ਸਭਿਆਚਾਰ ਅਤੇ ਕਾਨੂੰਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਭਿਆਚਾਰ ਦਾ ਸੰਕਲਪ[ਸੋਧੋ]

ਵਸੋਂ ਦਾ ਕੋਈ ਵੀ  ਹਿੱਸਾ ਸਭਿਆਚਾਰ ਤੋਂ ਬਗ਼ੈਰ  ਨਹੀਂ ਹੁੰਦਾ। ਪ੍ਰੋ. ਗੁਰਬਖ਼ਸ਼ ਸਿੰਘ ਫਰੈਂਕ ਦੀ ਧਾਰਨਾ ਹੈ ਕਿ,"ਕੋਈ ਵੀ ਕੌਮ ਜਾਂ ਕੋਈ ਵੀ ਜਨ ਸਮੂਹ,ਜਿਹੜਾ ਸਮਾਜ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਸਭਿਆਚਾਰ ਤੋਂ ਸੱਖਣਾ ਨਹੀਂ ਹੁੰਦਾ,ਭਾਵੇਂ ਉਹ ਵਿਕਾਸ ਦੇ ਕਿਸੇ ਵੀ ਪੜਾਅ ਉੱਤੇ ਕਿਉਂ ਨਾ ਹੋਵੇ।"[1]

ਸਭਿਆਚਾਰ' ਦੀ ਵਿਉਂਤਪਤੀ[ਸੋਧੋ]

ਸਭਿਆਚਾਰ ਕਲਚਰ ਦਾ ਸਮਾਨਾਰਥੀ ਹੈ। ਹਿੰਦੀ ਵਿਦਵਾਨ ਇਸ ਲਈ ਸੰਸਕ੍ਰਿਤ ਸ਼ਬਦ ਦੀ ਵਰਤੋਂ ਕਰਦੇ ਹਨ।ਪੰਜਾਬੀ ਵਿੱਚ ਡਾ. ਟੀ ਆਰ ਵਿਨੋਦ ਨੇ ਸਭਿਆਚਾਰ ਲਈ ਸੰਸਕ੍ਰਿਤ ਸ਼ਬਦ ਦੀ ਵਰਤੋਂ ਕੀਤੀ।ਸਭਿਆਚਾਰ ਸਭਿਅ + ਆਚਾਰ ਦਾ ਸੰਯੁਕਤ ਰੂਪ ਹੈ। 'ਸਭਿਅ' ਸ+ਭੈਅ ਦੇ ਸੁਮੇਲ ਨਾਲ ਬਣਿਆ ਹੈ। 'ਸ' ਦਾ ਅਰਥ ਇੱਛਤ ਅਤੇ ਚੰਗਾ ਹੈ ਤੇ 'ਭੈਅ' ਦੀ ਵਰਤੋਂ ਨਿਯਮ,ਵਿਉਂਤ,ਤਰਤੀਬ,ਅਨੁ-ਸ਼ਾਸਨ ਆਦਿ ਦੇ ਅਰਥਾਂ ਵਿੱਚ ਕੀਤੀ ਜਾਂਦੀ ਹੈ। ਸਭਿਅ ਦਾ ਸ਼ਬਦੀ ਅਰਥ ਇੱਛਤ ਅਨੁਸ਼ਾਸਨ ਵਜੋਂ ਲਿਆ ਜਾਂਦਾ ਹੈ। 'ਆਚਾਰ' ਆ+ਚਾਰ ਤੋਂ ਮਿਲ ਕੇ ਬਣਿਆ ਹੈ 'ਆ' ਦਾ ਅਰਥ ਵੱਡਾ, ਵਿਆਪਕ ਆਦਿ ਹੈ ਅਤੇ 'ਚਾਰ' ਦੇ ਪਿਛੋਕੜ ਵਿੱਚ 'ਚਰ' ਸ਼ਬਦ ਮੌਜੂਦ ਹੈ ਜਿਸ ਦਾ ਸੰਬੰਧ ਮੂਵਮੈਂਟ ਨਾਲ ਹੈ ਜੋ ਕਿ ਚਾਲ ਚਲਣ ਦੀ ਦ੍ਰਿਸ਼ਟੀ ਨਾਲ ਸੰਬੰਧਤ ਹੈ। ਇਸ ਤਰ੍ਹਾਂ ਆਚਾਰ ਤੋਂ ਭਾਵ ਵਰਤੋਂ ਵਿਹਾਰ, ਚਾਲ ਚਲਣ ਤੋਂ ਹੈ। ਉਪਰੋਕਤ ਚਰਚਾ ਦੇ ਆਧਾਰ 'ਤੇ ਕਿਹਾ ਜਾ ਸਕਦਾ ਹੈ ਕਿ ਸਭਿਆਚਾਰ ਉਹ ਵਿਧੀ ਵਿਧਾਨ ਹੈ ਜੋ ਮਨੁੱਖ ਦੀ ਮਨਪਸੰਦ ਜਾਂ ਸਵੈ-ਅਨੁਸ਼ਾਸਨ ਦੇ ਤੌਰ ਤਰੀਕਿਆਂ ਨਾਲ ਸੰਬੰਧਤ ਹੈ ਪਰੰਤੂ ਯਥਾਰਥਕ ਤੌਰ ਤੇ ਮਨੁੱਖ ਅਤੇ ਸਭਿਆਚਾਰ ਦਾ ਰਿਸ਼ਤਾ ਆਪਸੀ ਵਿਰੋਧ ਵਿਕਾਸ ਵਾਲਾ ਹੈ।

ਸਭਿਆਚਾਰ ਦਾ ਅਰਥ[ਸੋਧੋ]

ਸਭਿਆਚਾਰ ਦਾ ਸੰਬੰਧ ਸੰਸਥਾ ਨਾਲ ਹੈ। ਸੰਸਥਾ ਵਿੱਚ ਸਮੁੱਚਾ ਆਲਾ ਦੁਆਲਾ ਸ਼ਾਮਲ ਹੁੰਦਾ ਹੈ। ਕੁੱਝ ਕੁ ਸੰਸਥਾਵਾਂ ਅਜਿਹੀਆਂ ਵੀ ਹੁੰਦੀਆਂ ਹਨ ਜਿਹਨਾਂ ਨੂੰ ਸਭਿਆਚਾਰ ਵਿੱਚ ਪ੍ਰਵਾਨ ਨਹੀਂ ਕੀਤਾ ਜਾਂਦਾ ਜਿਵੇਂ ਟੈਬੂ  (ਸਗੋਤਰ ਸੰਭੋਗ) ਇੱਕ ਸਖ਼ਤ ਸਭਿਆਚਾਰਕ ਮਨਾਹੀ ਹੈ ਜਿਸ ਨੂੰ ਤੋੜਨ ਵਾਲੇ ਬੰਦੇ ਨੂੰ ਸਭਿਆਚਾਰਕ ਨਹੀਂ ਕਿਹਾ ਜਾ ਸਕਦਾ ਅਤੇ ਉਸ ਨੂੰ ਕਦੇ ਵੀ ਸਭਿਆਚਾਰਕ ਮਾਨਤਾ ਅਤੇ ਪ੍ਰਵਾਨਗੀ ਨਹੀਂ ਮਿਲ ਸਕਦੀ। ਟੈਬੂਜ਼ ਤੋਂ ਇਲਾਵਾ ਕੋਈ ਚੀਜ਼ ਅਜਿਹੀ ਨਹੀਂ ਜੋ ਸਭਿਆਚਾਰ ਤੋਂ ਬਾਹਰ ਹੋਵੇ। ਸਭਿਆਚਾਰ ਸਮੁੱਚੀ ਜੀਵਨ ਸ਼ੈਲੀ ਨਾਲ ਸੰਬੰਧਤ ਹੈ। ਇਸ ਵਿੱਚ ਨਵੀਂਆਂ ਚੀਜ਼ਾਂ ਦਾਖਲ ਹੁੰਦੀਆਂ ਰਹਿੰਦੀਆਂ ਹਨ ਅਤੇ ਸਮੇਂ ਦੇ ਨਾਲ ਨਾਲ ਇਹਨਾਂ ਨੂੰ ਪ੍ਰਵਾਨਣਾ ਸੁਭਾਵਿਕ ਹੋ ਜਾਂਦਾ ਹੈ ਜਿਵੇਂ Living Relationship, ਅਣਵਿਆਹੀਆਂ ਕੁੜੀਆਂ ਦਾ ਸੰਕਲਪ ਆਦਿ ਭਾਰਤ ਅਤੇ ਪੰਜਾਬ ਦੇ ਸੰਦਰਭ ਵਿੱਚ ਨਵੇਂ ਉਭਰ ਰਹੇ ਸਭਿਆਚਾਰਕ ਟਰੈਂਡ ਹਨ।

ਸਭਿਆਚਾਰ ਦੀ ਬੁਨਿਆਦੀ ਪਰਿਭਾਸ਼ਾ[ਸੋਧੋ]

 " culture is whole way of life."[2]

 ਅਮਰੀਕੀ ਮਾਨਵ - ਵਿਗਿਆਨੀ ਹਿਰਸਕੋਵਿਤਸ ਅਨੁਸਾਰ,"  ਸਭਿਆਚਾਰ ਵਾਤਾਵਰਣ ਦਾ ਮਨੁੱਖ ਸਿਰਜਿਤ ਭਾਗ ਹੈ।"[3]

ਉਪਰੋਕਤ ਪਰਿਭਾਸ਼ਾ ਦੇ ਸੰਦਰਭ ਵਿੱਚ ਵਾਤਾਵਰਨ ਤੋਂ ਉਸ ਕੁਦਰਤੀ ਵਾਤਾਵਰਨ ਤੋਂ ਹੈ ਜਿਸ ਵਿੱਚ ਮਨੁੱਖ ਜਿਉ ਰਿਹਾ ਹੈ। ਮਨੁੱਖ ਸਿਰਜਿਤ ਭਾਗ ਵਿੱਚ ਬਹੁਤ ਕੁੱਝ ਅਜਿਹਾ ਹੁੰਦਾ ਹੈ ਜਿਸ ਨੂੰ ਮਨੁੱਖ ਪੈਦਾ ਕਰਦਾ ਹੈ।ਕਲਚਰ ਦਾ ਸੰਬੰਧ ਕਲਟੀਵੇਸ਼ਨ ਨਾਲ ਹੈ। ਕੋਈ ਵੀ ਚੀਜ਼ ਜਿਸ ਨੂੰ ਮਨੁੱਖ ਕਲਟੀਵੇਟ ਕਰਦਾ ਹੈ ਉਹ ਸਭਿਆਚਾਰ ਦਾ ਹਿੱਸਾ ਬਣ ਜਾਂਦੀ ਹੈ।ਇਥੋਂ ਤਕ ਕਿ ਪ੍ਰਕਿਰਤੀ ਤੋਂ ਲੈ ਕੇ ਵਿਹੜੇ ਵਿੱਚ ਉਗਾਇਆ ਗਿਆ ਫੁੱਲ ਵੀ। ਕੋਈ ਵੀ ਵਰਤਾਰਾ ਜਾਂ ਸੰਕਲਪ ਜਿਸ ਨੂੰ ਮਨੁੱਖੀ ਕਲਪਨਾ ਅਤੇ ਭਾਸ਼ਾ ਛੁਹਦੀ ਹੈ, ਉਹ ਸਭਿਆਚਾਰ ਦਾ ਭਾਗ ਹੈ। ਸਭਿਆਚਾਰ ਦੇ ਤਿੰਨ ਮੁੱਖ ਭਾਗ ਹਨ-

1 ਪਦਾਰਥਕ ਸਭਿਆਚਾਰ

2 ਬੋਧਾਤਮਿਕ ਸਭਿਆਚਾਰ

3 ਪ੍ਰਤਿਮਾਨਕ ਸਭਿਆਚਾਰ

ਕਾਨੂੰਨ[ਸੋਧੋ]

ਕਾਨੂੰਨ ਪ੍ਰਤਿਮਾਨਕ ਸਭਿਆਚਾਰ ਦਾ ਇੱਕ ਹਿੱਸਾ ਹੈ। ਪ੍ਰਤਿਮਾਨਕ ਸਭਿਆਚਾਰ ਦਾ ਉਹ ਅੰਗ ਹੈ ਜਿਹੜਾ ਮਨੁੱਖੀ ਵਿਹਾਰ ਲਈ ਨਿਯਮ ਸਥਾਪਿਤ ਕਰਦਾ ਹੈ। ਕਾਨੂੰਨ ਵੀ ਇੱਕ ਤਰ੍ਹਾਂ ਦੇ ਨਿਯਮ ਹਨ। ਕਾਨੂੰਨਾਂ ਵਿੱਚ ਲੋਕਾਚਾਰ   ਜਾਂ ਸਦਾਚਾਰ ਵਾਲੀ ਅਨਿਸ਼ਚਿਤਤਾ ਨਹੀਂ ਹੁੰਦੀ। ਇਹ ਸਮੇਂ ਦੀ ਲੋੜ ਮੁਤਾਬਿਕ ਸਮਾਜਿਕ ਵਿਹਾਰ ਦੇ ਨਿਯਮ ਨਿਸ਼ਚਿਤ ਭਾਸ਼ਾ ਵਿੱਚ ਉਲੀਕਦੇ ਅਤੇ ਉਹਨਾਂ ਦੀ ਉਲੰਘਣਾ ਲਈ ਨਿਸ਼ਚਿਤ ਸਜ਼ਾ ਅੰਕਿਤ ਕਰਦੇ ਹਨ।

Robertson ਅਨੁਸਾਰ," ਕਾਨੂੰਨ ਜਾਂ ਵਿਧਾਨ ਨਿਯਮਾਂ ਦਾ ਉਹ ਇਕੱਠ ਹੈ ਜੋ ਵਰਤ -ਵਿਹਾਰ ਦਾ ਪ੍ਰਬੰਧ ਕਰਨ ਲਈ ਸਮਾਜੀ ਅਦਾਰਿਆਂ ਰਾਹੀਂ ਲਾਗੂ ਕੀਤਾ ਜਾਂਦਾ ਹੈ।"[4] ਵਿਧਾਨਪਾਲਿਕਾ ਇਹਨਾਂ ਨਿਯਮਾਂ ਨੂੰ ਬਣਾਉਂਦੀ ਹੈ ਅਤੇ ਕਾਰਜਪਾਲਿਕਾ ਇਹਨਾਂ ਨੂੰ ਲਾਗੂ ਕਰਦੀ ਹੈ। ਨਿਆਂਪਾਲਿਕਾ ਇਹਨਾਂ ਨਿਯਮਾਂ ਨੂੰ ਤੋੜਨ ਵਾਲੇ ਨੂੰ ਸਜ਼ਾ ਦਿੰਦੀ ਹੈ। ਪ੍ਰਾਈਵੇਟ ਖੇਤਰ ਵਿੱਚ ਆਮ ਤੌਰ ਤੇ ਕੰਟਰੈਕਟ ਦੇ ਰੂਪ ਵਿੱਚ ਕਾਨੂੰਨ ਬਣਾਏ ਜਾਂਦੇ ਹਨ।

ਕਾਨੂੰਨ ਅਤੇ ਸਭਿਆਚਾਰ[ਸੋਧੋ]

ਡਾ. ਗੁਰਬਖ਼ਸ਼ ਸਿੰਘ ਫ਼ਰੈਂਕ[ਸੋਧੋ]

ਡਾ. ਗੁਰਬਖ਼ਸ਼ ਸਿੰਘ ਫ਼ਰੈਂਕ ਅਨੁਸਾਰ, "ਕਾਨੂੰਨ ਦਾ ਆਧਾਰ ਭਾਵੇਂ ਸਦਾਚਾਰ ਅਤੇ ਲੋਕਾਚਾਰ ਦੇ ਨਿਯਮ ਹੁੰਦੇ ਹਨ ਪਰ ਇਹ ਇੱਕ ਸਚਾਈ ਹੈ ਕਿ ਕਾਨੂੰਨ ਸਥਾਪਿਤ ਸਦਾਚਾਰ ਨੂੰ ਅਰਥਾਤ ਪ੍ਰਤਿਮਾਨਿਕ ਸਭਿਆਚਾਰ ਨੂੰ ਠੋਸ ਅਤੇ ਸਪਸ਼ਟ ਰੂਪ ਵੀ ਦਿੰਦਾ ਹੈ ਅਤੇ ਵੇਲੇ ਦੀਆਂ ਪ੍ਰਧਾਨ ਕਦਰਾਂ-ਕੀਮਤਾਂ ਨੂੰ ਮੁੱਖ ਰੱਖਦਿਆਂ ਉਹਨਾਂ ਵਿੱਚ ਤਬਦੀਲੀ ਲਿਆਉਣ ਦੀ ਕੋਸ਼ਿਸ਼ ਵੀ ਕਰਦਾ ਹੈ।"[5] ਜਿਵੇਂ ਕਿ ਪਹਿਲਾਂ ਕੁੜੀਆਂ ਨੂੰ ਨਾ ਪੜ੍ਹਾਇਆ ਜਾਣਾ ਵੇਲੇ ਦਾ ਪ੍ਰਚਲਿਤ ਪ੍ਰਤਿਮਾਨ ਸੀ ਪਰ ਹੁਣ ਇਹ ਪ੍ਰਤਿਮਾਨ ਇੱਕ ਸੀਮਿਤ ਦਾਇਰੇ ਵਿੱਚ ਕਾਰਜਸ਼ੀਲ ਹੈ।

ਨਾਓਮੀ ਮੇਜ਼ੀ[ਸੋਧੋ]

ਨਾਓਮੀ ਮੇਜ਼ੀ ਅਨੁਸਾਰ,"ਜੇਕਰ ਸਭਿਆਚਾਰ ਅਤੇ ਕਾਨੂੰਨ ਦੇ ਵਿਚਕਾਰ ਗੱਲ ਕਰਨੀ ਹੈ ਤਾਂ ਇਹ ਹਮੇਸ਼ਾ ਗਤੀਸ਼ੀਲ ਪਰਸਪਰ ਪ੍ਰਭਾਵਸ਼ੀਲ ਅਤੇ ਦਵੰਦਵਾਦੀ ਹੈ ਕਾਨੂੰਨ ਸਭਿਆਚਾਰ ਦਾ ਉਤਪਾਦਕ ਵੀ ਹੈ ਅਤੇ ਵਸਤੂ ਵੀ ਹੈ। ਜਦੋਂ ਕਾਨੂੰਨ ਨੂੰ ਸਭਿਆਚਾਰ ਦਾ ਉਤਪਾਦਕ ਕਿਹਾ ਜਾਂਦਾ ਹੈ।"[6] ਤਾਂ ਇਸ ਦਾ ਭਾਵ ਇਹ ਹੈ ਕਿ ਸਥਾਪਤੀ ਆਪਣੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਾਨੂੰਨ ਬਣਾਉਂਦੀ ਹੈ ਅਤੇ ਇਹ ਕਾਨੂੰਨ ਸਮਾਜ ਉੱਤੇ ਲਾਗੂ ਕੀਤਾ ਜਾਂਦਾ ਹੈ।ਜਿਵੇਂ ਗਊ ਹੱਤਿਆ ਨਾਲ ਸੰਬੰਧਿਤ ਕਾਨੂੰਨ ਆਦਿ।ਕਾਨੂੰਨ ਸਭਿਆਚਾਰ ਦੀ ਇੱਕ ਵਸਤੂ ਵੀ ਹੈ,ਜੋ ਕਿ ਸਮੇਂ ਦੀ ਲੋੜ ਵਿੱਚੋਂ ਪੈਦਾ ਹੁੰਦੀ ਹੈ ਉਦਾਹਰਨ ਵਜੋ LGBT ਨਾਲ ਸੰਬੰਧਿਤ ਭਾਰਤੀ ਦੰਡ ਵਿਧਾਨ ਦੀ ਧਾਰਾ 377 ਨੂੰ ਦੇਖਿਆ ਜਾ ਸਕਦਾ ਹੈ। 7 ਸਤੰਬਰ 2018 ਨੂੰ ਦੇਸ਼ ਵਿੱਚ LGBT ਕਮਿਊਨਿਟੀ ਲਈ ਸੁਪਰੀਮ ਕੋਰਟ ਨੇ ਇੱਕ ਇਤਿਹਾਸਕ ਫ਼ੈਸਲਾ ਕੀਤਾ ਜਿਸ ਵਿੱਚ ਉਸਨੇ ਸਮਲਿੰਗੀ ਸੰਬੰਧਾਂ ਦੇ ਇੱਕ ਬਸਤੀਵਾਦੀ ਯੁੱਗ ਤੇ ਰੋਕ ਲਗਾ ਦਿੱਤੀ ਹੈ। ਧਾਰਾ 377 ਦੇ ਤਹਿਤ 'ਕੁਦਰਤੀ ਅਪਰਾਧ' ਦਾ ਹਵਾਲਾ ਦਿੰਦੇ ਹੋਏ ਕਿਸੇ ਵੀ ਵਿਅਕਤੀ,ਔਰਤ ਜਾਂ ਜਾਨਵਰ ਨਾਲ ਸਵੈ-ਇੱਛਿਤ ਕੋਈ ਵੀ ਜਿਨਸੀ ਸੰਬੰਧ ਸਰੀਰਕ ਸੰਬੰਧ ਹੈ ਅਜਿਹਾ ਕਰਨ ਵਾਲੇ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾ ਸਕਦੀ ਹੈ ਅਤੇ ਉਹ ਜੁਰਮਾਨਾ ਭੁਗਤਾਨ ਕਰਨ ਲਈ ਵੀ ਜਿੰਮੇਵਾਰ ਹੈ।ਭਾਰਤੀ ਦੰਡ ਵਿਧਾਨ ਦੀ ਧਾਰਾ 377 ਅਧਿਆਇ XVI ਵਿੱਚ ਦਰਜ ਹੈ ਇਹ ਧਾਰਾ 1860[7] ਵਿੱਚ ਬ੍ਰਿਟਿਸ਼ ਦੌਰਾਨ ਲਾਗੂ ਕੀਤੀ ਗਈ ਸੀ।ਇਸ ਧਾਰਾ ਅਨੁਸਾਰ ਸਮਲਿੰਗਤਾ ਨੂੰ ਇੱਕ ਅਪਰਾਧ ਮੰਨਿਆ ਗਿਆ ਹੈ।ਕਿਉਂਕਿ ਇਸਨੂੰ ਕੁਦਰਤ ਦੇ ਨਿਯਮਾਂ ਖਿਲਾਫ਼ ਸਮਝਿਆ ਜਾਂਦਾ ਹੈ।ਜੁਲਾਈ 2009 ਵਿੱਚ ਦਿੱਲੀ ਦੀ ਉੱਚ ਅਦਾਲਤ ਨੇ ਇਸ ਨੂੰ ਅਪਰਾਧ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਸੈਕਸ ਦੋ ਬਾਲਗ ਅਤੇ ਜਵਾਨ ਲੋਕਾਂ ਦੀ ਆਪਸੀ ਸਹਿਮਤੀ ਹੈ ਪਰ 12 ਦਸੰਬਰ 2013 ਨੂੰ ਭਾਰਤੀ ਸੁਪਰੀਮ ਕੋਰਟ ਨੇ ਇਸ ਫ਼ੈਸਲੇ ਨੂੰ ਖਾਰਿਜ ਕਰ ਦਿੱਤਾ ਕਿਉਂਕਿ ਇਹ ਫ਼ੈਸਲਾ ਭਾਰਤੀ ਦੰਡ ਵਿਧਾਨ ਦੀ ਧਾਰਾ 377 ਦੇ ਖਿਲਾਫ਼ ਸੀ।ਸੁਪਰੀਮ ਕੋਰਟ ਨੇ ਦੋ ਬਾਲਗ ਵਿਅਕਤੀਆਂ ਵਿਚਕਾਰ ਸਹਿਮਤੀ ਨਾਲ ਹੋ ਰਹੀ ਗੇ ਸੈਕਸ ਦੇ ਮੁੜ ਅਪਰਾਧਿਕ ਹੋਣ ਨੂੰ ਚੁਣੋਤੀ ਦੇਣ ਵਾਲੀ ਤਾਜ਼ਾ ਰਿੱਟ ਪਟੀਸ਼ਨਾਂ ਤੇ ਸੁਣਵਾਈ ਸ਼ੁਰੂ ਕਰ ਦਿੱਤੀ ਸੀ।ਦਿੱਲੀ ਹਾਈ ਕੋਰਟ ਨੇ 2009 ਵਿੱਚ ਇਸਨੂੰ ਘਟਾਉਣ ਤੋਂ ਬਾਅਦ ਇਸਨੂੰ 2013 ਵਿੱਚ ਉਸੇ ਲਿੰਗ ਦੇ ਵਿਅਕਤੀਆਂ ਦੇ ਵਿਚਕਾਰ ਜਿਨਸੀ ਸੰਬੰਧਾਂ ਦੇ ਅਪਰਾਧ ਨੂੰ ਮੁੜ ਬਹਾਲ ਕੀਤਾ ਸੀ। ਸੈਕਸ਼ਨ 377 ਅਤੇ ਬਾਲ ਦੁਰਵਿਹਾਰ ਬਾਲ ਅਧਿਕਾਰਾਂ ਦੇ ਕਾਰਕੁੰਨਾਂ ਨੇ ਦਿੱਲੀ ਹਾਈਕੋਰਟ ਦੇ ਇਸ ਫ਼ੈਸਲੇ ਦੀ ਆਲੋਚਨਾ ਕੀਤੀ ਸੀ ਅਤੇ ਕਿਹਾ ਕਿ ਸਮੂਹਿਕ ਤੌਰ ਤੇ ਅਪਰਾਧਿਕ ਸਮੂਹਿਕਤਾ ਦੇ ਆਧਾਰ ਤੇ ਬੱਚਿਆਂ ਦੀ ਦੁਰ-ਵਰਤੋਂ ਦੇ ਮਾਮਲਿਆਂ ਨਾਲ ਨਜਿੱਠਣ ਲਈ ਧਾਰਾ 377 ਦੀ ਲੋੜ ਸੀ।

ਕਾਨੂੰਨ ਅਤੇ ਮਨੁੱਖ ਦੇ ਸਮਾਜਿਕ ਵਿਹਾਰ ਦਾ ਰਿਸ਼ਤਾ[ਸੋਧੋ]

ਕਾਨੂੰਨ ਅਤੇ ਮਨੁੱਖ ਦੇ ਸਮਾਜਿਕ ਵਿਹਾਰ ਦਾ ਰਿਸ਼ਤਾ ਕਾਫ਼ੀ ਜਟਿਲ ਹੈ। ਕਿਸੇ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੂੰ ਬਹੁਗਿਣਤੀ ਸਮਾਜਿਕ ਰਾਇ ਹੀਰੋ ਦਾ ਰੁਤਬਾ ਵੀ ਦੇ ਸਕਦੀ ਹੈ ਜਦਕਿ ਸਮਾਜ ਦਾ ਇੱਕ ਹਿੱਸਾ ਉਸਨੂੰ ਅਪਰਾਧੀ ਵੀ ਮੰਨੇਗਾ ਮੱਧਕਾਲੀ ਡਾਕੂਆਂ ਦੇ ਸੰਦਰਭ ਵਿੱਚ ਸਮਾਜ ਦੇ ਦੋਹਰੇ ਵਿਹਾਰ ਨੂੰ ਸਮਝਿਆ ਜਾ ਸਕਦਾ ਹੈ।ਮੱਧਕਾਲੀ ਡਾਕੂ ਜਿਵੇਂ ਜੱਗਾ ਡਾਕੂ,ਜਿਊਣਾ ਮੋੜ,ਸੁੱਚਾ ਸਿੰਘ ਸੂਰਮਾ,ਦੁੱਲਾ ਭੱਟੀ ਆਦਿ ਸਥਾਪਤੀ ਦੇ ਵਿਰੁੱਧ ਸੰਘਰਸ਼ ਕਰਦੇ ਸਨ ਅਤੇ ਉਸ ਸਮੇਂ ਦੇ ਅਮੀਰਾਂ ਜਾਗੀਰਦਾਰਾਂ ਨੂੰ ਲੁੱਟ ਕੇ ਲੋਕ ਭਲਾਈ ਦੇ ਹਿੱਤ ਵਿੱਚ ਕਾਰਜਸ਼ੀਲ ਸਨ ਅਤੇ ਜਨਮਾਨਸ ਦੇ ਹੀਰੋ ਸਨ ਜਦਕਿ ਕਾਨੂੰਨ ਦੀਆਂ ਨਜ਼ਰਾਂ ਵਿੱਚ ਉਹ ਅਪਰਾਧੀ ਸਨ।ਇਸੇ ਤਰ੍ਹਾਂ ਆਧੁਨਿਕ ਕਾਲ ਵਿੱਚ ਇੰਦਰਾ ਗਾਂਧੀ ਦੇ ਕਾਤਲ ਨੂੰ ਪੰਜਾਬ ਦੇ ਲੋਕਾਂ ਨੇ ਨੇਤਾ ਬਣਾਇਆ ਜਦਕਿ ਕਾਨੂੰਨ ਦੇ ਅਨੁਸਾਰ ਇਹ ਅਪਰਾਧੀ ਸੀ ਅਤੇ ਸਜ਼ਾ ਦਾ ਹੱਕਦਾਰ ਸੀ।ਇਸ ਪੱਧਰ ਤੇ ਕਾਨੂੰਨ ਅਤੇ ਸੱਭਿਆਚਾਰ ਦਾ ਰਿਸ਼ਤਾ ਵਿਵਾਦ ਪੂਰਨ ਬਣ ਜਾਂਦਾ ਹੈ।ਉਦਾਹਰਨ ਵਜੋਂ 27 ਸਤੰਬਰ 2018 ਦੇ ਧਾਰਾ 497 ਤਹਿਤ Adultery Law ਨੂੰ ਸੁਪਰੀਮ ਕੋਰਟ ਵੱਲੋਂ ਹਟਾਏ ਗਏ ਫ਼ੈਸਲੇ ਨੂੰ ਦੇਖਿਆ ਜਾ ਸਕਦਾ ਹੈ।ਡਾ.ਫ਼ਰੈਂਕ ਦੀ ਧਾਰਨਾ ਹੈ ਕਿ,"ਲਿਖਤੀ ਰੂਪ ਵਿੱਚ ਨਿਸ਼ਚਿਤ ਹੋਂਦ ਧਾਰ ਲੈਣ ਕਰਕੇ ਇਹ ਕਾਨੂੰਨ ਸਮਾਜਿਕ ਸਥਿਰਤਾ ਦਾ ਸਾਧਨ ਬਣਦੇ ਹਨ,ਇੱਕ ਖਾਸ ਹੱਦ ਤੱਕ ਹੀ ਇਹ ਸਮਾਜਿਕ ਤਬਦੀਲੀ ਨੂੰ ਪ੍ਰਤੀਬਿੰਬਤ ਕਰਦੇ ਹਨ ਸਗੋਂ ਵਧੇਰੇ ਕਰਕੇ ਸਮਾਜਿਕ ਤਬਦੀਲੀ ਦੀ ਲੋੜ ਨੂੰ ਵੀ ਕਾਨੂੰਨ ਦੀ ਉਲੰਘਣਾ ਦਾ ਦਰਜਾ ਦੇ ਕੇ ਉਸਨੂੰ ਵਿਘਨਕਾਰੀ ਸਮਝਦੇ ਹਨ ਅਤੇ ਉਸ ਲਈ ਰੁਕਾਵਟ ਬਣਦੇ ਹਨ।ਇਸੇ ਲਈ ਕਾਨੂੰਨ ਵਿੱਚ ਬੁਨਿਆਦੀ ਤਬਦੀਲੀਆਂ ਉਦੋਂ ਤੱਕ ਸੰਭਵ ਨਹੀਂ ਹੁੰਦੀਆਂ,ਜਦੋਂ ਤੱਕ ਸਮਾਜ ਦੀ ਬਣਤਰ ਅਤੇ ਸਮਾਜਿਕ ਰਿਸ਼ਤਿਆਂ ਵਿੱਚ ਬੁਨਿਆਦੀ ਤਬਦੀਲੀਆਂ ਨਾਂ ਆ ਜਾਣ।"[8]

ਹਵਾਲੇ[ਸੋਧੋ]

  1. ਫ਼ਰੈਂਕ, ਗੁਰਬਖ਼ਸ਼ ਸਿੰਘ. ਸਭਿਆਚਾਰ ਅਤੇ ਪੰਜਾਬੀ ਸਭਿਆਚਾਰ. ਅੰਮ੍ਰਿਤਸਰ: ਵਾਰਿਸ਼ ਸ਼ਾਹ ਫਾਉ਼ਡੇਸ਼ਨ. p. 10.
  2. Williams, Raymond. A Whole Way of Life.
  3. ਫ਼ਰੈਂਕ, ਗੁਰਬਖ਼ਸ਼ ਸਿੰਘ. ਸਭਿਆਚਾਰ ਅਤੇ ਪੰਜਾਬੀ ਸਭਿਆਚਾਰ. ਵਾਰਿਸ਼ ਸ਼ਾਹ ਫਾਉਂਡੇਸ਼ਨ. p. 18.
  4. Robertson, Geoffrey. Crimes against humanity. p. 90.
  5. ਫ਼ਰੈਂਕ, ਗੁਰਬਖ਼ਸ਼ ਸਿੰਘ. ਉਹੀ. p. 30.
  6. Mezey, Naomi (2010). Law and culture. p. 46.
  7. Gardiner, Harris. "India's Supreme court restores an 1861 Law Banning Gay Sex". Wikipedia. The New York times. {{cite web}}: Missing or empty |url= (help)
  8. ਫ਼ਰੈਂਕ, ਗੁਰਬਖ਼ਸ਼ ਸਿੰਘ. ਸਭਿਆਚਾਰ ਅਤੇ ਪੰਜਾਬੀ ਸਭਿਆਚਾਰ. ਵਾਰਿਸ਼ ਸ਼ਾਹ,ਫਾਉਡੇਸ਼ਨ. p. 31.