ਸਮੱਗਰੀ 'ਤੇ ਜਾਓ

ਵਿਕੀਪੀਡੀਆ:ਚੁਣਿਆ ਹੋਇਆ ਲੇਖ/27 ਫ਼ਰਵਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਗੋਧਰਾ ਕਾਂਡ: ਅਯੁੱਧਿਆ ਵਿਖੇ ਰਾਮ ਜਨਮ ਭੂਮੀ/ਬਾਬਰੀ ਮਸਜਿਦ ਦੇ ਵਿਵਾਦਗ੍ਰਸਤ ਸਥਾਨ ਦੀ ‘ਕਾਰ ਸੇਵਾ’ ਤੋਂ ਬਾਅਦ ਜਦੋਂ ਸਾਬਰਮਤੀ ਐਕਸਪ੍ਰੈਸ 27 ਫਰਵਰੀ 2002 ਦੀ ਸਵੇਰ ਨੂੰ ਗੋਧਰਾ ਸਟੇਸ਼ਨ ਪਹੁੰਚੀ ਤਾਂ ਕੁਝ ਸ਼ਰਾਰਤੀ ਲੋਕਾਂ ਨੇ ਇਸ ਦੇ ਐਸ-6 ਕੋਚ ਨੂੰ ਅੱਗ ਲਗਾ ਦਿੱਤੀ ਤੇ ਇਸ ਕਾਂਡ ਵਿੱਚ 59 ‘ਕਾਰ ਸੇਵਕਾਂ’ ਦੀ ਮੌਤ ਹੋ ਗਈ ਸੀ ਅਤੇ ਕਈ ਜ਼ਖ਼ਮੀ ਹੋ ਗਏ। ਇੱਕ ਫ਼ਿਰਕੇ ਦੀ ਕੁੜੀ ਦੇ ਅਗਵਾ ਦੀ ਅਫ਼ਵਾਹ ਤੋਂ ਬਾਅਦ ਉਸ ਦਾ ਭਾਈਚਾਰਾ ਭੜਕ ਉੱਠਿਆ ਜਿਸ ਦੇ ਫ਼ਲਸਰੂਪ ਗੱਡੀ ਨੂੰ ਅੱਗ ਲਗਾ ਦਿੱਤੀ ਗਈ। ਬਾਅਦ ਵਿੱਚ ਇਹ ਅਫ਼ਵਾਹ ਨਿਰਮੂਲ ਸਾਬਤ ਹੋਈ ਜਿਹੜੀ ਇੱਕ ਡੂੰਘੀ ਸਾਜ਼ਿਸ਼ ਵੱਲ ਇਸ਼ਾਰਾ ਕਰਦੀ ਹੈ। ਸਾਬਰਮਤੀ ਐਕਸਪ੍ਰੈਸ ਦਾ ਨਾਂ ਗੁਜਰਾਤ ਦੀ ਸਾਬਰਮਤੀ ਨਹਿਰ ਦੇ ਨੇੜੇ ਬਣੇ ਗਾਂਧੀ ਆਸ਼ਰਮ ਦੇ ਨਾਂ ’ਤੇ ਹੈ ਜਿੱਥੋਂ ਰਾਸ਼ਟਰਪਿਤਾ ਨੇ ਡਾਂਡੀ ਮਾਰਚ ਦੀ ਸ਼ੁਰੂਆਤ ਕੀਤੀ ਸੀ। ਗੋਧਰਾ ਪਹਿਲਾਂ ਹੀ ਫਿਰਕੂ ਫ਼ਸਾਦਾਂ ਲਈ ਬਦਨਾਮ ਹੈ। ਦੇਸ਼ ਦੀ ਵੰਡ ਤੋਂ ਪਹਿਲਾਂ ਉੱਥੇ ਵਸੇ ਮੁਸਲਮਾਨਾਂ ਦੀ ਘਾਂਚੀ ਬਰਾਦਰੀ ਮੁਸਲਿਮ ਲੀਗ ਦੀ ਸਮਰਥਕ ਸੀ। ਆਜ਼ਾਦੀ ਤੋਂ ਬਾਅਦ ਸਿੰਧੀ ਹਿੰਦੂਆਂ ਦੀ ਵੱਡੀ ਗਿਣਤੀ ਨਵੇਂ ਬਣੇ ਦੇਸ਼ ਪਾਕਿਸਤਾਨ ਤੋਂ ਉੱਜੜ ਕੇ ਇੱਥੇ ਵਸ ਗਈ। ਉੱਥੇ ਰਫ਼ਿਊਜੀਆਂ ਨੂੰ ਘਾਂਚੀ ਬਰਾਦਰੀ ਦੇ ਲੋਕਾਂ ਦੇ ਇਰਦ-ਗਿਰਦ ਵਸਾ ਦਿੱਤਾ ਗਿਆ। ਦੇਸ਼ ਦੇ ਕਿਸੇ ਕੋਨੇ ਵਿੱਚ ਵੀ ਹੋਣ ਵਾਲੇ ਹਿੰਦੂ-ਮੁਸਲਿਮ ਫ਼ਸਾਦਾਂ ਦਾ ਅਸਰ ਗੋਧਰਾ ਦੇ ਲੋਕਾਂ ’ਤੇ ਪੈਂਦਾ ਰਿਹਾ। ਦੇਸ਼ ਦੀ ਵੰਡ ਤੋਂ ਬਾਅਦ 1947-48, 1953-55, 1965, 1980-81 ਅਤੇ 1985 ਵਿੱਚ ਅਣਗਿਣਤ ਦੰਗੇ ਹੁੰਦੇ ਰਹੇ। ਕਈ ਵਾਰੀ ਫ਼ਸਾਦਾਂ ਨੂੰ ਦਬਾਉਣ ਲਈ ਫ਼ੌਜ ਨੂੰ ਤਲਬ ਕੀਤਾ ਗਿਆ। ਦੋਵਾਂ ਭਾਈਚਾਰਿਆਂ ਦਰਮਿਆਨ ਫੈਲੀ ਕੁੜੱਤਣ ਨੇ ਗੋਧਰਾ ਸ਼ਹਿਰ ਦੀ ਭਾਈਚਾਰਕ ਸਾਂਝ ਨੂੰ ਗ੍ਰਹਿਣ ਲਾਈ ਰੱਖਿਆ। ਦੋਵਾਂ ਭਾਈਚਾਰਿਆਂ ਦੇ ਕਈ ਲੋਕ ਇੱਕ-ਦੂਜੇ ਦੇ ਖੂਨ ਦੇ ਤਿਹਾਏ ਰਹਿੰਦੇ ਹਨ। ਇਸ ਤੋਂ ਇਲਾਵਾ ਲੜਕੀਆਂ ਦੇ ਬਲਾਤਕਾਰ ਵਰਗੀਆਂ ਸ਼ਰਮਨਾਕ ਘਟਨਾਵਾਂ ਵੀ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣਦੀਆਂ ਰਹੀਆਂ।