ਸਮੱਗਰੀ 'ਤੇ ਜਾਓ

ਮਾਈਆਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬੱਟਣਾ ਰਸਮ ਦੌਰਾਨ ਇੱਕ ਸਿੱਖ ਪਰਿਵਾਰ

ਮਾਈਆਂ ਪੰਜਾਬੀ ਵਿਆਹ ਦੀ ਇੱਕ ਰਸਮ ਹੈ। ਪਹਿਲੇ ਸਮਿਆਂ ਵਿੱਚ ਵਿਆਹੇ ਜਾਣ ਵਾਲੇ ਮੁੰਡੇ-ਕੁੜੀ ਦੀ ਖੁਰਾਕ ਦਾ ਬਹੁਤ ਖਿਆਲ ਰੱਖਿਆ ਜਾਂਦਾ ਸੀ। ਉਦੋਂ ਦੁਧ ਘਿਉ ਤੋਂ ਹੀ ਬਣਦੇ ਪਦਾਰਥ ਹੁੰਦੇ ਸਨ ਤੇ ਇਹੀ, ਖਾਸਕਰ ਦੁਧ ਘਿਉ ਤੋਂ ਬਣਦੀ ਪੰਜੀਰੀ, ਤਾਕਤਵਰ ਮੰਨੇ ਜਾਂਦੇ ਸਨ। ਸ੍ਰੀ ਕਹਿਲ ਦੇ ਸ਼ਬਦਾਂ ਵਿਚ, “ਇਸ ਤਰ੍ਹਾਂ ਮੁੰਡੇ-ਕੁੜੀ ਦਾ ਵਿਆਹ ਧਰਨ ਪਿਛੋਂ ਜੋ ਘਰ ਵਾਲੇ ਅਤੇ ਰਿਸ਼ੇਤਦਾਰ ਪੰਜੀਰੀ ਰਲਾ ਕੇ ਮੁੰਡੇ/ਕੁੜੀ ਨੂੰ ਖਾਣ ਨੂੰ ਦਿੰਦੇ ਸਨ, ਉਸ ਪੰਜੀਰੀ ਨੂੰ ਮਾਈਆਂ ਆਖਿਆ ਜਾਂਦਾ ਸੀ। ਪਹਿਲਾਂ ਮਾਈਆਂ ਮੁੰਡੇ-ਕੁੜੀ ਦੇ ਨਾਨਕੇ ਭੇਜਦੇ ਸਨ। ਫੇਰ ਭੂਆ / ਮਾਸੀਆਂ ਭੇਜਦੀਆਂ ਸਨ। ਘਰ ਵਾਲੇ ਦੀ ਪੰਜੀਰੀ ਤਾਂ ਹੁੰਦੀ ਹੀ ਸੀ। ਜਿਸ ਦਿਨ ਮੁੰਡੇ-ਕੁੜੀ ਦਾ ਵਿਆਹ ਨੀਅਤ ਕੀਤਾ ਜਾਂਦਾ ਸੀ, ਉਸੇ ਦਿਨ ਤੋਂ ਮੁੰਡੇ-ਕੁੜੀ ਨੂੰ ਮਾਈਏਂ ਪਿਆ ਕਿਹਾ ਜਾਂਦਾ ਸੀ।”[1]

ਇਸ ਪੰਜੀਰੀ ਨੂੰ ਵੀ ਮਾਈਆਂ ਕਿਹਾ ਜਾਂਦਾ ਹੈ। ਵਿਆਹ ਤੋਂ ਪਹਿਲਾਂ ਵਟਣਾ ਮਲਣ ਦੀ ਰਸਮ ਨੂੰ ਵੀ ਮਾਈਆਂ ਕਿਹਾ ਜਾਂਦਾ ਹੈ।

ਮੁੰਡੇ/ਕੁੜੀ ਦੇ ਵਿਆਹ ਦੇ ਦਿਨ ਨਿਯਤ ਹੋਣ ਤੋਂ ਪਿੱਛੋਂ ਘਰ ਵਾਲੇ ਅਤੇ ਨਜ਼ਦੀਕੀ ਰਿਸ਼ਤੇਦਾਰ ਮੁੰਡੇ/ਕੁੜੀ ਨੂੰ ਖਾਣ ਲਈ ਜੋ ਪੰਜੀਰੀ ਦਿੰਦੇ ਹਨ, ਉਸ ਪੰਜੀਰੀ ਨੂੰ ਮਾਈਆਂ ਕਿਹਾ ਜਾਂਦਾ ਹੈ। ਪੰਜੀਰੀ ਘਿਉ, ਆਟਾ ਤੇ ਸ਼ੱਕਰ ਨਾਲ ਬਣਦੀ ਸੀ। ਫੇਰ ਸ਼ੱਕਰ ਦੀ ਥਾਂ ਖੰਡ ਵਰਤੀ ਜਾਣ ਲੱਗੀ। ਜਿਸ ਦਿਨ ਮੁੰਡੇ/ਕੁੜੀ ਦਾ ਵਿਆਹ ਧਰਿਆ ਜਾਂਦਾ ਹੈ, ਉਸ ਦਿਨ ਤੋਂ ਹੀ ਮੁੰਡੇ/ਕੁੜੀ ਨੂੰ “ਮਾਈਏ ਪਿਆ ਕਿਹਾ ਜਾਂਦਾ ਹੈ। ਵਿਆਹ ਦੇ ਨਿਯਤ ਦਿਨ ਨੂੰ “ਸਾਹਾ” ਕਹਿੰਦੇ ਹਨ। ਮਾਈਆਂ ਦੇਣ ਦਾ ਮੰਤਵ ਮੁੰਡੇ/ਕੁੜੀ ਨੂੰ ਚੰਗੀ ਖੁਰਾਕ ਦੇ ਕੇ ਉਸ ਦੀ ਚੰਗੀ ਸਿਹਤ ਬਣਾਉਣਾ ਹੁੰਦਾ ਹੈ। ਪਹਿਲੇ ਸਮਿਆਂ ਵਿਚ ਘਿਉ ਅਤੇ ਘਿਉ ਨਾਲ ਬਣਾਈਆਂ ਵਸਤਾਂ ਹੀ ਤਾਕਤ ਵਧਾਉਣ ਵਾਲੀਆਂ ਮੰਨੀਆਂ ਜਾਂਦੀਆਂ ਸਨ।

ਸ਼ਰੀਕੇ ਵਾਲੇ ਤੇ ਖ਼ਾਸ ਮਿਲਵਰਤਣ ਵਾਲੇ ਪਰਿਵਾਰ ਵੀ ਮਾਈਆਂ ਦਿੰਦੇ ਸਨ। ਪਰ ਇਨ੍ਹਾਂ ਮਾਈਆਂ ਵਿਚ ਆਟੇ ਦਾ ਥਾਲ, ਘਿਉ ਦੀ ਕੌਲੀ ਤੇ ਗੁੜ ਸ਼ਾਮਲ ਹੁੰਦਾ ਸੀ। ਦਰਅਸਲ ਪਹਿਲੇ ਸਮਿਆਂ ਵਿਚ ਖੇਤੀ ਮੀਹਾਂ ਤੇ ਨਿਰਭਰ ਹੋਣ ਕਰਕੇ ਆਈ ਚਲਾਈ ਹੀ ਚਲਦੀ ਸੀ। ਇਸ ਲਈ ਮੁੰਡੇ/ਕੁੜੀਆਂ ਦੇ ਵਿਆਹ ਸਾਰੇ ਰਿਸ਼ਤੇਦਾਰ ਅਤੇ ਸ਼ਰੀਕੇ ਵਾਲੇ ਮਿਲ ਕੇ ਕਰਦੇ ਸਨ। ਮਾਈਆਂ ਵਿਚ ਵਿਆਹ ਜੋਗਾ ਆਟਾ, ਘਿਉ ਤੇ ਗੁੜ ਕੱਠਾ ਹੋ ਜਾਂਦਾ ਸੀ। ਉਨ੍ਹਾਂ ਸਮਿਆਂ ਵਿਚ ਬਰਾਤਾਂ ਲਈ ਗੁੜ ਦਾ ਕੜਾਹ ਹੀ ਮਠਿਆਈ ਹੁੰਦਾ ਸੀ। ਰਿਸ਼ਤੇਦਾਰਾਂ ਅਤੇ ਸ਼ਰੀਕੇ ਵਾਲਿਆਂ ਦੇ ਨਿਉਂਦੇ ਨਾਲ ਰੁਪੈ ਕੱਠੇ ਹੋ ਜਾਂਦੇ ਸਨ।

ਅੱਜਕਲ੍ਹ ਰਿਸ਼ਤੇਦਾਰ ਮਾਈਆਂ ਦੇਣ ਦੀ ਥਾਂ ਨਕਦ ਰੁਪੈ ਦੇਣ ਲੱਗ ਪਏ ਹਨ। ਸਾਡੀ ਵਿਆਹ ਦੀ ਮਾਈਆਂ ਦੇਣ ਦੀ ਇਹ ਰਸਮ ਲੱਗਪਗ ਖ਼ਤਮ ਹੀ ਹੋ ਗਈ ਹੈ।[2]

ਮਾਈਆਂ ਬਾਰੇ ਇੱਕ ਲੋਕ ਗੀਤ

[ਸੋਧੋ]

 
ਸੱਚ ਦੱਸੀਂ ਮੇਰੇ ਲਾਡ ਲਡਿੱਕਿਆ,
ਪਹਿਲਾ ਮਾਈਆਂ ਤੈਨੂੰ ਕਿਹਦੇ?
ਦਾਦੀ ਸੌ ਪੁੱਤੀ, ਬਾਬਾ ਸੌ ਧਰਮੀ,
ਪਹਿਲਾ ਮਾਈਆਂ ਮੈਨੂੰ ਉਹਦੇ ਨੀ ਭੈਣੋ।
ਸੱਚ ਦੱਸੀਂ ਮੇਰੇ ਲਾਡ ਲਡਿੱਕਿਆ,
ਪਹਿਲਾ ਮਾਈਆਂ ਤੈਨੂੰ ਕਿਹਦੇ?
ਮਾਂ ਸੌ ਪੁੱਤੀਂ, ਪਿਉ ਸੌ ਧਰਮੀ,
ਪਹਿਲਾ ਮਾਈਆਂ ਮੈਨੂੰ ਉਹਦੇ ਨੀ ਭੈਣੋ।
ਸੱਚ ਦੱਸੀਂ ਮੇਰੇ ਲਾਡ ਲਡਿੱਕਿਆ,
ਪਹਿਲਾ ਮਾਈਆਂ ਤੈਨੂੰ ਕਿਹਦੇ?
ਚਾਚੀ ਸੌ ਪੁੱਤੀ, ਚਾਚਾ ਸੌ ਧਰਮੀ,
ਪਹਿਲਾ ਮਾਈਆਂ ਮੈਨੂੰ ਉਹਦੇ ਨੀ ਭੈਣੋ।
ਸੱਚ ਦੱਸੀਂ ਮੇਰੇ ਲਾਡ ਲਡਿੱਕਿਆ,
ਪਹਿਲਾ ਮਾਈਆਂ ਤੈਨੂੰ ਕਿਹਦੇ?
ਤਾਈ ਸੌ ਪੁੱਤੀ, ਤਾਇਆ ਸੌ ਧਰਮੀ,
ਪਹਿਲਾ ਮਾਈਆਂ ਮੈਨੂੰ ਉਹਦੇ ਨੀ ਭੈਣੋ।
ਸੱਚ ਦੱਸੀਂ ਮੇਰੇ ਲਾਡ ਲਡਿੱਕਿਆ,
ਪਹਿਲਾ ਮਾਈਆਂ ਤੈਨੂੰ ਕਿਹਦੇ?
ਭਰਜਾਈ ਸੌ ਪੁੱਤੀ, ਵੀਰਾ ਸੌ ਧਰਮੀ,
ਪਹਿਲਾ ਮਾਈਆਂ ਮੈਨੂੰ ਉਹਦੇ ਨੀ ਭੈਣੋ।

ਹਵਾਲੇ

[ਸੋਧੋ]
  1. http://www.punjabtimesusa.com/news/?p=6084[permanent dead link]
  2. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.