ਪੁਰਾਤਨ ਜਨਮ ਸਾਖੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੁਰਾਤਨ ਜਨਮ ਸਾਖੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਿਤ ਇੱਕ ਪੁਸਤਕ ਹੈ ਜਿਸ ਨੂੰ 1926 ਵਿੱਚ ਭਾਈ ਵੀਰ ਸਿੰਘ ਦੁਆਰਾ ਸੰਪਾਦਿਤ ਕੀਤਾ ਗਿਆ। ਇਸ ਵਿੱਚ ਕੁੱਲ 57 ਸਾਖੀਆ ਹਨ ਅਤੇ ਇਹ ਗੁਰੂ ਨਾਨਕ ਦੇ ਜੀਵਨ ਬਾਰੇ ਸਭ ਤੋਂ ਪੁਰਾਣੀ ਪੁਸਤਕ ਮੰਨੀ ਜਾਂਦੀ ਹੈ।[1]

ਸੰਪਾਦਨ[ਸੋਧੋ]

ਇਸ ਜਨਮਸਾਖੀ ਹੱਥ ਲਿਖਤ ਪੋਥੀਆ ਉੱਤੇ ਆਧਾਰਿਤ ਹੈ। ਇੱਕ "ਵਲੈਤ ਵਾਲੀ ਜਨਮਸਾਖੀ" ਜਿਸ ਦੀ ਹੱਥ ਲਿਖਤ ਪੋਥੀ ਸੰਨ 1815-16 ਈ ਵਿੱਚ ਐਚ.ਟੀ. ਕੌਲਬਰੁੱਕ ਨੇ ਈਸਟ ਇੰਡੀਆ ਹਾਊਸ ਦੀ ਲਾਈਬ੍ਰੇਰੀ ਨੂੰ ਦਿਤੀ ਸੀ। ਦੂਜੀ ਪੋਥੀ "ਹਾਫਿਜ਼ਾਬਾਦ ਵਾਲੀ ਜਨਮਸਾਖੀ" ਹੈ, ਜਿਸ ਨੂੰ 15 ਨਵੰਬਰ 1885 ਈ ਵਿੱਚ ਮੈਕਸ ਆਰਥਰ ਮੈਕਾਲਿਫ਼ ਨੇ ਛਪਵਾਇਆ ਅਤੇ ਇਸ ਦੀ ਭੂਮਿਕਾ ਓਰੀਐਂਟਲ ਕਾਲਜ, ਲਾਹੌਰ ਦੇ ਪ੍ਰੋਫ਼ੈਸਰ ਭਾਈ ਗੁਰਮੁਖ ਸਿੰਘ ਦੁਆਰਾ ਲਿਖੀ ਗਈ ਸੀ।[1] ਭਾਈ ਵੀਰ ਸਿੰਘ ਦੀ ਸੰਪਾਦਿਤ ਕਰਕੇ ਛਾਪੀ ਹੋਈ ਸੰਨ 1926 ਈ.ਦੀ 'ਪੁੁਰਾਤਨ ਜਨਮਸਾਖੀʼ,ਜਿਸ ਦੀਆਂ ਹੁਣ ਤਕ ਛੇ ਸੱਤ ਐਡੀਸ਼ਨਾਂ ਵਿਕ ਕੇ ਖਤਮ ਹੋ ਚੁੱਕੀਆਂ ਹਨ ਇਸੇ ਵਲਾਇਤੀ ਵਾਲੀ ਤੇ ਹਾਫ਼ਿਜਾਬਾਦ ਵਾਲੀ ਜਨਮਸਾਖੀ ਦਾ ਹੀ ਇਕ ਪ੍ਰਤੀਰੂਪ ਹੈ।

ਪੁਰਾਤਨ ਜਨਮਸਾਖੀ ਨੂੰ ਵਿਸ਼ੇ ਵਿਭਾਗ ਦੇ ਮੁਤਾਬਿਕ ਹੇਠ ਲਿਖੇ ਛੇ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ ਜਿਵੇਂ:

1.ਇਤਿਹਾਸਕ ਵਿਸ਼ੇਸ਼ਤਾ

2.ਸਾਹਿਤਕ ਮਹੱਤਵ

3.ਪੁਰਾਤਨ ਗੱਦ ਵਿੱਚ ਇਸ ਦਾ ਸਥਾਨ

4.ਭਾਸ਼ਾ ਵਿਗਿਆਨਿਕ ਅਹਿਮੀਅਤ

5.ਵਿਆਕਰਨਿਕ ਸ਼ਬਦ-ਯੋਜਨਾ

6.ਛੰਦ ਵਿਵਸਥਾ [2]

●ਇਤਿਹਾਸਕ ਵਿਸ਼ੇਸ਼ਤਾ:[ਸੋਧੋ]

ਪੁਰਾਤਨ ਜਨਮਸਾਖੀ ਦਾ ਇਤਿਹਾਸਕ ਮਹੱਤਵ ਇਸ ਕਰਕੇ ਹੈ ਕਿ ਇਹ ਗੁਰੂ ਨਾਨਕ ਦੇ ਸੱਤਰ ਸਾਲਾ ਜੀਵਨ ਦੀਆਂ ਇਤਿਹਾਸਕ ਨੂੰ ਕ੍ਰਮਵਾਰ ਆਪਣੇ ਅੰਗ-ਸੰਗ ਰੱਖ ਕੇ ਵਾਧੂ ਕਲਪਨਾ ਦੇ ਸ਼ਬਦਾਡੰਬਰ ਤੇ ਅਲੰਕਾਰਿਕ ਵਿੰਗ-ਵਲੇਵਿਆਂ ਤੋਂ ਰਹਿਤ ਹੋ ਕੇ ਬੜੇ ਸਰਲ ਤੇ ਸਾਦਾ ਢੰਗ ਨਾਲ ਉਸ ਵੇਲੇ ਦੀ ਆਮ ਪੰਜਾਬੀ ਬੋਲੀ ਦੀ ਹੂ-ਬ-ਹੂ ਰੂਪ ਰੇਖਾ ਪੇਸ਼ ਕਰਦਿਆਂ ਹੋਇਆਂ ਹੈ। ਜਿਵੇਂ ਕਿ:

         ਸੰਮਤ 1526 ਬਾਬਾ ਨਾਨਕ            ਜਨਮਿਆ,ਵੈਸਾਖ ਮਾਹਿ,ਤ੍ਰਿਤੀਆ ਚਾਂਦਨੀ  ਰਾਤ,ਅੰਮ੍ਰਿਤ ਵੇਲਾ;ਪਹਰੁ ਰਾਤ ਰਹਿਦੀ ਕਉ ਜਨਮਿਆ,ਅਨਹਦ ਸਬਦ ਪਰਮੇਸ਼ਰ ਕੈ ਦਰਬਾਰਿ ਵਾਜੇ।...........ਤਬ ਕਾਲੂ ਖੱਤ੍ਰੀ ਜਾਤ ਵੇਦੀ ਤਲਵੰਡੀ ਰਾਇ ਭੋਇ ਭੱਟੀ ਦੀ ਵਸਦੀ ਵਿੱਚ ਵਸਦਾ ਆਹ;ਉਥੇ ਜਨਮ ਪਾਇਆ।
    ਵੱਡਾ ਹੋਆ ਤਾ ਲੱਗਾ ਬਾਲਕਾ ਨਾਲੇ ਖੇਡਣ,ਪਰ ਬਾਲਕਾਂ ਤੇ ਉਸ ਦੀ ਦਿਸਟਿ ਆਵੇ ਅਤੇ ਆਤਮੇ ਅਭਿਆਸੁ ਪਰਮੇਸ਼ਰ ਦਾ ਕਰੈ।[3]

●ਸਾਹਿਤਕ ਮਹੱਤਵ:[ਸੋਧੋ]

ਪੁਰਾਤਨ ਜਨਮਸਾਖੀ ਦੀ ਸਭ ਤੋਂ ਵੱਡੀ ਸਾਹਿਤਕ ਅਹਿਮੀਅਤ ਇਹੋ ਹੈ ਕਿ ਇਹ ਸਭ ਤੋਂ ਪਹਿਲਾਂ ਪੰਜਾਬੀ ਗੱਦ ਅਥਵਾ ਵਾਰਤਕ ਰਚਨਾ ਦਾ ਅਤਿ ਉੱਤਮ ਨਮੂਨਾ ਹੈ,ਜਿਸ ਦਾ ਲਗਾਉ ਹਿੰਦਵੀਅਤ,ਉਰਦੂ,ਬ੍ਰਿਜ ਭਾਸ਼ਾ,ਸੰਸਕ੍ਰਿਤ ਤੇ ਫ਼ਾਰਸੀ ਜਾਂ ਹੋਰ ਕਿਸੇ ਬੋਲੀ ਨਾਲ ਕੋਈ ਨਹੀਂ ਹੈ। ਇਹ ਠੇਠ ਪੰਜਾਬੀ ਗੱਦ ਨੂੰ ਸਵੱਛ ਢੰਗ ਨਾਲ ਅੰਕਿਤ ਕਰਨ ਲਈ ਗੁਰੂ ਨੇ ਵੀ ਆਪਣੀ ਲਿਪੀ ਵੀ ਆਪਣੀ ਹੀ ਬਣਾ ਲਈ ਸੀ, ਜਿਸ ਦੇ ਮੁੱਢ ਦਾ ਸੰਕੇਤ ਰਾਗ ਆਸਾ ਪੱਟੀ ਮਹਲਾ1 ਦੇ ਸ਼ਬਦ "ਸਸੈ ਸੋਇ ਸ੍ਰਿਸਟਿ ਜਿਨ ਸਾਜੀ ਸਭਨਾ ਸਾਹਿਬ ਏਕ ਭਇਆ॥".......ਤੋਂ ਸਾਫ ਪਤਾ ਲੱਗਦਾ ਹੈ। ਇਸੇ ਕਾਰਣ ਪੁਰਾਤਨ ਜਨਮਸਾਖੀ ਵਿੱਚੋ ਠੇਠ ਪੰਜਾਬੀ ਦੇ ਨਾਲ ਹੀ ਗੁਰੂ ਨਾਨਕ ਦਾ ਪਰਾ ਪੂਰਬਲਾ ਦੂਜੀ,ਤੀਜੀ ਤੇ ਚੌਥੀ ਉਦਾਸੀ ਵਿੱਚ ਵਰਨਣਯੋਗ ਹੈ,ਜਿਵੇਂ:

      ਦੁਤੀਆ ਉਦਾਸੀ ਕੀਤੀ ਦੱਖਣ ਕੀ।ਅਹਾਰੁ ਤਲੀ ਭਰਿ ਰੇਤੁ ਕੀ ਕਰਹਿ।ਤਦਹੁ ਪੈਂਰੀ ਖੜਾਵਾ ਕਾਠ ਕੀਆਂ। ਹਥਿ ਆਸਾ। ਸਿਰਿ ਰੱਸੇ ਪਲੇਟੇ,ਮਥੈ ਟਿਕਾ ਬਿੰਦਲੀ ਕਾ। ਤਦਹੁ ਨਾਲਿ ਸੈਦੋ ਜਟੁ ਜਾਤਿ ਘੇਹੋ ਥਾ।ਤਦਹੁ ਬਾਬਾ ਧਨਾਸਰੀ ਦੇਸਿ ਜਾਇ ਨਿਕਲਿਆ।[4]

●ਪੁਰਾਤਨ ਗੱਦ ਵਿੱਚ ਇਸ ਦਾ ਸਥਾਨ:[ਸੋਧੋ]

ਪੁਰਾਤਨ ਜਨਮਸਾਖੀ ਦਾ ਪੁਰਾਣੇ ਗੱਦ ਵਿੱਚ ਸਥਾਨ ਇਸਦੀ ਸਿੱਧੀ ਸਾਦੀ ਸਰਲ ਵਾਕ ਰਚਨਾ,ਇਸ ਵਿੱਚੋ ਠੁੱਕਦਾਰ ਲਹਿੰਦੀ ਬੋਲੀ ਦੀ ਨੁਹਾਰ,ਬਾ-ਮੁਹਾਵਰਾ ਪੰਜਾਬੀ ਜਿਸ ਵਿੱਚ ਪੁਰਾਤਨ ਪੰਜਾਬੀਅਤ ਦੀ ਪੂਰੀ-ਪੂਰੀ ਝਲਕ ਹੈ,ਉਸ ਸਮੇਂ ਦੀ ਲੌਕਿਕ ਤੇ ਸਮਾਜਿਕ ਵਿਚਾਰਧਾਰਾ,ਮਜ਼ੵਬੀ ਵਿਚਾਰ ਪਰੰਪਰਾ,ਜਨ-ਸਮਾਜ ਵਿੱਚੋਂ ਆਪਸੀ ਫ਼ਿਰਕੇਦਾਰੀ ਦਾ ਜ਼ਹਿਰ ਦੂਰ ਕਰਨ ਦੀ ਰੁਚੀ ਜਨਮਸਾਖੀ ਦੀ ਗੁਰੂ ਨਾਨਕ ਦੇ ਉਪਦੇਸ਼ਾਂ ਮੁਤਾਬਿਕ ਸੱਚ-ਮੁੱਚ ਹੀ ਅਪਣਾਉਣਯੋਗ ਸਿਫਤਾਂ ਹਨ। ਇਸ ਲਈ ਕਹਿਣਾ ਪੈਂਦਾ ਹੈ ਕਿ ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਪੰਜਾਬੀ ਗੱਦ ਦੀ ਇੰਨੀ ਸੁਚੱਜੀ ਰੂਪ ਰੇਖਾ ਕਿਤੋਂ ਵੀ ਨਹੀਂ ਮਿਲਦੀ। ਪੁਰਾਤਨ ਜਨਮਸਾਖੀ ਜੋ ਕਿ ਪੰਜਾਬੀ ਗੱਦ ਦੀ ਇਕੋ ਇਕ ਪਹਿਲੀ ਰਚਨਾ ਹੈ,ਇਸ ਲਈ ਉਸ ਵੇਲੇ ਦੇ ਪੇਂਡੂ ਬੋਲਚਾਲ ਮੁਤਾਬਿਕ ਇਸ ਵਿੱਚ ਅਨੇਕਾਂ ਥਾਵੀਂ ਅਬ,ਤਬ,ਕੀ,ਥਾਂ,ਥੇ,ਥੀ ਆਦਿ ਸ਼ਬਦਾਂ ਦੀ ਵਰਤੋਂ ਨਜ਼ਰ ਆਉਦੀ ਹੈ।

●ਭਾਸ਼ਾ ਵਿਗਿਆਨਿਕ ਅਹਿਮੀਅਤ:[ਸੋਧੋ]

ਪੁਰਾਤਨ ਜਨਮਸਾਖੀ ਦੀ ਭਾਸ਼ਾ ਵਿੱਚ ਵਿਗਿਆਨਕ ਅਹਿਮੀਅਤ ਵੀ ਨਜ਼ਰ ਆਉਦੀ ਹੈ। ਇਹ ਭਾਸ਼ਾ ਵਿਗਿਆਨ ਦਾ ਮੁੱਢਲਾ ਅਸੂਲ ਹੈ ਕਿ ਕੋਈ ਵੀ ਭਾਸ਼ਾ ਗੁਆਂਢੀ ਬੋਲੀਆਂ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦੀ ਤੇ ਨਾ ਹੀ ਸੰਬੰਧਿਤ ਗੁਆਂਢੀ ਬੋਲੀਆਂ ਦੇ ਲਫਜ਼ਾਂ ਦੀ ਲੇਤ-ਦੇਤ ਤੋਂ ਬਗੈਰ ਕਿਸੇ ਵੀ ਭਾਸ਼ਾ ਦਾ ਗੁਜ਼ਾਰਾ ਹੋ ਸਕਦਾ ਹੈ।ਪੁਰਾਤਨ ਜਨਮਸਾਖੀ ਦੇ ਮੁੱਢੋਂ ਹੀ ਸਬੂਤ ਮਿਲਦਾ ਹੈ,"ਸਸੈ ਸੋਇ ਸ੍ਰਿਸਟਿ ਜਿਨ ਸਾਜੀ" ਕਹਿ ਕੇ ਆਸਾ ਮਹਲਾ ਪਹਿਲਾ ਪੱਟੀ ਅਨੁਸਾਰ ਇਸ ਦਾ ਮੁੱਢ ਬੰਨ੍ਹਿਆ ਸੀ। ਇਹ ਲਿਪੀ ਗੁਰੂ ਨਾਨਕ ਨੇ ਕਸ਼ਮੀਰ ਦੀ ਸ਼ਾਰਦਾ ਲਿੱਪੀ ਦੇ ਆਧਾਰ ਤੇ ਥਾਉਂ ਥਾਈਂ ਥੋੜਾ ਬਾਹਲਾ ਸੰਸ਼ੋਧਨ ਕਰਕੇ ਪੰਜਾਬੀਅਤ ਨੂੰ ਮੁੱਖ ਰੱਖਦਿਆਂ ਹੋਇਆਂ ਕੀਤੀ ਸੀ, ਜਿਸ ਦੇ ਸਬੂਤ ਵੱਜੋਂ ਸ਼ਾਰਦਾ ਤੇ ਗੁਰਮੁਖੀ ਦੇ ਟਾਕਰੇ ਵੱਜੋਂ ਪੇਸ਼ ਕੀਤੇ ਜਾਂ ਸਕਦਾ ਹਨ।

●ਵਿਆਕਰਨਿਕ ਸ਼ਬਦ ਯੋਜਨਾ:[ਸੋਧੋ]

ਵਿਆਕਰਨ ਵਰਨਾਂ ਸ਼ਬਦਾਂ ਤੇ ਉਹਨਾਂ ਦੇ ਵਾਕਾਂ ਦੀ ਵੇਰਵੇ ਸਾਹਿਤ ਵਿਆਖਿਆ ਦਾ ਸੰਵਿਧਾਨਿਕ ਨਾਂ ਹੈ,ਇਸੇ ਕਾਰਨ ਵਿਆਕਰਣ ਨੂੰ ਵਰਣ-ਬੋਧ,ਸ਼ਬਦ-ਬੋਧ ਤੇ ਵਾਕ-ਬੋਧ ਨਾਮਕ ਤਿੰਨਾਂ ਭਾਗਾਂ ਵਿੱਚ ਵੰਡ ਸਕਦੇ ਹਾਂ।ਪੁਰਾਤਨ ਜਨਮਸਾਖੀ ਵਿੱਚ ਵਿਆਕਰਨ ਦੇ ਇਹ ਤਿੰਨੇ ਰੂਪ ਆਉਂਦੇ ਹਨ। ਪ੍ਰੋਫੈਸਰ ਸਾਹਿਬ ਸਿੰਘ ਦੇ ਕਥਨ ਅਨੁਸਾਰ "ਸੰਸਕ੍ਰਿਤ ਦੇ ਕਿਸੇ ਸ਼ਬਦ ਵਿੱਚ ਆਇਆ ਦੂਜਾ,ਤੀਜਾ ਜਾਂ ਚੌਥਾ ਅੱਖਰ 'ਭ','ਬ' ਜਾਂ 'ਸ਼' ਦੀ ਥਾਵੇਂ 'ਹ' ਹੋ ਜਾਂਦਾ ਹੈ,ਜਿਵੇਂ ਜੀਭ ਦੀ ਥਾਵੇਂ ਜੀਹ,ਸੁਰਭੀ ਦੀ ਥਾਵੇਂ ਸੁਰਹੀ, ਪ੍ਰਿਥਵੀ ਦੀ ਥਾਵੇਂ ਪੁਹਮੀ ਆਦਿ।[5]ਪੁਰਾਤਨ ਜਨਮਸਾਖੀ ਤੇ ਗੁਰੂ ਨਾਨਕ-ਬਾਣੀ ਵਿੱਚ ਇਸੇ ਕਿਸਮ ਦੀਆਂ ਮਿਸਾਲਾਂ ਹਨ,ਜਿਵੇਂ:[ਸੋਧੋ]

"ਇਕ ਦਿਨ ਇਕ 'ਖਿਜਮਤਗਾਰ' ਗਇਆ। ਕਪੜੇ ਲਾਹਿ 'ਖਿਜਮਤਗਾਰ' ਦੇ ਹਵਾਲੇ ਕੀਤੇ।"[6]

●ਛੰਦ ਵਿਵਸਥਾ:[ਸੋਧੋ]

ਪੁਰਾਤਨ ਜਨਮਸਾਖੀ ਵਿੱਚ ਯਥਾਕ੍ਰਮ,ਉਲਾਰ,ਸਰਸੀ,ਸ਼ਲੋਕ,ਸਵੱਯਾ,ਲਲਿਤਪਦ,ਹਾਕਲ,ਕਲਸ,ਗੀਤਾਂ,ਘਨਕਲਾ,ਚੌਪਾਈ ਤਾਟੰਕ,ਪਉੜੀ,ਪ੍ਰਮਾਣਿਕਾ,ਵਿਸ਼ਨੁਪਦ,ਪੁਨਹਾ ਤੇ ਰੂਪਮਾਲਾ ਨਾਮੀ ਸਤਾਰਾਂ ਛੰਦ ਵਰਤੇ ਹਨ,ਜੋ ਮਾਤਰਿਕ ਵਰਨਿਕ ਤੇ ਗਣਿਕ ਨਾਂ ਦੀਆਂ ਤਿੰਨੇ ਕਿਸਮਾਂ ਨਾਲ ਸੰਬੰਧ ਰੱਖਦੇ ਹਨ। ਇਸ ਤੋਂ ਗੁਰੂ ਨਾਨਕ ਦੀ ਅਲੌਕਿਕ ਕਾਵਿਕ-ਪ੍ਰਤਿਭਾ ਦਾ ਅਨੁਮਾਨ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਉਦਾਹਰਣ ਵਜੋਂ: (1)ਪ੍ਰਮਾਣਿਕਾ ਛੰਦ

"ਨਾ ਦੇਵ ਦਾਨਵਾ ਨਰਾ। ਨ ਸਿਧ ਸਾਧਿਕਾ ਧਰਾ। ਕਲਾ ਧਰੈ ਹਿਰੈ ਸਈ।".......[7]

(2) ਰੂਪਮਾਲਾ ਛੰਦ

"ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ॥ ਕੂੜ ਮੰਡਪ ਕੂੜ ਮਾੜੀ ਕੂੜ ਬੈਸਣ ਹਾਰ॥"[8]

ਸਰਾਂਸ਼:[ਸੋਧੋ]

ਇਹ ਪੁਰਾਤਨ ਜਨਮਸਾਖੀ ਗੁਰੂ ਨਾਨਕ ਦਾ ਸਾਹਿਤਕ ਮੁਲਾਂਕਣ,ਜਿਸ ਬਾਰੇ ਵਧੇਰੇ ਵਿਸਤਾਰ ਦੀ ਥਾਵੇਂ ਸੰਖੇਪ ਰੂਪ ਤੋਂ ਹੀ ਕੰਮ ਲਿਆ ਗਿਆ ਹੈ,ਉਸ ਸਮੇਂ ਜਦ ਇਹ ਜਨਮਸਾਖੀ ਗੁਰੂ ਸਾਹਿਬ ਦੇ ਹਜ਼ੂਰੀ ਸਿੱਖਾਂ ਵੱਲੋਂ ਕਲਮ-ਬੰਦ ਹੁੰਦੀ ਰਹੀ,ਦਰਅਸਲ ਪੰਜਾਬੀ ਗੱਦ ਦਾ ਪ੍ਰਾਰੰਭ ਕਾਲ ਸੀ ਤੇ ਗੁਰੂ ਦਰਬਾਰੀ ਵੀ ਉਸ ਸਮੇਂ ਬਹੁਤੇ ਮਦ੍ਰ ਦੇਸ ਦੇ ਜੰਮਪਲ ਤੇ ਰਾਵੀ ਝਨਾਂ ਤੋਂ ਪਾਰ ਲਹਿੰਦੇ ਪੰਜਾਬ ਦੇ ਵਸਨੀਕ ਸਨ। ਗੁਰੂ ਨਾਨਕ ਦਾ ਜਨਮ ਵੀ ਤਲਵੰਡੀ ਰਾਇ ਭੋਇ, ਜਿਲ੍ਹਾ ਸ਼ੇਖੂਪੁਰਾ ਦਾ ਸੀ, ਇਸ ਲਈ ਉਹਨਾਂ ਦੀ ਜ਼ਬਾਨ ਤੇ ਇਸ ਜਨਮਸਾਖੀ ਦੀ ਜ਼ਬਾਨ ਵਿੱਚ ਲਹਿੰਦੀ ਦਾ ਵਧੀਕ ਪ੍ਰਭਾਵ ਹੈ।

ਹਵਾਲੇ:[ਸੋਧੋ]

  1. 1.0 1.1 ਭਾਈ ਸਾਹਿਬ ਭਾਈ ਵੀਰ ਸਿੰਘ (2014). ਪੁਰਾਤਨ ਜਨਮ ਸਾਖੀ- ਸ੍ਰੀ ਗੁਰੂ ਨਾਨਕ ਦੇਵ ਜੀ. ਭਾਈ ਵੀਰ ਸਿੰਘ ਸਾਹਿਤ ਸਦਨ. pp. 4–6. ISBN 978-81-904956-3-9.
  2. <ਖੋਜ ਪੱਤ੍ਰਿਕਾ,ਮੁੱਖ ਸੰਪਾਦਕ ਡਾ ਅਜੀਤ ਕੌਰ,ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ,ਪੰਨਾ ਨੰ:412>
  3. < ਪੁਰਾਤਨ ਜਨਮਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ,ਸੰਪਾਦਨ ਭਾਈ ਵੀਰ ਸਿੰਘ,ਪੰਨਾ ਨੰ:17>
  4. <ਪੁਰਾਤਨ ਪੁਰਾਤਨ ਜਨਮਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ,ਸੰਪਾਦਕ ਭਾਈ ਵੀਰ ਸਿੰਘ,ਪੰਨਾ ਨੰ:142>
  5. < ਖੋਜ ਪੱਤ੍ਰਿਕਾ,ਮੁੱਖ ਸੰਪਾਦਕ ਡਾ ਅੰਮ੍ਰਿਤਪਾਲ ਕੌਰ,ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ,ਪੰਨਾ ਨੰ:419>
  6. <ਖੋਜ ਪੱਤ੍ਰਿਕਾ,ਮੁੱਖ ਸੰਪਾਦਕ ਡਾ ਅੰਮ੍ਰਿਤਪਾਲ ਕੌਰ,ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ,ਪੰਨਾ ਨੰ:419>
  7. <ਵਾਰ ਮਾਝ,ਮਹਲਾ 1>
  8. <ਵਾਰ ਆਸਾ,ਮਹਲਾ ਪਹਿਲਾ>

ਕਬਾਹਰੀ ਕੜੀ[ਸੋਧੋ]

ਪੰਜਾਬੀ ਯੂਨੀਵਰਸਿਟੀ ਦੀ ਇਸ ਸਾਈਟ ਉੱਤੇ ਜਨਮ ਸਾਖੀ ਦੀ ਪੁਸਤਕ ਡਾਊਨਲੋਡ ਲਈ ਉਪਲੱਬਧ ਹੈ