ਨਿਰਮਲਾ ਸੰਪਰਦਾਇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨਿਰਮਲਾ ਸੰਪਰਦਾਇ ਸਿੱਖ ਸੰਤਾਂ ਦੀ ਇੱਕ ਸੰਪਰਦਾਇ ਹੈ।ਨਿਰਮਲ ਦਾ ਅਰਥ ਹੈ ਦਾਗ ਧੱਬੇ ਤੋਂ ਰਹਿਤ।ਇਹ ਸੰਪਰਦਾ ਸਿੱਖ ਧਰਮ ਦੇ ਅਧਿਐਨ ਤੇ ਪ੍ਰਚਾਰਨ ਹਿਤ ਲੱਗੀ ਹੋਈ ਹੈ।ਸੰਪਰਦਾ ਦੇ ਮੈਂਬਰਾਂ ਨੂੰ ਨਿਰਮਲੇ ਸਿੱਖ ਜਾਂ ਖਾਲ਼ੀ ਨਿਰਮਲੇ ਕਹਿੰਦੇ ਹਨ।[1]

ਨਿਰਮਲਿਆਂ ਦੀ ਗਿਣਤੀ ਵਧਣ ਉਪਰੰਤ ਇਸ ਸੰਪਰਦਾ ਦੋ ਅੰਗਾਂ ਵਿੱਚ ਵੰਡੀ ਗਈ।ਜੋ ਚਿੱਟੇ ਰੰਗ ਦੇ ਕੱਪੜੇ ਪਾਉਂਦੇ ਉਹ ਸੰਤ (ਜੋ ਬਿਹੰਗਮ ਰਹਿੰਦੇ ਹਨ)ਜਾਂ ਗਿਆਨੀ (ਜੋ ਗ੍ਰਸਥ ਜੀਵਨ ਬਿਤਾਂਦੇ ਹਨ) ਕਹਿਲਾਉਣ ਲੱਗੇ ਜੋ ਗੇਰੂਏ ਰੰਗ ਦੇ ਬਸਤਰ ਧਾਰਨ ਕਰਦੇ (ਇਹ ਗ੍ਰਹਸਤੀ ਤੇ ਬਿਹੰਗਮ ਦੋਵੇਂ ਹਨ) ਇਹਨਾਂ ਨੂੰ ਨਿਰਮਲੇ ਕਿਹਾ ਜਾਂਦਾ ਹੈ।[2]

ਗੁਰਮਤ ਪ੍ਰਾਚੀਨ ਵੈਦਿਕ ਤੇ ਪੋਰਾਣਿਕ ਤੇ ਦਰਸ਼ਨ ਦਾ ਅਧਿਐਨ ਅਤੇ ਅਧਿਆਪਨ ਨਿਰਮਲੇ ਸਾਧੂਆਂ ਦਾ ਮੁੱਖ ਜੀਵਨ ਕਾਰਜ ਹੈ। [3] ਨਿਰਮਲੇ ਸੰਪਰਦਾਇ ਸੰਤ ਵਿਦਵਾਨਾਂ ਦੀ ਸਿੱਖ ਸੰਪਰਦਾਇ ਹੈ। ਇਸ ਸੰਪਰਦਾਇ ਦੇ ਆਰੰਭ ਹੋਣ ਬਾਰੇ ਇਹ ਵਿਚਾਰ ਪ੍ਰਚਲਿੱਤ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ 1743 ਬਿ. ਵਿੱਚ ਪਾਉਂਟੇ ਪਧਾਰੇ ਤਾਂ ਉਥੇ ਕੁਝ ਯੁੱਧੇ ਸ਼ਾਸ਼ਤਰ ਵਿੱਦਿਆ ਦਾ ਅਭਿਆਸ ਕਰ ਰਹੇ ਸਨ ਤਾਂ ਉਹਨਾਂ ਨੇ ਕਿਹਾ “ਕੇਵਲ ਸ਼ਾਸ਼ਤ੍ਰ ਵਿਦਿਆ ਵਿੱਚ ਹੀ ਨ ਲਗੇ ਰਹੋ, ਕੁਝ ਸ਼ਾਸਤ੍ਰ ਪੜ੍ਹਨ ਪੜਾਉਣ ਦਾ ਵੀ ਉਪਰਾਲਾ ਕੀਤਾ ਕਰੋ। ਕਈ ਗੱਪਰੂਆਂ ਨੇ ਵਿਦਿਆ ਪ੍ਰਾਪਤੀ ਲਈ ਹਾਂ ਕਰ ਦਿੱਤੀ ਅਤੇ ਪੰਡਿਤ ਰਘੂਨਾਥ ਨੂੰ ਸੰਸਕ੍ਰਿਤ ਪੜ੍ਹਾਉਣ ਲਈ ਨਿਰਧਾਰਤ ਕੀਤਾ। ਇਹਨਾਂ ਗੱਭਰੂਆਂ ਵਿੱਚ ਕਈਂ ਕਿਰਤੀ ਸ਼੍ਰੇਣੀ ਦੇ ਸਨ, ਜਦ ਇਹ ਗੱਲ ਪੰਡਤ ਨੂੰ ਪਤਾ ਲੱਗੀ ਤਾਂ ਉਹ ਸੋਚਣ ਲੱਗਾ ਕਿ ਇਹ ਤਾਂ ਸ਼ੂਦਰ ਵਰਣ ਦੇ ਹਨ, ਜਿਹਨਾਂ ਨੂੰ ਧਰਮ ਸ਼ਾਸਤ੍ਰ, ਸੰਸਕ੍ਰਿਤੀ ਪੜ੍ਹਨ ਦਾ ਅਧਿਕਾਰ ਨਹੀਂ ਹੈ। ਇਸ ਲਈ ਉਹ ਪਡਾਉਣ ਤੋਂ ਇਨਕਾਰ ਕਰ ਗਿਆ। ਗੁਰੂ ਜੀ ਨੂੰ ਇਹ ਸੁਣ ਕੇ ਬਹੁਤ ਹੈਰਾਨੀ ਹੋਈ, ਤੇ ਉਹਨਾਂ ਕੁੱਝ ਵਿਦਿਆਰਥੀਆਂ ਨੂੰ ਬਨਾਰਸ ਭੇਜਣ ਦਾ ਯਤਨ ਕਰ ਲਿਆ। ਜਿਹਨਾਂ ਵਿਚੋਂ ਰਾਮ ਸਿੰਘ, ਬੀਰ ਸਿੰਘ, ਕਰਮ ਸਿੰਘ, ਗੰਡਾ ਸਿੰਘ ਤੇ ਸੇਵਾ ਸਿੰਘ। ਇਹਨਾਂ ਪੰਜ ਨੇ ਜਤਨ ਵੰਟ (ਚੇਨ ਮਠ) ਵਿੱਚ ਜਾ ਵਸੇ ਜਿਥੇ ਹੁਣ ਵਿਸੇ੍ਵੇਸਰ ਗੰਜ ਅੰਦਰ ਵੱਡਾ ਨਿਰਮਲ ਅਖਾੜਾ ਹੈ। ਇਹ ਵਿਦਿਆਰਥੀ ਪੰਡਿਤ ਤੇ ਹੋਰ ਵਿਦਵਾਨਾਂ ਪਾਸੋਂ ਪੁਰਾਤਨ ਧਰਮ-ਗ੍ਰੰਥ ਤੇ ਵਿਆਕਰਣ, ਨਿਆਇ, ਵੇਦਾਂਤ ਆਦਿ ਪੜ੍ਹਦੇ ਰਹੇ। ਇਹਨਾਂ ਵਿਦਿਆਰਥੀਆਂ ਨੇ ਆਨੰਦਪੁਰ ਵਾਪਸ ਆ ਕੇ ਹੋਰਾਂ ਨੌਜੁਆਨਾਂ ਨੂੰ ਪੜਾਉਣ ਦੀ ਸੇਵਾ ਵੀ ਕੀਤੀ। ਇਹ ਚਿੱਟੇ ਬਸਤਰ ਪਹਿਨਦੇ ਸਨ ਤੇ ਸਿਰ ਉਤੇ ਉਜਲ ਪਗੜੀ। ਇਹਨਾਂ ਨੂੰ ਦੂਜਿਆਂ ਨਾਲੋਂ ਵਿਲੱਖਣ ਕਰਕੇ ਦਰਸਾਉਂਸੀ ਸੀ, ਇਸੀ ਕਾਰਨ ਪੰਡਿਤ ਅਤੇ ਆਮ ਲੋਕ ਇਨ੍ਹਾਂ ਨੂੰ ‘ਨਿਰਮਲੇ` ਕਹਿੰਦੇ ਸਨ। [4]

ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਦੀ ਸ਼ਸ਼ਤ੍ਰਧਾਰੀ ਤੇ ਵਿੱਦਿਆਧਾਰੀ ਪ੍ਰਵਿਰਤੀ ਨੂੰ ਧਿਆਨ ਵਿੱਚ ਰੱਖਦਿਆਂ ਕਿਹਾ

‘ਸ੍ਰੀ ਗੋਬਿੰਦ ਸਿੰਘ ਹੈ ਪੂਰਣ ਹਰਿ ਅਵਤਾਰ।

ਰਚਾਯੋ ਪੰਥ ਭਣ ਮੈਂ ਪ੍ਰਗਟ ਦੋ ਬਿੰਧ ਕੇ ਵਿਸਤਾਰ।

ਏਕਨ ਕੇ ਕਰ ਖਡਰਾ ਦੈ ਭੁਜ ਬਲ ਬਹੁ ਵਿਸਤਾਰ।

ਪਾਲਨ ਭੂਮੀ ਕੋ ਕਰਿਓ ਦਰਸ਼ਨ ਮੂਲ ਉਰਵਾਰ।

ਔਰਨ ਕੀ ਪਿਰਵ ਵਿਮਲ ਮਤਿ ਦੀਨੇ ਪਰਮ ਵਿਵੇਕ।

ਨਿਰਮਲ ਭਾਖੇ ਜਗਤ ਤਿਨ ਹਰੇ ਬ੍ਰਹਮ ਸੁ ਏਕ।` [5]

ਸ੍ਰੀ ਨਿਰਮਲ ਪੰਚਾਇਤੀ ਅਖਾੜਾ ਦੇ ਸੰਬੰਧ ਵਿੱਚ ਦੱਸਣ ਤੋਂ ਪਹਿਲਾਂ ‘ਨਿਰਮਲ` ਸ਼ਬਦ ਤੇ ਵਿਚਾਰ ਕਰ ਲੈਣੀ ਠੀਕ ਰਹੇਗੀ। ਨਿਰਮਲ ਸੰਸਕ੍ਰਿਤ ਦਾ ਸ਼ਬਦ ਹੈ। ‘ਮਲ` ਸ਼ਬਦ ਦਾ ਅਰਥ ਮੈਲ, ਪਾਪ, ਆਦਿ ਹੈ। ਇਸ ਦੇ ਮੁੱਢ ਵਿੱਚ ‘ਨਿਰ` ਉਪਸਰਗ ਲਾ ਦਿੱਤੀ ਜਾਏ ਤਾਂ ਇਸ ਦਾ ਅਰਥ ‘ਪਾਪ-ਰਹਿਤ` ਜਾਂ ‘ਪਵਿੱਤਰ` ਹੋ ਜਾਂਦਾ ਹੈ। ਜੋ ਵਸਤੂ, ਅਥਵਾ ਇਨਸਾਨ, ਅਤਿਅੰਤ ਸ਼ੁੱਧ ਅਤੇ ਪਵਿੱਤਰ ਹੋਵੇ, ਉਸ ਨੂੰ ਅਸੀਂ ਨਿਰਮਲ ਸ਼ਬਦ ਨਾਲ ਪੁਕਾਰਦੇ ਹਾਂ।

ਗੁਰੂ ਅਮਰਦਾਸ ਜੀ ਨਿਰਮਲ ਸ਼ਬਦ ਦੀ ਪਰਿਭਾਸ਼ਾ ਇਸ ਪ੍ਰਕਾਰ ਕਰਦੇ ਹਨ।

ਸਬਦਿ ਰਤੇ ਸੇ ਨਿਰਮਲੇ...॥ (ਗੁਰੂ ਗ੍ਰੰਥ, ਪੰ.27)

ਗੁਰੂ ਅਰਜਨ ਦੇਵ ਜੀ ਨੇ ਇਸੇ ਵਿਚਾਰ ਨੂੰ ਪ੍ਰਗਟ ਕਰਦਿਆਂ ਦੁਹਰਾਇਆ ਹੈ:

ਨਾਨਕ ‘ਸੰਤ ਨਿਰਮਲ` ਭਏ ਜਿਨ ਮਨਿ ਵਸਿਆ ਸੋਇ॥

ਸ੍ਰੀ ਨਿਰਮਲ ਪੰਚਾਇਤੀ ਅਖਾੜ੍ਹੇ ਦੀ ਸਿਰਜਨਾ ਅਤੇ ਉਦੇਸ਼

ਨਿਰਮਲ ਸੰਪ੍ਰਦਾਇ ਨੇ ਗੁਰੂ ਨਾਨਕ ਦੇ ਸਿਧਾਂਤ ਨੂੰ ਪ੍ਰਚਾਰਨ ਹਿਤ ਪੰਜਾਬ ਤੋਂ ਅੱਗੇ ਸਾਰੇ ਭਾਰਤ ਵਿੱਚ ਡੇਰੇ ਜਮਾਏ। ਮਿਸਾਲ ਵਜੋਂ ਨਿਰਮਲ ਅਖਾੜੇ ਦੀ ਸਿਰਜਨਾ ਤੋਂ ਪਹਿਲਾਂ ਬਾਬਾ ਦਰਗਾਹਾ ਸਿੰਘ ਨੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਉੱਠ ਕੇ (ਬਾੜਾ ਬਾਬਾ ਦਰਗਾਹਾ ਸਿੰਘ ਜਾਂ ਡੇਰਾ ਬਾਬਾ ਦਰਗਾਹਾ ਸਿਘ ਕਨਖੜ ਵਿੱਚ ਗੰਗਾ ਦੇ ਕਿਨਾਰੇ ਜਾ ਕਾਇਮ ਕੀਤਾ। ਸੰਮਤ 1796 (1739 ਈ.) ਵਿੱਚ ਆਪ ਜੀ ਨੇ ਆਪਣੇ ਸਾਥੀਆਂ ਸਾਹਿਤ ਛੰਨਾਂ ਛੱਪਰ ਬਣਾ ਕੇ ਰਹਿਣਾ ਸ਼ੁਰੂ ਕਰ ਦਿੱਤਾ। ਇਹਨਾਂ ਸੰਤਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰੇਰਣਾ ਸਦਕਾਂ ਵਿੱਦਿਆ ਪ੍ਰਾਪਤ ਹੋ ਚੁੱਕੀ ਸੀ। ਇਹਨਾਂ ਵਿੱਚ ਜਿਹੜੇ ਵਿਦਵਾਨ ਭਾਗ ਲੈ ਰਹੇ ਸਨ ਉਹ ਹੇਠ ਲਿਖੇ ਹਨ

ਪੰਡਿਤ ਗੁਲਾਬ ਸਿੰਘ ਜੀ ਕਰਤਾ ਮੋਖ ਪੰਥ।

ਪੰ. ਨਿਹਾਲ ਸਿੰਘ ਜੀ ਟੀਕਾਕਾਰ ਜਪੁਜੀ (ਗੁਢਾਰਥ ਦੀਪਿਕਾ) ਸੰਸਕ੍ਰਿਤ

ਪੰਡਿਤ ਸੁਚੇਤ ਸਿੰਘ ਜੀ।

ਪੰ. ਕੌਰ ਸਿੰਘ ਜੀ ਕਰਤਾ ‘ਗੁਰੂ ਕੌਮ ਦੀ` (ਸੰਸਕ੍ਰਿਤ)

ਪੰਡਿਤ ਮਾਨ ਸਿੰਘ ਜੀ, ਕੁਬੇਰ।

ਪੰ. ਨਿੱਕਾ ਸਿੰਘ ਜੀ, ਬਰਨਾਲਾ। ਆਦਿੁ॥ ਨਿਰਮਲ ਡੇਰੇ: ਇਤਿਹਾਸ

ਨਿਰਮਲ ਸੰਤਾਂ ਦੇ ਡੇਰਿਆਂ ਸੰਬੰਧੀ ਸਾਨੂੰ ਤਿੰਨ ਪੁਸਤਕਾਂ ਪ੍ਰਾਪਤ ਹਨ ਜੋ ਹੇਠ ਲਿਖੀਆਂ ਹਨ:

ਗਿਆਨੀ ਗਿਆਨ ਸਿੰਘ ਜੀ ਦੀ ਨਿਰਮਲ ਪੰਥ ਪ੍ਰਦੀਪਿਕਾ

ਮਹੰਤ ਗਣੇਸ਼ਾ ਜੀ ਦੀ ਨਿਰਮਲ ਭੂਸ਼ਣ ਅਰਥਾਤ ਇਤਿਹਾਸ ਨਿਰਮਲ ਭੇਖ

ਦਿਆਲ ਸਿੰਘ ਜੀ ਦਿੱਲੀ ਵਾਲਿਆਂ ਦੀ ਨਿਰਮਲ ਪੰਥ ਦਰਸ਼ਨ।

ਨਿਰਮਲੇ ਸੰਤਾਂ ਦੀ ਸਮੂਹਕ ਰੂਪ ਵਿੱਚ ਪਹਿਲੀ ਇਕੱਤਰਤਾ ਰਿਖੀਕੇਸ਼ ਵਿਚ, 1758 ਈ. ਵਿੱਚ ਹਰਿਦੁਆਰ ਦੇ ਕੁੰਭ ਉੱਤੇ, ਦੂਜੀ ਵਾਰ 1764 ਈ. ਵਿੱਚ ਅਰਥ ਕੁੰਭੀ ਦੇ ਮੌਕੇ ਉੱਤੇ ਅਤੇ ਫੇਰ 1770 ਵਿੱਚ ਰਿਸ਼ੀਕੇਸ਼ ਵਿੱਚ ਹੋਈ।

ਮਹੰਤ ਗਣੇਸ਼ਾ ਸਿੰਘ ਅਤੇ ਮਹੰਤ ਦਿਆਲ ਸਿੰਘ ਜੀ ਦੋਵੇਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਨਿਰਮਲ ਭੇਖ ਦੇ ਬਾਨੀ ਮੰਨਦੇ ਹਨ। ਪਰ ਇਹ ਮੰਨਣ ਵਿੱਚ ਕੋਈ ਅਪੱਤੀ ਨਹੀਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਭਗਵੇਂ ਵਸਤਰ ਧਾਰਨ ਕਰਵਾ ਕੇ 1686 ਈ. ਵਿੱਚ ਕਾਸ਼ੀ ਪੜ੍ਹਨ ਲਈ ਭੇਜਿਆ ਤੇ ਸੰਤਾਂ ਨੂੰ ਜਦੋਂ ਪਤਾ ਲੱਗਾ ਕਿ ਗੁਰੂ ਜੀ ਨੇ 1699 ਈ. ਵਿੱਚ ਖਾਲਸਾ ਪੰਥ ਦੀ ਸਾਜਨਾ ਕਰ ਦਿੱਤੀ ਹੈ ਤਾਂ ਉਹ ਸੰਤ ਵੀ ਵਾਪਸ ਆ ਕੇ ਗੁਰੂ ਜੀ ਤੋਂ ਆਗਿਆ ਲੈ ਕੇ ਭਾਈ ਦਇਆ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ ਤੋਂ ਅੰਮ੍ਰਿਤ ਛਕਿਆ।

ਨਿਰਮਲੇ ਸੰਤਾਂ ਦੇ ਡੇਰੇ:-

ਭਾਰਤ ਦੀ ਵੰਡ ਤੋਂ ਪਹਿਲਾਂ ਨਿਰਮਲੇ ਸੰਤਾਂ ਦੇ ਡੇਰੇ ਸਾਰੇ ਪੰਜਾਬ, ਹਰਿਦੁਆਰ, ਰਿਸ਼ੀਕੇਸ਼ ਤੇ ਕਾਸ਼ੀ ਵਿੱਚ ਬਣੇ ਹੋਏ ਸਨ। ਪਾਕਿਸਤਾਨ ਵਿੱਚ ਇਹ ਡੇਰੇ ਲਾਹੌਰ, ਸ਼ਾਹਦਰਾ, ਗੁਜਰਾਂਵਾਲਾ, ਮੁਲਤਾਨ, ਰਾਵਲਪਿੰਡੀ, ਹੋਤੀ ਮਰਦਾਨ ਆਦਿ ਥਾਵਾਂ ਤੇ ਸਨ। ਪਰ ਵੰਡ ਤੋਂ ਬਾਅਦ ਸਾਰੇ ਡੇਰੇ ਪਾਕਿਸਤਾਨ ਵਿੱਚ ਰਹਿ ਗਏ। ਕਾਫੀ ਸੰਤ ਉਜੜ ਕੇ ਭਾਰਤ ਆ ਗਏ। ਪਹਿਲੇ 5-6 ਸਾਲ ਇਹ ਸੰਤ ਆਪਣੇ ਪੁਰਾਣੇ ਸਿੱਖ ਸੇਵਕਾਂ ਕੋਲ ਰਹਿ ਕੇ ਗੁਜਾਰਾ ਕਰਦੇ ਰਹੇ। ਆਜ਼ਾਦੀ ਤੋਂ ਬਾਅਦ ਪੂਰਬੀ ਪੰਜਾਬ ਵਿੱਚ ਸਣੇ ਡੇਰੇ ਘਟ ਬਣੇ ਅਤੇ ਅੰਮ੍ਰਿਤਸਰ, ਪਟਿਆਲਾ, ਜਲੰਧਰ ਤੇ ਹੁਸ਼ਿਆਰਪੁਰ ਤੋਂ ਸਿਵਾ ਕਿਤੇ ਵੀ ਨਿਰਮਲੇ ਸੰਤਾਂ ਦੇ ਡੇਰੇ ਨਹੀਂ ਹਨ। [6]

ਨਿਰਮਲਿਆਂ ਦੀਆਂ ਮਹੱਤਵਪੂਰਨ ਰਚਨਾਵਾਂ[ਸੋਧੋ]

ਕੁੱਝ ਰਚਨਾਵਾਂ ਜੋ ਸਿੱਖ ਫ਼ਿਲਾਸਫ਼ੀ ਦੇ ਗਿਆਨ ਤੇ ਸਿੱਖ ਸਿਧਾਂਤਾਂ ਦੇ ਵਖਿਆਨ ਲਈ ਪ੍ਰਸਿੱਧ ਹਨ ਹੇਠਾਂ ਦਿੱਤੀਆਂ ਹਨ:-

  • ‘ਸੰਗਮ ਸਰ ਚੰਦ੍ਰਿਕਾ’ ਦ੍ਵਾਰਾ ਚੇਤਨ ਮੱਠ ਵਾਰਾਨਸੀ ਦੇ ਪੰਡਤ ਸਦਾ ਸਿੰਘ (ਅਦਵੈਤ ਫ਼ਿਲਾਸਫ਼ੀ, ਅਦਵੈਤ ਸਿੱਧੀ ਤੇ ਸੰਸਕ੍ਰਿਤ ਵਿੱਚ ਰਚਨਾ)
  • ਪੰਡਤ ਤਾਰਾ ਸਿੰਘ ਨਰੋਤਮ ਦੀਆਂ ਕਈ ਪੁਸਤਕਾਂ ਜਿਵੇਂ: ‘ਗੁਰਮੀਤ ਨਿਰਣੈ ਸਾਗਰ (1877)’, ‘ਗੁਰੂ ਗਰੰਥ ਕੋਸ਼ (ਦੋ ਜਿਲਦਾਂ ਵਿੱਚ) (1889)’ (ਸਿੱਖ ਫ਼ਿਲਾਸਫ਼ੀ ਬਾਰੇ ਹਨ); ‘ਸਿਰੀ ਗੁਰੂ ਤੀਰਥ ਸੰਗ੍ਰਹਿ’ (ਭਾਰਤ ਤੇ ਭਾਰਤ ਤੌਂ ਬਾਹਰ ਸਿੱਖ ਗੁਰਦੁਅਰਿਆਂ ਤੇ ਪਵਿੱਤਰ ਯਾਦਗਾਰਾਂ ਬਾਰੇ ਹੈ)
  • ‘ਸ੍ਰੀ ਮੁੱਖਵਾਕ ਸਿਧਾਂਤ ਜਯੋਤੀ’ ਤੇ ਗੁਰੂ ਸਿੱਖਿਆ ਪਰਭਾਕਰ (1893) ਦ੍ਵਾਰਾ ਪੰਡਤ ਸਾਧੂ ਸਿੰਘ
  • ‘ਪੰਥ ਪਰਕਾਸ਼’ (ਕਵਿਤਾ ਵਿੱਚ 1880), ‘ਤਵਾਰੀਖ ਗੁਰੂ ਖਾਲਸਾ’ (ਵਾਰਤਕ ਵਿੱਚ 1891) ਦ੍ਵਾਰਾ ਗਿਆਨੀ ਗਿਆਨ ਸਿੰਘ।


ਹਵਾਲੇ[ਸੋਧੋ]

  1. "Encyclopaedia of Sikhism (ਸਿੱਖ ਧਰਮ ਵਿਸ਼ਵਕੋਸ਼)". eos.learnpunjabi.org. Retrieved 2020-06-02.
  2. Sikh Digital Library. The Spokesman Weekly Vol. 30 No. 18 December 29, 1980 (in English). Sikh Digital Library.{{cite book}}: CS1 maint: unrecognized language (link)
  3. ਡਾ. ਆਤਮ ਹਮਰਾਹੀ, ਪੰਡਿਤ ਭਾਨ ਸਿੰਘ ਸਿੰਮ੍ਰਿਤੀ, ਨੱਥੂਵਾਲਾ ਜਦੀਦ, ਮੋਗਾ, ਪੰਨਾ ਨੰ. 16
  4. ਪਿਆਰਾ ਸਿੰਘ ਪਦਮ, ਸਿੱਖ ਸੰਪ੍ਰਦਾਵਲੀ, ਕਲਗੀਧਰ ਕਲਕ ਫਾਊਂਡੇਸ਼ਨ, ਕਲਮ ਮੰਦਿਰ ਪਟਿਆਲਾ, ਪੰਨਾ ਨੰ. 49-50
  5. ਡਾ. ਸਵਰਨਜੀਤ ਕੌਰ ਗਰੇਵਾਲ, ਉੱਤਰੀ ਭਾਰਤ ਦੀਆਂ ਪ੍ਰਮੁੱਖ ਨਿਰਗੁਣ ਸੰਪ੍ਰਦਾਵਾਂ, ਤੇਜਿੰਦਰ ਬੀਰ ਸਿੰਘ, ਲਾਹੌਰ ਬੁੱਕ ਸ਼ਾਪ 2, ਲਾਜਪਤ ਰਾਏ ਮਾਰਕਿਟ, ਨੇੜੇ ਸੁਸਾਇਟੀ ਸਿਨੇਮਾ, ਲੁਧਿਆਣਾ, ਪੰਨਾ 88
  6. ਨਿਰਮਲ ਸੰਪ੍ਰਦਾਇ, ਸੰਪਾਦਕ ਪ੍ਰੀਤਮ ਸਿੰਘ, ਗੁਰੂ ਨਾਨਕ ਅਧਿਐਨ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਪੰਨਾ 41,42,59,60,64