁੱਧ ਚੋਣ ਤੋਂ ਬਾਅਦ ਬੁਰੀ ਨਜ਼ਰ ਤੋਂ ਬਚਣ ਲਈ ਢੱਕ ਲਿਆ ਜਾਂਦਾ ਹੈ । ਸੋਹਣੇ ਬੱਚੇ ਦੇ ਮੱਥੇ ਤੇ ਕਾਲਾ ਟਿੱਕਾ ਲਗਾ ਦਿੱਤਾ ਜਾਂਦਾ ਹੈ ।ਨਵਾਂ ਮਕਾਨ ਬਣਾ ਕੇ ਉਸ ਦੇ ਮੋਹਰੇ ਕਾਲੀ ਤੌੜੀ ਟੰਗ ਦਿੱਤੀ ਜਾਂਦੀ ਹੈ । ਨਵਾਂ ਸਕੂਟਰ ਕਾਰ ਖਰੀਦਣ ਤੋਂ ਬਾਅਦ ਉਸ ਤੇ ਕਾਲਾ ਰਿਬਨ ਜਾਂ ਕਾਲੀ ਡੋਰੀ ਬੰਨ੍ਹ ਦਿੱਤੀ ਜਾਂਦੀ ਹੈ। ਤੀਵੀਆਂ ਬਾਹਾਂ ਵਿਚ ਪਾਈਆਂ ਸੋਨੇ ਦੀਆਂ ਚੂੜੀਆਂ ਨਾਲ ਕਾਲਾ ਧਾਗਾ ਬੰਨ੍ਹ ਲੈਂਦੀਆਂ ਹਨ । ਫੁੱਲਕਾਰੀ ਦਾ ਕੋਈ ਇਕ ਫੁੱਲ ਅਧੂਰਾ ਰਹਿਣ ਦਿੱਤਾ ਜਾਂਦਾ ਹੈ ਜਾਂ ਕੁਢੱਬਾ ਕੱਢਿਆ ਜਾਂਦਾ ਹੈ। ਮਾੜੀ ਨਜ਼ਰ ਤੋਂ ਬਚਣ ਲਈ ਬੱਚੇ ਦੇ ਗਲ ਵਿਚ ਨਜ਼ਰ ਬੂਟ ਜਾਂ ਸੂਰ ਦਾ ਦੰਦ ਤਾਂਬੇ ਵਿਚ ਮੜ੍ਹਕੇ ਪਾ ਦਿੱਤਾ ਜਾਂਦਾ ਹੈ। ਜੇ ਕਿਸੇ ਬੱਚੇ ਜਾਂ ਪਸ਼ੂ ਨੂੰ ਬੁਰੀ ਨਜ਼ਰ ਲਗ ਜਾਵੇ ਤਾਂ ਉਸ ਦੇ ਮੱਥੇ ਨਾਲ ਸੱਤ ਸੁੱਕੀਆਂ ਮਿਰਚਾਂ ਛੁਹਾਕੇ ਅੱਗ ਵਿਚ ਸੁੱਟ ਦਿੱਤੀਆਂ ਜਾਂਦੀਆਂ ਹਨ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਜੇ ਧੂੰਆਂ ਅੱਖਾਂ ਨੂੰ ਕੌੜਾ ਨਾ ਲੱਗੇ ਤਾਂ ਸਮਝਿਆ ਜਾਂਦਾ ਹੈ ਕਿ ਉਸ ਨੂੰ ਭੈੜੀ ਨਜ਼ਰ ਲੱਗੀ ਹੋਈ ਹੈ। ਜਿਸ ਵਿਅਕਤੀ ਦੀ ਨਜ਼ਰ ਲੱਗੀ ਹੋਵੇ ਉਸ ਦੇ ਪੈਰਾਂ ਦੀ ਮਿੱਟੀ ਚੁੱਕ ਕੇ ਅੱਗ ਵਿਚ ਸੁਟਣ ਨਾਲ ਨਜ਼ਰ ਦਾ ਭੈੜਾ ਅਸਰ ਹਟ ਜਾਂਦਾ ਹੈ। ਹਰ ਪਿੰਡ ਜਾਂ ਸ਼ਹਿਰ ਵਿਚ ਕੁਝ ਅਜੇਹੇ ਮਰਦ ਅਤੇ ਔਰਤਾਂ ਹੁੰਦੀਆਂ ਹਨ ਜਿਨ੍ਹਾਂ ਦੀ ਨਜ਼ਰ ਲੱਗਣ ਤੋਂ ਲੋਕੀਂ ਆਪਣੇ ਤੋਂ ਦੁੱਧ, ਪੁੱਤ ਅਤੇ ਹੋਰ ਚੀਜ਼ਾਂ ਨੂੰ ਬਚਾ ਕੇ ਰੱਖਣ ਦਾ ਯਤਨ ਕਰਦੇ ਹਨ ।

ਅੰਕਾਂ ਸੰਬੰਧੀ :

ਅੰਕਾਂ ਦੇ ਚੰਗੇ ਮਾੜੇ ਸੰਬੰਧੀ ਵੀ ਵਹਿਮ ਭਰਮ ਪਾਏ ਜਾਂਦੇ ਹਨ। ਪੰਜਾਬ ਵਿਚ 5, 7, 11, 12 ਅੰਕਾਂ ਦੇ ਰਹੱਸਮਈ ਪ੍ਰਭਾਵ ਮੰਨੇ ਜਾਂਦੇ ਹਨ। ਜਿਵੇਂ ਪੰਜਾਂ ਵਿਚ ਪਰਮੇਸ਼ਰ ਮੰਨਿਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਜੇਕਰ ਕਿਸੇ ਔਰਤ ਨੂੰ ਅਠਰਾਹ ਦੀ ਬਿਮਾਰੀ ਹੋ ਜਾਵੇ ਅਤੇ ਉਹ ਪੰਜਾਂ ਖੂਹਾਂ ਦਾ ਪਾਣੀ ਮੰਤਰ ਕੇ ਪੀਵ ਤਾਂ ਬਿਮਾਰੀ ਦੂਰ ਹੋ ਸਕਦੀ ਹੈ । ਜੇਕਰ ਕੋਈ ਬਾਂਝ ਇਸਤਰੀ ਸੱਤ ਪ੍ਰਕਾਰ ਦੇ ਅਨਾਜ ਆਪਣੀ ਚੁੰਨੀ ਨਾਲ ਚਾਲੀ ਦਿਨ ਬੰਨ੍ਹ ਕੇ ਰੱਖੇ ਤਾਂ ਉਸ ਦੇ ਘਰ ਔਲਾਦ ਹੋ ਸਕਦੀ ਹੈ। ਇਸੇ ਤਰ੍ਹਾਂ ਕੁਝ ਅੰਕਾਂ ਦੇ ਮਾੜੇ ਹੋਣ ਬਾਰੇ ਵੀ ਵਹਿਮ ਭਰਮ ਹਨ । ਤਿੰਨ ਨੂੰ ਮਾੜਾ ਵੀ ਗਿਣਿਆ ਗਿਆ ਹੈ । ‘ਤੀਜਾ ਰਲਿਆ ਤੇ ਘਰ ਗਲਿਆ” ਬੜਾ ਮਸ਼ਹੂਰ ਹੈ । ਪੱਛਮੀ 11 ਦੇਸ਼ਾਂ ਵਿਚ ਤੇਰ੍ਹਾਂ ਅੰਕ ਨੂੰ ਮਾੜਾ ਸਮਝਿਆ ਜਾਂਦਾ ਹੈ। ਪੰਜਾਬ ਵਿਚ ਚੰਡੀਗੜ੍ਹ ਬਨਾਉਣ ਵਾਲਾ ਨਕਸ਼ਾ ਨਵੀਸ ਯੂਰਪ ਦਾ ਸੀ, ਸ਼ਾਇਦ ਇਸੇ ਕਾਰਨ ਚੰਡੀਗੜ੍ਹ ਵਿਚ 13 ਸੈਕਟਰ ਨਹੀਂ ਹੈ । ਪੰਜਾਬ ਵਿਚ ਤੇਰਾਂ ਅੰਕ ਚੰਗਾ ਮੰਨਿਆ ਜਾਂਦਾ ਹੈ । ਬਾਬੇ ਨਾਨਕ ਦੀ ਤੇਰਾਂ ਦੀ ਧਾਰਨਾ ਨਾਲ ਜੋੜਿਆ ਜਾਂਦਾ ਹੈ ।

ਬਦ ਰੂਹਾਂ ਸੰਬੰਧੀ :

ਬਦ ਰੂਹਾਂ ਦੀ ਹੋਂਦ ਸੰਬੰਧੀ ਵੀ ਬਹੁਤ ਸਾਰੇ ਵਹਿਮ ਭਰਮ ਅਤੇ ਵਿਸ਼ਵਾਸ ਪਾਏ ਜਾਂਦੇ ਹਨ । ਲੋਕੀਂ ਡੈਣ, ਭੂਤ, ਜਿੰਨ, ਛਲੇਡਾ, ਚੁੜੇਲ ਆਦਿ ਬਦਰੂਹਾਂ ਦੀ ਹੋਂਦ ਨੂੰ ਸਵੀਕਾਰ ਕਰਦੇ ਹਨ । ਡੈਣ ਬਾਰੇ ਲੋਕਾਂ ਦੀ ਇਹ ਧਾਰਨਾ ਹੈ ਕਿ ਇਹ ਜੀਉਂਦੀ ਜਾਦੂਗਰਨੀ ਹੈ ਜੋ ਬੱਚਿਆਂ ਦਾ ਕਲੇਜਾ ਕੱਢ ਕੇ ਖਾ ਜਾਂਦੀ ਹੈ । ਡੈਣ ਸੰਬੰਧੀ ਇਹ ਵਿਸ਼ਵਾਸ ਵੀ ਪ੍ਰਚਲਿਤ ਹੈ ਕਿ ਕਿਸੇ ਕਾਰਨ ਜੇਕਰ ਉਸਦਾ ਜ਼ੋਰ ਕਿਸੇ ਦੂਸਰੇ ਵਿਅਕਤੀ ਉਪਰ ਨਾ ਚਲਦਾ ਹੋਵੇ ਤਾਂ ਉਹ ਆਪਣੇ ਹਮਲੇ ਦਾ ਸ਼ਿਕਾਰ ਆਪਣੇ ਨਜ਼ਦੀਕੀ ਰਿਸ਼ਤੇਦਾਰ ਜਾਂ ਖੁਦ ਆਪਣੇ ਬੱਚੇ ਨੂੰ ਵੀ ਬਣਾ ਲੈਂਦੀ ਹੈ । ਜੇਕਰ ਕੋਈ ਗਰਭਵਤੀ ਇਸਤਰੀ ਮਰ ਜਾਵੇ ਤਾਂ ਉਹ ਚੁੜੇਲ ਬਣ ਜਾਂਦੀ ਹੈ। ਛਲੇਡਾ ਵੀ ਇੱਕ ਸ਼ਕਤੀ ਸ਼ਾਲੀ ਬਦਰੂਹ ਸਮਝੀ ਜਾਂਦੀ ਹੈ । ਇਹ ਕੁਆਰੇ ਮਰੇ ਹੋਏ ਲੜਕੇ ਦੀ ਰੂਹ ਸਮਝੀ ਜਾਂਦੀ ਹੈ । ਲੋਕ ਵਿਸ਼ਵਾਸ ਹੈ ਕਿ ਇਹ ਆਪਣਾ ਰੂਪ ਬਦਲਕੇ ਲੋਕਾਂ ਨੂੰ ਦੁਖੀ ਕਰਦਾ ਹੈ । ਇਹ ਵੀ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਰਾਤ ਨੂੰ ਜੇਕਰ ਕੋਈ ਵਿਅਕਤੀ ਉਸ ਥਾਂ ਚਲਾ ਜਾਵੇ ਜਿਥੇ ਛਲੇਡਾ ਰਹਿੰਦਾ ਹੋਵੇ ਤਾਂ ਉਹ ਆਪਣੇ ਸ਼ਿਕਾਰ ਨੂੰ ਗੋਤੇ ਦੇ ਕੇ ਮਾਰਦਾ ਹੈ। ਕੋਈ ਵਿਅਕਤੀ ਅਚਾਨਕ ਦੁਰਘਟਨਾ ਵਿਚ ਮਾਰਿਆ ਜਾਵੇ ਜਾਂ ਖੁਦਕੁਸ਼ੀ ਕਰ ਲਵੇ ਉਹ ਭੂਤ ਬਣ ਜਾਂਦਾ ਹੈ। ਸੋਕੜੇ ਨਾਲ ਮਰੇ ਬੱਚੇ ਦੀ ਰੂਹ ਜੇਕਰ ਤੰਦਰੁਸਤ ਬੱਚੇ ਦੇ ਸਰੀਰ ਵਿਚ ਪ੍ਰਵੇਸ਼ ਕਰ ਜਾਵੇ ਤਾਂ ਉਸ ਬੱਚੇ ਨੂੰ ਸੋਕੜਾ ਹੋ ਜਾਂਦਾ ਹੈ । ਬਦਰੂਹਾਂ ਤੋਂ ਬਚਣ ਦਾ ਇਲਾਜ ਕੋਈ ਸਿਆਣਾ ਜਾਂ ਚੇਲਾ ਕਰਦਾ ਹੈ ।

ਨਿੱਛ ਸੰਬੰਧੀ :

ਜੇਕਰ ਕਿਸੇ ਕੰਮ ਨੂੰ ਕਰਨ ਲੱਗੇ ਨਿੱਛ ਪੈ ਜਾਵੇ ਤਾਂ ਕੰਮ ਨਾ ਪੂਰਾ ਹੋਣ ਦੀ ਨਿਸ਼ਾਨੀ ਹੈ। ਜੇਕਰ ਕਿਧਰੇ ਜਾਣਾ ਹੋਵੇ ਅਤੇ ਸਾਹਮਣੇ ਤੋਂ ਕੋਈ ਵਿਅਕਤੀ ਨਿੱਛ ਮਾਰ ਦੇਵੇ ਤਾਂ ਕੰਮ ਪੂਰਾ ਨਹੀਂ ਹੁੰਦਾ ਹੈ ਪਰ ਜੇਕਰ ਦੋ ਨਿੱਛਾਂ ਲਗਾਤਾਰ ਪੈ ਜਾਣ ਤਾਂ ਕੰਮ ਹੋਣ ਦੀ ਨਿਸ਼ਾਨੀ ਹੈ । ਜੇਕਰ ਕਿਸੇ ਬੰਦੇ ਦੀ ਪਿੱਠ ਪਿਛੋਂ ਨਿੱਛ ਪਏ ਤਾਂ ਵੀ ਚੰਗੀ ਸਮਝੀ ਜਾਂਦੀ ਹੈ ।

ਉਪਰੋਕਤ ਵਿਸ਼ਲੇਸ਼ਣ ਤੋਂ ਇਹ ਸਪੱਸ਼ਟ ਹੈ ਕਿ ਵਹਿਮ ਭਰਮ ਤੇ ਵਿਸ਼ਵਾਸ ਸਾਡੇ ਲੋਕ ਜੀਵਨ ਵਿਚ ਕਿੰਨੀ ਤਰ੍ਹਾਂ ਸਮਾਏ ਹੋਏ ਹਨ । ਸਾਡਾ ਕੋਈ ਕੰਮ ਕਾਰ ਇਨ੍ਹਾਂ ਦੇ ਪ੍ਰਭਾਵ ਤੋਂ ਅਭਿੱਜ ਨਹੀਂ। ਇਸੇ ਤਰ੍ਹਾਂ ਦੇ ਬਹੁਤ ਸਾਰੇ ਵਹਿਮ ਭਰਮ ਹੋਰ ਅਨੇਕਾਂ ਹਨ । ਜਿਉਂ ਜਿਉਂ ਲੋਕਾਂ ਦਾ ਗਿਆਨ ਵਧ ਰਿਹਾ ਹੈ, ਉਸ ਨਾਲ ਹੀ ਵਹਿਮਾਂ ਭਰਮਾਂ ਦੀ ਜਕੜ ਘੱਟ ਹੋ ਰਹੀ ਹੈ। ਇਹ ਆਮ ਕਿਹਾ ਜਾਂਦਾ ਹੈ ਕਿ ਅਨਪੜ ਲੋਕੀਂ ਹੀ ਇਨ੍ਹਾਂ ਦੀ ਜਕੜ ਵਿਚ ਜਕੜੇ ਹੋਏ ਹਨ, ਪਰ ਪੜ੍ਹੇ ਲਿਖੇ ਲੋਕੀਂ ਵੀ ਇਨ੍ਹਾਂ ਵਿਚ ਉਸੇ ਤਰ੍ਹਾਂ ਸਾਂਝੀਦਾਰ ਹਨ ਭਾਵੇਂ ਘੱਟ । ਲੋਕ ਵਿਸ਼ਵਾਸ ਨਿਰੇ ਵਹਿਮ ਹੀ ਨਹੀਂ ਸਗੋਂ ਕਿਧਰੇ ਕਿਧਰੇ ਇਨ੍ਹਾਂ ਦਾ ਵਿਗਿਆਨਕ ਆਧਾਰ ਵੀ ਹੈ। ਵਿਸ਼ਿਸ਼ਟ ਧਰਮ ਵਾਲੇ ਭਾਵੇਂ ਇਨ੍ਹਾਂ ਨੂੰ ਫੋਕੇ ਵਹਿਮ ਹੀ ਆਖਣ, ਪਰ ਉਹ ਵੀ ਕਿਸੇ ਨਾ ਕਿਸ ਤਰ੍ਹਾਂ ਇਨ੍ਹਾਂ ਦੇ ਪ੍ਰਭਾਵ ਨੂੰ ਕਬੂਲਦੇ ਹਨ ।

( ਅ ) ਜਾਦੂ ਟੂਣੇ :

ਸ਼ੁਰੂ ਤੋਂ ਹੀ ਮਨੁੱਖ ਵਿਚ ਕੁਦਰਤੀ ਸ਼ਕਤੀਆਂ ਉਪਰ ਕਾਬੂ ਪਾਉਣ ਤੇ ਜੀਵਨ ਵਿਚ ਵਾਪਰਦੀਆਂ ਘਟਨਾਵਾਂ ਨੂੰ ਆਪਣੀ ਇੱਛਾ ਮੁਤਾਬਕ ਕਰਨ ਦੀ ਬੜੀ ਪ੍ਰਬਲ ਇੱਛਾ ਰਹੀ ਹੈ । ਮਨੁੱਖ ਦਾ ਇਹ ਵਿਸ਼ਵਾਸ ਬਣ ਗਿਆ ਹੈ ਕਿ ਉਹ ਜਾਦੂ ਟੂਣੇ, ਮੰਤਰ ਯੰਤਰ ਨਾਲ ਅਸੰਭਵ ਕੰਮਾਂ ਨੂੰ ਸੰਭਵ ਬਣਾ ਸਕਦਾ ਹੈ। ਉਸ ਦੇ ਇਸ ਵਿਸ਼ਵਾਸ ਨਾਲ ਜਾਦੂ ਟੂਣੇ ਦਾ ਜਨਮ ਹੋਇਆ। ਡਾ. ਵਣਜਾਰਾ ਬੇਦੀ ਅਨੁਸਾਰ ਜਾਦੂ ਇਕ ਕਲਾ ਹੈ, ਜੋ ਦੋ ਗੱਲਾਂ ਮਿਥ ਕੇ ਤੁਰਦੀ ਹੈ। ਇਕ ਇਹ ਕਿ ਪ੍ਰਾਕ੍ਰਿਤੀ ਵਿਚ ਹਰੇਕ ਕਾਰਨ ਕਿਸੇ ਕਾਰਜ ਨੂੰ ਜਨਮ ਦੇਂਦਾ ਹੈ ਤੇ ਇਕ ਘਟਨਾ ਪਿਛੋਂ ਦੂਜੀ ਘਟਨਾ ਬਿਨਾਂ ਕਿਸੇ ਦੈਵੀ ਜਾਂ ਅਧਿਆਤਮਕ ਸ਼ਕਤੀ ਦੇ ਦਖਲ ਦੇ ਆਪਣੇ ਆਪ ਸਹਿਜ ਰੂਪ ਵਿਚ ਹੀ ਵਾਪਰਦੀ ਹੈ। ਇਸ ਲਈ ਜੇ ਮੰਤਰਾਂ, ਕਰਮ ਕਾਂਡਾਂ ਤੇ ਰੀਤਾਂ ਨਾਲ, ਉਹ ਵਸਤੂ ਜਾਂ ਸਥਿਤੀ ਉਤੇ ਕਾਬੂ ਪਾ ਲੈਣ ਦਾ ਭਰਮ ਪੈਦਾ ਕਰਨ ਨਾਲ ਉਹ ਵਸਤੂ ਜਾਂ ਸਥਿਤੀ ਸੱਚ ਮੁੱਚ ਹੀ ਵੱਸ ਵਿਚ ਹੋ ਜਾਂਦੀ ਹੈ । ਜਾਦੂ ਟੂਣੇ ਲੋਕ ਚਿਕਿਤਸਾ ਦੀ ਇਕ ਸ਼ਾਖ ਹਨ । ਡਾ. ਗੁਰਮੀਤ ਸਿੰਘ ਅਨੁਸਾਰ ਚਕਿਤਸਾ ਦੀ ਦ੍ਰਿਸ਼ਟੀ ਤੋਂ ਜਾਦੂ ਦੇ ਖੇਤਰ ਵਿਚ ਕੇਵਲ ਜੜ੍ਹੀ ਬੂਟੀਆਂ ਸ਼ਾਮਲ ਕੀਤੀਆਂ ਜਾ ਸਕਦੀਆਂ ਹਨ, ਜਿਨ੍ਹਾਂ ਦੀ ਵਰਤੋਂ ਪਿਛੇ ਕੋਈ ਲੋਕ ਵਿਸ਼ਵਾਸ ਜਾਂ ਧਾਰਮਿਕ ਰੂੜ੍ਹੀ ਮੌਜੂਦ ਹੋਵੇ ।

ਜਾਦੂ ਟੂਣੇ ਦੇ ਮਾਹਰ ਵਿਅਕਤੀ ਨੂੰ ਸਿਆਣਾ ਜਾਂ ਚੇਲਾ ਆਖਿਆ ਜਾਂਦਾ ਹੈ। ਧਰਮ ਅਤੇ ਜਾਦੂ ਦੋਵੇਂ ਇਕ ਦੂਜੇ ਨੂੰ ਪ੍ਰਭਾਵਿਤ ਕਰਦੇ ਹਨ । ਬਹੁਤ ਸਾਰੇ ਮੰਤਰਾਂ ਵਿਚ ਗੁਰੂ ਪੀਰਾਂ ਦੇ ਨਾਮ ਸ਼ਾਮਲ ਹੁੰਦੇ ਹਨ । ਡਾ. ਵਣਜਾਰਾ ਬੇਦੀ ਅਨੁਸਾਰ, “ਮਨੁੱਖ ਜਾਤੀ ਦੇ ਮਾਨਸਕ ਵਿਕਾਸ ਵਿਚ, ਜਾਦੂ ਤੇ ਧਰਮ ਦੋਵੇਂ ਦੋ ਮਹੱਤਵ ਪੂਰਣ ਪੜਾਅ ਰਹੇ ਹਨ। ਜਾਦੂ-ਟੂਣਾ ਧਰਮ ਦੇ ਹੇਠਲੇ ਰਦੇ ਹਨ । ਧਰਮ ਦੇ ਕਈ ਅੰਕੁਰ ਜਾਦੂ ਟੂਣੇ ਵਿਚੋਂ ਹੀ ਫੁਟੇ ਹਨ । ਸਾਰੇ ਮਾਨਵ ਵਿਗਿਆਨੀ ਜਾਦੂ ਧਰਮ ਦੀ ਪਉੜੀ ਮੰਨਦੇ ਹਨ। ਪਰ ਜਾਦੂ ਦੀਆਂ ਅਨੇਕਾਂ ਰਸਮਾਂ ਧਰਮ ਦੀ ਸ਼ਮੂਲੀਅਤ ਤੋਂ ਬਿਨਾਂ ਵੀ ਕੀਤੀਆਂ ਜਾਂਦੀਆਂ ਹਨ। ਪਰ ਪੰਜਾਬੀ ਸਭਿਆਚਾਰ ਅਨੁਸਾਰ ਇਨ੍ਹਾਂ ਦਾ ਨਿਖੇੜਾ ਕਰਨਾ ਮੁਸ਼ਕਲ ਹੈ।

ਜਾਦੂ ਟੂਣੇ ਵਿਚ ਮੰਤਰ ਜੰਤਰ ਤੇ ਤਵੀਤ ਦੀ ਖਾਸ ਮਹੱਤਾ ਹੈ :

ਮੰਤਰ :

ਮੰਤਰ ਬਿਮਾਰੀ ਹਟਾਉਣ ਅਤੇ ਲਾਹੁਣ ਦੋਵਾਂ ਵਾਸਤੇ ਵਰਤਿਆ ਜਾਂਦਾ ਹੈ। । ਇਸ ਨਾਲ ਅਨੇਕਾਂ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ। ਸੱਪ, ਡੇਹਮੂ, ਠੂਆਂ ਆਦਿ ਦੇ ਕੱਟੇ ਦਾ ਇਲਾਜ ਕੀਤਾ ਜਾਂਦਾ ਹੈ। ਅੱਜ ਕਲ੍ਹ ਵੀ ਵਧੇਰੇ ਲੋਕੀਂ ਝਾੜ ਫੂਕ ਕਰਵਾਉਂਦੇ ਹਨ । ਅਜੇਹੇ ਸਮੇਂ ਤੇ ਅਜੇਹੇ ਮੰਤਰ ਫੂਕਣ ਵਾਲੇ ਮਾਂਦਰੀ ਹੁੰਦੇ ਹਨ। ਡਾ. ਵਣਜਾਰਾ ਬੇਦੀ ਅਨੁਸਾਰ ਮੰਤਰ ਸ਼ਬਦਾਂ ਦਾ ਸੂਤਕ ਸਮੂਹ ਹੁੰਦਾ ਹੈ, ਜਿਸ ਦੇ ਉਚਾਰਨ ਨਾਲ ਸੁਤੇ ਸਿੱਧ ਕਿਸੇ ਮੰਤਵ ਦੀ ਸਿਧੀ ਹੋ ਜਾਂਦੀ ਮੰਨੀ ਜਾਂਦੀ ਹੈ।” ਮੰਤਰਾਂ ਵਿਚ ਸ਼ਬਦਾਂ ਦੇ ਅਰਥ ਇੰਨਾਂ ਮਹੱਤਵ ਨਹੀਂ ਰੱਖਦੇ ਜਿੰਨਾਂ ਉਨ੍ਹਾਂ ਸ਼ਬਦਾਂ ਵਿਚ ਸਿੱਧ ਕੀਤੀ ਸ਼ਕਤੀ । ਮੰਤਰ ਅਰਦਾਸ ਨਹੀਂ ਹੁੰਦੇ ਹਨ । ਇਨ੍ਹਾਂ ਵਿਚ ਸਹਿਜ ਸੁਭਾ ਮੰਤਵ ਸਿਧੀ ਦੀ ਸ਼ਕਤੀ ਹੁੰਦੀ ਹੈ । ਡਾ. ਗੁਰਮੀਤ ਸਿੰਘ ਅਨੁਸਾਰ ਮੰਤਰ ਸਿਧਾਂਤ ਦਾ ਆਧਾਰ ਇਹ ਮੰਨਿਆ ਜਾਂਦਾ ਹੈ ਕਿ ਪ੍ਰਾਕਿਰਤੀ ਦੀ ਹਰੇਕ ਵਸਤੂ ਦੀ ਆਪਣੀ ਇਕ ਧੁਨੀ ਹੁੰਦੀ ਹੈ। ਇਹ ਧੁਨੀ ਸੰਬੰਧਿਤ ਵਸਤੂ ਦਾ ਪ੍ਰਾਕਿਰਤਕ ਨਾਮ ਹੁੰਦੀ ਹੈ ਅਤੇ ਧੁਨੀ ਵਿਚਕਾਰ ਇਕ ਰਹੱਸਾਤਮਕ ਸੰਬੰਧ ਹੁੰਦਾ ਹੈ, ਜਦੋਂ ਅਸੀਂ ਇਸ ਪ੍ਰਾਕਿਰਤਕ ਨਾਮ ਨੂੰ ਦੁਹਰਾਉਂਦੇ ਹਾਂ ਤਾਂ ਵਸਤੂ ਪ੍ਰਭਾਵਿਤ ਹੁੰਦੀ ਹੈ ।

ਜੰਤਰ :

ਜੰਤਰ ਮੰਤਰ ਨਾਲੋਂ ਵੱਖਰੀ ਚੀਜ਼ ਹੁੰਦੀ ਹੈ । ਮੰਤਰ ਦਾ ਪ੍ਰਭਾਵ ਉਸਦੀ ਸ਼ਬਦ ਸ਼ਕਤੀ ਕਾਰਨ ਹੁੰਦਾ ਹੈ । ਜੰਤਰ ਕਾਗਜ਼ ਦੇ ਟੁਕੜੇ ਉਪਰ ਲਿਖਿਆ ਹੁੰਦਾ ਹੈ, ਇਸ ਦਾ ਅਸਰ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਇਹ ਸਰੀਰ ਦੇ ਕਿਸੇ ਅੰਗ ਨਾਲ ਬੰਨ੍ਹਿਆ ਜਾਵੇ ਜਾਂ ਕਿਸੇ ਵਿਅਕਤੀ ਨੂੰ ਘੋਲ ਕੇ ਪਿਲਾਇਆ ਜਾਵੇ । ਕਈ ਜੰਤਰਾਂ ਵਿਚ ਅੰਕੜੇ ਹੁੰਦੇ ਹਨ ਜੋ ਕਿਸੇ ਸ਼ਕਤੀ ਦੇ ਚਿੰਨ੍ਹ ਹੁੰਦੇ ਹਨ । ਮੁਸਲਮਾਨ ਜੰਤਰ ਨੂੰ ਤਵੀਤ ਆਖਦੇ ਹਨ। ਮੰਤਰ ਦਾ ਵਿਸ਼ਾਲ ਵਿਸ਼ੈ ਖੇਤਰ ਹੈ । ਸੋ ਇਨ੍ਹਾਂ ਨੂੰ ਦੋ ਵਰਗਾਂ ਵਿਚ ਵੰਡਿਆ ਗਿਆ ਹੈ ।

1. ਪਰਮਾਰਥਕ ਮੰਤਰ :

ਇਹ ਵਿਆਹ, ਹਵਨ, ਯੱਗ, ਆਦਿ ਸਮੇਂ ਵਰਤੇ ਮੰਤਰ ਪਰਮਾਰਥਕ ਹੁੰਦੇ ਹਨ। ਵੱਖ ਵੱਖ ਵਿਸ਼ਿਸ਼ਟ ਧਰਮ ਦੇ ਲੋਕ ਜਦੋਂ ਆਪਣੇ ਅਨੁਆਈਆਂ ਨੂੰ ਸ਼ਬਦ ਜਾਪ ਦਸਦੇ ਹਨ, ਉਹ ਵੀ ਪਰਮਾਰਥਕ ਮੰਤਰ ਹੁੰਦੇ ਹਨ ।

2. ਲੋਕ ਮੰਤਰ :

ਲੋਕ ਮੰਤਰ ਭੂਤਾਂ ਪਰੇਤਾਂ ਦਾ ਛਾਇਆ ਉਤਾਰਨ ਲਈ, ਕਿਸੇ ਨੂੰ ਵੱਸ ਕਰਨ ਲਈ ਹੁੰਦਾ ਹੈ ।

ਜਾਦੂ ਟੂਣੇ :

ਇਹ ਮੰਤਰਾਂ ਨਾਲੋਂ ਭਿੰਨ ਹੁੰਦੇ ਹਨ। ਮੰਤਰਾਂ ਵਿਚ ਸ਼ਬਦ ਦੀ ਸ਼ਕਤੀ ਦਾ ਆਸਰਾ ਲਿਆ ਜਾਂਦਾ ਹੈ। ਟੂਣੇ ਵਿਚ ਕਰਮਕਾਂਡ ਦਾ ।

ਡਾ. ਵਣਜਾਰਾ ਬੇਦੀ ਨੇ ਜਾਦੂ ਟੂਣੇ ਨੂੰ ਛੇ ਰੂਪਾਂ ਵਿਚ ਵੰਡਿਆ ਹੈ :

ਭੁਲਾਵਾਂ ਜਾਦੂ :

ਇਹ ਨਕਲ ਦੀ ਵਿਧੀ ਤੇ ਆਧਾਰਿਤ ਹੁੰਦਾ ਹੈ। ਉਦਾਹਰਣ ਦੇ ਤੌਰ ਤੇ ਜੇ ਕੋਈ ਬਾਂਝ ਇਸਤਰੀ ਚਾਹੁੰਦੀ ਹੈ ਕਿ ਉਸ ਦੇ ਕੋਈ ਬੱਚਾ ਹੋਵੇ ਤਾਂ ਉਹ ਕੁਝ ਮੰਤਰਾਂ ਦਾ ਜਾਪ ਕਰਦੀ ਹੋਈ ਕਪੜੇ ਦਾ ਇਕ ਗੁੱਡਾ ਬਣਾ ਕੇ ਉਸ ਨੂੰ ਅਸ਼ਲੀ ਬੱਚੇ ਵਾਂਗ ਖਿਡਾਵੇ ਅਤੇ ਦੁੱਧ ਪਿਲਾਵੇ ਤੇ ਲੋਰੀਆਂ ਦੇਵੇ । ਇਸ ਤਰ੍ਹਾਂ ਉਸ ਦੇ ਘਰ ਬੱਚਾ ਪੈਦਾ ਹੋਵੇਗਾ। ਜੇ ਮੀਂਹ ਚਾਹੀਦਾ ਹੋਵੇ ਤਾਂ ਬਦਲਾਂ ਦੇ ਗਰਜਣ ਵਰਗੀ ਆਵਾਜ਼ ਪੈਦਾ ਕਰੋ, ਇਕ ਦੂਜੇ ਉਪਰ ਪਾਣੀ ਸੁਟੋ ਤਾਂ ਮੀਂਹ ਪੈ ਜਾਵੇਗਾ ।

ਲਾਗਵਾਂ ਜਾਦੂ :

ਜਿਸ ਚੀਜ਼ ਦਾ ਇੱਕ ਵਾਰ ਕਿਸੇ ਵਿਅਕਤੀ ਨਾਲ ਸੰਬੰਧ ਰਿਹਾ ਹੋਵੇ, ਉਹ ਸਰੀਰਕ ਤੌਰ ਤੇ ਉਸ ਵਿਅਕਤੀ ਨਾਲੋਂ ਵੱਖ ਹੋ ਜਾਵੇ ਤਾਂ ਵੀ ਉਸ ਦਾ ਮੂਲ ਨਾਲ ਗੁਪਤ ਸੰਬੰਧ ਰਹਿੰਦਾ ਹੈ। ਜਿਵੇਂ ਨਹੁੰ ਜਾਂ ਸਿਰ ਦੇ ਵਾਲ ਕੱਟ ਦਿੱਤੇ ਜਾਣ ਤਾਂ ਵੀ ਇਨ੍ਹਾਂ ਦਾ ਸੰਬੰਧ ਮੂਲ ਵਿਅਕਤੀ ਨਾਲ ਰਹਿੰਦਾ ਹੈ । ਇਨ੍ਹਾਂ ਚੀਜ਼ਾਂ ਉਂਤੇ ਜੇ ਜਾਦੂ ਕੀਤਾ ਜਾਵੇ ਤਾਂ ਲਾਗਵਾਂ ਜਾਦੂ ਹੈ ।

ਅਭਾਵਾਤਮਕ ਜਾਦੂ :

ਇਸ ਦੀ ਵਰਤੋਂ ਕਿਸੇ ਦਾ ਪ੍ਰਭਾਵ ਖ਼ਤਮ ਕਰਨ ਲਈ ਕੀਤੀ ਜਾਂਦੀ ਹੈ । ਇਸ ਉਦੇਸ਼ ਲਈ ਜੰਤਰ ਦੀ ਵਰਤੋਂ ਕੀਤੀ ਜਾਂਦੀ ਹੈ ।

ਭਾਵਾਤਮਕ ਜਾਦੂ :

ਇਸ ਦੀ ਵਰਤੋਂ ਕਿਸੇ ਵਿਅਕਤੀ ਨੂੰ ਆਪਣੇ ਵੱਸ ਕਰਨ ਲਈ ਕੀਤੀ ਜਾਂਦੀ ਹੈ । ਇਸ ਵਿਚ ਸਫਲਤਾ ਪ੍ਰਾਪਤ ਕਰਨ ਲਈ ਕਿਸੇ ਦੇ ਸਿਰ ਵਿਚ ਕੁਝ ਪਾ ਕੇ ਜਾਂ ਉਸ ਨੂੰ ਮੰਤਰ ਖਵਾ ਕੇ ਕੀਤੀ ਜਾਂਦੀ ਹੈ । ਇਸਤਰੀਆਂ ਆਪਣੇ ਪਤੀ ਨੂੰ ਵੱਸ ਕਰਨ ਲਈ ਅਜੇਹੇ ਜਾਦੂ ਦੀ ਵਧੇਰੇ ਵਰਤੋਂ ਕਰਦੀਆਂ ਹਨ ।

ਚਿੱਟਾ ਜਾਦੂ :

ਇਸ ਦਾ ਉਦੇਸ਼ ਭਲਾਈ ਕਰਨਾ ਹੁੰਦਾ ਹੈ। ਜਿਵੇਂ ਪਸ਼ੂਆਂ ਦੀਆਂ ਬਿਮਾਰੀਆਂ ਨੂੰ ਰੋਕਣਾ ਜਾਂ ਗੜੇ ਮਾਰ ਤੋਂ ਜਾਂ ਟਿੱਡੀ ਦਲ ਤੋਂ ਫ਼ਸਲਾਂ ਆਦਿ ਨੂੰ ਬਚਾਉਣ ਲਈ ਕੀਤਾ ਜਾਂਦਾ ਹੈ ।

ਕਾਲਾ ਜਾਦੂ :

ਕਿਸੇ ਦਾ ਜਾਨੀ ਮਾਲੀ ਨੁਕਸਾਨ ਕਰਨ ਲਈ ਕਾਲੇ ਜਾਦੂ ਦੀ ਵਰਤੋਂ ਕੀਤੀ ਜਾਂਦੀ ਹੈ । ਇਹ ਸਭ ਤੋਂ ਭੈੜਾ ਜਾਦੂ ਗਿਣਿਆ ਜਾਂਦਾ ਹੈ ।

ਉਪਰੋਕਤ ਜਾਦੂ ਟੂਣੇ ਸਿਆਣੇ ਜਾਂ ਚੇਲੇ ਕਰਦੇ ਹਨ । ਕਈ ਟੂਣੇ ਵੱਖ ਵੱਖਰੀਆਂ ਬਿਮਾਰੀਆਂ ਨੂੰ ਦੂਰ ਕਰਨ ਲਈ ਕੀਤੇ ਜਾਂਦੇ ਹਨ । ਜਿਵੇਂ ਵਾਰੀ ਦਾ ਤਾਪ ਉਤਾਰਨ ਲਈ ਜਾਂ ਬਵਾਸੀਰ ਦਾ ਰੋਗ ਹਟਾਉਣ ਲਈ ਕੀਤੇ ਜਾਂਦੇ ਹਨ। ਭਾਵੇਂ ਲੋਕਾਂ ਵਿਚ ਵਿਦਿਆ ਦਾ ਪਾਸਾਰ ਹੋ ਚੁੱਕਾ ਹੈ । ਪਰ ਫਿਰ ਵੀ ਲੋਕੀਂ ਅਜੇ ਜਾਦੂ ਟੂਣੇ ਕਰਦੇ ਹਨ। ਇਹ ਸਾਡੇ ਸਭਿਆਚਾਰ ਵਿਚ ਉਸੇ ਤਰ੍ਹਾਂ ਵਿਚਰ ਰਹੇ ਹਨ । ਪਰ ਸਾਇੰਸ ਦੇ ਵਧਣ ਨਾਲ ਇਨ੍ਹਾਂ ਜਾਦੂ ਟੂਣਿਆਂ ਨੂੰ ਨਿਰਾਰਥਕ ਗਿਣਿਆਂ ਜਾਣ ਲਗ ਪਿਆ ਹੈ।

  ( ੲ ) ਸ਼ਗਨ ਅਪਸ਼ਗਨ :

ਸ਼ੁਭ ਅਤੇ ਮੰਦੇ ਕੰਮ ਨੂੰ ਸ਼ਗਨ ਅਪਸ਼ਗਨ ਕਿਹਾ ਜਾਂਦਾ ਹੈ। ਸ਼ਗਨ ‘ਸ਼ਕੁਨ’ ਦਾ ਪੰਜਾਬੀ ਰੂਪ ਹੈ, ਜਿਸ ਦੇ ਅਰਥ ਪੰਛੀ ਹਨ । ਪੁਰਾਣੇ ਸਮੇਂ ਵਿਚ ਪੰਛੀਆਂ ਦੀ ਬੋਲ ਚਾਲ ਤੋਂ ਭਲੇ ਬੁਰੇ ਨਤੀਜਿਆਂ ਦਾ ਅਨੁਮਾਨ ਲਗਾ ਲਿਆ ਜਾਂਦਾ ਸੀ । ਪ੍ਰਿੰਸੀਪਲ ਤੇਜਾ ਸਿੰਘ ਲਿਖਦੇ ਹਨ, “ਲੋਕਾਂ ਦੀ ਰਹਿਣੀ ਬਹਿਣੀ ਜਨੌਰਾਂ ਤੋਂ ਦੂਰ ਨਹੀਂ ਸੀ ਹੁੰਦੀ । ਮਨੁੱਖ ਸਭ ਤੋਂ ਪਹਿਲਾਂ ਕੁੱਤੇ ਦਾ ਸਾਥੀ ਬਣਿਆ । ਤੇਜ਼ ਵੀ ਚੋਖਾ ਤੇ ਖਤਰਨਾਕ ਵੀ ਨਹੀਂ, ਇਸ ਦੀ ਕਦਰ ਖਾਸ ਕਰਕੇ ਇਸ ਲਈ ਵੀ ਕੀਤੀ ਜਾਂਦੀ ਸੀ ਕਿ ਇਹ ਭੈਰੋਂ ਦਾ ਵਾਹਨ ਸੀ, ਖਾਸ ਕਰਕੇ ਕਾਲਾ ਕੁੱਤਾ । ਇਸੇ ਲਈ ਜਦ ਘਰ ਵਿਚ ਕਿਸੇ ਨੂੰ ਮਾਤਾ ਨਿਕਲੀ ਹੋਵੇ ਤਾਂ ਕਾਲੇ ਕੁੱਤੇ ਦੀ ਖੂਬ ਕਦਰ ਹੁੰਦੀ ਹੈ । ਕਹਿੰਦੇ ਨੇ ਕਿ ਕੁੱਤੇ ਨੂੰ ਜਿੰਨ ਭੂਤ ਤੇ ਹੋਰ ਅਗੰਮੀ ਹਸਤੀਆਂ ਦਿਸ ਪੈਂਦੀਆਂ ਹਨ ।

ਪੁਰਾਣੇ ਸਮੇਂ ਦੇ ਲੋਕੀਂ ਕੋਈ ਵੀ ਕੰਮ ਕਰਨ ਸਮੇਂ ਪਹਿਲਾਂ ਸ਼ਗਨ ਵਿਚਾਰਦੇ ਸਨ । ਜੇ ਕਿਸੇ ਕੰਮ ਦੇ ਸ਼ੁਰੂ ਕਰਨ ਸਮੇਂ ਗ੍ਰਹਿ ਠੀਕ ਹੋਣ ਤਾਂ ਸ਼ਗਨ ਠੀਕ ਹੈ । ਸਾਰਾ ਕੰਮ ਆਸਾਨੀ ਨਾਲ ਹੋ ਜਾਂਦਾ ਹੈ । ਜੇਕਰ ਗ੍ਰਹਿ ਤੇ ਨਖਸ਼ਤਰ ਠੀਕ ਨਾ ਹੋਣ ਤਾਂ ਅਪਸ਼ਗਨ ਮੰਨਿਆ ਹੈ। ਸ਼ਗਨ ਅਪਸ਼ਗਨ ਸਾਡੇ ਜੀਵਨ ਦਾ ਇਕ ਹਿੱਸਾ ਬਣ ਗਏ ਹਨ। ਪੜ੍ਹੇ ਅਨਪੜੇ ਸਭ ਲੋਕੀਂ ਇਨ੍ਹਾਂ ਦੀ ਵਿਚਾਰ ਕਰਦੇ ਹਨ । ਜਦੋਂ ਕਿਸੇ ਕੰਮ ਜਾਣਾ ਹੋਵੇ ਤਾਂ ਘਰੋਂ ਬਾਹਰ ਨਿਕਲਦੇ ਜੇਕਰ ਦੁੱਧ ਨਾਲ ਭਰਿਆ ਭਾਂਡਾ ਲਿਆਉਂਦਾ ਵਿਅਕਤੀ ਮਿਲ ਜਾਵੇ ਤਾਂ ਸ਼ੁਭ ਸ਼ਗਨ ਮੰਨਿਆ ਜਾਂਦਾ ਹੈ ਤੇ ਦੀ ਹੈ। ਕੰਮ ਪੂਰਨ ਹੋਣ ਦੀ ਨਿਸ਼ਾਨੀ ਹੈ। ਪਰ ਜੇਕਰ ਖਾਲੀ ਬਰਤਨ ਮਿਲੇ ਤਾਂ ਅਪਸ਼ਗਨ ਗਿਣਿਆ ਜਾਂਦਾ ਹੈ । ਜੇਕਰ ਭੰਗਣ ਮਿਲ ਜਾਵੇ ਤਾਂ ਸ਼ੁਭ ਸ਼ਗਨ ਹੈ ਪਰ ਜੇ ਇਸ ਦੇ ਉਲਟ ਬ੍ਰਾਹਮਣ ਜਾਂ ਨੰਬਰਦਾਰ ਮਿਲ ਜਾਵੇ ਤਾਂ ਅਪਸ਼ਗਨ ਮੰਨਿਆ ਜਾਂਦਾ ਹੈ । ਜੇ ਕੰਮ ਕਰਨ ਲੱਗੇ ਨਿੱਛ ਪੈ ਜਾਵੇ, ਬਿੱਲੀ ਰਸਤਾ ਕੱਟ ਜਾਵੇ, ਕੁੱਤਾ ਕੰਨ ਫ਼ਰਕ ਦੇਵੇ ਤਾਂ ਅਪਸ਼ਗਨ ਮੰਨਿਆ ਜਾਂਦਾ ਹੈ । ਇਸ ਦੇ ਉਲਟ ਜੇਕਰ ਨੌਜਵਾਨ ਘੋੜੇ ਤੇ ਚੜ੍ਹਿਆ ਬੰਸਰੀ ਵਜਾਉਂਦਾ ਤੇ ਮਿਲ ਪਵੇ ਤਾਂ ਸ਼ੁਭ ਸ਼ਗਨ ਮੰਨਿਆ ਜਾਂਦਾ ਹੈ । ਜੇਕਰ ਕਾਣਾ, ਤੇ  ਲੂਲਾ ਲਗੜਾ ਆਦਮੀ ਮਿਲ ਜਾਵੇ ਤਾਂ ਵੀ ਕੰਮ ਪੂਰਾ ਹੋਣ ਦੀ ਆਸ ਨਹੀਂ ਹੁੰਦੀ ਹੈ ।

  ਸ਼ਗਨ ਅਪਸ਼ਗਨ ਪੰਛੀਆਂ ਅਤੇ ਪਸ਼ੂਆਂ ਨਾਲ ਵੀ ਸੰਬੰਧਿਤ ਹਨ। ਜੇ ਤਿੱਤਰ ਸੱਜੇ ਹੱਥ ਵਲ ਚਹਿਕਦਾ ਮਿਲ ਜਾਵੇ ਜਾਂ ਉਡਾਰੀ ਭਰਦਾ ਮਿਲੇ ਤਾਂ ਚੰਗਾ, ਜੇ ਖੱਬੇ ਹੱਥ ਵਲ ਮਿਲੇ ਤਾਂ ਭੈੜਾ, ਜੇ ਖੋਤਾ ਖੱਬੇ ਹੱਥ ਰੀਂਗਦਾ ਮਿਲੇ ਤਾਂ ਚੰਗਾ, ਸੱਜੇ ਵਲ ਮਿਲੇ ਤਾਂ ਮੰਦਾ । ਰਾਹ ਵਿਚ ਸੱਪ ਮਿਲ ਜਾਵੇ ਤਾਂ ਵੈਰੀ ਵਿਘਨ ਪਾਉਂਦੇ ਹਨ ਜੇ ਸੱਪ ਨੂੰ ਮਾਰ ਦਿੱਤਾ ਜਾਵੇ ਤਾਂ ਵਿਚਾਰ ਹੈ ਕਿ ਦੁਸ਼ਮਨ ਨੁਕਸਾਨ ਪਹੁੰਚਾਣ ਵਿਚ ਅਸਫਲ ਰਹਿੰਦੇ ਹਨ। ਰਾਤ ਸਮੇਂ ਕੁੱਤੇ ਜਾਂ ਬਿੱਲੀ ਦਾ ਰੋਣਾ ਅਪਸ਼ਗਨ ਹੈ। ਕਿਸੇ ਦੀ ਮੌਤ ਹੋਣ ਦੀ ਨਿਸ਼ਾਨੀ ਹੈ ।ਕੁੱਕੜ ਦਿਨੇ ਬਾਂਗ ਦੇਵੇ ਜਾਂ ਉੱਲੂ ਦਿਨੇ ਦਿਖਾਈ ਦੇਵੇ ਤਾਂ ਅਪਸ਼ਗਨ ਹੁੰਦਾ ਹੈ ।

ਉਪਰੋਕਤ ਵਿਚਾਰ ਚਰਚਾ ਤੋਂ ਸਪਸ਼ਟ ਹੈ ਕਿ ਸ਼ਗਨ ਅਪਸ਼ਗਨ ਸਾਡੇ ਜੀਵਨ ਦਾ ਇਕ ਅਟੁੱਟ ਅੰਗ ਬਣੇ ਹੋਏ ਹਨ । ਇਹ ਪਰਛਾਵੇਂ ਵਾਂਗ ਸਾਡਾ ਪਿੱਛਾ ਕਰ ਰਹੇ ਹਨ । ਕੁਝ ਧਰਮਾਂ ਵਾਲੇ ਇਨ੍ਹਾਂ ਨੂੰ ਨਿਰੇ ਵਹਿਮ ਭਰਮ ਆਖਦੇ ਹਨ । ਪਰ ਰੋਜ਼ਾਨਾ ਜ਼ਿੰਦਗੀ ਵਿਚ ਵਿਚਰਦੇ ਇਹ ਲੋਕੀਂ ਵੀ ਇਨ੍ਹਾਂ ਦੇ ਪ੍ਰਭਾਵ ਨੂੰ ਕਬੂਲਦੇ ਹਨ । ਪਰ ਜਿਵੇਂ ਲੋਕਾਂ ਦੀ ਵਿਗਿਆਨ ਸੋਚ ਬਣ ਰਹੀ ਹੈ ਤਿਵੇਂ ਤਿਵੇਂ ਇਨਾਂ ਪ੍ਰਤੀ ਨਵੀਂ ਪੜ੍ਹੀ ਲਿਖੀ ਸ਼ਰੇਣੀ ਇਨ੍ਹਾਂ ਦੀ ਹੋਂਦ ਨੂੰ ਮੰਨਣ ਤੋਂ ਆਕੀ ਹੈ ।

( ਸ ) ਰਹੁ ਰੀਤਾਂ , ਸੰਕਲਪ , ਖੇਤਰ ਤੇ ਵਰਗੀਕਰਣ :

ਰਸਮ ਰਿਵਾਜ ਸੰਸਾਰਕ ਸਮਾਜਕ ਜੀਵਨ ਦਾ ਤਾਣਾ ਪੇਟਾ ਹੁੰਦੇ ਹਨ । ਇਹ ਸਾਡੇ ਮਨਾਂ ਦੀਆਂ ਸਿੱਕਾਂ, ਸੱਧਰਾਂ, ਅਰਮਾਨਾਂ ਤੇ ਜਜ਼ਬਿਆਂ ਦੀ ਤਰਜਮਾਨੀ ਕਰਦੇ ਹਨ । ਇਹ ਰਸਮ ਰਿਵਾਜ ਵਿਅਕਤੀ ਦੇ ਜਨਮ ਤੋਂ ਤੋਂ ਮਰਨ ਤਕ ਵਿਅਕਤੀ ਦੇ ਨਾਲ ਨਾਲ ਚਲਦੇ ਰਹਿੰਦੇ ਹਨ । ਸਮਾਜਕ, ਆਰਥਿਕ, ਰਾਜਸੀ ਜਾਂ ਧਾਰਮਿਕ ਕਾਰਨਾਂ ਕਰਕੇ ਭਾਵੇਂ ਇਨ੍ਹਾਂ ਵਿਚ ਸਮੇਂ ਸਮੇਂ ਕੁਝ ਤਬਦੀਲੀ ਦਿਖਾਈ ਦਿੰਦੀ ਹੈ, ਪਰ ਇਨ੍ਹਾਂ ਦੀ ਮੂਲ ਭਾਵਨਾ ਸਦੀਆਂ ਤੋਂ ਉਹੋ ਰਹੀ ਹੈ। ਗੁਲਜ਼ਾਰ ਸਿੰਘ ਸੰਧੂ ਅਨੁਸਾਰ, ਜੀਵਨ ਨਾਟਕ ਦੀਆਂ ਤਿੰਨਾਂ ਝਾਕੀਆਂ ਦੇ ਰੰਗਮੰਚ ਆਮ ਤੌਰ ਤੇ ਸਾਡੇ ਘਰਾਂ ਦੇ ਵਿਹੜੇ ਹੁੰਦੇ ਹਨ । ਇਨ੍ਹਾਂ ਦੇ ਪਾਤਰ ਸਾਡੇ ਪਰਵਾਰ ਤੇ ਹਾਜ਼ਰ ਨਾਜ਼ਰ ਦੇਵਤਾ ਜਲ ਪਰਮੇਸ਼ਵਰ ਜਾਂ ਬਸੰਤਰ ਦੇਵਤਾ ਹੁੰਦੇ ਹਨ ।ਇਨ੍ਹਾਂ ਸੰਸਕਾਰਾਂ ਦੀ ਕਿਵੇਂ ਉਤਪਤੀ ਹੋਈ ਇਹ ਇਕ ਬਹਿਸ ਦਾ ਮਸਲਾ ਹੈ । ਕੁਝ ਰਸਮ ਰਿਵਾਜ ਦੈਵੀ ਸ਼ਕਤੀਆਂ ਦੇ ਡਰ ਕਾਰਨ ਹੋਂਦ ਵਿਚ ਆਏ ਅਤੇ ਕੁਝ ਸੰਸਕਾਰ ਖੁਸ਼ੀਆਂ ਗਮੀਆਂ ਤੋਂ ਹੋਂਦ ਵਿਚ ਆਏ ।

ਵਹਿਮ ਭਰਮ ਦੀ ਆਧਾਰਸ਼ਿਲਾ ਡਰ ਹੈ। ਜਦੋਂ ਵਿਅਕਤੀ ਵੱਖ ਵੱਖ ਕੁਦਰਤੀ ਸ਼ਕਤੀਆਂ ਤੋਂ ਡਰਨ ਲੱਗਾ ਤਾਂ ਉਸ ਨੇ ਆਪਣੀ ਮਾਨਸਿਕ ਕਮਜ਼ੋਰੀ ਨੂੰ ਸਹਾਰਾ ਦੇਣ ਲਈ ਅਨੇਕਾਂ ਪੂਜਾ ਵਿਧੀਆਂ ਨੂੰ ਅਪਨਾਉਣਾ ਸ਼ੁਰੂ ਕੀਤਾ, ਜਿਸ ਨਾਲ ਵੱਖੋ ਵੱਖਰੇ ਵਹਿਮ ਭਰਮ ਵੀ ਪ੍ਰਚਲਿਤ ਹੋ ਗਏ। ਰੀਵਰ ਅਤੇ ਬੌਸਵੈਲਾਂ ਦੇ ਵਿਚਾਰ ਅਨੁਸਾਰ ਵਿਸ਼ਵਾਸ ਪਰੰਪਰਾਗਤ ਰੂਪ ਵਿਚ ਪ੍ਰਚਲਿਤ ਕਰਮ ਕਾਂਡਾਂ, ਰਹੁ ਰੀਤਾਂ, ਪੂਜਾ ਵਿਧੀਆਂ; ਪੁਰਬਾਂ, ਵਰਤਾਂ, ਪ੍ਰਥਾਵਾਂ ਅਤੇ ਸੰਸਕਾਰਾਂ ਆਦਿ ਦਾ ਸਮੂਹ ਹੈ, ਜਿਨ੍ਹਾਂ ਨਾਲ ਜਨ ਸਾਧਾਰਣ ਦੀ ਭਾਵਨਾ ਜੁੜੀ ਹੋਈ ਹੁੰਦੀ ਹੈ । ਇਨ੍ਹਾਂ ਦੀ ਵਰਤੋਂ ਆਦਿ ਕਾਲ ਤੋਂ ਮਨੁੱਖੀ ਜੀਵਨ ਦੇ ਵਿਸ਼ੇਸ਼ ਮੌਕਿਆਂ ਤੇ ਕੀਤੀ ਜਾਂਦੀ ਰਹੀ ਹੈ । ਵਹਿਮਾਂ ਭਰਮਾਂ ਦੀ ਉਤਪਤੀ ਸੰਬੰਧੀ ਡਾ. ਵਣਜਾਰਾ ਬੇਦੀ ਲਿਖਦੇ ਹਨ, “ਮਨੁੱਖ ਪ੍ਰਾਕ੍ਰਿਤੀ ਦੇ ਸੁਭਾਵ ਨੂੰ ਸਮਝਣੋ ਅਸਮਰੱਥ ਹੋਣ ਕਰਕੇ ਡਰਿਆ ਤੇ ਸਹਿਮਿਆ ਰਹਿੰਦਾ ਸੀ, ਜਦੋਂ ਉਹ ਹਰ ਜੜ੍ਹ ਵਸਤੂ ਵਿਚ ਕਿਸੇ ਭਲੀ ਜਾਂ ਚੰਦਰੀ ਆਤਮਾ ਦੀ ਹੋਂਦ ਨੂੰ ਮੰਨ ਕੇ, ਉਸਦੇ ਚੰਗੇ ਪ੍ਰਭਾਵ ਨੂੰ ਗ੍ਰਹਿਣ ਕਰਨ ਤੇ ਚੰਦਰੇ ਤੋਂ ਮੁਕਤ ਹੋਣ ਲਈ ਕਈ ਰੀਤਾਂ ਤੇ ਟੂਣੇ ਕੀਤਾ ਕਰਦਾ ਸੀ ਤੇ ਹਰ ਘਟਨਾ ਕਿਸੇ ਗੈਬੀ ਸ਼ਕਤੀ ਕਰਕੇ ਵਾਪਰਦੀ ਹੈ, ਦਾ ਵਿਸ਼ਵਾਸ ਰਖਦਾ ਸੀ ਤਾਂ ਅਨੇਕਾਂ ਵਹਿਮਾਂ ਭਰਮਾਂ ਦਾ ਜਨਮ ਹੋਇਆ।”    ਵਹਿਮ ਭਰਮ ਅਤੇ ਵਿਸ਼ਵਾਸ ਇਕ ਦੂਸਰੇ ਤੇ ਟਿਕੇ ਹੋਏ ਹਨ। ਇਨ੍ਹਾਂ ਦੋਹਾਂ ਦਾ ਅੰਤਰ ਨਿਖੇੜ ਕਰਨਾ ਅਸੰਭਵ ਹੈ । ਡਾ. ਗੁਰਮੀਤ ਸਿੰਘ ਨੇ ਕੇ. ਡੀ. ਹੈਂਡ ਦੇ ਹਵਾਲੇ ਨਾਲ ਇਨ੍ਹਾਂ ਦਾ ਅੰਤਰ ਨਿਖੇੜ ਕਰਦੇ ਹੋਏ ਲਿਖਿਆ ਹੈ ਕਿ ਜਿਥੇ ਵਹਿਮ ਭਰਮ ਅਵਿਗਿਆਨਕ ਅਤੇ ਅਤਾਰਕਿਕ ਆਧਾਰਾਂ ਉਪਰ ਉਸਰੇ ਹੋਏ ਹੁੰਦੇ ਹਨ ਉਥੇ ਲੋਕ ਵਿਸ਼ਵਾਸ ਜ਼ਰੂਰੀ ਨਹੀਂ ਕਿ ਹਮੇਸ਼ਾਂ ਗ਼ਲਤ ਅਤੇ ਅਵਿਗਿਆਨਕ ਨਿਰਣੈ ਤੇ ਹੀ ਆਧਾਰਿਤ ਹੋਣ। ਲੋਕ ਵਿਸ਼ਵਾਸਾਂ ਦਾ ਆਧਾਰ ਪੂਰਨ ਜਾਂ ਅੰਸ਼ਕ ਰੂਪ ਵਿਚ ਤੱਥ ਵੀ ਹੋ ਸਕਦਾ ਹੈ।

  1. ਪੂਨੀ, ਬਲਬੀਰ ਸਿੰਘ (1991). ਲੋਕਧਾਰਾ. 42, ਗੁਰੂ ਤੇਗ ਬਹਾਦਰ ਨਗਰ , ਅੰਮ੍ਰਿਤਸਰ ।: ਵਾਰਿਸ ਸ਼ਾਹ ਫਾਉਂਡੇਸ਼ਨ.{{cite book}}: CS1 maint: location (link)