ਸਮੱਗਰੀ 'ਤੇ ਜਾਓ

ਮਹਾਰਾਜਾ ਰਣਜੀਤ ਸਿੰਘ ਪੈਨੋਰਮਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮਹਾਰਾਜਾ ਰਣਜੀਤ ਸਿੰਘ ਪੈਨੋਰਮਾ ਚੜ੍ਹਦੇ ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਨਾਲ਼ ਸਬੰਧਤ ਇੱਕ ਪੈਨੋਰਮਾ ਹੈ ਜੋ ਮਹਾਰਾਜੇ ਦੀ ਜ਼ਿੰਦਗੀ ਅਤੇ ਉਹਨਾਂ ਵਲੋਂ ਚਾਲ਼ੀ ਸਾਲਾਂ ਦੇ ਰਾਜ ਕਾਲ ਦੌਰਾਨ ਲੜੀਆਂ ਜੰਗਾਂ ’ਤੇ ਝਾਤ ਪਾਉਂਦਾ ਹੈ। ਨੈਸ਼ਨਲ ਕੌਂਸਲ ਆਫ ਸਾਇੰਸ ਮਿਊਜ਼ੀਅਮ ਕੋਲਕਾਤਾ ਵਲੋਂ ਪੰਜ ਕਰੋੜ ਦੀ ਲਾਗਤ ਨਾਲ਼ ਬਣਾਇਆ ਗਿਆ ਹੈ। ਕੁਰੂਕਸ਼ੇਤਰ (ਹਰਿਆਣਾ) ਵਿੱਚ ਬਣੇ ਮਹਾਂਭਾਰਤ ਦੀ ਕਹਾਣੀ ਸੰਬੰਧੀ ਪੈਨੋਰਮਾ ਤੋਂ ਬਾਅਦ ਦੇਸ਼ ਵਿੱਚ ਇਹ ਆਪਣੀ ਕਿਸਮ ਦਾ ਦੂਜਾ ਪੈਨੋਰਮਾ ਹੈ ਜੋ ਕਿ ਇਸ ਨਾਲੋਂ ਵੱਡਾ ਵੀ ਹੈ ਅਤੇ ਤਕਨੀਕ ਪੱਖੋਂ ਵਧੀਆ ਵੀ। ਇਹ ਪੈਨੋਰਮਾ ਵੀਹ ਕਨਾਲ ਵਿੱਚ ਫੈਲਿਆ ਹੋਇਆ ਹੈ ਅਤੇ ਮੁੱਖ ਇਮਾਰਤ 2500 ਵਰਗ ਮੀਟਰ ਵਿੱਚ ਉਸਾਰੀ ਗਈ ਹੈ।

ਰਣਜੀਤ ਸਿੰਘ ਪੇਂਟਿੰਗ
ਮਹਾਰਾਜਾ ਰਣਜੀਤ ਸਿੰਘ ਦੀ ਇੱਕ ਹਾਲੀਆ ਪੇਂਟਿੰਗ

ਇਸ ਵਿੱਚ ਦਾਖ਼ਲ ਹੁੰਦਿਆਂ ਹੀ ਸਾਹਮਣੇ ਪੰਜਾਬੀ, ਹਿੰਦੀ, ਅੰਗਰੇਜ਼ੀ ਅਤੇ ਫ਼ਾਰਸੀ ਬੋਲੀਆਂ ਵਿੱਚ ਲਿਖੀਆਂ ਪੰਕਤੀਆਂ ਰਾਹੀਂ ਮਹਾਰਾਜੇ ਦੀ ਸ਼ਖ਼ਸੀਅਤ ਨੂੰ ਸੰਖੇਪ ਵਿੱਚ ਬਿਆਨਿਆ ਗਿਆ ਹੈ।

ਪੈਨੋਰਮਾ ਹਾਲ ਵਿੱਚ 400 ਫੁੱਟ ਦੇ ਖੇਤਰ ਵਿੱਚ ਮਹਾਰਾਜਾ ਵਲੋਂ ਜਿੱਤੀਆਂ ਛੇ ਵੱਡੀਆਂ ਜੰਗਾਂ ਨੂੰ ਬਿਆਨਿਆ ਗਿਆ ਹੈ। ਇਸ ਵਿੱਚ ਮਹਾਰਾਜਾ ਵਲੋਂ 1799 ਵਿੱਚ ਲਾਹੌਰ ’ਤੇ ਕੀਤੀ ਗਈ ਜਿੱਤ ਵੀ ਵਿਖਾਈ ਗਈ ਹੈ। ਕਾਂਗੜਾ ਦੇ ਹਾਕਮ ਸੰਸਾਰ ਚੰਦ ਨੂੰ 1809 ਵਿੱਚ ਹਰਾ ਕੇ ਕਾਂਗੜੇ ’ਤੇ ਜਿੱਤ ਦੇ ਨਜ਼ਾਰੇ ਨੂੰ ਉਭਾਰਿਆ ਗਿਆ ਹੈ। 1819 ਵਿੱਚ ਅਫ਼ਗ਼ਾਨ ਹਾਕਮ ਜ਼ੱਬਰ ਖ਼ਾਨ ਨੂੰ ਸਿੱਖ ਫ਼ੌਜ ਵਲੋਂ ਹਰਾ ਕੇ ਕਸ਼ਮੀਰ ’ਤੇ ਕਬਜ਼ਾ ਕਰਨ ਦਾ ਨਜ਼ਾਰਾ ਵੀ ਹੈ। ਹਾਲ ਵਿੱਚ ਲਾਹੌਰ ਦਰਬਾਰ ਵੀ ਦਰਸਾਇਆ ਗਿਆ ਹੈ। ਆਵਾਜ਼ ਅਤੇ ਰੌਸ਼ਨੀ ਨਾਲ਼ ਇਹ ਜੰਗਾਂ ਦੇ ਨਜ਼ਾਰੇ ਇੰਝ ਜਾਪਦੇ ਹਨ ਜਿਵੇਂ ਹੁਣ ਜੰਗ ਹੋ ਰਹੀ ਹੋਵੇ। ਹੇਠਾਂ ਇੱਕ ਹਾਲ ਵਿੱਚ ਬੁੱਤ ਕਲਾ ਰਾਹੀਂ ਮਹਾਰਾਜਾ ਰਣਜੀਤ ਸਿੰਘ ਦਾ ਬਚਪਨ, ਵਿਆਹ ਅਤੇ ਹੋਰ ਜੰਗਾਂ ਵੀ ਦਿਖਾਈਆਂ ਗਈਆਂ ਹਨ। ਰੋਪੜ ਵਿਖੇ ਸਤਲੁਜ ਦਰਿਆ ਦੇ ਕੰਢੇ ’ਤੇ ਪਿੱਪਲ ਦੇ ਦਰੱਖਤ ਹੇਠਾਂ 26 ਅਕਤੂਬਰ 1831 ਨੂੰ ਭਾਰਤ ਦੇ ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿਕ ਨਾਲ ਮਹਾਰਾਜਾ ਰਣਜੀਤ ਸਿੰਘ ਵਲੋਂ ਕੀਤੀ ਗਈ ਇਤਿਹਾਸਕ ਸੰਧੀ ਦਾ ਨਜ਼ਾਰਾ ਵੀ ਬੁੱਤ ਕਲਾ ਵਿੱਚ ਉਭਾਰਿਆ ਗਿਆ ਹੈ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਰਵਾਈ ਗਈ ਸੋਨੇ ਦੀ ਸੇਵਾ ਨੂੰ ਵੀ ਦਰਸਾਇਆ ਗਿਆ ਹੈ।

ਇਹ ਵੀ ਵੇਖੋ

[ਸੋਧੋ]

{{{1}}}