ਸੱਭਿਆਚਾਰਤੇ ਉਪ-ਸੱਭਿਆਚਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਭਿਆਚਾਰ ਕਿਉਂਕਿ ਇੱਕ ਵਿਸ਼ਾਲ ਤੌਰ ਉੱਤੇ ਵਿਆਪਕ ਵਰਤਾਰਾ ਹੈ, ਇਸ ਲਈ ਇਸ ਨੂੰ ਪਰਿਭਾਸ਼ਿਤ ਕਰਨ ਜਾਂ ਇਸ ਦੀ ਵਿਆਖਿਆ ਕਰਨ ਦੀ ਖੁੱਲ ਵੀ ਬਹੁਤ ਸਾਰੇ ਵਿਅਕਤੀਆਂ ਨੇ ਲਈ ਹੈ। ਜੇ ਸਭ ਦੀਆਂ ਪਰਿਭਾਸ਼ਾਵਾਂ ਨੂੰ ਇਕੱਠਿਆਂ ਕਰ ਦਿੱਤਾ ਜਾਵੇ ਤਾਂ ਸਭਿਆਚਾਰ ਬਾਰੇ ਸਪਸ਼ਟਤਾ ਹੋਣ ਦੀ ਥਾਂ ਧੁੰਦਲੇਪਨ ਤੇ ਹਨੇਰੇ ਵਿੱਚ ਬਦਲਣ ਦੀ ਸੰਭਾਵਨਾ ਹੀ ਵਧ ਸਕਦੀ ਹੈ। ਵੈਸੇ ਇਸ ਪਾਸੇ ਵੱਲ ਸੀਮਿਤ ਜਿਹਾ ਯਤਨ ਦੋ ਅਮਰੀਕੀ ਮਾਨਵ-ਵਿਗਿਆਨੀਆਂ ਕਰੋਬਰ ਅਤੇ ਕਲੋਕਹੌਨ ਨੇ, 1952 ਵਿੱਚ ਕੀਤਾ ਵੀ ਸੀ। ਜਦੋਂ ਉਹਨਾਂ ਨੇ ਲਗਭਗ ਪੌਣੇ ਦੋ ਕੁ ਸੌ ਪ੍ਰਮਾਣਿਕ ਪਰਿਭਾਸ਼ਾਵਾਂ ਨੂੰ ਲੈ ਕੇ ਉਹਨਾਂ ਦੀ ਇਤਿਹਾਸਕ ਅਤੇ ਆਲੋਚਨਾਤਮਕ ਪੁਣ-ਛਾਣ ਕੀਤੀ ਸੀ। ਇਸ ਪੁਣ-ਛਾਣ ਤੋਂ ਮਗਰੋਂ ਉਹਨਾਂ ਨੇ ਜਿਹੜੀ ਪਰਿਭਾਸ਼ਾਂ ਆਪ ਦਿੱਤੀ ਉਸ ਬਾਰੇ ਇਹ ਖ਼ਿਆਲ ਕੀਤਾ ਜਾਂਦਾ ਸੀ ਕਿ ਇਹ ਬਹੁਤੇ ਸਮਾਜ-ਵਿਗਿਆਨੀਆਂ ਅਤੇ ਮਾਨਵ-ਵਿਗਿਆਨੀਆਂ ਨੂੰ ਸੰਤੁਸ਼ਟ ਕਰੇਗੀ। ਪਰ ਇਹ ਇੰਜ ਕਰ ਸਕੀ ਜਾਂ ਨਹੀਂ ਇਸ ਬਾਰੇ ਸੰਦੇਹ ਹੀ ਹੈ। ਉਹਨਾਂ ਵਲੋ ਦਿਤੀ ਪਰਿਭਾਸ਼ਾਂ ਨੂੰ ਸਭਿਆਚਾਰ ਦੇ ਪੈਟਰਨ ਸਿਧਾਂਤ ਵਿੱਚ ਰੱਖਿਆ ਜਾਂਦਾ ਹੈ। “ਸਭਿਆਚਾਰ ਵਿੱਚ ਵਿਹਾਰ ਦੇ ਅਤੇ ਵਿਹਾਰ ਲਈ ਪ੍ਰਤੱਖ ਅਤੇ ਪ੍ਰੋਖ ਪੈਟਰਨ ਆ ਜਾਂਦੇ ਹਨ ਜਿਹੜੇ ਪ੍ਰਤੀਕਾਂ ਰਾਹੀਂ ਗ੍ਰਹਿਣ ਕੀਤੇ ਜਾਂਦੇ ਅਤੇ ਦੂਜਿਆਂ ਤੱਕ ਪੁਚਾਏ ਜਾਂਦੇ ਹਨ। ਇਹ (ਪੈਟਰਨ) ਮਨੁੱਖੀ ਸਮੂਹਾਂ ਦੀ ਵਿਲੱਖਣ ਪ੍ਰਾਪਤੀ ਹੁੰਦੇ ਹਨ, ਅਤੇ ਇਹਨਾਂ ਵਿੱਚ ਮਨੁੱਖ-ਸਿਰਜੀਆਂ ਵਸਤਾਂ ਵੀ ਆ ਜਾਂਦੀਆਂ ਹਨ, ਜਿਹੜੀਆਂ ਉਹਨਾਂ ਨੂੰ ਸਾਕਾਰ ਕਰਦੀਆਂ ਹਨ"।1 ਜਨ-ਸਧਾਰਨ ਦੀ ਪੱਧਰ ਉੱਤੇ ਸਭਿਆਚਾਰ ਦੀ ਸਭ ਤੋਂ ਸਰਲ ਪਰਿਭਾਸ਼ਾਂ ਅੰਗਰੇਜ਼ੀ ਦੇ ਵਿਸ਼ੇਸ਼ਣ ‘ਕਲਚਰਡ` (ਸੱਭਿਆਚਾਰ ਵਾਲਾ) ਤੋਂ ਅਗਵਾਈ ਲੈ ਕੇ ਕੀਤੀ ਜਾਂਦੀ ਹੈ। ਜਿਸ ਅਨੁਸਾਰ ਸਭਿਆਚਾਰ ਤੋਂ ਵਿਹਾਰ ਦੀ ਨਫ਼ਾਸਤ ਦਾ ਅਰਥ ਲਿਆ ਜਾਂਦਾ ਹੈ। ਇਹ ਸਭਿਆਚਾਰ ਦੇ ਬੇਹੱਦ ਸੀਮਿਤ ਅਰਥ ਹਨ, ਅਤੇ ਇਸਨੂੰ ਮਾਨਵ-ਵਿਗਿਆਨੀ ਹਿਰਸਕੋਵਿਤਸ ਸਭਿਆਚਾਰ ਦੀ `ਬੋਰਡਿੰਗ ਸਕੂਲ ਪਰਿਭਾਸ਼ਾ` ਕਹਿੰਦਾ ਹੈ। ਟਾਇਲਰ ਅਨੁਸਾਰ:- “ਸਭਿਆਚਾਰ ਉਹ ਜਟਿਲ ਸਮੂਹ ਹੈ ਜਿਸ ਵਿੱਚ ਗਿਆਨ, ਵਿਸ਼ਵਾਸ, ਕਲਾ, ਨੈਤਿਕਤਾ, ਕਾਨੂੰਨ, ਰੀਤੀ-ਰਿਵਾਜ ਅਤੇ ਹੋਰ ਸਭ ਸਮਰੱਥਾਵਾਂ ਅਤੇ ਆਦਤਾਂ ਆ ਜਾਂਦੀਆਂ ਹਨ, ਜਿਹੜੀਆਂ ਮਨੁੱਖ ਸਮਾਜ ਦੇ ਇੱਕ ਮੈਂਬਰ ਹੋਣ ਦੇ ਨਾਤੇ ਗ੍ਰਹਿਣ ਕਰਦਾ ਹੈ"।2 1,2. ਸਭਿਆਚਾਰ ਅਤੇ ਪੰਜਾਬੀ ਸਭਿਆਚਾਰ-ਡਾ. ਗੁਰਬਖ਼ਸ਼ ਸਿੰਘ ਫਰੈਂਕ, ਪੰਨਾ-18, 19 ਮਨੁੱਖ ਜਾਤੀ ਦੇ ਸੰਦਰਭ ਵਿੱਚ ਇੱਕ ਅਟੱਲ ਸਚਾਈ ਇਹ ਹੈ ਕਿ ਸਾਰੇ ਮਨੁੱਖੀ ਸਮੂਹ ਸਭਿਆਚਾਰਕ ਹੋਂਦ ਰੱਖਦੇ ਹਨ। ਕੋਈ ਵੀ ਸਮੂਹ ਭਾਵੇਂ ਉਹ ਵਿਕਾਸ ਦੇ ਕਿਸੇ ਵੀ ਪੜਾਅ ਉੱਤੇ ਕਿਉਂ ਨਾ ਹੋਵੇ, ਸੱਭਿਆਚਾਰ ਤੋਂ ਸੱਖਣਾ ਨਹੀਂ ਹੁੰਦਾ। ਸਭਿਆਚਾਰ ਮਨੁੱਖੀ ਜੀਵਨ ਦੇ ਵਿਕਾਸ ਦੀ ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ਦੇ ਵਿਭਿੰਨ ਤੱਤ ਹਰ ਪੀੜ੍ਹੀ ਨੂੰ ਚਿਹਨਾਤਮਕ ਆਦਾਨ ਪ੍ਰਦਾਨ ਰਾਹੀਂ ਪ੍ਰਾਪਤ ਹੁੰਦੇ ਹਨ। ਸੱਭਿਆਚਾਰ ਕਿਉਂਕਿ ਪੀੜ੍ਹੀ ਦਰ ਪੀੜ੍ਹੀ ਬੋਲਾਂ, ਸੰਕੇਤਾਂ ਅਤੇ ਚਿਹਨਾਂ ਰਾਹੀਂ ਗ੍ਰਹਿਣ ਹੁੰਦਾ ਹੈ ਅਤੇ ਅੱਗੇ ਤੋਰਿਆ ਜਾਂਦਾ ਹੈ, ਇਸ ਲਈ ਇਸ ਨੂੰ ਚਿਹਨਾਂ ਦੇ ਅਜਿਹੇ ਸਿਸਟਮ ਵਜੋਂ ਵੇਖਿਆ ਜਾ ਸਕਦਾ ਹੈ ਜਿਹੜਾ ਕਿਸੇ ਖ਼ਾਸ ਭੂਗੋਲਿਕ ਖਿਤੇ ਦੇ ਲੋਕਾਂ ਦੀ ਜੀਵਨ ਵਿਧੀ ਦੇ ਰੂਪ ਵਿੱਚ ਨਿਸ਼ਚਿਤ ਇਤਿਹਾਸਕ ਪੜਾਅ ਉੱਤੇ ਕਾਰਜ਼ਸ਼ੀਲ ਹੁੰਦਾ ਹੈ।

ਉਪ-ਸਭਿਆਚਾਰ[ਸੋਧੋ]

ਸੱਭਿਆਚਾਰ ਦਾ ਸੰਬੰਧ ਹਮੇਸ਼ਾ ਕਿਸੇ ਜਨ-ਸਮੂਹ ਜਾਂ ਸਮਾਜ ਨਾਲ ਹੁੰਦਾ ਹੈ, ਜਿਸ ਦੇ ਨਾਂ ਨਾਲ ਇਹ ਜਾਣਿਆ ਜਾਂਦਾ ਹੈ, ਜਿਵੇਂ ਪੰਜਾਬੀ, ਬੰਗਾਲੀ, ਰੂਸੀ ਆਦਿ। ਪਰ ਕੋਈ ਵੀ ਮਨੁੱਖੀ ਜਨ-ਸਮੂਹ ਜਾਂ ਸਮਾਜ ਇਕਸਾਰ ਬਣਤਰ ਵਾਲਾ ਨਹੀਂ ਹੁੰਦਾ, ਭਾਵੇਂ ਉਹ ਵਿਕਾਸ ਦੇ ਮੁੱਢਲੇ ਪੜਾਅ ਉੱਤੇ ਹੀ ਕਿਉਂ ਨਾ ਹੋਵੇ, ਉਸ ਵਿੱਚ ਕਿੱਤੇ, ਰੁਤਬੇ, ਜਮਾਤ, ਧਰਮ, ਇਲਾਕੇ, ਵਿੱਦਿਆ, ਭਾਸ਼ਾਈ ਫ਼ਰਕਾਂ ਆਦਿ ਦੇ ਆਧਾਰ ਉੱਤੇ ਅੰਗੋ ਉਪ-ਸਮੂਹ ਬਣੇ ਹੁੰਦੇ ਹਨ। ਇਹ ਉਪ ਸਮੂਹ ਆਪਣੇ ਵੱਡੇ ਜਨ-ਸਮੂਹ ਨਾਲ ਜਾਂ ਸਮਾਜ ਨਾਲ ਵਧੇਰੇ ਸਾਂਝ ਰੱਖਦੇ ਹੋਏ ਵੀ ਕੁਝ ਵਿਲੱਖਣ ਤੱਤ ਰੱਖਦੇ ਹਨ। ਇਸ ਲਈ ਇਹਨਾਂ ਨੂੰ ਉਪ-ਸਭਿਆਚਾਰ ਕਿਹਾ ਜਾਂਦਾ ਹੈ। ਸਭਿਆਚਾਰ ਅਤੇ ਉਪ-ਸਭਿਆਚਾਰ ਵਿਚਲੇ ਵਖਰੇਵਾਂ ਸਭਿਆਚਾਰ ਵਰਤਾਰਿਆਂ ਨੂੰ ਪ੍ਰਗਟ ਕਰਦੇ ਪੈਟਰਨਾਂ ਤੇ ਨਿਰਭਰ ਕਰਦਾ ਹੈ, ਜਿਹੜੇ ਪੈਟਰਨ ਸਮਾਜਕ ਪ੍ਰਬੰਧ ਦੇ ਸਮੁੱਚ ਦੇ ਮੁਕਾਬਲੇ ਇਸ ਦੇ ਕਿਸੇ ਉਪ-ਅੰਗ ਨੂੰ ਪ੍ਰਗਟ ਕਰਦੇ ਹਨ। ਉਹ ਉਪ-ਸੱਭਿਆਚਾਰ ਨਾਲ ਸੰਬੰਧਿਤ ਹੁੰਦੇ ਹਨ। ਇਹਨਾਂ ਵਿੱਚ ਕਿੱਤੇ, ਰੁਤਬੇ, ਜਮਾਤ, ਧਰਮ, ਇਲਾਕਾਈ, ਬਣਤਰ, ਵਿੱਦਿਆ ਅਤੇ ਭਾਸ਼ਾਈ ਵਖਰੇਵੇਂ ਨਾਲ ਸੰਬੰਧਿਤ ਤੱਤ ਸ਼ਾਮਿਲ ਹੁੰਦੇ ਹਨ। ਅਮੈਰੀਕਨ ਸ਼ੋਸ਼ਿਆਲੋਜ਼ੀਕਲ ਰਿਵਿਊ ਵਿੱਚ ਲਿਖਿਆ ਹੈ:- “ਅਸਲ ਵਿੱਚ ਰੂਪ ਜਾਂ ਪ੍ਰਕਿਰਿਆ ਦੀ ਨਿਰੰਤਰਤਾ ਦੇ ਨੇੜੇ ਅਜਿਹੇ ਨਿਯਮ ਜੋ ਕਿ ਸਮੇਂ ਅਨੁਸਾਰ ਸਭਿਆਚਾਰ ਲਈ ਬਣਾਏ ਜਾਂਦੇ ਹਨ। ਉਹ ਸਰੂਪ ਵਜੋਂ ਉਪ-ਸੱਭਿਆਚਾਰ ਹੁੰਦੇ ਹਨ"। 3.ਮਾਝੀ ਤੇ ਮਲਵਈ ਉਪ-ਸਭਿਆਚਾਰ ਤੁਲਨਾਤਮਕ ਅਧਿਐਨ- ਡਾ. ਬਰਿੰਦਰ ਕੌਰ

ਸਭਿਆਚਾਰ ਅਤੇ ਉਪ-ਸਭਿਆਚਾਰ ਦਾ ਆਪਸ ਵਿੱਚ ਰਿਸ਼ਤਾ[ਸੋਧੋ]

ਸਾਰੇ ਉਪ-ਸਭਿਆਚਾਰਾਂ ਦੇ ਸਾਂਝੇ ਤੱਤ ਮਿਲ ਕੇ ਮੂਲ ਸਭਿਆਚਾਰ ਦਾ ਕੇਂਦਰਿਕ ਬਣਦੇ ਹਨ। ਜ਼ਾਹਰ ਹੈ ਕਿ ਮੂਲ-ਸਭਿਆਚਾਰ ਸਾਰੇ ਹੀ ਉਪ-ਸਭਿਆਚਾਰਾਂ ਵਿੱਚ ਪ੍ਰਧਾਨ ਮਾਤਰਾ ਵਿੱਚ ਹੋਵੇਗਾ, ਨਹੀਂ ਤਾਂ ਉਪ-ਸਭਿਆਚਾਰ ਦੇ ਫ਼ਰਕ ਇਸ ਉੱਤੇ ਹਾਵੀ ਹੋ ਜਾਣਗੇ, ਅਤੇ ਉਹ ਉਪ-ਸਭਿਆਚਾਰ ਵਜੋਂ ਆਪਣੀ ਹੋਂਦ ਜਿਤਲਾਉਣ ਲੱਗ ਜਾਣਗੇ। ਸਭਿਆਚਾਰਾਂ ਦੇ ਇਤਿਹਾਸ ਵਿੱਚ ਕੋਈ ਐਸੀ ਗੱਲ ਵਾਪਰ ਜਾਣਾ ਅਣਹੋਣੀ ਨਹੀਂ ਹੈ। ਮੂਲ ਸਭਿਆਚਾਰ ਦੀ ਬਣਤਰ ਵਿੱਚ ਉਪ-ਸਭਿਆਚਾਰ ਦੇ ਤੱਤ ਪ੍ਰਧਾਨ ਮਾਤਰਾ ਵਿੱਚ ਹੁੰਦੇ ਹਨ। ਜੇ ਅਜਿਹਾ ਨਾ ਹੋਵੇ ਤਾਂ ਕੋਈ ਵੀ ਉਪ-ਸਭਿਆਚਾਰ ਆਪਣੀ ਸੁਤੰਤਰ ਹੋਂਦ ਜਿਤਲਾਉਣ ਲੱਗ ਜਾਂਦਾ ਹੈ। ਸਭਿਆਚਾਰ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਅਕਸਰ ਵਾਪਰ ਸਕਦਾ ਹੈ। ਸੋ ਜੋ ਸੰਬੰਧ ਕੇਂਦਰੀ ਮਿਆਰੀ ਜਾਂ ਟਕਸਾਲੀ ਭਾਸ਼ਾਂ ਅਤੇ ਉਪਭਾਸ਼ਾ ਵਿਚਕਾਰ ਹੁੰਦਾ ਹੈ, ਲਗਭਗ ਉਸੇ ਕਿਸਮ ਦਾ ਸੰਬੰਧ ਸਭਿਆਚਾਰ ਅਤੇ ਉਪ-ਸਭਿਆਚਾਰ ਵਿਚਕਾਰ ਹੁੰਦਾ ਹੈ। ਸਭਿਆਚਾਰ ਅਤੇ ਉਪ-ਸੱਭਿਆਚਾਰ ਕਾਫ਼ੀ ਹੱਦ ਤੱਕ ਸਾਪੇਖਕ ਸ਼ਬਦ ਹਨ, ਅਤੇ ਇੱਕ ਦੂਜੇ ਦੀ ਥਾਂ ਲੈ ਸਕਦੇ ਹਨ। ਸੋ ਇਕੋ ਥਾਂ ਉੱਪਰ ਮੁੱਖ ਸਭਿਆਚਾਰ ਹੈ। ਪਰ ਹਰ ਉਪ-ਸਭਿਆਚਾਰ ਹੀ ਮੁੱਖ ਸਭਿਆਚਾਰ ਨਹੀਂ ਹੋ ਸਕਦਾ। ਸਭਿਆਚਾਰ ਅਤੇ ਉਪ-ਸਭਿਆਚਾਰ, ਕੌਮ ਅਤੇ ਕੌਮੀਅਤ ਦੇ ਰੂਪ ਧਾਰਨ ਦੇ ਅਮਲ ਨਾਲ ਸਿੱਧਾ ਸੰਬੰਧ ਹੈ। ਇਹ ਅਮਲ ਆਪਣੇ ਆਪ ਵਿੱਚ ਬੇਹੱਦ ਜਟਿਲ ਹੈ। ਮੁੱਖ ਸਭਿਆਚਾਰ ਅਤੇ ਉਪ- ਸਭਿਆਚਾਰ, ਬਹੁਗਿਣਤੀ ਸਭਿਆਚਾਰ ਅਤੇ ਘੱਟ ਗਿਣਤੀ ਸਭਿਆਚਾਰ ਕੌਮੀ ਸੰਦਰਭ ਵਿੱਚ ਅੱਜ ਮਹੱਤਵਪੂਰਨ ਹੁੰਦਾ ਹੈ।

ਸਹਾਇਕ ਪੁਸਤਕਾਂ[ਸੋਧੋ]

1. ਸਭਿਆਚਾਰ ਅਤੇ ਪੰਜਾਬੀ ਸਭਿਆਚਾਰ-ਡਾ. ਗੁਰਬਖ਼ਸ਼ ਸਿੰਘ ਫਰੈਂਕ ਪ੍ਰਕਾਸ਼ਨ:- ਵਾਰਿਸ ਸ਼ਾਹ ਫ਼ਾਉਂਡੇਸ਼ਨ, ਅ੍ਰਮਿੰਤਸਰ। 2. ਪੰਜਾਬੀ ਅਧਿਐਨ ਅਤੇ ਅਧਿਆਪਨ ਬਦਲਦੇ ਪਰਿਪੇਖ- ਡਾ. ਜੀਤ ਸਿੰਘ ਜੋਸ਼ੀ ਪ੍ਰਕਾਸ਼ਨ:- ਵਾਰਿਸ ਸ਼ਾਹ ਫ਼ਾਉਂਡੇਸ਼ਨ, ਅ੍ਰਮਿੰਤਸਰ ਪੰਨਾ-83

3. ਮਾਝੀ ਤੇ ਮਲਵਈ ਉਪ-ਸਭਿਆਚਾਰ ਤੁਲਨਾਤਮਕ ਅਧਿਐਨ -ਡਾ. ਬਰਿੰਦਰ ਕੌਰ