ਸਮੱਗਰੀ 'ਤੇ ਜਾਓ

ਮੰਡੀ ਸੱਭਿਆਚਾਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜਾਣ ਪਛਾਣ

[ਸੋਧੋ]

ਸੂਚਨਾ ਤੇ ਤਕਨਾਲੋਜੀ ਦੇ ਵਿਸਫੋਟ ਨੇ ਦੁਨੀਆਂ ਨੂੰ ਇੱਕ ਗਲੋਬਲ ਪਿੰਡ ਵਿੱਚ ਬਦਲ ਕੇ ਰੱਖ ਦਿੱਤਾ ਹੈ। ਫਲਸਰੂਪ ਮੁਲਕਾਂ ਵਿੱਚ ਹੱਦਬੰਦੀਆਂ ਦਾ ਮੁਹਾਂਦਰਾ ਪਹਿਲਾਂ ਜੇਹਾ ਨਹੀਂ ਰਿਹਾ ਦੱਸਿਆ ਜਾ ਰਿਹਾ ਹੈ ਕਿ ਹੁਣ ਵਸਤਾਂ, ਸੇਵਾਵਾਂ, ਤਕਨਾਲੋਜੀ, ਪੂੰਜੀ ਤੇ ਕਿਰਤ ਦਾ ਵਿਸ਼ਵ ਪੱਧਰ ਉਪਰ ਏਕੀਕਰਣ ਹੋ ਰਿਹਾ ਹੈ। ਵਿਸ਼ਵ ਇਕ ਵਿਸ਼ਾਲ ਮੰਡੀ ਦਾ ਰੂਪ ਧਾਰਣ ਕਰ ਚੁੱਕਾ ਹੈ ਅਤੇ ਇਸ ਵਿੱਚ , ਆਰਥਿਕ ਸੰਦਰਭ ਵਿੱਚ ਮੁਕਾਬਲੇ ਨੂੰ ਕੇਂਦਰੀ ਸਥਾਨ ਹਾਸਲ ਹੈ। ਇਸ ਸਮੁੱਚੇ ਮਾਹੌਲ ਨੇ ਇੱਕ ਨਵੀਂ ਕਿਸਮ ਦੀ ਸੋਚ ਅਤੇ ਚੇਤਨਾ ਨੂੰ ਜਨਮ ਦਿੱਤਾ ਹੈ ਅਤੇ ਇਸ ਬਦਲੇ ਹੋਏ ਮਾਹੌਲ ਵਿੱਚ ਵਿਭਿੰਨ ਰਾਸ਼ਟਰਾਂ ਦੀ ਪਰਸਪਰ ਨਿਰਭਰਤਾ ਵਿੱਚ ਤਾਂ ਵਾਧਾ ਹੋਇਆ ਹੀ ਹੈ, ਨਾਲ ਹੀ ਨਾਲ ਨਸਲਾਂ ਵਜੋਂ, ਤਕਨਾਲੋਜੀ,ਸਰਮਾਏ ਅਤੇ ਗਿਆਨ ਦੇ ਮੀਡੀਏ ਦੇ ਬੇਰੋਕ ਵਹਾਅ ਸਦਕਾ ਇੱਕ ਦੂਸਰੇ ਵਿੱਚ ਰਚਮਿਚ ਜਾਣ ਦੀ ਪ੍ਰਕਿਰਿਆ ਵੀ ਕਾਰਜਸ਼ੀਲ ਹੈ। ਇਸ ਸਮੁੱਚੀ ਪ੍ਰਕਿਰਿਆ ਵਿਚ ਇਕ ਧਿਰ ਵੱਡੇ ਮੁਨਾਫ਼ੇ ਕਮਾ ਰਹੀ ਹੈ ਗਰੀਬ ਹੋਰ ਗਰੀਬ ਅਤੇ ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ ਹੈ। ਪੂਰਾ ਸਮਾਜ ਤੇ ਸੱਭਿਆਚਾਰ ਹਰੇਕ ਸੰਸਥਾ (ਪਰਿਵਾਰ ਤੱਕ) ਮੰਡੀ ਦਾ ਬਲਕਿ ਨਿਰੰਕੁਸ਼ ਮੰਡੀ ਦਾ ਰੂਪ ਧਾਰਨ ਕਰ ਜਾਂਦੀ ਹੈ ਜਿੱਥੇ "ਹਰ ਸ਼ੈਅ " ਖ਼ਰੀਦੀ ਤੇ ਵੇਚੀ ਜਾ ਸਕਦੀ ਹੈ। ਰਿਸ਼ਤਿਆਂ ਦੀ ਮੰਡੀ ਲੱਗਦੀ ਹੈ, ਪਿਆਰ ਮੁਹੱਬਤ ਤੇ ਦੇਹ ਦੀ ਮੰਡੀ ਲੱਗਦੀ ਹੈ।[1]

ਵਿਸ਼ਵ ਮਹਾਂਯੁੱਧ ਤੋਂ ਬਾਅਦ

[ਸੋਧੋ]

ਵਿਸ਼ਵੀਕਰਨ ਦਾ ਇਤਿਹਾਸ ਭਾਵੇਂ ਅਸੀਂ ਜਿੰਨਾ ਮਰਜ਼ੀ ਪੁਰਾਣਾ ਦੱਸੀਏ ਪਰੰਤੂ ਇਹ ਵਰਤਾਰਾ ਸੋਵੀਅਤ ਯੂਨੀਅਨ ਅਤੇ ਹੋਰ ਯੂਰਪੀ ਦੇਸ਼ਾਂ ਵਿੱਚ ਸਮਾਜਵਾਦੀ ਨਜ਼ਾਮ ਦੇ ਖਾਤਮੇ ਮਗਰੋਂ ਕਰੀਬ ਇਕ ਦਹਾਕਾ ਪਹਿਲਾਂ ਹੀ ਉੱਭਰ ਉਘੜ ਦੇ ਸਾਹਮਣੇ ਆਇਆ ਹੈ। ਇਸ ਦੇ ਪਿਛੋਕੜ ਵਿਚ ਵਿਸ਼ਵ ਯੁੱਧਾਂ ਤੋਂ ਮਗਰੋਂ ਪੂਰਾ ਵਿਸ਼ਵ ਦੋ ਮਹਾਂਸ਼ਕਤੀਆਂ, ਸਮਾਜਵਾਦੀ ਤੇ ਸਾਮਵਾਦੀ ਵਿੱਚ ਵੰਡਿਆ ਗਿਆ ਸੀ। ਇਸ ਵੰਡ ਦੌਰਾਨ ਹੀ ਵਿਕਾਸਸ਼ੀਲ ਜਾਂ ਅਵਿਕਸਤ ਮੁਲਕਾਂ ਨੂੰ ਤੀਸਰੀ ਦੁਨੀਆਂ ' ਆਖਿਆ ਜਾਣ ਲੱਗਾ । " ਗਲੋਬਲ ਪਿੰਡ" ਦਾ ਸੰਕਲਪ ਵੀ ਇਸ ਮਿੱਥਾਂ ਕਾਇਮ ਸਮੇਂ ਹੋਂਦ ਵਿੱਚ ਆਇਆ। ਇਸ ਸਮੁੱਚੀ ਸਥਿਤੀ ਵਿੱਚ ਤੀਸਰੀ ਦੁਨਿਆਂ ਦੇ ਮੁਲਕਾਂ ਦੀ ਹਾਲਤ ਜਾਂ ਸਥਿਤੀ ' ਵਪਾਰੀ ' ਵਾਲੀ ਨਹੀਂ, ' ਗਾਹਕ ਵਾਲੀ ਹੈ।

ਅੰਤਰਰਾਸ਼ਟਰੀ ਮਾਨਵਵਾਦ ਰੰਗ , ਜਾਤ , ਨਸਲ ਦੇ ਵਿਤਕਰਿਆਂ ਦੇ ਖਾਤਮੇ ਅਤੇ ਸਾਂਝੇ ਮੁੱਲਾਂ ਦੀ ਗੱਲ ਕਰਦਾ ਹੈ। ਇਸ ਵਿੱਚ ਮੰਡੀ ਵਪਾਰ , ਜਿਣਸੀਕਰਣ ਨੂੰ ਮਨਫੀ ਸਥਾਨ ਹਾਸਲ ਹੈ ਜਦ ਕਿ ਵਿਸ਼ਵੀਕਰਨ ਦਾ ਸੰਕਲਪ ਖਲੋਤਾ ਹੀ ਇਸ ਬੁਨਿਆਦ ਉਪਰ ਹੋਇਆ ਹੈ। ਇਹ ਖਿੱਚ ਧੂਹ , ਭੱਜ ਦੌੜ , ਹਿੰਸਾ, ਅਗਿਆਨਤਾ ਅਤੇ ਅਸੰਤੁਲਨ ਦੇ ਵਾਧੇ ਦਾ ਸੋਮਾ ਹੈ। ਇਸ ਦਾ ਲਾਭ ਹਾਕਮ ਜਮਾਤਾਂ ਨੂੰ ਤਾਂ ਹੋ ਸਕਦਾ ਹੈ ਲੋਕਾਈ ਨੂੰ ਨਹੀਂ ਹੈ। ਹੱਦਾਂ ਰਹਿਤ ਵਿਸ਼ਵ , ਵਿਸ਼ਵ ਵਪਾਰ , ਵਿਸ਼ਵ ਰਾਜ , ਵਿਸ਼ਵ ਮੰਡੀ ਅਤੇ ਵਿਸ਼ਵ ਆਦਾਨ ਪ੍ਰਦਾਨ ਆਦਿ ਤਲਿੱਸਮੀ ਸੰਕਲਪਾਂ ਦੀ ਬੁਨਿਆਦ ਹੇਠੋਂ ਸਮਾਨਤਾ ਜਾਂ ਬਰਾਬਰੀ ਦੀ ਜ਼ਮੀਨ ਗਾਇਬ ਹੈ। ਇਸੇ ਪ੍ਰਸੰਗ ਵਿੱਚ ਸੂਚਨਾ ਤਕਨਾਲੋਜੀ ਦਾ ਵਿਸਫੋਟ ਵੀ ਵਿੱਤੀ ਆਦਾਨ ਪ੍ਰਦਾਨ ਦੀ ਤਫ਼ਤਾਰ ਨੂੰ ਵਾਧਾ, ਸਮੁੱਚੇ ਵਿਸ਼ਵ ਨੂੰ ਇਕਲੋਤੀ ਮੰਡੀ ਵਜੋਂ ਇੱਕਮੁੱਠ ਤੇ ਇਕਜੁੱਟ ਕਰ ਮੁਨਾਫ਼ੇ ਨੂੰ ਵਧਾਉਣ ਦੇ ਮਕਸਦ ਨਾਲ ਵੱਧ ਜੁੜਿਆਂ ਹੋਇਆ ਹੈ।[2]

ਪ੍ਰਭਾਵ

[ਸੋਧੋ]

ਵਿਸ਼ਵੀਕਰਨ ਜਾਂ ਮੰਡੀਕਰਨ ਦੀ ਇਸ ਪ੍ਰਕਿਰਿਆ ਤੋਂ ਸਾਡੀ ਸਮਾਜਕ ਜ਼ਿੰਦਗੀ, ਰਹਿਣ ਸਹਿਣ ,ਖਾਦ ਖੁਰਾਕ , ਪਹਿਰਾਵੇ , ਕਦਰਾਂ-ਕੀਮਤਾਂ , ਰੀਤੀ ਰਿਵਾਜਾਂ, ਮਨੋਰੰਜਨ ਅਤੇ ਸਾਹਿਤ ਉਪਰ ਬਹੁਪੱਧਰੀ ਤੇ ਬਹੁਪਾਸਾਰੀ ਪ੍ਰਭਾਵ ਪਿਆ ਹੈ। ਜਿਸਨੂੰ ਗਹੁ ਨਾਲ ਪਛਾਣਨ ਦੀ ਜ਼ਰੂਰਤ ਹੈ। ਅਸੀਂ ਗਿਆਨ ਵਿਹੂਣੀ ਜਾਣਕਾਰੀ ਅਤੇ ਸਿਆਣਪ ਤੇ ਦੂਰ ਦਰਸਿਤਾ ਵਿਹੂਣੇ ਗਿਆਨ ਦੇ ਰਸਤੇ ਉੱਪਰ ਚੱਲ ਰਹੇ ਹਾਂ। ਉਤਪਾਦਨ ਮੁਕਾਬਲੇ ਖਪਤ ਅਤੇ ਮੰਡੀ ਨੇ ਉਪਭੋਗੀ ਸਭਿਆਚਾਰ ਨੂੰ ਜਨਮ ਦਿੱਤਾ ਹੈ‌‌‌। ਪਰਸਪਰ ਸਹਿਯੋਗ ਦੀ ਥਾਂ ਗਲ ਵੱਢ ਮੁਕਾਬਲੇ ਨੇ ਲੈ ਲੲੀ ਹੈ। ਬਿਜਲਈ ਮਾਧਿਅਮਾਂ ਨੇ ਆਕਰਸ਼ਿਤ ਤੇ ਬਜ਼ਾਰੂ ਕਿਸਮ ਦੇ ਵਿਗਿਆਪਨਾਂ ਦੇ ਜ਼ਰੀਏ ਵਸਤੂਆਂ ਪ੍ਰਤਿ ਅਸੀਮ ਲਾਲਸਾ ਅਤੇ ਖਬਤ ਨੂੰ ਜਨਮ ਦਿੱਤਾ ਹੈ। ਸਤਹੀ ਜਾਂ ਦਿੱਸਦੇ ਧਰਾਤਲ ਵੀ ਹੋਇਆ ਹੈ ਅਤੇ ਉਸ ਦਾ ਜੀਵਨ ਸਤਹ ਵੀ ਪਹਿਲਾਂ ਨਾਲੋਂ ਬੇਹਤਰ ਹੋਇਆ ਜਾਪਦਾ ਹੈ ਪਰੰਤੂ ਆਂਤਰਿਕ ਮੁਲਾਂ ਦੀ ਵੱਡੀ ਕੀਮਤ ਵੀ ਅਦਾਅ ਕਰਨੀ ਪਈ ਹੈ। ਕੌਮਾਂਤਰੀ ਪੱਧਰ ਉਪਰ ਜੇਕਰ ਸੂਚਨਾ ਤਕਨਾਲੋਜੀ ਦੇ ਵਿਕਾਸ ਨਾਲ ਨਕਲ ਕਰਨ ਅਤੇ ਪੱਛਮ ਨੂੰ ਹੀ ਪ੍ਰਮਾਣਕ ਮੰਨਣ ਦੀ ਰੁਚੀ ਨੇ ਵੀ ਜ਼ੋਰ ਫੜਿਆ ਹੈ।[3]

ਮਾਂ ਬੋਲੀ ਤੇ ਪ੍ਰਭਾਵ

[ਸੋਧੋ]

ਨਵੀਂ ਪੀੜ੍ਹੀ ਫਿਲਮਾਂ , ਨਾਟਕਾਂ ਅਤੇ ਵਿਗਿਆਪਨਾਂ ਦੇ ਪ੍ਰਭਾਵ ਹੇਠ ਆਪਣੀ ਮਾਂ ਬੋਲੀ ਤੋਂ ਮੂੰਹ ਮੋੜ ਹਿੰਗਲਿਸ਼ (ਹਿੰਦੀ+ਇੰਗਲਿਸ਼) ਅਤੇ ਪਿੰਗਲਿਸ਼ (ਪੰਜਾਬੀ+ ਇੰਗਲਿਸ਼) ਦੀ ਵਰਤੋਂ ਨੂੰ ਮਾਣ ਮੱਤਾ ਸਮਝਦੀ ਹੈ। ਵਸਤਾਂ ਦੀ ਵਾਧੂ ਪੂਰਤੀ , ਵਿਗਿਆਪਨਾਂ , ਕਾਮ ਉਕਸਾਊ ਫ਼ਿਲਮਾਂ ਨਾਟਕਾਂ ਨੇ ਅਸੀਮ ਲਾਲਸਾ ਨੂੰ ਜਨਮ ਦਿੱਤਾ ਹੈ। ਸਾਧਨਾਂ ਦੀ ਘਾਟ ਤੇ ਵਸਤਾਂ ਵੀ ਵਾਧੂ ਪੂਰਤੀ ਵਿਚੋਂ ਕਿਸ ਪ੍ਰਕਾਰ ਦਾ ਮਾਨਵੀ ਵਿਹਾਰ ਜਨਮ ਲੈ ਸਕਦਾ ਹੈ ? ਪੈਦਾ ਹੋਏ ਮੁੱਲਾਂ ਵਿੱਚ ਤਿਕੜਮਬਾਜ਼ੀ , ਫ਼ਰੇਬ ,ਦੁਹਰੇ , ਮੁੱਲਾਂ , ਦੁਹਰੀਆਂ ਵਫ਼ਾਦਾਰੀਆਂ , ਰਿਸ਼ਵਤ ਖੋਰੀ ਅਤੇ ਠੱਗੀ ਠੋਰੀ ਨੂੰ ਵਧੇਰੇ ਮਹੱਤਵਤ ਪ੍ਰਾਪਤ ਹੈ। ਇਹ ਤਤਕਾਲਵਾਦੀ ਜੀਵਨ ਸ਼ੈਲੀ ਹੈ ਜਿਹੜੀ ਤਤਕਾਲ ਭੋਜਨ ਦੇ ਆਸਰੇ ਹੀ ਜ਼ਿੰਦਾ ਰਹਿ ਸਕਦੀ ਹੈ। ਵਿਗਿਆਪਨਾਂ ਫਿਲਮਾਂ ਅਤੇ ਨਾਟਕਾਂ ਵਿੱਚ ਵਿਖਾਏ ਜਾਂਦੇ ਅਰਧ ਨੰਗੇ ਉਕਸਾਊ ਭੜਕਾਊ ਲਿਬਾਸ ਸਮਾਜਕ ਜੀਵਨ ਵਿੱਚ ਵੀ ਮਨਭਾਉਂਦਾ ਲਿਬਾਸ ਬਣਦੇ ਜਾ ਰਹੇ ਹਨ।[4]

ਜੀਵਨ ਤੇ ਪ੍ਰਭਾਵ

[ਸੋਧੋ]

ਚਿਹਰੇ ਨੂੰ ਮਸਨੂਈ ਦਿੱਖ ਪ੍ਰਦਾਨ ਕਰਨ ਅਤੇ ਖਿੱਚ ਭਰਪੂਰ ਬਣਾਉਣ ਲਈ ਘਰ ਘਰ ਵਿੱਚ ਪਾਰਲਰ ਖੁੱਲ੍ਹ ਗੲੇ ਹਨ। ਘਰ ਘਰਾਂ ਤੋਂ ਵਧੇਰੇ ਹੋਟਲਾਂ ਦੀ ਦਿੱਖ ਵਿੱਚ ਢਲ ਰਹੇ ਹਨ । ਵਣਜੀਕਰਨ ਦੀ ਬਿਰਤੀ ਤਹਿਤ ਵਿਅਕਤੀ , ਰਿਸ਼ਤੇ , ਜਿਸਮ , ਵਿਆਹ , ਤਿਉਹਾਰ ਅਤੇ ਸੈਕਸ ਸਭ ਵਣਜ ਬਣਦੇ ਜਾ ਰਹੇ ਹਨ।ਹਰ ਕਿਸੇ ਦੀ ਸੋਚ ਉਪਰ ਮਾਇਆ ਦਾ ਗਲਬਾ ਹੈ। ਗਲ ਵੱਢ ਮੁਕਾਬਲੇ ਦੇ ਜ਼ਮਾਨੇ ਵਿੱਚ ਅਸਫਲਤਾ ਦੀ ਸੰਭਾਵਨਾ ਤਾਂ ਵਧੀ ਹੀ ਹੈ ਨਾਲ ਹੀ ਨਾਲ ਉਦੇਸ਼ ਪੂਰਤੀ ਦੇ ਰਾਹ ਵਿਚਲੀਆਂ ਰੁਕਾਵਟਾਂ ਨੇ ਵਿਸ਼ਾਦ ਨੂੰ ਜਨਮ ਦਿੱਤਾ ਹੈ। ਤੇਜ਼ ਰਫ਼ਤਾਰ ਤੇ ਦੌੜ ਭੱਜ ਵਾਲੀ ਜ਼ਿੰਦਗੀ ਨੇ ਅਨੇਕਾਂ ਮਨੋ ਰੋਗਾਂ ਅਤੇ ਵਿਸ਼ੇਸ਼ਕਰ ਮਨੋ ਸੰਤਾਪੀ ਉਦਾਸੀ ਮੂਲਕ ਪ੍ਰਤਿਕਿਰਿਆ ਨੂੰ ਪੈਦਾ ਕੀਤਾ।[5]

ਸਾਹਿਤ ਤੇ ਪ੍ਰਭਾਵ

[ਸੋਧੋ]

ਮੰਡੀਕਰਨ , ਖਪਤਵਾਦ ਅਤੇ ਤਤਕਾਲਵਾਦੀ ਸਥਿਤੀ ਨੇ ਸਾਹਿਤ ਪ੍ਰਤਿ ਵੀ ਇਕ ਵਿਸ਼ੇਸ਼ ਵਤੀਰੇ ਨੂੰ ਜਨਮ ਦਿੱਤਾ ਹੈ। ਨਿਰਸੰਦੇਹ ਕੰਪਿਊਟਰ ਤਕਨਾਲੋਜੀ ਦੀ ਆਮਦ ਨਾਲ ਛਪ ਰਹੇ ਸਾਹਿਤ ਦੀ ਬਾਹਰੀ ਖ਼ੂਬਸੂਰਤੀ ਵਿੱਚ ਵਾਧਾ ਹੋਇਆ ਹੈ। ਪਰੰਤੂ ਵਿਸ਼ਵੀਕਰਨ ਦੀ ਸਥਿਤੀ ਵਿਚੋਂ ਪੈਦਾ ਹੋਈ ਨਵੀਂ ਪੀੜ੍ਹੀ ਦੇ ਪੰਜਾਬੀ ਭਾਸ਼ਾ ਪ੍ਰਤਿ ਉਦਾਸੀਨਤਾ ਵਾਲੇ ਵਤੀਰੇ ਨੇ , ਆਪਣੇ ਸਭਿਆਚਾਰ ਵਿੱਚੋਂ ਪੈਦਾ ਹੋਏ ਸਾਹਿਤ ਪ੍ਰਤਿ ਵੀ ਉਦਾਸੀਨਤਾ ਵਿੱਚ ਵਾਧਾ ਕੀਤਾ ਹੈ। ਹੈਰੀ ਪੋਟਰ ਲੜੀ ਦੀਆਂ ਪੁਸਤਕਾਂ ਪੜ੍ਹਨ ਵਾਲੇ ਬੱਚੇ ਵੱਡੇ ਹੋ ਕੇ ਪੰਜਾਬੀ ਸਾਹਿਤ ਵਿੱਚ ਕੋਈ ਦਿਲਚਸਪੀ ਲੈਣਗੇ ਇੱਕ ਸ਼ੱਕ ਦਾ ਵਿਸ਼ਾ ਹੈ। ਸੁਆਲ ਹੈ ਵਰਤਮਾਨ ਸਮੇਂ ਵਿੱਚ ਪਾਠਕਾਂ ਦੀ ਗਿਣਤੀ ਇਕਦਮ ਕਿਉਂ ਘਟੀ ਹੈ ? ਮੰਡੀ ਨੇ ਅਸਲ ਵਿੱਚ ਲੋਕਾਂ ਦੀਆਂ ਦਿਲਚਸਪੀਆਂ ਨੂੰ ਮਾਇਆ ਮੁਖੀ ਬਣਾ ਦਿੱਤਾ ਹੈ।

ਫਿਲਮਾਂ , ਨਾਟਕਾਂ ਤੇ ਵਿਗਿਆਪਨਾਂ ਨੇ ਵੀ ਪੰਜਾਬੀਆਂ ਨੂੰ ਐਸ਼ੋ ਇਸ਼ਰਤ ਕਰਨ ਵਾਲੀ ਤੇ ਮੌਜ ਮੇਲਾ ਕਰਨ ਵਾਲੀ ਕੌਮ ਵਜੋਂ ਢਾਲਣ ਦੀ ਵਾਹ ਲਾਈ ਹੈ। ਸਮਾਜਕ ਖਪਤਵਾਦ ਨੇ ਸਭਿਆਚਾਰਕ ਖਪਤਵਾਦ ਨੂੰ ਅਤੇ ਸਭਿਆਚਾਰਕ ਖਪਤਵਾਦ ਨੇ ਸਾਹਿਤਕ ਖਪਤਵਾਦ ਨੂੰ ਜਨਮ ਦਿੱਤਾ ਹੈ। ਪ੍ਰਕਾਸ਼ਕਾਂ ਦੀ ਨਿਗਾਹ ਗਾਹਕਾਂ ਉਪਰ ਹੈ ਅਤੇ ਗਾਹਕਾਂ ਨੂੰ ਤਾਂ ਸਨਸਨੀ ਤੇ ਝਰਨਾਹਟ ਭਰਿਆ ਸਾਹਿਤ ਵਧੇਰੇ ਪੋਂਹਦਾ ਹੈ।

ਸਾਹਿਤਕਾਰ ਕਾਹਲ ਨਾਲ ਪੈਸੇ ਖਰਚ ਕੇ ਖੂਬਸੂਰਤ ਪੁਸਤਕ ਛਾਪਣ, ਉਸਦਾ ਵਿਮੋਚਨ ਕਰਨ , ਚਰਚਾ ਕਰਾਉਣ , ਅਖ਼ਬਾਰਾਂ ਵਿੱਚ ਫੋਟੋਆਂ ਸਮੇਤ ਖਬਰਾਂ ਛਾਪਣ ਅਤੇ ਅਹੁਦੇ ਤੇ ਪੁਰਸਕਾਰ ਪ੍ਰਾਪਤ ਕਰਨ ਦੀ ਦੌੜ ਵਧੇਰੇ ਤੇਜ਼ ਹੋਈ ਹੈ। ਹਕੀਕਤ ਤਾਂ ਇਹ ਹੈ ਕਿ ਸੂਚਨਾ ਤੇ ਵਿਸਫੋਟ ਅਤੇ ਟੇਲੀਵਿਜਨ ਨੇ ਅਜੋਕੇ ਯੁੱਗ ਵਿੱਚ ਸਾਹਿਤ ਦੀ ਮਹੱਤਤਾ ਅਤੇ ਪ੍ਰਸੰਗਿਕਤ ਸਾਹਵੇ ਵੀ ਪ੍ਰਸ਼ਨ ਚਿੰਨ੍ਹ ਲਗਾ ਕੇ ਰੱਖ ਦਿੱਤਾ ਹੈ।[6]

ਪੰਜਾਬੀ ਸਾਹਿਤ ਚਿੰਤਨ ਤੇ ਪ੍ਰਭਾਵ

[ਸੋਧੋ]

ਵਿਸ਼ਵੀਕਰਨ ਉਪਭੋਗਵਾਦ ਬਜ਼ਾਰਵਾਦ ਅਤੇ ਸੂਚਨਾ ਕ੍ਰਾਂਤੀ ਦੇ ਇਸ ਨਵੇਂ ਯੁੱਗ ਤੋਂ ਪੰਜਾਬੀ ਸਾਹਿਤ ਚਿੰਤਨ ਵੀ ਅਭਿੱਜ ਨਹੀਂ । ਅਜੋਕੇ ਯੁੱਗ ਵਿੱਚ ਸਮੀਖਿਆਕਾਰਾਂ ਪ੍ਰਤਿ ਸਾਹਿਤਕਾਰਾਂ ਦੀ ਉਦਾਸੀਨਤਾ ਆਪਣੇ ਸਿਖ਼ਰ ਤੇ ਹੈ । ਉਂਜ ਵੀ ਸਮੁੱਚੇ ਮਾਹੌਲ ਵਿੱਚ ਸਾਹਿਤ ਵਾਂਗ ਸਮੀਖਿਆ ਦੀ ਸਥਿਤੀ ਵੀ ਕੇਂਦਰੀ ਰਹਿ ਗੲੀ ਪ੍ਰਤੀਤ ਨਹੀਂ ਹੁੰਦੀ । " ਸਾਹਿਤ ਦੇ ਅੰਤ " ਵਾਂਗ " ਸਮੀਖਿਆ ਦੇ ਅੰਤ" ਵਰਗੇ ਸ਼ਬਦ ਵੀ ਸੁਣਾਈ ਦੇ ਰਹੇ ਹਨ। ਤਤਕਾਲਵਾਦੀ ਮਾਹੌਲ ਫੌਰੀ ਪ੍ਰਤਿਕਰਮਾਂ ਉਪਰ ਆਧਾਰਿਤ ਗਿਆਨ ਦੇ ਸੰਗਠਨ ਤੋਂ ਵਿਰਵੀ ਸਮੀਖਿਆ (?) ਵਧੇਰੇ ਹੋਂਦ ਵਿੱਚ ਆ ਰਹੀ ਹੈ। ਅਜਿਹੀ ਸਥਿਤੀ ਵਿੱਚ ਪਹਿਲੀ ਜ਼ਰੂਰਤ " ਜੋ ਹੈ" ਉਸ ਨੂੰ ਸਮਝਣ ਅਤੇ ਦੂਸਰੀ ਜ਼ਰੂਰਤ ਸਮੀਖਿਆ ਦੇ ਮਹੱਤਵ ਸੰਬੰਧੀ ਮੁੜ ਜ਼ਿੰਮੇਵਾਰੀ ਨਾਲ ਵਿਚਾਰ ਕਰਨ ਦੀ ਹੈ ।[7]

ਉਚੇਰੀ ਸਿੱਖਿਆ ਦਾ ਵਪਾਰੀਕਰਨ

[ਸੋਧੋ]

ਸਾਡੀ ਉਚੇਰੀ ਸਿੱਖਿਆ ਦਾਰਸ਼ਨਿਕ ਪੈਦਾ ਕਰਨ ਨਾਲੋਂ ਵਪਾਰੀ ਪੈਦਾ ਕਰਨ ਵਿੱਚ ਵਧੇਰੇ ਦਿਲਚਸਪੀ ਦਿਖਾ ਰਹੀ ਹੈ ਪੁਰਾਣੇ ਪ੍ਰਚਲਿਤ ਕੋਰਸਾਂ ਵਿੱਚ ਯੋਗ ਅਤੇ ਬੁੱਧੀਵਾਨ ਵਿਦਿਆਰਥੀਆਂ ਦੀ ਰੁਚੀ ਘੱਟ ਰਹੀ ਹੈ । ਸਰਕਾਰ ਮਾਲੀ ਪੱਖ ਤੋਂ ਉਚੇਰੀ ਸਿੱਖਿਆ ਦੇ ਪੱਖ ਤੋਂ ਲਗਾਤਾਰ ਹੱਥ ਖਿੱਚ ਰਹੀ ਹੈ। ਅਧਿਆਪਕਾਂ ਦੀਆਂ ਨਿਯੁਕਤੀਆਂ ਠੇਕੇ ਜਾਂ ਕਨਟਰੈਕਟ ਉਪਰ ਹੋ ਰਹੀਆਂ ਹਨ। ਅਜਿਹੇ ਮਾਹੌਲ ਵਿੱਚ ਵਿਦਿਆ ਦੇ ਸਮੁੱਚੇ ਪੱਧਰ ਨੂੰ ਇੱਕ ਢਾਅ ਲੱਗੀ ਹੈ। ਸਾਡੀ ਵਿਦਿਆ ਦਾ ਪਹਿਲਾਂ ਢਾਂਚਾ ਵੀ ਨਵ ਬਸਤੀਵਾਦੀ ਆਰਥਿਕ ਅਦਾਰਿਆਂ ਵਿੱਚ ਯੋਗਤਾ ਦੀ ਬੇਕਦਰੀ ਦਾ ਮਾਹੌਲ ਆਪਣੇ ਸਿਖ਼ਰ ਵੱਲ ਵੱਧ ਰਿਹਾ ਹੈ । ਕੰਮ ਦਾ ਸਭਿਆਚਾਰ ਸਹਿਜੇ ਸਹਿਜੇ ਗਵਾਚ ਰਿਹਾ ਹੈ ਅਤੇ ਅਜਿਹੀਆਂ ਸਰਗਰਮੀਆਂ ਦਾ ਬੋਲਬਾਲਾ ਵਧੇਰੇ ਹੈ ਜਿਹਨਾਂ ਦਾ ਸੰਬੰਧ ਘੱਟੋ-ਘੱਟ ਅਕਾਦਮਿਕ ਖੇਤਰ ਨਾਲ ਨਹੀਂ। ਨਿਯੁਕਤੀਆਂ ਵਿੱਚ ਸਟੇਟ ਦੀ ਦਖਲਅੰਦਾਜ਼ੀ ਲਗਾਤਾਰ ਵੱਧ ਰਹੀ ਹੈ।

ਅਜੀਬ ਸਥਿਤੀ ਹੈ ਕਿ ਖੋਜਕਾਰਾਂ ਦੀ ਗਿਣਤੀ ਵੱਧ ਰਹੀ ਹੈ ਅਤੇ ਖੋਜ ਦਿ ਪੱਧਰ ਲਗਾਤਾਰ ਡਿੱਗਦਾ ਜਾ ਰਿਹਾ ਹੈ । ਸਾਰੀ ਪ੍ਰਕਿਰਿਆ , ਕੁਝ ਅਪਵਾਦਾਂ ਨੂੰ ਛੱਡ , ਗੈਰ ਅਕਾਦਮੀਕਰਨ ਦੀ ਹੈ , ਜਿਸ ਵਿੱਚ ਵਿਦਿਅਾਰਥੀ ਅਤੇ ਅਧਿਆਪਕ ਵਰਗ ਦਾ ਮੰਡੀਕਰਨ ਹੋ ਰਿਹਾ ਹੈ।[8]

ਪੰਜਾਬੀ ਸਭਿਆਚਾਰ

[ਸੋਧੋ]

ਜਦੋਂ ਪੂਰਾ ਵਿਸ਼ਵ ਸੁੰਗੜ ਕੇ ਇੱਕ ' ਗਲੋਬਲ ਪਿੰਡ ਦਾ ਰੂਪ ਅਖ਼ਤਿਆਰ ਕਰ ਗਿਆ ਹੈ ਤਾਂ ਇਸ ਪਿੰਡ ਦੇ ਕੇਂਦਰ ਵਿੱਚ ਇੱਕ ਗਲੋਬਲੀ ਮੰਡੀ ਵੀ ਹੋਂਦ ਵਿੱਚ ਆ ਗੲੀ ਹੈ । ਗਲੋਬਲੀ ਮੰਡੀ ਦਾ ਖਾਸਾ ਕਿਉਂਕਿ ਮੁਨਾਫ਼ੇ ਨਾਲ ਜੁੜਿਆ ਹੋਇਆ ਹੈ। ਇਸ ਲਈ ਇਸ ਮੰਡੀ ਦੇ ਝਰੋਖੇ ਵਿੱਚੋਂ ਹਰ ਵਸਤੂ ਅਤੇ ਵਰਤਾਰੇ ਨੂੰ ਕਾਰੋਬਾਰੀ ਜਾਵੀਏ ਤੋਂ ਵੇਖਿਆ ਜਾਂਦਾ ਹੈ।

ਅਜੋਕਾ ਮੀਡੀਆ ਇਸ ਕਾਰਜ ਨੂੰ ਅਖ਼ਬਾਰਾਂ, ਮੈਗਜੀਨਾਂ ਰੇਡੀਓ ਤੇ ਟੀ ਵੀ ਰਾਹੀਂ ਨੇਪਰੇ ਚਾੜ੍ਹਦਾ ਹੈ। ਟੀ. ਵੀ. ਪੰਜਾਬੀਆਂ ਦੇ ਹਰ ਸੌਣ ਕਮਰੇ ਵਿੱਚ ਦਾਖਲ ਹੋ ਗਿਆ ਹੈ । ਜਿੱਥੇ ਉਹ ਗਲੋਬਲੀ ਸਭਿਆਚਾਰ ਦੇ ਮੂਲ ਖ਼ਾਸੇ ਭਾਵ ਪਦਾਰਥਕ ਸਭਿਆਚਾਰ ਨੂੰ ਪੰਜਾਬੀ ਬੱਚਿਆਂ ਤੋਂ ਲੈ ਕੇ ਅੱਧਖੜ੍ਹ ਬੰਦਿਆਂ ਦੇ ਮਾਨਸਿਕ ਧਰਾਤਲ ਤੱਕ ਸੰਚਾਰ ਕਰ ਰਿਹਾ ਹੈ ਇਹ ਪ੍ਰੋਗਰਾਮ ਪੱਛਮੀ ਸਭਿਆਚਾਰ ਦੀ ਜੀਵਨ ਸ਼ੈਲੀ ਦੀ ਤਰਜ਼ ਤੇ ਬਣੇ ਹੁੰਦੇ ਹਨ ਜੋ ਪੰਜਾਬੀ ਬੰਦੇ ਦੀ ਮਾਨਸਿਕਤਾ ਨੂੰ ਗੁਲਾਮ ਕਰਦੇ ਹਨ ਅਤੇ ਉਸ ਦੇ ਅੰਦਰ ਪਦਾਰਥਕ ਅਕਾਖਿਆਵਾ ਦਾ ਸੈਲਾਬ ਲੈ ਕੇ ਆਉਦੇ ਹਨ।[9]

ਪਹਿਰਾਵਾ ਤੇ ਸ਼ਿੰਗਾਰ

[ਸੋਧੋ]

ਟੀ.ਵੀ.ਚੈਨਲਾਂ , ਫਿਲਮਾਂ ਤੇ ਹੋਰ ਸੰਚਾਰ ਸਾਧਨਾਂ ਰਾਹੀਂ ਪ੍ਰਸਾਰੇ ਤੇ ਪ੍ਰਚਾਰੇ ਜਾ ਰਹੇ ਪਹਿਰਾਵਿਆਂ ਨੇ ਪੰਜਾਬੀ ਸਭਿਆਚਾਰ ਦੇ ਲੋਕਾਂ ਦੇ ਮੂਲ ਪਹਿਰਾਵਿਆਂ ਦਾ ਮੁਹਾਂਦਰਾ ਬਦਲ ਦਿੱਤਾ ਹੈ । ਹਾਰ ਸ਼ਿੰਗਾਰ ਅਤੇ ਪਹਿਰਾਵੇ ਦੀਆਂ ਚੀਜ਼ਾਂ ਤਿਆਰ ਕਰਨ ਵਾਲੀਆਂ ਕੰਪਨੀਆਂ ਲੱਖਾਂ ਖਰਚ ਕੇ ਕਰੋੜਾਂ ਕਮਾਉਂਦੀਆਂ ਹਨ। ਅਜਿਹੀਆਂ ਕੰਪਨੀਆਂ ਅੌਰਤ ਦੀ ਵਿਅਕਤੀਗਤ ਆਜ਼ਾਦੀ ਦੇ ਨਾਂ ਤੇ ਉਸ ਦੀਆਂ ਜਿਸਮਾਨੀ ਦਿਲਚਸਪੀਆਂ ਨੂੰ ਵੀ ਪੈਸਾ ਕਮਾਉਣ ਦੇ ਸਾਧਨ ਵਜੋਂ ਵਰਤਦੀਆਂ ਹਨ। ਗਲੋਬਲ ਪੱਧਰ ਤੇ ਅੌਰਤਾਂ ਦੇ ਸੁੰਦਰਤਾ ਮੁਕਾਬਲਿਆਂ ਦੀ ਦੇਖਾ ਦੇਖੀ ਅੱਜ ਕੱਲ੍ਹ ਇਸ ਮੁਕਾਬਲੇ ਛੋਟੀਆਂ ਛੋਟੀਆਂ ਮੰਡੀਆਂ ਵਿੱਚ ਵੀ ਹੋਣ ਲੱਗ ਪਏ ਹਨ ਅਤੇ ਪੰਜਾਬੀ ਮੁਟਿਆਰਾਂ ਦੇ ਮਾਪੇ ਵੀ ਖੁਸ਼ੀ ਖੁਸ਼ੀ ਆਪਣੀਆਂ ਧੀਆਂ ਨੂੰ ਇਹਨਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਭੇਜ ਰਹੇ ਹਨ । ਪੰਜਾਬ.ਵੀ. ਚੈਨਲਾਂ ਤੇ ਵਿਖਾਏ ਜਾਂਦੇ ਪ੍ਰੋਗਰਾਮ ਤੇ ਖਾਸ ਕਰ ' ਮਿਸ ਪੀ.ਟੀ.ਸੀ ' ਪ੍ਰੋਗਰਾਮ ਨੂੰ ਵੀ ਇਸ ਪਰਿਪੇਖ ਵਿੱਚ ਵੇਖਿਆ ਜਾ ਸਕਦਾ ਹੈ ।

ਪਿੰਡਾਂ ਤੇ ਸ਼ਹਿਰਾਂ ਦੀਆਂ ਗਲੀਆਂ / ਮੁਹੱਲਿਆਂ ਵਿੱਚ ਥਾਂ ਪਰ ਥਾਂ ਖੁਲ੍ਹੇ ਬਿਊਟੀ ਪਾਰਲਰ , ਮਸਾਜ਼ ਸੈਂਟਰ ਅੌਰਤ ਦੀ ਸੁੰਦਰਤਾ ਨੂੰ ਨਿਖਾਰਨ ਦੀ ਆੜ੍ਹ ਵਿੱਚ ਬਹੁਤੇ ਤਾਂ ਦੇ ਦੇਹ ਵਪਾਰ ਦੇ ਅੱਡੇ ਬਣ ਗਏ ਹਨ।[10]

ਖਾਣ ਪੀਣ

[ਸੋਧੋ]

ਪੰਜਾਬੀ ਸਭਿਆਚਾਰ ਦੀ ਖਾਣ ਪੀਣ ਦੀ ਕਦਰ ਪ੍ਰਣਾਲੀ ਵਿੱਚ ਢੇਰ ਸਾਰਾ ਬਦਲਾਅ ਆਇਆ ਹੈ । ਮੀਡੀਏ ਨੇ ਪੰਜਾਬੀ ਸਭਿਆਚਾਰ ਦੇ ਦੇਸੀ ਖਾਣਿਆਂ ਨੂੰ ਹੁਣ ਬੇ ਸਵਾਦੇ ਕਰਾਰ ਦੇ ਕੇ ਉਨ੍ਹਾਂ ਖਾਣਿਆਂ ਦੀ ਥਾਂ ਪੱਛਮੀ ਤਰਜ਼ ਤੇ ਬਣੇ ਹੋਏ ਖਾਣਿਆਂ ਨੂੰ ਪੰਜਾਬੀ ਲੋਕਾਂ ਦੇ ਮਨ ਮਸਤਕ ਵਿੱਚ ਵਸਾ ਦਿੱਤਾ ਹੈ। ਲੋਕ ਕਣਕ ਦੀ ਰੋਟੀ ਤੇ ਦਾਲ ਅਤੇ ਮੱਕੀ ਦੀ ਰੋਟੀ ਤੇ ਸਾਗ ਨੂੰ ਤਰਜੀਹ ਨਹੀਂ ਦਿੰਦੇ ਸਗੋਂ ਪੱਛਮੀ ਤਰਜ਼ ਦੇ ਫਾਸਟ ਫੂਡ ਜਿਵੇਂ ਬਰਗਰ , ਪੀਜ਼ਾ , ਨਿਊਡਲਜ , ਮੈਗੀ, ਕੁਰਕਰੇ , ਚਿਪਸ , ਪੈਪਸੀ , ਕੋਕਾ ਕੋਲਾ , ਡਿਊ, ਥਮਜਪ ਆਦਿ ਇਹਨਾਂ ਖਾਣ ਪੀਣ ਦੀਆਂ ਵਸਤਾਂ ਤੋਂ ਵਿਦੇਸ਼ੀ ਕੰਪਨੀਆਂ ਹਰ ਰੋਜ਼ ਕਰੋੜਾਂ ਅਰਬਾਂ ਕਮਾਂ ਰਹੀਆਂ ਹਨ।[11]

ਰਸਮ ਰਿਵਾਜ

[ਸੋਧੋ]

ਪੱਛਮੀ ਸਭਿਆਚਾਰ ਦੇ ਇਕ ਤਰਫਾ ਚਲਦੇ ਤੇਜ਼ ਵਹਾਅ ਨੇ ਪੰਜਾਬੀ ਸਭਿਆਚਾਰ ਦੀ ਕਦਰ ਪ੍ਰਣਾਲੀ ਵਿੱਚ ਜਨਮ , ਵਿਆਹ ਤੇ ਮੌਤ ਨਾਲ ਜੁੜੇ ਰਸਮ ਰਿਵਾਜਾਂ ਨੂੰ ਤਹਿਸ ਨਹਿਸ ਕਰ ਦਿੱਤਾ ਹੈ । ਹੁਣ ਬੱਚੇ ਦੇ ਜਨਮ ਸਮੇਂ ਲੋਰੀਆਂ ਨਹੀਂ ਗਾਇਆਂ ਜਾਂਦੀਆਂ ਸਗੋਂ ਪੌਪ ਗੀਤਾਂ ਦੀ ਤੇਜ਼ ਧੁਨਾਂ ਤੇ ਪੱਛਮੀ ਤਰਜ਼ ਦਾ ਡਿਸਕੋ ਡਾਂਸ ਕੀਤਾ ਜਾਂਦਾ ਹੈ । ਪੰਜਾਬੀ ਵਿਆਹਾਂ ਵਿੱਚ ਹੁਣ ਘੋੜੀਆਂ ਤੇ ਸੁਹਾਗ ਨਹੀਂ ਗਾਏ ਜਾਂਦੇ ਤੇ ਨਾ ਹੀ ਟੱਪਿਆਂ ਬੋਲੀਆਂ ਤੇ ਗਿੱਧਾ ਭੰਗੜਾ ਪਾਇਆ ਜਾਂਦਾ ਹੈ ਸਗੋਂ ਪੱਛਮੀ ਪੋਪ ਗੀਤਾਂ ਦੀ ਟੋਨ ਤੇ ਬਣੇ ਰੀਮਿਕਸ ਸ਼ੋਰ ਸ਼ਰਾਬੇ ਵਾਲੇ ਹਿੰਦੀ ਤੇ ਪੰਜਾਬੀ ਗੀਤਾਂ ਤੇ ਡਿਸਕੋ ਡਾਂਸ ਅਤੇ ਬਰੇਕ ਡਾਂਸ ਕੀਤਾ ਜਾਂਦਾ ਹੈ ।

ਹੁਣ ਵਿਆਹ ਵੀ ਘਰਾਂ ਵਿੱਚ ਸਾਦ ਮੁਰਾਦੇ ਢੰਗ ਨਹੀਂ ਕੀਤੇ ਜਾਂਦੇ ਸਗੋਂ ਝੂਠੀ ਸ਼ਾਨੋ-ਸ਼ੌਕਤ ਲਈ ਪੂੰਜੀਪਤੀਆਂ ਵੱਲੋਂ ਉਸਾਰੇ ਪੈਲਿਸ ਸਭਿਆਚਾਰ ਅਨੁਸਾਰ ਕੀਤੇ ਜਾਂਦੇ ਹਨ । ਪੈਲਿਸਾਂ ਵਿੱਚ ਕੀਤੇ ਜਾਂਦੇ ਵਿਆਹਾਂ ਨੇ ਪੰਜਾਬੀ ਲੋਕ ਗੀਤਾਂ ਨੂੰ ਹਾਸ਼ੀਏ ਤੇ ਧੱਕ ਦਿੱਤਾ ਹੈ ।[12]

ਪੰਜਾਬੀ ਲੋਕ ਮਨੋਰੰਜਨ ਦੇ ਸਾਧਨ

[ਸੋਧੋ]

ਪੰਜਾਬੀ ਲੋਕਾਂ ਦੇ ਮਨੋਰੰਜਨ ਦੇ ਸਾਧਨ ਵੀ ਬਦਲ ਗੲੇ ਹਨ। ਪਹਿਲਾਂ ਉਹ ਭੰਡਾਂ ਦੀਆਂ ਨਕਲਾਂ , ਲੋਕ ਗੀਤਾਂ , ਅਤੇ ਲੋਕ ਖੇਡਾਂ ਨਾਲ ਆਪਣਾ ਮਨੋਰੰਜਨ ਕਰਦੇ ਹਨ ਪਰ ਅਜੋਕੇ ਸਮੇਂ ਵਿੱਚ ਪੈਦਾ ਹੋਏ ਕੋਠੀ ਕਲਚਰ ਨੇ ਘਰਾਂ ਨੂੰ ਬੰਗਲਿਆਂ ਵਿੱਚ ਤਬਦੀਲ ਕਰ ਦਿੱਤਾ ਹੈ । ਹਰ ਪਰਿਵਾਰਿਕ ਮੈਂਬਰ ਦਾ ਆਪਣਾ ਟੀ.ਵੀ. ਹੈ ਜਿਸ ਰਾਹੀਂ ਉਹ ਮਲਟੀ ਨੈਸ਼ਨਲ ਕੰਪਨੀਆਂ ਰਾਹੀਂ ਪਰੋਸੇ ਜਾ ਰਹੇ ਪ੍ਰੋਗਰਾਮ ਦੀ ਜਿਹਨੀ ਗੁਲਾਮੀ ਦੀ ਗਿਰਫ਼ਤ ਵਿਚ ਆਇਆ ਲਾਚਾਰ ਹੋ ਕੇ ਬੈਠਾ ਰਹਿੰਦਾ ਹੈ ।[13]

ਰਿਸ਼ਤਾ ਨਾਤਾ ਪ੍ਰਬੰਧ

[ਸੋਧੋ]

ਪੰਜਾਬੀਆਂ ਵਿੱਚ ਮੋਹ ਪਿਆਰ ਤੇ ਇੱਜ਼ਤ ਵਿਸ਼ਵਾਸ ਦੇ ਰਿਸ਼ਤੇ ਪਦਾਰਥਵਾਦੀ ਰਿਸ਼ਤਿਆਂ ਵਿੱਚ ਬਦਲ ਗੲੇ ਹਨ । ਪਰਿਵਾਰਕ ਰਿਸ਼ਤਿਆਂ ਵਿੱਚ ਪੈਦਾ ਹੋਏ ਸਵਾਰਥਾਂ ਨੇ ਪੰਜਾਬੀ ਸਭਿਆਚਾਰ ਦੀ ਰਿਸ਼ਤਾ ਨਾਤਾ ਨੂੰ ਖੇਰੂੰ ਖੇਰੂੰ ਕਰ ਦਿੱਤਾ ਹੈ। ਪਦਾਰਥਕ ਸੁੱਖਾਂ ਦੀ ਪ੍ਰਾਪਤੀ ਲਈ ਭਰਾ ਭਰਾ ਨੂੰ ਕਤਲ ਕਰ ਰਿਹਾ ਹੈ , ਪੁੱਤ ਪਿਉ ਨੂੰ ਕਤਲ ਕਰ ਰਿਹਾ ਹੈ । ਧੀਆਂ ਭੈਣਾਂ ਨਾਲ ਬਲਾਤਕਾਰ ਕੀਤੇ ਜਾ ਰਹੇ ਹਨ । ਪੰਜਾਬੀ ਸਭਿਆਚਾਰ ਦੀ ਕੇਂਦਰੀ ਕਦਰ ਪ੍ਰਣਾਲੀ ' ਕਿਰਤ ਕਰੋ, ਵੰਡ ਛਕੋ ' ਵੀ ਪੰਜਾਬੀ ਜੀਵਨ ਵਿੱਚੋਂ ਮਨਫੀ ਹੋ ਗਈ ਹੈ ।[14]

ਟੁੱਟ ਰਹੀਆਂ ਭਾਈਚਾਰਕ ਤੰਦਾਂ

[ਸੋਧੋ]

ਸੰਚਾਰ ਸਾਧਨਾਂ ਦੀ ਤਰੱਕੀ ਦੇ ਯੁੱਗ ਵਿੱਚ ਮਨੁੱਖ ਇਕੱਲਤਾ ਦਾ ਸ਼ਿਕਾਰ ਵਧੇਰੇ ਹੋ ਰਿਹਾ ਹੈ ਉਹ ਆਪਣੀਆਂ ਜੜ੍ਹਾਂ ਨਾਲੋਂ ਟੁੱਟਣ ਲੱਗਾ ਹੈ , ਰਿਸ਼ਤਿਆਂ ਵਿਚਲਾ ਨਿੱਘ ਘਟਣ ਲੱਗਾ ਹੈ ਅਤੇ ਮਨੁੱਖ ਸਵੈ ਕੇਂਦਰਿਤ ਹੋਣ ਲੱਗਾ ਹੈ । ਪਹਿਲਾਂ ਲੋਕ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਸਾਧਨ ਲੱਭਦੇ ਸਨ ਅਤੇ ਹੁਣ ਇਹ ਆਲਮ ਹੈ ਕਿ ਪੂਰੀ ਦੁਨੀਆ ਦੀ ਖ਼ਬਰ ਮਿੰਟਾਂ ਸਕਿੰਟਾ ਵਿੱਚ ਸਾਡੇ ਕੋਲ ਹੁੰਦੀ ਹੈ। ਪੂਰੀ ਦੁਨੀਆ ਦੀ ਖ਼ਬਰ ਰੱਖਣ ਦੀ ਆੜ੍ਹ ਵਿੱਚ ਮਨੁੱਖ ਨੇ ਆਪਣਿਆਂ ਦੀ ਖ਼ਬਰ ਸਾਰ ਲੈਣੀ ਘਟਾ ਦਿੱਤੀ ਗਈ । ਇਸ ਨਾਲ ਇਕ ਅਜੀਬ ਕਿਸਮ ਦੀ ਨਿੱਜਵਾਦੀ ਮਾਨਸਿਕਤਾ ਪੈਦਾ ਹੋ ਰਹੀ ਹੈ ਅਤੇ ਬੰਦਾ ਆਪਣੇ ਆਪ ਤੋਂ ਦੂਰ ਹੋ ਰਿਹਾ ਹੈ ਅਤੇ ਆਪਣੇ ਆਪੇ ਤੋਂ ਟੁੱਟ ਵੀ ਰਿਹਾ ਹੈ । ਤੀਆਂ ਅਤੇ ਤ੍ਰਿਝੰਣ ਦੇ ਅਲੋਪ ਹੋ ਜਾਣ ਨਾਲ ਪੰਜਾਬੀ ਜੀਵਨ ਦੇ ਉਹ ਸਾਰੇ ਪੱਖ ਮੱਧਮ ਪੈ ਗੲੇ ਹਨ ਜਿਹੜੇ ਮਿਲ ਬੈਠਣ ਦੇ ਮੌਕੇ ਦਿੰਦੇ ਸਨ ।

ਰਿਸ਼ਤਿਆਂ ਵਿਚ ਕੜਵਾਹਟ ਵੱਧ ਰਹੀ ਹੈ । ਤਣਾਅ ਵੱਧਣ ਨਾਲ ਰਿਸ਼ਤੇ ਟੁੱਟ ਰਹੇ ਹਨ ਅਤੇ ਤਲਾਕ ਵਰਗੀਆਂ ਸਮੱਸਿਆਵਾਂ ਨਜ਼ਰੀ ਪੈਂਦੀਆਂ ਹਨ । ਅੱਜ ਬੱਚੇ ਇਕੱਠੇ ਹੋ ਕੇ ਕਬੱਡੀ , ਖੋ ਖੋ , ਗੁੱਲੀ ਡੰਡਾ , ਕੋਟਲਾ ਛਪਾਕੀ , ਲੁਕਣ ਮੀਟੀ, ਬਾਦਰ ਆਦਿ ਖੇਡਾਂ ਖੇਡਦੇ ਨਜ਼ਰੀ ਨਹੀਂ ਆਉਂਦੇ ਬਲਕਿ ਨਿੱਜੀ ਕਮਰੇ ਵਿੱਚ ਜਾ ਤਾਂ ਕਾਰਟੂਨ ਚੈਨਲ ਤੇ ਆਪਣੀਆਂ ਅੱਖਾਂ ਗੱਡ ਕੇ ਬੈਠੇ ਰਹਿੰਦੇ ਹਨ ਉਨ੍ਹਾਂ ਦੀ ਦੁਨੀਆਂ ਵੀ ਸਿਰਫ ਉਸ ਦੇ ਨਿੱਜੀ ਕਮਰੇ ਤੱਕ ਹੀ ਸਿਮਟ ਕੇ ਰਹਿ ਜਾਂਦੀ ਹੈ ਵੱਖ-ਵੱਖ ਸੀਰੀਅਲਾਂ ਦੀ ਦਖਲਅੰਦਾਜ਼ੀ ਨੇ ਪਰਿਵਾਰਿਕ ਜ਼ਿੰਦਗੀ ਵਿਚਲੀ ਨੈਤਿਕਤਾ ਨੂੰ ਨਿਘਾਰ ਵੱਲ ਲਿਆਂਦਾ ਹੈ ।

ਮੰਡੀਕਰਨ ਨੇ ਪੁਰਾਤਨ ਭਾਈਚਾਰਕ ਸਾਂਝਾਂ ਨੂੰ ਖੋਰਾ ਲਾਕੇ ਮਨੁੱਖ ਨੂੰ ਸਿਰਫ ਨਿੱਜ ਤੱਕ ਸੀਮਿਤ ਕਰ ਦਿੱਤਾ ਹੈ । ਪਿੱਪਲਾਂ ਦੀਆਂ ਠੰਡੀਆਂ ਛਾਵਾਂ ਦੀ ਥਾਂ ਏਅਰ ਕੰਡੀਸ਼ਨਰਾਂ ਨੇ ਲੈ ਲੲੀ ਹੈ , ਮੇਲਿਆਂ ਦੇ ਇਕੱਠ ਨੂੰ ਟੀ.ਵੀ. ਫੇਸਬੁੱਕ , ਵਟਸਐੱਪ ਨੇ ਖਾ ਲਿਆ ਹੈ । ਚਰਖੇ ਦੀ ਘੂਕਰ ਮੰਡੀਕਰਨ ਦੇ ਰੌਲੇ ਵਿੱਚ ਗੁਆਚ ਗਈ ਹੈ। ਹਰ ਵਸਤ ਮੰਡੀਆਂ ਵਿੱਚ ਤਿਆਰ ਬਰ ਤਿਆਰ ਮਿਲਦੀ ਹੈ। ਨਾ ਵਿਆਹਾਂ ਦੇ ਇਕੱਠ ਪਹਿਲਾਂ ਵਰਗੇ ਰਹੇ ਹਨ ਅਤੇ ਨਾ ਹੀ ਮੰਜੇ ਬਿਸਤਰੇ ਇਕੱਠੇ ਕਰਨ ਦੀ ਲੋੜ ਰਹੀ ਹੈ ਬਲਕਿ ਟੈਂਟ ਹਾਊਸ ਤੋਂ ਲੋੜ ਅਨੁਸਾਰ ਹਰ ਚੀਜ਼ ਕਿਰਾਏ ਤੇ ਮਿਲਦੀ ਹੈ ਤੇ ਕੁੜੀਆਂ ਚਿੜੀਆਂ ਦੇ ਝੁੰਡ ਰੋਟੀਆਂ ਨਹੀਂ ਪਕਾਉਂਦੇ ਬਲਕਿ ਠੇਕੇਦਾਰ ਤੋਂ ਸਾਰੀ ਸਮੱਗਰੀ ਪਲੇਟਾਂ ਦੇ ਹਿਸਾਬ ਨਾਲ ਤਿਆਰ ਮਿਲ ਜਾਂਦੀ ਹੈ , ਲੋੜ ਹੈ ਕਿ ਸਿਰਫ਼ ਪੈਸਿਆਂ ਨਾਲ ਭਰੀ ਹੋਈ ਜੇਬ ਦੀ।[15]

ਮਾਸ ਮੀਡੀਆ ਤੇ ਪੰਜਾਬੀ ਸਭਿਆਚਾਰ

[ਸੋਧੋ]

ਬਹੁ ਕੌਮੀ ਕੰਪਨੀਆਂ ਨੇ ਆਪਣੇ ਮਾਲ ਨੂੰ ਬੇਤਹਾਸ਼ਾ ਮਾਰਕੀਟ ਵਿੱਚ ਸੁੱਟ ਦਿੱਤਾ ਅਤੇ ਇਸ ਦੇ ਮੰਡੀਕਰਨ ਲਈ ਇਸ਼ਤਿਹਾਰਬਾਜ਼ੀ ਸ਼ੁਰੂ ਕਰ ਦਿੱਤੀ ਹੈ । ਇਸ ਪ੍ਰਚਾਰ ਲਈ ਇਲੈਕਟ੍ਰੋਨਿਕ ਮੀਡੀਆ ਵਿੱਚ ਵੀ ਇਨਕਲਾਬ ਆਇਆ ।ਹਰ ਚੀਜ਼ ਦਾ ਪ੍ਰਚਾਰ ਵੱਖਰੇ ਅੰਦਾਜ਼ ਵਿੱਚ ਕੀਤਾ ਜਾਣ ਲੱਗਿਆ ਵਪਾਰੀਆਂ ਦੀ ਇਸ ਵਿਸ਼ਵ ਮਾਰਕੀਟ ਨੇ ਸਾਡੇ ਸਭਿਆਚਾਰ ਨੂੰ ਵੀ ਪ੍ਰਭਾਵਿਤ ਕੀਤਾ। ਪੰਜਾਬੀ ਸਭਿਆਚਾਰ ਦੂਜੇ ਸਭਿਆਚਾਰ ਦੇ ਸਪੰਰਕ ਵਿੱਚ ਆ ਕੇ ਬਦਲਾਅ ਗ੍ਰਹਿਣ ਕਰਨ ਲੱਗਿਆਂ ਮਾਸ ਮੀਡੀਆ ਨੇ ਵਪਾਰੀਕਰਨ ਕਰਦੇ ਹੋਏ ਸਾਨੂੰ ਗਲੈਮਰ ਦੀ ਦੁਨੀਆਂ ਵਿੱਚ ਪਹੁੰਚਾ ਦਿੱਤਾ ।

ਅਜੋਕੀ ਪੰਜਾਬੀ ਗਾਇਕੀ ਵਿੱਚ ਨੈਤਿਕਤਾ ਦੀ ਘਾਟ ਆ ਗੲੀ ਹੈ ਪੰਜਾਬੀ ਨੌਜਵਾਨ ਵਰਗ ਇਲੈਕਟ੍ਰੋਨਿਕ ਮੀਡੀਆ ਰਾਹੀਂ ਪਰੋਸੇ ਜਾ ਰਹੇ ਗੀਤਾਂ , ਉਹਨਾਂ ਵਿੱਚ ਜੱਟ ਦਾ ਕਿਰਦਾਰ , ਹਥਿਆਰਾਂ ਦੀ ਨੁਮਾਇਸ਼ , ਨਸ਼ਿਆਂ ਦੀ ਵਰਤੋਂ ਆਦਿ ਦੇ ਪ੍ਰਭਾਵ ਅਧੀਨ ਆਪਣੇ ਸਭਿਆਚਾਰਕ ਵਿਰਸੇ ਤੋਂ ਦੂਰ ਹੁੰਦਾ ਜਾ ਰਿਹਾ ਹੈ। ਗੀਤਾਂ ਵਿੱਚ ਅਸ਼ਲੀਲਤਾ ਦਾ ਨੰਗਾ ਪ੍ਰਚਾਰ ਹੋ ਰਿਹਾ ਹੈ । ਗਾਇਕ ਆਪਣੀ ਪੇਸ਼ਕਾਰੀ ਸਮੇਂ ਭੜਕਾਊ ਕੱਪੜੇ ਪਹਿਨੀ ਲੜਕੀਆਂ ਨੂੰ ਸਟੇਜ ਤੇ ਨਚਾਉਂਦੇ ਹਨ। ਇਸ ਤਰ੍ਹਾਂ ਦੀ ਪ੍ਰਵਿਰਤੀ ਪੰਜਾਬੀ ਸਭਿਆਚਾਰ ਨੂੰ ਇਖਲਾਕੀ ਬਰਬਾਦੀ ਵੱਲ ਲੈ ਕੇ ਜਾਂ ਰਹੀ ਹੈ । ਨੈਤਿਕ ਕਦਰਾਂ ਕੀਮਤਾਂ ਨੂੰ ਪਾਸੇ ਰੱਖ ਕੇ ਪੈਸੇ ਕਮਾਉਣ ਦੀ ਦੌੜ ਵਿੱਚ ਲੱਗੇ ਬਹੁਤੇ ਗੀਤਕਾਰ ਖਪਤ ਕਲਚਰ ਦੇ ਸਿਸਟਮ ਦਾ ਇੱਕ ਜੁਗਾੜ ਬਣ ਕੇ ਰਹਿ ਗਏ ਹਨ । ਇਹ ਗੀਤ ਨੌਜਵਾਨਾਂ ਦੀ ਮਾਨਸਿਕਤਾ ਨੂੰ ਇਕਦਮ ਪ੍ਰਭਾਵਿਤ ਕਰਦੇ ਹਨ। ਅਜਿਹੇ ਪ੍ਰਭਾਵ ਅਧੀਨ ਨੌਜਵਾਨ ਕੋਈ ਉਸਾਰੂ ਸੇਧ ਨਹੀਂ ਲੈ ਸਕਦੇ , ਸਗੋਂ ਰਫਲਾਂ , ਰਿਵਾਲਵਰ ਹੀ ਚੁੱਕ ਸਕਦੇ ਹਨ ਅਤੇ ਮਾਰਧਾੜ ਕਰ ਸਕਦੇ ਹਨ।[16]













  1. ਕਾਂਗ, ਅਮਰਜੀਤ ਸਿੰਘ (2005). ਵਿਸ਼ਵੀਕਰਨ ਅਤੇ ਪੰਜਾਬੀ ਸਾਹਿਤ ਸਭਿਆਚਾਰ. ਦਿੱਲੀ 110032: ਸਾਹਿਤ ਅਕਾਦੇਮੀ. ISBN 81 - 260 - 2076 - 8.{{cite book}}: CS1 maint: location (link)
  2. ਕਾਂਗ, ਅਮਰਜੀਤ ਸਿੰਘ (2005). ਵਿਸ਼ਵੀਕਰਨ ਅਤੇ ਪੰਜਾਬੀ ਸਾਹਿਤ ਸਭਿਆਚਾਰ. ਦਿੱਲੀ 110032: ਸਾਹਿਤ ਅਕਾਦੇਮੀ. ISBN 81 - 260 -2076 -8.{{cite book}}: CS1 maint: location (link)
  3. ਕਾਂਗ, ਅਮਰਜੀਤ ਸਿੰਘ (2005). ਵਿਸ਼ਵੀਕਰਨ ਅਤੇ ਪੰਜਾਬੀ ਸਾਹਿਤ ਸਭਿਆਚਾਰ. ਦਿੱਲੀ 110032: ਸਾਹਿਤ ਅਕਾਦੇਮੀ. ISBN 81 - 260 - 2076 - 8.{{cite book}}: CS1 maint: location (link)
  4. ਕਾਂਗ, ਅਮਰਜੀਤ ਸਿੰਘ (2005). ਵਿਸ਼ਵੀਕਰਨ ਅਤੇ ਪੰਜਾਬੀ ਸਾਹਿਤ ਸਭਿਆਚਾਰ. ਦਿੱਲੀ 110032: ਸਾਹਿਤ ਅਕਾਦੇਮੀ. ISBN 81 - 260 - 2076 - 8.{{cite book}}: CS1 maint: location (link)
  5. ਕਾਂਗ, ਅਮਰਜੀਤ ਸਿੰਘ (2005). ਵਿਸ਼ਵੀਕਰਨ ਅਤੇ ਪੰਜਾਬੀ ਸਾਹਿਤ ਸਭਿਆਚਾਰ. ਦਿੱਲੀ 110032: ਸਾਹਿਤ ਅਕਾਦੇਮੀ. p. 141. ISBN 81 - 260 - 2076 - 8.{{cite book}}: CS1 maint: location (link)
  6. ਕਾਂਗ, ਅਮਰਜੀਤ ਸਿੰਘ (2005). ਵਿਸ਼ਵੀਕਰਨ ਅਤੇ ਪੰਜਾਬੀ ਸਾਹਿਤ ਸਭਿਆਚਾਰ. ਦਿੱਲੀ 110032: ਸਾਹਿਤ ਅਕਾਦੇਮੀ. p. 141. ISBN 81 - 260 - 2076 - 8.{{cite book}}: CS1 maint: location (link)
  7. ਕਾਂਗ, ਅਮਰਜੀਤ ਸਿੰਘ (2005). ਵਿਸ਼ਵੀਕਰਨ ਅਤੇ ਪੰਜਾਬੀ ਸਾਹਿਤ ਸਭਿਆਚਾਰ. ਦਿੱਲੀ 110032: ਸਾਹਿਤ ਅਕਾਦੇਮੀ. pp. 142, 143. ISBN 81 - 260 - 2076 - 8.{{cite book}}: CS1 maint: location (link)
  8. ਕਾਂਗ, ਅਮਰਜੀਤ ਸਿੰਘ (2005). ਵਿਸ਼ਵੀਕਰਨ ਅਤੇ ਪੰਜਾਬੀ ਸਾਹਿਤ ਸਭਿਆਚਾਰ. ਦਿੱਲੀ 110032: ਸਾਹਿਤ ਅਕਾਦੇਮੀ. ISBN 81 - 260 - 2076 - 8.{{cite book}}: CS1 maint: location (link)
  9. ਗੋਸਲ, ਡਾ ਹਰਦਿਲਜੀਤ ਸਿੰਘ (2014). ਪੰਜਾਬੀ ਸਭਿਆਚਾਰ ਅਤੇ ਸਾਹਿਤ ਦੇ ਸੰਚਾਰ ਮਾਧਿਅਮ. ਪੰਜਾਬੀ ਭਵਨ ਲੁਧਿਆਣਾ: ਚੇਤਨਾ ਪ੍ਰਕਾਸ਼ਨ. ISBN 978 - 93 - 841 - 87 - 97 - 2.
  10. ਗੋਸਲ, ਡਾ ਹਰਦਿਲਜੀਤ ਸਿੰਘ (2014). ਪੰਜਾਬੀ ਸਭਿਆਚਾਰ ਅਤੇ ਸਾਹਿਤ ਦੇ ਸੰਚਾਰ ਮਾਧਿਅਮ. ਪੰਜਾਬੀ ਭਵਨ ਲੁਧਿਆਣਾ: ਚੇਤਨਾ ਪ੍ਰਕਾਸ਼ਨ. p. 42. ISBN 978 - 93 - 841 - 87 - 97 - 2.
  11. ਗੋਸਲ, ਡਾ ਹਰਦਿਲਜੀਤ ਸਿੰਘ (2014). ਪੰਜਾਬੀ ਸਭਿਆਚਾਰ ਅਤੇ ਸਾਹਿਤ ਦੇ ਸੰਚਾਰ ਮਾਧਿਅਮ. ਪੰਜਾਬੀ ਭਵਨ ਲੁਧਿਆਣਾ: ਚੇਤਨਾ ਪ੍ਰਕਾਸ਼ਨ. p. 43. ISBN 978 - 93 - 841 - 87 - 97 - 2.
  12. ਗੋਸਲ, ਡਾ ਹਰਦਿਲਜੀਤ ਸਿੰਘ (2014). ਪੰਜਾਬੀ ਸਭਿਆਚਾਰ ਅਤੇ ਸਾਹਿਤ ਦੇ ਸੰਚਾਰ ਮਾਧਿਅਮ. ਪੰਜਾਬੀ ਭਵਨ ਲੁਧਿਆਣਾ: ਚੇਤਨਾ ਪ੍ਰਕਾਸ਼ਨ. p. 43. ISBN 978 - 93 - 841 - 87 - 97 - 2.
  13. ਗੋਸਲ, ਡਾ ਹਰਦਿਲਜੀਤ ਸਿੰਘ (2014). ਪੰਜਾਬੀ ਸਭਿਆਚਾਰ ਅਤੇ ਸਾਹਿਤ ਦੇ ਸੰਚਾਰ ਮਾਧਿਅਮ. ਪੰਜਾਬੀ ਭਵਨ ਲੁਧਿਆਣਾ: ਚੇਤਨਾ ਪ੍ਰਕਾਸ਼ਨ. p. 44. ISBN 978 - 93 - 841 - 87 - 97 - 2.
  14. ਗੋਸਲ, ਡਾ ਹਰਦਿਲਜੀਤ ਸਿੰਘ (2014). ਪੰਜਾਬੀ ਸਭਿਆਚਾਰ ਅਤੇ ਸਾਹਿਤ ਦੇ ਸੰਚਾਰ ਮਾਧਿਅਮ. ਪੰਜਾਬੀ ਭਵਨ ਲੁਧਿਆਣਾ: ਚੇਤਨਾ ਪ੍ਰਕਾਸ਼ਨ. p. 45. ISBN 978 - 93 - 841 - 87 - 97 - 2.
  15. ਗੁਪਤਾ, ਪ੍ਰੋ ਵਰੇਸ (2018). ਪੰਜਾਬੀ ਸਭਿਆਚਾਰ ਤੇ ਵਿਸ਼ਵੀਕਰਨ ਦਾ ਪ੍ਰਭਾਵ. ਪਟਿਆਲਾ: ਗਰੇਸੀਅਸ. pp. 141, 142, 143. ISBN 978 - 93 - 87276 - 91 - 8.
  16. ਬਾਜਵਾ, ਦਿਲਬਾਰਾ ਸਿੰਘ (2014). ਵਿਸ਼ਵੀਕਰਨ ਅਤੇ ਪੰਜਾਬੀ ਸਭਿਆਚਾਰ. ਚੰਡੀਗੜ੍ਹ: ਲੋਕ ਗੀਤ ਪ੍ਰਕਾਸ਼ਨ. ISBN 978 - 93 - 5068 - 776 - 5.