ਹੋਈ ਦਾ ਵਰਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਹੋਈ ਦਾ ਵਰਤ ਹਿੰਦੂ ਅਤੇ ਸਿੱਖ ਔਰਤਾਂ ਦੁਆਰਾ ਰਖਿਆ ਜਾਣ ਵਾਲਾ ਵਰਤ ਹੈ ਅਤੇ ਇਸ ਵਰਤ ਨੂੰ ਅਹੋਈ ਦਾ ਵਰਤ ਵੀ ਕਿਹਾ ਜਾਂਦਾ ਹੈ। ਇਹ ਵਰਤ ਕੱਤਕ ਦੀ ਸਤਵੀਂ ਨੂੰ ਰਖਿਆ ਜਾਂਦਾ ਹੈ ਜੋ ਕਰਵਾ ਚੌਥ ਤੋਂ ਤਿੰਨ ਦਿਨ ਬਾਅਦ ਔਰਤਾਂ ਦੁਆਰਾ ਰਖਿਆ ਜਾਂਦਾ ਹੈ। ਕਰਵਾ ਚੌਥ ਦਾ ਵਰਤ ਪਤੀ ਲਈ ਰੱਖਿਆ ਜਾਂਦਾ ਹੈ ਪਰ ਹੋਈ ਦਾ ਵਰਤ ਸੰਤਾਨ (ਪੁੱਤਰ) ਦੀ ਸਲਾਮਤੀ ਅਤੇ ਸੁੱਖ ਲਈ ਰਖਿਆ ਜਾਂਦਾ ਹੈ।

ਕਥਾ[ਸੋਧੋ]

ਹੋਈ ਦੇ ਵਰਤ ਨਾਲ ਸਬੰਧਿਤ ਵੱਖ ਵੱਖ ਕਥਾਵਾਂ ਪ੍ਰਚਲਿਤ ਹਨ ਪਰ ਪੰਜਾਬ ਵਿੱਚ ਕਥਾ ਇਸ ਪ੍ਰਕਾਰ ਪ੍ਰਚਲਿਤ ਹੈ: ਇੱਕ ਰਾਜੇ ਦੇ ਸੱਤ ਪੁੱਤਰ ਅਤੇ ਇੱਕ ਪੁੱਤਰੀ (ਰਾਜਕੁਮਾਰੀ) ਸੀ ਅਤੇ ਉਸਦੇ ਰਾਜੇ ਦੇ ਸਾਰੇ ਪੁੱਤਰਾਂ ਦਾ ਵਿਆਹ ਹੋ ਚੁੱਕਿਆ ਸੀ। ਇੱਕ ਦਿਨ ਰਾਜੇ ਦੇ ਪੁੱਤਰੀ ਜਾਂ ਰਾਜਕੁਮਾਰੀ ਆਪਣੀਆਂ ਸੱਤ ਦੀਆਂ ਸੱਤ ਭਰਜਾਈਆਂ ਨਾਲ ਮਿਲ ਕੇ ਮਿੱਟੀ ਪੁੱਟਣ ਗਈ। ਮਿੱਟੀ ਪੁੱਟਣ ਦਾ ਕਾਰਜ ਪੂਰਾ ਕਰ ਸਾਰੀਆਂ ਭਰਜਾਈਆਂ ਉਸ ਸਥਾਨ ਤੋਂ ਪਰ੍ਹਾਂ ਚਲੀਆਂ ਗਈਆਂ ਪਰ ਰਾਜਕੁਮਾਰੀ ਇਕੱਲੀ ਹੀ ਮਿੱਟੀ ਪੁੱਟਦੀ ਰਹਿ ਗਈ। ਜਦੋਂ ਉਹ ਕੁਦਾਲ ਨਾਲ ਮਿੱਟੀ ਪੁੱਟ ਰਹੀ ਸੀ ਤਾਂ ਮਿੱਟੀ ਪੱਟਦਿਆਂ ਗਲਤੀ ਨਾਲ ਹੋਈ ਦੇ ਬੱਚਿਆਂ ਨੂੰ ਮਾਰ ਦਿੱਤਾ ਜਿਸ ਨਾਲ ਗੁੱਸੇ ਵਿੱਚ ਆ ਕੇ ਹੋਈ ਨੇ ਰਾਜਕੁਮਾਰੀ ਨੂੰ ਆਜੀਵਨ ਬਾਂਝ ਰਹਿਣ ਦਾ ਸ਼ਰਾਪ ਦੇ ਦਿੱਤਾ। ਹੋਈ ਦੇ ਸ਼ਰਾਪ ਬਾਰੇ ਜਦੋਂ ਰਾਜਕੁਮਾਰੀ ਦੀਆਂ ਭਰਜਾਈਆਂ ਨੂੰ ਖ਼ਬਰ ਮਿਲੀ ਤਾਂ ਉਹ ਬਹੁਤ ਦੁਖੀ ਹੋਈਆਂ। ਰਾਜਕੁਮਾਰੀ ਦੀ ਵੱਡੀ ਭਰਜਾਈ ਹੋਈ ਕੋਲ ਗਈ ਅਤੇ ਰਾਜਕੁਮਾਰੀ ਦਾ ਸ਼ਰਾਪ ਖ਼ੁਦ ਨੂੰ ਦੇਣ ਲਈ ਕਿਹਾ ਅਤੇ ਹੋਈ ਨੇ ਇਸੇ ਪ੍ਰਕਾਰ ਕੀਤਾ ਤੇ ਵੱਡੀ ਭਰਜਾਈ ਨੂੰ ਸ਼ਰਾਪ ਦੇ ਦਿੱਤਾ। ਜਦੋਂ ਘਰ ਜਾ ਕੇ ਵੱਡੀ ਭਰਜਾਈ ਨੇ ਆਪਣੀ ਸੱਸ ਨੂੰ ਸਾਰੀ ਗੱਲ ਦੱਸੀ ਤਾਂ ਉਸਦੇ ਬਾਂਝ ਹੋਣ ਬਾਰੇ ਪਤਾ ਲਗਣ ਉੱਪਰ ਸੱਸ ਵੱਡੀ ਭਰਜਾਈ ਨੂੰ ਘਰੋਂ ਕੱਢ ਦਿੱਤਾ। ਭਟਕਦੀ ਹੋਈ ਵੱਡੀ ਨੂੰਹ ਨੂੰ ਇੱਕ ਕੀੜੇ ਪਈ ਹੋਈ ਗਾਂ ਮਿਲਦੀ ਹੈ ਤਾਂ ਉਹ ਬਾਰਾਂ ਸਾਲ ਉਸ ਗਾਂ ਦੀ ਸੇਵਾ ਕਰਦੀ ਹੈ ਅਤੇ ਇਸ ਸੇਵਾ ਸਦਕਾ ਬਾਰਾਂ ਸਾਲ ਬਾਅਦ ਵੱਡੀ ਨੂੰਹ ਨੂੰ ਮੁੰਡੇ ਦੀ ਪ੍ਰਾਪਤੀ ਹੁੰਦੀ ਹੈ। ਮੁੰਡਾ ਹੋਣ ਦੀ ਖ਼ਬਰ ਵੱਡੀ ਨੂੰਹ ਦੀ ਸੱਸ (ਰਾਨੀ) ਨੂੰ ਮਿਲਦੀ ਹੈ ਤਾਂ ਉਹ ਅਤੇ ਉਸਦੇ ਮੁੰਡੇ ਨੂੰ ਵਾਪਿਸ ਘਰ ਬੁਲਵਾ ਲੈਂਦੀ ਹੈ। ਸੱਸ ਦੇ ਪੁਛਣ ਤੋਂ ਬਾਅਦ ਵੱਡੀ ਨੂੰਹ ਦੱਸਦੀ ਹੈ ਕਿ ਉਸਦੀ ਸੰਤਾਨ ਬੀਮਾਰ ਗਊ ਦੀ ਬਾਰਾਂ ਸਾਲ ਦੀ ਸੇਵਾ ਦਾ ਨਤੀਜਾ ਹੈ।

ਪੂਜਾ[ਸੋਧੋ]

ਹੋਈ ਦੀ ਪੂਜਾ ਕਰਨ ਤੋਂ ਪਹਿਲਾਂ ਘਰ ਦੀ ਕੰਧ ਉੱਪਰ ਭਿੱਜੇ ਹੋਏ ਚਾਵਲਾਂ ਦੇ ਆਟੇ ਅਤੇ ਰੰਗਾਂ ਦੁਆਰਾ ਹੋਈ ਦੀ ਮੂਰਤੀ ਉਲੀਕੀ ਜਾਂਦੀ ਹੈ ਤੇ ਉਸ ਮੂਰਤੀ ਅੱਗੇ ਮਠਿਆਈ ਤੇ ਫਲ ਰੱਖ ਕੇ ਪੂਜਾ ਕੀਤੀ ਜਾਂਦੀ ਹੈ।[1]

ਵਿਧੀ[ਸੋਧੋ]

ਹੋਈ ਦੇ ਵਰਤ ਵਾਲੀ ਸਵੇਰ ਔਰਤਾਂ ਸਵੇਰੇ ਇਸ਼ਨਾਨ ਕਰਕੇ ਦੋ ਕਰਵੇ ਪੂਰਦਿਆਂ ਹਨ ਪਰ ਇਹਨਾਂ ਕੁਭਾਂ ਦੀ ਵਰਤੋਂ ਔਰਤਾਂ ਵੱਖ ਵੱਖ ਢੰਗ ਨਾਲ ਕਰਦੀਆਂ ਹਨ। ਕੁੱਝ ਔਰਤਾਂ ਦੋਵੇਂ ਕੁੰਭ ਜਲ ਨਾਲ ਭਰਦੀਆਂ ਹਨ ਅਤੇ ਕੁੱਝ ਔਰਤਾਂ ਇੱਕ ਕੁੰਭ ਵਿੱਚ ਜਲ ਅਤੇ ਦੂਜੇ ਕੁੰਭ ਨੂੰ ਅੰਨ ਨਾਲ ਭਰ ਲੈਂਦੀਆਂ ਹਨ। ਕਰਵੇ ਨੂੰ ਫੇਰ ਰਸੋਈ ਵਿੱਚ ਚੁਲ੍ਹੇ ਕੋਲ ਰੱਖ ਦਿੱਤੇ ਜਾਂਦੇ ਹਨ। ਇਸ ਵਰਤ ਨੂੰ ਦੁਪਹਿਰ ਵੇਲੇ ਖੋਲਿਆ ਜਾਂਦਾ ਹੈ ਅਤੇ ਵਰਤ ਖੋਲਣ ਤੋਂ ਪਹਿਲਾਂ ਮਹੱਲੇ ਦੀਆਂ ਔਰਤਾਂ ਇਕੱਠੀਆਂ ਹੋ ਕੇ ਬ੍ਰਹਾਮਣੀ ਕੋਲ ਕਥਾ ਸੁਣਨ ਲਈ ਜਾਂਦੀਆਂ ਹਨ। ਕਥਾ ਸੁਨਾਉਣ ਵੇਲੇ ਹਰ ਵਾਕ ਪੂਰਾ ਕਰਨ ਮਗਰੋਂ ਪੁਜਾਰਨ ਇੱਕ ਪਾਣੀ ਦੇ ਕਟੋਰੇ ਵਿੱਚ ਅੰਨ ਦੇ ਦਾਣੇ ਪਾਉਂਦੀ ਜਾਂਦੀ ਹੈ। ਕਥਾ ਖ਼ਤਮ ਹੋਣ ਤੋਂ ਬਾਅਦ ਉਸ ਪਾਣੀ ਦੇ ਕਟੋਰੇ ਨੂੰ ਸੂਰਜ ਵਾਲ ਸੁਟਿਆ ਜਾਂਦਾ ਹੈ। ਇਹ ਕਥਾ ਦੇ ਮੁੱਕਣ ਤੋਂਬਾਅਦ ਔਰਤਾਂ ਆਪਣੇ ਆਪਣੇ ਘਰ ਜਾ ਕੇ ਆਪਣਾ ਵਰਤ ਖੋਲ ਲੈਂਦੀਆਂ ਹਨ।

ਹਵਾਲੇ[ਸੋਧੋ]

  1. ਵਣਜਾਰਾ ਬੇਦੀ (2004). "ਹੋਈ ਦਾ ਵਰਤ". ਨੈਸ਼ਨਲ ਬੁਕ ਸ਼ਾਪ, ਦਿੱਲੀ. p. 513. {{cite web}}: |access-date= requires |url= (help); Missing or empty |url= (help)