ਪੰਜਾਬੀ ਲੋਕ ਗੀਤ
ਲੇਖਕ | ਸੰ:ਮਹਿੰਦਰ ਸਿੰਘ ਰੰਧਾਵਾ ਅਤੇ ਦਵਿੰਦਰ ਸਤਿਆਰਥੀ |
---|---|
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਵਿਸ਼ਾ | ਪੰਜਾਬ ਦੀ ਲੋਕ ਧਾਰਾ, ਪੰਜਾਬੀ ਲੋਕ ਗੀਤ |
ਪ੍ਰਕਾਸ਼ਕ | ਸਾਹਿਤ ਅਕਾਦਮੀ |
ਮੀਡੀਆ ਕਿਸਮ | ਪ੍ਰਿੰਟ |
ਸਫ਼ੇ | 600 |
ਲੋਕ-ਗੀਤ ਦੀ ਯਾਤਰਾ
[ਸੋਧੋ]ਲੋਕ ਗੀਤ ਦੀ ਯਾਤਰਾ ਮਨੁੱਖ ਦੀਆਂ ਮੂਲ-ਪ੍ਰਵਿਰਤੀਆਂ ਦੀ ਹੀ ਵਿਕਾਸ-ਗਾਥਾ ਹੈ। ਕਿਸੇ ਵੀ ਜਾਤੀ ਦੇ ਮੂਲ-ਵਿਚਾਰ ਉਹਦੀਆਂ ਪੁਰਾਤਨ ਪੱਧਰਾਂ ਉੱਤੇ ਅਨੇਕ ਸਹੰਸਰਾਬਦੀਆਂ ਤੇ ਸ਼ਤਾਬਦੀਆਂ ਲੰਘ ਜਾਣ ਮਗਰੋਂ ਵੀ ਕਿਸੇ ਨਾ ਕਿਸੇ ਰੂਪ ਵਿੱਚ ਸਥਿਰ ਰਹਿਣ ਦੀ ਘਾਲਣਾ ਕਰਦੇ ਜਾਪਦੇ ਹਨ। ਕੋਈ ਨਾ ਕੋਈ ਪਰਿਪਾਟੀ ਜਾਂ ਰਹੁ-ਰੀਤ ਇਹਨਾਂ ਵਿਚਾਰਾਂ ਲਈ ਓਟ ਬਣਦੀ ਆਈ ਹੈ, ਤੇ ਲੋਕ-ਵਾਰਤਾ ਦੀ ਮੂੰਹ-ਵਚਨੀ ਪਰੰਪਰਾ ਵਿੱਚ ਕਿਸੇ ਵੀ ਜਾਤੀ ਦੇ ਚੇਤਨਾ, ਅਚੇਤਨ, ਅਵਚੇਤਨ ਸੰਸਕਾਰ ਪ੍ਰਗਟਾਉ ਪ੍ਰਾਪਤ ਕਰਦੇ ਰਹਿੰਦੇ ਹਨ। ਪੰਜਾਬੀ ਲੋਕ ਗੀਤ ਸੰਗ੍ਰਹਿ ਆਪਣੇ ਆਪ ਵਿੱਚ ਇੱਕ ਮਨੁੱਖੀ ਸਾਹਿਤਕ ਉਪਰਾਲਾ ਹੈ।ਵਿਸ਼ੇਸ਼ ਕਰਕੇ ਲੋਕ-ਗੀਤਾਂ ਦੇ ਸੰਗ੍ਰਹਿ ਤੇ ਅਧਿਐਨ ਬਾਰੇ ਭਾਰਤ ਦੇ ਵੱਖ-ਵੱਖ ਪ੍ਰਦੇਸ਼ਾਂ ਵਿੱਚ ਢੇਰ ਕੰਮ ਹੋਇਆ ਹੈ। ਚੀਨੀ ਲੋਕ-ਗੀਤਾਂ ਦਾ ਇੱਕ ਅਤਿ-ਪੁਰਾਤਨ ਸੰਗ੍ਰਹਿ ਚੀਨ ਵਿੱਚ ਪ੍ਰਚਲਤ ਹੈ,ਪੁਸਤਕ ਦਾ ਨਾਂ ਦੀ ਬੁਕ ਆਫ਼ ਸੌਂਗਸ, ਇਸ ਸੰਗ੍ਰਹਿ ਦਾ ਇੱਕ ਗੀਤ,ਜਿਹੜਾ ਪ੍ਰੇਮ -ਉਪਸੇਵਨ ਨਾਲ ਸੰਬੰਧਤ ਹੈ, ਕਿਸੇ ਵੀ ਦੇਸ਼ ਦੇ ਅਜੋਕੇ ਪ੍ਰੇਮੀਆਂ ਲਈ ਵੀ ਪ੍ਰੇਰਨਾ -ਦਾਇਕ ਹੈ। "ਮੈਂ ਕੱਢਾਂ ਤੇਰੇ ਹਾੜੇ ਵੇ ਚੰਗੂਆ!,ਲੋਕ ਗੀਤ ਯਾਤਰਾ ਦੇ ਸਿਲਸਿਲੇ ਵਿੱਚ ਬੰਬਈ ਦੀ ਜੁਹੂ ਸਾਗਰ ਤਟ ਤੇ ਆਪਣੇ ਮਿੱਤਰ ਬਲਰਾਜ ਸਾਹਨੀ ਨਾਲ ਗੁਜ਼ਾਰੀ ਇੱਕ ਪੁੰਨਿਆਂ ਦੀ ਰਾਤ ਦੇ ਸੁਪਨ ਮਈ ਛਿਨ ਮੇਰੀ ਕਲਪਨਾ ਨੂੰ ਸਦਾ ਟੁੰਬਦੇ ਰਹੇ ਹਨ, ਲੋਕ ਗੀਤ ਮਹਾਂਕਾਲ ਦੇ ਨਿੱਤ ਬਦਲਦੇ ਅਨੰਤ ਵਹਾਉ ਵਿੱਚ ਮਨੁੱਖੀ ਮਨ ਦੀਆਂ ਚੇਤਨ, ਅਚੇਤਨ, ਅਵਚੇਤਨ ਦੇ ਰੂਪ-ਚਿਤਰ ਹਨ, ਮਨੁੱਖ ਦਾ ਅਨੁਭਵ ਵਰਤਮਾਨ ਦੇ ਪ੍ਰਤੱਖ ਹੱਥਾਂ ਚੋਂ ਖੁੱਸ ਕੇ ਵੀ ਅਤੀਤ ਦੀ ਬੁੱਕਲ ਵਿੱਚ ਸੁਰੱਖਿਅਤ ਰਹਿੰਦਾ ਹੈ, ਤੇ ਮੁੜ ਉਸ ਅਨੁਭਵ ਨੂੰ ਅੰਗੀਕਾਰ ਕਰਦੇ ਹੋਏ ਵਰਤਮਾਨ ਦੇ ਪਿੜ ਗੂੰਜ ਉਠਦਾ ਹੈ, ਕੋਈ ਨਾ ਕੋਈ ਲੋਕ ਗੀਤ, ਜਿਸ ਦਾ ਮੂੰਹ ਸਦਾ ਭਵਿੱਖ ਵੱਲ ਹੁੰਦਾ ਹੈ।
ਪ੍ਰਵੇਸ਼
[ਸੋਧੋ]ਪੰਜਾਬ ਲੋਕ ਗੀਤ ਦੀ ਗਾਉਂਦੀ ਨੱਚਦੀ ਝੂਲਦੀ ਸੰਸਕ੍ਰਿਤੀ ਹੈ। ਹਰਿਆਣਾ ਤੇ ਰਾਜਸਥਾਨ ਦੀਆਂ ਰੇਤਾਂ ਨਾਲ ਘਿਰਿਆ ਹੋਇਆ ਪੰਜਾਬ ਦਾ ਖੁਲਾ ਤੇ ਪੱਧਰਾ ਮੈਦਾਨ ਹੈ। ਆਰੀਆ ਨੇ ਭਾਰਤ ਵਿੱਚ ਆ ਕੇ ਸਭ ਤੋ ਪਹਿਲਾ ਪੰਜਾਬ ਨੂੰ ਹੀ ਆਪਣਾ ਘਰ ਬਣਾਇਆ ਤੇ ਇਥੇ ਹੀ ਵੇਦਾਂ ਦੀ ਰਚਨਾ ਕੀਤੀ। ਸੰਸਕ੍ਰਿਤੀ ਬੋਲੀ ਆਰੀਆ ਨੇ ਇਥੇ ਆ ਕੇ ਹੀ ਘੜੀ ਤੇ ਇਸ ਤਰ੍ਹਾ ਪੰਜਾਬੀ ਤੇ ਸੰਸਕ੍ਰਿਤੀ ਦੀ ਬੜੀ ਸਾਂਝ ਹੈ। ਇੰਨਾ ਗੀਤਾਂ ਦੀ ਭਾਵ-ਭੂਮੀ ਤੋ ਇਹੋ ਪ੍ਰਭਾਵ ਪੈਂਦਾ ਹੈ ਕਿ ਇਹ ਸਾਰੇ ਬੱਚੇ ਜਾ ਜਵਾਨ ਕਵੀਆ,ਕਵਿਤਰੀਆ ਨੇ ਹੀ ਸਮੇਂ ਸਮੇ ਸਿਰ ਰਚੇ।ਇੰਨਾ ਦੀ ਬਹੁਗਿਣਤੀ ਇੱਕ ਮੁਟਿਆਰ ਦੀਆ ਸੱਧਰਾਂ ਦਰਸਾਉਂਦੀ ਹੈ। ਉੱਤਰੀ ਭਾਰਤੀ ਰੁੱਤ ਚੱਕਰ ਵਿੱਚੋ ਭਾਰਤ ਰੁੱਤਾ ਦਾ ਕਾਫਲਾ ਸੱਚ ਮੁੱਚ ਬੜਾ ਸੁਹਾਵਣਾ ਹੈ। ਭਾਰਤ 6 ਰੁੱਤਾ ਵਿੱਚ ਵੰਡਿਆ ਗਿਆ ਹੈ।ਬਸੰਤ,ਗਰਮੀ,ਸਰਦੀ,ਪੱਤਝੜ,ਵਰਖਾ,ਫੱਗਣ ਤੇ ਚੇਤ ਵਿੱਚ ਬਸੰਤ ਤੇ ਜੇਠ,ਹਾੜ ਵਿੱਚ ਗਰਮੀ ਹੁੰਦੀ ਹੈ। ਸਾਵਣ ਤੇ ਭਾਦੋ ਵਿੱਚ ਵਰਖਾ ਰੁੱਤ ਦਾ ਜੋਰ ਵਧਦਾ ਹੈ। ਅੱਸੂ ਵਿੱਚ ਪੱਤਝੜ ਕੱਤਕ ਚੰਨ ਚਾਨਣੀ ਤੇ ਮੱਘਰ ਤੋ ਲੈ ਕੇ ਪੋਹ ਤੱਕ ਮਿਸਰ ਰੁੱਤ ਰਹਿੰਦੀ ਹੈ। ਪਿਆਰ ਵਿਆਹ ਤੇ ਵਿਛੋੜਾ ਪੰਜਾਬੀ ਦੇ ਲੋਕ ਗੀਤਾਂ ਵਿੱਚ ਬਹੁਤ ਮਹੱਤਤਾ ਰੱਖਦਾ ਹੈ। ਇਸ ਵਿੱਚ ਪਿਆਰ ਵਿਆਹ ਦੇ ਗੀਤ ਤੇ ਵਿਛੋੜੇ ਦੀ ਤੜਫ ਨੂੰ ਪੇਸ਼ ਕੀਤਾ ਗਿਆ ਹੈ।
ਹਾਰ-ਸ਼ਿੰਗਾਰ, ਦਿਨ ਦਿਹਾਰ ਦੇ ਵਿੱਚ ਪਤੀ ਪਿਆਰ ਤੋਂ ਬਿਨਾਂ ਇੱਕ ਹੋਰ ਆਤਮਕ,ਰਸ ਜਿਹੜਾ ਇਸਤਰੀ ਨੂੰ ਸਹੁਰੇ ਘਰ ਜਾ ਕੇ ਮਿਲਦਾ ਹੈ।ਉਹ ਆਪਣੇ ਸਰੀਰ ਨੂੰ ਸ਼ਿੰਗਾਰ ਦੀ ਹੈ।ਤੀਆਂ, ਲੋਹੜੀ ਤੇ ਵਿਸਾਖੀ ਤਿੰਨ ਪ੍ਰਸਿੱਧ ਤਿਉਹਾਰ ਹਨ।ਵਿਸਾਖੀ ਤੇ ਲੋਹੜੀ ਇੱਕ ਦਿਨ ਚੱਲਦੇ ਹਨ।ਪਰ ਤੀਆਂ ਦਾ ਦਾਇਆ ਬਹੁਤ ਲੰਮਾ ਹੈ।ਲੋਹੜੀ ਨਵ-ਜਨਮੇ ਬੱਚਿਆਂ ਦਾ ਤਿਉਹਾਰ ਹੈ।ਪਰ ਵਿਸਾਖੀ ਕਣਕ ਦੀ ਫਸਲ ਕੱਟਣ ਦੀ ਖੁਸ਼ੀ ਵਿੱਚ ਮੰਨਿਆ ਜਾਂਦਾ ਹੈ,ਪਰ ਇਸ ਦਾ ਇਤਿਹਾਸ ਨਾਲ ਵੀ ਹੈ ਇਸ ਦਿਨ ਖਾਲਸਾ ਪੰਥ ਦੀ ਸਾਜਣਾ ਹੋਈ ਸੀ।ਤ੍ਰਿੰਜਣ ਦੀ ਝਾਕੀ ਇੱਕ ਸੁਹਾਵਣਾ ਚਿੱਤਰ ਹੈ।ਕੁਆਰੀਆਂ, ਲਾੜੀਆਂ, ਸਜ -ਵਿਆਹੀਆਂ, ਅਧਖੜਾ ਤੇ ਬੱਢੀਆਂ ਮਾਵਾਂ -ਦਾਦੀਆਂ ਆਪਣੇ ਚਰਖੇ ਲੈ ਕੇ ਜੁੜ ਬਹਿੰਦੀਆਂ ਹਨ।ਉਹਨਾਂ ਅੰਦਰ ਇੱਕ ਦੂਜੀ ਨੂੰ ਮਾਤ ਪਾਣ ਦੀ ਹੋੜ ਲੱਗੀ ਰਹਿੰਦੀ ਹੈ। ਤ੍ਰਿੰਜਣ ਦੇ ਗੀਤ ਤੀਵੀਂ ਦਾ ਜੀਵਨ -ਇਤਿਹਾਸ ਹਨ।ਪੇਕਾ ਘਰ ਤੇ,ਸਹੁਰਾ ਘਰ ਪੰਜਾਬੀ ਇਸਤਰੀ ਦੀਆਂ ਦੋ ਜਾਨਾਂ ਤੇ ਦੋ ਦਿਲ ਹਨ,ਸਹੁਰੇ ਘਰ ਤੇ ਪੇਕੇ ਘਰ ਵਾਸਤੇ ਉਸ ਦਾ ਮਨ ਦੋ ਭਾਗਾਂ ਵਿੱਚ ਵੰਡਿਆ ਰਹਿੰਦਾ ਹੈ।ਪ੍ਰੀਤ ਗਾਥਾ ਦੇ ਵਿੱਚ ਮਿਰਜ਼ਾ -ਸਾਹਿਬਾਂ, ਸੱਸੀ -ਪੰਨੂ,ਸੋਹਣੀ -ਮਹਿਵਾਲ ਆਦਿ ਇਹਨਾਂ ਨੇ ਲੋਕਾਂ ਦੇ ਮਨ ਤੇ ਜਾਦੂ ਪਾਏ ਹਨ।ਇਹਨਾਂ ਪ੍ਰੀਤ ਗਾਥਾ ਨਾਲ ਸੰਬੰਧ ਲੋਕ ਗੀਤ ਹਨ।ਜੋ ਗਾਏ ਜਾਂਦੇ ਹਨ।ਭੈਣ ਭਰਾ ਦਾ ਰਿਸ਼ਤਾ ਪੰਜਾਬ ਲੋਕ ਸਾਹਿਤ ਦਾ ਇੱਕ ਵਿਸ਼ੇਸ਼ ਅੰਗ ਹੈ।ਇਸ ਦੇ ਭੈਣ -ਭਰਾ ਨਾਲ ਸੰਬੰਧ ਪੰਜਾਬੀ ਲੋਕ ਗੀਤ ਹਨ।ਭੈਣ ਭਰਾ ਨੂੰ ਵੀਰ ਕਹਿ ਕੇ ਸੱਦਦੀ ਹੈ।ਵੀਰ ਅਰਥਾਤ ਬਹਾਦਰ।ਲੋਕ ਵਿਸ਼ਵਾਸ ਲੋਕ ਕਥਾ ਤੇ ਯੁਗ ਚਿਤਰ ਨਾਲ ਸੰਬੰਧ ਹਨ।ਜਿਵੇਂ ਤਾਰਾ ਟੁੱਟਣ ਵੇਲੇ ਵਾਲ ਨੂੰ ਗੰਢ ਮਾਰ ਲੈਂਦੇ ਹਨ,ਤਾਂ ਜੋ ਦਿਲ ਦੀ ਮੁਰਾਦ ਪੂਰੀ ਹੋ ਜਾਵੇ।ਲੋਕ ਸਾਹਿਤ ਦੇ ਝਰੋਖੇ ਵਿੱਚ ਬੈਠ ਕੇ ਜਾਂ ਅਸੀਂ ਪੰਜਾਬ ਦੇ ਪੁਰਾਤਨ ਇਤਿਹਾਸ ਦਾ ਯੁੱਗ ਆਪਣੀਆਂ ਅੱਖਾਂ ਸਾਹਮਣੇ ਲਿਆਉਣ ਦਾ ਜਤਨ ਕਰਦੇ ਹਾਂ।
ਅੱਜ ਦਾ ਇਨਸਾਨ ਭੂਤ -ਕਾਲ ਵੱਲ ਪਰਤ ਕੇ ਵੇਖਦਾ ਹੈ,ਅਗਲੇ ਹੀ ਪਲ ਭਵਿੱਖ ਦੀ ਨੁਹਾਰ ਉਸਦੇ ਮੂਹਰੇ ਹੋਰ ਵੀ ਪ੍ਰਤੱਖ ਹੋ ਜਾਂਦੀ ਹੈ।ਲੋਕ ਗੀਤ ਵਿੱਚ ਜਿੱਥੇ ਅਸੀਂ ਪੁਰਾਣੇ ਝਰੋਖਿਆਂ ਤੋਂ ਤੱਕਦੇ ਹਾਂ, ਉਥੇ ਨਵੇਂ ਝਰੋਖਿਆਂ ਚੋਂ ਝਾਕਣ ਲਈ ਵੀ ਸਾਨੂੰ ਪ੍ਰੇਰਨਾ ਮਿਲਦੀ ਹੈ।ਇਤਿਹਾਸ ਦੀ ਸਿੱਖਿਆ ਸਾਡਾ ਸਭ ਤੋਂ ਵੱਡਾ ਵਿਰਸਾ ਹੈ,ਪੰਜਾਬੀ ਲੋਕ ਗੀਤ ਵਿੱਚ ਕਲਾ ਦ੍ਰਿਸ਼ਟੀ ਨੂੰ ਦਰਸਾਇਆ ਗਾਇਆ ਹੈ।ਪੰਜਾਬੀ ਲੋਕ ਗੀਤ ਵਿੱਚ ਪੰਜਾਬੀਆਂ ਦੇ ਜਾਤੀਆਂ, ਗੁਣ,ਔਗੁਣ ਨਾਲ ਸੰਬੰਧ ਲੋਕ ਗੀਤ ਹਨ।ਦੋ ਆਰ ਦੀਆਂ ਦੋ ਪਾਰ ਦੀਆਂ ਵਿੱਚ ਪਾਕਿਸਤਾਨ ਪੰਜਾਬ ਤੇ ਭਾਰਤ ਪੰਜਾਬ ਦੇ ਲੋਕ ਗੀਤ ਦੀ ਗੱਲ ਕੀਤੀ ਗਈ ਹੈ।ਉਧਰਲੇ ਪੰਜਾਬ ਤੇ ਇਧਰਲੇ ਪੰਜਾਬ ਦੀ ਬੋਲੀ ਇੱਕ ਹੈ।ਗੀਤ ਸੰਗ੍ਰਹਿ ਦਾ ਇਤਿਹਾਸ ਰਿਚਰਡ ਸੀ:ਟੈਪਲ ਲੋਕ ਸਾਹਿਤ ਦਾ ਵਿਦਵਾਨ ਤੇ ਕਲਾ -ਰਸਿਕ ਸੀ,ਜਿਸ ਨੇ ਪੰਜਾਬ ਦੇ ਲੋਕ ਗੀਤ ਤੇ ਕਿੱਸੇ ਇੱਕਤਰ ਕਰਨ ਦਾ ਪਿੜ ਬੰਨ੍ਹਿਆ।ਸੰਨ1927 ਵਿੱਚ ਪੰਡਿਤ ਸੰਤ ਰਾਮ ਨੇ ਹਿੰਦੀ ਵਿੱਚ "ਪੰਜਾਬੀ ਦੇ ਗੀਤ "ਨਾ ਪੁਸਤਕ ਪ੍ਰਕਾਸ਼ਿਤ ਕਰਾਈ।ਸੰਨ 1936 ਵਿੱਚ ਦੇਵਿੰਦਰ ਸਤਿਆਰਥੀ ਦੀ "ਗਿੱਧਾ "ਛਪੀ ਭੂਮਿਕਾ ਵਿੱਚ ਲੇਖਕ ਨੇ ਲਿਖਿਆ ਜੋ ਥਾਂ ਪੰਜਾਬ ਵਿੱਚ ਗਿੱਧੇ ਦੀ ਹੈ ਤੇ ਉਹੀ ਥਾਂ ਗੁਜਰਾਤ ਵਿੱਚ ਗਰਬੇ ਦੀ ਹੈ,ਪਰ ਗੁਜਰਾਤ ਵਿੱਚ ਗਰਬੇ ਉਥੋਂ ਦੇ ਬੰਦੇ ਸਲਾਹੁੰਦੇ ਨਹੀਂ ਥਕਦੇ।ਦੇਵਿੰਦਰ ਸਤਿਆਰਥੀ ਦੀ ਪੁਸਤਕ 'ਦੀਵਾ ਬਲੇ ਸਾਰੀ ਰਾਤ 'ਪ੍ਰਕਾਸ਼ਿਤ ਹੋਈ।ਤੇ ਪੰਜਾਬੀ ਲੋਕ ਗੀਤਾਂ ਵਿੱਚ ਸੰਸਕ੍ਰਿਤੀ ਵੀ ਸਾਹ ਲੈਂਦੀ ਹੈ।[1]
ਮੰਗਲਾਚਰਨ
[ਸੋਧੋ]ਮੰਗਲਾਚਰਨ ਵਿੱਚ ਇਸ਼ਟ ਦੀ ਪੂਜਾ ਕੀਤੀ ਜਾਂਦੀ ਹੈ। ਇਸ ਪੁਸਤਕ ਵਿੱਚ ਮੰਗਲਾਚਰਨ ਦੇ ਰੂਪ ਵਿੱਚ ਸਰਸਵਤੀ,ਪਿੱਪਲ,ਧਰਤੀ,ਸੂਰਜ,ਚੰਨ ਦੀ ਅਰਾਧਨਾ ਕੀਤੀ ਗਈ ਹੈ।
ਪੱਤੇ ਪੱਤੇ ਗੋਬਿੰਦ ਬੈਠਾ,ਟਾਹਣੀ-ਟਾਹਣੀ ਦੇਵਤਾ
ਮੁੱਢ ਤੇ ਸ਼੍ਰੀ ਕਿਸ਼ਨ ਬੈਠਾ ਧਨ ਬਰਮਾ ਦੇਵਤਾ
ਦੇਵੀ-ਦੇਵਤੇ,ਗੁਰ ਪੀਰ
[ਸੋਧੋ]ਕਾਂਗੜੇ ਦੇ ਲੋਕ ਦੇਵੀ ਦੇ ਮੰਦਰ ਜਾਂਦਿਆਂ ਦੇਵੀ ਦੀ ਉਸਤਤ ਵਿੱਚ ਕਿਸ਼ਨ,ਇੰਦਰ,ਬ੍ਰਾਹਮਾ,ਸੀਤਾ ਰਾਮ ਆਦਿ ਦੀ ਉਸਤਤ ਵਿੱਚ ਗਾਉਂਦੇ ਹਨ।
ਕਸਤੂਰ ਕੁੰਗੂ ਅਗਰ ਚੰਦਨ,ਰੁਕਮਨੀ ਸਿਰ ਪਾਇਆ।
ਸ਼੍ਰੀ ਕ੍ਰਿਸ਼ਨ ਤੇ ਸ਼੍ਰੀ ਰੁਕਮਨੀ,ਦੋਹਾਂ ਸੀਸ ਨਿਵਾਇਆ।
ਉਹ ਭਗਤ ਨਾਮਦੇਵ,ਫਰੀਦ,ਪੂਰਨ ਮਹਾ ਦਾਨੀ ਜੋਗੀ ਆਦਿ ਦੇ ਗੀਤ ਗਾਉਂਦੇ ਹਨ
ਰੋਟੀ ਕਾਠ ਦੀ ਫਰੀਦ ਜੀ ਨੇ ਬੰਨ੍ਹ ਲਈ
ਨਾਮ ਵਾਲਾ ਰੱਜ ਆ ਗਿਆ
ਪਰਮ ਤੱਤ ਦੀ ਭਾਲ
[ਸੋਧੋ]ਪਰਮ ਤੱਤ ਦੀ ਭਾਲ ਵਿੱਚ ਰੰਧਾਵੇ ਨੇ ਉਹਨਾ ਗੀਤਾਂ ਨੂੰ ਸੰਗ੍ਰਹਿਤ ਕੀਤਾ ਹੈ। ਜਿੰਨਾ ਰਾਹੀਂ ਮਨੁੱਖ ਨੂੰ ਚੰਗੇ ਕਰਮ ਕਰਨ ਲਈ ਪ੍ਰੇਰਿਆ ਗਿਆ ਤਾਂ ਜੋ ਉਹ ਸੰਸਾਰਿਕ ਮੋਹ ਮਾਇਆ ਵਿੱਚ ਨਾ ਫਸਿਆ ਰਿਹਾ ਸਗੋ ਕੰਮ ਕਰਕੇ ਪ੍ਰਮਾਤਮਾ ਦੀ ਪ੍ਰਾਪਤੀ ਕਰ ਲਵੇ।
ਛੁਪ ਜਾਊ ਕੁਲ ਦੁਨੀਆਂ,ਏਥੇ ਨਾਮ ਸਾਈਂ ਦਾ ਰਹਿਣਾ।
ਸੋਹਣੀ ਜਿੰਦੜੀ ਨੇ,ਰਾਹ ਮੌਤਾ ਤੇ ਪੈਣਾ
ਦੇਸ਼ ਪੰਜਾਬ
[ਸੋਧੋ]ਇਸ ਗੀਤ ਸੰਗ੍ਰਹਿ ਵਿੱਚ ਰੰਧਾਵੇ ਨੇ ਦੇਸ਼ ਪੰਜਾਬ ਸਿਰਲੇਖ ਹੇਠ ਪੰਜਾਬ ਨਾਲ ਪਿਆਰ ਭਰੇ ਗੀਤ ਲਿਖੇ ਹਨ। ਉਸ ਨੇ ਰੁੱਖਾ,ਫੁੱਲ,ਪੁਸੂ ਪੰਛੀਆ,ਜਾਨਵਰਾਂ ਪੰਜਾਬ ਦੀ ਕੁਦਰਤ ਉਪਰ ਗੀਤ ਲਿਖੇ ਹਨ।
ਪਿੱਪਲ ਗਾਵੇ,ਬੋਹੜ ਗਾਵੇ,ਗਾਵੇ ਹਰਿਆਲਾ ਤੂਤ।
ਖੜ੍ਹ ਕੇ ਸੁਣ ਰਾਹੀਆਂ,ਤੇਰੀ ਰੂਹ ਹੋਜੂਗੀ ਸੂਤ।
ਜਾਤੀ-ਸੁਭਾਓ ਤੇ ਲੋਕ ਰੁਚੀਆਂ
[ਸੋਧੋ]ਇਸ ਸਿਰਲੇਖ ਰੰਧਾਵੇ ਤੇ ਸਤਿਆਰਥੀ ਨੇ ਵੱਖ ਵੱਖ ਜਾਤਾਂ ਜਿਵੇਂ ਬ੍ਰਾਹਮਣ,ਨਾਈ,ਰਾਜੇ,ਝੀਊਰ,ਸੁਨਿਆਰ ਆਦਿ ਬਾਰੇ ਗੀਤ ਵਿੱਚ ਉਹ ਵੱਖ ਵੱਖ ਜਾਤਾਂ ਦੀਆਂ ਕੁੜੀਆ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰਦੇ ਹਨ।
ਇੱਲ ਦੇ ਆਲਣੇ ਆਂਡਾ,
ਧੀ ਸੁਨਿਆਰਾ ਦੀ।
ਜਨਮ ਗੀਤ
[ਸੋਧੋ]ਇਸ ਸਿਰਲੇਖ ਹੇਠ ਰੰਧਾਵੇ ਤੇ ਸਤਿਆਰਥੀ ਨੇ ਪੁੱਤਰ ਦੇ ਜਨਮ ਨਾਲ ਸੰਬੰਧਿਤ ਗੀਤ ਲਿਖੇ ਹਨ। ਪੁੱਤਰ ਜਨਮ ਵੇਲੇ ਅਨੇਕਾਂ ਸ਼ਗਨ ਮਨਾਦੇ ਹਨ।
ਬਾਗ ਦੇ ਉੱਪਰ ਬਾਗ ਮਾਲੀ ਚੰਬਾ ਲਾਇਆ।
ਪੁੱਤ ਦੇ ਉੱਪਰ ਪੁੱਤ ਸੁਹਾਗਣ ਜਾਇਆ
ਲੋਰੀਆਂ ਤੇ ਬਾਲ ਪਰਚਾਉਣੀਆਂ
[ਸੋਧੋ]ਇਸ ਸਿਰਲੇਖ ਹੇਠ ਰੰਧਾਵੇ ਨੇ ਵੱਖ ਵੱਖ ਸਮੇਂ ਬੱਚਿਆਂ ਨੂੰ ਸੁਣਾਉਣ ਵਾਲੀਆਂ ਲੋਰੀਆਂ ਅਤੇ ਬੱਚਿਆਂ ਦੇ ਮਨੋਰੰਜਨ ਦੇ ਸਾਧਨ ਭਾਵ ਖੇਡਾਂ ਨਾਲ ਸੰਬੰਧਿਤ ਗੀਤ ਲਿਖੇ ਹਨ।
ਸੌਂ ਜਾ ਰਾਜਾ,ਸੌਂ ਜਾਵੇ,
ਤੇਰਾ ਬਾਪੂ ਆਇਆ ਵੇ।
ਖੇਲ ਖਿਲੌਨੇ ਲਿਆਇਆ ਵੇ,
ਸੌ ਜਾ ਰਾਜਾ,ਸੌ ਜਾਵੇ।
ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ
ਦੁਪੱਟਾ ਭਰਜਾਈ ਦਾ ਫਿੱਟੇ ਮੂੰਹ ਜਵਾਈ ਦਾ।
ਬਾਰਾਂ ਵਰ੍ਹੇ ਦੀ ਹੋ ਗਈ ਜੈਕੁਰ
[ਸੋਧੋ]ਇਸ ਸਿਰਲੇਖ ਹੇਠ ਰੰਧਾਵੇ ਨੇ ਜਵਾਨ ਧੀ ਦੇ ਪਿਉ ਦੀਆਂ ਉਸਦੇ ਵਿਆਹ ਪ੍ਰਤੀ ਫਿਕਰਾਂ ਨੂੰ ਗੀਤਾਂ ਵਿੱਚ ਬੰਨ੍ਹਿਆ ਹੈ ਅਤੇ ਜਵਾਨ ਧੀ ਦੇ ਵਿਆਹ ਪ੍ਰਤੀ ਚਾਵਾਂ ਨੂੰ ਵੀ ਪੇਸ਼ ਕੀਤਾ ਹੈ।
ਬਾਰਾਂ ਵਰ੍ਹੇ ਦੀ ਹੋਗੀ ਜੈਕੁਰ,ਵਰਾਂ ਤੇਰਵਾ ਚੜਿਆ
ਪਿਉ ਉਹਦੇ ਨੂੰ ਪਤਾ ਜੁ ਲੱਗਾ,ਘਰ ਬਾਹਮਣਾ ਦੇ ਵੜਿਆ।
ਮਾਏ ਨੀ, ਮੇਰਾ ਅੱਜ ਮੁਕਲਾਵਾ ਟੋਰ ਦੇ।
ਪਿਆਰ ਗੀਤ
[ਸੋਧੋ]ਇਸ ਸਿਰਲੇਖ ਹੇਠ ਪਿਆਰ ਨਾਲ ਸੰਬੰਧਤ ਗੀਤ ਹਨ। ਇਸ ਵਿੱਚ ਪਿਆਰ ਦੀਆਂ ਸੰਯੋਗ ਵਿਜੋਗ ਅਵਸਥਾਵਾਂ ਨਾਲ ਸਬੰਧਤ ਗੀਤ ਹਨ। ਇਹ ਕਾਂਗੜੇ ਦੇ ਗੀਤਾਂ ਵਿੱਚੋਂ ਲਏ ਗਏ ਹਨ।
ਉੱਚੜਾ ਬੁਰਜ ਲਾਹੌਰ ਦਾ,ਵੇ ਚੀਰੇ ਵਾਲਿਆ।
ਹੇਠ ਵਗੇ ਦਰਿਆ,ਵੇ ਸੱਜਣ ਮੇਰਿਆ।
ਵਿਆਹ
[ਸੋਧੋ]ਇਸ ਸਿਰਲੇਖ ਅਧੀਨ ਵਿਆਹ ਦੇ ਵੱਖ ਵੱਖ ਮੋਕਿਆ ਨਾਲ ਸੰਬੰਧਿਤ ਜਿਵੇਂ ਘੋੜੀਆਂ, ਸਿਠਣੀਆਂ, ਸੁਹਾਗ, ਛੰਦ, ਜੰਝ ਬੰਨਣੀ ਆਦਿ ਗੀਤ ਹਨ।
ਛੰਦ ਪਰਾਗੇ ਆਈਏ ਜਾਈਏ,ਛੰਦ ਪਰਾਗੇ ਖੀਰਾ।
ਧੀ ਤੁਹਾਡੀ ਏਦਾਂ ਰਖਨਾਂ,ਜਿਉ ਮੁੰਦਰੀ ਵਿੱਚ ਹੀਰਾ।
ਸੰਯੋਗ ਵਿਯੋਗ
[ਸੋਧੋ]ਇਸ ਵਿੱਚ ਸੰਯੋਗ ਵਿਯੋਗ ਦੇ ਗੀਤ ਹਨ। ਇਹ ਵਿਯੋਗ ਮਾਵਾਂ ਦਾ ਪੁੱਤਰਾਂ ਨਾਲ਼ੋਂ ਪ੍ਰੇਮੀਕਾਵਾਂ ਦਾ ਪ੍ਰੇਮੀਆਂ ਨਾਲੋਂ ਹੈ ਅਤੇ ਇਹਨਾਂ ਗੀਤਾਂ ਵਿੱਚ ਵਿਯੋਗ ਦੇ ਨਾਲ-ਨਾਲ ਸੰਯੋਗ ਅਵਸਥਾ ਵੀ ਦਿਖਾਈ ਗਈ ਹੈ।
ਰਾਜੇ ਦਾ ਇੱਕ ਨੌਕਰ ਆਇਆ, ਮਹਿਲਾਂ ਦਿਓ ਨੀ ਉਤਾਰਾ।
ਮਹਿਲਾਂ ਉਤਾਰਾ ਮੈਂ ਕੀਲਣ ਦੇਵਾਂ,ਲਾਲ ਨਹੀਂ ਘਰ ਮੇਰਾ।
ਯਾਦਾਂ ਤੇ ਸੁਨੇਹੇ
[ਸੋਧੋ]ਇਸ ਵਿੱਚ ਯਾਦਾਂ ਤੇ ਸੁਨੇਹੇ ਨਾਲ ਸੰਬੰਧਿਤ ਗੀਤ ਹਨ।ਇਹ ਯਾਦਾਂ ਤੇ ਸੁਨੇਹੇ ਭੈਣ ਦੇ ਭਰਾ ਲਈ,ਧੀਆਂ ਦੇ ਮਾਂ ਤੇ ਬਾਪ ਲਈ,ਪਤਨੀ ਦੇ ਪਰਦੇਸੀ ਪਤੀ ਲਈ ਹਨ।
ਚਿੱਠੀਏ, ਦਰਦ ਫਿਰਾਕ ਵਾਲੀਏ,
ਲੈ ਜਾ,ਲੈ ਜਾ ਸੁਨੇਹੁੜਾ ਸੋਹਣੇ ਯਾਰ ਦਾ
ਪੇਕਾ ਘਰ, ਸਹੁਰਾ ਘਰ
[ਸੋਧੋ]ਇਸ ਵਿੱਚ ਕੁੜੀ ਦੇ ਪੇਕੇ ਘਰ ਤੇ ਸਹੁਰੇ ਘਰ ਨਾਲ ਸੰਬੰਧਿਤ ਲੋਕ ਗੀਤ ਹਨ।ਉਹੋ ਗੀਤਾਂ ਰਾਹੀਂ ਆਪਣੇ ਪੇਕੇ ਅਤੇ ਸਹੁਰੇ ਘਰ ਦੀਆਂ ਚੰਗੀਆਂ ਮਾੜੀਆਂ ਹਾਲਤਾਂ ਦਾ ਬਿਆਨ ਕਰਦੀ ਹੈ।
ਮੇਰੇ ਦਾਜ ਦੀਏ ਕੜਾਹੀਏ,
ਸੱਸ ਸ਼ੁਕਰ ਕੀਤਾ ਧੀ ਆਈ ਏ।
ਤੇ ਰੱਲ ਕੇ ਖਾਈਏ।
ਉਸ ਗੱਡੀ ਆਈਂ ਬਾਬਲਾ, ਜਿਹੜੀ ਧੀਆਂ ਦੇ ਦੇਸ਼ ਨੂੰ ਜਾਵੇ
ਪੀੜੇ ਉੱਤੇ ਬਹਿ ਜਾ ਬਾਬਲਾ, ਤੈਨੂੰ ਸਹੁਰਿਆਂ ਦਾ ਹਾਲ ਸੁਣਾਵਾਂ
ਦਿਉਰ-ਭਰਜਾਈ, ਨਣਦ-ਭਰਜਾਈ, ਭੈਣ-ਭਰਾ
[ਸੋਧੋ]ਇਸ ਵਿੱਚ ਦਿਉਰ-ਭਰਜਾਈ, ਨਣਦ-ਭਰਜਾਈ,ਭੈਣ-ਭਰਾ ਨਾਲ ਸੰਬੰਧਿਤ ਗੀਤ ਹਨ। ਇਸ ਵਿੱਚ ਦਿਉਰ ਨਾਲ ਭਾਬੀ ਦੇ ਪਿਆਰ ਭਰੇ ਗੀਤ ਹਨ ਅਤੇ ਨਣਦ ਕਟਾਖਸ਼ ਨਾਲ ਭਰੇ ਅਤੇ ਭੈਣ ਦੇ ਭਰਾ ਪ੍ਰਤੀ ਪਿਆਰ ਨਾਲ ਭਰੇ ਗੀਤ ਹਨ।
ਮੇਰਾ ਦਿਉਰ ਬੜਾ ਟੁੱਟ -ਪੈਣਾ
ਹੱਸਦੀ ਦੇ ਦੰਦ ਗਿਣਦਾ।
ਜਿੱਥੇ ਨਣਦਾਂ ਦੀ ਸਰਦਾਰੀ,
ਉਹ ਘਰ ਨਹੀਂ ਵੱਸਦੇ।
ਨਿਹੋਰੇ, ਕਟਾਕਸ਼, ਹਾਸ-ਰਸ
[ਸੋਧੋ]ਇਸ ਵਿੱਚ ਨਿਹੋਰੇ, ਕਣਾਕਸ਼, ਹਾਸ-ਰਸ ਨਾਲ ਸੰਬੰਧਿਤ ਲੋਕ ਗੀਤ ਹਨ। ਇਸ ਵਿੱਚ ਛੜਿਆਂ, ਤੀਵੀਆਂ, ਬੁੱਢਿਆਂ, ਬੁੱਚਿਆਂ, ਵਡੇਰੀ ਉਮਰ ਦੇ ਪਤੀ, ਸਹੁਰਿਆਂ ਉੱਤੇ ਵਿਅੰਗ ਕੱਸਿਆ ਗਿਆ ਹੈ।
ਅੱਗ ਲਾ ਕੇ ਫੂਕ ਦਿਆਂ ਗਹਿਣੇ,
ਬਾਪ ਮੁੰਡਾ ਤੇਰੇ ਹਾਣ ਦਾ।
ਚੁੱਲੇ ਅੱਗ ਨਾ ਘੜੇ ਵਿੱਚ ਪਾਣੀ,
ਉਹ ਘਰ ਛੜਿਆ ਦਾ।
ਨਾ ਜਾਈਂ
[ਸੋਧੋ]ਇਸ ਲੋਕ ਗੀਤ ਵਿੱਚ ਪਤਨੀ, ਪ੍ਰੇਮਿਕਾ ਆਪਣੇ ਪਤੀ ਜਾਂ ਪ੍ਰੇਮੀ ਨੂੰ ਫੌਜ਼ ਪ੍ਰਦੇਸ਼ ਵਿੱਚ ਜਾਣ ਤੋਂ ਰੋਕਦੀ ਹੈ।ਇਹ ਗੀਤ ਬਿਰਹਾ ਨਾ ਭਰੇ ਹੋਏ ਹਨ। ਇਸ ਵਿੱਚ ਕਾਂਗੜੇ ਦੇ ਗੱਦੀ ਗੀਤ ਹਨ।
ਜੇ ਤੂੰ ਸਿਪਾਹੀਆਂ ਗਿਆ ਜੰਗ ਵਿਚ,
ਲਾ ਕੇ ਮੈਨੂੰ ਝੋਰਾ।
ਬਿਰਹੋਂ ਹੱਡ ਨੂੰ ਇਉਂ ਖਾ ਜਾਊ,
ਜਿਉਂ ਛੋਲਿਆਂ ਨੂੰ ਢੋਰਾ।
ਹਾਰ-ਸ਼ਿੰਗਾਰ
[ਸੋਧੋ]ਇਸ ਲੋਕ ਗੀਤ ਵਿੱਚ ਔਰਤਾਂ ਦੇ ਗਾਹਿਣਿਆਂ ਨਾਲ ਸੰਬੰਧਿਤ ਲੋਕ ਗੀਤ ਹਨ।ਬਿੰਦੀਆਂ, ਛੱਲੇ,ਟਿੱਕੇ, ਵੰਗਾਂ ਰਾਹੀਂ ਔਰਤਾਂ ਦੇ ਭਾਵਾਂ ਨੂੰ ਪੇਸ਼ ਕੀਤਾ ਗਿਆ।[2]
ਗਲੀ ਗਲੀ ਵਣਜਾਰਾ ਫਿਰਦਾ,
ਤੁਸੀਂ ਵੰਗੜੀਆਂ ਲਵੋ ਨੀ ਚੜ੍ਹਾ।
ਸੱਸ ਗਈ ਕੱਤਣ, ਨਾਣਨ ਗਈ ਤੁੰਮਣ,
ਵੰਗੜੀਆਂ ਤੇ ਲੈਣੀਆਂ ਚੜ੍ਹਾ।
ਚੰਦ ਬੀਬਾ ਸਾਡੇ ਮਾਪਿਆਂ ਨੇ ਦਿੱਤੜੇ,
ਤੂੰ ਟਿੱਕਾ ਘੜਾ ਮੀਨਾਕਾਰੀ।
ਸੂਰਮਗਤੀ
[ਸੋਧੋ]ਇਸ ਵਿੱਚ ਪੰਜਾਬ ਦੇ ਸੂਰਮਿਆਂ ਜੀਊਣਾ ਮੌੜ,ਬੂਟਾ ਸਿੰਘ, ਨਾਬ ਦੀਆਂ ਸੂਰਮਗਤੀ ਨੂੰ ਲੋਕ ਗੀਤਾਂ ਰਾਹੀਂ ਬਿਆਨ ਕੀਤਾ ਗਿਆ ਹੈ।
ਘਲ ਘਰ ਪੁੱਤ ਜੰਮਦੇ,
ਜੀਊਣਾ ਮੋੜ ਨਾ ਕਿਸੇ ਬਣ ਜਾਣਾ
ਜੀਊਣਾ ਮੋੜ ਵੱਡਿਆਂ ਨਾ ਜਾਵੇ,
ਛਵੀਆਂ ਦੇ ਘੁੰਡ ਮੁੜ ਗਏ।
ਆਹਰ -ਪਾਹਰ
[ਸੋਧੋ]ਇਸ ਲੋਕ ਗੀਤ ਰਾਹੀਂ ਪੰਜਾਬ ਦੇ ਵੱਖ -ਵੱਖ ਲੋਕਾਂ ਦੇ ਕੰਮਾਂ ਨੂੰ ਗੀਤਾਂ ਰਾਹੀਂ ਪੇਸ਼ ਕੀਤਾ ਗਿਆ ਹੈ।ਵੱਖ -ਵੱਖ ਜਾਤਾਂ ਦੇ ਲੋਕਾਂ ਦੇ ਕੰਮ ਨੂੰ ਜਿਵੇਂ ਦਰਜ਼ੀ, ਝੀਊਰੀ, ਜੱਟਾਂ ਔਰਤ ਕੰਮ ਨੂੰ ਲੋਕ ਗੀਤਾਂ ਬਿਆਨ ਕੀਤਾ ਹੈ।
ਟੁੱਟ ਪੈਣੇ ਦਰਜ਼ੀ ਨੇ,
ਮੇਰੀ ਰੱਖ ਲਈ ਝੱਗੇ ਚੋਂ ਟਾਕੀ।
ਦਿਨ -ਦਿਹਾਰ ਤੇ ਮੇਲੇ -ਮੁਸਾਵੇ
[ਸੋਧੋ]ਇਸ ਲੋਕ ਗੀਤ ਵਿੱਚ ਪੰਜਾਬ ਦੇ ਦਿਨਾਂ ਤਿਉਹਾਰ, ਮੇਲਿਆਂ ਦੇ ਬਿਆਨ ਕੀਤਾ ਹੈ।ਜਿਵੇਂ ਤੀਆਂ ਦੇ ਤਿਉਹਾਰ, ਚੜਿੱਕ ਦਾ ਮੇਲਾ ਅਲਕਾਂ ਦਾ ਨੂੰ ਗੀਤਾਂ ਰਾਹੀਂ ਬਿਆਨ ਕੀਤਾ।
ਰਲ ਆਓ ਸਈਓ ਨੀ,
ਸਭ ਤੀਆਂ ਖੇਡਣ ਜਾਇਏ।
ਹੁਣ ਆ ਗਿਆ ਸਾਵਣ ਨੀ,
ਪੀਂਘਾਂ ਪਿੱਪਲੀ ਜਾ ਕੇ ਪਾਈਏ।
ਪ੍ਰੀਤ-ਗਾਥਾ
[ਸੋਧੋ]ਇਸ ਵਿੱਚ ਪੰਜਾਬ ਦੇ ਪ੍ਰੇਮੀ ਜੋੜਿਆਂ ਦੇ ਪਿਆਰ ਭਾਵਾਂ ਨੂੰ ਗੀਤ ਰਾਹੀਂ ਬਿਆਨ ਕੀਤਾ ਹੈ।ਇਸ ਵਿੱਚ ਹੀਰ -ਰਾਂਝਾ, ਮਿਰਜ਼ਾ -ਸਾਹਿਬਾਂ, ਸੱਸੀ -ਪੰਨੂ,ਸੋਹਣੀ -ਮਹਿਵਾਲ ਦੀਆਂ ਕਹਾਣੀਆਂ ਨੂੰ ਬਿਆਨ ਕੀਤਾ।
ਸੋਹਣੀ ਪੀਰ ਫ਼ਕੀਰ ਧਿਆਵੇ,
ਹਾਏ ਰੱਬਾ ਵੇ ਮਹੀਂਵਾਲ ਮਿਲਾ।
ਪਈ ਵਾਜ ਸੋਹਣੀ ਦੀ ਆਵੇ,
ਹਾਏ ਰੱਬਾ ਵੇ ਮਹੀਂਵਾਲ ਮਿਲਾ।</ poem>
==ਰੁੱਤਾਂ, ਖੇਤੀਆਂ, ਬਾਰਾਂ -ਮਾਂਹੇਂ==
ਇਹਨਾਂ ਲੋਕ ਗੀਤਾਂ ਵਿੱਚ ਪੰਜਾਬ ਦੀਆਂ ਰੁੱਤਾਂ, ਫਸਲਾਂ ਅਤੇ ਦੇਸੀ ਮਹੀਨੇ ਗੀਤਾਂ ਰਾਹੀਂ ਵਰਣਨ ਕੀਤਾ ਹੈ।ਜਿਵੇਂ ਚੇਤਰ,ਬਾਰਾਂ -ਮਾਹਾਂ ਆਦਿ।
<poem>ਚੇਤਰ ਦਾ ਮਹੀਨਾ,
ਪਾਣੀ ਦੇਵਾਂ ਸ਼ਕਰ ਕੰਦੀ ਨੂੰ।
ਹਾਲੇ ਵੀ ਕੀ ਆਖਾਂ,
ਮੂੰਹ ਦੇ ਮਿੱਠੇ ਦਿਲ ਦੇ ਖੋਟੇ ਨੂੰ।
ਵੈਣ
[ਸੋਧੋ]ਪੰਜਾਬੀ ਸੁਆਣੀ ਦੁਖੀ ਦਿਲ ਦੀਆਂ ਅਸਹਿ ਸੱਟਾਂ ਨੂੰ ਮਰਨ ਸਮੇਂ ਵੈਣ ਪਾ ਪਾ ਕੇ ਦੁਨੀਆ ਦੀ ਬੇਸਬਾਸੀ, ਮੌਤ ਦੇ ਅੱਲਟ ਹੁਕਮ ਤੇ ਮਰਨ ਵਾਲੇ ਦੀਆਂ ਸਿਫ਼ਤਾਂ ਮਿਲਵੀਂ ਹੇਕ ਵਿੱਚ ਦਰਸਾਂਦੀ ਹੈ।ਇਹਨਾਂ ਲੋਕ ਗੀਤਾਂ ਵਿੱਚ ਬੁੱਢੇ ਦੀ ਮੌਤ ਸਮੇਂ ਦੇ ਪਾਏ ਜਾਣ ਵਾਲੇ ਵੈਣ ਨੂੰ ਗੀਤਾਂ ਰਾਹੀਂ ਬਿਆਨ ਕੀਤਾ ਹੈ।ਜਿਵੇਂ[3]
ਤੈਨੂੰ ਮੌਤ ਪੁਛੇਂਦੀ ਆਈ,ਧੀਏ!
ਹਾਇਆ ਧੀਏ!
ਤੈਨੂੰ ਕੀ ਹੋਇਆਂ ਕੀ ਹੋਇਆਂ,
ਬੀਬਾ ਮੋਰਨੀਏ!
ਹਾਇਆ,ਧੀਏ ਮੋਰਨੀਏ!
ਮਿਥਿਹਾਸ -ਇਤਿਹਾਸ
[ਸੋਧੋ]ਇਹਨਾਂ ਲੋਕ ਗੀਤਾਂ ਵਿੱਚ ਇਤਿਹਾਸਕ -ਮਿਥਿਹਾਸਕ ਸਿਰਲੇਖ ਹੇਠ ਭਾਰਤ ਦੇ ਮਹਾਂ ਸ਼ਹੀਦਾਂ ਦੀਆਂ ਸ਼ਹੀਦੀਆਂ ਨੂੰ ਲੋਕ ਗੀਤਾਂ ਵਿੱਚ ਕਲਮ ਬੰਧ ਕੀਤਾ ਹੈ।ਜਿਵੇਂ ਮਿਥਿਹਾਸਕ ਘਟਨਾਂ ਨੂੰਹ ਦੀ ਬਲੀ,ਗੁੱਗਾ ਪੀਰ ਦੀ ਸ਼ਹੀਦੀ, ਇਤਿਹਾਸਕ ਘਟਨਾ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੀ ਕੁਰਬਾਨੀ, ਭਗਤ ਸਿੰਘ ਦੀ ਸ਼ਹੀਦੀ ਨੂੰ ਦਰਜਾ ਕੀਤਾ।
ਇੱਕ ਸਲਾਮਾਂ, ਮੇਰੀਆਂ ਦੋਏ ਸਲਾਮਾਂ।
ਗੁਰੂ ਗੋਰਖਾ, ਪੈਦਾ ਓਏ ਕਰਦਿਆਂ।
ਚੱਲੋ ਸਈਓ ਚੱਲ ਦਰਸ਼ਨ ਕਰੀਏ,
ਗੁਰੂ ਗੋਬਿੰਦ ਸਿੰਘ ਆਏ।
ਬਈ ਆਪਣੇ ਲਾਲ ਜਿਨ੍ਹਾਂ,
ਕੰਧਾਂ ਵਿੱਚ ਚਿਣਵਾਏ।
ਰਾਜਨੀਤਕ ਵੰਨਗੀ ਆਰਥਿਕ -ਸਮਾਜਕ ਛਾਪ
[ਸੋਧੋ]ਇਹਨਾਂ ਲੋਕ ਗੀਤਾਂ ਵਿੱਚ ਪੰਜਾਬੀ ਰਾਜਨੀਤਿਕ, ਆਰਥਿਕ, ਸਮਾਜਿਕ ਹਾਲਤਾਂ ਨੂੰ ਕਲਮਬੱਧ ਕੀਤਾ ਹੈ।ਮਹਿੰਗਾਈ ਦੇ ਦਿਲ -ਵਿਨਵੇਂ ਗੀਤ ਕੀਤੀ ਹੈ।
ਪੈ ਗਿਆ ਡਾਢਾ ਕਾਲ ਭਰਾਵੋ,
ਪੈ ਗਿਆ ਡਾਢਾ ਕਾਲ।
ਡੂਢ ਸੇਰ ਹੁਣ ਆਟਾ ਮਿਲਦਾ,
ਸੇਰ ਰੁਪਈਏ ਦਾਲ।
ਸਤਨਾਜਾ
[ਸੋਧੋ]ਇਹਨਾਂ ਲੋਕ ਗੀਤਾਂ ਵਿੱਚ ਸਤਨਾਜੇ ਦੀ ਤਰ੍ਹਾਂ ਪੰਜਾਬ ਦੀਆਂ ਵੱਖ -ਵੱਖ ਵੰਨਗੀਆਂ ਨੂੰ ਲੋਕ ਗੀਤਾਂ ਰਾਹੀਂ ਪੇਸ਼ ਕੀਤਾ ਗਿਆ ਹੈ।ਇਸ ਵਿੱਚ ਰਿਸ਼ਤਿਆਂ, ਪ੍ਰੇਮ, ਕਹਾਣੀਆਂ, ਫ਼ਸਲਾਂ, ਲੋਕ ਖੇਡਾਂ, ਢੋਲੇ, ਮਾਹੀਆਂ ਆਦਿ ਨੂੰ ਪੇਸ਼ ਕੀਤਾ ਹੈ।[4]
ਸੋਹਣੀ ਲੱਗ ਗਿਆ ਬੋਹੜ ਦਾ ਬੂਟਾ,
ਘਰ ਘੁਮਿਆਰਾਂ ਦੇ।
ਕੁਲੀ ਪਾਰ ਝਨਾਂ ਤੋਂ ਪਾਈ,
ਖ਼ਾਤਰ ਸੋਹਣੀ ਦੀ!
ਪਿੰਡ ਵਿੱਚ ਰੱਬ ਵੱਸਦਾ
[ਸੋਧੋ]ਇਹਨਾਂ ਲੋਕ ਗੀਤ ਵਿੱਚ ਪਿੰਡ ਦੇ ਲੋਕਾਂ ਦੀਆਂ ਖਾਸ ਕਰ ਕੁੜੀਆਂ ਦੀਆਂ ਭਾਵਨਾਵਾਂ ਨੂੰ ਲੋਕ ਗੀਤਾਂ ਰਾਹੀਂ ਬਿਆਨ ਕੀਤਾ, ਪਿੰਡ ਦੇ ਵਿੱਚ ਵੱਸਦਾ ਦਿਖਾਇਆ ਗਿਆ ਹੈ।
ਚੜ੍ਹ ਵੇ ਚੰਨਾ ਤੇਰੀ ਗਿੱਠ ਗਿੱਠ ਲਾਲੀ।
ਮਾਪੇ ਹੁੰਦੇ ਨੀ ਧੀਆਂ ਦੇ ਵਾਲੀ।
ਚੜ੍ਹ ਵੇ ਚੰਨਾ ਤੂੰ ਕਰ ਰੁਸ਼ਨਾਈ।
ਜੀਵਨ ਸਾਡੇ ਮਾਂ,ਪਿਉ, ਭਾਈ।
ਲੋਕ -ਨਾਚ
[ਸੋਧੋ]ਇਸ ਵਿੱਚ ਪੰਜਾਬ ਦੇ ਲੋਕ ਨਾਚ ਝੂੰਮਰ,ਸੰਮੀ,ਭੰਗੜਾ ਅਤੇ ਪਹਾੜੀ ਨਾਚ ਆਦਿ ਨੂੰ ਲੋਕ ਗੀਤਾਂ ਦੇ ਰੂਪ ਵਿੱਚ ਪੇਸ਼ ਕੀਤਾ ਹੈ।ਖਾਸ ਕਰਕੇ ਵਿਆਹ ਸਮੇਂ ਯਾ ਜਦੋਂ ਵੀ ਗੱਭਰੂਆਂ ਦਾ ਜੀ ਚਾਹੇ,ਉਹ ਭਰਾਈ ਨੂੰ ਸਦਾਉਂਦੇ ਹਨ।
ਪਾਰ ਝਨਾਓਂ ਵਸਦਾ ਈ ਬੇਲ।
ਦਬ ਕੇ ਡਗਾ ਮਾਰ, ਓ ਸ਼ੇਖਾ!
ਦੁਨੀਆ ਝਟ ਦਾ ਮੇਲਾ।
ਬੁਝਾਰਤਾਂ
[ਸੋਧੋ]ਪਿੰਡਾਂ ਵਿੱਚ ਬੁਝਾਰਤਾਂ ਰਾਹੀਂ ਬੱਚਿਆਂ ਨੂੰ ਦੁਨੀਆ ਨਾਲ ਇਕ- ਮਿਕ ਹੋ ਕੇ ਰਹਿਣ ਦੀ ਪ੍ਰੇਰਣਾ ਦਿੱਤੀ ਜਾਂਦੀ ਹੈ।ਭਾਰਤ ਦੀ ਹਰ ਭਾਸ਼ਾ ਵਿੱਚ ਬੁਝਾਰਤਾਂ ਮੌਜੂਦ ਹਨ।ਮਾਨਵ -ਵਿਗਿਆਨ ਦੀ ਦ੍ਰਿਸ਼ਟੀ ਤੋਂ ਕਿਸੇ ਬੁਝਾਰਤ ਦੀ ਮੱਹਤਤਾ ਪ੍ਰਤੱਖ ਹੈ।ਕਿਸੇ ਕਬੀਲੇ ਦੀਆਂ ਬੁਝਾਰਤਾਂ ਕੇਵਲ ਬਾਲਾਂ ਦੇ ਖਿਡੌਣੇ ਹੀ ਨਹੀਂ ਹੁੰਦੀਆਂ।ਇਹਨਾਂ ਤੋਂ ਉਸ ਵਿਉਂਤ ਦੀ ਸੂਹੀ ਲੱਗਦੀ ਹੈ,ਜਿਹੜੀ ਇੱਕ ਕਬੀਲੇ ਨੂੰ ਹੋਰਨਾਂ ਕਬੀਲਿਆਂ ਤੋਂ ਵੱਖਰਾ ਕਰਦੀ ਹੈ।[5]
ਸਬਜ਼ ਕਟੋਰੀ ਮਿੱਠਾ ਭੱਤ।
ਲੁੱਟੋ ਸਈਓ ਹੱਥੋਂ ਹੱਥ!
ਖ਼ਰਬੂਜ਼ਾ
ਮੂੰਹ ਨਾਲ ਮੂੰਹ ਲਾਇਆ
ਤੈਨੂੰ ਕੌਣ ਰੋਣ ਆਇਆ।
ਕਪੜੇ ਦੀ ਟਾਕੀ
ਆਖਣ
[ਸੋਧੋ]ਹਰ ਭਾਸ਼ਾ ਦੇ ਆਪਣੇ ਆਖਣ ਹਨ,ਭਾਵੇਂ ਕੋਈ ਵੀ ਆਖਣ ਭੇਸ ਵਟਾ ਕੇ ਕਈ ਦੇਸ਼ਾਂ ਵਿੱਚ ਪ੍ਰਚਲਿਤ ਹਨ।ਜਦੋਂ ਹਾਲੇ ਲਿਖਣ -ਪੜ੍ਹਣ ਦਾ ਰਿਵਾਜ ਚਾਲੂ ਨਹੀਂ ਸੀ ਹੋਇਆ ਲੋਕ ਬਹੁਤ ਕੁਝ ਜ਼ਬਾਨੀ ਯਾਦ ਰਖਦੇ ਸੀ।ਆਖਣਾ ਵੀ ਪਰੰਪਰਾ ਤੋਂ ਸੀਨੇ -ਬਸੀਨੇ ਚਲੇ ਆਉਂਦੇ ਹਨ।ਪੰਜਾਬ ਦੇ ਆਖਣਾਂ ਵਿੱਚ ਖੇਤੀਬਾੜੀ, ਮੀਂਹ, ਸੂਰਜ, ਜਾਤੀਆਂ ਦੇ ਗੁਣ-ਔਗੁਣ, ਆਦਤਾਂ ਤੇ ਸਭਾਉ,ਡੰਗਰਾਂ ਦੇ ਵਰਵੇ ਮਿਲਦੇ ਹਨ।
ਅਗੇਤਾ ਝਾੜ ਪਛੇਤੀ ਸਥਰੀ।
ਸਾਵਣ ਨਾ ਸਾਵਣ ਵਾਹੀਂ ਏਕ ਵਾਰ,
ਫਿਰ ਭਾਵੇਂ ਵਾਹੀਂ ਵਾਰ ਵਾਰ।
ਉੱਖੜੀ ਕੁਹਾੜੀ, ਉਏ ਕਰ ਬੋਲੇ ਨਾਰੀ।
ਜੀ ਕਰ ਮਾਗੇਂ ਦਾਮਾਂ,ਤਿੰਨੇ ਨਿਹਫਲ ਕਾਮਾਂ।
ਸੱਪ,ਸੂਦ,ਸੁਨਿਆਰ।
ਤਿੰਨੇ ਨਹੀਂ ਕਿਸੇ ਦੇ ਯਾਰ
ਅੰਤ ਵਿੱਚ ਇਸ ਪੁਸਤਕ ਵਿੱਚ ਪੁਸਤਕ ਸੂਚੀ ਹੈ।ਜੋ ਕਿ ਪੰਜਾਬੀ ਲੋਕ -ਗੀਤ ਪੁਸਤਕ ਨੂੰ ਬਣਾਉਣ ਲਈ ਗਈ ਪੁਸਤਕ ਸੂਚੀ ਹੈ।ਅੰਤ ਵਿੱਚ ਸੰਕੇਤਕ ਨੂੰ ਵੀ ਦਰਜ ਕੀਤਾ ਹੈ।[6]
ਹਵਾਲੇ
[ਸੋਧੋ]- ↑ ਪੰਜਾਬੀ ਦੇ ਲੋਕ ਗੀਤ,ਮਹਿੰਦਰ ਸਿੰਘ ਰੰਧਾਵਾ ਅਤੇ ਦਵਿੰਦਰ ਸਤਿਆਰਥੀ,ਪੰਨਾ:17-149
- ↑ ਪੰਜਾਬੀ ਦੇ ਲੋਕ ਗੀਤ,ਮਹਿੰਦਰ ਸਿੰਘ ਰੰਧਾਵਾ ਅਤੇ ਦਵਿੰਦਰ ਸਤਿਆਰਥੀ,ਪੰਨਾ:415
- ↑ ਪੰਜਾਬੀ ਦੇ ਲੋਕ ਗੀਤ,ਮਹਿੰਦਰ ਸਿੰਘ ਰੰਧਾਵਾ ਅਤੇ ਦਵਿੰਦਰ ਸਤਿਆਰਥੀ,ਪੰਨਾ:459
- ↑ ਪੰਜਾਬੀ ਦੇ ਲੋਕ ਗੀਤ,ਮਹਿੰਦਰ ਸਿੰਘ ਰੰਧਾਵਾ ਅਤੇ ਦਵਿੰਦਰ ਸਤਿਆਰਥੀ,ਪੰਨਾ:490
- ↑ ਪੰਜਾਬੀ ਦੇ ਲੋਕ ਗੀਤ,ਮਹਿੰਦਰ ਸਿੰਘ ਰੰਧਾਵਾ ਅਤੇ ਦਵਿੰਦਰ ਸਤਿਆਰਥੀ,ਪੰਨਾ:553
- ↑ ਪੰਜਾਬੀ ਦੇ ਲੋਕ ਗੀਤ,ਮਹਿੰਦਰ ਸਿੰਘ ਰੰਧਾਵਾ ਅਤੇ ਦਵਿੰਦਰ ਸਤਿਆਰਥੀ,ਪੰਨਾ:564