ਲੋਕਧਾਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜਾਦੂ ਦਾ ਕਾਲੀਨ ਇੱਕ ਦੰਦਕਥਾਈ ਕਾਲੀਨ ਹੈ, ਜਿਹੜਾ ਲੋਕਾਂ ਨੂੰ ਤੁਰਤ ਅਤੇ ਤੇਜ਼ੀ ਨਾਲ ਉਨ੍ਹਾਂ ਦੀ ਮੰਜ਼ਿਲ ਤੇ ਲਿਜਾਣ ਲਈ ਇਸਤੇਮਾਲ ਕੀਤਾ ਜਾ ਸਕਦਾ ਸੀ

ਲੋਕਧਾਰਾ (ਅੰਗਰੇਜ਼ੀ: 'Folklore') ਕਿਸੇ ਲੋਕ ਭਾਈਚਾਰੇ ਵਿੱਚ ਪ੍ਰਵਾਹਮਾਨ ਲੋਕ ਗੀਤਾਂ, ਲੋਕ ਸੰਗੀਤ, ਲੋਕ ਨਾਚ, ਮਿਥਾਂ, ਲੋਕ ਕਹਾਣੀਆਂ, ਦੰਦ ਕਥਾਵਾਂ, ਜ਼ਬਾਨੀ ਇਤਿਹਾਸ, ਕਹਾਵਤਾਂ, ਵਿਅੰਗ, ਬੁਝਾਰਤਾਂ, ਲੋਕ ਧਰਮ, ਲੋਕ ਵਿਸ਼ਵਾਸ, ਜਾਦੂ-ਟੂਣੇ, ਵਹਿਮ-ਭਰਮ, ਲੋਕ ਸਾਜ਼, ਸੰਦ, ਬਰਤਨ ਭਾਂਡੇ ਅਤੇ ਲੋਕ ਹਥਿਆਰਾਂ ਆਦਿ ਦਾ ਇੱਕ ਜਟਿਲ ਤਾਣਾ ਬਾਣਾ ਹੁੰਦਾ ਹੈ। ਇਸ ਨੂੰ ਅਸੀਂ ਚਾਰ ਵੰਨਗੀਆਂ ਵਿੱਚ ਵੰਡਦੇ ਹਾਂ। [1]

ਲੋਕਧਾਰਾ ਦੀ ਪਰਿਭਾਸ਼ਾ[ਸੋਧੋ]

ਅੱਜ ਦੇ ਬਹੁਤ ਤੇਜ਼ੀ ਨਾਲ ਬਦਲ ਰਹੇ ਸਮੇਂ ਵਿੱਚ ਮਨੁੱਖ ਸੌਖ ਪਸੰਦੀ ਵਾਲੀ ਜੀਵਨ ਸ਼ੈਲੀ ਨੂੰ ਅਪਣਾ ਰਹੇ ਹਨ। ਇਸ ਅਪਣਾਉਣ ਦੇ ਵਿਚੋਂ ਉਨ੍ਹਾਂ ਦੀ ਪਰੰਪਰਾ ਦੇ ਨਾਲ ਜੁੜਿਆ ਬਹੁਤ ਕੁਝ ਛੁਟ ਰਿਹਾ ਹੈ। ਇਸ ਹੇਰਵੇ ਦੇ ਅਧੀਨ ਆਪਣੀ ਵਿਰਾਸਤ ਦੀ ਸੰਭਾਲ ਕਿਤਾਬਾਂ, ਕੈਸਟਾਂ ਅਤੇ ਸੀ.ਡੀ. ਆਦਿ ਦੀ ਵਰਤੋਂ ਰਾਹੀਂ ਸਾਂਭਣ ਦੀ ਕੋਸ਼ਿਸ਼ ਕਰਦੇ ਹਨ। ‘ਲੋਕਧਾਰਾ ਅਜਿਹਾ ਹੀ ਅਨੁਸ਼ਾਸ਼ਨ ਹੈ, ਜਿਸਦੀ ਕੋਈ ਇੱਕ ਪਰਿਭਾਸ਼ਾ ਨਿਸ਼ਚਿਤ ਨਹੀਂ ਕੀਤੀ ਜਾ ਸਕੀ ਹੈ।

ਲੋਕਧਾਰਾ ਅੰਗਰੇਜ਼ੀ ਦੇ ਸ਼ਬਦ "ਫੋਕਲੋਰ" ਦਾ ਸਮਾਨਾਰਥਕ ਹੈ। ‘ਫੋਕਲੋਰ` ਸ਼ਬਦ ਦੀ ਪਹਿਲੀ ਵਾਰ ਵਰਤੋਂ 1846 ਈ. ਵਿੱਚ ਇੱਕ ਅੰਗਰੇਜ਼ੀ ਵਿਦਵਾਨ 'ਵਿਲੀਅਮ ਜਾਨ ਥਾਮਸ' ਨੇ ਕੀਤੀ। ਇੱਕ ਗਿਆਨ ਦੇ ਨਵੇਂ ਖੇਤਰ ਦੇ ਰੂਪ ਵਿੱਚ ਲੋਕਧਾਰਾ ਦਾ ਉਦਗਮ ਜਰਮਨ ਭਰਾਵਾਂ "ਜੈਕੁਬ ਅਤੇ ਵਿਲੀਅਮ ਗਰਿਮ" ਦੁਆਰਾ ਮੌਖਿਕ ਬਿਰਤਾਂਤਾਂ ਦੇ ਇਕੱਤਰੀਕਰਨ, ਸੰਕਲਨ ਅਤੇ ਮਿਥਿਹਾਸ ਦੇ ਅਧਿਐਨ ਤੇ ਆਧਾਰਿਤ ਪ੍ਰਭਾਵਸ਼ਾਲੀ ਪੁਸਤਕਾਂ ਦੀ ਪ੍ਰਕਾਸ਼ਨਾਂ ਨਾਲ ਹੋਇਆ। ਉਨੀਵੀਂ ਸਦੀ ਵਿੱਚ ਪੱਛਮ ਵਿੱਚ ਲੋਕਧਾਰਾ ਅਧਿਐਨ ਲਈ ਵਿਭਿੰਨ ਅਧਿਐਨ ਪ੍ਰਣਾਲੀਆਂ ਦਾ ਵਿਕਾਸ ਹੋਣਾ ਆਰੰਭ ਹੋ ਗਿਆ।[2] ਪੰਜਾਬੀ ਵਿੱਚ ਫੋਕਲੋਰ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਬਾਵਾ ਬੁੱਧ ਸਿੰਘ ਨੇ ਕੀਤੀ। ਵਣਜਾਰਾ ਬੇਦੀ ਦੇ ਵਿਚਾਰ ਅਨੁਸਾਰ ਰਾਜਾ ਰਸਾਲੂ ਵਿੱਚ ਬਾਵਾ ਬੁੱਧ ਸਿੰਘ ਨੇ ‘ਫੋਕਲੋਰ` ਸ਼ਬਦ ਦੀ ਵਰਤੋਂ ਕੀਤੀ, ਇੱਕ ਵਾਰ ਤਾਂ ਫੋਕਲੋਰ ਨੂੰ ਤਤਸਮ ਰੂਪ ਵਿੱਚ ਹੀ ਵਰਤ ਕੇ ਕੰਮ ਸਾਰ ਲਿਆ ਹੈ। ਪਰ ਦੂਜੀ ਤੇ ਤੀਜੀ ਵਾਰ ਫੋਕਲੋਰ ਦਾ ਪੰਜਾਬੀ ਅਨੁਵਾਦ "ਕਹਾਣੀ" ਕੀਤਾ।[3] "ਇਨਸਾਈਕਲੋਪੀਡੀਆ ਬ੍ਰਿਟੇਨਕਾ" ਦੇ ਅਨੁਸਾਰ, ਫੋਕਲੋਰ ਆਮ ਲੋਕਾਂ ਦੇ ਉਹ ਪਰੰਪਰਾਗਤ ਵਿਸ਼ਵਾਸਾਂ, ਵਹਿਮਾਂ-ਭਰਮਾਂ, ਸ਼ਿਸ਼ਟਾਚਾਰਾਂ, ਰਸਮਾਂ-ਰੀਤਾਂ ਤੇੇ ਕਰਮ-ਕਾਂਡਾਂ ਦਾ ਸੋਮਾ ਹੈ। ਜਿਹੜੇ ਆਦਿ ਕਾਲ ਤੋਂ ਚਲੇ ਆ ਰਹੇ ਹਨ ਅਤੇ ਸਮਕਾਲੀ ਗਿਆਨ ਤੇ ਧਰਮ ਦੇ ਸਥਾਪਿਤ ਪੈਟਰਨਾਂ ਤੋਂ ਬਾਹਰ ਵੀ ਖੰਡਿਤ, ਸੁਧਰੇ ਪਰ ਨਿਸਬਤਨ ਬਦਲਦੇ ਰੂਪ ਵਿੱਚ ਆਧੁਨਿਕ ਯੁਗ ਤੀਕ ਵੀ ਹੋਂਦ ਕਾਇਮ ਕਰਦੇ ਹਨ। ਡਾ. ਭੁਪਿੰਦਰ ਸਿੰਘ ਖਹਿਰਾ ਅਨੁਸਾਰ, “ਸਮੇਂ ਸਥਾਨ ਤੇ ਸਨਮੁਖ ਪਰਿਸਥਿਤੀਆਂ ਦੇ ਪ੍ਰਸੰਗ ਵਿੱਚ ਲੋਕ ਸਮੂਹ ਦੀ ਸਭਿਆਚਾਰਕ ਸੋਚਣੀ ਦਾ ਵਿਅਕਤ ਰੂਪ ਹੀ ਲੋਕਧਾਰਾ ਹੈ। ਇਸ ਪ੍ਰਗਟਾਅ ਲਈ ਵਰਤੀ ਗਈ ਸਮੱਗਰੀ ਅਤੇ ਮਾਧਿਅਮ ਦੀ ਕਿਸਮ ਲੋਕਧਾਰਾ ਦੇ ਵਿਭਿੰਨ ਰੂਪਾਂ ਨੂੰ ਨਿਰਧਾਰਿਤ ਕਰਦੀ ਹੈ। ਜਿਵੇਂ ਉਚਾਰ ਤੇ ਸੰਗੀਤ ਦੇ ਮਾਧਿਅਮ ਦੇ ਸੁਮੇਲ ਤੋਂ ਲੋਕਗੀਤ ਬਣਦਾ ਉਚਾਰ ਤੇ ਬਿਰਤਾਂਤ ਤੋਂ ਕਥਾ, ਕਥ ਤੇ ਕਾਰਜ ਤੋਂ ਰੀਤ ਸਭਿਆਚਾਰਕ ਸਥਾਪਨਾਵਾਂ ਤੋਂ ਲੋਕ-ਵਿਸ਼ਵਾਸ ਅਤੇ ਭਾਸ਼ਾ ਦੀ ਵਰਤੋਂ ਨਾਲ ਲੋਕ-ਸਾਹਿਤ, ਧਾਗੇ ਦੀ ਵਰਤੋਂ ਨਾਲ ਕਸੀਦਾਕਾਰੀ ਆਦਿ ਬਣਦਾ ਹੈ।"[4]

ਲੱਛਣ[ਸੋਧੋ]

ਲੋਕਧਾਰਾ ਦੀਆਂ ਵੱਖ-ਵੱਖ ਪਰਿਭਾਸ਼ਾਵਾਂ ਦੀ ਤਰ੍ਹਾਂ ਹੀ ਇਸ ਦੇ ਲੱਛਣਾਂ ਨੂੰ ਨਿਸ਼ਚਿਤ ਕਰਨਾ ਆਸਾਨ ਨਹੀਂ ਹੈ। ਵਿਦਵਾਨਾਂ ਦੁਆਰਾ ਪ੍ਰਵਾਨ ਕੀਤੇ ਜਾਂਦੇ ਕੁਝ ਮੁੱਖ ਲੱਛਣ ਇਸ ਤਰ੍ਹਾਂ ਹਨ:

ਪਰੰਪਰਾ[ਸੋਧੋ]

ਪਰੰਪਰਾ ਭਾਵੇਂ ਲੋਕਧਾਰਾ ਨਹੀਂ ਹੁੰਦੀ ਪਰ ਇਸ ਦੇ ਮੇਲ ਤੋਂ ਬਿਨਾਂ ਲੋਕਧਾਰਾ ਜੀਵੰਤ ਨਹੀਂ ਰਹਿ ਸਕਦੀ। ਪਰੰਪਰਾ ਦੇ ਵਿੱਚ ਉਹ ਤੱਤ ਸ਼ਾਮਿਲ ਹੁੰਦੇ ਹਨ ਜਿਹੜੇ ਇੱਕ ਸਮੂਹ ਲੰਮੇ ਸਮੇਂ ਤੋਂ ਆਪਣੇ ਜੀਵਨ ਦੇ ਵਿੱਚ ਰੀਤਾਂ ਦੇ ਤੌਰ ਤੇ ਗ੍ਰਹਿਣ ਕਰਦਾ ਹੈ। ਲੋਕਧਾਰਾ ਨੂੰ ਪਰੰਪਰਾ ਦੀ ਸਾਇੰਸ ਸਵੀਕਾਰ ਕੀਤਾ ਜਾਂਦਾ ਹੈ। ਲੋਕਧਾਰਾ ਵਿੱਚ ਲੋਕ ਜੀਵਨ ਦੀਆਂ ਪਰੰਪਰਾਵਾਂ ਨੂੰ ਹੀ ਦੇਖਿਆ ਜਾ ਸਕਦਾ ਹੈ।

ਪ੍ਰਵਾਨਗੀ[ਸੋਧੋ]

ਲੋਕਧਾਰਾ ਆਪਣੇ ਸੰਗਠਿਤ ਰੂਪ ਵਿੱਚ ਉਦੋਂ ਹੀ ਪ੍ਰਵਾਨ ਹੋ ਸਕਦੀ ਹੈ ਜਦੋਂ ਉਸਨੂੰ ਲੋਕ-ਸਮੂਹ ਦੀ ਪ੍ਰਵਾਨਗੀ ਹਾਸਿਲ ਹੋਵੇ। ਸਮੇਂ ਦੇ ਨਾਲ ਲੋਕਧਾਰਾ ਦੇ ਵਿੱਚ ਬਹੁਤ ਕੁਝ ਸ਼ਾਮਿਲ ਅਤੇ ਨਿਖੜਦਾ ਰਹਿੰਦਾ ਹੈ। ਇਹ ਸਭ ਕੁਝ ਉਦੋਂ ਹੀ ਸੰਭਵ ਹੁੰਦਾ ਹੈ ਜਦੋਂ ਲੋਕ ਸਮੂਹ ਦੀ ਪ੍ਰਵਾਨਗੀ ਹਾਸਿਲ ਹੋਵੇ।

ਮਨੋਸਥਿਤੀ[ਸੋਧੋ]

ਲੋਕਧਾਰਾ ਦਾ ਧਰਾਤਲ ਲੋਕ ਸਮੂਹ ਦੀ ਮਨੋਸਥਿਤੀ ਹੈ। ਮਨੋ-ਸਥਿਤੀ, ਲੋਕਾਂ ਦੀ ਜੀਵਨ-ਜੁਗਤ ਤੇ ਜੀਵਨ-ਸਥਿਤੀ ਤੇ ਨਿਰਭਰ ਕਰਦੀ ਹੈ। ਜੀਵਨ ਸਥਿਤੀ ਅੱਗੋਂ ਪੈਦਾਵਾਰ ਦੇ ਸਾਧਨਾਂ, ਰਿਸ਼ਤਿਆਂ, ਸੰਦਾਂ ਤੇ ਸਮੱਗਰੀ ਵਿੱਚ ਪਰਿਵਰਤਨ ਆਉਣ ਸਦਕਾ, ਜੀਵਨ-ਸਥਿਤੀ ਵਿੱਚ ਪਰਿਵਰਤਨ ਆਉਂਦਾ ਹੈ। ਇਸ ਪਰਿਵਰਤਨ ਨੂੰ ਲੋਕਧਾਰਾ ਦੇ ਸਾਰੇ ਰੂਪ ਸਵੀਕਾਰ ਕਰਦੇ ਹਨ।

ਪਰਿਵਰਤਨ[ਸੋਧੋ]

ਬਦਲਾਵ ਤਾਂ ਸਮਾਜ ਦਾ ਨਿਯਮ ਹੈ। ਇਸ ਤਰ੍ਹਾਂ ਹੀ ਲੋਕਾਂ ਦੀ ਮਾਨਸਿਕਤਾ ਦੇ ਵਿੱਚ ਪਰਿਵਰਤਨ ਆਉਣ ਦੇ ਨਾਲ ਲੋਕਧਾਰਾ ਵਿੱਚ ਪਰਿਵਰਤਨ ਸਹਿਜੇ ਹੀ ਵਾਪਰ ਜਾਂਦਾ ਹੈ। ਲੋਕਧਾਰਾ ਦੇ ਵਿੱਚ ਨਵੇਂ ਤੱਤ ਸ਼ਾਮਿਲ ਹੋ ਜਾਂਦੇ ਹਨ ਅਤੇ ਪੁਰਾਣੇ ਜਿਹਨਾਂ ਦੀ ਸਾਰਥਕਤਾ ਨਹੀਂ ਹੁੰਦੀ ਤਿਆਗ ਦਿੱਤੇ ਜਾਂਦੇ ਹਨ।

ਪ੍ਰਤਿਭਾ[ਸੋਧੋ]

ਲੋਕਧਾਰਾ ਦੇ ਵਿਚੋਂ ਸਮੂਹ ਦੀ ਸੋਚ ਦਾ ਪ੍ਰਗਟਾਵਾ ਮਿਲਦਾ ਹੈ। ਲੋਕਧਾਰਾ ਸਮੂਹਿਕ ਸਿਰਜਣਾ ਹੁੰਦੀ ਹੈ। ਪਰ ਕੋਈ ਇੱਕ ਵਿਅਕਤੀ ਜਿਹੜਾ ਪਰੰਪਰਾ ਦੇ ਨਾਲ ਡੂੰਘੇ ਰੂਪ ਵਿੱਚ ਜੁੜਿਆ ਹੁੰਦਾ ਹੈ। ਅਜਿਹਾ ਵਿਅਕਤੀ ਆਪਣੇ ਨਿੱਜ ਤੱਕ ਸੀਮਤ ਨਾ ਹੋ ਕੇ ਸਮੂਹ ਦੀ ਪ੍ਰਤਿਨਿਧਤਾ ਹੀ ਕਰ ਰਿਹਾ ਹੁੰਦਾ ਹੈ। ਇਸ ਕੰਮ ਦੇ ਲਈ ਬਹੁਤ ਲੰਮੀ ਘਾਲਣਾ ਦੀ ਜ਼ਰੂਰਤ ਹੁੰਦੀ ਹੈ।

ਪ੍ਰਬੰਧਕਤਾ[ਸੋਧੋ]

ਲੋਕਧਾਰਾ ਦੀ ਇੱਕ ਖੂਬੀ ਇਹ ਵੀ ਹੈ ਕਿ ਇਹ ਪ੍ਰਸੰਗ ਦੇ ਅਧੀਨ ਹੀ ਵਿਚਰਦੀ ਹੈ। ਇਹ ਪ੍ਰਬੰਧ ਹੀ ਲੋਕਧਾਰਾ ਨੂੰ ਇੱਕ ਕਾਰਗਰ ਸੰਚਾਰ ਦਾ ਮਾਧਿਅਮ ਬਣਾਉਂਦਾ ਹੈ। ਲੋਕਧਾਰਾ ਦੇ ਸਾਰੇ ਤੱਤ ਵਿਉਂਤਬੱਧ ਤਰੀਕੇ ਦੇ ਨਾਲ ਪ੍ਰਗਟ ਹੁੰਦੇ ਹਨ। ਕੋਈ ਵੀ ਤੱਤ ਵਾਧੂ ਜਾਂ ਅਪ੍ਰਸੰਗਿਕ ਨਹੀਂ ਹੁੰਦਾ।

ਲੋਕਧਾਰਾ ਦੇ ਖੇਤਰ[ਸੋਧੋ]

ਲੋਕਧਾਰਾ ਸਮੂਹ ਦੀਆਂ ਭਾਵਨਾਵਾਂ, ਸਮੱਸਿਆਵਾਂ ਨੂੰ ਵਿਅਕਤ ਕਰਨ ਦਾ ਸਾਧਨ ਹੈ। ਲੋਕਧਾਰਾ ਦੀ ਭੂਮਿਕਾ ਨੂੰ ਮਨੁੱਖੀ ਸਮਾਜ ਕਦੇ ਵੀ ਅਣਗੌਲਿਆ ਨਹੀਂ ਕਰ ਸਕਦਾ। ਡਾ. ਵਣਜਾਰਾ ਬੇਦੀ ਦੇ ਅਨੁਸਾਰ, “ਲੋਕਧਾਰਾ ਇੱਕ ਚੂਲ ਹੈ। ਜਿਸ ਦੇ ਦੁਆਲੇ ਮਨੁੱਖੀ ਜੀਵਨ ਘੁੰਮਦਾ, ਰੇੜਕੇ ਵਿੱਚ ਪਿਆ, ਜ਼ਿੰਦਗੀ ਵਿਚੋਂ ਰਹੱਸ ਨਿਤਾਰਦਾ ਰਿਹਾ ਹੈ।"[5]

 • ਲੋਕ ਸਾਹਿਤ
 • ਲੋਕ ਮਨੋਵਿਗਿਆਨ
 • ਲੋਕ ਸਮੱਗਰੀ
 • ਲੋਕ ਕਲਾਵਾਂ

ਲੋਕਧਾਰਾ ਸਭਿਆਚਾਰ ਦਾ ਨਿਸ਼ਚਤ ਭਾਗ ਹੈ ਜਿਸ ਵਿੱਚ ਪਰੰਪਰਕ ਸਮੱਗਰੀ ਸ਼ਾਮਿਲ ਹੈ ਜੋ ਸਾਨੂੰ ਵਿਰਸੇ ਵਿਚੋਂ ਪ੍ਰਾਪਤ ਹੁੰਦੀ ਹੈ। ਇਸ ਵਿਚੋਂ ਲੋਕ ਮਾਨਸ ਦੀ ਅਭਿਵਿਅਕਤੀ ਹੁੰਦੀ ਹੈ ਅਤੇ ਇਸਨੂੰ ਜਨਸਮੂਹ ਦੀ ਪ੍ਰਵਾਨਗੀ ਪ੍ਰਾਪਤ ਹੁੰਦੀ ਹੈ ਅਤੇ ਇਸ ਦਾ ਸੰਚਾਰ "ਮੋਖਿਕ ਅਤੇ ਲਿਖਤੀ" ਦੋਵੇਂ ਤਰਾਂ ਨਾਲ ਹੁੰਦਾ ਹੈ। ਲੋਕਧਾਰਾ ਦਾ ਖੇਤਰ ਬਹੁਤ ਵਿਸ਼ਾਲ ਹੈ ਇਸ ਵਿੱਚ ਮਨੁੱਖੀ ਜੀਵਨ ਦੇ ਹਰ ਪੱਖ ਨਾਲ ਸੰਬੰਧਿਤ ਸਮੱਗਰੀ ਸ਼ਾਮਿਲ ਹੈ।

“ਲੋਕਧਾਰਾ ਦੀ ਸਮੱਗਰੀ ਵਿੱਚ ਵੰੰਨ-ਸੁਵੰਨੇ ਵਿਚਾਰ ਵਿਅਕਤ ਕਲਾਵਾਂ, ਲੋਕ ਵਿਸ਼ਵਾਸ, ਵਹਿਮ ਭਰਮ, ਜਾਦੂ ਟੂਣੇ ਅਤੇ ਮੰਤਰ ਵੀ ਆ ਜਾਂਦੇ ਹਨ।”[6] “ਲੋਕਧਾਰਾ ਵਿੱਚ ਮਨੁੱਖ ਦੀ ਸਾਰੀ ਸੋਚ, ਕਲਾ, ਸਾਹਿਤ ਤੇ ਦਰਸ਼ਨ ਆਦਿ ਦੀਆਂ ਰੂੜੀਆਂ ਸਮਾਈਆਂ ਹੋਈਆਂ ਹਨ। ਧਰਮ ਦੇ ਅਨੇਕਾਂ ਸਿਧਾਂਤ ਤੇ ਰੀਤਾਂ ਲੋਕਧਾਰਾ ਦੇ ਬੀਜਾਂ ਵਿਚੋਂ ਵਿਕਸੀਆਂ ਹਨ। ਕਲ ਦੇ ਮੁੱਢਲੇ ਪੈਟਰਨਾਂ ਦੀ ਜਨਮਦਾਤੀ ਲੋਕਧਾਰਾ ਹੈ: ਸਾਹਿਤ ਦੇ ਭਿੰਨ ਰੂਪ ਅਤੇ ਮੁਢਲੀਆਂ ਕਾਵਿ ਸ਼ੈਲੀਆਂ ਦੇ ਬੁਨਿਆਦੀ ਤੱਤਾਂ ਲੈ ਅ, ਤਾਲ, ਛੰਦ, ਅਲੰਕਾਰ ਆਦਿ ਦੀ ਲੋਕਧਾਰਾ ਦੇ ਗਰਭ ਵਿੱਚ ਪੈ ਕੇ ਨਿੰਮੇ ਹਨ। ਮੁੱਢਲੇ ਨ੍ਰਿਤ ਤੇ ਨਾਟ ਲੋਕਧਾਰਾ ਦੀਆਂ ਕੁਝ ਰਹੁ ਰੀਤਾਂ ਦਾ ਹੀ ਭਾਵੁਕ ਸਮੂਹਤੀਕਰਣ ਹਨ। ਅਜੋਕੀ ਕਥਾ ਕਹਾਣੀ ਦੀ ਵਡਿਕੀ, ਸਿਖਿਕ ਕਥਾ ਲੋਕਧਾਰਾ ਦੀ ਦਾਦੀ ਅੰਮਾ ਹੈ। ਸ਼ਿਲਪ ਕਲਾ, ਮੂਰਤੀਕਲਾ ਤੇ ਬੁੱਤਕਾਰੀ ਦਾ ਮੁੱਢ ਵੀ ਲੋਕਧਾਰਾ ਦੀ ਕੁੱਖੋਂ ਹੀ ਹੋਇਆ ਹੈ। ਚਕਿਤਸਾ ਤੇ ਵਿਗਿਆਨ ਦਾ ਸੱਚ ਵੀ ਲੋਕਧਾਰਾ ਵਿੱਚ ਵੇਖਿਆ ਜਾ ਸਕਦਾ।”[7] “ਲੋਕਧਾਰਾ ਦਾ ਘੇਰਾ ਬੜਾ ਵਿਸ਼ਾਲ ਤੇ ਸਮੁੰਦਰ ਵਾਂਗ ਡੂੰਘਾ ਹੈ। ਮੁੱਠੀ ਭਰ ਭਰਮਾਂ, ਵਹਿਮਾਂ,ਰੀਤਾਂ-ਮਨੋਤਾਂ ਤੇ ਰਿਵਾਇਤਾਂ ਨੂੰ ਹੀ ਲੋਕਧਾਰਾ ਮੰਨ ਲੈਣਾ ਇਸ ਅਖੁਟ ਕੋਸ਼ ਨਾਲ ਅਨਿਆਂ ਕਰਨਾ ਹੈ। ਇਸ ਦਾ ਕਿਧਰੇ ਹੱਦਬੰਨਾ ਨਹੀਂ ਇਹ ਅਥਾਹ ਭੰਡਾਰ ਹੈ।”[8] ਕਰਨੈਲ ਸਿੰਘ ਥਿੰਦ ਨੇ ਲੋਕਧਾਰਾ ਦੇ ਕੀਤੇ ਵਰਗੀਕਰਨ ਵਿੱਚ ਜੀਵਨ ਦੇ ਹਰ ਪੱਖ ਨੂੰ ਛੋਹਣ ਦੀ ਕੋਸ਼ਿਸ਼ ਕੀਤੀ ਹੈ ਅਤੇ ਇਹ ਵਰਗੀਕਰਨ ਵਧੇਰੇ ਵਿਗਿਆਨਕ ਹੈ। ਉਹਨਾਂ ਲੋਕਯਾਨਿਕ ਸਮੱਗਰੀ ਦਾ ਵਰਗੀਕਰਨ ਇਸ ਤਰਾਂ ਕੀਤਾ ਹੈ।

ਲੋਕ ਸਾਹਿਤ[ਸੋਧੋ]

ਲੋਕ ਗੀਤ, ਲੋਕ ਕਹਾਣੀਆਂ, ਲੋਕ ਸਾਹਿਤ ਦੇ ਵਿਵਧ ਰੂਪ

ਲੋਕ ਕਲਾ[ਸੋਧੋ]

ਲੋਕ ਸੰਗੀਤ, ਲੋਕ ਨਾਟ, ਲੋਕ ਨ੍ਰਿਤ, ਮੂਰਤੀ ਕਲਾ ਤੇ ਲੋਕ ਕਲਾ

ਅਨੁਸ਼ਠਾਨ[ਸੋਧੋ]

ਲੋਕ ਰੀਤੀ ਰਿਵਾਜ਼, ਮੇਲੇ ਤੇ ਤਿਉਹਾਰ, ਪੂਜਾ ਵਿਧੀਆਂ, ਲੋਕ ਭਰਮ

ਲੋਕ ਵਿਸ਼ਵਾਸ਼[ਸੋਧੋ]

ਜਾਦੂ ਟੂਣੇ, ਜੰਤਰ ਮੰਤਰ, ਤਾਵੀਜ਼, ਮਹਾਨ, ਅਪਸ਼ਰਾਨ ਆਦਿ

ਲੋਕ ਧੰਦੇ ਜਾਂ ਕਿੱਤੇ[ਸੋਧੋ]

ਸਿਲਾਈ, ਕਢਾਈ, ਕਸ਼ੀਦਾਕਾਰੀ, ਕਪੜਾ ਬੁਣਨਾ, ਤਰਖਾਣ, ਕੁਸਿਹਾਰ ਆਦਿ।

ਲੋਕ ਮਨੋਰੰਜਨ[ਸੋਧੋ]

ਲੋਕ ਖੇਡਾਂ, ਤਮਾਸ਼ੇ

ਫੁਟਕਲ[ਸੋਧੋ]

ਇਸ਼ਾਰੇ ਅਤੇ ਚਿੰਨ੍ਹ ਆਦਿ।”[9]

ਹਵਾਲੇ[ਸੋਧੋ]

 1. ਦੋ ਸ਼ਬਦ, ਜੋਗਿੰਦਰ ਸਿੰਘ ਕੈਰੋਂ /ਪੰਜਾਬੀ ਲੋਕਧਾਰਾ:ਸਮੱਗਰੀ ਤੇ ਪੇਸ਼ਕਾਰੀ-ਡਾ. ਰੁਪਿੰਦਰ ਕੌਰ, ਪੰਨਾ-12
 2. ਬਲਬੀਰ ਸਿੰਘ ਪੂਨੀ, ਲੋਕਧਾਰਾ, ਵਾਰਿਸ ਸ਼ਾਹ, ਫਾਉਂਡੇਸ਼ਨ, ਅੰਮ੍ਰਿਤਸਰ, 1993, ਪੰਨਾ 9.
 3. ਡਾ. ਸੋਹਿੰਦਰ ਸਿੰਘ ਬੇਦੀ,ਲੋਕਧਾਰਾ ਤੇ ਸਾਹਿਤ,ਲਾਹੌਰ ਬੁੱਕ ਸ਼ਾਪ, ਲੁਧਿਆਣਾ, 1986, ਪੰਨਾ 28-29.
 4. ਡਾ. ਭੁਪਿੰਦਰ ਸਿੰਘ ਖਹਿਰਾ, ਲੋਕਧਾਰਾ ਭਾਸ਼ਾ ਤੇ ਸਭਿਆਚਾਰ, ਪੰਨਾ 5.
 5. ਡਾ. ਸੋਹਿੰਦਰ ਸਿੰਘ ਬੇਦੀ, ਉਹੀ, ਪੰਨਾ 14.
 6. 6 ਭੂਪਿੰਦਰ ਸਿੰਘ ਖਹਿਰਾ, ਲੋਕਧਾਰਾ ਭਾਸ਼ਾ ਅਤੇ ਸਭਿਆਚਾਰ, ਪੈਪਸੂ ਬੁੱਕ ਡਿਪੂ ਪਟਿਆਲਾ, 1989, ਪੰਨਾ. 24
 7. 7. ਸੁਹਿੰਦਰ ਸਿੰਘ ਬੇਦੀ ਲੋਕਧਾਰਾ ਦਾ ਮਹੱਤਵ, ਲੋਕਯਾਨ ਅਧਿਐਨ (ਸੰਪਾਦਕ) ਕਰਨੈਲ ਸਿੰਘ ਥਿੰਦ, ਪੰਜਾਬੀ ਭਾਸ਼ਾ ਸਾਹਿਤ ਅਤੇ ਸਭਿਆਚਾਰ ਵਿਭਾਗ: ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਪੰਨਾ ਨੰ. 23
 8. 8. ਉਹੀ, ਪੰਨਾ 24<br /
 9. 9. ਕਰਨੈਲ ਸਿੰਘ ਥਿੰਦ, ਪੰਜਾਬ ਦਾ ਲੋਕ ਵਿਰਸਾ ਭਾਗ ਪਹਿਲਾ, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਨਾ 91,92,93