ਗੁਰੂ ਗੋਬਿੰਦ ਸਿੰਘ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਗੁਰੂ ਸਨ। ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ੨੨ ਦਸੰਬਰ ੧੬੬੬ ਈ: ਨੂੰ ਪਟਨਾ, ਬਿਹਾਰ ਵਿਖੇ ਮਾਤਾ ਗੁਜਰੀ ਜੀ ਦੀ ਕੁੱਖੋਂ ਹੋਇਆ।

ਇਨਕਲਾਬੀ ਰਹਿਬਰ : ਗੁਰੂ ਗੋਬਿੰਦ ਸਿੰਘ ਜੀ, ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਗੁਰੂ ਗੋਬਿੰਦ ਸਿੰਘ ਜੀ ਇੱਕ ਮਹਾਨ ਇਨਕਲਾਬੀ ਯੋਧੇ ਹੋਏ ਹਨ, ਜਿਨ੍ਹਾਂ ਨੇ ਸਦੀਆਂ ਤੋਂ ਜਬਰ-ਜ਼ੁਲਮ ਦੀਆਂ ਸੱਟਾਂ ਨਾਲ ਮਿੱਧੇ-ਮਧੋਲੇ ਹਿੰਦੁਸਤਾਨੀ ਸਮਾਜ ਵਿੱਚ ਨਵੀਂ ਰੂਹ ਫੂਕੀ ਅਤੇ ਲੋਕਾਂ ਦੇ ਮਨਾਂ ਵਿਚੋਂ ਹਕੂਮਤੀ ਜਬਰ ਦੇ ਸਹਿਮ ਨੂੰ ਦੂਰ ਕਰਨ ਲਈ ਹਥਿਆਰਬੰਦ ਖਾਲਸਾ-ਪੰਥ ਦੀ ਸਿਰਜਨਾ ਕੀਤੀ। ਉਨ੍ਹਾਂ ਨੇ ਹਿੰਦੁਸਤਾਨੀ ਲੋਕਾਂ ਦੀ ਸੁੱਤੀ ਹੋਈ ਆਤਮਾ ਨੂੰ ਹਲੂਣਿਆ ਅਤੇ ਇੱਜ਼ਤ ਸਵੈਮਾਨ ਨਾਲ ਜ਼ਿੰਦਗੀ ਜੀਣ ਲਈ ਪ੍ਰੇਰਿਆ। ਗੁਰੂ ਜੀ ਨੂੰ ਇੱਕ ਪਾਸੇ ਕੱਟੜ ਮੁਗ਼ਲ ਹਕੂਮਤ ਅਤੇ ਦੂਜੇ ਪਾਸੇ ਬੋਦੀਆਂ ਧਾਰਮਿਕ ਪਰੰਪਰਾਵਾਂ ਦੀ ਧਾਰਨੀ ਸਨਾਤਨੀ ਜਮਾਤ ਦੇ ਨਾਲ ਨਾਲ ਪਹਾੜੀ ਰਾਜਿਆਂ ਦੀ ਈਰਖਾ ਦਾ ਸੰਤਾਪ ਵੀ ਹੰਢਾਉਣਾ ਪਿਆ। ਇਨ੍ਹਾਂ ਸਮਾਜ ਵਿਰੋਧੀ ਤਾਕਤਾਂ ਦਾ ਮੁਕਾਬਲਾ ਕਰਨ ਲਈ ਗੁਰੂ ਜੀ ਨੂੰ ਜ਼ਿੰਦਗੀ ਭਰ ਸੰਘਰਸ਼ ਕਰਨਾ ਪਿਆ।

ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ-ਉਦੇਸ਼ ਸੱਚ ਧਰਮ ਦੀ ਸਥਾਪਨਾ ਲਈ ਮਜ਼ਲੂਮਾਂ ਤੇ ਨਿਤਾਣਿਆਂ ਦੀ ਰਾਖੀ ਕਰਨਾ ਅਤੇ ਹਰ ਤਰ੍ਹਾਂ ਦੇ ਜਬਰ-ਜ਼ੁਲਮ ਦਾ ਟਾਕਰਾ ਕਰਨਾ ਸੀ ਕਿਉਂਕਿ ਉਨ੍ਹਾਂ ਨੇ ਭਾਂਪ ਲਿਆ ਸੀ ਕਿ ਸਮਾਜ ਦੇ ਪਤਨ ਜਾਂ ਅਧਰਮ ਦੇ ਬੋਲਬਾਲੇ ਦਾ ਮੁੱਖ ਕਾਰਨ ਲੋਕਾਂ ਦੀ ਗ਼ੁਲਾਮ ਮਾਨਸਿਕਤਾ ਹੈ। ਉਨ੍ਹਾਂ ਦੁਆਰਾ ਜੰਗਾਂ ਲੜਨ ਦਾ ਮਨੋਰਥ ਲੋਕਾਂ ਨਾਲ ਹੋ ਰਹੇ ਜਬਰ ਜਾਂ ਧੱਕੇਸ਼ਾਹੀ ਨੂੰ ਰੋਕਣਾ ਸੀ। ਧਰਮ ਦੀ ਸਥਾਪਨਾ, ਨੇਕ-ਜਨਾਂ ਦੀ ਰਖਿਆ ਅਤੇ ਦੁਸ਼ਟਾਂ ਦੇ ਨਾਸ਼ ਕਰਨ ਦੇ ਆਪਣੇ ਜੀਵਨ-ਉਦੇਸ਼ ਨੂੰ ਆਪ ਬਚਿਤ੍ਰ ਨਾਟਕ ਵਿੱਚ ਸਪਸ਼ਟ ਕਰਦੇ ਹਨ:

ਹਮ ਇਹ ਕਾਜ ਜਗਤ ਮੋ ਆਏ॥ ਧਰਮ ਹੇਤ ਗੁਰਦੇਵ ਪਠਾਏ॥

ਜਹਾਂ ਤਹਾਂ ਤੁਮ ਧਰਮ ਬਿਥਾਰੋ॥ ਦੁਸਟ ਦੋਖੀਅਨਿ ਪਕਰਿ ਪਛਾਰੋ॥42॥...

ਧਰਮ ਚਲਾਵਨ ਸੰਤ ਉਬਾਰਨ॥ ਦੁਸਟ ਸਭਨ ਕੋ ਮੂਲ ਉਪਾਰਨ॥43॥

ਦਸਮੇਸ਼ ਪਿਤਾ ਜੀ ਨੇ ਅਖੌਤੀ ਧਾਰਮਿਕ ਲੋਕਾਂ ਵੱਲੋਂ ਕੀਤੇ ਜਾ ਰਹੇ ਪਾਖੰਡਾਂ ਦਾ ਖ਼ੂਬ ਪਾਜ ਉਘੇੜਿਆ। ਆਪਣੀ ਬਾਣੀ ਵਿੱਚ ਉਨ੍ਹਾਂ ਨੇ ਇਨ੍ਹਾਂ ਪਾਖੰਡਾਂ ਅਤੇ ਕਰਮਕਾਂਡਾਂ ਦੀ ਨਿਖੇਧੀ ਕਰਦਿਆਂ ਲੋਕਾਂ ਨੂੰ ਸੱਚੇ-ਸੁੱਚੇ ਜੀਵਨ ਦੇ ਧਾਰਨੀ ਹੋਣ ਲਈ ਪ੍ਰੇਰਿਆ। ਆਪ ਜੀ ਆਪਣੀ ਬਾਣੀ ਵਿੱਚ ਦੱਸਦੇ ਹਨ ਕਿ ਮੂਰਤੀ-ਪੂਜਾ, ਬੁੱਤ-ਪੂਜਾ, ਤੀਰਥ ਯਾਤਰਾ ਜਾਂ ਬਗੁਲ ਸਮਾਧੀਆਂ ਨਾਲ ਅਕਾਲ ਪੁਰਖ ਦੀ ਭਗਤੀ ਨਹੀਂ ਹੋ ਸਕਦੀ। ਕਹਿਣ ਤੋਂ ਭਾਵ ਗੁਰੂ ਜੀ ਨੇ ਪ੍ਰਚੱਲਤ ਅਖੌਤੀ ਧਾਰਮਿਕ ਵਿਸ਼ਵਾਸਾਂ ਦਾ ਖੰਡਨ ਬੇਖ਼ੌਫ ਹੋ ਕੇ ਕੀਤਾ ਅਤੇ ਲੋਕਾਂ ਨੂੰ ਸੱਚ ਮਾਰਗ ਦੇ ਧਾਰਨੀ ਹੋਣ ਲਈ ਪ੍ਰੇਰਿਆ:

ਕਹਾ ਭਯੋ ਜੋ ਦੋਊ ਲੋਚਨ ਮੂੰਦ ਕੈ ਬੈਠਿ ਰਹਿਓ ਬਕ ਧਿਆਨ ਲਗਾਇਓ॥

ਨ੍ਹਾਤ ਫਿਰਿਓ ਲੀਏ ਸਾਤ ਸਮੁਦ੍ਰਨਿ ਲੋਕ ਗਯੋ ਪਰਲੋਕ ਗਵਾਇਓ॥

ਬਾਸ ਕੀਓ ਬਿਖਿਆਨ ਸੋਂ ਬੈਠ ਕੈ ਐਸੇ ਹੀ ਐਸੇ ਸੁ ਬੈਸ ਬਿਤਾਇਓ॥

ਸਾਚੁ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ॥9॥

ਅਜੋਕੀ ਦੁਨੀਆਂ ਮਨੁੱਖੀ ਅਧਿਕਾਰਾਂ ਅਤੇ ਮਨੁੱਖੀ ਸਤਿਕਾਰ ਦੀ ਬਹਾਲੀ ਲਈ ਤਰਲੇ ਲੈ ਰਹੀ ਹੈ। ਪਰ ਧੰਨ ਹਨ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਅੱਜ ਤੋਂ ਤਿੰਨ ਸਦੀਆਂ ਪਹਿਲਾਂ ਇਹ ਐਲਾਨ ਕਰ ਦਿੱਤਾ ਕਿ ਸਮੁੱਚੀ ਮਨੁੱਖਤਾ ਵਿੱਚ ਇੱਕ ਅਕਾਲ ਪੁਰਖ ਦੀ ਜੋਤ ਕੰਮ ਕਰ ਰਹੀ ਹੈ; ਸਾਰੇ ਇਕੋ ਮਿੱਟੀ ਦੇ ਬਣੇ ਹੋਏ ਹਨ, ਇਸ ਲਈ ਹਿੰਦੂ, ਮੁਸਲਮਾਨ, ਜੋਗੀ ਆਦਿ ਫਿਰਕੂ ਵੰਡੀਆਂ ਦੇ ਆਧਾਰ ਤੇ ਮਨੁੱਖਤਾ ਨੂੰ ਵੰਡਣਾ ਜਾਇਜ਼ ਨਹੀਂ। ਇਸ ਲਈ ਉਸੇ ਇੱਕ ਨੂੰ ਮੰਨਦਿਆਂ ਹੋਇਆਂ ਸਭ ਨੂੰ ਉਸੇ ਦਾ ਸਰੂਪ ਸਮਝਣਾ ਚਾਹੀਦਾ ਹੈ:

ਕੋਊ ਭਇਓ ਮੁੰਡੀਆ ਸੰਨਿਆਸੀ ਕੋਊ ਜੋਗੀ ਭਇਓ

ਕੋਊ ਬ੍ਰਹਮਚਾਰੀ ਕੋਊ ਜਤੀ ਅਨੁਮਾਨਬੋ॥

ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ

ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ॥...॥15॥85॥

ਸਭ ਤੋਂ ਇਨਕਲਾਬੀ ਗੱਲ ਗੁਰੂ ਸਾਹਿਬ ਨੇ ਇਹ ਕੀਤੀ ਕਿ ਉਨ੍ਹਾਂ ਦੱਬੇ-ਕੁਚਲੇ, ਲਿਤਾੜੇ ਹੋਏ ਲੋਕਾਂ, ਗਰੀਬ ਕਿਰਤੀਆਂ ਤੇ ਨਿਤਾਣਿਆਂ ਨੂੰ ਗਲ਼ ਨਾਲ ਲਾਇਆ। ਸਦੀਆਂ ਤੋਂ ਗ਼ੁਲਾਮੀ ਅਤੇ ਜਹਾਲਤ ਦੀ ਜ਼ਿੰਦਗੀ ਜੀਅ ਰਹੇ ਲੋਕਾਂ ਵਿੱਚ ਅਣਖ ਅਤੇ ਸਵੈਮਾਨ ਦੀ ਭਾਵਨਾ ਨੂੰ ਜਗਾ ਦਿੱਤਾ। ਇਹੀ ਲੋਕ ਗੁਰੂ ਕਿਰਪਾ ਦੇ ਪਾਤਰ ਬਣ ਕੇ ਖਾਲਸਾ ਸਜੇ ਅਤੇ ਗੁਰੂ ਨਜ਼ਰਾਂ ਵਿੱਚ ਪ੍ਰਵਾਨ ਚੜ੍ਹੇ। ਗੁਰੂ ਜੀ ਇਨ੍ਹਾਂ ਦੇ ਕਿਰਦਾਰ ਤੇ ਤਸੱਲੀ ਪ੍ਰਗਟ ਕਰਦੇ ਕਹਿੰਦੇ ਹਨ:

ਇਨ ਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ

ਨਹੀਂ ਮੋ ਸੇ ਗਰੀਬ ਕਰੋਰ ਪਰੇ॥52॥ (ਅਸਫੋਟਕ ਕਬਿੱਤ ਸਵੈਯਾ)

ਦੁਨੀਆਂ ਦੇ ਹੋਰਨਾਂ ਧਾਰਮਿਕ ਰਹਿਬਰਾਂ ਦੀ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਆਪ ਨੂੰ ਪਰਮਾਤਮਾ ਨਹੀਂ ਅਖਵਾਇਆ, ਆਪਣਾ ਨਾਮ ਨਹੀਂ ਜਪਾਇਆ ਅਤੇ ਨਾ ਹੀ ਆਪਣੇ ਨਾਮ ਦਾ ਧਰਮ ਚਲਾਇਆ। ਆਪਣੇ ਆਪ ਨੂੰ ਅਕਾਲ ਪੁਰਖ, ਵਾਹਿਗੁਰੂ ਦਾ ਦਾਸ, ਸੇਵਕ ਦੱਸਦਿਆਂ, ਉਨ੍ਹਾਂ ਬੜੀ ਸਖ਼ਤ ਹਦਾਇਤ ਕੀਤੀ ਕਿ ਮੈਨੂੰ ਪਰਮਾਤਮਾ ਨਹੀਂ ਸਮਝਣਾ:

ਜੋ ਹਮ ਕੋ ਪਰਮੇਸਰ ਉਚਰਿਹੈਂ॥ ਤੇ ਸਭ ਨਰਕ ਕੁੰਡ ਮਹਿ ਪਰਿਹੈਂ॥

ਮੋ ਕੌ ਦਾਸ ਤਵਨ ਕਾ ਜਾਨੋ॥ ਯਾ ਮੈ ਭੇਦ ਨ ਰੰਚ ਪਛਾਨੋ॥32॥

ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਸੰਸਾਰ ਦੇ ਇਤਿਹਾਸ ਵਿੱਚ ਇੱਕ ਇਨਕਲਾਬੀ ਰਹਿਬਰ ਹੋਏ ਹਨ, ਜਿਨ੍ਹਾਂ ਨੇ ਲੋਕਾਂ ਦੀ ਜ਼ਿੰਦਗੀ ਵਿੱਚ ਇਨਕਲਾਬੀ ਤਬਦੀਲੀ ਲਿਆਂਦੀ। ਅਜੋਕੇ ਦੇਹਧਾਰੀ ਗੁਰੂਆਂ, ਅਖੌਤੀ ਸਾਧਾਂ-ਸੰਤਾਂ ਅਤੇ ਮਹਾਤਮਾਵਾਂ ਨੂੰ ਦਸਮੇਸ਼ ਜੀ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਭੇਖ ਤੇ ਅਡੰਬਰ ਦਾ ਤਿਆਗ ਕਰਨਾ ਚਾਹੀਦਾ ਹੈ ਅਤੇ ਲੋਕਾਂ ਨੂੰ ਅੰਧ-ਵਿਸ਼ਵਾਸਾਂ, ਵਹਿਮਾਂ-ਭਰਮਾਂ, ਕਰਮਕਾਂਡਾਂ ਦੇ ਭੰਬਲਭੂਸੇ ਵਿੱਚ ਪਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਦਸਮੇਸ਼ ਪਿਤਾ ਜੀ ਦਾ ਪ੍ਰਕਾਸ਼-ਪੁਰਬ ਮਨਾਇਆ ਤਦ ਹੀ ਸਫਲਾ ਹੋਵੇਗਾ, ਜੇ ਅਸੀਂ ਉਨ੍ਹਾਂ ਦੇ ਦਰਸਾਏ ਗਾਡੀ-ਰਾਹ ਤੇ ਚੱਲਣ ਦਾ ਦ੍ਰਿੜ੍ਹਤਾ ਸਹਿਤ ਪ੍ਰਣ ਕਰੀਏ! ਸ. ਚਮਕੌਰ ਸਿੰਘ

(ਸ੍ਰੀ ਗੁਰੂ ਗੋਬਿੰਦ ਸਿੰਘ ਜੀ) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬਹੁ ਪਖੀ ਜੀਵਨ ਉਹ ਮਾਹਨ ਸ਼ਕਤੀ ਦਾ ਸੋਮਾ ਹੈ ਜੋ ਕੋਮ ਦੀ ਸਦਾ ਅਗਵਾਈ ਕਰਦਾ ਰਿਹਾ ਹੈ ਤੇ ਕਰਦਾ ਰਹੇਗਾ ਜਿਵੇਂ ਪ੍ਰਮਾਤਮਾ ਦੇ ਅਣਗਿਣਤ ਗੁਣਾਂ ਨੂੰ “ਤੂੰ ਬੇਅਤ ਤੂੰ ਬੇਅੰਤ” ਕਹਿਕੇ ਹੀ ਅਲਪਗ ਜੀਵ ਪ੍ਰਮਾਤਮਾ ਦਾ ਧੰਨਵਾਦ ਕਰਕੇ ਉਸਦੀਆਂ ਖੁਸ਼ੀਆਂ ਪ੍ਰਾਪਤ ਕਰਦਾ ਹੈ ਉਸੇ ਤਰ੍ਹਾਂ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਅਦੁਤੀ ਲਾਸਾਨੀ ਤੇ ਮਹਾਨ ਸ਼ਖਸ਼ੀਅਤ ਦੇ ਗੁਣਾਂ ਦਾ ਵਰਨਣ “ਤੂੰ ਬੇਅੰਤ ਤੂੰ ਬੇਅੰਤ” ਕਹਿ ਕੇ ਹੀ ਕੀਤੀ ਜਾ ਸਕਦਾ ਹੈ ਕਿਉਂਕਿ ਉਮਰ ਦੇ ਇਤਨੇ ਥੋਹੜੇ ਸਮੇ ਵਿੱਚ ਇਤਨੇ ਮਹਾਨ ਕੰਮ ਕਰ ਵਿਖਾਉਣੇ ਇੱਕ ਕਰਾਮਾਤ ਹੀ ਤਾਂ ਲਗਦੇ ਹਨ ਅਤੇ ਉਸ ਕਰਾਮਾਤੀ ਜੀਵਨ ਦੌਰਾਨ ਜੋ ਭੀ ਗੁਰੂ ਜੀ ਨੇ ਬੋਲਿਆ ਉਹ ਗੁਰਬਾਣੀ ਹੋ ਨਿਬੜਿਆ, ਜਿਸ ਵਸਤੂ ਨੂੰ ਵੀ ਉਹਨਾਂ ਦੇ ਹੱਥਾਂ ਦੀ ਛੋਹ ਪ੍ਰਾਪਤ ਹੋਈ ਉਹ ਹੀ ਪ੍ਰਸ਼ਾਦ ਹੋ ਨਿਬੜੀ, ਜਿਧਰ ਭੀ ਉਹਨਾਂ ਦੀ ਮਿਕਨਾਤੀਸੀ ਨਜ਼ਰ ਨੇ ਤੱਕਿਆ ਉਸ ਦੁਆਰਾ ਲੱਖਾਂ ਹੀ ਲੋਕਾਂ ਦੇ ਮੁਰਝਾਏ ਹੋਏ ਦਿਲ ਤਾਜ਼ੇ ਫੁੱਲਾਂ ਵਾਂਗ ਖਿੜ ਪਏ ਤੇ ਨਿਰਾਸ਼ਾਵਾਦੀ ਆਸ਼ਾਵਾਦੀ ਹੋ ਨਿਬੜੇ। ਜਿਥੇ ਵੀ ਗੁਰੂ ਜੀ ਨੇ ਆਪਣੇ ਪਵਿੱਤਰ ਚਰਨ ਧਰੇ ਉਥੋਂ ਕਰੋੜਾਂ ਹੀ ਲੋਕੀ ੳ+ਸ ਧਰਤੀ ਦੀ ਧੂੜ ਆਪਣੇ ਮੱਥੇ ਨੂੰ ਲਾ ਕੇ ਨਿਹਾਲ ਹੋ ਰਹੇ ਹਨ।


'ਗੁਰੂ ਸਾਹਿਬ ਦੇ ਜਦੋ ਜਹਿਦ ਭਰੇ ਜੀਵਨ ਵਿ'ਚੋਂ ਜੋ ਕਰਾਮਾਤੀ ਨਤੀਜੇ ਉਤਪਨ ਹੋਏ ਅਤੇ ਜਿਹਨਾਂ ਬੇਅੰਤ ਹੈਰਾਨਕੁੰਨ ਗੁਣਾਂ ਨੇ ਦੁਨੀਆਂ ਦੇ ਮਹਾਨ ਲਿਖਾਰੀਆਂ, ਇਤਿਹਾਸਕਾਰਾਂ, ਧਾਰਮਿਕ ਹਸਤੀਆਂ ਅਦਿ ਨੂੰ ਚਕਾਚੌਂਧ ਕਰ ਦਿੱਤਾ ਉਹਨਾਂ ਦੇ ਵਿਚਾਰਾਂ ਦੀ ਵਰਨਣ ਹੀ ਇਸ ਲੇਖ ਦਾ ਮੁੱਦਾ ਹੈ ਕਿਉਂਕਿ ਉਹਨਾਂ ਵਿਚਾਰਵਾਨਾਂ ਨੇ ਆਪਣੀ ਸ਼ਰਧਾ ਦੇ ਫੁੱਲ ਆਪਣੇ ਆਪਣੇ ਦਿਲਾਂ ਦੀਆਂ ਡੂੰਘਾਈਆਂ ਵਿਚੋਂ ਗੁਰੂ ਜੀ ਦੀ ਸਤਿਕਾਰ ਭਰੀ ਸ਼ਖਸੀਅਤ ਨੂੰ ਅਰਪਨ ਕੀਤੇ ਹਨ।

ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਅੰਗਰੇਜ਼ਾਂ ਤੇ ਸਿੱਖਾਂ ਦੌਰਾਨ ਹੋਈ ਜੰਗ ਵਿੱਚ ਲੜਨ ਵਾਲਾ ਅੰਗਰੇਜ਼ ਅਫਸਰ ਡੇਵਿਡ ਕਨਿੰਘਮ, ਜੋ ਗੁਰੂ ਜੀ ਵਲੋਂ ਸਿੰਘ ਸੂਰਮਿਆਂ ਨੂੰ ਬਖਸ਼ੀ ਸੰਤ ਸਿਪਾਹੀਆਂ ਵਾਲੀ ਸ਼ਕਤੀ ਦਾ ਦਿਲੋਂ ਕਾਇਲ ਹੋ ਗਿਆ ਸੀ, ਲਿਖਦਾ ਹੈ “ਇਹ ਗੁਰੂ ਨਾਨਕ ਦੇ ਹੀ ਹਿੱਸੇ ਆਇਆ ਸੀ ਕਿ ਉਹ ਐਸੇ ਮੁੱਖ ਅਸੂਲ ਅਪਨਾਉਣ ਜਿਹਨਾਂ ਰਾਹੀਂ ਨੀਂਵੇਂ ਉਚੇ ਅਤੇ ਜਾਤ ਪਾਤ ਦੇ ਵਖੇਵਿਆਂ ਦਾ ਅਸੂਲ ਖਤਮ ਹੋ ਜਾਵੇ। ਉਹਨਾਂ ਮੁੱਖ ਅਸੂਲਾਂ ਤੇ ਹੀ ਗੁਰੂ ਗੋਬਿੰਦ ਸਿੰਘ ਨੇ ਐਸੀ ਕੌਮ ਖਾਲਸਾ ਤਿਆਰ ਕੀਤੀ ਜੋ ਨੀਂਵੇਂ, ਉਚੇ ਦਾ ਭੇਦ ਮਿਟਾ ਕੇ ਸਭ ਨੂੰ ਇਕੋ ਪੱਧਰ ਭਾਵੇਂ ਉਹ ਧਾਰਮਿਕ ਸੀ ਜਾਂ ਰਾਜਨੀਤਕ ਉਤੇ ਲੈ ਆਈ … ਗੁਰੂ ਜੀ ਨੇ ਮੁਰਦਾ ਤੇ ਨਿਰਜਿੰਦ ਲੋਕਾਂ ਦੀਆਂ ਬੁੱਝੀਆਂ ਕਲਾਂ ਜਗਾ ਕੇ ਉਹਨਾਂ ਦੇ ਮਨਾਂ ਵਿੱਚ ਸਮਾਜਿਕ ਸੁਤੰਤਰਤਾ ਅਤੇ ਰਾਜਨੀਤਕ ਵਿਲੱਖਣਤਾ ਪੈਦਾ ਕਰਨ ਲਈ ਗੁਰੂ ਨਾਨਕ ਦੇ ਦੱਸੇ ਪਵਿੱਤਰ ਭਗਤੀ ਆਸ਼ੇ ਲਈ ਸਦੀਵੀ ਚਾਅ ਭਰਿਆ।”


ਇਬਟਸਨ ਅਨੁਸਾਰ, “ਹਿੰਦੋਸਤਾਨ ਦੇ ਇਤਿਹਾਸ ਵਿੱਚ ਪਹਿਲੀ ਵਾਰ ਕੋਈ ਧਰਮ ਸਿਆਸੀ ਤਾਕਤ ਬਣਿਆ ਅਤੇ ਐਸੀ ਕੌਮ ਦਾ ਜਨਮ ਹੋਇਆ ਜੋ ਆਪਣੇ ਆਪ ਵਿੱਚ ਇੱਕ ਵਖਰੀ ਕਿਸਮ ਦੀ ਸੀ। ਹਿੰਦੋਸਤਾਨ ਨੇ ਐਸੀ ਕੌਮ ਨਹੀ ਦੇਖੀ ਸੀ। ਨੀਂਵੀਂ ਜਾਤ ਵਾਲੇ ਚੂਹੜੇ, ਚਮਿਆਰ, ਜੱਟ, ਨਾਈ, ਛੀਬਿਆਂ, ਜਿਹਨਾਂ ਨੇ ਕਦੀ ਸ਼ਸ਼ਤਰਾਂ ਨੂੰ ਹੱਥ ਤੱਕ ਨਹੀ ਸੀ ਲਾਈਆ ਅਤੇ ਜੋ ਉਚੀਆਂ ਜਾਤਾ ਦੇ ਪੈਰਾਂ ਥੱਲੇ ਲਿਤਾੜੇ ਜਾਂਦੇ ਰਹੇ ਸਨ, ਨੇ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਹੇਠ ਨਿਰੇ ਬਹਾਦਰੀ ਦੇ ਗੁਣ ਹੀ ਨਾ ਗ੍ਰਹਿਣ ਕੀਤੇ ਸਗੋਂ ਉਹ ਦੁੱਖੀ ਇਨਸਾਨ ਵਾਸਤੇ ਆਪਾ ਵਾਰਨ ਲਈ ਤਿਆਰ ਹੋਏ।” ਇਹ ਕਿਉਂ? ਕਿਉਕਿ ਗੁਰੂ ਜੀ ਨੇ ਸਿੱਖਾਂ ਵਿਚੋਂ ਵਿਅਕਤੀਗਤ (ਜਿਸਦਾ ਅੱਜ ਸਿੱਖ ਜਗਤ ਬੁਰੀ ਤਰ੍ਹਾਂ ਸ਼ਿਕਾਰ ਹੈ) ਖਤਮ ਕਰਕੇ ਦੂਜੇ ਲਈ ਮਰਨ ਦਾ ਚਾਅ ਪੈਦਾ ਕੀਤਾ। ਪ੍ਰਿੰਸੀਪਲ ਸਤਿਬੀਰ ਸਿੰਘ ਜੀ ਅਨੁਸਾਰ “ਰੋਂਦੂ, ਮੁਰਦਾ ਤੇ ਨਿਰਾਸ਼ਾਵਾਦੀ ਪੁਰਸ਼ਾਂ ਨੂੰ ਗੁਰੂ ਜੀ ਨੇ ਖੁਸ਼ ਰਹਿਣਾ, ਆਸ਼ਾਵਾਦੀ ਤੇ ਜੁਰਅੱਤ ਵਾਲਾ ਪੁਰਸ਼ ਬਣਾ ਦਿੱਤਾ। ਸਿੱਖ ਵਿੱਚ ਐਸਾ ਗੁਣ ਪੈਦਾ ਕੀਤਾ ਹੈ ਕਿ ਉਹ ਟੁੱਟ ਭਾਵੇਂ ਜਾਵੇ ਪਰ ਲਿਫੇਗਾ ਨਹੀਂ। ਜੋ ਜ਼ੁਲਮ ਦੀ ਵੱਧਦੀ ਲਹਿਰ ਅੱਗੇ ਚਟਾਨ ਬਣਕੇ ਖੜ੍ਹਾ ਹੋ ਜਾਵੇਗਾ, ਬੰਦ ਬੰਦ ਕਟਾ ਲਵੇਗਾ ਪਰ ਅਦਰਸ਼ ਤੋ ਕਦੀ ਨਹੀਂ ਡਿੱਗੇਗਾ।”


ਗੋਕਲ ਚੰਦ ਨਾਰੰਗ ਜੀ ਲਿਖਦੇ ਹਨ ‘ਜਿਸ ਤੇਗ ਨੇ ਖਾਲਸੇ ਦੀ ਸ਼ਾਨ ਫੈਲਾਈ ਸੀ ਇਹ ਜ਼ਰੂਰੀ ਹੈ ਕਿ ਉਸਨੂੰ ਤਿਆਰ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਪਰ ਫੌਲਾਦ ਗੁਰੂ ਨਾਨਕ ਦੇਵ ਜੀ ਕਮਾ ਕੇ ਦੇ ਗਏ ਸਨ। ਜਿਸ ਬੂਟੇ ਨੇ ਗੁਰੂ ਗੋਬਿੰਦ ਸਿੰਘ ਜੀ ਵੇਲੇ ਫਲ ਦਿੱਤਾ ਉਸਦੀ ਬਿਜਾਈ ਗੁਰੂ ਨਾਨਕ ਜੀ ਨੇ ਕੀਤੀ ਸੀ ਤੇ ਬਾਕੀ ਗੁਰੂ ਸਾਹਿਬਾਨ ਨੇ ਉਸਨੂੰ ਸਿੰਚਿਆ ਸੀ।” ਇਹ ਬਿਲਕੁਲ ਠੀਕ ਹੈ ਕਿ ਖਾਲਸੇ ਦੀ ਸਾਜਨਾ ਪਹਿਲਾਂ ਤੋਂ ਹੀ ਚਲ ਰਹੀ ਲਹਿਰ ਦੀ ਉਤਪਤੀ ਸੀ। ਗੁਰੂ ਨਾਨਕ ਦੇਵ ਜੀ ਤੇ ਹੋਰ ਗੁਰੂ ਸਾਹਿਬਾਨ ਨੇ ਬਾਣੀ ਵਿਚਾਰ ਵਿਵੇਕ, ਸੇਵਾ, ਸੁੱਚੀ ਕਿਰਤ, ਨਿਰਮਲ ਕਰਮ, ਸਿਮਰਨ, ਮਨੁੱਖੀ ਅਧਿਕਾਰਾਂ ਦੀ ਮਹੱਤਤਾ, ਅਤੇ ਸਰਬ ਸਾਂਝੀਵਾਲਤਾ ਦੇ ਆਦਰਸ਼ਾਂ ਨੂੰ ਚੰਗੀ ਤਰ੍ਹਾਂ ਪਰਪੱਕ ਕਰ ਦਿੱਤਾ ਸੀ। ਐਸੀਆਂ ਪਵਿੱਤਰ ਤੇ ਆਰਰਸ਼ਕ ਸ਼ਖਸੀਅਤਾਂ ਨੂੰ ਜੀਵਨ ਸੰਗਰਾਮ ਵਿੱਚ ਧਰਮ ਯੁੱਧ ਵਰਗੀ ਖੇਡ ਖੇਡਣ ਲਈ ਭਗਤੀ ਨਾਲ ਸ਼ਕਤੀ, ਸ਼ਾਸਤਰ ਨਾਲ ਸ਼ਸਤਰ ਆਦਿ ਨਾਲ ਲੈਸ ਕਰਕੇ ਐਸੇ ਆਦਰਸ਼ਾਂ ਤੇ ਕੁਰਬਾਨ ਹੋਣ ਵਾਲੇ ਧਰਮੀ ਯੋਧਿਆਂ ਦੀ ਲਾਸਾਨੀ ਜਮਾਤ (ਖਾਲਸਾ ਪੰਥ) ਦਾ ਨਿਰਮਾਣ ਕਰ ਦਿੱਤਾ। ਲੈਪਲ ਗ੍ਰਿਫਨ ਦੇ ਸ਼ਬਦਾਂ ਵਿੱਚ “ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ, ਜੁਪੀਟਰ ਵਾਂਗੂ ਆਪਣੇ ਸਰੀਰ ਵਿਚੋਂ ਪੈਦਾ ਕੀਤਾ। ਖਾਲਸੇ ਦੀ ਸਾਜਨਾ ਆਪਣੀ ਮਿਸਾਲ ਆਪ ਹੈ!” ਗਾਰਡਨ ਦੇ ਕਥਨ ਅਨੁਸਾਰ, “ਗੁਰੂ ਜੀ ਨੇ ਸਿੱਖਾਂ ਨੂੰ ਇੱਕ ਪਹਿਰਾਵਾ ਅਤੇ ਇਕੋ ਨਾਂ ਦਿੱਤਾ। ਇਕੋ ਨਾਹਰਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ਅਤੇ ਮੁਕਤੀ ਲਈ ਇਕੋ ਪੰਥ ਦੱਸਿਆ।”


ਮੈਕਾਲਫ ਗੁਰੂ ਸਾਹਿਬ ਜੀ ਦੀ ਸਰਬ ਗੁਣ ਸੰਪੂਰਨ ਸ਼ਖਸੀਅਤ ਵੱਲੋਂ ਆਪਣੇ ਖਾਲਸੇ ਲਈ ਦਿੱਤੇ ਉਪਦੇਸ਼ਾਂ ਸੰਬੰਧੀ ਕਿੰਨਾ ਸੁੰਦਰ ਲਿਖਦਾ ਹੈ ਜੋ ਕਿ ਅੱਜ ਦੀ ਸਿੱਖ ਲੀਡਰਸ਼ਿਪ ਦੀ ਢੁਕਵੀਂ, ਹਾਂ ਜੀ ਇਸ ਨਾਜ਼ੁਕ ਸਮੇਂ ਢੁਕਵੀਂ ਅਗਵਾਈ ਕਰ ਸਕਦੇ ਹਨ “ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਹਦਾਇਤ ਕੀਤੀ ਕਿ ਉਹ ਘਰਾਂ ਵਿੱਚ ਹੀ ਉਦਾਸੀਆਂ ਵਾਲੀ ਅਵਸਥਾ ਬਣਾਉਣ, ਘਰਾਂ ਨੂੰ ਹੀ ਜੰਗਲ ਸਮਝਣ ਤੇ ਦਿਲੋਂ ਸਾਧੂ ਬਣਨ, ਘੱਟ ਨੀਂਦ ਲੈਣ ਤੇ ਘੱਟ ਖਾਣ ਅਤੇ ਦਇਆ, ਨਿਮਰਤਾ, ਖਿਮਾ ਸੰਤੋਖ ਦੀ ਵਰਤੋ ਕਰਨ। ਵਾਹਿਗੁਰੂ ਨੂੰ ਲੱਭਣ ਤੇ ਪ੍ਰਪਤੀ ਲਈ ਉਹਨਾਂ ਨੂੰ ਆਪਣੇ ਮਨਾਂ ਵਿਚੋਂ ਕਾਮ ਕਰੋਧ ਅਦਿ ਕੱਢਣੇ ਪੈਣਗੇ। ਗੁਰੂ ਸਹਿਬ ਨੇ ਇਸ ਗੱਲ ਦੀ ਵੀ ਚਿਤਾਵਨੀ ਦਿੱਤੀ ਕਿ ਜੇ ਉਹ ਗਿਆਨ ਤੇ ਭਗਤੀ ਦੇ ਮਾਰਗ ਤੋ ਖੁੰਝ ਗਏ ਤਾਂ ਵੱਧ ਤੋਂ ਵੱਧ ਰਾਜਨੀਤਕ ਤੇ ਫੌਜੀ ਸ਼ਕਤੀ ਵੀ ਉਹਨਾਂ ਦੀ ਰੱਖਿਆ ਨਹੀ ਕਰ ਸਕੇਗੀ।” ਮੈਕਲਾਫ ਅੱਗੇ ਹੋਰ ਵੀ ਸੁੰਦਰ ਸ਼ਬਦਾਂ ਵਿੱਚ ਲਿਖਦਾ ਹੈ “ਗੁਰੂ ਵਿੱਚ ਜਾਦੂਈ ਤਾਕਤ ਸੀ, ਉਹਨਾਂ ਦੇ ਉਪਦੇਸ਼ਾਂ ਦਾ ਜਾਦੂਈ ਅਸਰ ਆਮ ਲੋਕਾਂ ਤੇ ਹੋਇਆ, ਜਿਸਨੇ ਲਿਤਾੜੇ ਹੋਏ ਲੋਕਾਂ ਨੂੰ ਸੰਸਾਰ ਦੇ ਪ੍ਰਸਿੱਧ ਯੋਧੇ ਬਣਾ ਦਿੱਤਾ। ਸਿੱਖ ਗੁਰੂਆਂ ਤੋਂ ਪਹਿਲਾਂ ਦੁਨੀਆਂ ਦੇ ਕਿਸੇ ਵੀ ਜਰਨੈਲ ਨੇ ਉਹਨਾਂ ਆਦਮੀਆਂ ਨੂੰ ਜਥੇਬੰਦ ਕਰਨ ਦਾ ਖਿਆਲ ਤੱਕ ਨਹੀ ਸੀ ਕੀਤਾ ਜਿਹਨਾਂ ਨੂੰ ਗਵਾਂਢੀ ਜਨਮ ਤੋਂ ਦੁਰੇ ਦੁਰੇ ਕਰਕੇ ਦੁਰਕਾਰ ਰਹੇ ਸਨ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਅਖੌਤੀ ਨਾਪਾਕਾਂ ਵਿੱਚ ਜਿਹਨਾਂ ਨੂੰ ਸੰਸਾਰ ਦੀ ਰਹਿੰਦ ਖੂਹੰਦ ਕਿਹਾ ਜ਼ਾਂਦਾ ਸੀ, ਐਸੀ ਸ਼ਕਤੀ ਭਰੀ ਕਿ ਉਹ ਯੋਧੇ ਹੋ ਨਿਬੜੇ ਤੇ ਫਿਰ ਯੋਧੇ ਭੀ ਐਸੇ ਜਿਹਨਾਂ ਦੀ ਦ੍ਰਿੜਤਾ ਦਲੇਰੀ ਤੇ ਵਫਾਦਾਰੀ ਨੇ ਆਗੂ ਨੂੰ ਕਦੇ ਮਾਯੂਸ ਨਾ ਕੀਤਾ।” ਪਰ ਇਸ ਸਦੀ ਦੇ ਆਗੂਆਂ ਨੇ ਕੌਮ ਨੂੰਸਦਾ ਮਾਯਸੂ ਕੀਤਾ ਹੈ ਤੇ ਨਮੋਸ਼ੀ ਹੱਦਾ ਹੀ ਟੱਪ ਗਈ ਹੈ ਇਹਨਾਂ ਕੁਰਸੀ ਦੇ ਭੁੱਖੇ ਅਗੂਆਂ ਹੱਥੋ।


ਲਾਲਾ ਦੋਲਤ ਰਾਏ ਜੀ ਲਿਖਦੇ ਹਨ “ਜਿਹਨਾ ਸ਼ੂਦਰਾਂ ਦੀ ਬਾਤ ਕੋਈ ਨਹੀ ਸੀ ਪੁੱਛਦਾ, ਜਿਹਨਾਂ ਨੂੰ ਦੁਰਕਾਰਿਆਂ ਤੇ ਫਿਟਕਾਰਿਆਂ ਵਾਰ ਵੀ ਨਹੀ ਸੀ ਆਉਂਦੀ, ਜੋ ਜ਼ਿਲਤ ਦੀ ਗੁਲਾਮੀ ਵਿੱਚ ਜੀਵਨ ਗੁਜ਼ਾਰ ਰਹੇ ਸਨ ਉਹਨਾ ਨੂੰ ਸੰਸਾਰ ਦੇ ਯੋਧਿਆਂ ਦੇ ਟਾਕਰੇ ਉੱਤੇ ਖੜ੍ਹਾ ਕਰਨਾ ਨਿਰੋਲ ਤੇ ਇੱਕ ਮਾਤਰ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਕੰਮ ਸੀ। ਜੋ ਰਾਮ ਚੰਦਰ ਜੀ ਨਾ ਕਰ ਸਕੇ, ਜਿਸ ਪਾਸੇ ਸੋਚਣ ਲਈ ਕ੍ਰਿਸ਼ਨ ਜੀ ਨੂੰ ਖਿਆਲ ਤੱਕ ਨਾ ਆਇਆਂ, ਜਿਹੜਾ ਸ਼ੰਕਰ ਦੀ ਨਜ਼ਰ ਵਿੱਚ ਨੀਵਾਂ ਸੀ, ਜਿਹੜਾ ਕੰਮ ਸੂਰਜ ਤੇ ਚੰਦਰ ਵੰਸੀ ਰਾਜਿਆਂ ਦੇ ਬਾਹਦਰਾਂ ਨੂੰ ਨਾਂ ਸੁਝਿਆ, ਉਸਨੂੰ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਕਮਰਕੱਸ ਲਈ ਤੇ ਪੂਰਾ ਕਰ ਦਿਖਾਇਆ। ਹਜ਼ਰਤ ਮੁਹੰਮਦ ਸਾਹਿਬ ਨੇ ਕੁੱਝ ਉਪਰਾਲੇ ਤਾਂ ਕੀਤੇ ਪਰ ਉਹ ਵੀ ਮੁਸਲਮਾਨਾਂ ਵਿਚੋਂ ਗੁਲਾਮੀ ਦੀ ਬਦ-ਆਦਤ ਨਾ ਕੱਫ ਸਕੇ। ਇੱਕ ਮੁਸਲਮਾਨ ਦੂਜੇ ਮੁਸਲਮਾਨ ਦਾ ਉਸੇ ਤਰ੍ਰਾਂ ਹੀ ਗੁਲਾਮ ਹੁੰਦਾ ਸੀ ਜਿਵੇਂ ਕਿਸੇ ਹੋਰ ਕੋਮ ਦਾ ਕਾਫਰ। ਪਰ ਗੁਰੂ ਗੋਬਿੰਦ ਸਿੰਘ ਜੀ ਨੇ ਸਭ ਨੂੰ ਪਹਿਲਾਂ ਭਾਈ ਤੇ ਫਿਰ ਸਰਦਾਰ ਬਣਾ ਕੇ ਆਖਰੀ ਇੱਟ ਰੱਖ ਦਿੱਤੀ”।

ਸਾਧੂ ਟੀ. ਐਲ. ਵਾਸਵਾਨੀ ਇਸ ਸਬੰਧ ਵਿੱਚ ਲਿਖਦੇ ਹਨ “ਕਿ ਜੋ ਕੰਮ ਹਜ਼ਾਰਾਂ ਰਲ ਕੇ ਵੀ ਨਾ ਕਰ ਸਕੇ ਉਹ ਇਕੋ (ਗੁਰੂ ਗੋਬਿੰਦ ਸਿੰਘ ਜੀ) ਨੇ ਹੀ ਕਰ ਵਿਖਾਇਆ। ਜੋ ਪੀਸ ਕੇ ਮਿੱਟੀ ਵਿੱਚ ਰਲਾਏ ਜਾ ਰਹੇ ਸਨ ਤੇ ਹੀਣਿਆਂ ਵਾਂਗੂੰ ਰਹਿਣ ਲਈ ਮਜਬੂਰ ਕੀਤੇ ਜਾਦੇ ਸਨ, ਉਹਨਾਂ ਨੂੰ ਆਪਣੇ ਪੈਰਾਂ ਤੇ ਖੜ੍ਹਾਂ ਕੀਤਾ, ਗਲ ਨਾਲ ਲਾਗਈਆ ਤੇ ਗੁਰੂ ਕੇ ਬੇਟੇ ਆਖਿਆ, ਉਹਨਾਂ ਨੂੰ ਅੰਮ੍ਰਿਤ ਨਾਲ ਨਿਵਾਜ਼ਿਆਂ, ਸਰਾਦਰ ਬਣਾਇਆ।” ਤੇ ਸਾਧੂ ਜੀ ਗੁਰੂ ਜੀ ਦੀ ਸ਼ਖਸੀਅਤ ਨੂੰ ਸਤਰੰਗੀ ਨਾਲ ਤੁਲਨਾ ਦੇ ਕੇ ਕਹਿੰਦੇ ਹਨ ਕਿ ਕਲਗੀਆਂ ਵਾਲੇ ਦੁਨੀਆਂ ਵਿੱਚ ਹੋ ਚੁੱਕੇ ਪਹਿਲੇ ਸਾਰੇ ਪੈਗੰਬਰਾਂ ਵਿੱਚ ਪਾਏ ਜਾਣ ਵਾਲੇ ਸ਼ੁਭ ਗੁਣਾਂ ਦਾ ਸੰਗ੍ਰਹਿ ਸਨ।


-ਬੈਨਰਜੀ ਮੁਤਾਬਕ “ਜੇ ਕੋਈ ਕਹਿੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਧਾਰਮਿਕ ਲਹਿਰ ਨੂੰ ਛੁਟਿਆ ਕੇ ਰਾਜਨੀਤਕ ਉਨਤੀ ਦਾ ਸਾਧਨ ਬਣਾ ਲਿਆ ਉਹ ਆਪਣੇ ਸਾਹਮਣੇ ਇੱਕ ਗਲਤ ਸਵਾਲ ਰੱਖਦਾ ਹੈ ਕਿ ਰਾਜਨੀਤਕ ਆਜ਼ਾਦੀ ਤੇ ਸਿਪਾਹੀਆਨਾ ਜ਼ਿੰਗਦੀ ਦਾ ਧਰਮ ਨਾਲ ਅਜੋੜ ਹੈ। ਧਰਮ ਦੀ ਰਾਹ ਤੇ ਚਲਦਿਆਂ ਵੀ ਰਾਜਨੀਤਕ ਘੋਲ ਘੁਲੇ ਜਾ ਸਕਦੇ ਹਨ।” ਇਹਨਾਂ ਵਿਚਾਰਾਂ ਵੱਲ ਦੁਨੀਆਂ ਦੇ ਅਜੋਕੇ ਸਾਰੇ ਹੁਕਮਰਾਨਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਤੇ ਸਗੋਂ ਰਾਜਨੀਤੀ ਵਿੱਚ ਅਮਨ ਕਾਇਮ ਕਰਨ ਤੇ ਇੰਨਸਾਫ ਦੇ ਆਧਾਰ ਉੱਤੇ ਰਾਜ ਕਰਨ ਦੀ ਸਿੱਖਿਆ ਲੈਣੀ ਚਾਹੀਦੀ ਹੈ।


ਕਈ ਲੋਕ ਸ਼ਰਾਰਤ ਜਾਂ ਭੁਲੇਖੇ ਰਾਹੀ ਗੁਰੂ ਸਹਿਬ ਦੀ ਤੁਲਨਾ ਮਹਾਰਾਣਾ ਪ੍ਰਤਾਪ ਸਿੰਘ ਅਤੇ ਸ਼ਿਵਾ ਜੀ ਨਾਲ ਕਰਦੇ ਹਨ। ਉਹਨਾਂ ਨੂੰ ਬਹੁਤ ਢੁਕਵਾਂ ਤੇ ਮੂੰਹ ਤੋੜਵਾਂ ਜਵਾਬ ਅਰਬਿੰਦੂ ਘੋਸ਼ ਨੇ ਆਪਣੀ ਪੁਸਤਕ “ਫਾਊਂਡੇਸ਼ਨ ਆਫ ਇੰਡੀਅਨ ਕਲਚਰ” ਵਿੱਚ ਦਿੱਤਾ ਹੈ ਕਿ “ਪ੍ਰਤਾਪ ਤੇ ਸ਼ਿਵਾ ਜੀ ਦਾ ਨਿਸ਼ਾਨਾ ਸੀਮਤ ਤੇ ਕਰਤਵ ਨਿੱਜੀ ਸੀ। ਦੂਜੇ ਪਾਸੇ ਖਾਲਸਾ ਅਸਚਰਜਮਈ ਅਨੋਖੀ ਤੇ ਨਿਰਾਲੀ ਸਿਰਜਨਾ ਸੀ। ਅਤੇ ਇਸਦਾ ਮੂੰਹ ਪਿਛੇ ਵੱਲ ਨਾ ਹੋ ਕੇ ਅਗਾਂਹ ਵੱਲ ਸੀ। ਸੀ. ਐਚ. ਪੇਨ ਲਿਖਦਾ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਹੀ ਹਨ ਜਿਹਨਾਂ ਜਾਤ ਪਾਤ ਦੇ ਦੈਂਤ ਨੂੰ ਸਿੰਙਾਂ ਤੋਂ ਪਕੜ ਕੇ ਕਾਬੂ ਕੀਤਾ। ਜਾਤ ਦੀਆਂ ਜੜ੍ਹਾਂ ਉੱਤੇ ਕੁਲਹਾੜਾ ਮਾਰਿਆ ਅਤੇ ਐਸੀ ਕੌਮ ਬਣਾਉਣ ਦਾ ਫੈਸਲਾ ਕੀਤਾ ਜੋ ਖਿਆਲੀ ਅਤੇ ਅਮਲੀ ਤੌਰ ਤੇ ਇੱਕ ਹੋਵੇ। ਵਾਹਿਗੁਰੂ ਜੀ ਦੀ ਨਜ਼ਰ ਵਿੱਚ ਸਾਰੇ ਇਕੋ ਜਿਹੇ ਹਨ, ਇਸ ਖਿਆਲ ਉੱਤੇ ਮੋਹਰ ਲਗਾਈ। ਇਸ ਕਦਮ ਨੇ ਉਹਨਾਂ ਲੋਕਾਂ ਨੂੰ ਦੁੱਖੀ ਕੀਤਾ ਜੋ ਅਜੇ ਭੀ ਜਾਤ ਅਭਿਮਾਨ ਵਿੱਚ ਰਹਿੰਦੇ ਸਨ।” ਆਰਚਰ ਬੰਗਲੇ ਤੇ ਗਾਰਡਨ ਵੀ ਲਿਖਦੇ ਹਨ ਕਿ “ਗੁਰੂ ਜੀ ਦਾ ਸਭ ਜਾਤਾਂ ਨੂੰ ਇੱਕ ਕਰਨਾ ਮਹਾਨ ਕੰਮ ਸੀ।”


-ਲਤੀਫ ਲਿਖਦਾ ਹੈ ਕਿ ਗੁਰੂ ਜੀ ਦਾ ਨਿਸ਼ਾਨਾ ਉੱਚਾ ਸੀ, ਇਹ ਸਭ ਉਹਨਾ ਦੀ ਬਰਕਤ ਹੀ ਹੈ ਕਿ ਮੁਰਦਾ ਤੇ ਲਿਤਾੜੇ ਹੋਏ ਪੁਰਸ਼ਾਂ ਨੇ ਹੀ ਰਾਜਨੀਤਕ ਪ੍ਰਭੁਤਾ ਅਤੇ ਅਜ਼ਾਦੀ ਪ੍ਰਾਪਤੀ ਕੀਤੀ। ਖਤਰੇ ਤੇ ਤਬਾਹੀ ਦੇ ਵਿਚਕਾਰ ਵੀ ਗੁਰੂ ਜੀ ਨੇ ਇਸਤਕਬਾਲ ਦਾ ਪੱਲਾ ਨਾ ਛੱਡਿਆ। ਜੰਗ ਦੇ ਮੈਦਾਨ ਵਿੱਚ ਉਹਨਾ ਦੀ ਜੁਅਰਤ ਤੇ ਬਹਦਰੀ ਦੇਖਣ ਲਾਇਕ ਸੀ। ਇਹ ਗੱਲ ਵੀ ਮੰਨੀ ਪ੍ਰਮੰਨੀ ਹੈ ਕਿ ਉਹਨਾ ਦੀ ਕ੍ਰਿਪਾ ਨਾਲ ਹੀ ਬੇ-ਲਾਗਮੇ ਲੋਕ ਇੱਕ ਲੜੀ ਵਿੱਚ ਪਰੋਏ ਗਏ ਤੇ ਯੋਧੇ ਬਣੇ।” ਹੁਣ ਅਸੀ ਫਿਰ ਬੇਲਾਗਮੇ ਹੋਏ ਫਿਰਦੇ ਹਾਂ ਬੜੇ ਸੰਜਮ ਦੀ ਲੋੜ ਹੈ।


ਸਕਾਟ ਦੇ ਸ਼ਬਦਾਂ ਵਿੱਚ “ਗੁਰੂ ਨਾਨਕ ਦੀ ਜੋਤ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਜੋਤ ਨੂੰ ਉਸੇ ਤਰ੍ਹਾਂ ਪ੍ਰਜਵਲਤ ਕੀਤਾ ਜਿਵੇ ਇੱਕ ਸ਼ਮਾਂ ਦੂਜੀ ਸ਼ਮ੍ਹਾ ਨੂੰ ਕਰਦੀ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੀ ਇਸੇ ਕਰਕੇ ਹੋਇਆ ਕਿ “ਧਰਮ ਚਲਾਵਨ, ਸੰਤ ਉਬਾਰਨ, ਦੁਸਟ ਦੋਖੀਅਨ ਕੋ ਮੂਲ ਉਪਾਰਨ।” ਸਰ ਚਾਰਲਸ ਗਫ ਅਨੁਸਾਰ “ਗੁਰੂ ਗੋਬਿੰਦ ਸਿੰਘ ਨੇ ਅੰਮ੍ਰਿਤ ਦੇ ਛਿੱਟੇ ਮਾਰ ਕੇ ਨਵੀ ਕੌਮ ਦੀ ਉਸਾਰੀ ਕੀਤੀ।” ਬਰਨਜ ਅਤੇ ਐਲਫਿਨ ਸਟੋਨ ਗੁਰੂ ਜੀ ਨੂੰ ਇੱਕ ਨਵੀ ਕੌਮ ਦਾ ਸਿਰਜਨਹਾਰ ਲਿਖਦੇ ਹਨ ਅਤੇ ਗੁਰੂ ਜੀ ਨੂੰ ਮੈਦਾਨ ਦਾ ਸੂਰਮਾ, ਮਸਨਦ ਦਾ ਸ਼ਾਹ ਅਤੇ ਸਿੱਖ ਸੰਗਤ ਵਿੱਚ ਫਕੀਰ ਕਹਿੰਦੇ ਹਨ।


ਮੈਕਰੈਗਰ ਨੇ ਲਿਖਿਆ ਹੈ ਜੇਕਰ ਗੁਰੂ ਗੋਬਿੰਦ ਸਿੰਘ ਜੀ ਦੇ ਕੀਤੇ ਕੰਮਾ ਨੂੰ ਵਾਚੀਏ, ਉਹਨਾਂ ਦੇ ਧਾਰਮਿਕ ਸੁਧਾਰਾਂ ਅਤੇ ਕੌਮੀ ਕੰਮਾ ਨੂੰ ਦੇਖੀਏ ਨਾਲ ਹੀ ਉਹਨਾਂ ਦੀ ਨਿੱਜੀ ਬਹਾਦਰੀ ਅਤੇ ਦੁੱਖਾਂ ਵਿੱਚ ਇਸਤਕਲਾਲ ਦੀ ਕਹਾਣੀ ਪੜ੍ਹੀਏ ਤਾ ਉਹਨਾਂ ਨੂੰ ਦੁੱਖਾ ਦਾ ਟਾਕਰਾ ਕਰਦੇ ਦੇਖੀਏ ਅਤੇ ਅੰਤ ਵਿੱਚ ਦੁਸ਼ਮਣਾਂ ਦੇ ਮੁਕਬਲੇ ਉੱਤੇ ਉਹਨਾਂ ਨੂੰ ਜਿਤਂ ਪ੍ਰਪਤ ਕਰਦੇ ਦੇਖੀਏ ਤਾ ਸਾਨੂੰ ਗੁਰੂ ਜੀ ਨੂੰ ਉਚਾ ਗਿਣਨ ਤੇ ਮੰਨਣ ਵਿੱਚ ਕੋਈ ਹੈਰਾਨੀ ਨਹੀ ਹੋਵੇਗੀ। ਅਸੀ ਸਮਝ ਜਾਵਂਗੇ ਕਿ ਸਿੱਖ ਕਿਉਂ ਅੱਜ ਤੱਕ ਗੁਰੂ ਗੋਬਿੰਦ ਸਿੰਘ ਜੀ ਦੀ ਸਨਮਾਨ ਵਜੋਂ ਯਾਦ ਮਨਾਉਂਦੇ ਹਨ।


ਐਡਮੰਡ ਚੈਂਡਲਰ ਕਿੰਨੇ ਸੁੰਦਰ ਸ਼ਬਦਾਂ ਵਿੱਚ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ, ਉਸ ਅਨੁਸਾਰ “ਗੁਰੂ ਗੋਬਿੰਦ ਸਿੰਘ ਜੀ ਫਿਲਾਸਫਰ ਅਤੇ ਮਨੋਵਿਗਿਆਨੀ ਸਨ। ਹਿੰਦੋਸਤਾਨ ਵਿੱਚ ਇਹ ਪਹਿਲੇ ਅਤੇ ਅਖੀਰਲੇ ਗੁਰੂ ਸਨ ਜਿਹਨਾਂ ਨੇ ਫੌਲਾਦ ਦੀ ਠੀਕ ਵਰਤੋ ਕੀਤੀ। ਸਿੱਖਾਂ ਨੂੰ ਰਹਿਤ ਦੇਣੀ ਅਤੇ ਉਸ ਲਈ ਪੰਜ ਕੱਕੇ ਚੁਣਨੇ, ਉਹਨਾ ਦੇ ਅਮਲੀ ਫਿਲਾਸਫਰ ਹੋਣ ਦਾ ਇੱਕ ਜਿਊਂਦਾ ਸਬੂਤ ਹੈ। ਉਸ ਅਮਲੀ ਫਿਲਾਸਫਰ ਨੇ ਜਿਥੇ ਅਕਲ ਬਦਲੀ, ਉਥੇ ਸ਼ਕਲ ਵੀ ਬਦਲਾ ਦਿੱਤੀ। ਪੰਜ ਚਿੰਨ੍ਹਾਂ ਦੇ ਦੇਣ ਦਾ ਭਾਵ ਹੀ ਇਹ ਸੀ ਕਿ ਸਿੱਖ ਇੱਕ ਅਮਲੀ ਫਿਲਾਸਫਰ ਬਣ ਜਾਏ। ਕੇਸ ਜਥੇਬੰਦੀ ਲਈ, ਕੜਾ ਵਹਿਮਾਂ ਨੂੰ ਤੋੜਨ ਲਈ ਤੇ ਵਿਸ਼ਵ ਦਾ ਸ਼ਹਿਰੀ ਬਣਾਉਣ ਲਈ, ਕਛਹਿਰਾ ਬ੍ਰਾਹਮਣਵਾਦ ਉੱਤੇ ਇੱਕ ਚੋਟ ਸੀ ਅਤੇ ਸੱਭਯ ਹੋਣ ਦੇ ਚਿੰਨ੍ਹ ਸਨ, ਕਿਰਪਾਨ ਸੁਤੰਤਰ ਸਿਆਸਤ ਲਈ ਤੇ ਕੰਘਾ ਸਫਾਈ ਤੇ ਸੰਸਾਰੀ ਜੀਵ ਬਣਾਉਣ ਲਈ।”


ਕਵੀ ਲਖਣ ਰਾਇ ਅਨੁਸਾਰ “ਗੁਰੂ ਗੋਬਿੰਦ ਸਿੰਘ ਜੀ, ਗੁਰੂ ਨਾਨਕ ਦੀ ਚਲਾਈ ਲਹਿਰ ਦੀ ਰੱਖਿਆ ਕਲਮ ਤੇ ਤੇਗ ਨਾਲ ਕਰ ਰਹੇ ਹਨ।” ਅਹਿਮਦ ਸ਼ਾਹ ਬਟਾਲਵੀ ਲਿਖਦਾ ਹੈ ਕਿ “ਗੁਰੂ ਨਾਨਕ ਨੇ ਧਰਮ ਦੀ ਨੀਂਹ ਰੱਬ ਦੀ ਏਕਤਾ ਵਾਲੇ ਸਿਧਾਂਤ ਤੇ ਰੱਖੀ ਹੈ। ਕਿਸੇ ਧਰਮ ਦੀ ਨਕਲ ਨਹੀ ਕੀਤੀ ਅਤੇ ਨਾ ਮਰਯਾਦਾ ਅਪਨਾਈ ਹੈ,” ਇਹ ਖਿਆਲ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫਰਨਾਮੇ ਵਿੱਚ ਲਿਖੇ ਹਨ।”

ਮੁਗਲ ਜਰਨੈਲ ਸੈਦ ਖਾਨ ਗੁਰੂ ਜੀ ਦੇ ਦਰਸ਼ਨ ਕਰਕੇ ਪਪੀਹੇ ਵਾਂਗ ਪੁਕਾਰ ਉਠਿਆ ਤੇ ਬੋਲਿਆ, “ਲੋਕੋ ਰੱਬ ਆਇਆ ਹੈ, ਕਿ ਰੱਬ ਦਾ ਬੰਦਾ ਆਇਆ ਹੈ, ਰੱਬੀ ਨੂਰ ਸਰੀਰਕ ਜਾਮੇ ਵਿੱਚ ਆ ਗਿਆ ਹੈ ਜਿਸਨੇ ਮੈਨੂੰ ਮੁਰਦੇ ਨੂੰ ਜਿਵਾਲ ਦਿੱਤਾ ਹੈ।”


-ਹਰੀ ਰਾਮ ਗੁਪਤਾ ਲਿਖਦਾ ਹੈ, “ਕਿ ਗੁਰੂ ਗੋਬਿੰਦ ਸਿੰਘ ਜੀ ਨੇ ਲਿਤਾੜੇ ਲੋਕਾਂ ਨੂੰ ਸਰਦਾਰ ਤੇ ਸੂਰਮੇ ਬਣਾ ਦਿੱਤਾ।” ਜੋ ਬਿਲਕੁਲ ਠੀਕ ਹੈ ਕਿਉਕਿ ਇਹਨਾਂ ਲਿਤਾੜੇ ਲੋਕਾ ਨੇ ਅੰਮ੍ਰਿਤ ਦੀ ਦਾਤ ਪ੍ਰਪਤ ਕਰਕੇ ਤੇ ਸ਼ਬਦ ਰਾਹੀ ਐਸੀ ਸ਼ਕਤੀ ਪ੍ਰਪਤ ਕਰ ਲਈ ਕਿ ਇਹ ਲੋਕ ਗੁਰੂ ਜੀ ਦੀ ਆਵਾਜ ਤੇ ਬੂਦਕਾਂ ਅੱਗੇ ਪੈਲਾਂ ਪਉਂਦੇ ਸਨ।” ਡੱਲੇ ਵਾਲੀ ਸਾਖੀ ਦਾ ਸਭ ਨੂੰ ਪਤਾ ਹੈ ਕਿ ਗੁਰੂ ਜੀ ਦੀ ਗੋਲੀ ਦਾ ਨਿਸ਼ਾਨਾ ਬਣਨ ਲਈ ਸਿੱਖ ਇੱਕ ਦੂਜੇ ਤੋਂ ਮੂਹਰੇ ਹੋਣ ਲਈ ਝਗੜਦੇ ਸਨ। ਮੋਰ ਬੱਦਲ ਦੇਖ ਕੇ ਪੈਲਾਂ ਪਾਉਂਦੇ, ਸੱਪ ਬੀਨ ਦੀ ਮਧੁਰ ਧੁਨੀ ਸੁਣ ਕੇ ਮਸਤ ਹੁੰਦੇ, ਬੰਸਰੀ ਦੀ ਸੁਰੀਲੀ ਆਵਾਜ਼ ਤੇ ਪੰਛੀ ਮੋਹਤ ਹੁੰਦੇ ਤਾਂ ਸਾਰੀ ਦੁਨੀਆਂ ਨੇ ਸੁਣੇ ਸਨ, ਪਰ ਬੰਦੂਕ ਦੀ ਗੋਲੀ ਜਿਸ ਵਿਚੋਂ ਸਿਰਫ ਮੌਤ ਦਾ ਹੀ ਸੁਨੇਹਾ ਨਿਕਲਦਾ ਹੋਵੇ, ਉਸ ਅੱਗੇ ਪੈਲਾਂ ਪਾਉਂਦੇ ਆਉਣ ਤੇ ਇੱਕ ਦੁਏ ਤੋਂ ਅੱਗੇ ਹੋ ਕੇ ਸ਼ਹੀਦੀ ਦਾ ਜਾਮ ਪੀਣ ਲਈ ਝਗੜਨਾ ਦੁਨੀਆ ਨੇ ਕਲਗੀਧਰ ਦੀ ਮਿਕਨਾਤੀਸੀ ਦੇ ਕਰਾਮਾਤੀ ਜੌਹਰ ਰਾਹੀ ਸਿਰਫ ਉਸ ਦਿਨ ਹੀ ਤੱਕਿਆ ਸੀ ਜਿਹੜਾ ਕਿ ਸੈਦ ਖਾਨ ਦੇ ਲਫਜਾਂ ਨੂੰ ਸੱਚ ਦੀ ਸਹੀ ਸ਼ਕਲ ਦੇ ਰਿਹਾ ਸੀ।


-ਅੰਤ ਵਿੱਚ ਡਾਕਟਰ ਆਰ. ਸੀ. ਮਜੂਮਦਾਰ ਵੱਲੋਂ ਗੁਰੂ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਹੋਏ ਪੇਸ਼ ਕਰਨਾ ਉਚਿਤ ਸਮਝਾਂਗੇ ਉਹ ਲਿਖਦੇ ਹਨ “ਮੈ ਪਹਿਲਾਂ ਤੋ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੋ ਬਹੁਤ ਪ੍ਰਭਾਵਿਤ ਸੀ। ਜਿਥੇ ਮੈ ਉਹਨਾਂ ਦੀ ਦੇਸ਼ ਭਗਤੀ ਦੇ ਜਜ਼ਬੇ, ਦਲੇਰੀ ਤੇ ਧਾਰਮਿਕ ਉਚਤਾ ਦਾ ਪ੍ਰਸੰਸਕ ਸੀ ਉਥੇ ਮੈ ਖਾਸਕਰਕੇ ਸਿਆਸੀ ਸੂਝ ਬੂਝ ਤੇ ਜਥੇਬੰਦਕ ਤੇ ਪ੍ਰਬੰਧਕ ਸ਼ਕਤੀ ਜਿਸ ਦੁਆਰਾ ਉਹਨਾਂ ਨੇ ਵੰਨ ਸੁਵੰਨੇ ਜਾਤੀ ਦੇ ਲੋਕਾਂ ਵਿਚੋਂ ਇੱਕ ਨਵੀ ਕੌਮ ਦੀ ਸਿਰਜਨਾ ਕੀਤੀ, ਦਾ ਪੁਜਾਰੀ ਬਣ ਗਿਆ। ਇਸ ਤੋ ਪਹਿਲਾਂ ਜਾ ਬਾਅਦ ਇਸ ਤਰ੍ਹਾਂ ਜਾਤਾ ਦੇ ਭੇਦਭਾਵ ਮਿਟਕੇ ਕਿਸੇ ਨੇ ਵੀ ਹਿੰਦੂ ਅਤੇ ਮੁਸਲਮਾਨਾਂ ਨੂੰ ਇੱਕ ਲੜੀ ਵਿੱਚ ਪਰੋਣ ਦਾ ਕੰਮ ਨਹੀ ਸੀ ਕੀਤਾ ਜੋ ਗੁਰੂ ਜੀ ਨੇ ਖਾਲਸਾ ਸਾਜ ਕੇ ਕਰ ਵਿਖਾਇਆ। ਭਾਰਤੀ ਇਤਿਹਾਸ ਵਿੱਚ ਇਹ ਇੱਕ ਲਾਸਾਨੀ ਤੇ ਅਦੁੱਤੀ ਮਿਸਾਲ ਹੈ ਜਿਸ ਵਾਸਤੇ ਸਾਰੇ ਭਾਰਤੀਆਂ ਨੂੰ ਗੁਰੂ ਜੀ ਦੇ ਅਹਿਸਾਨਮੰਦ ਹੋ ਕੇ ਉਹਨਾਂ ਦੀ ਵੱਧ ਤੋ ਵੱਧ ਪ੍ਰਸੰਸਾ ਕਰਨੀ ਚਾਹਦੀ ਹੈ। ਜਿਥੇ ਅਕਬਰ ਵਰਗਾ ਸਮਰਾਟ ਫੇਲ੍ਹ ਹੋ ਗਿਆ ਉਥੇ ਗੁਰੂ ਜੀ ਸਫਲ ਹੋ ਗਏ। ਇਤਿਹਾਸ ਦਾ ਵਿਦਿਆਰਥੀ ਹੋਣ ਕਰਕੇ ਮੈ ਸਦਾ ਹੀ ਗੁਰੂ ਜੀ ਦਾ ਪ੍ਰਸੰਸਕ ਰਿਹਾ ਹਾਂ ਜਿਹਨਾਂ ਨੇ ਮਹਾਨ ਸਿੱਖ ਕੌਮ ਪੈਦਾ ਕੀਤੀ ਤੇ ਜਿਸ ਕੌਮ ਨੇ 18 ਵੀ ਤੇ ਉਨੀਵੀਂ ਸਦੀ ਵਿੱਚ ਭਾਰਤ ਦੇ ਇਤਿਹਾਸ ਵਿੱਚ ਇੱਕ ਅਹਿਮ ਤੇ ਜ਼ਰੂਰੀ ਫਰਜ਼ ਅਦਾ ਕੀਤਾ।”


-ਲੇਖ ਖਤਮ ਕਰਨ ਤੋਂ ਪਹਿਲਾਂ ਉਸ ਮਹਾਨ ਸਰਬੰਸਦਾਨੀ ਗੁਰੂ ਦੇ ਬਹੁ ਪੱਖੀ ਜੀਵਨ ਦੇ ਅਣਗਿਣਤ ਗੁਣਾਂ ਦਾ ਕੁੱਝ ਸੰਖੇਪ ਸ਼ਬਦਾਂ ਵਿੱਚ ਵਰਨਣ ਕਰਨਾ ਠੀਕ ਹੋਵੇਗਾ। ਗੁਰੂ ਜੀ ਪੈਗੰਗਰ, ਮੁਕਤੀਦਾਤਾ, ਰੱਖਿਅਕ, ਸੰਤ, ਭਗਤ, ਕਵੀ, ਲਿਖਾਰੀ, ਸਕਾਲਰ, ਸੁਧਾਰਕ, ਵਿਦਵਾਨ, ਪਰਉਪਕਾਰੀ, ਰੂਹਾਨੀ ਆਗੂ, ਵੰਡ ਛਕਣ ਵਾਲਾ, ਗੀਰਬ ਨਿਵਾਜ, ਸੱਭ ਬੋਲੀਆਂ ਦਾ ਮਾਹਰ, ਜਥੇਦਾਰ, ਜਰਨੈਲ, ਨੀਤੀਵਾਨ, ਸਹਿਨਸ਼ੀਲ, ਨਿਮਰਤਾ ਦੇ ਪੁੰਜ, ਮਰਾਯਾਦਾ ਪ੍ਰਸ਼ੋਤਮ, ਜਿੰਦਾ ਦਿਲ, ਸੰਤ ਸਿਪਾਹੀ, ਸਿਧ ਯੋਗੀ, ਤੀਰ ਅੰਦਾਜ਼, ਘੋੜ ਸਵਾਰ, ਤਲਾਵਰ ਦੇ ਧਨੀ, ਮਇਆ ਵਿੱਚ ਉਦਾਸ, ਸਫਲ ਆਗੂ, ਨਿਰਵੈਰ, ਨਿਡਰ ਅਦਿ ਕਈ ਗੁਣਾਂ ਦੇ ਮਾਲਕ ਸਨ। ਸੋ ਭਾਈ ਮਨੀ ਸਿੰਘ ਜੀ ਅਨੁਸਾਰ “ਮਨੀ ਸਿੰਘਾ ਕਾਣ ਨ ਕਾਹੂੰ ਦੀ, ਜਿਸਦੇ ਸਿਰ ਤੇ ਕਲਗੀਆਂ ਵਾਲਾ।” ਤੇ ਨਨੂਆਂ ਜੀ ਵਾਂਗ ਆਉ ਸਾਰੇ ਆਖੀਏ, “ਤੇਰੇ ਚਰਨਾ ਦੀ ਮਿੱਟੀ ਸਾਡੇ ਸਿਰ ਦਾ ਤਾਜ ਹੋ।”


-ਅਖਰਿ ਵਿੱਚ ਡਾਕਟਰ ਆਰ ਸੀ ਮਜੁਮਦਾਰ ਵਲੋਂ ਜੋ “ਭਾਰਤੀਆਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਹਿਸਾਨਮੰਦ ਹੋਕੇ ਗੁਰੂ ਸਾਹਿਬ ਦੀ ਵੱਧ ਤੋਂ ਵੱਧ ਪ੍ਰਸੰਸਾ ਕਰਨੀ ਚਾਹੀਦੀ ਹੈ,” ਅਸ਼ ਦੀ ਬਿਨਾ ਤੇ ਤਾਂ ਜੋ ਗੁਰੂ ਸਾਹਿਬ ਜੀ ਨੇ ਵਾਰਿਸ ਸ਼ਾਹ ਅਨੁਸਾਰ ਭਾਰਤੀਆਂ ਦੀ ਸੁੰਨਤ ਹੋਣ ਤੋਂ ਬਚਾ ਕੇ ੳੇੁਨ੍ਹਾਂ ਦਾ ਧਰਮ ਤੇ ਸੰਸਕ੍ਰਿਤੀ ਬਚਾਏ ਸਨ, ਸਾਰੇ ਭਾਰਤੀ ਅੱਵਲ ਤਾਂ ਗੁਰੂ ਸਾਹਿਬ ਦੇ ਸਿੱਖ ਬਣ ਜਾਂਦੇ। ਜੇ ਇਹ ਨਾ ਸੀ ਕਰ ਸਕਦੇ ਤਾਂ ਗੁਰੂ ਸਾਹਿਬ ਦੇ ਅਹਿਸਾਨ ਨੂੰ ਮੁੱਖ ਰੱਖ ਕੇ ਗੁਰੂ ਜੀ ਵਲੋਂ ਸਜਾਏ ਖਾਲਸਾ ਪੰਥ ਨੇ ਜੋ ਭਾਰਤ ਲਈ ਅਠਾਰਵੀਂ ਤੇ ਉਨੀਂਵੀਂ ਸਦੀ ਵਿੱਚ ਕੁਰਬਾਨੀਆਂ ਕੀਤੀਆਂ, ਉਸ ਨੂੰ ਕਿਸੇ ਤਰਾਂ ਦਾ ਨੁਕਸਾਨ ਪੁਜਾਣ ਦੀ ਕਦੇ ਨਾ ਸੋਚਦੇ। ਪਰ ਇਸ ਤੋਂ ਉਲਟ ਖਾਲਸਾ ਪੰਥ ਨੂੰ ਹਰ ਪੱਖੋਂ ਅਤੇ ਹਰ ਪ੍ਰਾਪਤ ਹੀਲੇ ਤੇ ਵਸੀਲੇ ਨਾਲ ਖਤਮ ਕਰਨ ਦੀਆਂ ਕੋਸ਼ਿਸ਼ਾਂ ਪੂਰੇ ਤਾਨ ਨਾਲ ਹੋ ਰਹੀਆਂ ਹਨ। ਇਹ ਹੈ ਇਨ੍ਹਾਂ ਵਲੋਂ ਸਰਬੰਸ ਦਾਨੀ ਮਹਾਨ ਗੁਰੂ ਸਾਹਿਬ ਅਤੇ ਉਨ੍ਹਾਂ ਵਲੋਂ ਸਜਾਏ ਖਾਲਸਾ ਪੰਥ ਵਲੋਂ ਕੀਤੇ ਅਹਿਸਾਨਾਂ ਦੇ ਬਦਲੇ ਅਕ੍ਰਿਤਘਣਤਾ, ਜਿਸ ਬਾਰੇ ਗੁਰੂ ਸਾਹਿਬ ਕਹਿੰਦੇ ਹਨ, “ਅਕਿਰਤਘਣੈ ਕਉ ਰਖੈ ਨ ਕੋਈ ਨਰਕ ਘਰੋ ਮਹਿ ਪਾਵਣਾ॥” (ਪੰ. 1086)। ਪਰ ਗੁਰੂ ਸਾਹਿਬ ਬੰਦੇ ਨੂੰ ਅਕਿਰਤਘਣ ਬਣਨ ਤੋਂ ਸਦਾ ਹੀ ਰੋਕਦੀ ਹੈ।

________________________________________ ਰਾਮ ਸਿੰਘ, ਗ੍ਰੇਵਜ਼ੈਂਡ


(ਇਤਿਹਾਸਕ ਤੌਰ 'ਤੇ ਗੁਰੂ ਗੋਬਿੰਦ ਸਿੰਘ)

ਬਾਦਸ਼ਾਹ ਦਰਵੇਸ਼ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ( 23 ਪੋਹ ਸੰਮਤ 1723 ) 22 ਦਸੰਬਰ ਸੰਨ 1666 ਈ: ਵਿੱਚ ਪਿਤਾ ਨੌਵੇਂ ਗੁਰੂ ਤੇਗ਼ ਬਹਾਦਰ ਜੀ ਦੇ ਘਰ ਮਾਤਾ ਗੁਜਰੀ ਜੀ ਦੀ ਕੁੱਖੋਂ ਪਟਨੇ ( ਬਿਹਾਰ ) ਵਿੱਚ ਅਵਤਾਰ ਧਾਰਿਆ, ਜਿੰਨੀ ਦਿਨੀਂ ਆਪ ਜੀ ਦਾ ਪ੍ਰਕਾਸ਼ ਹੋਇਆ ਓਨੀ ਦਿਨੀਂ ਆਪ ਜੀ ਦੇ ਪਿਤਾ ਸ੍ਰੀ ਗਰੂ ਤੇਗ਼ ਬਹਾਦਰ ਸਾਹਿਬ ਜੀ ਅਸਾਮ -ਬੰਗਾਲ ਦੇ ਸ਼ਹਿਰਾਂ ਦੇ ਦੌਰੇ ਤੇ ਗਏ ਹੋਏ ਸਨ, ਆਪਣੇ ਲਾਡਲੇ ਸਪੁੱਤਰ ਦੇ ਪ੍ਰਕਾਸ਼ ਦੀ ਖ਼ਬਰ ਭਾਈ ਮੇਹਰਚੰਦ ਅਤੇ ਭਾਈ ਕਲਿਆਣ ਚੰਦ ਜੀ ਦੁਆਰਾ ਗੁਰੂ ਤੇਗ਼ ਬਹਾਦਰ ਜੀ ਨੂੰ ਉਸ ਵਕਤ ਮਿਲੀ ਜਦੋਂ ਆਪ ਜੀ ਬੰਗਲਾ ਦੇਸ਼ ਦੇ ਸਿੱਖੀ ਦੇ ਕੋਠੇ ਢਾਕੇ ਸ਼ਹਿਰ ਦੇ ਦੌਰੇ ਤੇ ਸਨ ਜਦੋਂ ਗੁਰੂ ਤੇਗ਼ ਬਹਾਦਰ ਸਾਹਿਬ ਜੀ ਅਸਾਮ ਦੇ ਦੌਰੇ ਤੋਂ ਸੰਨ 1670 ਵਿੱਚ ਵਾਪਸ ਪਰਤੇ, ਉਸ ਸਮੇਂ ਆਪ ਦੇ ਲਾਡਲੇ ਸਪੁੱਤਰ ਗੋਬਿੰਦ ਰਾਏ ਵੀ ਸਾਢੇ ਤਿੰਨ ਸਾਲ ਦੇ ਹੋ ਚੁੱਕੇ ਸਨ ਉਦੋਂ ਨੌਵੇਂ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਪਹਿਲੀ ਵਾਰ ਆਪਣੇ ਸੁਪੱਤਰ ਦੇ ਦਰਸ਼ਨ ਕੀਤੇ ਸਨ, ਉਸ ਸਮੇਂ ਨੌਵੇਂ ਗੁਰੂ ਤੇਗ਼ ਬਹਾਦਰ ਸਾਹਿਬ ਜੀ ਆਪਣੀ ਆਯੂ ਦੇ 45 ਸਾਲ ਪੂਰੇ ਕਰ ਚੁੱਕੇ ਸਨ,ਨੌਵੇਂ ਗੁਰੂ ਸਾਹਿਬ ਪਟਨੇ ਕੁਝ ਦਿਨ ਠਹਿਰਣ ਤੋਂ ਬਾਅਦ ਪਰਿਵਾਰ ਨੂੰ ਪਟਨੇ ਰੁਕਣ ਦਾ ਆਦੇਸ਼ ਦੇ ਕੇ ਵਾਪਸ ਪੰਜਾਬ ਆ ਗਏ ਸਨ, ਇਸ ਤਰਾਂ ਗੋਬਿੰਦ ਰਾਏ ਦੇ ਬਚਪਨ ਦੇ ਪਹਿਲੇ ਪੰਜ ਸਾਲ ਪਟਨੇ ( ਬਿਹਾਰ ) ਵਿੱਚ ਹੀ ਬਤੀਤ ਹੋਏ ,ਜਿੱਥੇ ਆਪ ਜੀ ਅਵਤਾਰ ਹੋਇਆ ਉੱਥੇ ਸੁੰਦਰ ਗੁਰਦੁਆਰਾ ਤਖ਼ਤ ਸ੍ਰੀ ਪਟਨਾ ਸਾਹਿਬ ਸ਼ਸ਼ੋਭਿਤ ਹੈ ਜੋ ਸਿੱਖ ਧਰਮ ਸਰਵਪ੍ਰਥਮ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਦੂਜਾ ਤਖ਼ਤ ਹੈ ।

 ਪਟਨਾ ਵਿਖੇ ਹੀ ਆਪ ਜੀ ਨੂੰ ਗੁਰਮਤਿ ਵਿੱਦਿਆ,ਸ਼ਾਸਤਰ ਵਿੱਦਿਆ ਦੇ ਨਾਲ-ਨਾਲ ਘੋੜ ਸਵਾਰੀ, ਤੀਰ ਅੰਦਾਜ਼ੀ, ਅਤੇ ਤਲਵਾਰ, ਬੰਦੂਕ, ਖੰਡਾ ਅਦਿਕ ਸ਼ਸ਼ਤਰਾਂ ਦੀ ਜਾਣਕਾਰੀ ਦਿੱਤੀ ਗਈ ,ਬਹੁਤ ਸਾਰੀ ਗੁਰਬਾਣੀ ਆਪ ਜੀ ਨੇ ਆਪਣੀ ਮਾਤਾ ਗੁਜਰੀ ਜੀ ਪਾਸੋਂ ਪੜ੍ਹ ਕੇ ਕੰਠ ਕਰ ਲਈ ਸੀ, ਇੱਥੇ ਹੀ ਆਪ ਜੀ ਛੋਟੇ ਬੱਚਿਆਂ ਨੂੰ ਜੋਟੀਆਂ ਵਿੱਚ  ਵੰਡ ਕੇ ਨਕਲੀ ਲੜਾਈਆਂ ਲੜਨ ਦਾ ਅਭਿਆਸ ਕਰਿਆ ਕਰਦੇ ਸਨ, ਅਤੇ ਜਿੱਤਣ ਵਾਲੀ ਟੋਲੀ ਨੂੰ ਮਾਤਾ ਜੀ ਕੋਲੋਂ ਇਨਾਮ ਦਿਵਾਇਆ ਕਰਦੇ ਸਨ , ਪਟਨੇ ਤੋਂ ਜਦੋਂ ਆਪ ਜੀ ਗੁਰੂ ਪਿਤਾ ਜੀ ਦੇ ਹੁਕਮਾਂ ਅਨੁਸਾਰ ਫਰਵਰੀ 1672 ਵਿੱਚ ਅਨੰਦਪੁਰ ਸਾਹਿਬ ( ਪੰਜਾਬ ) ਆਏ ਉਸ ਵੇਲੇ ਆਪ ਜੀ ਦੀ ਆਯੂ ਦਾ 6 ਵਾਂ ਸਾਲ ਚਲ ਰਿਹਾ ਸੀ,(ਹੁਸ਼ਿਆਰਪੁਰ ਦੇ 1883 ਦੇ ਗਜਟੀਅਰ ਵਿੱਚ ਲਿਖਿਆ ਹੈ ਕਿ ਮਾਖੋਵਾਲ ਅਤੇ ਨਾਲ ਲਗਦੇ ਪਿੰਡਾਂ ਦੀ ਜ਼ਮੀਨ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ 2200 ਰੁਪਏ ਵਿੱਚ  ਕਹਿਲੂਰ ਦੇ ਰਾਜੇ ਦੀਪ ਚੰਦ ਕੋਲੋਂ ਖਰੀਦੀ ਸੀ,ਇਹ ਉਹ ਦੀਪ ਚੰਦ ਰਾਜਾ ਸੀ ਜਿਸਦੇ ਵਡੇਰੇ ਰਾਜਾ ਤਾਰਾ ਚੰਦ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਦੇ 52 ਰਾਜਿਆਂ ਵਿੱਚ ਸੀ ਜਿੰਨਾਂ ਨੂੰ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਰਿਹਾਅ ਕਰਵਾਇਆ ਸੀ । ਮਾਖੋਵਾਲ ਦਾ ਨਾਮ ਪਹਿਲਾਂ ਚੱਕ ਨਾਨਕੀ ਅਤੇ ਬਾਅਦ ਵਿੱਚ ਅਨੰਦਪੁਰ ਸਾਹਿਬ ਪ੍ਰਸਿੱਧ ਹੋਇਆ , ਜਿਸਦੀ ਨੀਂਹ ਰੱਖਣ ਲਈ ਟੱਕ 19 ਜੂਨ 1665 ਨੂੰ ਬਾਬਾ ਗੁਰਦਿੱਤਾ ਜੀ ਨੇ ਲਗਾਇਆ ਸੀ ) ਇੱਥੇ ਆਪ ਜੀ ਦੇ ਗੁਰੂ ਪਿਤਾ ਜੀ ਨੇ ਆਪ ਜੀ ਦੇ ਲਈ ਭਾਂਤ-ਭਾਂਤ ਦੀ ਅਗਲੇਰੀ ਵਿੱਦਿਆ ਦਾ ਖ਼ਾਸ ਪ੍ਰਬੰਧ ਕੀਤਾ ਗਿਆ , ਗੁਰਬਾਣੀ ਅਤੇ ਗੁਰਮਤਿ ਦੀ ਹੋਰ ਵਿਸਥਾਰ ਸਾਹਿਤ ਜਾਣਕਾਰੀ ਆਪ ਜੀ ਨੇ ਮੁਨਸ਼ੀ ਸਾਹਿਬ ਚੰਦ ਜੀ ਤੋਂ ਪ੍ਰਾਪਤ ਕੀਤੀ, ਸੰਸਕ੍ਰਿਤ ਅਤੇ ਫ਼ਾਰਸੀ ਦੀ ਵਿੱਦਿਆ ਆਪ ਜੀ ਨੇ ਮੁਨਸ਼ੀ ਪੀਰ ਮੁਹੰਮਦ ਸਲੋਹ ਪਾਸੋਂ ਪ੍ਰਾਪਤ ਕੀਤੀ ।
              ਜਦੋਂ ਨੌਵੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਿੱਲੀ ਵਿਖੇ ਚਾਂਦਨੀ ਚੌਂਕ ਵਿੱਚ ਹਿੰਦੂਆਂ ਦੇ "ਤਿਲਕ ਜੰਝੂ" ਦੀ ਖ਼ਾਤਿਰ 11 ਨਵੰਬਰ ਸੰਨ 1675 ਨੂੰ ਬਲੀਦਾਨ ਦੇਣ ਲਈ ਗਏ, ਉਸ ਵੇਲੇ ਉਹ ਆਪਣੇ ਸਪੁੱਤਰ ਗੋਬਿੰਦ ਰਾਏ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਲਣ ਦਾ ਹੁਕਮ ਕਰ ਗਏ ਸਨ, ਗੋਬਿੰਦ ਰਾਏ ਨੇ 9 ਸਾਲ ਦੀ ਛੋਟੀ ਜਿਹੀ ਅਵਸਥਾ ਵਿੱਚ ਆਪਣੇ ਪਿਤਾ ਨੂੰ ਮਜ਼ਲੂਮਾਂ ਦੇ ਹਿੱਤ ਲਈ ਅਤੇ ਧਰਮ ਲਈ ਕੁਰਬਾਨ ਹੋਣ ਲਈ ਜਿਸ ਦਲੇਰੀ ਨਾਲ ਤੋਰਿਆ ਉਹ ਗੋਬਿੰਦ ਰਾਏ ਦੀ ਬੀਰਤਾ , ਆਤਮਿਕ ਉੱਚਤਾ ਅਤੇ ਆਉਣ ਵਾਲੇ ਕਠਿਨ ਸਮੇਂ ਵਿੱਚ ਦੀਨ ਦੁਖੀਆਂ ਦੀ ਰੱਖਿਆ ਦਾ ਸਬੂਤ ਪੇਸ਼ ਕਰਦੀ ਹੈ, ਪਿਤਾ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਗੁਰਗੱਦੀ ਤੇ ਬਿਰਾਜਮਾਨ ਹੋਏ ਗੁਰਗੱਦੀ ਦੀ ਰਸਮ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੀ ਪੰਜਵੀਂ ਪੀੜ੍ਹੀ ਤੋਂ ਉਹਨਾਂ ਦੇ ਪੜੋਤੇ ਬਾਬਾ ਰਾਮ ਕੁਇਰ ਜੀ ਨੇ ਆਪ ਜੀ ਦੇ ਕਲਗੀ ਸਜਾਕੇ ਅਤੇ ਕਿਰਪਾਨ ਪਹਿਨਾ ਕੇ ਸੰਪੂਰਨ ਕੀਤੀ । ਗੁਰਗੱਦੀ ਤੇ ਬਿਰਾਜਣ ਤੋਂ ਬਾਅਦ ਗੁਰੂ ਸਾਹਿਬ  ਜੀ ਨੂੰ ਜਿੰਨ੍ਹਾਂ ਔਕੜਾਂ ਅਤੇ ਤਾਕਤਾਂ ਦਾ ਸਾਹਮਣਾ ਕਰਨਾਂ ਪਿਆ ਉਹਨਾਂ ਵਿੱਚ ਇੱਕ ਤਾਕਤ ਮੁਗਲ ਸ਼ਾਸ਼ਕ ਔਰੰਗਜ਼ੇਬ ਦੀ ਸੀ ਅਤੇ ਦੂਜੀ ਤਾਕਤ ਰਾਜਪੂਤਾਂ ਅਤੇ ਹਿੰਦੂ ਪਹਾੜੀ ਰਾਜਿਆਂ ਦੀ ਸੀ, ਜੋ  ਸਿੱਖੀ ਦਾ ਵਧਦਾ ਫੁੱਲਦਾ ਤੇਜ ਬਰਦਾਸ਼ਤ ਨਹੀਂ ਕਰ ਸਕਦੇ ਸਨ । ਪਰ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਨੇ ਕੌਮ ਵਿੱਚ ਜਜ਼ਬੇ ਦਾ ਜੋ ਹੜ੍ਹ ਵਗਾਇਆ ਸੀ ਉਸ ਨੂੰ ਕਿਸੇ ਵੇਗ ਵਿੱਚ ਲਿਆਉਣ ਲਈ ਉੱਤਮ ਅਗਵਾਈ ਦੀ ਜ਼ਰੂਰਤ ਸੀ , ਜੇਕਰ ਔਕੜਾਂ ਦੀ ਗੱਲ ਲਈਏ ਤਾਂ ਉਸ ਸਮੇਂ ਸਭ ਤੋਂ ਵੱਡੀ ਔਕੜ ਸਾਧਨਾਂ ਅਤੇ ਫ਼ੌਜ ਦੀ ਘਾਟ ਦੀ ਸੀ , ਅਤੇ ਨਵੇਂ ਸਿਰਿਉਂ ਸੂਰਬੀਰਾਂ ਵਿੱਚ ਫ਼ੌਲਾਦ ਜਿਹੀ ਤਾਕਤ ਭਰਨੀ , ਇਸ ਸਭ ਲਈ ਗੋਬਿੰਦ ਰਾਏ ਨੂੰ ਵਿਰਾਸਤ ਵਿੱਚ ਮਿਲਿਆ ਪਿਤਾ ਪੁਰਖੀ ਬਹੁਮੁੱਲਾ ਵਿਰਸਾ ਸਭ ਤੋਂ ਵੱਧ ਸਹਾਇਕ ਹੋਇਆ , ਜਿਸ ਨੂੰ ਪ੍ਰਚਾਰਨ ਲਈ ਗੁਰੂ ਸਾਹਿਬ ਜੀ ਨੇ ਢਾਡੀਆਂ ਨੂੰ ਸੂਰਮਿਆਂ ਦੀਆਂ ਵਾਰਾਂ ਅਤੇ ਸਿੱਖ ਇਤਿਹਾਸ ਗਾ ਕੇ ਸੁਣਾਉਣ ਲਈ ਪ੍ਰੇਰਿਤ ਕੀਤਾ, ਅਤੇ ਨਾਲ ਹੀ ਫ਼ੌਜ ਦੀ ਤਿਆਰੀ ਅਤੇ ਹਰ ਪ੍ਰਕਾਰ ਦੇ ਫ਼ੌਜੀ ਸਾਧਨਾ ਵੱਲ ਵੀ ਆਪ ਜੀ ਨੇ ਉਚੇਚੇ ਤੌਰ ਤੇ ਧਿਆਨ ਦਿੱਤਾ, ਆਪ ਜੀ ਨੇ ਸੰਗਤਾਂ ਨੂੰ ਘੋੜੇ, ਸ਼ਸ਼ਤਰ, ਗੋਲੀ ਸਿੱਕਾ ਅਤੇ ਫ਼ੌਜੀ ਸਾਧਨ ਭੇਟਾ ਵਜੋਂ ਲਿਆਉਣ ਲਈ ਹੁਕਮਨਾਮੇ ਭੇਜੇ ਨਾਲ ਹੀ ਉਹਨਾਂ ਜਵਾਨੀਆਂ ਦੀ ਮੰਗ ਕੀਤੀ ਜੋ ਧਰਮ ਤੋਂ ਆਪਣਾ ਜੀਵਨ ਅਰਪਨ ਕਰਨ ਲਈ ਤਿਆਰ-ਬਰ-ਤਿਆਰ ਹੋਣ ।
          ਬੇਸ਼ਕ ਭਾਵੇਂ ਔਰੰਗਜ਼ੇਬ ਨੇ ਸੰਨ 1670 ਵਿੱਚ ਰਾਗ ਗਾਇਨ ਅਤੇ ਸੰਨ 1680 ਪਾਠਸ਼ਾਲਾਵਾਂ ਅਤੇ ਸੰਸਕ੍ਰਿਤ ਆਦਿਕ ਭਾਸ਼ਾਵਾਂ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਸੀ, ਪਰ ਗੁਰੂ ਨਾਨਕ ਦੇ ਘਰ ਵਿੱਚ ਕੀਰਤਨ ਨੂੰ ਮਹੱਤਵ ਪੂਰਨ ਪਦਵੀ ਪ੍ਰਾਪਤ ਹੈ, ਇਸ ਲਈ ਗੁਰੂ ਸਾਹਿਬ ਜੀ ਨੇ ਔਰੰਗਜ਼ੇਬ ਦੇ ਹੁਕਮ ਦੀ ਪ੍ਰਵਾਹ ਨਾ ਕਰਦਿਆਂ ਸਭੇ ਗੁਰੂ ਘਰ ਦੇ ਕੀਰਤਨੀਆਂ ਅਤੇ ਅਲੱਗ-ਅਲੱਗ ਭਾਸ਼ਾਵਾਂ ਦੇ ਜਾਣਕਾਰਾਂ ਨੂੰ ਆਨੰਦਪੁਰ ਸਾਹਿਬ ਦੇ ਦਰਬਾਰ ਵਿੱਚ ਥਾਂ ਦਿੱਤੀ,ਅਤੇ ਨਾਲ ਹੀ ਆਪ ਜੀ ਨੇਤਰਹੀਣ ਪੁਰਸ਼ਾਂ ਸੂਰਮਿਆਂ ਆਦਿਕ ਨੂੰ ਰਬਾਬ , ਤਾਊਸ਼, ਸਰੰਦਾ, ਜੋੜੀ ਆਦਿਕ ਦੀ ਆਪ ਹੀ ਸਿਖਲਾਈ ਕਰਵਾਉਂਦੇ ਸਨ, ਤਾਂ ਕਿ ਉਹ ਆਪਣੀਆਂ ਜ਼ਿੰਮੇਵਾਰੀ ਆਪ ਸੰਭਾਲਣ , ਔਰੰਗਜ਼ੇਬ ਦੇ ਹੁਕਮ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਆਪ ਜੀ ਨੇ ਅਨੰਦਪੁਰ ਸਾਹਿਬ  ਵਿਖੇ ਹੀ ਪੰਜਾਬੀ,ਹਿੰਦੀ ਫ਼ਾਰਸੀ ਅਤੇ ਸੰਸਕ੍ਰਿਤ ਆਦਿਕ ਦੀ ਵਿੱਦਿਆ ਦਾ ਪ੍ਰਬੰਧ 

ਚਲਾਇਆ ।

ਗੁਰੂ ਸਾਹਿਬ ਜੀ ਨੇ ਆਪਣੇ ਜੀਵਨ ਕਾਲ ਵਿੱਚ ਮਨੁੱਖਤਾ ਦੇ ਭਲੇ ਹਿੱਤ ਅਤੇ ਸਿੱਖੀ ਨੂੰ ਬੁਲੰਦ ਕਰਨ ਲਈ ਅਨੇਕਾਂ ਛੋਟੀਆਂ-ਵੱਡੀਆਂ ਧਰਮ ਜੰਗਾਂ ਦੇ ਨਾਲ 14 ਮਹਾਂ ਵੀ ਜੰਗਾਂ ਲੜੀਆਂ, ਇਹਨਾਂ ਜੰਗਾਂ ਦਾ ਕਾਰਣ ਨਿੱਤ ਪ੍ਰਤੀ ਵੱਧ ਰਹੀ ਗੁਰੂ ਸਾਹਿਬ ਦੀ ਤਾਕਤ ਅਤੇ ਕਿਸੇ ਵੀ ਕਿਸਮ ਦੇ ਭੇਦ ਭਾਵ ਤੋ ਰਹਿਤ ਹੋ ਕੇ ਸਿੱਖੀ ਨਾਲ ਜੁੜ ਰਹੇ ਲੋਕ ਸਨ, ਜੋ ਪਹਾੜੀ ਰਾਜਿਆਂ ਅਤੇ ਔਰੰਗਜ਼ੇਬ ਵਰਗੇ ਮੁਗਲ ਸ਼ਾਸ਼ਕਾਂ ਲਈ ਭੈਅ ਦਾ ਵਿਸ਼ਾ ਸੀ । ਅਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਜੋ ਸੰਨ 1701 ਦੇ ਸ਼ੁਰੂ ਵਿੱਚ ਦੋ ਜਰਨੈਲਾਂ ਪੈਂਦੇ ਖ਼ਾਂ, ਦੀਨਾ ਬੇਗ਼ ਨਾਲ, ਅਤੇ ਪਹਾੜੀ ਰਾਜਿਆਂ ਨੇ ਮੁਗ਼ਲਾਂ ਨਾਲ ਰਲਕੇ ਕੀਤੀ, ਜਿਸ ਵਿੱਚ ਪੈਂਦੇ ਖ਼ਾਂ ਮਾਰਿਆ ਗਿਆ ਅਤੇ ਮੁਗ਼ਲ ਫ਼ੌਜ ਦੀ ਹਾਰ ਹੋਈ ਦੂਜੀ ਲੜਾਈ ਨਵੰਬਰ 1701 ਵਿੱਚ ਪਹਾੜੀ ਰਾਜਿਆਂ ਅਤੇ ਭਾੜੇ ਦੇ ਟੱਟੂ ਗੁਜਰਾਂ ਦੇ ਸਰਦਾਰ ਜਮਤੁੱਲੇ ਨਾਲ ਹੋਈ ,ਇਸ ਜੰਗ ਵਿੱਚ ਵੀ ਪਹਾੜੀ ਰਾਜਿਆਂ ਨੂੰ ਮੂੰਹ ਤੋੜਵੀਂ ਹਾਰ ਦਾ ਸਾਹਮਣਾ ਕਰਨਾ ਪਿਆ । ਇਸ ਤੋਂ ਪਿੱਛੋਂ ਨਿਰਮੋਹ( ਜੋ ਕੀਰਤਪੁਰ ਦੇ ਨਜ਼ਦੀਕ ਹੈ ) ਦੀ ਜੰਗ ਵੀ ਸੰਨ 1701 ਦੇ ਅਖ਼ੀਰ ਵਿੱਚ ਹੋਈ ਜੋ ਪਹਾੜੀ ਰਾਜਿਆਂ ਕਹਿਲੂਰੀਆ, ਹੰਡੂਰੀਆ , ਸਰਹੰਦ ਦੇ ਨਵਾਬ ਵਜ਼ੀਰ ਖ਼ਾਂ ਦੀ ਆਪਸ ਵਿੱਚ ਮਿਲੀਭੁਗਤ ਦੇ ਕਾਰਨ ਹੋਈ, ਜਿਥੇ ਗੁਰੂ ਸਾਹਿਬ ਜੀ ਨੇ ਅਨੇਕਾਂ ਧਰਮ ਜੰਗਾਂ ਲੜੀਆਂ, ਉੱਥੇ ਚਮਕੌਰ ਸਾਹਿਬ ਦੀ ਜੰਗ ਸਿੱਖ ਇਤਿਹਾਸ ਵਿੱਚ ਬਹੁਤ ਮਹੱਤਵ ਪੂਰਨ ਸਥਾਨ ਰੱਖਦੀ ਹੈ ਸਿੱਖ ਇਤਿਹਾਸ ਵਾਚਣ ਉਪਰੰਤ ਇਹ ਤੱਥ ਸਾਹਮਣੇ ਆਉਂਦੇ ਹਨ ਜਦੋਂ ਗੁਰੂ ਸਾਹਿਬ ਜੀ 20 ਦਸੰਬਰ 1704 ਨੂੰ ਅਨੰਦਪੁਰ ਸਾਹਿਬ ਨੂੰ ਛੱਡਿਆ ਤਾਂ ਉਸ ਸਮੇਂ ਸਰਸਾ ( ਜੋ ਰੋਪੜ ਤੋਂ 10-11 ਮੀਲ ਦੀ ਦੂਰੀ ਤੇ ਹੈ ) ਦੇ ਕਿਨਾਰੇ ਮੁਗ਼ਲਾਂ ਨਾਲ ਬਹੁਤ ਭਿਆਨਕ ਜੰਗ ਹੋਈ ਜਿਸ ਵਿੱਚ ਬਹੁਤ ਸਾਰੇ ਸਿੰਘ ਸ਼ਹੀਦੀਆਂ ਪਾ ਗਏ, ਇੱਥੇ ਆਪ ਜੀ ਦਾ ਕਾਫ਼ਲਾ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨਾਲੋਂ ਵਿਛੜ ਗਿਆ , ਜਿਥੋਂ ਆਪ ਜੀ ਦਾ ਰਸੋਈਆ ਗੰਗੂ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਪਿੰਡ ਖੇੜੀ ਜੋ ਮੋਰਿੰਡੇ ਸ਼ਟੇਸ਼ਨ ਤੋਂ 2-3 ਮੀਲ ਤੇ ਹੈ ਸੀ ਲੈ ਗਿਆ, ਮਾਤਾ ਸੁੰਦਰ ਕੌਰ ਅਤੇ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਵੱਲ ਚਲੇ ਗਏ , ਗੁਰੂ ਸਾਹਿਬ ਜੀ 40 ਸਿੰਘਾਂ ਅਤੇ ਦੋ ਵੱਡੇ ਸਾਹਿਬਜ਼ਾਦਿਆਂ ਸਮੇਤ ਕੋਟਲਾ ਨਿਹੰਗ ਖ਼ਾਂ ਹੁੰਦੇ ਹੋਏ ਅਗਲੇ ਦਿਨ 21 ਦਸੰਬਰ 1704 ਨੂੰ ਚਮਕੌਰ ਸਾਹਿਬ ਪਹੁੰਚੇ 22 ਦਸੰਬਰ 1704 ਨੂੰ ਚਮਕੌਰ ਸਾਹਿਬ ਦੀ ਭਿਆਨਕ ਜੰਗ ਹੋਈ ਜਿਸ ਵਿੱਚ ਆਪ ਜੀ ਦੇ ਦੋਵਾਂ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਨੇ ਆਪਣੀ ਤਲਵਾਰ ਦੇ ਜੌਰਹ ਦਿਖਾਉਂਦਿਆਂ ਹੋਇਆਂ ਬੜੀ ਬਹਾਦਰੀ ਅਤੇ ਦਲੇਰੀ ਨਾਲ ਲੱਖਾਂ ਦੀ ਗਿਣਤੀ ਵਿੱਚ ਆਏ ਮੁਗ਼ਲਾਂ ਨੂੰ ਕਰਾਰੇ ਹੱਥ ਦਿਖਾਏ ਅਤੇ ਜੰਗ ਵਿੱਚ ਜੂਝਦਿਆਂ ਹੋਇਆਂ ਸ਼ਹਾਦਤ ਦਾ ਜਾਮ ਪੀਤਾ, ਚਮਕੌਰ ਦੀ ਗੜ੍ਹੀ ਵਿੱਚ ਜਿੱਥੇ ਸ਼ਹੀਦ ਹੋਏ ਸਾਹਿਬਜ਼ਾਦਿਆਂ ਅਤੇ ਹੋਰ ਸ਼ਹੀਦ ਸਿੰਘਾਂ ਦਾ ਸੰਸਕਾਰ ਕੀਤਾ ਗਿਆ ਉੱਥੇ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰਾ ਕਤਲਗੜ੍ਹ ਸਾਹਿਬ ਸਸ਼ੋਭਿਤ ਹੈ, ਸੂਰਜ ਅਸਤ ਹੋਣ ਨਾਲ ਜਦੋਂ ਜੰਗ ਬੰਦ ਹੋਈ ਤਾਂ ਗੜ੍ਹੀ ਵਿੱਚ ਸਿਰਫ਼ ਗਿਣਤੀ ਦੇ ਸਿੰਘ ਰਹਿ ਗਏ ਸਨ, ਜਿੰਨ੍ਹਾਂ ਦੀ ਗਿਣਤੀ ਇਤਿਹਾਸ 11 ਸਿੰਘ ਲਿਖਦਾ ਹੈ, ਇੰਨੀ ਥੋੜ੍ਹੀ ਗਿਣਤੀ ਹੋਣ ਦੇ ਬਾਵਜੂਦ ਸਿੰਘਾਂ ਦੇ ਹੌਂਸਲੇ ਬੁਲੰਦ ਸਨ, ਕਿਉਂਕਿ ਪੰਥ ਨੂੰ ਧਰਮ ਨੂੰ ਅਗਵਾਈ ਦੇਣ ਵਾਲੇ ਗੁਰੂ ਪਿਤਾ ਬਾਜਾਂ ਵਾਲੇ ਦਾ ਹੱਥ ਖ਼ਾਲਸੇ ਦੇ ਸਿਰ ‘ਤੇ ਸੀ, ਅਤੇ ਪੰਥ ਨੂੰ ਬਾਜਾਂ ਵਾਲੇ ਪਿਤਾ ਦਾ ਵਿਛੋੜਾ ਪ੍ਰਵਾਨ ਨਹੀਂ ਸੀ, ਇਸ ਲਈ ਗੁਰੂ ਸਾਹਿਬ ਜੀ ਦੀ ਦੁਆਰਾ 30 ਮਾਰਚ 1699 ਦੀ ਵਿਸਾਖੀ ਤੇ ਖ਼ਾਲਸੇ ਨੂੰ ਬਖ਼ਸ਼ਿਸ਼ ਕੀਤੀ ਵਡਿਆਈ ਸਦਕਾ , ਗੜ੍ਹੀ ਵਿਚਲੇ ਸਿੰਘਾਂ ਨੇ ਪੰਜਾਂ ਸਿੰਘਾਂ ਨੂੰ ਗੁਰੂ ਦੇ ਖ਼ਾਲਸੇ ਦੇ ਰੂਪ ਵਿੱਚ ਚੁਣ ਕੇ ਗੁਰੂ ਸਾਹਿਬ ਜੀ ਦੇ ਸਨਮੁਖ ਮੁਖ਼ਾਤਿਬ ਹੋ ਕੇ ਕਿਹਾ, ਪੰਥ ਦੇ ਵਾੱਲੀ ਗੁਰੂ ਪਿਤਾ ਜੀ ਖ਼ਾਲਸੇ ਨੂੰ ਆਪ ਦੀ ਬਖ਼ਸ਼ਿਸ਼ ਕੀਤੀ ਵਡਿਆਈ ਅਨੁਸਾਰ ਖ਼ਾਲਸਾ ਆਪ ਜੀ ਨੂੰ ਚਮਕੌਰ ਦੀ ਗੜ੍ਹੀ ਛੱਡ ਜਾਣ ਦਾ ਹੁਕਮ ਦਿੰਦਾ ਹੈ, ਸੋ ਪੰਥ ਦਾ ਹੁਕਮ ਪ੍ਰਵਾਨ ਕਰਦੇ ਹੋਏ ਆਪ ਜੀ ਨੇ ਇੱਕ ਵੱਖਰਾ ਹੀ ਇਤਿਹਾਸ ਰਚ ਦਿੱਤਾ ਕਿ ਆਪਣੀ ਜਿਗ੍ਹਾ ਅਤੇ ਕਲਗੀ ਆਪਣੇ ਬਚਪਨ ਦੇ ਹਮਸ਼ਕਲ ਅਤੇ ਹਮਉਮਰ ਮਿੱਤਰ ਬਾਬਾ ਸੰਗਤ ਸਿੰਘ ਦੇ ਸੀਸ ‘ਤੇ ਸਜਾਕੇ ਅਤੇ ਬਾਬਾ ਸੰਗਤ ਸਿੰਘ ਨੂੰ ਮੁਗ਼ਲਾਂ ਨਾਲ ਡਟ ਕੇ ਮੁਕਾਬਲਾ ਕਰਨ ਅਤੇ ਜਿਊਂਦੇ ਜੀਅ ਵੈਰੀ ਦੇ ਹੱਥ ਨਾਂ ਆਉਣਾ, ਜੰਗ ਵਿੱਚ ਜੂਝਦਿਆਂ ਹੋਇਆਂ ਸ਼ਹਾਦਤ ਦਾ ਜਾਮ ਪੀਣ ਦੀ ਤਾਕੀਦ ਕਰਕੇ ਆਪ ਜੀ ਨੇ ਕਿਲ੍ਹੇ ‘ਤੇ ਚੜ੍ਹਕੇ ਤਾੜੀ ਵਜਾ ਕੇ ਮੁਗ਼ਲਾਂ ਨੂੰ ਇਹ ਕਿਹਾ " ਪੀਰੇ ਹਿੰਦ ਮੇਂ ਰਵਦ" ਜਿਸ ਨਾਲ ਮੁਗ਼ਲਾਂ ਵਿੱਚ ਹਲਚਲ ਮੱਚ ਗਈ ਆਪ ਜੀ ਤਿੰਨ ਸਿੰਘਾਂ ਸਮੇਤ ਵੱਖ-ਵੱਖ ਦਿਸ਼ਾ ਵੱਲ ਫ਼ਤਹਿ ਦੇ ਜੈਕਾਰੇ ਛੱਡਦੇ ਹੋਏ ਚਮਕੌਰ ਦੀ ਗੜ੍ਹੀ ਨੂੰ ਛੱਡ ਕੇ ਮਾਛੀਵਾੜੇ ਦੇ ਜੰਗਲਾਂ ਵਿੱਚ ਆ ਗਏ ।

                            ਮਾਛੀਵਾੜੇ ਦੇ ਜੰਗਲਾਂ ਵਿੱਚ ਆਪ ਜੀ ਨੂੰ ਨਬੀ ਖ਼ਾਂ ਅਤੇ ਗਨੀ ਖ਼ਾਂ ਮਿਲੇ 25 ਦਸੰਬਰ ਸੰਨ 1704 ( 11 ਪੋਹ  ਸੰਮਤ 1760 ) ਉਹ ਆਪ ਜੀ ਨੂੰ ਉੱਚ ਦਾ ਪੀਰ ਬਣਾ ਕੇ ਵੱਖ-ਵੱਖ ਪਿੰਡਾਂ ਤੋਂ ਹੁੰਦੇ ਹੋਏ 26 ਦਸੰਬਰ 1704 ਨੂੰ  ਰਾਏ ਕੋਟ ਆ ਗਏ, ਇੱਥੇ ਆ ਕੇ ਗੁਰੂ ਜੀ ਨੇ ਨੂਰੇ ਮਾਹੀ ਨੂੰ ਸਾਹਿਬਜ਼ਾਦਿਆਂ ਦੀ ਖ਼ਬਰ ਲੈਣ ਲਈ ਭੇਜਿਆ ਜਦੋਂ ਨੂਰੇ ਮਾਹੀ ਨੇ  ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਦੀ ਖ਼ਬਰ ਗੁਰੂ ਸਾਹਿਬ ਨੂੰ ਦਿੱਤੀ, ਤਾਂ ਗੁਰੂ (" ਯਾਦ ਰਹੇ ਕਿ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਹਿ ਸਿੰਘ ਨੂੰ ਸੂਬਾ ਸਰਹੰਦ ਦੀ ਕਚਿਹਿਰੀ ਵਿੱਚ 26 ਦਸੰਬਰ 1704 ਨੂੰ ਪਿੰਡ ਖੇੜੀ ਦੇ ਗੰਗੂ ਬ੍ਰਾਹਮਣ ਨੇ  ਲਾਲਚ ਵਸ ਹੋ ਕੇ ਫੜਾਇਆ ਸੀ,ਪਰ ਕਲਗੀਧਰ ਦੇ ਸ਼ੇਰਾਂ ਨੇ ਮੁਗ਼ਲਾਂ ਦੀ ਕਿਸੇ ਤਰ੍ਹਾਂ ਦੀ ਈਨ ਨਹੀਂ ਮੰਨੀ,  ਜਿਸ ਤੋਂ 27 ਦਸੰਬਰ 1704 ਨੂੰ ਸੂਬਾ ਸਰਹੰਦ ਅਤੇ ਵਜ਼ੀਰ ਖ਼ਾਂ ਦੇ ਹੁਕਮਾਂ ਅਨੁਸਾਰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ ਸੀ,ਅਤੇ ਮਾਤਾ ਗੁਜਰੀ ਜੀ ਠੰਢੇ ਬੁਰਜ ਵਿੱਚ ਹੀ ਪੋਤਿਆਂ ਦੀ ਸ਼ਹਾਦਤ ਦੀ ਖ਼ਬਰ ਸੁਣ ਕੇ ਸਰੀਰ ਛੱਡ ਗਏ ਸਨ, ਜਿੱਥੇ ਸਿੰਘਾਂ ਨੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਉਸ ਜਗ੍ਹਾ ਤੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਹੈ ") ਸਾਹਿਬ ਜੀ ਨੇ ਕਿਹਾ ਕਿ ਅੱਜ ਤੋਂ ਜ਼ਾਲਮ ਰਾਜ ਦੀ ਜੜ੍ਹ ਪੁੱਟੀ ਗਈ ਹੈ ,ਬਾਅਦ ਵਿੱਚ ਆਪ ਜੀ ਖਿਦਰਾਣੇ ਦੀ ਢਾਬ ਨੂੰ ਚਲੇ ਗਏ, ਉੱਥੇ ਮੁਕਤਸਰ ਸਾਹਿਬ ਦੀ ਜੰਗ ਹੋਈ, ਜਿਸ ਤੋਂ ਆਪ ਜੀ ਨੇ ਬਾਅਦ ਜਫ਼ਰਨਾਮਾ ਵੀ ਲਿਖਿਆ, ਜਿਸ ਨੂੰ ਪੜ੍ਹਨ ਤੋਂ ਬਾਅਦ ਹੀ ਔਰੰਗਜ਼ੇਬ ਦੀ ਮੌਤ ਹੋਈ ਸੀ, ਫਿਰ ਗੁਰੂ ਸਾਹਿਬ ਜੀ ਨੇ ਆਪਣਾ ਰੁਖ਼ ਦੱਖਣ ਵੱਲ ਨੰਦੇੜ ਸਾਹਿਬ ਵੱਲ ਕੀਤਾ, ਇੱਥੋਂ ਹੀ ਆਪ ਨੇ ਬੰਦਾ ਬਹਾਦਰ ਨੂੰ ਸਿੰਘ ਸਜਾ ਕੇ ਮੁਗਲਾਂ ਨਾਲ ਟੱਕਰ ਲੈਣ ਲਈ ਪੰਜਾਬ ਵੱਲ ਰਵਾਨਾ ਕੀਤਾ ਅਤੇ ਇੱਥੇ ਹੀ 7 ਅਕਤੂਬਰ 1708 ਨੂੰ  ਗੁਰੂ ਸਾਹਿਬ ਜੀ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਸੀਸ ਝੁਕਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਰਗੱਦੀ ਬਖ਼ਸ਼ਿਸ਼ ਕਰਕੇ 1708 ਵਿੱਚ ਜੋਤੀ ਜੋਤ ਸਮਾ ਗਏ ।

-ਗੁਰਦਿਆਲ ਸਿੰਘ ਲੱਖਪੁਰ


http://www.europediawaz.com/index.php?option=com_content&task=view&id=655&Itemid=91

ਇਹ ਵੀ ਦੇਖੋ[ਸੋਧੋ]

ਬਾਹਰੀ ਕੜੀ[ਸੋਧੋ]

ਗੁਰੂ ਗੋਬਿੰਦ ਸਿੰਘ ਜੀ ਵੀਡੀਓ
ਪੁਰਖ ਭਗਵੰਤ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਲਿਖਿਤ ਪ੍ਰੋ ਸਤਬੀਰ ਸਿੰਘ