ਸਮੱਗਰੀ 'ਤੇ ਜਾਓ

1960 ਤੱਕ ਦਾ ਪੰਜਾਬੀ ਸਵੈਜੀਵਨੀ ਸਾਹਿਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

1960 ਤੱਕ ਦਾ ਪੰਜਾਬੀ ਸਵੈਜੀਵਨੀ ਸਾਹਿਤ ਕਲਾਸੀਕਲ ਗ੍ਰੀਕ ਅਤੇ ਰੋਮਨ ਸਾਹਿਤ ਵਿੱਚ ਕੁਝ ਅਜਿਹੀਆਂ ਉਦਾਹਰਨਾਂ ਮਿਲਦੀਆਂ ਹਨ ਜਿਹਨਾਂ ਵਿੱਚ ਸਵੈਜੀਵਨੀਆਤਮਕ ਅੰਸ਼ ਮੌਜੂਦ ਹਨ ਪ੍ਰੰਤੂ ਨਿਰੋਲ ਵਿਅਕਤੀਗਤ ਅਤੇ ਅਨੂਠੇ ਅਨੁਭਵਾਂ ਦੀ ਗਾਥਾ ਆਪਣੇ ਨਿਜੀ ਅਤੇ ਅਵਾਮੀ ਰੂਪ ਵਿੱਚ ਕਿਸੇ ਇੱਕ ਚਿਤ ਲਗਨ ਵਾਲੇ ਲੇਖਕ ਦੁਆਰਾ ਨਹੀਂ ਸਿਰਜੀ ਗਈ। ਅਜਿਹੀ ਸਵੈਜੀਵਨੀ ਯੂਰਪੀ ਸੱਭਿਅਤਾ ਦੀ ਸਿਰਜਣਾ ਹੈ। ਜਿਸਦਾ ਆਗਾਜ਼ ਸੇਂਟ ਆਗਸਟਾਈਨ (St. Augustine) ਦੁਆਰਾ ਪ੍ਰਤਿਪਾਦਿਤ ਰਚਨਾ ਕਨਫੈਸ਼ਨਜ਼ (Confessions) ਨਾਲ ਹੋਇਆ। ਇਨਸਾਈਕਲੋਪੀਡੀਆ ਵਿੱਚ ਅੰਕਿਤ ਹੈ ਕਿ ਸੇਂਟ ਆਗਸਟਾਈਨ ਦੀ ਇਹ ਸਵੈਜੀਵਨੀ ਪਹਿਲੀ ਪੂਰਨ ਸਵੈਜੀਵਨੀ ਕਹਾਉਣ ਦੀ ਅਧਿਕਾਰੀ ਹੈ ਜਿਹੜੀ 339 ਈ. ਵਿੱਚ ਲਿਖੀ ਗਈ।

ਗੁਰੂ ਗੋਬਿੰਦ ਸਿੰਘ ਦੁਆਰਾ ਪ੍ਰਤਿਪਾਦਿਤ ‘ਬਚਿਤ੍ਰ ਨਾਟਕ’ ਉਸ ਪੈਗੰਬਰ ਦੀ ਆਤਮ ਚੇਤਨਾ ਦੀ ਸਰਲਤਾ ਕਾਰਣ ਆਤਮ ਚਿਤਰਣ ਅਤੇ ਆਤਮ ਮੁਲਾਂਕਣ ਦਾ ਉਚੱਤਮ ਉਦਾਹਰਣ ਹੈ।ਪ੍ਰੰਤੂ ਬਚਿਤ੍ਰ ਨਾਟਕ ਆਧੁਨਿਕ ਸਵੈਜੀਵਨੀ ਦੀਆਂ ਮੂਲ ਸ਼ਰਤਾਂ ਦੇ ਅਨੁਰੂਪ ਨਹੀਂ ਜਿੱਥੇ ਆਧੁਨਿਕ ਸਵੈਜੀਵਨੀ ਵਾਰਤਕ ਦਾ ਇੱਕ ਪ੍ਰਮੁੱਖ ਭੇਦ ਹੋਣ ਕਰਕੇ ਛੰਦ ਮੁਕਤ ਵਿਧਾ ਵਜੋਂ ਸਵੀਕਾਰੀ ਗਈ ਹੈ। ਉੱਥੇ ਬਚਿਤ੍ਰ ਨਾਟਕ ਛੰਦ ਯੁਕਤ ਆਤਮ ਨਿਰੂਪਣ ਹੈ ਅਤੇ ਜਿਸ ਦਾ ਪ੍ਰਤਿਪਾਦਨ ਨਿਰੋਲ ਪੰਜਾਬੀ ਵਿੱਚ ਨਹੀਂ ਹੋਇਆ। ਇਸ ਵਿੱਚ ਬ੍ਰਜ ਭਾਸ਼ਾ ਅਤੇ ਸੰਸਕ੍ਰਿਤ ਭਾਸ਼ਾ ਦੀ ਸ਼ਬਦਾਵਲੀ ਵੀ ਪ੍ਰਸਤੁਤ ਕੀਤੀ ਗਈ ਹੈ। ਇਸ ਕਰਕੇ ਬਚਿਤ੍ਰ ਨਾਟਕ ਨੂੰ ਪੰਜਾਬੀ ਸਵੈਜੀਵਨੀ ਦੇ ਯਾਨਰਿਕ ਹੱਦਬੰਨਿਆ ਵਿੱਚ ਸੀਮਤ ਕਰਨਾ ਸੰਭਵ ਨਹੀਂ। ਮੋਹਨ ਸਿੰਘ ਦੀਵਾਨਾ ਅਨੁਸਾਰ ਪੰਜਾਬੀ ਦੀ ਪ੍ਰਥਮ ਸਵੈਜੀਵਨੀ ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਦੁਆਰਾ ਰਚਿਤ ਹੈ ਜਿਸ ਨੇ ਚੰਗੇ ਅਤੇ ਸੁੱਰਖਿਅਤ ਦਿਨਾਂ ਵਿੱਚ ਲਿਖਿਆ ਕਿ ਕਿਸ ਤਰ੍ਹਾਂ ਅਨੇਕਾਂ ਵਰ੍ਹੇ ਉਹ ਪੁਲਿਸ ਨੂੰ ਉਹ ਧੋਖਾ ਦੇ ਕੇ ਬਚਦਾ ਰਿਹਾ। ਇਹ ਸਵੈਜੀਵਨੀ ਉਸ ਵੇਲੇ ਇੱਕ ਅਖਬਾਰ ਵਿੱਚ ਛਪਦੀ ਸੀ।

ਮਾਸਟਰ ਤਾਰਾ ਸਿੰਘ ਪ੍ਰਤਿਪਾਦਿਤ ‘ਮੇਰੀ ਯਾਦ’ ਨੂੰ ਪੰਜਾਬੀ ਦੀ ਪਹਿਲੀ ਸਵੈਜੀਵਨੀ ਮੰਨਿਆ ਜਾ ਸਕਦਾ ਹੈ ਜਿਸ ਦਾ ਰਚਨਾ ਕਾਲ 1945 ਈ. ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਰਵਾਏ ਗਏ ਗਦਰੀ ਬਾਬਿਆਂ ਦੇ ਸੈਮੀਨਾਰ ਵਿੱਚ ਬੋਲਦਿਆਂ ਰਜਿੰਦਰ ਰਾਹੀ ਨੇ ਕਿਹਾ ਸੀ ਕਿ ਉਹਨਾਂ ਨੇ 1930 ਵਿੱਚ ਲਿਖੀ ਗਈ ਬਾਬਾ ਸੋਹਣ ਸਿੰਘ ਦੀ ਸਵੈਜੀਵਨੀ ‘ਮੇਰੀ ਰਾਮ ਕਹਾਣੀ’ ਲੱਭ ਕੇ ਸੰਪਾਦਿਤ ਕਰਵਾਈ। ਪ੍ਰੰਤੂ ਡਾ. ਧਰਮ ਚੰਦ ਵਾਤਿਸ਼ ਨੇ ਆਪਣੀ ਕਿਤਾਬ ‘ਪੰਜਾਬੀ ਸਵੈਜੀਵਨੀ ਨਿਕਟ ਅਧਿਐਨ’ ਵਿੱਚ ਬਾਬਾ ਸੋਹਣ ਸਿੰਘ ਦੀ ਸਵੈਜੀਵਨੀ ਬਾਰੇ ਲਿਖਿਆ ਹੈ ਕਿ ਉਹਨਾਂ ਦੀ ਸਵੈਜੀਵਨੀ ਦਾ ਨਾਂ ‘ਜੀਵਨ ਸੰਗਰਾਮ’ ਹੈ ਜੋ ਯੁਵਕ ਕੇਂਦਰ, ਜਲੰਧਰ ਵਲੋਂ 1967 ਈ. ਵਿੱਚ ਪ੍ਰਕਾਸ਼ਿਤ ਕੀਤੀ ਗਈ। ਪੰਜਾਬੀ ਦੇ ਨਿੰਬਧਕਾਰ, ਆਲੋਚਕ, ਗੁਰਬਾਣੀ-ਚਿੰਤਕ ਪ੍ਰਿੰ. ਤੇਜਾ ਸਿੰਘ ਦੀ ਸਵੈਜੀਵਨੀ ‘ਆਰਸੀ’ ਪਹਿਲੀ ਵਾਰ 1952 ਈ. ਵਿੱਚ ਪ੍ਰਕਾਸ਼ਿਤ ਹੋਈ। ਇਸ ਰਚਨਾ ਦਾ ਨਾਮਕਰਣ ਭਾਈ ਗੁਰਦਾਸ ਦੀ ਕਾਵਿ-ਪੰਕਤੀ ‘ਆਪਣੇ ਹੱਥ ਆਰਸੀ ਆਪ ਹੀ ਵੇਖੈ’ ਉਤੇ ਅਧਾਰਿਤ ਹੈ। ਪ੍ਰਿ. ਤੇਜਾ ਸਿੰਘ ਆਪਣੀ ਕਿਸਮਤ ਘੜਣ ਵਾਲਾ ਮਿਹਨਤੀ, ਸਹਿਣਸ਼ੀਲ, ਨਿਮਰ, ਸਵੈਜ਼ਬਤ ਵਾਲਾ ਅਤੇ ਕ੍ਰਿਤਗਤਾ ਵਾਲੇ ਵਿਅਕਤੀ ਦੇ ਰੂਪ ਵਿੱਚ ਪਾਠਕਾਂ ਨਾਲ ਆਪਣੀ ਸਾਂਝ ਪਾਉਂਦਾ ਹੈ। ਆਰਸੀ ਦੇ ਪੰਨਿਆਂ ਵਿੱਚ ਉਹ ਉਚ ਕੋਟੀ ਦਾ ਗੱਦਕਾਰ, ਭਾਸ਼ਣਕਾਰ, ਧਾਰਮਿਕ ਅਤੇ ਇਤਿਹਾਸ ਖੋਜੀ ਵਜੋਂ ਅਭਿਵਿਅਕਤ ਹੁੰਦਾ ਹੈ। ਉਸ ਦੀ ਇਹ ਰਚਨਾ ਸਵੈਜੀਵਨੀ ਵਿਧਾ ਅਤੇ ਵਾਰਤਕ ਸ਼ੈਲੀ ਪੱਖੋਂ ਪੱਛਮੀ ਪ੍ਰਭਾਵਾਂ ਨੂੰ ਕਬੂਲਦੀ ਹੈ ਅਤੇ ਭੱਵਿਖ ਦੇ ਪੰਜਾਬੀ ਆਤਮਕਥਾ ਸਾਹਿਤ ਲਈ ਨਵੀਆਂ ਲੀਹਾਂ ਪਾਉਂਦੀ ਹੈ। ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਸਵੈਜੀਵਨੀ ਤਿੰਨ ਭਾਗਾਂ ਵਿੱਚ ਉਪਲਭਧ ਹੈ। ਇਸ ਦਾ ਪਹਿਲਾ ਭਾਗ ‘ਮੇਰੀ ਜੀਵਨ ਕਹਾਣੀ-1’ 1959 ਵਿੱਚ ਛਪ ਚੁੱਕਾ ਸੀ। ਬਾਕੀ ਦੋ ਭਾਗ ‘ਮੰਜਿਲ ਦਿਸ ਪਈ’ ਅਤੇ ‘ਮੇਰੀ ਜੀਵਨ ਕਹਾਣੀ-3’ ਕ੍ਰਮਵਾਰ 1964 ਅਤੇ 1978 ਵਿੱਚ ਛਪੇ ਸਨ। ਲੇਖਕ ਦੀ ਇਹ ਰਚਨਾ ਸ਼ੈਲੀ ਪੱਖੋਂ ਪੱਛਮੀ ਸਾਹਿਤ ਦੇ ਪ੍ਰਭਾਵ ਨੂੰ ਕਬੂਲਦੀ ਪ੍ਰਤੀਤ ਹੁੰਦੀ ਹੈ। ਕੁਲ ਮਿਲਾ ਕੇ ਇਹ ਸਵੈਜੀਵਨੀ ਅੰਲਕ੍ਰਿਤ ਕਾਵਿਮਈ ਅਤੇ ਸੰਬੋਧਨੀ ਸ਼ੈਲੀ ਦਾ ਉਚੱਤਮ ਨਮੂਨਾ ਹੈ। ‘ਸੈਲੀ ਹੀ ਸਖਸ਼ੀਅਤ ਹੈ’ ਦੇ ਨਿਅਮ ਅਨੁਸਾਰ ਇਹ ਰਚਨਾ ਇੱਕ ਭਾਵੁਕ ਸਖਸ਼ੀਅਤ ਦੀ ਵਿਸਤਾਰਮਈ ਜੀਵਨ ਗਾਥਾ ਹੈ।

 ਸਹਾਇਕ ਪੁਸਤਕਾਂ 

[ਸੋਧੋ]

Roy Pascal- Design and Truth in Autobiography

ਮੋਹਨ ਸਿੰਘ ਦੀਵਾਨਾ A History of Punjabi Literature

ਮੋਹਨ ਸਿੰਘ ਦੀਵਾਨਾ An Introduction Of Punjabi Literature

ਸੰਦੀਪ ਰਾਣੀ ਪੰਜਾਬੀ ਸਵੈਜੀਵਨੀ ਦਾ ਆਲੋਚਨਾਤਮਕ ਅਧਿਐਨ(ਖੋਜ

ਪ੍ਰਬੰਧ ਪੰਜਾਬੀ ਯੂਨੀਵਰਸਿਟੀ ਪਟਿਆਲਾ)

ਡਾ. ਧਰਮ ਚੰਦ ਵਾਤਿਸ਼ ਪੰਜਾਬੀ ਸਵੈਜੀਵਨੀ ਨਿਕਟ ਅਧਿਐਨ

ਹਵਾਲੇ

[ਸੋਧੋ]