ਸਭਿਆਚਾਰ ਵਿੱਚ ਕਿੰਨਰ/ਹਿਜੜਾ ਲੋਕ-ਸਮੂਹ
ਮਨੁੱਖੀ ਸਮਾਜ ਵਿੱਚ ਬਹੁਤ ਸਾਰੇ ਲੋਕ ਐਸੇ ਹਨ, ਜਿਹੜੇ ਹਾਸ਼ੀਏ ਤੇ ਬੈਠੇ ਹਨ। ਬਹੁਤ ਸਾਰੇ ਲੋਕ ਐਸੇ ਹਨ ਜੋ ਹਾਸ਼ੀਏ ਤੋਂ ਪਾਰ ਬੈਠੇ ਹਨ। ਐਸੇ ਲੋਕਾਂ ਵਿੱਚ ਇੱਕ ਹਾਸ਼ੀਏ ਤੋਂ ਪਾਰ ਬੈਠੇ ਹਨ। ਐਸੇ ਲੋਕਾਂ ਵਿੱਚ ਇੱਕ ਵਰਗ ਹਿਜੜਿਆਂ ਦੀ ਮਨੁੱਖੀ ਸਮਾਜ ਦੀ ਮੁੱਖ ਧਾਰਾ ਵਿੱਚ ਕੋਈ ਥਾਂ ਨਹੀਂ। ਇਹ ਨਿਥਾਵੇਂ ਹਨ। ਸਮਾਜ ਵਿੱਚ ਇੰਨ੍ਹਾਂ ਦੇ ਘਰ ਪਰਿਵਾਰ, ਖ਼ਾਨਦਾਨ, ਸਾਂਝ ਰਿਸ਼ਤੇਦਾਰੀ ਔਲਾਦ ਹੋਂਦ ਤੇ ਪਛਾਣ ਸਭ ਕੁਝ ਮਨਫ਼ੀ ਹੈ। ਇਹ ਸਮਾਜਿਕ ਤੌਰ ਤੇ ਵਿਛੁੰਨੇ ਹੋਏ ਲੋਕ ਹਨ। ਪਰ ਫਿਰ ਵੀ ਇਹ ਮਨੁੱਖ ਹਨ। ਇਨ੍ਹਾਂ ਦੀਆਂ ਭੁੱਖਾਂ, ਤੇਹਾਂ, ਲੋੜਾਂ, ਥੁੜਾਂ, ਭਾਵਨਾਵਾਂ, ਚਾਹਤਾਂ, ਸੁਪਨੇ ਅਤੇ ਸੱਧਰਾਂ ਹਨ। ਇੰਨ੍ਹਾਂ ਦੀ ਸਭ ਤੋਂ ਵੱਡੀ ਸੱਧਰ ਆਪਣੀ ਹੋਂਦ ਤੇ ਪਛਾਣ ਲਈ ਤਾਂਘ ਅਤੇ ਤੜਪ ਹੈ। ਪਰ ਸਮਾਜ ਦੀ ਮੁੱਖ ਧਾਰਾ ਇੰਨ੍ਹਾਂ ਵੱਲ ਪਿੱਠ ਕਰਕੇ ਖਲੋਤੀ ਹੈ। 21ਵੀਂ ਸਦੀ ਦੇ ਸਾਲ 2014 ਤੱਕ ਪਹੁੰਚਦਿਆਂ ਭਾਵੇਂ ਕਿ ਸੁਪਰੀਮ ਕੋਰਟ ਨੇ ਇੰਨ੍ਹਾਂ ਲੋਕਾਂ ਲਈ ‘ਤੀਸਰਾ ਲਿੰਗ’ ਹੋਣ ਦਾ ਫੈਸਲਾ ਸੁਣਾ ਕੇ ਕਿਹਾ ਹੈ ਕਿ ਹਰ ਸਰਕਾਰੀ ਦਸ਼ਤਾਵੇਜ਼ ਵਿੱਚ ਔਰਤ ਅਤੇ ਸਰਦ ਦੇ ਨਾਲ ਹੀ ਹਿਜੜਿਆਂ ਜਾਂ ਕਿੰਨਰਾਂ ਲਈ ‘ਤੀਸਰਾ ਲਿੰਗ’ ਦਾ ਕਾਲਮ ਵੀ ਜਰੂਰ ਹੋਵੇ। ਇਸ ਦੇ ਨਾਲ ਹੀ ਇਸ ਸਮਾਜ ਨੂੰ ਪੱਛੜੇ ਵਰਗ ਵਿੱਚ ਰੱਖੇ ਜਾਣ ਨਾਲ ਰਾਖਵਾਂਕਰਨ ਦੀ ਸਹੂਲਤ ਵੀ ਮਿਲ ਗਈ ਹੈ। ਪਰ ਇਸ ਨਾਲ ਸਮਾਜ ਵਿੱਚ ਇਨ੍ਹਾਂ ਦੀ ਹੋਂਦ ਤੇ ਪਛਾਣ ਨਿਸ਼ਚਿਤ ਹੋ ਜਾਂਦੀ ਹੈ।
ਸੱਚ ਤਾਂ ਇਹ ਹੈ ਕਿ ਹਾਸ਼ੀਏ ਤੋਂ ਪਾਰ ਵਿਚਰ ਰਹੀ ਇਸ ਧਿਰ ਦਾ ਜੀਵਨ-ਯਥਾਰਥ ਬਹੁਤ ਕਰੂਰ ਹੈ। ਸਮਾਜ ਦੀ ਮੁੱਖ ਧਾਰਾ ਵਿੱਚ ਵਸਦੇ ਮਨੁੱਖਾਂ ਦੀਆਂ ਖੁਸ਼ੀਆਂ ਲਈ ਨੱਚ-ਗਾ ਕੇ ਆਪਣਾ ਜੀਵਨ ਬਸਰ ਕਰਨ ਵਾਲੀ ਇਸ ਧਿਰ ਸਬੰਧੀ ਪੰਜਾਬੀ ਦਾ ਚਿੰਤਕ ਸ਼ਾਇਰ ਸ਼ੁਸ਼ੀਲ ਦੁਸਾਂਝ ਲਿਖਦਾ ਹੈ “ਭਾਰਤ ਦੀ ਸਾਹਿਤਕ ਰਵਾਇਤ ਹਾਸ਼ੀਏ ਤੇ ਬੈਠੇ ਵਿਅਕਤੀ ਨੂੰ ਉਠਾ ਕੇ ਆਪਣੀ ਮੰਜ਼ਿਲ ਵੱਲ ਤੌਰ ਦੇਣ ਦੀ ਰਹੀ ਹੈ। ਪਰ ਭਾਰਤੀ ਸਮਾਜ ਵਿੱਚ ਸਭ ਤੋਂ ਹੇਠਲੇ ਦਰਜ਼ੇ ਤੇ ਵਿਚਰ ਰਹੇ ਕਿੰਨਰ ਸਮਾਜ ਪ੍ਰਤੀ ਭਾਰਤੀ ਲੇਖਕ ਵੀ ਅਵੇਸਲਾ ਹੀ ਰਿਹਾ ਹੈ। ਕਿੰਨਰਾਂ ਤੇ ਕੇਂਦਰਤ ਸਾਹਿਤ ਸਿਰਜਣਾ ਬੇਹੱਦ ਚੁਣੌਤੀਆਂ ਭਰਪੂਰ ਹੈ। ਉਨ੍ਹਾਂ ਦੇ ਦੁੱਖ-ਸੁੱਖ ਲਿੰਗਕ ਅਪਾਹਜਤਾ ਕਰਕੇ ਉਨ੍ਹਾਂ ਨਾਲ ਹੁੰਦਾ ਭੇਦ ਭਾਵ ਰੁਜ਼ਗਾਰ ਅਤੇ ਪਰਿਵਾਰਾਂ ਤੋਂ ਸਦੀਵੀਂ ਵਿਛੋੜੇ ਕਾਰਨ ਉਨ੍ਹਾਂ ਦੀ ਜ਼ਿੰਦਗੀ ਲਗਭਗ ਨਰਕ ਬਣੀ ਹੁੰਦੀ ਹੈ। ਅੱਜ ਭਾਰਤੀ ਸਮਾਜ ਵਿੱਚ ਜੇਕਰ ਕੋਈ ਵਰਗ ਸਮਾਜਿਕ ਤੌਰ ਤੇ ਸਭ ਤੋਂ ਜਿਆਦਾ ਅਛੂਤ ਬਣਾ ਦਿੱਤਾ ਗਿਆ ਹੈ ਤਾਂ ਉਹ ਕਿਨਰ ਸਮਾਜ ਹੀ ਹੈ। ਇਸ ਹਾਲਤ ਵਿੱਚ ਸਾਹਿਤ ਨੇ ਬਾਕੀ ਸਮਾਜ ਨੂੰ ਇਹ ਦੱਸਣਾ ਹੈ ਕਿ ਕਿੰਨਰ ਵੀ ਸਮਾਜ ਦਾ ਇੱਕ ਹਿੱਸਾ ਹਨ, ਉਨ੍ਹਾਂ ਨੂੰ ਵੀ ਸਮਾਜ ਅਤੇ ਸਭਿਆਚਾਰ ਵਿੱਚ ਰੱਖ ਕੇ ਦੇਖਣਾ ਚਾਹੀਦਾ ਹੈ।
ਹਿਜੜਾ/ਕਿੰਨਰ-ਅਰਥ, ਪਰਿਭਾਸ਼ਾ
[ਸੋਧੋ]ਹਿਜੜਾ ਸ਼ਬਦ ਬਹੁਤ ਵਾਰੀ ਗਾਲ ਰੂਪ ਵਿੱਚ ਵੀ ਵਰਤਿਆ ਜਾਂਦਾ ਹੈ ਪਰ ਜਿਆਦਾਤਰ ਇਸ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਜਾਂਦੀ। ‘ਹਿਜੜਾ’ ਮੂਲ ਰੂਪ ਵਿੱਚ ਉਰਦੂ ਭਾਸ਼ਾ ਦਾ ਸ਼ਬਦ ਹੈ। ਇਹ ਉਰਦੂ ਵਿੱਚ ਹਿਜਰ ਸ਼ਬਦ ਰਾਹੀਂ ਅਰਬੀ ਭਾਸ਼ਾ ਤੋਂ ਆਇਆ ਹੈ। ‘ਹਿਜਰ’ ਤੋਂ ਭਾਵ ਆਪਣੇ ਸਮਾਜ। ਸਮੁਦਾਇ ਨੂੰ ਛੱਡਣ ਵਾਲਾ ਜਾਂ ਉਸ ਵਿੱਚੋਂ ਬਾਹਰ ਕੱਢਿਆ ਹੋਇਆ। ਇਸ ਤਰ੍ਹਾਂ ਹਿਜੜਾ ਔਰਤ-ਮਰਦ ਸਮਾਜ ਵਿੱਚੋਂ ਬਾਹਰ ਕੱਢਿਆ ਸੁਤੰਤਰ ਸਮਾਜ ਬਣਾ ਕੇ ਰਹਿਣ ਵਾਲਾ ਮਨੁੱਖ ਹੈ।
ਹਿਜੜਾ ਸ਼ਬਦ ਦਾ ਇੱਕ ਹੋਰ ਅਰਥ ‘ਹਿਜ’ ਭਾਵ ‘ਪਵਿੱਤਰ ਆਤਮਾ’ ਜਿਸ ਦੇ ਸਰੀਰ ਵਿੱਚ ਪਵਿੱਤਰ ਆਤਮਾ ਹੈ ਉਹ ਹਿਜੜਾ ਹੈ। ਭਾਰਤ ਵਿੱਚ ਹਿਜੜਾ ਸਮਾਜ ਵੱਖ-ਵੱਖ ਨਾਵਾਂ ਨਾਲ ਅਤੇ ਆਪਣੀ ਵੱਖਰੀ ਸੰਸਕ੍ਰਿਤੀ ਅਤੇ ਇਤਿਹਾਸ ਨਾਲ ਜਾਣੇ ਜਾਂਦੇ ਹਨ। ਉਰਦੂ ਹਿੰਦੀ ਵਿੱਚ ਹਿਜੜਾ ਸ਼ਬਦ ਹੈ ਨਾਲ ਹੀ ਉਰਦੂ ਵਿੰਚ ਇੰਨ੍ਹਾਂ ਨੂੰ ‘ਖ਼ਵਾਜਾਸਰਾ’ ਵੀ ਕਿਹਾ ਜਾਂਦਾ ਹੈ।
ਮਹਾਨ ਕੋਸ਼ ਵਿੱਚ ਵੀ ਇਸ ਦਾ ਜ਼ਿਕਰ ਮਿਲਦਾ ਹੈ ਕਿ ‘ਹਿਜੜਾ’ ਪੁਰਸ਼ ਦੇ ਰੂਪ ਵਿੱਚ ਹੀ ਜਨਮ ਲੈਂਦਾ ਹੈ ਅਤੇ ਪੁਰਸ਼ ਦੇ ਰੂਪ ਵਿੱਚ ਹੀ ਵੱਡਾ ਹੁੰਦਾ ਹੈ। ਪਰ ਮੂਲ ਰੂਪ ਵਿੱਚ ਉਸ ਦੀ ਲੈਂਗਿਕਤਾ ਵੱਖਰੀ ਹੁੰਦੀ ਹੈ। ‘ਯੂਨਕ’ (Euncuh) ਸ਼ਬਦ ਵੀ ਹਿਜੜਿਆਂ ਲਈ ਵਰਤਿਆ ਜਾਂਦਾ ਹੈ। ਯੁਨਕ ਤੋਂ ਭਾਵ ਲਿੰਗ ਪਰਿਵਰਤਨ ਕਰਵਾ ਕੇ ਪੁਰਸ਼ ਤੋਂ ਇਸਤਰੀ ਬਣਿਆ ਹਿਜੜਾ। Eunuch ਦਾ ਕੋਸ਼ਕ ਅਰਥ 'Castrated Male' (ਲਿੰਗ ਛੇਦ ਕੀਤਾ ਪੁਰਸ਼) ਹੈ। ਯੁਨਕ ਹੀ ਕਿਹਾ ਜਾਂਦਾ ਹੈ।
ਹਿਜੜਿਆਂ/ਕਿਨਰਾਂ ਦਾ ਇਤਿਹਾਸ ਪ੍ਰਾਚੀਨ ਕਾਲ ਤੋਂ ਹੁਣ ਤੱਕ
[ਸੋਧੋ]ਪ੍ਰਾਚੀਨ ਕਾਲ ਵਿੱਚ ਹਿਜੜਿਆਂ ਦਾ ਵਿਸ਼ੇਸ਼ ਰੁਤਬਾ ਸੀ। ਅਜਿਹਾ ਵੀ ਮੰਨਿਆ ਜਾਂਦਾ ਹੈ ਕਿ ਬਹੁਤ ਸਾਰੇ ਰਾਜਿਆਂ ਦੁਆਰਾ ਰਾਜਨੀਤੀ ਸਾਂਝੀਦਾਰੀ ਵਿੱਚ ਇੰਨ੍ਹਾਂ ਦੀ ਸਲਾਹ ਜਰੂਰ ਲਈ ਜਾਂਦੀ ਸੀ। ਇੰਨ੍ਹਾਂ ਦੀ ਤਾਕਤ ਅਤੇ ਬੁੱਧੀ ਦਾ ਗਿਆਨ ਰਾਜਿਆਂ ਨੂੰ ਸੀ। ਇਸ ਕਾਰਨ ਗਰੀਬ ਪਰਿਵਾਰਾਂ ਵਿੱਚ ਲੋਕ ਇੱਕ ਬੱਚੇ ਦਾ ਲਿੰਗ ਕੱਟ ਦਿੰਦੇ ਤਾਂ ਜੋ ਉਸ ਨੂੰ ਨੌਕਰੀ ਮਿਲ ਜਾਵੇ ਤੇ ਪਰਿਵਾਰ ਦਾ ਗੁਜਾਰਾ ਚੰਗਾ ਹੋ ਸਕੇ। ਮੁਸਲਮਾਨ ਹਿਜੜਿਆਂ ਦੇ ਮੁਕਾਬਲੇ ਹਿੰਦੂ ਹਿਜੜੇ ਗਰੀਬ ਸਨ। ਇਸ ਕਰਕੇ ਬਹੁਤ ਸਾਰੇ ਹਿੰਦੂ ਹਿਜੜਿਆਂ ਨੇ ਧਰਮ ਪਰਿਵਰਤਨ ਕਰਕੇ ਮੁਸਲਮਾਨ ਬਣੇ। ਸਮੇਂ ਦੇ ਬੀਤਣ ਨਾਲ ਰਾਜਸਾਹੀ ਖ਼ਤਮ ਹੋ ਗਈ ਨਾਲ ਹੀ ਕਿੰਨਰ ਦੀਆਂ ਨੌਕਰੀਆਂ ਖ਼ਤਮ ਹੋ ਗਈਆਂ। ਕਿਸੇ ਤਰ੍ਹਾਂ ਦੀ ਆਮਦਨ ਨਾ ਹੋਣ ਤੇ ਅਜਿਹੇ ਸਮੇਂ ਵਿੱਚ ਕਿੰਨਰਾਂ ਘਰ ਤੋਂ ਨਿਕਲ ਕੇ ਨੱਚਣ ਗਾਉਣ, ਭੀਖ ਮੰਗਣਾ ਅਤੇ ਦੇਹ ਵਿਉਪਾਰ ਆਦਿ ਸ਼ੁਰੂ ਕਰ ਦਿੱਤਾ। ਇਨ੍ਹਾਂ ਦੀਆਂ ਕਲਾਵਾਂ ਅਤੇ ਗੁਣ ਹੁਣ ਸਿਰਫ਼ ਪੇਟ ਭਰਨ ਦੇ ਕੰਮ ਆਉਂਦੇ ਹਨ।
ਕਿੰਨਰਾਂ ਦੀ ਅਜ਼ਾਦੀ ਤੇ ਪਹਿਚਾਣ ਨੂੰ ਦਬਾਉਣ ਅਤੇ ਬਣਾਉਣ ਲਈ ਵੱਖ-ਵੱਖ ਸਮੇਂ ਦੀਆਂ ਸਰਕਾਰਾਂ ਨੇ ਨਿਯਮ ਬਣਾਏ। 1880 ਵਿੱਚ ਬੜੌਦਾ ਦੇ ਮਹਾਰਾਜ ‘ਗਾਯਕਵਾਡ ਜੀ’ ਨੇ ਕਿੰਨਰ ਬਣਾਉਣ ਉੱਤੇ ਪੂਰਨ ਪਾਬੰਦੀ ਲਾ ਦਿੱਤੀ। ਬਰਤਾਨੀਆਂ ਦੇ ਭਾਰਤ ਵਿੱਚ ਰਾਜ ਸਮੇਂ ਕਿੰਨਰਾਂ ਦੇ ਹਾਲਾਤ ਵਧੇਰੇ ਮਾੜੇ ਹੋ ਗਏ ਸਨ। ਬ੍ਰਿਟਿਸ਼ ਰਾਜ ਵਿੱਚ ਹਿਜੜਿਆਂ ਦੇ ਵਿਰੁੱਧ ਬਹੁਤ ਸਾਰੇ ਕਾਨੂੰਨ ਬਣਾਏ। ਇੰਨ੍ਹਾਂ ਨੂੰ ਲੱਗਦਾ ਸੀ ਕਿ ਸੱਭਿਅਕ ਸਮਾਜ ਵਿੱਚ ਕਿੰਨਰ ਇਸ ਨੂੰ ਦੂਸ਼ਿਤ/ਅਸੱਭਿਅਕ ਕਰ ਰਹੇ ਹਨ। ਇਸ ਲਈ ਪੁਰਸ਼ ਤੋਂ ਹਿਜੜਾ ਬਣਨ ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ। ਭਾਰਤੀ ਸੰਵਿਧਾਨ ਦੀ ਧਾਰਾ 320 ਅਨੁਸਾਰ ਦੂਸਰੇ ਵਿਅਕਤੀ ਦਾ ਲਿੰਗ ਕੱਟਣਾ ਕਾਨੂੰਨੀ ਜ਼ੁਰਮ ਹੈ।
ਭਾਰਤ ਵਿੱਚ ਹਿਜੜਿਆਂ ਦੀ ਥਾਂ ਸਮਾਜ ਤੋਂ ਵੱਖਰੀ ਹੀ ਨਹੀਂ ਸਗੋਂ ਇੰਨ੍ਹਾਂ ਦੀ ਪਛਾਣ ਨੂੰ ਮਨਫ਼ੀ ਹੀ ਰੱਖਿਆ ਗਿਆ ਹੈ। ਇਨ੍ਹਾਂ ਦਾ ਆਮ ਮਨੁੱਖੀ ਸਮਾਜ ਨਾਲ ਵੱਖਰਾ ਸੰਬੰਧ ਹੈ ਕੋਈ ਸਿੱਧਾ ਸਬੰਧ ਨਹੀਂ। ਹਿਜੜੇ ਸਧਾਰਨ ਸਮਾਜ ਤੋਂ ਵੱਖਰ ਹੋ ਕੇ ਆਪਣੇ ਵੱਖਰੇ ਸਮਾਜ ਵਿੱਚ ਰਹਿੰਦੇ ਹਨ। ਮਨੁੱਖ ਸੁਰੱਖਿਅਤ ਰਹਿਣ ਲਈ ਸਮੂਹ ਵਿੱਚ ਰਹਿੰਦਾ ਹੈ। ਹਿਜੜੇ ਵੀ ਆਪਣੇ ਵੱਖਰੇ ਸਮੂਹ ਵਿੱਚ ਰਹਿੰਦੇ ਹਨ। ਭਾਰਤੀ ਸਮਾਜ ਵਿੱਚ ਹਿਜੜਾ ਬਰਾਦਰੀ ਅਤੇ ਟ੍ਰਾਂਸਜੈਂਡਰ ਦੀ ਥਾਂ ਅਜੇ ਤੱਕ ਮਨਫ਼ੀ ਹੈ। ਆਮ ਤੌਰ ਤੇ ਇਹ ਲੋਕ ਆਪਣੇ ਡੇਰਿਆਂ ਵਿੱਚ ਸਮੂਹਿਕ ਰੂਪ ਵਿੱਚ ਰਹਿੰਦੇ ਹਨ। ਇੰਨ੍ਹਾਂ ਵਿੱਚ ਕੁਝ ਪੜ੍ਹੇ-ਲਿਖੇ ਹਿਜੜੇ ਹਨ ਜੋ ਨੌਕਰੀ ਕਰਨਾ ਚਾਹੁੰਦੇ ਹਨ ਅਤੇ ਇਕੱਲੇ ਰਹਿਣ ਚਾਹੁੰਦੇ ਹਨ। ਇੰਨ੍ਹਾਂ ਨੂੰ ਨਿੱਜੀ ਘਰ ਜਾਂ ਆਪਣੇ ਕਿੰਨਰ ਸਮਾਜ ਤੋਂ ਵੱਖ ਸਮਾਜ ਵਿੱਚ ਰਹਿਣਾ ਆਸਾਨ ਨਹੀਂ ਕਿਉਂਕਿ ਲੋਕ ਵਿਰੋਧ ਕਰਦੇ ਹਨ। ਪਿੰਡਾਂ ਅਤੇ ਕਸਬਿਆਂ ਜਾਂ ਛੋਟੇ ਸ਼ਹਿਰਾਂ ਵਿੱਚ ਇੰਨ੍ਹਾਂ ਦਾ ਬਸਰ ਹੋਰ ਵੀ ਵਧੇਰੇ ਕਠੋਰ ਹੈ। ਇਸ ਕਾਰਨ ਜ਼ਿਆਦਾਤਰ ਇਹ ਵੱਡੇ ਸ਼ਹਿਰਾਂ ਵੱਲ ਰਾਹ ਕਰ ਰਹੇ ਹਨ। ਔਰਤਾਂ ਵਾਲੀ ਕਾਮੁਕਤਾ ਰੱਖਣ ਵਾਲੇ ਮਰਦ ਆਪਣੀ ਜੈਂਡਰ ਪਛਾਣ (ਗੇਅ, ਟ੍ਰਾਂਸਜੈਂਡਰ) ਨੂੰ ਦਬਾਅ ਕੇ ਰੱਖਦੇ ਹਨ ਜਿਸ ਕਾਰਨ ਮਜ਼ਬੂਰਨ ਇਨ੍ਹਾਂ ਨੂੰ ਆਪਣਾ ਪਰਿਵਾਰ ਛੱਡਣਾ ਪੈਂਦਾ ਹੈ। ਜਾਂ ਪਰਿਵਾਰ ਵੱਲੋਂ ਇੰਨ੍ਹਾਂ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ। ਇੰਨ੍ਹਾਂ ਵਿੱਚੋਂ ਬਹੁਤ ਸਾਰੇ ਅਜਿਹੇ ਵੀ ਹਨ ਜੋ ਦੋਹਰੇ ਜੈਂਡਰ ਦੀ ਭੂਮਿਕਾ ਨਿਭਾ ਰਹੇ ਹਨ ਭਾਵ ਘਰ ਵਿੱਚ ਇੱਕ ਮਰਦ ਦੀ ਭੂਮਿਕਾ ਨਿਭਾਉਂਦੇ ਹਨ ਅਤੇ ਬਾਹਰ ਕਿੰਨਰ/ਹਿਜੜਾ ਹੈ। ਅਜਿਹਾ ਨਹੀਂ ਹੈ ਕਿ ਮੈਟ੍ਰੋ ਸ਼ਹਿਰ ਵਿੱਚ ਇੰਨ੍ਹਾਂ ਦਾ ਜੀਵਨ ਸਰਲ ਹੈ, ਇੰਨ੍ਹਾਂ ਲਈ ਬਣੀਆਂ NGO ਮਨੁੱਖੀ ਅਧਿਕਾਰ ਕੇਂਦਰ ਅਤੇ ਇੰਨ੍ਹਾਂ ਦੁਆਰਾ ਬਣੀਆਂ ਸੰਸਥਾਵਾਂ ਇੰਨ੍ਹਾਂ ਦੇ ਹੱਕਾਂ ਲਈ ਲੜਦੀਆਂ ਹਨ। ਇੰਨ੍ਹਾਂ ਨੂੰ ਵੱਡੇ ਹੋਟਲਾਂ, ਰੈਸਰਤਾਂ, ਮਾਲ ਆਦਿ ਵਿੱਚ ਜਾਣ ਹੀ ਨਹੀਂ ਦਿੱਤਾ ਜਾਂਦਾ। ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਜਦ ਕੋਈ ਨੌਕਰੀ ਨਹੀਂ ਮਿਲਦੀ ਤਾਂ ਸੈਕਸ ਵਰਕਰ ਬਣਨ ਲਈ ਮਜ਼ਬੂਰ ਹੋ ਜਾਂਦੇ ਹਨ।
ਭਾਰਤ ਵਿੱਚ ਕਿੰਨਰ ਸਮਾਜ ਦੀ ਬਣਤਰ
[ਸੋਧੋ]ਹਿਜੜਾ ਬਣਨਾ ਬਹੁਤ ਵੱਡੀ ਕਠਿਨ ਪ੍ਰਕਿਰਿਆ ਹੈ। ਅਸਲ ਵਿੱਚ ਇਹ ਮਾਨਸਿਕ ਹੁੰਦੀ ਹੈ ਬਾਅਦ ਵਿੱਚ ਅਧਿਆਤਮਿਕ ਅਤੇ ਸਮਾਜਿਕ। ਸਰੀਰਕ ਤੌਰ ਤੇ ਪੁਰਸ਼ ਹੋਣ ਅਤੇ ਮਾਨਸਿਕ ਤੋਰ ਤੇ ਆਪਣੇ ਆਪ ਨੂੰ ਔਰਤ ਮੰਨਣ ਕਾਰਨ ਉਸ ਨੂੰ ਪੁਰਸ਼ ਜੀਵਨ ਜਿਉਣਾ ਮੁਸ਼ਕਿਲ ਹੋ ਜਾਂਦਾ ਹੈ, ਅਖੀਰ ਉਹ ਹਿਜੜਾ ਬਣਨ ਦਾ ਫੈਸਲਾ ਕਰਦਾ ਹੈ। ਭਾਰਤ ਵਿੱਚ ਹਿਜੜੇ ਸੱਤ ਵੱਡੇ ਖਾਨਦਾਨਾਂ ਵਿੱਚ ਵੰਡੇ ਹੋਏ ਹਨ, ਭਿੰਡੀ ਬਜ਼ਾਰ, ਬੂਲਾਕ, ਲਾਲਨ ਲਖਨਊ, ਪੂਨਾ, ਦਿੱਲੀ ਅਤੇ ਹਾਦਿਰ ਇਬਰਾਹਿਮ ਇਹ ਖਾਨਦਾਨ ਆਦਿ। ਇੰਨ੍ਹਾਂ ਸੱਤਾਂ ਖਾਨਦਾਨਾਂ ਦਾ ਇੱਕ-ਇੱਕ ਮੁਖੀ ਹੁੰਦਾ ਹੈ ਜਿਸ ਨੂੰ ਨਾਇਕ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਗੁਰੂ ਦਾ ਰੁਤਬਾ ਹੁੰਦਾ ਹੈ। ਹਿਜੜਿਆਂ ਵਿੱਚ ਨਾਇਕ ਅਤੇ ਗੁਰੂ ਦਾ ਹੀ ਕਨੂੰਨ ਚੱਲਦਾ ਹੈ। ਉਨ੍ਹਾਂ ਦੀ ਹਰ ਇੱਕ ਗੱਲ ਨੂੰ ਮੰਨਣਾ ਪੈਂਦਾ ਹੈ। ਹਰ ਖਾਨਦਾਨ ਦੇ ਆਪਣੇ ਅਲੱਗ ਨਿਯਮ/ਕਾਨੂੰਨ ਹੁੰਦੇ ਹਨ ਜਿੰਨ੍ਹਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ। ਇੰਨ੍ਹਾਂ ਨਿਯਮਾਂ ਨੂੰ ਗੁਪਤ ਰੱਖਿਆ ਜਾਂਦਾ ਹੈ। ਸਾਲ ਵਿੱਚ ਦੋ ਵਾਰ ਹਿਜੜਿਆਂ ਦੀ ਪੰਚਾਇਤ ਹੁੰਦੀ ਹੈ। ਇਸ ਵਿੱਚ ਸਾਰੇ ਖਾਨਦਾਨਾਂ ਦੇ ਮੁੱਖੀ ਹੁੰਦੇ ਹਨ। ਇਸ ਵਿੱਚ ਕਿਸ ਦੁਆਰਾ ਨਿਯਮ ਤੋੜੇ ਗਏ ਕਿਸ ਨੇ ਗੁਰੂ ਦੀ ਆਗਿਆ ਦਾ ਪਾਲਣ ਨਹੀਂ ਆਦਿ ਦਾ ਹਿਸਾਬ ਲਾਇਆ ਜਾਂਦਾ ਹੈ ਅਤੇ ਉਨ੍ਹਾਂ ਅਨੁਸਾਰ ਹੀ ਸਜ਼ਾ ਦਿੱਤੀ ਜਾਂਦੀ ਹੈ।
ਜੇਕਰ ਕਿਸੇ ਵੱਲੋਂ ਹਿਜੜਾ ਬਣਨ ਦਾ ਫੈਸਲਾ ਲਿਆ ਹੋਵੇ ਤਾਂ ਸਭ ਤੋਂ ਪਹਿਲਾਂ ਉਸ ਨੂੰ ਗੁਰੂ ਚੁਣਨਾ ਪੈਂਦਾ ਹੈ। ਇਸ ਤੋਂ ਬਾਅਦ ਉਸ ਦੀ ‘ਰੀਤ’ ਕੀਤੀ ਜਾਂਦੀ ਹੈ। ਇਹ ਇੱਕ ਰਸਮ ਹੁੰਦੀ ਹੈ। ਇਸ ਤੋਂ ਬਾਅਦ ਉਸ ਦਾ ਪੰਜੀਕਰਨ ਕੀਤਾ ਜਾਂਦਾ ਹੈ। ਗੁਰੂ ਅਤੇ ਚੇਲੇ ਦੇ ਸਬੰਧ ਮਾਂ-ਧੀ ਵਰਗੇ ਹੁੰਦੇ ਹਨ। ਰੀਤ ਕਰਦੇ ਸਮੇਂ ਉਸ ਨੂੰ ਖਾਨਦਾਨੀ ਦੁਪੱਟਾ ਸਿਰ ਉੱਤੇ ਪਾਇਆ ਜਾਂਦਾ ਹੈ, ਸਾੜੀ ਅਤੇ ਹੋਰ ਖਾਨਦਾਨੀ ਨਿਸ਼ਾਨੀਆਂ ਦਿੱਤੀਆਂ ਜਾਂਦੀਆਂ ਹਨ ਅਤੇ ਨਾਲ ਹੀ ਨਿਯਮਾਂ ਬਾਰੇ ਸਮਝਾਇਆ ਜਾਂਦਾ ਹੈ। ਉਸ ਤੋਂ ਬਾਅਦ ਪ੍ਰੀਖਿਆ ਹੁੰਦੀ ਹੈ, ਜਿਸ ਸਮਾਜ ਵਿੱਚ ਪਹਿਲਾ ਜੀਵਨ ਬਤੀਤ ਕੀਤਾ ਹੈ, ਉਸ ਤੋਂ ਵੱਖ ਰਹਿਣਾ, ਤਾੜੀ ਵਜਾਉਣਾ ਮਿੱਠਾ ਆਦਿ। ਰੀਤ ਹੋਣ ਤੋਂ ਬਾਅਦ ਹਿਜੜੇ ਦੀ ਜਿੰਦਗੀ ਜਿਉਣਾ ਸ਼ੁਰੂ ਹੁੰਦਾ ਹੈ। ਇਸ ਤੋਂ ਬਾਅਦ ਲਿੰਗ ਛੇਦ ਭਾਵ ਲਿੰਗ ਕੱਟਿਆ ਜਾਂਦਾ ਹੈ, ਜਿਸ ਨੂੰ ਨਿਰਵਾਣ ਕਰਾਉਣ ਲਈ ਕਿਸੇ ਤਰ੍ਹਾਂ ਦੀ ਜ਼ਬਰਦਸਤੀ ਨਹੀਂ ਕੀਤੀ ਜਾਂਦੀ। ਹਿਜੜੇ ਆਪਣੇ ਸਰੀਰ ਨੂੰ ਪਵਿੱਤਰ ਮੰਨਦੇ ਹਨ ਇਸ ਲਈ ਉਹ ਆਪਣੀ ਮਰਜ਼ੀ ਤੋਂ ਬਿਨ੍ਹਾਂ ਸਰੀਰ ਨਾਲ ਛੇੜਖਾਨੀ ਨਹੀਂ ਕਰਨ ਦਿੰਦੇ। ‘ਨਿਰਵਾਣ’ ਹੋਣ ਤੋਂ ਬਾਅਦ ਜਖ਼ਮ ਭਰਨ ਵਿੱਚ 40-45 ਦਿਨ ਲਗਦੇ ਹਨ। ਇਸ ਦੌਰਾਨ ਉਸ ਨੂੰ ਔਰਤ ਅਤੇ ਮਰਦ ਦੋਵਾਂ ਨੂੰ ਦੇਖਣ ਦੀ ਮਨਾਹੀ ਹੁੰਦੀ ਹੈ। ਇਹ ਸਾਰੀ ਵਿਧੀ ਦੁਖਦਾਈ ਹੁੰਦੀ ਹੈ। ਨਿਰਵਾਣ ਭਾਵ ਪੂਰਨ ਹਿਜੜਾ ਬਣਨਾ, ਇਸ ਤੋਂ ਬਾਅਦ ਹਲਦੀ-ਮਹਿੰਦੀ ਦੀ ਰਸਮ ਹੁੰਦੀ ਹੈ। ਚਿਹਰੇ ਅਤੇ ਹੱਥਾਂ ਉੱਤੇ ਹਲਦੀ ਲਾਉਣ ਤੋਂ ਬਾਅਦ ਮੂੰਹ ਮਿੱਠਾ ਕਰਵਾਇਆ ਜਾਂਦਾ ਹੈ, ਨਾਲ ਹੀ ਦ੍ਰਿਸ਼ਟੀ ਨਾਂ ਦੀ ਰਸਮ ਹੁੰਦੀ, ਜਿਸ ਵਿੱਚ ਨਜ਼ਰ ਉਤਾਰਨ ਲਈ ਮੱਥੇ ਉੱਤੇ ਬਿੰਦੀ ਲਗਾ ਕੇ ਉਸ ਦੇ ਸਿਰ ਉਪਰੋਂ ਪੈਸੇ ਵਾਰ ਕੇ ਸੁੱਟ ਜਾਂਦੇ ਹਨ। ਇਸ ਤੋਂ ਬਾਅਦ ਆਖਰੀ ਰਸਮ ‘ਚਟਲਾ’ ਹੁੰਦੀ ਹੈ। ਇਸ ਵਿੱਚ ਹਿਜੜੇ ਨੂੰ ਨਹਾ ਕੇ ਤਿਆਰ ਕੀਤਾ ਜਾਂਦਾ ਹੈ। ਹਰੇ ਰੰਗ ਦੇ ਗਹਿਣੇ ਆਦਿ ਪਹਿਚਾਣੇ ਜਾਂਦੇ ਹਨ। ਇਸ ਤੋਂ ਬਾਅਦ ਦੁੱਧ ਨਾਲ ਭਰਿਆ ਜੱਗ ਦਿੱਤਾ ਜਾਂਦਾ ਹੈ। ਦੁੱਧ ਨੂੰ ਦਰਿਆ। ਸਮੁੰਦਰ ਵਿੱਚ ਸੁੱਟਣ ਉਪਰੰਤ ਆਪਣਾ ਬਦਲਿਆ ਹੋਇਆਂ ਲਿੰਗ ਦਿਖਾਇਆ ਜਾਂਦਾ ਹੈ ਜਾਂ ਇਹ ਕਾਲੇ ਕੁੱਤੇ ਜਾਂ ਹਰੇ ਦਰੱਖਤ ਦੇ ਸਾਹਮਣੇ ਵੀ ਇਹ ਰਸਮ ਕੀਤੀ ਜਾ ਸਕਦੀ ਹੈ। ਅਜਿਹਾ ਕੁਦਰਤ ਤੋਂ ਅਸੀਮ ਲੇਣ ਲਈ ਕੀਤਾ ਜਾਂਦਾ ਹੈ। ਜਿੰਨ੍ਹਾਂ ਹਿਜੜਿਆਂ ਦਾ ਨਿਰਵਾਣ ਹੋਇਆ ਹੁੰਦਾ ਹੈ। ਉਨ੍ਹਾਂ ਦੇ ਅੰਤਿਮ ਸੰਸਕਾਰ ਸਮੇਂ ਆਟੇ ਜਾਂ ਰੂੰ ਦਾ ਲਿੰਗ ਬਣਾ ਕੇ ਲਗਾਇਆ ਜਾਂਦਾ ਹੈ। ਲੋਕਾਂ ਵਿੱਚ ਹਿਜੜੇ ਦੀ ਮੌਤ ਤੋਂ ਬਾਅਦ ਅੰਤਿਮ ਸੰਸਕਾਰ ਸਮੇਂ ਉਸ ਨੂੰ ਜੁੱਤੀਆਂ ਮਾਰਨਾ, ਰਾਤ ਸਮੇਂ ਜਨਾਜੇ ਨੂੰ ਲਿਜਾਣਾ ਆਦਿ ਕਈ ਤਰ੍ਹਾਂ ਦੀਆਂ ਅਫਵਾਹਾਂ ਅਤੇ ਗ਼ਲਤਫਹਿਮੀਆਂ ਹਨ। ਮ੍ਰਿਤਕ ਨੂੰ ਧਾਰਮਿਕ ਰੀਤ ਅਨੁਸਾਰ ਅੰਤਿਮ ਵਿਦਾਇਗੀ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਹਿਜੜਾ ਆਪਣੀ ਜ਼ਿੰਦਗੀ ਦਾ ਕਾਰਜ-ਕਾਲ ਪੂਰਾ ਕਰਦਾ ਹੈ।
ਸਭਿਆਚਾਰ ਵਿੱਚ ਹਿਜੜਿਆਂ/ਕਿੰਨਰਾਂ ਦਾ ਸਥਾਨ
[ਸੋਧੋ]ਹਰ ਇੱਕ ਖਿੱਤੇ ਦਾ ਆਪਣਾ-ਆਪਣਾ ਸਤਿਆਚਾਰ ਅਤੇ ਆਪਣੇ-ਆਪਣੇ ਵੱਖੋ-ਵੱਖਰੇ ਰੀਤੀ ਰਿਵਾਜ਼ ਹੁੰਦੇ ਹਨ। ਲਗਭਗ ਹਰ ਸਤਿਆਚਾਰ ਸਮਾਜ ਵਿੱਚ ਲਿੰਗ ਅਧਾਰਿਤ ਨਰ ਅਤੇ ਮਾਦਾ ਭਾਵ ਔਰਤ ਅਤੇ ਪੁਰਸ਼ ਦੋ ਲਿੰਗ ਨਿਰਧਾਰਿਤ ਕੀਤੇ ਗਏ ਹਨ। ਪਰ ਇਸ ਤੋਂ ਇਲਾਵਾ ਸਮਾਜ ਵਿੱਚ ‘ਤੀਜਾ ਲਿੰਗ ਵੀ ਪਾਇਆ ਜਾਂਦਾ ਹੈ ਜਿਸ ਨੂੰ ਸਮਾਜ ਅਤੇ ਸਭਿਆਚਾਰ ਵਿੱਚ ਪ੍ਰਵਾਨ ਨਹੀਂ ਕੀਤਾ ਜਾਂਦਾ, ਭਾਵੇਂ ਇਸ ਨੂੰ ਅਜੋਕੇ ਸਮੇਂ ਵਿੱਚ ਸਰਕਾਰ ਵੱਲੋਂ ਪ੍ਰਵਾਨਗੀ ਦਿੱਤੀ ਗਈ ਹੈ, ਪਰੰਤੂ ਫਿਰ ਵੀ ਲੋਕ ਇੰਨ੍ਹਾਂ ਨੂੰ ਪ੍ਰਵਾਨ ਨਹੀਂ ਕਰਦੇ। ਪਰ ਇੰਨ੍ਹਾਂ ਦਾ ਸਮਾਜ ਵਿੱਚ ਆਪਣਾ ਅਲੱਗ ਸਮੂਹ ਜਾਂ ਸਮੁਦਾਇ ਹੁੰਦਾ ਹੈ। ਇਹ ਸਮੂਹ ਹੀ ਹਿਜੜੇ ਵਿਅਕਤੀ ਨੂੰ ਆਪਣੇ ਨਾਲ ਰਲਾ ਲੈਂਦੇ ਹਨ। ਪੰਜਾਬੀ ਸਭਿਆਚਾਰ ਵਿੱਚ ਖੁਸਰਿਆਂ ਦਾ ਵੱਖਰਾ ਸਥਾਨ ਹੈ ਜਿਵੇਂ ਕਿਸੇ ਘਰ ਨਵੇਂ ਜੰਮੇ ਬੱਚੇ ਵਾਲੇ ਦੇ ਘਰ ਜਾ ਕੇ ਵਧਾਈ ਮੰਗਣਾ ਅਤੇ ਨਵੇਂ ਹੋਏ ਮੁੰਡੇ ਦੇ ਵਿਆਹ ਵਾਲਿਆਂ ਦੇ ਘਰ ਜਾ ਕੇ ਵਧਾਈ ਮੰਗਣਾ ਨਾਲ ਹੀ ਨਾਚ-ਗਾਉਣ ਦਾ ਕੰਮ ਵੀ ਕਰਦੇ ਹਨ। ਇਸ ਤਰ੍ਹਾਂ ਹਿਜੜੇ ਲੋਕ ਵੱਖੋ-ਵੱਖਰੇ ਪਿੰਡਾਂ ਵਿੱਚ ਜਾ ਕੇ ਖੁਸ਼ੀ ਦੇ ਸਮੇਂ ਵਧਾਈ ਮੰਗਦੇ ਹਨ। ਹਿਜੜਿਆਂ ਵਿੱਚ ਇੱਕ ਵੱਡੀ ਚੀਜ਼ ਤਾੜੀ ਹੁੰਦੀ ਹੈ ਜਿਸ ਦੁਆਰਾ ਹਰ ਇੱਕ ਹਿਜੜੇ ਨੂੰ ਵਧਾਈ ਮੰਗਣ ਦਾ ਢੰਗ ਸਿਖਾਇਆ ਜਾਂਦਾ ਹੈ।
ਸਾਡਾ ਸਮਾਜ ਬਹੁਤ ਸਾਰੀਆਂ ਧਾਰਨਾਵਾਂ ਨੂੰ ਕੁਦਰਤੀ ਅਤੇ ਪਰੰਪਰਕ ਮੰਨਕੇ ਚੱਲਦਾ ਹੈ। ਜਾਤ-ਪਾਤ ਧਰਮ, ਨਸਲ ਆਦਿ ਨਾਲ ਜੁੜੀਆਂ ਧਾਰਨਾਵਾਂ ਬਹੁਤ ਕਠੋਰ ਹਨ ਜੋ ਅਜੇ ਤੱਕ ਲੋਕ ਸਮੂਹ ਦੇ ਮਨ ਵਿੱਚ ਕੁਦਰਤੀ ਹੀ ਮੰਨੀਆਂ ਜਾਂਦੀਆਂ ਹਨ। ਕੁਝ ਧਾਰਨਾਵਾਂ ਦਾ ਜਦੋਂ ਕੋਈ ਘੱਟ ਗਿਣਤੀ ਸਮੂਹ ਵਿਰੋਧ ਕਰਦੀ ਹੈ ਤਾਂ ਇਹ ਵੱਧ ਗਿਣਤੀ ਨੂੰ ਗੈਰ ਕੁਦਰਤੀ ਜਾਂ ਅਸਭਿਅਕ ਲਗਦਾ ਹੈ। ਅਜਿਹਾ ਹੀ ਭਾਰਤੀ ਸਮਾਜ ਵਿੱਚ ਤੀਜੀ ਲੈਗਿੰਕ ਸ਼੍ਰੇਣੀ (ਕਿੰਨਰ, ਮਸਲਿੰਗੀ, ਦੁਲਿੰਗੀ) ਨਾਲ ਹੋ ਰਿਹਾ ਹੈ। ਭਾਰਤ ਵਿੱਚ ਇਸ ਵਰਗ ਨਾਲ ਲੰਬੇ ਸਮੇਂ ਤੋਂ ਜੂਝ ਰਹੀ ਇਸ ਸ਼੍ਰੇਣੀ ਵਿੱਚ ਪ੍ਰਥਮ ‘ਕਿੰਨਰ ਜਾਂ ਹਿਜੜੇ’ ਹਨ।
ਹਵਾਲੇ ਅਤੇ ਟਿੱਪਣੀਆਂ
[ਸੋਧੋ]1. ਮੈਂ ਲਕਸ਼ਮੀ ਮੈਂ ਹਿਜੜਾ (ਅਨੁਵਾਦ ਕੁਲਵਿੰਦਰ ਸਿੰਘ ਮਲੋਟ)
2. ਕਿੰਨਰਾਂ ਦਾ ਵੀ ਦਿਲ ਹੁੰਦਾ ਹੈ (ਜਸਵੀਰ ਰਾਣਾ (ਸੰਪਾ.)
3. ਕੁਈਅਰ ਸਿਧਾਂਤ ਤੇ ਪੰਜਾਬੀ ਕਹਾਣੀ ਵਿੱਚ ਤੀਜੇ ਜੈਂਡਰ ਦੀ ਪੇਸ਼ਕਾਰੀ (ਖੋਜਾਰਥੀ ਮਨਜੀਤ ਸਿੰਘ, ਪੰਜਾਬੀ ਵਿਭਾਗ ਦਿੱਲੀ ਯੂਨੀਵਰਸਿਟੀ)
4. ਕਰਤਾਰ ਸਿੰਘ ਦੁੱਗਲ ‘ਹਮਜਿਨਸ’ ਕਿੰਨਰਾਂ ਦਾ ਵੀ ਦਿੱਲ ਹੁੰਦਾ ਹੈ। (ਜਸਵੀਰ ਰਾਣਾ)
5. Qissa (Hindi Movie) Directed by Anoop Singh 2017