ਪੰਜਾਬੀ ਬੁਝਾਰਤਾਂ
ਚੀਜ ਆਪਣੀ ਆ ਵਰਤਦਾ ਕੋਈ ਹੋਰ ਆ
ਬੁਝਾਰਤਾ ਦਾ ਅਰਥ
[ਸੋਧੋ]"ਬੁਝਾਰਤ" ਸ਼ਬਦ ਬੁੱਝ ਧਾਤੂ ਤੋਂ ਬਣਿਆ ਹੈ। ਇਹ ਸ਼ਬਦ ਨਾਉ ਵੀ ਹੈ ਤੇ ਇਸਤਰੀ ਲਿੰਗ ਵੀ। ਬੁਝਾਰਤ ਦੇ ਕੋਸ਼ਗਤ ਅਰਥ ਹਨ, ਗਿਆਨ ਕਰਾਉਣ ਲਈ ਦਿੱਤਾ ਗਿਆ ਸੰਕੇਤ ਜਾਂ ਇਸ਼ਾਰਾ। ਬੁਝਾਰਤ ਦਾ ਸਾਧਾਰਣ ਸ਼ਬਦੀ ਅਰਥ ‘ਬੁੱਝਣਾ’ ਹੈ। ਬੁਝਾਰਤ ਆਪਣੇ ਆਪ ਵਿੱਚ ਇੱਕ ਅਜਿਹਾ ਪ੍ਰਸ਼ਨ ਹੈ ਜਿਹੜਾ ਸਧਾਰਨ ਹੁੰਦੇ ਹੋਏ ਵੀ ਆਪਣੇ ਪਿੱਛੇ ਗੂੜ੍ਹੇ ਅਰਥ ਛੁਪਾ ਲੈਂਦਾ ਹੈ। ਹਰ ਭਾਸ਼ਾ ਵਿੱਚ ਬੁਝਾਰਤਾਂ ਲਈ ਢੁਕਵੇਂ[1] ਸ਼ਬਦ ਮੌਜੂਦ ਹਨ। ਪੰਜਾਬੀ ਵਿੱਚ ਅਨੁਵਾਦਿਤ ਨਾਮ ਹਨ - ਪਹੇਲੀ, ਅੜਾਉਣੀ, ਮਸਲਾ, ਰਹੱਸ, ਬਾਤ, ਬਤੌਲੀ, ਔਖਾ ਪ੍ਰਸ਼ਨ, ਸਮੱਸਿਆ, ਗੁੰਝਲ ਆਦਿ ਜਿਵੇਂ:
ਮਹਾਨ ਕੋਸ਼ ਵਿੱਚ ਬੁਝਾਰਤ ਦੇ ਅਰਥ ''ਗਿਆਨ ਕਰਾਉਣ ਲਈ ਦਿੱਤਾ ਗਿਆ ਸੰਕੇਤ ਜਾਂ ਇਸ਼ਾਰਾ ਦੇ ਹਨ।''
ਐਨਸਾਈਕਲੋਪੀਡੀਆ ਅਮੇਰੀਕਨਾਂ ਦੇ ਅਨੁਸਾਰ,''ਇੱਕ ਅਜਿਹਾ ਕਥਨ ਜਾਂ ਪ੍ਰਸ਼ਨ ਜਿਸਦੇ ਦੋ ਅਰਥ ਹੋਣ ਜਾਂ ਅਰਥਾਂ ਨੂੰ ਲੁਕੋ ਕੇ ਪੇਸ਼ ਕੀਤਾ ਗਿਆ ਹੋਵੇ, ਉਸਦੇ ਹੱਲ ਨੂੰ ਬੁਝਾਰਤ ਕਹਿੰਦੇ ਹਨ।"
ਬੁਝਾਰਤ ਅਸਿੱਧੇ ਰੂਪ ਵਿੱਚ ਗਿਆਨ-ਤਰਕ ਆਧਾਰ ਉੱਤੇ ਉਸਰਿਆ ਅਜਿਹਾ ਪ੍ਰਸ਼ਨ ਹੈ ਜਿਸ ਵਿਚ ਕਿਸੇ ਵਸਤੂ ਨੂੰ ਇੰਨੀ ਗਹਿਰਾਈ ਨਾਲ ਵਰਣਨ ਕੀਤਾ ਹੁੰਦਾ ਹੈ ਜਿਹੜਾ ਉੱਤਰ ਲੱਭਣ ਵਾਲੇ ਲਈ ਸਮੱਸਿਆ ਬਣਿਆ ਰਹਿੰਦਾ ਹੈ।ਇਹ ਮੌਖਿਕ ਰੂਪ ਵਿੱਚ ਪੀੜ੍ਹੀ ਦਰ ਪੀੜ੍ਹੀ ਅੱਗੇ ਚਲਦੀ ਹੈ।ਇਸਦੀ ਸਿਰਜਣ ਪ੍ਰਕਿਰਿਆ ਵਿੱਚ ਸ਼ਬਦਾਂ ਦੁਆਰਾ ਸਿਰਜੇ ਗਏ ਰੂਪਕ,ਉਪਮਾਵਾਂ ਅਤੇ ਪ੍ਰਤੀਕਾਂ ਦੀ ਅਹਿਮ ਭੂਮਿਕਾ ਹੁੰਦੀ ਹੈ।[2]
ਬਾਤ ਪਾਵਾਂ, ਬਤੌਲੀ ਪਾਵਾਂ, ਸੁਣ ਕੇ ਭਾਈ ਹਕੀਮਾਂ, ਲੱਕੜੀਆਂ ’ਚੋਂ ਪਾਣੀ ਕੱਢਾ, ਚੁੱਕ ਬਣਾਵਾਂ ਢੀਮਾ।”-(ਗੰਨਾ-ਸ਼ੱਕਰ)
ਪਰਿਭਾਸ਼ਾ
[ਸੋਧੋ]'ਐਨਸਾਈਕਲੋਪੀਡੀਆਂ ਅਮੇਰੀਕਾਨਾਂ' ਦੇ ਅਨੁਸਾਰ, “ਇਕ ਅਜਿਹਾ ਕਥਨ ਜਾਂ ਪ੍ਰਸ਼ਨ ਜਿਸ ਦੇ ਦੋ ਅਰਥ ਹੋਣ ਜਾਂ ਅਰਥ ਨੂੰ ਲੁਕੋ ਕੇ ਪੇਸ਼ ਕੀਤਾ ਗਿਆ ਹੋਵੇ, ਉਸ ਦੇ ਹੱਲ ਨੂੰ ਬੁਝਾਰਤ ਕਹਿੰਦੇ ਹਨ।”[4]
ਬੁਝਾਰਤਾਂ ਦਾ ਸਰੂਪ
[ਸੋਧੋ]ਬੁਝਾਰਤਾਂ ਸ਼ਬਦ ਕਹਿਣ ਵਿੱਚ ਸੌਖਾ ਲਗਦਾ ਹੈ ਪਰ ਆਪਣੇ ਸਰੂਪ ਕਰ ਕੇ ਡੂੰਘੇ ਅਰਥਾਂ ਦਾ ਮਾਲਕ ਹੈ। ਕੁਝ ਬੁਝਾਰਤਾਂ ਆਕਾਰ ਵਿੱਚ ਛੋਟੀਆਂ ਤੇ ਕੁਝ ਵੱਡੀਆਂ ਹੁੰਦੀਆਂ ਹਨ। ਛੋਟੇ ਆਕਾਰ ਵਾਲੀ ਬੁਝਾਰਤ ਦੀ ਉਦਾਹਰਨ ਹਨ:
ਨਿੱਕੀ ਜਿਹੀ ਕੁੜੀ ਲੈ ਪਰਾਂਦਾ ਤੁਰੀ”(ਉੱਤਰ-ਸੂਈ-ਧਾਗਾ)
ਡਾ.ਜਸਵਿੰਦਰ ਸਿੰਘ: ਬੁਝਾਰਤ ਪਾਠ ਦੀ ਦ੍ਰਿਸ਼ਟੀ ਤੋਂ ਵਧੇਰੇ ਬੱਝਵੀਂ ਅਤੇ ਨਿਸ਼ਚਿਤ ਬਣਤਰ ਦੀ ਧਾਰਨੀ ਹੈ।ਇਸਦਾ ਪਾਠ ਇਕਸਾਰ ਅਤੇ ਪਰੰਪਰਾਗਤ ਰੂਪ ਵਿੱਚ ਮੌਖਿਕ ਸੰਚਾਰਿਤ ਹੁੰਦਾ ਰਹਿੰਦਾ ਹੈ।[5]
ਬੁਝਾਰਤਾਂ ਦੀ ਚੋਖ਼ੀ ਗਿਣਤੀ ਸੂਤਰਕ ਪੰਕਤੀਆਂ ਨਾਲ ਜੁੜੀ ਹੋਹੀ ਹੈ ਜਿਵੇਂ:
ਇੱਕ ਬਾਤ ਕਰਤਾਰੋ ਪਾਈਏ,.................... ਆਰ ਢਾਂਗਾ, ਪਾਰ ਢਾਂਗਾ, ......................[6]
ਜਿਸ ਵਿੱਚ ਇੱਕ ਸ਼ਬਦ ਦੇ ਦੋ ਅਰਥ ਹੁੰਦੇ ਹਨ। ਜਦ ਤੱਕ ਬੁੱਝਣ ਵਾਲਾ ਦੂਜੇ ਅਰਥ ਦੀ ਪਛਾਣ ਨਹੀਂ ਕਰ ਲੈਂਦਾ, ਬੁਝਾਰਤ ਦਾ ਰਹੱਸ ਕਾਇਮ ਰਹਿੰਦਾ ਹੈ ਜਿਵੇਂ:
ਖੇਤ ਵਿੱਚ ਉਗੇ ਸਭ ਕੋਈ ਖਾਏ ਘਰ ਵਿੱਚ ਹੋਈ, ਘਰ ਰੁੜ੍ਹ ਜਾਏ।
ਇਸ ਪ੍ਰਕਾਰ ਪੰਜਾਬੀ ਜਨ-ਜੀਵਨ ਦਾ ਕੋਈ ਵੀ ਪੱਖ ਅਜਿਹਾ ਨਹੀਂ ਜਿਹੜਾ ਕਿ ਬੁਝਾਰਤਾਂ ਦੇ ਮਾਧਿਅਮ ਰਾਹੀਂ ਪੇਸ਼ ਨਾ ਹੋਇਆ ਹੋਵੇ।ਸੂਈ ਧਾਗੇ ਵਰਗੀ ਨਿੱਕੀ ਤੋਂ ਨਿੱਕੀ ਚੀਜ਼ ਤੋਂ ਲੈ ਕੇ ਸਮਾਜਕ ਸੰਦਰਭ ਨਾਲ ਜੁੜਿਆ ਵੱਡੇ ਤੋਂ ਵੱਡਾ ਵਰਤਾਰਾ ਪੰਜਾਬੀ ਬੁਝਾਰਤਾਂ ਦੇ ਜ਼ਰੀਏ ਅਭਿਵਿਅਕਤ ਹੋਇਆ ਮਿਲਦਾ ਹੈ ਜਿਵੇਂ ਕਿ ਦੀਵੇ ਸੰਬੰਧੀ ਇਹ ਬੁਝਾਰਤ:
ਇਕ ਰਾਜੇ ਦੀ ਅਨੋਖੀ ਰਾਣੀ
ਦੁੰਬ ਦੇ ਰਸਤੇ ਪੀਵੇ ਪਾਣੀ(ਦੀਵਾ ਤੇ ਦੀਵੇ ਦੀ ਬੱਤੀ[7])
ਬੁਝਾਰਤ ਨੂੰ ਜਲਦੀ ਉਹੀ ਵਿਅਕਤੀ ਬੁੱਝ ਸਕਦਾ ਹੈ ਜਿਹੜਾ ਬੁਝਾਰਤਾਂ ਨੂੰ ਪਾਉਣ ਵਾਲੇ ਦੇ ਵਾਤਾਵਰਨ ਤੋਂ ਜਾਣੂ ਹੋਵੇ। ਪੰਜਾਬ ਦੀਆਂ ਬਹੁਤ ਬੁਝਾਰਤਾਂ ਪੇਂਡੂ ਵਾਤਾਵਰਨ, ਘਰੇਲੂ ਚੀਜ਼ਾਂ ਅਤੇ ਖੇਤੀਬਾੜੀ ਨਾਲ ਸਬੰਧਤ ਅਰਥਚਾਰੇ,ਜੀਵਨ ਢੰਗ ਦੇ ਅਨੇਕ ਪੱਖਾਂ ਨੂੰ ਸਾਕਾਰ ਰੂਪ ਵਿੱਚ ਪ੍ਰਗਟਾਉਂਦੀਆਂ ਹਨ।
ਕੁਝ ਬੁਝਾਰਤਾਂ ਸੰਕੇਤਕ ਉੱਤਰ ਵਾਲੀਆਂ ਹੁੰਦੀਆਂ ਹਨ ਭਾਵ ਕਿ ਬੁੱਝਣ ਵਾਲੇ ਨੂੰ ਬਹੁਤ ਮਗਜ਼ ਮਾਰੀ ਨਹੀਂ ਕਰਨੀ ਪੈਂਦੀ ੇਂ:
ਇੱਕ ਨਾਰ ਬੇ-ਢੰਗੀ, ਰਖਦੀ ਏ ਟੰਗਾਂ ਟੰਗੀ ਧੋਬਨ ਜੋ ਕਰਦੀ ਏ ਕਾਮ, ਉਸ ਵਿੱਚ ਉਸ ਦਾ ਨਾਮ।’[8]
ਸੱਭਿਆਚਾਰਕ ਮਹੱਤਵ ਅਤੇ ਵੰਨਗੀਆਂ
[ਸੋਧੋ]"ਬੁਝਾਰਤਾਂ" ਦੇ ਵਿਸ਼ੇ ਪਾਸਾਰ ਦਾ ਘੇਰਾ ਵਿਸਤ੍ਰਿਤ ਅਤੇ ਵੰਨ-ਸੁਵੰਨਾ ਹੈ। ਮਨੁੱਖੀ ਜੀਵਨ ਨਾਲ ਸੰਬੰਧਿਤ ਸਾਰੀਆਂ ਵਸਤਾਂ ਬੁਝਾਰਤਾਂ ਵਿੱਚ ਸ਼ਾਮਿਲ ਹਨ। ਬਹੁਤ ਸਾਰੀਆਂ ਬੁਝਾਰਤਾਂ ਦਾ ਸੰਬੰਧ ਪ੍ਰਕ੍ਰਿਤੀ ਜਿਵੇਂ ਅੱਗ, ਧੂੰਆਂ, ਨਦੀ, ਚਸ਼ਮਾ, ਹਨੇਰੀ ਰਾਤ, ਚਾਨਣੀ ਰਾਤ, ਸੂਰਜ, ਚੰਦਰਮਾ, ਭੂਚਾਲ, ਬੱਦਲ, ਮੌਤ, ਤਰੇਲ, ਧੁੱਪ ਨਾਲ ਹੈ। ਜਿਵੇਂ:
ਸੋਨੇ ਦੀ ਸਲਾਈ, ਕੋਠਾ ਟੱਪ ਕੇ ਵਿਹੜੇ ਆਈ।(ਉੱਤਰ-ਧੁੱਪ)
“ਹਰੀਆਂ ਭਰੀਆਂ ਤੇ ਲਹਿਰਾਉ਼ਂਦੀਆਂ ਵਿਭਿੰਨ ਫਸਲਾਂ, ਫ਼ਲਾਂ, ਸਬਜ਼ੀਆਂ, ਬੂਟਿਆਂ, ਰੁੱਖਾਂ ਦਾ ਵਰਨਣ ਵੀ ਬੁਝਾਰਤਾਂ ਵਿੱਚ ਮਿਲਦਾ ਹੈ ਜਿਵੇਂ:
ਬੀਜੇ ਰੋੜ, ਜੰਮੇ ਝਾੜ, ਲਗੇ ਨਿੰਬੂ, ਖਿੜੇ ਅਨਾਰ।” (ਉੱਤਰ-ਕਪਾਹ)
ਸ੍ਰਿਸ਼ਟੀ ਵਿੱਚ ਪਸਰੇ ਜੀਵ-ਜੰਤੂਆਂ ਤੇ ਪਸ਼ੂ ਪੰਛੀਆਂ ਜਿਵੇਂ ਸੱਪ, ਸਿਉਂਕ, ਕੁੱਤੀ, ਊਠ, ਥੋਡਾ, ਚੂਹਾ, ਬਿੱਲੀ, ਘੁੱਗੀ, ਕਾਂ ਚੂਹਾ, ਜੂੰ, ਕਿਰਲੀ, ਸੁਸਰੀ, ਭੂੰਡ, ਮੱਛੀ, ਡੱਡੂ, ਮੋਰ, ਕੁੱਕੜ ਵੀ ਬੁਝਾਰਤਾਂ ਵਿੱਚ ਪਾਏ ਜਾਂਦੇ ਹਨ ਜਿਵੇਂ:
ਪਾਰੋਂ ਆਇਆ ਬਾਬਾ ਲਸ਼ਕਰੀ ਜਾਂਦਾ ਜਾਂਦਾ ਕਰ ਗਿਆ ਮਸ਼ਕਰੀ। (ਉੱਤਰ-ਭੂੰਡ)
ਸੂਈ-ਧਾਗੇ ਤੋਂ ਲੈ ਕੇ ਵੱਡੀਆਂ-ਵੱਡੀਆਂ ਮਸ਼ੀਨਾਂ, ਔਜ਼ਰਾਂ, ਬਰਤਨਾਂ ਅਤੇ ਧਨ-ਦੌਲਤ ਤਕ ਦਾ ਵਰਣਨ ਵੀ ਬੁਝਾਰਤਾਂ ਵਿੱਚ ਆਮ ਮਿਲਦਾ ਹੈ। ਉਦਾਹਰਨ ਵਜੋਂ:
ਪਹਾੜੋਂ ਲਿਆਂਦੀ ਪੀੜ ਰੱਖ, ਛੇ ਟੰਗਾਂ ਇੱਕ ਅੱਖ।(ਉੱਤਰ-ਤੱਕੜੀ)[9]
‘ਮਨੁੱਖੀ ਸਰੀਰ ਦੇ ਸਾਰੇ ਅੰਗ ਜਿਵੇਂ ਅੱਖਾਂ, ਕੰਨ, ਨੱਕ, ਸਿਰ, ਢਿੱਡ, ਮੂੰਹ, ਦੰਦ, ਜੀਭ, ਲੱਤਾਂ, ਪੈਰ ਸੰਬੰਧੀ ਵੀ ਬੁਝਾਰਤਾਂ ਪ੍ਰਚਲਿਤ ਹਨ।
ਇੱਕ ਡੱਬੇ ਵਿੱਚ ਬੱਤੀ ਦਾਣੇ ਬੁੱਝਣ ਵਾਲੇ ਬੜੇ ਸਿਆਣੇ। (ਉੱਤਰ-ਦੰਦ)[10]
ਕਈ ਬੁਝਾਰਤਾਂ ਅਜਿਹੀਆਂ ਹਨ ਜਿਹਨਾਂ ਰਾਹੀਂ ਰਿਸ਼ਤੇ-ਨਾਤੇ ਬਾਰੇ ਪੁੱਛ-ਗਿੱਛ ਕੀਤੀ ਜਾਂਦੀ ਹੈ। ਜਿਵੇਂ-
ਅਸੀਂ ਮਾਵਾਂ ਧੀਆਂ, ਤੁਸੀਂ ਮਾਵਾਂ ਧੀਆਂ ਚੱਲੋਂ ਬਾਗ ਚਲੀਏ, ਤਿੰਨ ਅੰਬ ਤੋੜ ਕੇ, ਪੂਰਾ-ਪੂਰਾ ਖਾਈਏ।(ਉੱਤਰ-ਧੀ, ਮਾਂ ਤੇ ਨਾਨੀ)
ਬਹੁਤ ਸਾਰੀਆਂ ਬੁਝਾਰਤਾਂ ਲੋਕ-ਖੇਡਾਂ ਨਾਲ ਸੰਬੰਧਿਤ ਮਿਲਦੀਆਂ ਹਨ ਜਿਵੇਂ:
ਬਾਤ ਪਾਵਾਂ ਬਤੋਲੀ ਪਾਵਾ, ਬਾਤ ਨੂੰ ਲਾਵਾਂ ਕੁੰਡੇ ਸਦਾ ਕੁੜੀ ਨੂੰ ਵਿਆਹੁਣ ਚੱਲੇ ਚਹੁੰ ਕੂੰਟਾਂ ਦੇ ਮੁੰਡੇ।(ਉੱਤਰ-ਖੁੱਦੋ ਖੂੰਡੀ) ਔਹ ਗਈ,ਔਹ ਗਈ ------ (ਉੱਤਰ-ਨਿਗ੍ਹਾ)[11]
ਬੁਝਾਰਤਾਂ ਦੀ ਵਰਗ ਵੰਡ
[ਸੋਧੋ]ਬੁਝਾਰਤਾਂ ਉਹ ਲੋਕਧਾਰਾ ਰੂਪ ਹੈ, ਜਿਸ ਦਾ ਕਾਰਜ ਮੁਹਾਵਰੇ ਜਾਂ ਅਖੌਤ ਤੋਂ ਉਲਟ ਹੁੰਦਾ ਹੈ। ਅਖਾਣ ਜਾਂ ਮੁਹਾਵਰੇ ਵਿੱਚ ਇੱਕ ਸਿੰਟਾਗਮ ਪੇਸ਼ ਹੁੰਦਾ ਹੈ। ਪਰ ਬੁਝਾਰਤਾਂ ਵਿੱਚ ਵਿਸ਼ੇਸ਼ ਪਰਿਸਥਿਤੀ ਜਾਂ ਸੰਦਰਭ ਵਿਅਕਤ ਕਰਕੇ ਉਸ ਦਾ ਵਿਸ਼ੇਸ਼ ਕਥਨ ਜਾਣਨ ਲਈ ਕਿਹਾ ਗਿਆ ਹੁੰਦਾ ਹੈ। ਇਸ ਲਈ ਬੁਝਾਰਤ ਦੀ ਗਤੀ ਸੰਕਲਪ ਜਾਂ ਪਰਿਸਥਿਤੀ ਤੋਂ ਵਸਤੂ ਵੱਲ ਹੁੰਦੀ ਹੈ। ਕਿਹਾ ਜਾ ਸਕਦਾ ਹੈ ਕਿ ਬੁਝਾਰਤ ਇੱਕ ਅਜਿਹਾ ਪ੍ਰਸ਼ਨ -ਬੋਧਕ,ਸ਼ਬਦ-ਜੁੱਟ,ਵਾਕ ਜਾਂ ਤੁਕਾਂਤ ਹੈ। ਜੋ ਸਿਆਣਪ ਦਾ ਪ੍ਰਮਾਣ ਲੈਣ ਲਈ ਵਰਤਿਆ ਜਾਂਦਾ ਹੈ। ਸਾਰੀਆਂ ਬੁਝਾਰਤਾਂ ਹੀ ਪ੍ਰਸ਼ਨ ਬੋਧਕ ਹੁੰਦੀਆਂ ਹਨ, ਹਰ ਇੱਕ ਦਾ ਉੱਤਰ ਮੰਗਿਆ ਗਿਆ ਹੁੰਦਾ ਹੈ। ਵੈਸੇ ਤਾਂ ਬੁਝਾਰਤਾਂ ਦੀ ਵਰਗ ਵੰਡ ਕਰਨਾ ਕਠਿਨ ਹੈ, ਪਰ ਹੇਠ ਲਿਖੇ ਅਧਾਰਾਂ ’ਤੇ ਇਨ੍ਹਾਂ ਨੂੰ ਨਿਖੇੜਿਆ ਜਾ ਸਕਦਾ ਹੈ।
ਕਰਮ ਬੋਧਕ
[ਸੋਧੋ]ਇਨ੍ਹਾਂ ਬੁਝਾਰਤਾਂ ਵਿੱਚ ਕਰਮ ਦਾ ਗਿਆਨ ਕਰਵਾਇਆ ਗਿਆ ਹੁੰਦਾ ਹੈ, ਇਸ ਗਿਆਨ ਦੇ ਸਹਾਰੇ ਵਾਸਤਵਿਕ ਵਸਤੂ ਤੱਕ ਪਹੁੰਚਣਾ ਹੁੰਦਾ ਹੈ, ਜਿਵੇਂ -
ਬਾਪੂ ਦੇ ਕੰਨ ਵਿੱਚ ਬੇਬੇ ਵੜ ਗਈ (ਉੱਤਰ-ਜਿੰਦਾ-ਕੁੰਜੀ)
ਇਸ ਵਿੱਚ ਜਿੰਦੇ ਅਤੇ ਕੁੰਜੀ ਦੇ ਕਰਮ ਨੂੰ ਚਿਤਰਿਆ ਗਿਆ ਹੈ। ਇਸ ਕਰਮ ਦੇ ਸਹਾਰੇ ਵਾਸਤਵਿਕ ਵਸਤੂ ਦੀ ਤਲਾਸ਼ ਕੀਤੀ ਜਾਂਦੀ ਹੈ। ਇਸਦੀ ਹੋਰ ਵੀ ਉਦਾਹਰਨ ਦਿੱਤੀ ਜਾ ਸਕਦੀ ਹੈ-
ਨੀ ਪਈ, ਹਾਂ ਲਟਕਦਾ। ਆਹ ਕੀ ਆ ਗਿਆ ਖੜਕਦਾ।
ਇਸ ਵਿੱਚ ਬੈਂਗਣ (ਲਟਕਦਾ) ਕੱਕੜੀ (ਪਈ) ਨੂੰ ਪ੍ਰਸ਼ਨ ਕਰਦਾ ਹੈ। ਉਧਰੋਂ ਖੜਕਦਾ ਪਾਣੀ ਆ ਰਿਹਾ ਹੁੰਦਾ ਹੈ। ਇਸ ਤਰ੍ਹਾਂ ਕਰਮ ਦੁਆਰਾ ਪਾਣੀ, ਕੱਕੜੀ ਅਤੇ ਬੈਂਗਣ 'ਤਿੰਨੇ' ਬੁੱਝੇ ਜਾ ਸਕਦੇ ਹਨ। ਇਸੇ ਤਰ੍ਹਾਂ ਇਹ ਬੁਝਾਰਤ ਵੀ ਕਰਮਬੋਧ ਵੱਲ ਸੰਕੇਤ ਕਰਦੀ ਹੈ।[12]
ਬਿੰਬ ਬੋਧਕ
[ਸੋਧੋ]ਬੁਝਾਰਤਾਂ ਦੀ ਇਸ ਵੰਨਗੀ ਵਿੱਚ ਸ਼ਬਦ ਜੁੱਟਾਂ ਜਾਂ ਇੱਕ ਤੁਕਾਂਤ ਨਾਲ਼ ਇੱਕ ਬਿੰਬ ਦੀ ਸਿਰਜਣਾ ਕੀਤੀ ਜਾਂਦੀ ਹੈ।
ਇਸ ਬਿੰਬ ਦੇ ਸਹਾਰੇ ਇਸ ਬਿੰਬ ਦੀ ਵਸਤੂ ਦੀ ਤਲਾਸ਼ ਵੱਲ ਸੰਕੇਤ ਕੀਤਾ ਗਿਆ ਹੁੰਦਾ ਹੈ, ਜਿਵੇਂ-
ਰੜੇ ਮਦਾਨ ਵਿੱਚ ਪਿਆ ਡੱਬਾ, ਚੱਕਿਆ ਨਾ ਜਾਵੇ ਚਕਾਈਂ ਰੱਬਾ।(ਉੱਤਰ-ਖੂਹ)
ਇਸ ਬੁਝਾਰਤ ਵਿੱਚ ਡੱਬੇ ਦੁਆਰਾ ਖੂਹ ਦਾ ਬਿੰਬ ਸਿਰਜਿਆ ਗਿਆ ਹੈੇ।
ਬਾਤ ਪਾਵਾਂ ਬਤੋਲੀ ਪਾਵਾਂ ਬਾਤ ਪਾਵਾਂ ਚੰਗੀ। ਚੂਹਾ ਵੜ ਗਿਆ ਖੁੱਡ ਵਿੱਚ ਪੂਛ ਰਹਿ ਗਈ ਨੰਗੀ।(ਉੱਤਰ-ਪਤੀਲਾ-ਕੜਛੀ)[13]
ਸੰਕਲਪ ਬੋਧਕ
[ਸੋਧੋ]ਬੁਝਾਰਤਾਂ ਦੀ ਇਸ ਵੰਨਗੀ ਵਿੱਚ ਬੁੱਝੀ ਜਾਣ ਵਾਲੀ ਵਸਤੂ ਦੇ ਸੰਕਲਪ ਨੂੰ ਬਿਆਨ ਕੀਤਾ ਗਿਆ ਹੁੰਦਾ ਹੈ। ਉਸ ਸੰਕਲਪ ਦੇ ਬਿਆਨ ਦਾ ਸਹਾਰਾ ਲੈ ਕੇ ਵਸਤੂ ਦੇ ਚਿੰਨ੍ਹ ਦੀ ਤਲਾਸ਼ ਕਰਨੀ ਹੁੰਦੀ ਹੈ, ਜਿਵੇਂ-
ਐਧਰ ਕਾਠ ਓਧਰ ਕਾਠ ਵਿੱਚ ਬੈਠਾ ਜਗਨ ਨਾਥ।(ਉੱਤਰ-ਅਖਰੋਟ)
ਡੱਬੀ ਮੇਰੀ ਬੱਕਰੀ ਡੱਬੀ ਉਹਦੀ ਛਾਂ ਚੱਲ ਮੇਰੀ ਬੱਕਰੀ ਕੱਲ੍ਹ ਵਾਲੇ ਥਾਂ।(ਉੱਤਰ-ਮੰਜਾ)[14]
ਪਰਿਸਥਿਤੀ ਬੋਧਕ
[ਸੋਧੋ]ਕਈ ਬੁਝਾਰਤਾਂ ਵਿੱਚ ਪੂਰੀ ਪਰਿਸਥਿਤੀ ਦਾ ਚਿਤਰਣ ਕੀਤਾ ਗਿਆ ਹੁੰਦਾ ਹੈ। ਇਸ ਪਰਿਸਥਿਤੀ ਦਾ ਸਹਾਰਾ ਲੈ ਕੇ ਇਸ ਦੀ ਮੂਲ ਵਸਤੂ ਨੂੰ ਬੁੱਝਣਾ ਹੁੰਦਾ ਹੈ। ਜਿਵੇਂ-
ਹਰ ਦੁਪੱਟਾ ਲਾਲ ਕਿਨਾਰੀ, ਢਹਿ ਜਾਣੇ ਨੇ ਇੱਟ ਕਿਉਂ ਮਾਰੀ। ਮਿੱਡੀਆਂ ਨਾਸਾ ਥੋਬੜ ਮੂੰਹ, ਮੈਂ ਕੀ ਜਾਣਾ ਬੈਠੀ ਤੂੰ।
ਇਸ ਪੂਰੀ ਪਰਿਸਥਿਤੀ ਦਾ ਚਿਤਰਣ ਕੀਤਾ ਗਿਆ ਹੈ, ਇੱਕ ਅੰਬ ਉੱਤੇ ਤੋਤਾ ਬੈਠਾ ਅੰਬ ਖਾ ਰਿਹਾ ਹੈ, ਉਸਦਾ ਅੰਬ ਡਿੱਗ ਕੇ ਇੱਕ ਡੱਡੀ ਦੇ ਲੱਗਦਾ ਹੈ, ਡੱਡੀ ਉਪਰੋਕਤ ਕਥਨ ਉਚਾਰਦੀ ਹੈ ਕਿ ਹਰਾ ਦੁਪੱਟਾ ਲਾਲ ਕਿਨਾਰੀ, ਢਹਿ ਜਾਣੇ ਨੇ ਇੱਟ ਕਿਉਂ ਮਾਰੀ।
ਇਸ ਪ੍ਰਸ਼ਨ ਦੇ ਉੱਤਰ ਵਿੱਚ ਤੋਤਾ ਬੋਲਦਾ ਹੈ, ਮਿੱਡੀਆਂ ਨਾਸਾ ਥੋਬੜ ਮੂੰਹ, ਮੈਂ ਕੀ ਜਾਣਾ ਬੈਠੀ ਤੂੰ। ਇਸ ਤਰ੍ਹਾਂ ਦੋਵਾਂ ਦੇ ਸੰਵਾਦ ਨਾਲ ਪੂਰੀ ਪਰਿਸਥਿਤੀ ਦਾ ਚਿਤਰਣ ਮਿਲਦਾ ਹੈ। ਜਿਹੜੀ ਤੋਤੇ ਅਤੇ ਡੱਡੀ ਦਾ ਬੋਧ ਕਰਵਾਉਂਦੀ ਹੈ।[15]
ਬਿਰਤਾਂਤ ਬੋਧਕ
[ਸੋਧੋ]ਕਈ ਬੁਝਾਰਤਾਂ ਲੰਮੀਆਂ ਹੁੰਦੀਆਂ ਹਨ। ਉਹਨਾਂ ਪਿੱਛੇ ਪੂਰਨ ਕਥਾ ਜਾਂ ਬਿਰਤਾਂਤ ਛੁਪਿਆ ਹੁੰਦਾ ਹੈ। ਜਿਵੇਂ-
ਇੰਦੜੀ ਜਿੰਦੜੀ ਹਾਰ ਦਵਾਇਆ ਹੁਣ ਟਿੰਡਿਆ ਮਰ ਜਾਏਂਗਾ’
ਇਸ ਬੁਝਾਰਤ ਪਿੱਛੇ ਇੱਕ ਪੂਰਾ ਬਿਰਤਾਂਤ ਹੈ। ਇੱਕ ਵਾਰ ਇੱਕ ਰਾਜੇ ਦੀ ਰਾਣੀ ਦਾ ਹਾਰ ਗੁੰਮ ਹੋ ਗਿਆ। ਇੱਕ ਜੋਤਸ਼ੀ ਨੇ ਹਾਰ ਲੱਭਣ ਦਾ ਯਤਲ ਕੀਤਾ। ਇਹ ਹਾਰ ਨੌਕਰਾਣੀਆਂ ਨੇ ਚੁਰਾਇਆ ਸੀ। ਇਨ੍ਹਾਂ ਨੌਕਰਾਣੀਆਂ ਦੇ ਨਾਂ ਇੰਦੜੀ ਤੇ ਜਿੰਦੜੀ ਸੀ। ਜੋਤਸ਼ੀ ਨੇ ਨੌਕਰਾਣੀਆਂ ਤੋਂ ਹਾਰ ਲੈ ਕੇ ਸਿਰਹਾਣੇ ਥੱਲੇ ਰੱਖ ਦਿੱਤਾ ਅਤੇ ਜੋਤਸ਼ ਲਾ ਕੇ ਰਾਜੇ ਦੱਸ ਦਿੱਤਾ ਕਿ ਹਾਰ ਸਿਰਹਾਣੇ ਹੇਠ ਪਿਆ। ਜੋਤਸ਼ੀ ਦੀ ਜੈ-ਜੈ ਕਾਰ ਹੋ ਗਈ। ਜੋਤਸ਼ੀ ਦਾ ਨਾਂ ਟਿੱਡਾ ਸੀ। ਇੱਕ ਵਾਰ ਰਾਜਾ ਜੰਗਲ ਨੂੰ ਗਿਆ ਤੇ ਆਪਣੀ ਮੁੱਠੀ ਵਿੱਚ ਕੋਈ ਚੀਜ਼ ਬੰਦ ਕਰ ਲਿਆਇਆ। ਇੱਡੇ ਜੋਤਸ਼ੀ ਨੂੰ ਪੁੱਛਣ ਲੱਗਿਆ, ਦੱਸ ਮੇਰੀ ਮੁੱਠੀ ਵਿੱਚ ਕੀ ਹੈ? ਨਹੀਂ ਤੈਨੂੰ ਮਾਰ ਦਿੱਤਾ ਜਾਵੇਗਾ।
ਇੰਦੜੀ ਜਿੰਦੜੀ ਹਾਰ ਦਵਾਇਆ ਹੁਣ ਟਿੱਡਿਆ ਮਰ ਜਾਏਂਗਾ।
ਰਾਜੇ ਦੀ ਮੁੱਠੀ ਵਿੱਚ ਟਿੱਡਾ ਸੀ, ਉਸਨੇ ਟਿੱਡਾ ਛੱਡ ਦਿੱਤਾ ਕਿ ਜੋਤਸ਼ੀ ਨੇ ਬੁੱਝ ਲਿਆ ਤੇ ਉਸਨੂੰ ਇਨਾਮ ਦਿੱਤਾ।[16]
ਵੱਖ-ਵੱਖ ਤਰ੍ਹਾਂ ਦੀਆਂ ਬੁਝਾਰਤਾਂ
[ਸੋਧੋ]- ਸਿਅਪਣ ਦਾ ਟੋਟਾ
ਲੋਕ ਪ੍ਰਮਾਣਾ ਵਿੱਚੋਂ ਇੱਕ ਵੰਨਗੀ ਸਿਆਪਣ ਦੇ ਟੋਟੇ ਦੀ ਹੈ। ਸਿਆਪਣ ਦਾ ਟੋਟਾ ਸਰਵ ਪ੍ਰਵਾਨਿਆ ਹੁੰਦਾ ਹੈ। ਸਿਆਪਣ ਦੇ ਟੋਟੇ ਦਿਨਾਂ ਦੀ ਅਹਿਮੀਅਤ ਬਾਰੇ, ਜਾਤਾਂ ਬਾਰੇ, ਵਰਤਾਰਿਆਂ ਬਾਰੇ, ਕੰਮ ਧੰਦੇ ਦੇ ਢੰਗਾਂ ਬਾਰੇ ਅਨੇਕ ਵੰਨਗੀਆਂ ਵਿੱਚ ਮਿਲਦੇ ਹਨ। ਪੰਜਾਬੀ ਵਿੱਚ ਇਹਨਾਂ ਟੋਟਿਆਂ ਦੀ ਕੋਈ ਘਾਟ ਨਹੀਂ ਹੈ।
•ਹਾਸਾ ਭਰਪੂਰ ਤੇ ਮਨੋਰੰਜਨ ਭਾਸ਼ਾ ਸ਼ੈਲੀ-
ਲੋਕ ਬੁਝਾਰਤਾਂ ਦਾ ਮੁੱਖ ਉਦੇਸ਼ ਰੁਝੇਵਿਆਂ ਭਰੀ ਰੋਜ਼ਾਨਾ ਦੀ ਜ਼ਿੰਦਗੀ ਦੇ ਅਕਾਊਪਣ ਅਤੇ ਥਕਾਵਟ ਨੂੰ ਦੂਰ ਕਰਕੇ ਇਸਨੂੰ ਤਰੋ-ਤਾਜ਼ਗੀ ਬਖਸ਼ਣਾ ਹੁੰਦਾ ਹੈ। ਇਸ ਮਕਸਦ ਨੂੰ ਪੂਰਾ ਕਰਨ ਲਈ ਲੋਕ ਸਾਹਿਤ ਦੀ ਇਹ ਵੰਨਗੀ (ਬੁਝਾਰਤ) ਬਹੁਤ ਹੀ ਸਫਲ ਸਾਧਨ ਹੈ।
ਕੱਟਾ ਰਹਿਣਗੇ ਆਗਰੇ,
ਮੱਝ ਰਿੰਗੇ ਮੰਡੇਰ,
ਰਿੜਕੇ ਦੁੱਧ ਸੁਨਾਮ ਦੀ ਗੁਜਰੀ,
ਘਿਉ ਜੰਮੇ ਬੀਕਾਨੇਰ।...................................(ਹੁੱਕਾ)
•ਪੰਜਾਬੀ ਦੀਆਂ ਮਨ ਭਾਉਂਦੀਆਂ ਖੁਰਾਕਾਂ ਬਾਰੇ-
ਪੰਜਾਬੀਆਂ ਦੇ ਮਨ ਭਾਉਂਦੇ ਭੋਜਨਾਂ ਵਿਚ ਵਿਸ਼ੇਸ਼ ਕਰਕੇ ਰੋਟੀ,ਚਾਵਲ, ਸਬਜ਼ੀਆਂ,ਦੁੱਧ, ਦਹੀਂ,ਲੱਸੀ,ਮੱਖਣ, ਪਨੀਰ ਅਤੇ ਕੜਾਹ-ਖੀਰ ਆਦਿ ਆਉਂਦੇ ਹਨ।
ਚਾਰ ਕਬੂਤਰ, ਚਾਰੇ ਰੰਗੇ,
ਮਹਿਲੀਂ ਚੜ੍ਹ,ਬਣੇ ਇਕ ਰੰਗ।........................ (ਕੜਾਹ)
•ਰਹੁ-ਰੀਤਾਂ ਦੇ ਪ੍ਰਸੰਗ ਬਾਰੇ-
ਪੰਜਾਬ ਵਿੱਚ ਵਿਆਹ ਵੇਲੇ ਬੁਝਾਰਤਾਂ ਪੁੱਛਣ ਦੀ ਰੀਤ ਪ੍ਰਾਚੀਨ ਸਮੇਂ ਤੋਂ ਚੱਲੀ ਆ ਰਹੀ ਹੈ। ਲਾੜੇ ਕੋਲੋਂ ਬੁਝਾਰਤਾਂ ਪੁਛ ਕੇ ਲਾੜੇ ਦੀ ਬੌਧਿਕ ਸਮਰੱਥਾ ਤੇ ਹਾਜ਼ਰ ਜੁਆਬੀ ਦਾ ਅਨੁਮਾਨ ਲਗਾਇਆ ਜਾਂਦਾ ਹੈ।
ਸਵਾਲ:ਰੇਤੂ ਮੰਜਾ ਬੁਣ ਦੇਹ।
ਜਵਾਬ:ਕੋਰੀ ਕਟਵੀ ਦਹੀ ਜਮਾਇਆ, ਨਿੱਕੇ ਪਾਣੀ ਪੁਣਿਆਂ
ਲੌਂਗਾਂ ਦੀ ਮੈਂ ਲਾਈ ਲਾਈ, ਤੇ ਰੇਤੂ ਮੰਜਾ ਬੁਣਿਆਂ
•ਤਬਲੇ ਨਾਲ ਸੰਬੰਧਿਤ:
ਪੈਰ ਬਿਨਾਂ ਚੌਂਕੇ ਚੜੇ, ਮੂੰਹ ਬਿਨ ਆਟਾ ਖਾਏ,
ਮਾਰਨ ਤੇ ਉਹ ਜੀ ਉਠੇ ਬਿਨ ਮਾਰੇ ਮਰ ਜਾਏ.........(ਤਬਲਾ)
•ਲੋਕ ਖੇਡਾਂ ਬਾਰੇ-
ਪੰਜਾਬੀ ਦੀਆਂ ਬੁਝਾਰਤਾਂ ਵਿਚ ਗੇਂਦ ਅਤੇ ਖੁਦੋਂ ਖੁੰਡੀ ਦਾ ਜ਼ਿਕਰ ਮਿਲਦਾ ਹੈ:
ਬਾਤ ਪਾਵਾਂ ਬਤੋਲੀ ਪਾਵਾਂ
ਬਾਤ ਨੂੰ ਲਾਵਾਂ ਕੁੰਡੇ,ਸਦਾ ਕੁੜੀ ਨੂੰ ਵਿਆਹੁਣ ਚੱਲੇ,
ਚਹੁੰ ਕੂਟਾਂ ਦੇ ਮੁੰਡੇ............................ (ਖੁੱਦੋ ਖੁੰਡੀ)
- ਜਾਤਾਂ ਬਾਰੇ-
ਰੱਜਿਆ ਮਹਿਆ ਨਾ ਚੱਲਦਾ ਹੱਲ ਰੱਜਿਆ ਜੱਟ ਮਚਾਵੇ ਕੱਲ ਰੱਜੀ ਮਹਿੰ ਨਾ ਖਾਵੇ ਖੱਲ ਰੱਜਿਆ ਬ੍ਰਹਮਣ ਪੈਂਦਾ ਗਲ ਰੱਜਿਆ ਖੱਤਰੀ ਜਾਵੇ ਟਲ
- ਔਰਤਾਂ ਬਾਰੇ-
ਕੁੰਡਰ ਰੰਨ ਦੀ ਭੈੜੀ ਚਾਲ,ਚੁਲ੍ਹੇ ਉੱਤੇ ਰੋਵਸ ਬਾਲ ਆਟਾ ਗੁੰਨ੍ਹਦਿਆਂ ਖੁਰਕੇ ਵਾਲ,ਨੱਕ ਪੂੰਝਦੀ ਮੋਢੇ ਨਾਲੇ। ਪੁੱਠੀ ਰੰਨ੍ਹ ਦੇ ਪੁੱਠੇ ਚਾਲੇ,ਆਪ ਵੀ ਰੁੜੇ ਤੇ ਝੁੱਗਾ ਵੀ ਗਾਲੇ।
- ਖੇਤੀ ਬਾਰੇ
ਪਰ ਹੱਥ ਵਣਜ ਸੁਨੇਹੀ ਖੇਤੀ,ਬਿਨ ਦੇਖੇ ਵਰ ਦੇਵੇ ਬੇਟੀ ਅਨਾਜ ਪੁਰਾਣਾ ਦੱਬੇ ਖੇਤੀ, ਕਦੇ ਨਾ ਹੁੰਦੇ ਬੱਤੀ ਤੋਂ ਤੇਤੀ[17]
ਹਵਾਲੇ
[ਸੋਧੋ]- ↑ ਸਿੰਘ, ਡਾ.ਗੁਰਵਿੰਦਰ. ਪੰਜਾਬੀ ਬੁਝਾਰਤਾਂ ਸੰਪਾਦਨ ਤੇ ਮੁਲਾਂਕਣ. p. 19.
- ↑ ਸਿੰਘ, ਡਾ.ਗੁਰਵਿੰਦਰ. ਪੰਜਾਬੀ ਬੁਝਾਰਤਾਂ ਸੰਪਾਦਨ ਤੇ ਮੁਲਾਂਕਣ. p. 18.
- ↑ ਡਾ. ਗੁਰਵਿੰਦਰ ਸਿੰਘ, ਪੰਜਾਬੀ ਬੁਝਾਰਤਾਂ: ਸੰਪਾਦਨ ਤੇ ਮੁਲਾਂਕਣ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2005, ਪੰਨਾ-11-12
- ↑ ਡਾ. ਗੁਰਵਿੰਦਰ ਸਿੰਘ, ਪੰਜਾਬੀ ਬੁਝਾਰਤਾਂ: ਸੰਪਾਦਨ ਤੇ ਮੁਲਾਂਕਣ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2005, ਪੰਨਾ-16
- ↑ ਸਿੰਘ, ਡਾ.ਗੁਰਵਿੰਦਰ. ਪੰਜਾਬੀ ਬੁਝਾਰਤਾਂ ਸੰਪਾਦਨ ਤੇ ਮੁਲਾਂਕਣ. p. 21.
- ↑ ਡਾ. ਜਗੀਰ ਸਿੰਘ ਨੂਰ, ਪੰਜਾਬੀ ਜਨ-ਜੀਵਨ ਲੋਕ-ਰੰਗ, ਪੰਜਾਬੀ ਸਾਹਿਤ ਅਤੇ ਸੱਭਿਆਚਾਰਕ ਸਦਨ, ਫਗਵਾੜਾ, 2006, ਪੰਨਾ-147
- ↑ ਸਿੰਘ, ਡਾ.ਗੁਰਵਿੰਦਰ. ਪੰਜਾਬੀ ਬੁਝਾਰਤਾਂ ਸੰਪਾਦਨ ਤੇ ਮੁਲਾਂਕਣ. p. 24.
- ↑ ਡਾ. ਕਰਨੈਲ ਸਿੰਘ ਥਿੰਦ, ਪੰਜਾਬ ਦਾ ਲੋਕ ਵਿਰਸਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1996, ਪੰਨਾ-205
- ↑ ਡਾ. ਕਰਨੈਲ ਸਿੰਘ ਥਿੰਦ, ਪੰਜਾਬ ਦਾ ਲੋਕ ਵਿਰਸਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1996, ਪੰਨਾ-206
- ↑ ਡਾ. ਕਰਨੈਲ ਸਿੰਘ ਥਿੰਦ, ਪੰਜਾਬ ਦਾ ਲੋਕ ਵਿਰਸਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1996, ਪੰਨਾ-207
- ↑ ਡਾ. ਜਗੀਰ ਸਿੰਘ ਨੂਰ, ਪੰਜਾਬੀ ਜਨ-ਜੀਵਨ ਲੋਕ ਰੰਗ, ਪੰਜਾਬੀ ਸਾਹਿਤ ਅਤੇ ਸੱਭਿਆਚਾਰਕ ਸਦਨ, ਫਗਵਾੜਾ, 2006, ਪੰਨਾ-148
- ↑ ਡਾ. ਜਗੀਰ ਸਿੰਘ ਨੂਰ, ਪੰਜਾਬੀ ਜਨ-ਜੀਵਨ ਲੋਕ ਰੰਗ, ਪੰਜਾਬੀ ਸਾਹਿਤ ਅਤੇ ਸੱਭਿਆਚਾਰਕ ਸਦਨ, ਫਗਵਾੜਾ, 2006, ਪੰਨਾ-149
- ↑ ਡਾ. ਜਗੀਰ ਸਿੰਘ ਨੂਰ, ਪੰਜਾਬੀ ਜਨ-ਜੀਵਨ ਲੋਕ ਰੰਗ, ਪੰਜਾਬੀ ਸਾਹਿਤ ਅਤੇ ਸੱਭਿਆਚਾਰਕ ਸਦਨ, ਫਗਵਾੜਾ, 2006, ਪੰਨਾ-151
- ↑ ਡਾ. ਜਗੀਰ ਸਿੰਘ ਨੂਰ, ਪੰਜਾਬੀ ਜਨ-ਜੀਵਨ ਲੋਕ ਰੰਗ, ਪੰਜਾਬੀ ਸਾਹਿਤ ਅਤੇ ਸੱਭਿਆਚਾਰਕ ਸਦਨ, ਫਗਵਾੜਾ, 2006, ਪੰਨਾ-152
- ↑ ਡਾ. ਜਗੀਰ ਸਿੰਘ ਨੂਰ, ਪੰਜਾਬੀ ਜਨ-ਜੀਵਨ ਲੋਕ ਰੰਗ, ਪੰਜਾਬੀ ਸਾਹਿਤ ਅਤੇ ਸੱਭਿਆਚਾਰਕ ਸਦਨ, ਫਗਵਾੜਾ, 2006, ਪੰਨਾ-153
- ↑ ਭੁਪਿੰਦਰ ਸਿੰਘ ਖਹਿਰਾ, ਲੋਕਧਾਰਾ ਭਾਸ਼ਾ ਅਤੇ ਸੱਭਿਆਚਾਰ, ਪੈਪਸੂ ਬੁੱਕ ਡਿਪੂ, ਬੁੱਕਸ ਮਾਰਕਿਟ ਪਟਿਆਲਾ, 2013, ਪੰਨਾ-53।
- ↑ ਬਿਕਰਮ ਸਿੰਘ ਘੁੰਮਣ, ਪੰਜਾਬੀ ਬੁਝਾਰਤਾਂ, ਵਾਰਿਸ ਸ਼ਾਹ ਫਾਊਂਡੇਸ਼ਨ ਅੰਮਿ੍ਰਤਸਰ, 2006, ਪੰਨਾ 40, 54।