ਨਾਦਰ ਸ਼ਾਹ ਦੀ ਵਾਰ
ਨਾਦਰ ਸ਼ਾਹ ਦੀ ਵਾਰ ਨਜਾਬਤ ਦੁਆਰਾ ਨਾਦਰ ਸ਼ਾਹ ਦੇ ਭਾਰਤ ਉੱਤੇ ਹਮਲੇ ਸੰਬੰਧੀ ਇੱਕ ਵਾਰ ਹੈ। ਨਾਦਰ ਸ਼ਾਹ ਦੀ ਵਾਰ ਲਿਖਤੀ ਰੂਪ ਵਿੱਚ ਨਹੀਂ ਮਿਲਦੀ ਸਗੋਂ 1898 ਵਿੱਚ ਸਰ ਐਡਵਰਡ ਮੈਕਲੋਗਨ ਨੇ ਬਾਰ ਇਲਾਕੇ ਦੇ ਮਰਾਸੀ ਦੇ ਮੂੰਹੋਂ ਸੁਣਿਆ ਤੇ ਪੰਡਤ ਹਰੀ ਕ੍ਰਿਸ਼ਨ ਕੋਲ ਨੂੰ ਲਿਖਣ ਲਈ ਪ੍ਰੇਰਿਆ।ਪੰਡਤ ਜੀ ਨੇ ਜਿੰਨੀ ਕੁ ਵਾਰ ਮਿਲੀ ਉਸਨੂੰ ਲਿਖਤੀ ਰੂਪ ਦਿੱਤਾ।
ਵਾਰ ਦੇ ਕਰਤਾ ਨੇ ਦੋ ਤੁਕਾਂ ਵਿੱਚ 564 ਅਤੇ 849 ਵਿੱਚ ਆਪਣਾ ਨਾਂ `ਨਜਾਬਤ` ਦਿੱਤਾ। ਕਈ ਵਿਦਵਾਨਾਂ ਦਾ ਕਹਿਣਾ ਹੈ ਕਿ ਇਹ ਨਜਾਬਤ ਦੀ ਨਹੀਂ ਸਗੋਂ ਰਾਵਲਪਿੰਡੀ ਸ਼ਹਿਰ ਵਸਾਉਣ ਵਾਲੇ ਸ਼ਾਹ ਚੰਨ ਚਰਾਗ ਨੇ ਲਿਖੀ ਅੱਗੋਂ ਉਸਦੇ ਚੇਲੇ ਨਜਾਬਤ ਨੇ ਇਸਨੂੰ ਮਾਂਜ ਸਵਾਰ ਤੇ ਅਦਲ ਬਦਲ ਕਰਕੇ ਪ੍ਰਸਿੱਧ ਕੀਤੀ।ਪਰ ਪੰਡਤ ਹਰੀ ਕ੍ਰਿਸ਼ਨ ਕੋਲ ਇਸ ਗੱਲ ਨਾਲ ਸਹਿਮਤ ਨਹੀਂ ਹਨ।`ਨਜਾਬਤ` ਦੇ ਜੰਮਣ ਮਰਣ ਦੀਆਂ ਤਾਰੀਖਾਂ ਦਾ ਕੋਈ ਪਤਾ ਨਹੀਂ ਲਗਦਾ ਪਰ ਇਹ ਪਤਾ ਲਗਦਾ ਹੈ ਕਿ `ਨਜਾਬਤ` ਮਟੀਲਾ ਹਰਲਾਂ ਜ਼ਿਲਾ ਸ਼ਾਹਪੁਰ ਦਾ ਹਰਲ ਰਾਜਪੂਤ ਮੁਸਲਮਾਨ ਸੀ।
ਵਾਰ ਦੇ 38 ਕਾਂਡ,86 ਪੌੜੀਆਂ ਤੇ 854 ਸਤਰਾਂ ਹਨ।
ਪਾਤਰ
[ਸੋਧੋ]ਇਸ ਵਾਰ ਵਿੱਚ ਇਤਿਹਾਸਿਕ, ਮਿਥਿਹਾਸਿਕ ਤੇ ਕੁਝ ਹੋਰ ਪਾਤਰ ਹਨ:-
ਇਤਿਹਾਸਿਕ ਪਾਤਰ:- ਨਾਦਰ ਸ਼ਾਹ, ਮੁਹੰਮਦ ਸ਼ਾਹ, ਨਿਜਾਮੁਲ ਮੁਲਕ, ਖ਼ਾਨ ਦੌਰਾ, ਸੱਯਦ ਭਰਾ, ਮਲਕਾ ਜਮਾਨੀ, ਨਾਸਰ ਖਾਂ, ਬਾਕੀ ਖਾਂ, ਸ਼ਾਹਬਾਜ ਖਾਂ, ਕਲੰਦਰ ਬੇਗ਼ ਜਕਰੀਆ ਖਾਨ, ਅਜ਼ੀਜ, ਮੁਸੱਫਰ, ਕਮਰੁਦੀਨ।
ਮਿਥਿਹਾਸਿਕ ਤੇ ਇਤਿਹਾਸਿਕ ਪਾਤਰ:- ਪੀਰ ਸ਼ਾਹ ਦੌਲ਼ਾ, ਸਿਕੰਦਰ ਤੈਮੂਰ, ਗੌਰੀ, ਸ਼ਾਹ ਮੀਰਾਂ, ਰੁਸਤਮ, ਹਜ਼ਰਤ ਅਲੀ, ਹਜ਼ਰਤ ਮੁਹੰਮਦ ਹਨਫੀ, ਯਜੀਦ, ਹਜ਼ਰਤ ਮੂਸਾ, ਫਰਾਊਨ, ਹਜ਼ਰਤ ਇਬਰਾਹਿਮ, ਕਲ ਤੇ ਨਾਰਦ, ਇਸਰਾਈਲ, ਮੁਨਕਰ ਤੇ ਨਕੀਰ, ਭੂਜੰਗੀ, ਦਹਿਸਿਧਰ, ਕੌਰਵ, ਲਛਮਣ।
ਹੋਰ ਪਾਤਰ:- ਦਿਲੋ ਤੇ ਸਦੋ, ਕਾਕੇ ਸ਼ਾਹ ਕਾਕਸਾਲ, ਕਲੰਦਰ ਬੇਗ, ਬਦਰ ਬੇਗ ਨੂਰ ਬੇਗ, ਅਜ਼ੀਜ, ਆਕਲ ਕੜਕ ਬੇਗ, ਸੱਯਦ ਖਾਂ ਖੋਜਾ ਯਕੂਬ, ਭੋਪਤ ਰਾਇ ਸਨਿਆਸੀ, ਅਫਜਲ ਕੁਲੀ, ਸ਼ਾਹ ਤਵਾਚਾ, ਮੀਰ ਸੈਦ ਕੁਲ।
ਨਾਦਰ ਸ਼ਾਹ ਵਾਰ ਦਾ ਮੁੱਖ ਪਾਤਰ ਹੈ।ਨਾਦਰ ਸ਼ਾਹ ਦਾ ਜਨਮ ਤੁਕਨਾਮੀ ਫਿਰਕੇ ਦੇ ਘਰਾਣੇ ਦਸਤਗੜ੍ਹ ਕਿਲੇ੍ਹ ਵਿੱਚ ਹੋਇਆ।ਨਾਦਰ ਸ਼ਾਹ 4 ਸਾਲ ਜੇਲ ਰਹਿਣ ਮਗਰੋਂ ਜਦੋਂ ਨੱਸਿਆ ਉਹ ਗਰੀਬ ਹੋ ਗਿਆ ਤੇ ਉਸ ਕੋਲ ਖਾਣ ਲਈ ਅੰਨ ਨਹੀਂ ਸੀ।ਅੰਤ ਉਸਨੇ ਧਾਵੇ ਮਾਰਨੇ ਸ਼ੁਰੂ ਕਰ ਦਿੱਤੇ ।ਉਹ ਇੱਕ ਜਥੇ ਦਾ ਸਰਦਾਰ ਬਣ ਗਿਆ।1736 ਈ: ਵਿੱਚ ਨਾਦਰ ਸ਼ਾਹ ਤਖਤ ਤੇ ਬੈਠਾ। 1738-39 ਵਿੱਚ ਭਾਰਤ ਤੇ ਹਮਲਾ ਕੀਤਾ। ਭਾਰਤ ਹਮਲੇ ਸਮੇਂ ਜੋ ਕਰਨਾਲ ਦੀ ਲੜਾਈ ਹੋਈ ਉਸਦਾ ਹਾਲ ਇਸ ਵਾਰ ਵਿੱਚ ਵਰਣਨ ਕੀਤਾ ਹੈ।
ਕਥਾਨਕ
[ਸੋਧੋ]ਵਾਰ ਦੇ ਆਰੰਭ ਵਿੱਚ ਵਾਹਿਗੁਰੂ ਦੀ ਸਿਫਤ ਅਤੇ ਕੁਰਾਨ ਵਿੱਚ ਲਿਖੀ ਗੱਲ ਦੀ ਅਟੱਲਤਾ ਦਾ ਜਿਕਰ ਕੀਤਾ ਹੈ। ਦੂਸਰੀ ਪਉੜੀ ਵਿੱਚ ਤੈਮੂਰ ਤੋਂ ਲੈ ਕੇ ਉਸਦੇ ਸਮੇਂ ਤੱਕ ਦਾ ਦਿੱਲੀ ਦਾ ਇਤਿਹਾਸ ਹੈ।ਤੀਜੇ ਕਾਂਡ ਵਿੱਚ ਤੈਮੂਰ ਦੇ ਸਾਢੇ ਸੱਤ ਲੱਖ ਘੋੜਿਆਂ ਤੇ ਮੁਗਲਾਂ ਦੇ ਸਹਿਯੋਗ ਨਾਲ ਕੀਤੇ ਹਮਲੇ ਦਾ ਬਿਆਨ ਹੈ। ਚੌਥੇ ਕਾਂਡ ਵਿੱਚ ਸੱਯਦ ਭਰਾਵਾਂ ਦੁਆਰਾ ਫਰੁਖਸੀਅਰ ਨੂੰ ਗੱਦੀ ਤੇ ਬਿਠਾਇਆ ਬਾਅਦ ਵਿੱਚ ਕੈਦ ਕਰਕੇ ਕਤਲ ਕਰ ਦਿੱਤਾ।ਪੰਜਵੇਂ ਤੇ ਛੇਵੇਂ ਕਾਂਡ ਵਿੱਚ ਦਿੱਲੀ ਦਰਬਾਰ ਦੀ ਫੁੱਟ ਅਤੇ ਨਿਜਾਮੁਲ ਮੁਲਕ ਦੁਆਰਾ ਨਾਦਰ ਨੂੰ ਹਮਲੇ ਲਈ ਸੱਦਾ ਦਿੰਦਾ ਹੈ।ਕਾਂਡ 7 ਤੋਂ 12 ਕਲ ਤੇ ਨਾਰਦ ਕ੍ਰਮਵਾਰ ਨਾਦਰ ਸ਼ਾਹ ਤੇ ਮੁਹੰਮਦ ਸ਼ਾਹ ਨੂੰ ਭੜਕਾ ਲੜਾਈ ਦੀ ਭੂਮਿਕਾ ਬੱਝਦੇ ਹਨ।13 ਤੋਂ 15 ਕਾਂਡ ਵਿੱਚ ਕੰਧਾਰ ਤੇ ਚੜਾਈ ਦਾ ਜਿਕਰ ਹੈ।16 ਤੋਂ 21 ਨਿਜਾਮੁਲ ਮੁਲਕ ਤੇ ਏਲਚੀ ਦੇ ਕੌਲ਼ ਕਰਾਰ ਦੱਸੇ ਹਨ। ਕਾਂਡ 22 ਤੋਂ 32 ਨਾਦਰ ਸ਼ਾਹ ਦੀ ਗਜਨੀ,ਕਾਬਲ,ਲਾਹੌਰ ਆਦਿ ਤੇ ਫਤਿਹ ਦਾ ਜਿਕਰ ਹੈ।ਕਾਂਡ 34 ਤੋਂ 38 ਤੱਕ ਦਿੱਲੀ ਦਾ ਹਾਲ, ਸਨਿਆਸੀਆਂ ਨਾਲ ਮੁੱਠਭੇੜ ਤੇ ਕਰਨਾਲ ਦੀ ਫੈਸਲਾਕੁੰਨ ਲੜਾਈ ਦਾ ਜਿਕਰ ਹੈ।
ਇਸ ਤਰਾਂ ਵਾਰ ਕਲ ਤੇ ਨਾਰਦ ਦੇ ਘਰੋਗੀ ਝਗੜੇ ਤੋਂ ਸ਼ੁਰੂ ਕੀਤਾ ਹੈ।`ਨਜਾਬਤ` ਨੇ ਵਾਰ ਨੂੰ ਘਰੋਗੀ ਲੜਾਈ ਤੋਂ ਆਰੰਭ ਕਰਕੇ ਛੋਟੇ-ਛੋਟੇ ਇਲਾਕਿਆਂ ਦੀ ਲੜਾਈ ਉਪਰੰਤ ਭਾਰਤ ਦੇ ਸਹਿਨਸ਼ਾਹ ਨਾਲ ਲੜਾਈ ਦਾ ਰੰਗ ਬੰਨ੍ਹਿਆ ਹੈ।
ਛੰਦ
[ਸੋਧੋ]ਵਾਰ ਪਉੜੀ ਛੰਦ ਵਿੱਚ ਲਿਖੀ ਜਾਂਦੀ ਹੈ। ਇਹ ਵਾਰ ਵੀ ਪਉੜੀ ਛੰਦ ਵਿੱਚ ਲਿਖੀ ਗਈ ਹੈ। ਇਸ ਵਿੱਚ ਦੋਵੇਂ ਪ੍ਰਕਾਰ ਦਾ ਪਉੜੀ ਛੰਦ ਵਰਤਿਆ ਗਿਆ ਹੈ, ਨਿਸ਼ਾਨੀ ਅਤੇ ਸਿਰਖੰਡੀ। ਇਸ ਤੋਂ ਬਿਨਾਂ ਕੁਝ ਕੁ ਥਾਵਾਂ ਉੱਤੇ ਦਵਈਆ ਅਤੇ ਸੱਦ ਦੀ ਵੀ ਵਰਤੋਂ ਕੀਤੀ ਗਈ ਹੈ।
ਨਿਸ਼ਾਨੀ ਛੰਦ ਦੀ ਉਦਾਹਰਨ:-
ਅੱਵਲ ਦਿੱਲੀ ਤੂਰਾਂ ਨੇ, ਕਰ ਆਪਣੀ ਪਾਈ ।
ਫੇਰ ਲਈ ਚੁਹਾਨਾਂ ਆਇਕੇ, ਅੰਗ ਖੁਸ਼ ਕਰ ਲਾਈ ।
ਫੇਰ ਲਈ ਸੀ ਗੌਰੀਆਂ ਕੋਈ ਮੁਦਤ ਵਸਾਈ ।
ਫੇਰ ਲਈ ਪਠਾਣਾਂ ਆਣ ਕੇ, ਘਰ ਚੌਥੇ ਆਈ ।
ਸਿਰਖੰਡੀ ਛੰਦ ਦੀ ਉਦਾਹਰਨ:-
ਨਾ ਕੀਤੀ ਨਿਮਕ ਹਲਾਲੀ, ਜ਼ੂਫ਼ ਤੂਰਾਨੀਆਂ ।
ਉਹਨਾਂ ਘਰ ਚੁਗੱਤੇ ਦੇ ਬਾਲੀ, ਆਤਿਸ਼ ਆਣ ਕੇ ।
ਉਹਨਾਂ ਰੁੱਕਾ ਲਿਖ ਜਵਾਲੀ, ਭੇਜਿਆ ਨਾਜ਼ਰ ਸ਼ਾਹ ।
ਮੈਦਾਨ ਦਿੱਲੀ ਦਾ ਖਾਲੀ, ਬੋਦਾ ਬਾਦਸ਼ਾਹ ।
ਹਵਾਲਾ ਪੁਸਤਕਾਂ
[ਸੋਧੋ]- ਡਾ. ਗੋਬਿੰਦ ਸਿੰਘ ਲਾਂਬਾ, ਵਾਰ ਨਾਦਰ ਸ਼ਾਹ (ਕ੍ਰਿਤ `ਨਜਾਬਤ`)
- ਲਾਹੌਰ ਬੁੱਕ ਸ਼ਾਪ ਲੁਧਿਆਣਾ
- ਪ੍ਰੋ ਕਿਰਪਾਲ ਸਿੰਘ ਕਸੇਲ, ਡਾ.ਪਰਮਿੰਦਰ ਸਿੰਘ
- ਲਾਹੌਰ ਬੁੱਕ ਸ਼ਾਪ ਲੁਧਿਆਣਾ
- ਜੋਧ ਸਿੰਘ, ਕਰਮਜੀਤ ਸਿੰਘ ਵਾਰ `ਨਜਾਬਤ`