ਸਾਈਮਨ ਜੇ. ਬ੍ਰੋਨਰ ਦਾ ਲੋਕਧਾਰਾ ਚਿੰਤਨ
[1] ਸਾਈਮਨ ਜੇ ਬ੍ਰੋਨਰ ਅਮਰੀਕੀ ਲੋਕ-ਧਾਰਾ ਅਨੁਸ਼ਾਸਨ ਵਿਚ ਮਹੱਤਵਪੂਰਨ ਹਸਤਾਖਰ ਹੈ । ਉਸ ਨੇ ਰਿਚਰਡ ਡੋਰਸਨ , ਐਲਾਨ ਡੰਡੀਜ਼ , ਡੋਬ ਯੋਦਰ , ਡੈਨ ਬੈਨ ਐਮਸ ਆਦਿ ਲੋਕ-ਧਾਰਾ ਸ਼ਾਸਤਰੀਆਂ ਦੀ ਪਰੰਪਰਾ ਨੂੰ ਅਗਾਂਹ ਤੋਰਿਆ ਹੈ । ਇਸ ਸਮੇਂ ਜਦੋਂ ਲੋਕ-ਧਾਰਾ ਅਨੁਸ਼ਾਸਨ ਇਕ ਸੁਤੰਤਰ ਅਨੁਸ਼ਾਸਨ ਵਜੋਂ ਇਕ ਗੰਭੀਰ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ ਤਾਂ ਸਾਈਮਨ ਜੇ. ਬ੍ਰੋਨਰ ਵਰਗੇ ਲੋਕ-ਧਾਰਾ ਸ਼ਾਸਤਰੀਆਂ ਦੁਆਰਾਂ ਕੀਤਾ ਜਾ ਰਿਹਾ ਕੰਮ ਸਾਡੇ ਲਈ ਆਸ ਦੀ ਉਮੀਦ ਜਗਾਉਂਦਾ ਹੈ ਕਿ ਲੋਕ-ਧਾਰਾ ਅਨੁਸ਼ਾਸਨ ਇਕ ਜੀਵੰਤ ਅਤੇ ਸੁਤੰਤਰ ਅਨੁਸ਼ਾਸਨ ਹੈ , ਜਿਸ ਦੇ ਰਾਹੀਂ ਕਿਸੇ ਸਮਾਜ ਅਤੇ ਉਸ ਦੇ ਲੋਕਾਂ ਦੇ ਜੀਵਨ ਨਾਲ ਸੰਬੰਧਤ ਵਿਭਿੰਨ ਪਾਸਾਰਾਂ ਨੂੰ ਦਿ੍ਰਸਟੀਕੋਣਾਂ ਤੋਂ ਸਮਝਿਆ- ਵਿਚਾਰੀਆਂ ਜਾ ਸਕਦਾ ਹੈ ਅਤੇ ਇਸ ਅਨੁਸ਼ਾਸਨ ਨੂੰ ਜੀਵੰਤ ਅਤੇ ਸੁਤੰਤਰ ਰਖਿਆ ਜਾਣਾ ਅਤਿ ਲੋੜੀਂਦਾ ਹੈ ।
ਸਾਈਮਨ ਜੇ ਬ੍ਰੋਨਰ ਦਾ ਜਨਮ 7 ਅਪ੍ਰੈਲ 1954 ਨੂੰ ਇਜਰਾਈਲ ਦੇ ਸ਼ਹਿਰ ਹਾਈਫਾ ਵਿਖੇ ਹੋਇਆਂ । ਉਸ ਦੇ ਮਾਤਾ ਪਿਤਾ 1960 ਵਿਚ ਅਮਰੀਕਾ ਵਿੱਚ ਪ੍ਰਵਾਸ ਧਾਰਨ ਕਰ ਗਏ । ਬ੍ਰੋਨਰ ਨੇ ਆਪਣੇ ਮਾਪਿਆ ਤੋਂ ਨਸਲਕੁਸ਼ੀ ਦੇ ਵਰਤਾਰੇ ਬਾਰੇ ਬਹੁਤ ਕੁਝ ਗ੍ਰਹਿਣ ਕੀਤਾ । ਬ੍ਰੋਨਰ ਦਾ ਬਚਪਨ ਸਿਕਾਗੋ ਅਤੇ ਨਿਊਯਾਰਕ ਵਿਖੇ ਬੀਤਿਆ । ਉਸ ਨੇ ਆਪਣੀ ਬੀ. ਏ. ਦੀ ਡਿਗਰੀ ਬਿੰਘਮਟਨ ਯੂਨੀਵਰਸਿਟੀ ਤੋਂ 1974 ਵਿੱਚ ਹਾਸਿਲ ਕੀਤੀ । ਇਸ ਤੋਂ ਉਪਰੰਤ ਉਹ ਸਟੇਟ ਯੂਨੀਵਰਸਿਟੀ ਆਫ ਨਿਊ ਯਾਰਕ ਵਿੱਚ ਜਾ ਦਾਖਲ ਹੋਇਆਂ ਜਿੱਥੋਂ ਉਸ ਨੇ 1977 ਵਿੱਚ ਅਮਰੀਕੀ ਲੋਕ- ਸਭਿਆਚਾਰ ਵਿੱਚ ਐਮ . ਏ. ਦੀ ਡਿਗਰੀ ਹਾਸਲ ਕੀਤੀ । ਇਹ ਉਹ ਸਮਾਂ ਸੀ ਜਦੋਂ ਅਮਰੀਕਾ ਵਿੱਚ ਲੋਕ-ਧਾਰਾ ਅਧਿਐਨ ਆਪਣੇ ਸਿਖਰਾਂ ਉਤੇ ਸੀ । 1981 ਵਿੱਚ ਉਸ ਨੇ ਇਡਿਆਨਾ ਯੂਨੀਵਰਸਿਟੀ ਤੋਂ ਪੀ.ਐਚ.ਡੀ. ਦੀ ਡਿਗਰੀ ਹਾਸਲ ਕੀਤੀ । ਉਸ ਦੀ ਖੋਜ ਦਾ ਵਿਸ਼ਾ Chain Carvers in Southern Indiana :A Behavioristic Study in Materal Culture ਸੀ । ਇਹੀ ਇੰਡਿਆਨਾ ਯੂਨੀਵਰਸਿਟੀ ਉਸ ਸਮੇਂ ਅਮਰੀਕਾ ਵਿੱਚ ਲੋਕ-ਧਾਰਾ ਅਧਿਐਨ ਦਾ ਵੱਡਾ ਕੇਂਦਰ ਸੀ ਅਤੇ ਰਿਚਰਡ ਡੋਰਸਨ ਇਸੇ ਯੂਨੀਵਰਸਿਟੀ ਵਿਚਲੇ ਹੀ Folklore Institute ਦਾ ਡਾਇਰੈਕਟਰ ਸੀ ।
ਜਿੱਥੇ ਬ੍ਰੋਨਰ ਨੇ ਅਮਰੀਕਾ ਵਿਚਲੀਆਂ ਬਹੁਤ ਸਾਰੀਆਂ ਯੂਨੀਵਰਸਿਟੀ ਵਿੱਚ ਅਧਿਆਪਨ ਅਤੇ ਖੋਜ ਕਾਰਜ ਕਰਵਾਇਆਂ , ਉੱਥੇ ਹੀ ਉਸ ਨੇ ਨੀਦਰਲੈਡ ਅਤੇ ਜਪਾਨ ਦੀਆਂ ਯੂਨੀਵਰਸਿਟੀ ਵਿੱਚ ਵਿਭਿੰਨ ਅਹੁਦਿਆਂ ਅਧੀਨ ਅਧਿਆਪਨ ਅਤੇ ਖੋਜ ਕਾਰਜ ਕੀਤਾ । ਅੱਜ ਕੱਲ ਉਹ ਵਿਸਕੌਨਸਿਨ ਯੂਨੀਵਰਸਿਟੀ , ਮਿਲਵੌਕੀ ਵਿਖੇ ਜਨਰਲ ਸਟੱਡੀਜ ਦੇ ਕਾਲਜ ਦੇ ਡੀਨ ਅਤੇ ਸਮਾਜ ਵਿਗਿਆਨਾਂ ਦੇ ਵਿਸ਼ਿਸ਼ਟ ਪ੍ਰੋਫੈਸਰ ਦੇ ਅਹੁਦੇ ਉਤੇ ਕਾਰਜਸ਼ੀਲ ਹੈ ।
ਬ੍ਰੋਨਰ ਦੁਆਰਾ ਹੁਣ ਤੱਕ ਕੀਤੇ ਸਮੁੱਚੇ ਕਾਰਜ ਨੂੰ ਇੱਥੇ ਦਰਸਾ ਸਕਣਾ ਸੰਭਵ ਨਹੀਂ ਹੈ ਕਿਉਜੋ ਇਸ ਦੀ ਮਾਤਰਾ ਬਹੁਤ ਅਧਿਕ ਹੈ । ਇਸ ਲਈ ਉਸ ਦੁਆਰਾਂ ਰਚਿਤ ਕੁਝ ਮਹੱਤਵਪੂਰਨ ਪੁਸਤਕਾਂ ਦਾ ਜ਼ਿਕਰ ਕੀਤਾ ਗਿਆ ਹੈ :
1 Jewish Cultural Studies : Essays on the Conceptualization , Ritualization and Narration of Tradition and Modernity (2021: Forthcoming )
2 Folklore : The Basics (2017)
3. Encyclopaedia of American Folklore life , ਚਾਰ ਜਿਲਦਾਂ ਵਿੱਚ (2006)
4 American Folklore Studies : An intellectual History (1986)
ਹੱਥਲੀ ਸੂਚੀ ਕੇਵਲ ਪੁਸਤਕਾਂ ਦੀ ਹੈ । ਉਸ ਦੇ ਦੁਆਰਾਂ ਲਿਖੇ ਗਏ ਖੋਜ ਪੱਤਰਾਂ ਦੀ ਲੰਬੀ ਸੂਚੀ ਮੌਜੂਦ ਹੈ ਪਰ ਉਸ ਨੂੰ ਹਥਲੇ ਖੋਜ ਪੱਤਰ ਦੀਵੇਖਦਿਆਂ ਦੇ ਪਾਉਣਾ ਸੰਭਵ ਨਹੀਂ ਹੈ । ਇਨਾਂ ਪੁਸਤਕਾਂ ਤੋਂ ਸਪੱਸ਼ਟ ਹੈ ਕਿ ਬ੍ਰੋਨਰ ਨੇ ਸਥਾਨਕ ਅਮਰੀਕੀ ਲੋਕ-ਧਾਰਾ ਦੇ ਨਾਲ ਨਾਲ ਲੋਕ-ਧਾਰਾ ਦੇ ਸਿਧਾਤਕ ਪੱਖਾਂ , ਅਮਰੀਕਾ ਵਿੱਚ ਲੋਕ-ਧਾਰਾ ਅਧਿਐਨ ਦੀ ਇਤਿਹਾਸਕਾਰੀ , ਲੋਕ-ਧਾਰਾ ਉਤੇ ਖੋਜ ਕਰਨ ਵਾਲੇ ਵਿਦਵਾਨਾਂ ਦੇ ਕੰਮ ਦਾ ਲੇਖਾ ਜੋਖਾ ਕਰਨ ਤੇ ਲੋਕ-ਧਾਰਾ ਬਾਰੇ ਵਿਸਕੋਸੀ ਗਿਆਨ ਦੇ ਖੇਤਰਾਂ ਵਿੱਚ ਕੰਮ ਕੀਤਾ ਹੈ ਅਤੇ ਨਾਲ ਦੀ ਨਾਲ ਲੋਕ-ਧਾਰਾ ਅਧਿਐਨ ਨਾਲ ਸੰਬੰਧਿਤ ਪਾਠ ਪੁਸਤਕ ਸਮੱਗਰੀ ਦਾ ਉਤਪਾਦਨ ਵੀ ਕੀਤਾ ਹੈ । ਡੋਰਸਨ ਜਦੋਂ ਲੋਕ-ਧਾਰਾ ਅਧਿਐਨ ਨੂੰ ਇਕ ਸੁਤੰਤਰ ਪਛਾਣ ਵਾਲੇ ਅਨੁਸ਼ਾਸਨ ਦੇ ਰੂਪ ਵਿੱਚ ਸੰਕਲਪਦਾ ਹੈ ਤਾਂ ਉਹ ਇਨਾਂ ਸਾਰੇ ਖੇਤਰਾਂ ਵਿੱਚ ਕੰਮ ਕਰਨਾ ਜ਼ਰੂਰੀ ਸਮਝਦਾ ਹੈ ।
ਹਥਲੇ ਖੋਜ ਪੱਤਰ ਦਾ ਮੂਲ ਮਨੋਰਥ ਬ੍ਰੋਨਰ ਦੇ ਸਮੁੱਚੇ ਲੋਕ-ਧਾਰਾ ਚਿੰਤਨ ਵਿੱਚੋਂ ਉਸ ਦੁਆਰਾਂ ਪਰੰਪਰਾ ਦੇ ਖੇਤਰ ਵਿੱਚ ਕੀਤੇ ਅਧਿਐਨ ਨੂੰ ਸਮਝਦਾ ਹੈ । ਇਸ ਲਈ ਉਸ ਦੀ ਪੁਸਤਕ Following Tradition : Folklore in The Discourse of American Culture ( 1998 ) ਦੇ ਪਹਿਲੇ ਅਧਿਆਇ ਨੂੰ ਆਧਾਰ ਬਣਾਇਆ ਗਿਆ ਜਿਸ ਵਿੱਚ ਉਸ ਨੇ ਪਰੰਪਰਾ ਦੇ ਬਾਰੇ ਸਿਧਾਂਤ ਦੀ ਪੱਧਰ ਉਤੇ ਚਰਚਾ ਕੀਤੀ ਹੈ । ਲੋਕ-ਧਾਰਾ ਦੇ ਤੱਤਾਂ ਦੀ ਗੱਲ ਕਰਦਿਆਂ ਪਰੰਪਰਾ ਨੂੰ ਲੋਕ-ਧਾਰਾ ਦਾ ਪ੍ਰਮੁੱਖ ਅੰਗ ਮੰਨਿਆਂ ਜਾਂਦਾ ਹੈ , ਇਸ ਲਈ ਇਸ ਤੱਤ ਨੂੰ ਸਮਝਣ ਲਈ ਬ੍ਰੋਨਰ ਦੀ ਇਸ ਪੁਸਤਕ ਤੋਂ ਸੇਧ ਲਈ ਜਾ ਸਕਦੀ ਹੈ । ਜਿਵੇਂ ਕਿ ਇਸ ਪੁਸਤਕ ਦੇ ਨਾਮ ਤੋਂ ਸਪੱਸ਼ਟ ਹੈ ਕਿ ਇਸ ਵਿੱਚ ਆਧਾਰ ਸਮੱਗਰੀ ਵਜੋਂ ਅਮਰੀਕੀ ਸੱਭਿਆਚਾਰ ਨੂੰ ਲਿਆ ਗਿਆ ਹੈ ।
ਇਸ ਪੁਸਤਕ ਦੇ ਪਹਿਲੇ ਅਧਿਆਏ ਦੇ ਨਾਮ The Problem OF Tradition ਹੈ ਅਤੇ ਬ੍ਰੋਨਰ ਨੇ ਇਸ ਅੱਧਿਅਇ ਮੁੱਖ ਰੂਪ ਵਿੱਚ ਪਰੰਪਰਾ ਦੀ ਸਿਧਾਤਕਾਰੀ ਕਰਦਿਆਂ ਵਿਭਿੰਨ ਕਾਰਜ ਖੇਤਰਾਂ ਜਿਵੇਂ ਲੋਕ-ਧਾਰਾ ਅਤੇ ਪਰੰਪਰਾ ਦਾ ਅਧਿਐਨ , ਪ੍ਰਚਲਿਤ ਪ੍ਰਵਚਨ ਵਿੱਚ ਲੋਕ ਅਤੇ ਪਰੰਪਰਾ , ਵਿਦਵਤਾਪੂਰਨ ਪ੍ਰਵਚਨ ਵਿੱਚ ਪਰੰਪਰਾ , ਪ੍ਰੈਸ , ਰਾਜਨੀਤੀ ਆਦਿ ਵਿੱਚ ਇਸ ਦੇ ਵਿਭਿੰਨ ਸਰੋਕਾਰਾਂ ਬਾਰੇ ਚਰਚਾ ਕਰਦਾ ਹੈ ।
ਅਮਰੀਕਾ ਵਿੱਚ ਜਿੱਥੇ ਕਿ ਲੋਕ-ਧਾਰਾ ਅਧਿਐਨ ਬਹੁਤ ਸਮਾਂ ਪਹਿਲਾਂ (1888ਈ.) ਤੋਂ ਹੀ ਆਰੰਭ ਹੋ ਚੁੱਕੇ ਸਨ, ਇਹਨਾਂ ਅਧਿਐਨ ਵਿੱਚ ਲੋਕ-ਧਾਰਾ ਵਿਗਿਆਨੀਆਂ ਨੇ ਪਰੰਪਰਾ ਨੂੰ ਇਕ ਸੰਕਲਪ ਵਜੋਂ ਬਹੁਤ ਦੇਰ ਚਿਤਵਣ ਦੀ ਕੋਸ਼ਿਸ਼ ਹੀ ਨਹੀਂ ਕੀਤੀ । ਪਰੰਪਰਾ ਨੂੰ ਇਕ keyword ਮੰਨਦੇ ਹੋਏ ਇਸ ਬਾਰੇ ਪਹਿਲੀ ਅਧਿਐਨ (1995)ਵਿੱਚ ਸਾਹਮਣੇ ਆਉਂਦਾ ਹੈ । ਇਹ ਜਨਰਲ ਆਫ ਅਮੈਰੀਕਨ ਫੋਕਲੋਰ ਵਿੱਚ ਪ੍ਰਕਾਸਿਤ ਹੁੰਦਾ ਹੈ ਜਿਸ ਨੂੰ ਹੈਨਰੀ ਗਲਾਸੀ ਨੇ ਸਾਡੇ ਸਾਹਮਣੇ ਲੈ ਕੇ ਆਦਾ । ਹਾਲਾਕਿ ਇਸ ਤੋਂ ਪਹਿਲਾ ਕੁਝ ਵਿਦਵਾਨਾਂ ਜਿਵੇਂ ਡੈਨ ਬੈੱਨ ਐਮਸ (Dan Ban Amos) ਐਡਵਰਡ ਸ਼ਿਲ(Edward shils ) ਐਸ . ਐਨ. (S.N. Elsenstadt) ਆਦਿ ਨੇ ਇਸ ਬਾਰੇ ਖੋਜ ਪੱਤਰ ਵੱਖ ਵੱਖ ਜਨਰਲਾਂ ਵਿੱਚ ਪ੍ਰਕਾਸ਼ਿਤ ਕਰਵਾਏ ।
ਲੋਕ-ਧਾਰਾ ਦੇ ਇਕੱਤਰੀਕਰਨ ਦਾ ਮੁੱਢਲਾ ਕਾਰਜ ਜਰਮਨ ਵਿੱਚ ( ਗਿ੍ਰਮ ਭਰਾਵਾਂ ਦੁਆਰਾ ) 19 ਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਸ਼ੁਰੂ ਹੋ ਚੁੱਕਾ ਸੀ । ਇਸ ਤੋਂ ਬਾਅਦ 1830 ਤੋਂ ਲੈ ਕੇ 185੦ ਤੱਕ ਜੌਨ ਵਾਟਸਨ ( John Watson ) ਨੇ Traditionary Lore ਦੇ ਸੰਕਲਪ ਅਧੀਨ ਇਕੱਤਰੀਕਰਨ ਦਾ ਕਾਰਜ ਕੀਤਾ । ਹਾਲਾਂਕਿ 1846 ਵਿੱਚ ਵਿਲਿਅਮ ਜੇ. ਥੌਮਸ ( Williams j. Thomas) ਦੁਆਰਾ ਘੜਿਆ ਗਿਆ ਸੰਕਲਪ Folklore ਵਾਟਸਨ ਦੇ ਸੰਕਲਪ ਦੇ ਬਦਲ ਵਜੋਂ ਵਧੇਰੇ ਪ੍ਰਚਲਿਤ ਹੋ ਗਿਆ । (Bronner: 20 ) ਅਮਰੀਕਾ ਵਿੱਚ ਲੋਕ-ਧਾਰਾ ਅਧਿਐਨ ਮੁੱਖ ਰੂਪ ਵਿੱਚ ਅਮਰੀਕੀਆਂ ਲੋਕ-ਧਾਰਾ ਸੋਸਾਇਟੀ ( American Folklore Society) ਦੀ ਸਥਾਪਨਾ ਨਾਲ ਆਰੰਭ ਹੁੰਦੇ ਹਨ ਜਦੋਂ ਵਿਲੀਅਮ ਨਵੈੱਲ (William Newell) ਅਤੇ ਫ਼ਰਾਕ ਬੋਅਸ ( Franz Boas) ਜਿਹੇ ਕੁਝ ਵਿਦਵਾਨ ਇਗਲੈਡ ਦੀ ਫੋਕਲੋਰ ਸੁਸਾਇਟੀ ( Folklore Society ) ਵੱਲ ਵੇਖ ਕੇ ਅਮਰੀਕਾ ਵਿੱਚ ਅਜਿਹੀ ਹੀ ਸੰਸਥਾ ਖੜੀ ਕਰਦੇ ਹਨ । ਅਮਰੀਕਾ ਵੀ ਕਿਉਂਕਿ ਇੰਗਲੈਂਡ ਦੇ ਅਧੀਨ ਰਿਹਾ ਸੀ , ਸੋ ਇਸ ਦਾ ਅਸਰ ਅਮਰੀਕਾ ਉਤੇ ਪੈਣਾ ਵੀ ਸੁਭਾਵਿਕ ਸੀ । ਇੰਗਲੈਂਡ ਦੇ ਵਿਦਵਾਨ ਜਿੱਥੇ ਆਪਣੀਆਂ ਬਸਤੀਆਂ ਵਿੱਚ ਬਸਤੀਵਾਦੀ ਪਹੁੰਚ ਕਾਰਨ ਲੋਕ-ਧਾਰਾ ਬਾਰੇ ਇਕੱਤਰੀਕਰਨ ਦਾ ਕਾਰਜ ਕਰਦੇ ਹੋਏ ਸਥਾਨਕ ਸਭਿਆਚਾਰਾਂ ਬਾਰੇ ਬਹੁਤ ਹੀ ਅਪਮਾਨਜਨਕ ਪਹੁੰਚ ਰੱਖਦੇ ਸਨ, ਇਸ ਦਾ ਕੁਝ ਅਸਰ ਨਵੈਲ ਉਤੇ ਵੀ ਪਿਆ । ਨਵੈਲ ਲੋਕ-ਧਾਰਾ ਨੂੰ ਲੋਕਪਿ੍ਰਯ ਪਰੰਪਰਾਵਾਂ ਦੇ ਅਧਿਐਨ ਵਜੋਂ ਪਰਿਭਾਸਿਤ ਕਰਦਿਆਂ ਅਕਸਰ ਲੋਕਪਿ੍ਰਯ ਪਰੰਪਰਾਵਾਂ ਨੂੰ ਅਸ਼ਿਸਟ , ਉਜੱਡ ਅਤੇ ਪਿਛਾੜੀਆਂ ਹੋਇਆਂ ਮੰਨਦਾ ਸੀ ਅਤੇ ਉਸ ਅਨੁਸਾਰ ਇਹ ਪਰੰਪਰਾਵਾਂ ਉਦਯੋਗਿਕ ਸੱਭਿਅਤਾ ਦੇ ਵਿਕਾਸ ਉੱਪਰ ਰੋਸ਼ਨੀ ਪਾਉਣ ਤੋਂ ਬਿਲਕੁਲ ਅਯੋਗ ਸਨ । ਉਸ ਨੇ ਪਰੰਪਰਾਵਾਂ ਨੂੰ ‘ਪ੍ਰਾਚੀਨ ਭੰਡਾਰ ‘ ਨਾਲ ਜੋੜ ਕੇ ਵੇਖਣ ਦਾ ਯਤਨ ਕੀਤਾ ।
ਭਾਰਤ ਵਿੱਚ ਪਰੰਪਰਾ ਦੀ ਸਥਿਤੀ ਅਤੇ ਅਮਰੀਕਾ ਵਿੱਚ ਪਰੰਪਰਾ ਦੀ ਸਥਿਤੀ ਵਿੱਚ ਵੀ ਬਹੁਤ ਅੰਤਰ ਹੈ । ਹਾਲਾਂਕਿ ਦੋਵੇਂ ਹੀ ਅੰਗਰੇਜ਼ਾਂ ਦੇ ਅਧੀਨ ਰਹੇ ਹਨ। ਭਾਰਤ ਦੀ ਸਥਿਤੀ ਅਮਰੀਕਾ ਨਾਲ਼ੋਂ ਕੁਝ ਵੱਖਰੀ ਇਸ ਕਰਕੇ ਵੀ ਹੈ ਕਿ ਭਾਰਤ ਅੰਗਰੇਜ਼ਾਂ ਤੋਂ ਪਹਿਲਾਂ ਵੀ ਲੰਮਾ ਸਮਾਂ ਵਿਭਿੰਨ ਤਾਕਤਾਂ ਦੇ ਅਧੀਨ ਰਿਹਾ ਹੈ । ਅੰਗਰੇਜ਼ ਬਸਤੀਵਾਦੀਆਂ ਨੇ ਲੋਕ-ਧਾਰਾ ਦਾ ਇਕੱਤਰੀਕਰਨ ਆਪਣੇ ਵਿਸ਼ੇਸ਼ ਮੰਤਵਾਂ ਦੀ ਪੂਰਤੀ ਹਿੱਤ ਕੀਤਾ । ਇਸ ਦੇ ਮੁਕਾਬਲੇ ਉਤੇ ਭਾਰਤ/ ਪੰਜਾਬ ਵਿਚਲੇ ਮੁੱਢਲੇ ਲੋਕ-ਧਾਰਾ ਸਾਸਤਰੀਆਂ ਨੇ ਲੋਕ-ਧਾਰਾ ਦਾ ਇਕੱਤਰੀਕਰਨ ਇਸ ਮੰਤਵ ਨਾਲ ਕੀਤਾ ਕਿ ਜੇ ਇਨ੍ਹਾਂ ਪਰੰਪਰਾਵਾਂ ਦਾ ਇਕੱਤਰੀਕਰਨ ਲਿਖਤੀ ਰੂਪ ਵਿੱਚ ਨਾ ਸੰਭਾਲ਼ਿਆ ਗਿਆ ਤਾਂ ਇਹ ਪਰੰਪਰਾਵਾਂ ਨਸਟ ਹੋ ਜਾਣਗੀਆਂ ਅਤੇ ਅਮੀਰ ਵਿਰਸਾ ਗੁੰਮ-ਗੁਆਚ ਜਾਵੇਗਾ । ਹਾਲਾਂਕਿ ਅੰਗਰੇਜ਼ ਬਸਤੀਵਾਦੀਆਂ ਦੀ ਪਰੰਪਰਾਵਾਂ ਪ੍ਰਤੀ ਪਹੁੰਚ ਨਿਵੈਲ ਦੀ ਪਰੰਪਰਾਵਾਂ ਪ੍ਰਤੀ ਪਹੁੰਚ ਤੋਂ ਕੋਈ ਵੱਖਰੀ ਨਹੀਂ ਹੈ । ਦੋਵੇਂ ਸਥਾਨਕ ਪਰੰਪਰਾਵਾਂ ਨੂੰ ਹੀਣੀਆਂ ਅਤੇ ਪੁਰਾਣੀਆਂ ਸਿੱਧ ਕਰਨ ਵਿੱਚ ਯਤਨਸੀਲ ਹਨ । ਇਸ ਸਾਰੇ ਵਰਤਾਰੇ ਪਿੱਛੇ ਇੰਨਾਂ ਦੇ ਮੰਤਵ ਲੁਕਵੇ ਰੂਪ ਵਿੱਚ ਕਾਰਜਸ਼ੀਲ ਸਨ । ਇਹ ਗੱਲ ਸਰਵ ਪ੍ਰਵਾਨਿਤ ਹੈ ਕਿ ਚਾਹੇ ਇੰਨਾਂ ਪਰੰਪਰਾਵਾਂ ਦੇ ਇਕਤਰੀਕਰਨ ਦਾ ਕਾਰਜ ਬਹੁਤ ਦੇਰ ਪਹਿਲਾਂ ਬੜੀ ਹੋਂਦ ਧਾਰਨ ਕਰ ਚੁੱਕਾ ਸੀ ਪਰ ਇਕ ਸੰਕਲਪ ਵਜੋਂ ਪਰੰਪਰਾ ਦੇ ਅਧਿਐਨ ਦਾ ਯਤਨ ਬਹੁਤ ਬਾਅਦ ਵਿੱਚ ਹੋਇਆਂ । ਪੰਜਾਬ ਦੇ ਸੰਦਰਭ ਵਿੱਚ ਵੇਖਿਆਂ ਜਾਏ ਤਾਂ ਪਰੰਪਰਾ ਦੀ ਨਿਰੋਲ ਸੰਕਲਪ ਵਜੋਂ ਸਿਧਾਤਕਾਰੀ ਦੀ ਚਰਚਾ ਬਹੁਤ ਘੱਟ ਹੋਈ ਹੈ । ਇੱਥੋਂ ਤੱਕ ਕਿ ਵਣਜਾਰਾ ਬੇਦੀ ਦੇ ਲੋਕ-ਧਾਰਾ ਵਿਸਵਕੋਸ ਵਿੱਚ ਪਰੰਪਰਾ ਦਾ ਲੋਕ-ਧਾਰਾ ਦੇ ਤੱਤ ਵਜੋਂ ਕੋਈ ਇਤਰਾਜ਼ ਹੀ ਨਹੀਂ ਮਿਲਦਾ ।
ਇਕ ਸੰਕਲਪ ਵਜੋਂ ਪਰੰਪਰਾ ਦਾ ਅਧਿਐਨ ਕਰਦਿਆਂ ਕਈ ਕਿਸਮ ਦੇ ਸਵਾਲ ਮਨ ਵਿੱਚ ਪੈਦਾ ਹੁੰਦੇ ਹਨ ਜਿਵੇਂ ਕਿ ਪਰੰਪਰਾ ਕੀ ਹੁੰਦੀ ਹੈ ? ਪਰੰਪਰਾ ਦੀਆ ਸੀਮਾਵਾਂ ਕੀ ਹੋ ਸਕਦੀਆਂ ਹਨ ? ਕੀ ਪਰੰਪਰਾ ਨਾਸਵਾਨ ਹੋ ਸਕਦੀ ਹੈ ? ਕੀ ਪਰੰਪਰਾ (ਵਿਧਾ ਦੀ ਪੱਧਰ ਉੱਤੇ) ਸਹੀ ਜਾਂ ਗਲਤ ਹੋ ਸਕਦੀ ਹੈ ? ਕੀ ਪਰੰਪਰਾ ਦਾ ਵਰਤਮਾਨ ਨਾਲ ਕੋਈ ਸੰਬੰਧ ਹੁੰਦਾ ਹੈ ?
ਲੋਕ-ਧਾਰਾ ਦੀ ਪਰਿਭਾਸ਼ਾ ਨਿਸਚਿਤ ਕਰਦਿਆਂ ਪਰੰਪਰਾ ਨੂੰ ਲੋਕ-ਧਾਰਾ ਦੇ ਤੱਤਾਂ ਵਿੱਚੋਂ ਇਕ ਅਹਿਮ ਤੱਤ ਮੰਨਿਆਂ ਗਿਆ ਹੈ ਪਰ ਉਸ ਬਾਰੇ ਇਹ ਮੰਨ ਕੇ ਕਿ ਹਰ ਵਿਅਕਤੀ ਪਰੰਪਰਾ ਸ਼ਬਦ ਨੂੰ ਜਾਣਦਾ/ਸਮਝਦਾ ਹੈ , ਇਸ ਲਈ ਪਰੰਪਰਾ ਦੇ ਇਕ ਸੰਕਲਪ ਵਜੋਂ ਕੋਈ ਵਿਧੀਵਤ ਅਧਿਐਨ ਸਾਡੇ ਸਾਹਮਣੇ ਨਹੀਂ ਆਉਂਦਾ ਹੈ । ਸਾਈਮਨ ਜੇ ਬ੍ਰੋਨਰ ਦੇ ਲੋਕ-ਧਾਰਾ ਚਿੰਤਨ ਨੂੰ ਪਰੰਪਰਾ ਦੇ ਹਵਾਲੇ ਨਾਲ ਸਮਝਦਿਆਂ ਇਹ ਤੱਥ ਸਾਹਮਣੇ ਆਉਂਦਾ ਹੈ ਕਿ ਪਰੰਪਰਾ ਨੂੰ ਸਮਝਣ ਦਾ ਯਤਨ ਕਿਸ ਤਰਾਂ ਕੀਤਾ ਗਿਆ ? ਕੀ ਪਰੰਪਰਾ ਨੂੰ ਇਕ ਸੰਕਲਪ ਵਜੋਂ ਪਰਿਭਾਸਿਤ ਕਰਨ ਦਾ ਉਪਰਾਲਾ ਕੀਤਾ ਗਿਆ ? ਉਸ ਅਨੁਸਾਰ ਵਧੇਰੇ ਸ਼ਬਦ ਕੋਸ ਪਰੰਪਰਾ ਦੇ ਇਦਰਾਜ ਅਧੀਨ ਪਰੰਪਰਾ ਦਾ ਅਰਥ ਕਰਦਿਆਂ ਇਸ ਨੂੰ ਲੋਕਧਰਾਈ ਸਮੱਗਰੀ ਨੂੰ ਇਕ ਪੀੜੀ ਦੁਆਰਾਂ ਦੂਜੀ ਪੀੜੀ ਨੂੰ ਮੌਖਿਕ ਸਾਧਨਾਂ ਰਾਹੀਂ ਸੌਂਪਣਾ ਤੱਕ ਸੀਮਿਤ ਕਰ ਦਿੰਦੇ ਹਨ । ਵਿਭਿੰਨ ਵਿਦਵਾਨਾਂ ਦੁਆਰਾਂ ਪੇਸ਼ ਕੀਤੀਆਂ ਪਰੰਪਰਾਵਾਂ ਦੀਆਂ ਧਾਰਣਾਵਾਂ ਬਾਰੇ ਚਰਚਾ ਕਰਦਿਆਂ ਬ੍ਰੋਨਰ ਦਾ ਮੰਨਣ ਹੈ ਕਿ ਇਹ ਵਿਦਵਾਨ ਪਰੰਪਰਾ ਨੂੰ ਲੋਕ-ਧਾਰਾ ਦਾ ਇਕ ਅਜਿਹਾ ਤੱਤ ਸਵੀਕਾਰ ਕਰਦੇ ਹਨ, ਜਿਸ ਰਾਹੀਂ ਲੋਕ-ਧਾਰਾ ਇਕ ਤੋਂ ਦੂਜੀ ਪੀੜੀ ਤੱਕ ਸੌਂਪੀ ਜਾਂਦੀ ਹੈ । ਕੋਈ ਵੀ ਵਿਦਵਾਨ ਇਸ ਨੂੰ ਇਕ ਸੰਕਲਪ ਵਜੋਂ ਪਰਿਭਾਸਿਤ ਕਰਨ ਦੇ ਆਹਰ ਵਿੱਚ ਨਹੀਂ ਪੈਦਾ ਹੈ । ਇਸ ਸੰਬੰਧ ਵਿੱਚ ਡੈਨ ਬੈੱਨ ਐਮਸ ਦਾ ਇਕ ਕਥਨ ਨੂੰ ਬਹੁਤ ਢੁਕਵਾਂ ਹੈ :
ਅਮਰੀਕਾ ਵਿੱਚ ਲੋਕ-ਧਾਰਾ ਅਧਿਐਨਾਂ ਵਿੱਚ ਪਰੰਪਰਾ ਇਕ ਅਜਿਹੀ ਮੱਦ ਹੈ ਜਿਸ ਨਾਲ ਤਾਂ ਸੋਚਿਆ ਜਾਂਦਾ ਹੈ ਪਰ ਜਿਸ ਬਾਰੇ ਨਹੀਂ ਸੋਚਣ ਦੀ ਲੋੜ ਨਹੀਂ ।
ਇਸ ਕਥਨ ਅਨੁਸਾਰ ਵਿਦਵਾਨ ਲੋਕ-ਧਾਰਾ ਅਧਿਐਨ ਵਿੱਚ ਪਰੰਪਰਾ ਦੇ ਹਵਾਲੇ ਨਾਲ ਸੋਚਦੇ ਤਾਂ ਹਨ ਪਰੰਪਰਾ ਸੰਕਲਪ ਦੇ ਬਾਰੇ ਵਿਚਾਰ ਚਰਚਾ ਨਹੀਂ ਕਰਦੇ । ਇਸ ਸੰਬੰਧ ਵਿੱਚ ਵਣਜਾਰਾ ਬੇਦੀ ਦਾ ਵੀ ਇਕ ਕਥਨ ਵੇਖਿਆ ਜਾ ਸਕਦਾ ਹੈ :
ਲੋਕ-ਧਾਰਾ ਸਾਨੂੰ ਉਨਾਂ ਪਰੰਪਰਾਵਾਂ ਨਾਲ ਜੋੜਦੀ ਹੈ , ਜੋ ਸਦੀਆਂ ਤੋਂ ਸਾਡੇ ਜੀਵਨ ਵਿੱਚੋਂ ਉਮਾਹ ਵਾਂਗ ਫੁੱਟਦੀਆਂ ਰਹੀਆਂ ਹਨ । ਜ਼ਰੂਰੀ ਨਹੀਂ ਅਸੀਂ ਪਰੰਪਰਾ ਨਾਲ ਬੱਝੇ ਰਹੀਏ । ਨਵੇਂ ਯੁੱਗ ਦੇ ਪੈਂਡਿਆਂ ਉਤੇ ਤੁਰਨ ਲਈ ਨਵੇਂ ਸਾਧਨਾਂ ਦੀ ਲੋੜ ਪੈਂਦੀ ਹੈ । ਪਰ ਇਹ ਜ਼ਰੂਰੀ ਨਹੀਂ ਹੈ ਕਿ ਨਵੀਂਆਂ ਪਰੰਪਰਾਵਾਂ ਵੀ ਜੀਵਨ - ਪ੍ਰਵਾਹ ਵਿੱਚੋਂ ਉਭਰੀਆਂ ਨਵੀਂਆਂ ਛੱਲਾਂ ਹੋਣ । ਜਿਨਾਂ ਨਵੀਂਆਂ ਪਰੰਪਰਾਵਾਂ ਦੀ ਜੜ੍ਹ ਸਾਡੀ ਆਪਣੀ ਸੰਸਕਿ੍ਰਤੀ ਤੇ ਜੀਵਨ ਵਿੱਚ ਨਹੀਂ ਹੋਵੇਗੀ , ਉਹ ਸਦੀਆਂ ਕਲਾਤਮਿਕ ਪ੍ਰਵਿਰਤੀਆਂ ਦੇ ਅਨੁਕੂਲ ਨਾ ਹੋਣ ਕਾਰਨ ਪੂਰੀ ਤਰ੍ਹਾਂ ਵਿਗਸ ਨਹੀਂ ਸਕਣਗੀਆਂ
ਉਪਰੋਕਤ ਸਤਰਾਂ ਵਿੱਚ ਪਰੰਪਰਾ ਸ਼ਬਦ ਚਾਰ ਵਾਰ ( ਇੱਕਵਚਨ ਅਤੇ ਬਹੁਵਚਨ ਸਮੇਤ ) ਵਰਤਿਆਂ ਕੀਤਾ ਗਿਆ ਹੈ । ਪਰ ਪ੍ਰਵਚਨ ਦੀ ਪੱਧਰ ਉਪਰ ਇਹ ਸਵੀਕਾਰ ਕਰ ਲਿਆ ਗਿਆ ਹੈ ਕਿ ਪਾਠਕ ਇਸ ਸ਼ਬਦ ਤੋਂ ਚੰਗੀ ਤਰਾਂ ਵਾਕਫ਼ ਹੈ । ਇਹ ਪਹੁੰਚ ਕਿਸੇ ਹੱਦ ਤੱਕ ਸਹੀ ਬੜੀ ਹੋ ਸਕਦੀ ਹੈ । ਇਹ ਕਥਨ ਡੈਨ ਬੈੱਨ ਦੇ ਅਨੁਸਾਰੀ ਹੀ ਹਨ । ਪਰ ਇਹ ਆਪਣੇ ਆਪ ਵਿੱਚ ਬਹੁਤ ਜ਼ਰੂਰੀ ਹੈ ਕਿ ਇਸ ਸ਼ਬਦ ਨੂੰ ਇਕ ਮਹੱਤਵਪੂਰਨ ਸੰਕਲਪ ਵਜੋਂ ਪਰਿਭਾਸਤ ਕਰਨ ਦਾ ਉਪਰਾਲਾ ਕੀਤਾ ਜਾਵੇ ।
ਬ੍ਰੋਨਰ , ਡੈਨ ਬੈੱਨ ਐਮਸ ਦੇ ਹਵਾਲੇ ਨਾਲ ਇਹ ਤੱਥ ਸਾਡੇ ਸਾਹਮਣੇ ਉੱਭਰਦਾ ਹੈ ਕਿ The Standard Dictionary of Folklore , Mythology and Legends ਵਿੱਚ ਪਰੰਪਰਾ ਬਾਰੇ ਇਕ ਵੀ ਇੰਦਰਾਜ ਨਹੀਂ ਹੈ । American Journal of Folklore ਦੇ 100 ਸਾਲਾਂ ਨੂੰ ਸਮਰਪਿਤ ਅੰਕ , ਜੋ ਕਿ 1988 ਵਿੱਚ ਪ੍ਰਕਾਸਿਤ ਹੁੰਦਾ ਹੈ , ਦੀ ਅਨੁਕ੍ਰਮਣਿਕਾ (index) ਵਿੱਚ ਪਰੰਪਰਾ ਦਾ ਸਿਰਫ ਇਕ ਹਵਾਲਾ (citation ) ਹੀ ਮਿਲਦਾ ਹੈ ਜਦੋਂ ਕਿ ਲੋਕ ਬਾਰੇ ਸੈਕੜਿਆ ਦੀ ਗਿਣਤੀ ਵਿੱਚ ਹਵਾਲੇ ਦਿੱਤੇ ਗਏ ਹਨ । ਉੱਚ ਪੱਧਰੀ ਹਵਾਲਾ ਗ੍ਰੰਥਾਂ ਜਿਵੇਂ ਐਨਸਾਈਕਲੋਪੀਡੀਆ ਬਿ੍ਰਟੈਨਿਕਾ, ਐਨਸਾਈਕਲੋਪੀਡੀਆ ਅਮੈਰੀਕਾਨਾ ,ਇੰਟਰਨੈਸਨਲ ਐਨੱਸਾਈਕਲੋਪੀਡਆ ਆਫ ਫ਼ਿਲਾਸਫੀ ਅਤੇ ਡਿਕਸ਼ਨਰੀ ਆਫ ਦ ਹਿਸਟਰੀ ਆਫ ਆਈਿਡਆ ; ਕਿਸੇ ਵਿੱਚ ਵੀ ਪਰੰਪਰਾ ਬਾਰੇ ਇਕ ਵੀ ਇੰਦਰਾਜ ਵੇਖਣ ਨੂੰ ਨਹੀਂ ਮਿਲਦਾ । ਇਸ ਸੰਬੰਧ ਵਿੱਚ ਬ੍ਰੋਨਰ ਦਾ ਮੰਨਣ ਹੈ ਕਿ ਵਿਸ਼ੇਸ਼ ਪਰੰਪਰਾਵਾਂ ਸੰਬੰਧੀ ਬਹੁਤ ਸਾਰੇ ਇਦਰਾਜ ਤਾਂ ਸਾਨੂੰ ਮਿਲ ਜਾਂਦੇ ਹਨ ਪਰ ਇਕ ਵਿਚਾਰ ਵਜੋਂ ਪਰੰਪਰਾ ਬਾਰੇ ਕੋਈ ਇਦਰਾਜ ਨਹੀ ਮਿਲਦਾ ।
ਸੋ ਬ੍ਰੋਨਰ ਪਰੰਪਰਾ ਦੀ ਪਰਿਭਾਸ਼ਾ ਬਾਰੇ ਸਾਡਾ ਧਿਆਨ ਦਿਵਾਉਂਦਾ ਹੈ ਕਿ ਚਿੰਤਕਾਂ ਨੇ ਇਸ ਦੁਆਰਾਂ ਲੋਕ-ਧਾਰਾ ਨੂੰ ਪਰਿਭਾਸਿਤ ਕਰਨ ਦਾ ਉਪਰਾਲਾ ਤਾਂ ਕੀਤਾ ਪਰ ਖ਼ੁਦ ਪਰੰਪਰਾ ਸੰਕਲਪ ਬਾਰੇ ਉਹ ਚੁੱਪ ਧਾਰਨ ਕਰ ਲੈਂਦੇ ਹਨ । ਪਰੰਪਰਾ ਅਤੇ ਸਭਿਆਚਾਰ ਬਾਰੇ ਬ੍ਰੋਨਰ ਦਾ ਮਤ ਹੈ ਕਿ ਸਭਿਆਚਾਰ ਨੂੰ ਅਕਸਰ ਪਰੰਪਰਾ ਨਾਲ ਰਲਗੱਡ ਕੀਤਾ ਜਾਂਦਾ ਹੈ ਪਰੰਤੂ ਸੰਬੰਧਿਤ ਸ਼ਬਦਾਂ ਦਾ ਅਰਥ ਵੱਖੋ ਵੱਖਰਾ ਹੋ ਸਕਦਾ ਹੈ ਅਤੇ ਉਨ੍ਹਾਂ ਬਾਰੇ ਧਾਰਣਾਵਾਂ ਇਤਿਹਾਸਕ ਤਬਦੀਲੀਆਂ ਵਿੱਚੋਂ ਲੰਘੀਆਂ ਹਨ । ਬਹੁਤ ਹੀ ਸਥਿਰਤਾ ਨਾਲ ਪਰੰਪਰਾ ਖ਼ਾਸ ਤੌਰ ਤੇ ਜਦੋਂ ਬਹੁਵਚਨ ਵਿੱਚ ਦਰਸਾਈ ਜਾਂਦੀ ਹੈ ਤਾਂ ਇਸ ਨੇ ਆਪਣੇ ਅੰਦਰ ਇਕ ਸਮਾਜ ਦੇ ਵਿਹਾਰਾਂ ਦੀ ਧਾਰਨਾ ਸਮੋਈ ਹੁੰਦੀ ਹੈ ਜਦੋਂ ਕਿ ਸਭਿਆਚਾਰ ਨੂੰ ਸਮਾਜ ਦਾ ਇਕ ਵਿਆਪਕ ਵਿਚਾਰ ਮੰਨਿਆਂ ਜਾਂਦਾ ਹੈ । ਇੱਥੇ ਇਕ ਅਰਥ ਹੈ ਕਿ ਕੋਈ ਸਭਿਆਚਾਰ ਦੀ ਸੂਖਮਤਾ ਨਾਲ਼ੋਂ ਵਧੇਰੇ ਆਸਾਨੀ ਨਾਲ ਠੋਸ ਪਰੰਪਰਾਵਾਂ ਨੂੰ ਸਮਝ ਸਕਦਾ ਹੈ , ਉਹਨਾਂ ਵਿੱਚ ਹਿੱਸਾ ਲੈ ਸਕਦਾ ਹੈ , ਉਹਨਾਂ ਨੂੰ ਨਤਮਸਤਕ ਹੋ ਸਕਦਾ ਹੈ । ਪਰੰਪਰਾ ਰਿੱਕ ਸਮਾਜਿਕ ਸੰਪਰਕ ਅਤੇ ਇਤਿਹਾਸਿਕ ਉਦਾਹਰਣ ਨੂੰ ਦਰਸਾਉਂਦੀ ਹੈ ਜੋ ਇਕ ਸੱਭਿਆਚਾਰਿਕ ਮੌਜੂਦਗੀ ਦੇ ਆਧਾਰ ਵਿੱਚ ਪਈ ਹੁੰਦੀ ਹੈ । ਪਰੰਪਰਾ ਦਾ ਅਰਥ ਅਕਸਰ ਸਮੇਂ ਮੁਤਾਬਿਕ ਅਭਿਆਸ ਦੀ ਨਿਰੰਤਰਤਾ ਹੁੰਦਾ ਹੈ , ਕੰਮ ਕਰਨ ਦਾ ਇਕ ਤਰੀਕਾ ਜਿਸ ਤੋਂ ਲੋਕ ਜਾਣੂ ਹੁੰਦੇ ਹਨ , ਜਦੋਕਿ ਸਭਿਆਚਾਰ ਅਕਸਰ ਚੀਜਾਂ ਬਾਰੇ ਸੋਚਣ ਦੇ ਇਕ ਤਰੀਕੇ ਵਜੋਂ ਅਚੇਤ ਅਨੁਭਵੀ ਹੋਂਦ ਨੂੰ ਦਰਸਾਉਦਾ ਹੈ । ਪੁਰਾਣੇ ਸਮੇਂ ਵਿੱਚ ਸਭਿਆਚਾਰ ਸਥਾਨ ਬਾਰੇ ਅਕਸਰ ਸਪੇਸ ਵਿੱਚ ਬੰਨ੍ਹੇ ਇਕ ਭਾਸ਼ਾ ਸਮੂਹ ਵਜੋਂ ਇਕ ਹਵਾਲਾ ਹੁੰਦਾ ਸੀ , ਜਦੋਂ ਕਿ ਪਰੰਪਰਾ ਵਧੇਰੇ ਸਮਾਜਕ ਸੀ , ਸੰਭਾਵਿਤ ਤੌਰ ਤੇ ਪਰਿਵਾਰ , ਉਮਰ ਅਤੇ ਲਿੰਗ ਦਾ ਪ੍ਰਮਾਣ ਦਿੰਦੀ ਸੀ ।
ਇਸ ਦੇ ਨਾਲ ਇਕ ਸਵਾਲ ਹੋਰ ਪੈਦਾ ਹੁੰਦਾ ਹੈ ਕਿ ਕੀ ਪਰੰਪਰਾ ਨਾਸਵਾਨ ਹੁੰਦੀ ਹੈ ਜਾਂ ਨਹੀਂ ? ਇਸ ਦੇ ਸੰਬੰਧ ਵਿੱਚ ਰੋਮਨ ਜੈਕਬਸਨ ਦਾ ਕਥਨ ਇਸ ਉਤੇ ਰੌਸ਼ਨੀ ਪਾਉਦਾ ਹੈ :
ਜੇ ਕੁਦਰਤ ਦੇ ਵਰਣਨ ਭਾਈਚਾਰੇ ਨੂੰ ਨਾਰਾਜ਼ ਕਰਦੇ ਹਨ, ਉਹ ਲੋਕ-ਧਾਰਾ ਦੀ ਪਰਦਰਸ਼ਨ ਸੂਚੀ ਤੋਂ ਦੁਖੀ ਹਨ, ਵਿੱਚ ਸੰਖੇਪ ਲੋਕ-ਧਾਰਾ ਵਿੱਚ ਕੇਵਲ ਉਹ ਰੂਪ ਸੰਭਾਲ਼ ਕੇ ਰੱਖੇ ਜਾਂਦੇ ਹਨ ਜੋ ਕਿ ਇਕ ਵਿਸ਼ੇਸ਼ ਭਾਈਚਾਰੇ ਲਈ ਪ੍ਰਕਾਰਜੀ ਮੁੱਲ ਰੱਖਦੇ ਹਨ । ਇਸ ਤਰੀਕੇ ਨਾਲ ਕਿਸੇ ਵਿਦੇਸ਼ ਰੂਪ ਦਾ ਇਕ ਪ੍ਰਕਾਰਜ ਸਪੱਸ਼ਟ ਤੋਰ ਤੇ ਦੂਜੇ ਰੂਪ ਦੁਆਰਾਂ ਨਿਭਾਇਆ ਜਾ ਸਕਦਾ ਹੈ । ਪਰ ਜਿਵੇਂ ਹੀ ਇਕ ਰੂਪ ਆਪਣਾ ਪ੍ਰਕਾਰਜੀ ਮਹੱਤਵ ਗਵਾ ਲੈਂਦਾ ਹੈ ਤਾਂ ਉਹ ਲੋਕ-ਧਾਰਾ ਵਿੱਚੋਂ ਖਤਮ ਹੋ ਮਰ ਜਾਂਦਾ ਹੈ ।
ਜੈਕਬਸਨ ਦੇ ਅਨੁਸਾਰ ਲੋਕ-ਧਾਰਾ ਵਿੱਚ ਜਿਹੜੇ ਰੂਪ ਕਾਰਜਸ਼ੀਲ ਨਹੀਂ ਰਹਿੰਦੇ , ਉਹ ਲੋਕ-ਧਾਰਾ ਵਿੱਚੋਂ ਖ਼ਾਰਜ ਹੋ ਜਾਂਦੇ ਹਨ ; ਭਾਵ ਲੋਕ-ਧਾਰਾ ਵਿੱਚ ਉਹ ਰੂਪ ਅਤੇ ਵਿਧਵਾਂ ਜੀਵੰਤ ਰਹਿ ਸਕਦੀਆਂ ਹਨ ਜੋ ਲੋਕ-ਧਾਰਾ ਵਿੱਚ ਕਿਰਿਅਸੀਲ ਹੁੰਦੀਆਂ ਹਨ । ਰੋਮਨ ਜੈਕਬਸਨ ਦਾ ਉਪਰੋਕਤ ਕਥਨ ਪੰਜਾਬੀ ਸਭਿਆਚਾਰ ਬਾਰੇ ਵੀ ਪੂਰਨ ਤੌਰ ਤੇ ਢੁਕਵਾਂ ਹੈ । ਪੰਜਾਬ ਮੁੱਢ ਤੋਂ ਇਕ ਖੇਤੀ ਪ੍ਰਧਾਨ ਪ੍ਰਦੇਸ਼ ਕਿਹਾ ਜਾਂਦਾ ਰਿਹਾ ਹੈ । ਬਸਤੀਵਾਦੀ ਦੌਰ ਵਿੱਚ ਅਤੇ ਉਸ ਤੋਂ ਬਾਅਦ ਪੰਜਾਬ ਵਿੱਚ ਖੇਤੀ ਨੇ ਤਕਨੀਕ ਦੇ ਪੱਧਰ ਉਤੇ ਲਗਾਤਾਰ ਵਿਕਾਸ ਕੀਤਾ ਹੈ । ਹਰੀ ਕ੍ਰਾਂਤੀ ਤੋਂ ਪਹਿਲਾਂ ਸਿੰਚਾਈ ਲਾੜੀ ਪੰਜਾਬ ਵਿੱਚ ਟਿਊਬਵੈਲ ਦੀ ਜਗਾਂ ਹਲ਼ਟ ਚੱਲਦੇ ਸਨ ਅਤੇ ਉਸ ਨਾਲ ਸੰਬੰਧਿਤ ਸਾਰੀ ਸ਼ਬਦਾਵਲੀ ਆਮ ਬੋਲਚਾਲ ਵਿੱਚ ਵੀ ਪ੍ਰਚਲਤ ਸੀ । ਪਰ ਹਰੀ ਕ੍ਰਾਂਤੀ ਨਾਲ ਪੰਜਾਬ ਵਿੱਚ ਟਿਊਬਵੈਲ ਦਾ ਬੋਲਬਾਲਾ ਹੋ ਗਿਆ ਜਿਸ ਨਾਲ ਹਲ਼ਟ ਪੰਜਾਬੀ ਕਿਰਸਾਨੀ ਸਮਾਜ ਵਿੱਚੋਂ ਬਾਹਰ ਹੁੰਦੇ ਗਏ । ਇਸ ਨਾਲ ਜਿੱਥੇ ਉਨਾਂ ਨਾਲ ਸੰਬੰਧਿਤ ਬਹੁਤ ਸਾਰੀ ਸ਼ਬਦਾਵਲੀ ਆਮ ਬੋਲਚਾਲ ਵਿੱਚੋਂ ਬਾਹਰ ਹੁੰਦੀ ਚਲੀ ਗਈ , ਉੱਥੇ ਇਨ੍ਹਾਂ ਨਾਲ ਸੰਬੰਧਿਤ ਬਹੁਤ ਸਾਰੇ ਅਖਾਣ ਵੀ ਪ੍ਰਚਲਨ ਵਿੱਚੋਂ ਬਾਹਰ ਹੁੰਦੇ ਗਏ । ਇਸ ਪ੍ਰਕਾਰ ਉਹ ਸ਼ਬਦਾਵਲੀ ਜੋ ਕਿਸੇ ਕਾਰਜ ਨਾਲ ਸੰਬੰਧਿਤ ਸੀ , ਉਸ ਕਾਰਜ ਦੇ ਜੀਵਨ ਸ਼ੈਲੀ ਵਿੱਚੋਂ ਮਨਫੀ ਹੋਣ ਨਾਲ ਉਹ ਸ਼ਬਦਾਵਲੀ ਅਤੇ ਅਖਾਣ ਵੀ ਪ੍ਰਚਲਨ ਵਿੱਚੋਂ ਖਤਮ ਹੁੰਦੇ ਗਏ । ਇੱਥੇ ਪਰੰਪਰਾ ਦੇ ਨਾਸਵਾਨ ਹੋਣ ਬਾਰੇ ਕਿਹਾ ਜਾ ਸਕਦਾ ਹੈ ਕਿ ਪਰੰਪਰਾ ਨਾਸਵਾਨ ਹੋ ਸਕਦੀ ਹੈ ਜਦੋਂ ਇਕ ਹੋਰ ਨਵੀਂ ਪਰੰਪਰਾ ਆ ਕੇ ਉਸ ਨੂੰ ਅਕਿਰਿਆਸ਼ੀਲ ਬਣਾ ਦਿੰਦੀ ਹੈ ਅਤੇ ਉਸ ਦਾ ਸਥਾਨ ਲੈ ਲੈਂਦੀ ਹੈ । ਜਿੱਥੇ ਹਲ਼ਟ ਨਾਲ ਸੰਬੰਧਿਤ ਸ਼ਬਦਾਵਲੀ ਅਤੇ ਅਖਾਣ ਸਾਡੀ ਬੋਲਚਾਲ ਵਿੱਚੋਂ ਖਤਮ ਹੋ ਗਏ ਸਨ , ਉਥੇ ਟਿਊਬਵੈਲ ਅਤੇ ਹੋਰ ਸੰਦਾਂ ਜਿਵੇਂ ਟਰੈਕਟਰ ਆਦਿ ਨਾਲ ਸੰਬੰਧਿਤ ਬਹੁਤ ਸਾਰੀ ਸ਼ਬਦਾਵਲੀ ਸਾਡੀ ਆਮ ਬੋਲਚਾਲ ਦਾ ਹਿੱਸਾ ਬਣ ਚੁੱਕੀ ਹੈ । [2]
ਇਹ ਸਵਾਲ ਵੀ ਮਹੱਤਵਪੂਰਨ ਹੈ ਕਿ ਜਦੋਂ ਕਿਸੇ ਸਭਿਆਚਾਰ ਵਿੱਚ ਇਕ ਹੀ ਵਸਤ / ਵਿਧਾ ਬਾਰੇ ਇਕ ਤੋਂ ਵਧੇਰੇ ਪਰੰਪਰਾਵਾਂ ਪ੍ਰਚਲਿਤ ਹੋਣ ਤਾਂ ਕਿਸ ਨੂੰ ਸਹੀ ਮੰਨਿਆਂ ਜਾਣਾ ਚਾਹੀਦਾ ਹੈ ਜਾਂ ਕਿਸ ਨੂੰ ਸਹੀ ਮੰਨਿਆਂ ਜਾ ਸਕਦਾ ਹੈ ? ਇਸ ਸਵਾਲ ਦੇ ਜਵਾਬ ਵਿੱਚ ਲੋਕ-ਧਾਰਾ ਦੇ ਹਵਾਲੇ ਨਾਲ ਗੱਲ ਕਰਦਿਆਂ ਕਿਹਾ ਜਾ ਸਕਦਾ ਹੈ ਕਿ ਕਿਸੇ ਵੀ ਸਭਿਆਚਾਰ ਵਿੱਚ ਪ੍ਰਚਲਿਤ ਹਰ ਪਰੰਪਰਾ ਦਾ ਆਪਣਾ ਮਹੱਤਵ ਹੈ , ਕਿਸੇ ਇਕ ਨੂੰ ਹੀ ਸਹੀ ਨਹੀਂ ਕਿਹਾ ਜਾ ਸਕਦਾ ਹੈ । ਸਗੋਂ ਉਨਾਂ ਸਾਰੀਆਂ ਪਰੰਪਰਾਵਾਂ ਨੂੰ ਵੱਖ ਵੱਖ ਭੇਦ ਮੰਨਦੇ ਹੋਏ ਉਨਾਂ ਨੂੰ ਲੋਕ-ਧਾਰਾ ਦਾ ਹਿੱਸਾ ਮੰਨਦੇ ਹੋਏ ਹੀ ਅਧਿਐਨ ਕੀਤਾ ਜਾਣਾ ਚਾਹੀਦਾ ਹੈ । ਇਸ ਤੱਥ ਨੂੰ ਕਿਸੇ ਇਕ ਲੋਕ ਕਹਾਣੀ ਦੇ ਸੰਦਰਭ ਵਿੱਚ ਇੰਜ ਸਮਝਿਆ ਜਾ ਸਕਦਾ ਹੈ ਕਿ ਇਕ ਕਹਾਣੀ ਸੁਣਾਉਣ ਵਾਲਾ ਇਕ ਹੀ ਕਹਾਣੀ ਨੂੰ ਵੱਖ ਵੱਖ ਸੰਦਰਭ ਵਿੱਚ ਵੱਖ ਵੱਖ ਸ੍ਰੋਤਿਆਂ ਸਾਹਮਣੇ ਵਿਭਿੰਨ ਤਰੀਕਿਆਂ ਨਾਲ ਸੁਣਾ ਸਕਦਾ ਹੈ । ਹੁਣ ਇਹ ਨਿਸ਼ਚਾ ਕਰਨਾ ਬਿਲਕੁਲ ਵਿਅਰਥ ਕਾਰਜ ਹੋਵੇਗਾ ਕਿ ਉਸ ਦੇ ਕਿਸੇ ਇਕ ਭੇਦ ਨੂੰ ਸਹੀ ਜਾਂ ਉਤਮ ਮੰਨਿਆਂ ਜਾਵੇ ਤੇ ਬਾਕੀ ਨੂੰ ਹਲਕੀ ਪੱਧਰ ਦਾ ਸਮਝਿਆਂ ਜਾਵੇ । ਸਗੋਂ ਉਸ ਦੇ ਹਰ ਭੇਦ ਨੂੰ ਲੋਕ-ਧਾਰਾ ਦਾ ਅੰਗ ਮੰਨਦੇ ਹੋਏ ਉਸ ਦਾ ਅਧਿਐਨ ਹੋਣਾ ਚਾਹੀਦਾ ਹੈ ।
ਰਵਾਇਤੀ ਗਿਆਨ ਵਜੋਂ ਪਰੰਪਰਾ ਦਾ ਨਿਰਮਾਣ ਅਤੇ ਲਿਖਤ ਜਾਂ ਵਿਸਿਸਟ ਦਸਤਾਵੇਜ਼ਾਂ ਤੋਂ ਇਲਾਵਾ ਬਿਰਤਾਂਤ ਦਾ ਇਕ ਰੂਪ ਹਾਸੀਆਗਤ ਸਮਾਜਾਂ ਦੇ ਸੱਭਿਆਚਾਰਿਕ ਇਤਿਹਾਸ ਨੂੰ ਦਰਸਾਉਣ ਲਈ ਵਿਸ਼ੇਸ਼ ਰੂਪ ਵਿੱਚ ਲਾਹੇਵੰਦ ਰਿਹਾ ਹੈ । ਬ੍ਰੋਨਰ ਦੇ ਉਪਰੋਕਤ ਕਥਨ ਦੀ ਰੌਸ਼ਨੀ ਵਿੱਚ ਮੱਧ-ਕਾਲੀ ਸਾਹਿਤ ਨੂੰ ਰੱਖ ਕੇ ਵਿਚਾਰਿਆ ਜਾ ਸਕਦਾ ਹੈ । ਸਮਕਾਲੀ ਸਮਾਜਾਂ ਵਿੱਚ ਬਹੁਗਿਣਤੀ ਸਭਿਆਚਾਰ ਦੇ ਦਸਤਾਵੇਜੀਕਰਨ ਦੀ ਪ੍ਰਕਿਰਿਆ ਲਈ ਪਰੰਪਰਾ ਨੂੰ ਇਕ ਵਿਸਾਲ ਸੰਕਲਪ ਵਜੋਂ ਵਰਤਣ ਵੇਲੇ ਹਾਲੇ ਵੀ ਵਿਦਵਤਾਪੂਰਨ ਪ੍ਰਤਿਰੋਧ ਹੋ ਸਕਦਾ ਹੈ । ਸਮੁੱਚੇ ਰੂਪ ਵਿੱਚ ਇਹ ਤਰਕ ਦਿੱਤਾ ਜਾ ਸਕਦਾ ਹੈ ਕਿ ਰਾਸ਼ਟਰੀ ਪਰੰਪਰਾਵਾਂ ਨੂੰ ਇਤਿਹਾਸ ਦੇ ਤੌਰ ਤੇ ਸ਼੍ਰੇਣੀਬੱਧ ਕੀਤਾ ਗਿਆ ਹੈ ਜਦੋਂ ਕਿ ਹਾਸੀਆਗਤ ਸਮੂਹਾਂ ਨੂੰ ਅਕਸਰ ਸਭਿਆਚਾਰ ਜਾਂ ਪਰੰਪਰਾ ਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ ।
ਸਮੁੱਚੇ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ ਪਰੰਪਰਾ ਨੂੰ ਇਕ ਸੁਤੰਤਰ ਸੰਕਲਪ ਵਜੋਂ ਵਿਚਾਰਨ ਦੇ ਯਤਨ ਬਹੁਤ ਘੱਟ ਹੋਏ ਹਨ । ਵਿਦਵਾਨਾਂ ਨੇ ਇਸ ਦੇ ਰਾਹੀ ਲੋਕ-ਧਾਰਾ ਨੂੰ ਪਰਿਭਾਸਿਤ ਤਾਂ ਕੀਤਾ ਪਰ ਰਿਸ ਨੂੰ ਇਕ ਸੰਕਲਪ ਵਜੋਂ ਸਮਝਣ ਦਾ ਕੋਈ ਯਤਨ ਨਹੀਂ ਕੀਤਾ । ਬ੍ਰੋਨਰ ਨੇ ਆਪਣੇ ਇਸ ਅਧਿਆਰੇ ਵਿੱਚ ਜਿੱਥੇ ਇਕ ਪਾਸੇ ਵਿਦਵਤਾਪੂਰਨ ਅਤੇ ਲੋਕਪਿ੍ਰਯ ਪ੍ਰਵਚਨ ਵਿੱਚ ਪਰੰਪਰਾ ਦਾ ਵਿਸ਼ਲੇਸ਼ਣ ਕੀਤਾ ਹੈ , ਉੱਥੇ ਉਸ ਨੇ ਪ੍ਰੈਸ ਅਤੇ ਰਾਜਨੀਤੀ ਦੇ ਪਹਿਲੂਆਂ ਤੋਂ ਵੀ ਵਿਭਿੰਨ ਅਖ਼ਬਾਰਾਂ ਵਿੱਚ ਪਰੰਪਰਾ ਸ਼ਬਦ ਦੀ ਵਰਤੋਂ ਬਾਰੇ ਅਤੇ ਅਮਰੀਕਾ ਦੇ ਰਾਜਨੇਤਾਵਾਂ ਵੱਲੋਂ ਪਰੰਪਰਾ ਨੂੰ ਆਪਣੇ ਭਾਸ਼ਣਾਂ ਵਿੱਚ ਇਸਤੇਮਾਲ ਕਰਨ ਬਾਰੇ ਚਰਚਾ ਕੀਤੀ ਹੈ । ਪੰਜਾਬੀ ਲੋਕ-ਧਾਰਾ ਅਨੁਸ਼ਾਸਨ ਵਿੱਚ ਵੀ ਪਰੰਪਰਾ ਨੂੰ ਇਕ ਸੰਕਲਪ ਵਜੋਂ ਸਮਝਦਿਆਂ ਅਧਿਐਨ ਦੀ ਬਹੁਤ ਲੋੜ ਮਹਿਸੂਸ ਹੁੰਦੀ ਹੈ ।
- ↑ ਸਭਿਆਚਾਰ ਅਤੇ ਲੋਕ-ਧਾਰਾ ਵਿਸ਼ਵ ਚਿੰਤਨ, ਸਭਿਆਚਾਰ ਅਤੇ ਲੋਕ-ਧਾਰਾ ਵਿਸ਼ਵ ਚਿੰਤਨ (2020). ਸਭਿਆਚਾਰ ਅਤੇ ਲੋਕ-ਧਾਰਾ ਵਿਸ਼ਵ ਚਿੰਤਨ. ਲੁਧਿਆਣਾ: ਚੇਤਨਾ ਪ੍ਰਕਾਸ਼ਨ ਲੁਧਿਆਣਾ. pp. 214, 224. ISBN 978-93-89997-73-6.
- ↑ ਸਭਿਆਚਾਰ ਅਤੇ ਲੋਕ-ਧਾਰਾ ਵਿਸ਼ਵ ਚਿੰਤਨ, ਸਭਿਆਚਾਰ ਅਤੇ ਲੋਕ-ਧਾਰਾ ਵਿਸ਼ਵ ਚਿੰਤਨ (2020). ਸਭਿਆਚਾਰ ਅਤੇ ਲੋਕ-ਧਾਰਾ ਵਿਸ਼ਵ ਚਿੰਤਨ. ਲ਼ੁਧਿਆਣਾ: ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ , ਲੁਧਿਆਣਾ. ISBN 978 -9-8999-6.
{{cite book}}
: Check|isbn=
value: length (help)