ਸਮੱਗਰੀ 'ਤੇ ਜਾਓ

ਸ਼ਗਨ-ਅਪਸ਼ਗਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸ਼ਗਨ-ਅਪਸ਼ਗਨ ਲੋਕ-ਵਿਸ਼ਵਾਸਾਂ ਦੀ ਇੱਕ ਵੰਨਗੀ ਹਨ। ਲੋਕ-ਵਿਸ਼ਵਾਸ ਲੋਕ-ਮਨ ਦੀ ਸਿਰਜਣਾ ਹੁੰਦੇ ਹਨ। ਲੋਕਾਂ ਦੇ ਪ੍ਰਕ੍ਰਿਤੀ ਬਾਰੇ ਧੁੰਦਲੇ ਅਨੁਭਵ, ਕਿਸੇ ਵਰਤਾਰੇ ਬਾਰੇ ਸਮਝ ਨਾ ਹੋਣਾ ਜਾਂ ਉਸਦਾ ਗਲਤ ਅਨੁਭਵ ਹੋਣਾ, ਕਿਸੇ ਵਸਤੂ ਦੇ ਉਪਯੋਗੀ ਹੋਣ ਵਿੱਚ ਵਿਸ਼ਵਾਸ ਹੋਣਾ ਆਦਿ ਵੱਖ-ਵੱਖ ਇਸਦੇ ਅਧਾਰ ਹੋ ਸਕਦੇ ਹਨ। ਰਿਗਵੈਦਿਕ ਸਮੇਂ ਤੋਂ ਚਲਦੇ ਆ ਰਹੇ ਸ਼ਗਨ-ਅਪਸ਼ਗਨ ਅੱਜ ਮਨੁੱਖ ਦੇ ਜੀਵਨ ਦਾ ਅਟੁੱਟ ਹਿੱਸਾ ਬਣ ਚੁੱਕੇ, ਜੋ ਪੀੜੀ-ਦਰ-ਪੀੜੀ ਚਲਦੇ ਆ ਰਹੇ ਹਨ। ਸ਼ੁੱਭ ਕੰਮਾਂ ਨੂੰ ਸ਼ਗਨ ਅਤੇ ਅਸ਼ੁੱਭ ਕੰਮਾਂ ਨੂੰ ਅਪ-ਸ਼ਗਨ ਕਿਹਾ ਜਾਂਦਾ ਹੈ।

ਸ਼ਗਨ

[ਸੋਧੋ]

ਸ਼ਗਨ ਦਾ ਅਰਥ ਸ਼ੁੱਭ ਕਰਮ, ਚੰਗਾ ਪ੍ਰਭਾਵ, ਚੜਦੀ ਕਲਾ ਦਾ ਅਹਿਸਾਸ। ਸ਼ਗਨ 'ਸ਼ਕੁਨ' ਦਾ ਪੰਜਾਬੀ ਰੂਪ ਹੈ, ਜਿਸਦਾ ਅਰਥ 'ਪੰਛੀ' ਹੈ। ਪੁਰਾਣੇ ਸਮਿਆਂ ਵਿੱਚ ਪੰਤੀਆਂ ਦੀ ਚਹਿਕ ਉਡਾਣ ਦਿਸ਼ਾ ਜਾਂ ਉਨ੍ਹਾਂ ਦੀਆਂ ਹੋਰ ਕਿਰਿਆਵਾਂ ਤੋਂ ਭਵਿੱਖ ਵਿੱਚ ਵਾਪਰਨ ਵਾਲੀਆਂ ਗੱਲਾਂ ਦਾ ਅਨੁਮਾਨ ਲਗਾਇਆ ਜਾਂਦਾ ਹੈ। ਪੰਛੀਆਂ ਨਾਲ ਸਬੰਧਿਤ ਹੋਣ ਕਾਰਨ ਇਸ ਕਿਰਿਆ ਲਈ ਸ਼ਗਨ ਸ਼ਬਦ ਰੂੜ ਹੋ ਗਿਆ। ਫਿਰ ਇਹ ਸ਼ਬਦ ਅਰਥ ਵਿਸਥਾਰ ਦੀ ਪ੍ਰਕਿਰਿਆ ਵਿੱਚ ਪੈ ਕੇ ਹਰ ਉਸ ਚਿੰਨ੍ਹ ਜਾਂ ਲੱਭਣ ਲਈ ਪ੍ਰਯੋਗ ਹੋਣ ਲੱਗਾ ਜੋ ਭਵਿੱਖ ਵਿੱਚ ਵਾਪਰਨ ਵਾਲੀ ਕਿਸੇ ਘਟਨਾ ਦਾ ਸੂਚਕ ਹੋਵੇ। ਬਾਅਦ ਵਿੱਚ ਇਹ ਸ਼ਬਦ ਕੁਝ ਮੰਗਲਕਾਰੀ ਰਸਮਾਂ ਲਈ ਵੀ ਪ੍ਰਯੋਗ ਹੋਣ ਲੱਗਾ। ਸ਼ਗਨ ਮਨਾਉਣਾ, ਸ਼ਗਨ ਪਾਉਣਾ ਜਾਂ ਸ਼ਗਨ ਵਿਚਾਰਨਾ ਇਸ ਸ਼ਬਦ ਦੇ ਹੀ ਰੂਪ ਹਨ।"1

ਅਪਸ਼ਗਨ

[ਸੋਧੋ]

'ਅਪ' ਅਗੇਤਰ ਬੁਰੇ ਦਾ ਬੋਧ ਕਰਵਾਉਂਦਾ ਹੈ। ਕਿਸੇ ਕੰਮ ਦੇ ਆਰੰਭ ਵੇਲੇ ਪ੍ਰਾਕ੍ਰਿਤਕ ਦ੍ਰਿਸ਼ ਸੁਖਾਵੇ ਨਾ ਹੋਣ, ਗ੍ਰਹਿ ਅਨੁਕੂਲ ਠੀਕ ਨਾ ਹੋਣ, ਅਚਾਨਕ ਕਿਸੇ ਚੀਜ਼ ਦਾ ਟੁੱਟ ਜਾਣਾ, ਜਿਹੜੇ ਚਿੰਨ੍ਹ, ਲੱਛਣ ਤੇ ਦ੍ਰਿਸ਼ਟਮਾਨ ਅਮੰਗਲ ਬੌਧਿਕ ਹੋਣ ਉਨ੍ਹਾਂ ਨੂੰ ਅਪ-ਸ਼ਗਨ ਕਿਹਾ ਜਾਂਦਾ ਹੈ।

ਪੰਜਾਬੀ ਲੋਕਾਂ ਦੇ ਸ਼ਗਨ-ਅਪਸ਼ਨ

[ਸੋਧੋ]

'ਸ਼ਗਨ-ਅਪਸ਼ਗਨ' ਮਨੁੱਖ ਦੀ ਪ੍ਰਕਿਰਤੀ ਅਤੇ ਸਮਾਜਿਕ ਵਰਤਾਰੇ ਸੰਬੰਧੀ ਪ੍ਰਗਟ ਕੀਤੇ ਕਰਮ ਅਤੇ ਪ੍ਰਤਿਕਰਮ ਦਾ ਹੀ ਫਲਮਾਤਰ ਹੁੰਦੇ ਹਨ। ਆਦਿਕਾਲੀਨ ਸਮੇਂ ਦਾ ਮਨੁੱਖ ਪ੍ਰਕਿਰਤਕ ਵਰਤਾਰਿਆਂ ਪ੍ਰਤੀ ਜਿਸ ਕਿਸਮ ਦੀ ਸੋਚ ਰੱਖਦਾ ਰਿਹਾ ਹੈ ਉਸਨੂੰ ਚੰਗੀ ਜਾਂ ਮਾੜੀ ਦਰਸਾਉਣ ਲਈ 'ਸ਼ਗਨ-ਅਪਸ਼ਗਨ' ਸ਼ਬਦਾਂ ਦੀ ਵਰਤੋਂ ਕਰਦਾ ਰਿਹਾ ਹੈ। ਪੰਜਾਬੀ ਲੋਕ-ਮਨ ਵਿੱਚ ਬਹੁਤ ਸਾਰੇ ਸ਼ਗਨ-ਅਪਸ਼ਗਨ ਉਪਜਦੇ ਰਹਿੰਦੇ ਹਨ ਜਿਵੇਂ, ਪਸ਼ੂ-ਪੰਛੀਆਂ ਨਾਲ ਸਬੰਧਿਤ, ਲੋਕ ਵਿਸ਼ਵਾਸਾਂ ਨਾਲ ਸਬੰਧਿਤ, ਮਨੁੱਖਾਂ ਨਾਲ ਸਬੰਧਿਤ, ਦਿਨਾਂ, ਮਹੀਨਿਆਂ ਨਾਲ ਸਬੰਧਿਤ, ਅੰਗ ਫਰਕਣ ਨਾਲ ਸਬੰਧਿਤ, ਸੁਪਨ-ਵਿਸ਼ਵਾਸਾਂ ਨਾਲ ਸਬੰਧਿਤ ਸ਼ਗਨ-ਅਪਸ਼ਗਨ ਜਿਨ੍ਹਾਂ ਨੂੰ ਹੇਠਾਂ ਵਿਸਥਾਰਪੂਰਵਕ ਦਰਸਾਇਆ ਗਿਆ ਹੈ:

ਪਸ਼ੂ-ਪੰਛੀਆਂ ਨਾਲ ਸਬੰਧਿਤ ਸ਼ਗਨ-ਅਪਸ਼ਗਨ

[ਸੋਧੋ]

ਬਹੁਤ ਸਾਰੇ ਸ਼ਗਨ-ਅਪਸ਼ਗਨ ਸਾਡੇ ਨਿੱਤ ਦੇ ਜੀਵਨ ਦਾ ਹਿੱਸਾ ਬਣ ਗਏ ਹਨ। ਜੋ ਮਨੁੱਖੀ ਅਚੇਤ-ਮਨ ਵਿੱਚ ਵਸੇ ਪਏ ਹਨ। ਕੁਝ ਪਸ਼ੂ-ਪੰਛੀ ਮਨੁੱਖੀ ਕਾਰਜਾਂ ਦੇ ਆਰੰਭ ਵੇਲੇ ਮੱਥੇ ਲੱਗਦੇ ਹਨ ਤਾਂ ਉਨ੍ਹਾਂ ਨੂੰ ਸ਼ੁੱਭ ਅਤੇ ਅਸ਼ੁੱਭ ਮੰਨਿਆ ਜਾਂਦਾ ਹੈ। ਜਿਵੇਂ ਨੀਲ ਕੰਠ ਜਾਂ ਗਰੜ ਦਾ ਦੁਸਿਹਰੇ ਵਾਲੇ ਦਿਨ ਦਿਸਣਾ ਸ਼ਗਨ ਹੈ। ਪਰ ਮਰੇ ਨੀਲ ਕੰਠ ਦਾ ਦਿਸਣਾ ਅਪਸ਼ਗਨ ਹੈ। "ਲੋਕਾਂ ਦੀ ਰਹਿਣੀ-ਬਹਿਣੀ ਜਨੌਰਾਂ ਤੋਂ ਦੂਰ ਨਹੀਂ ਸੀ ਹੁੰਦੀ। ਮਨੁੱਖ ਸਭ ਤੋਂ ਪਹਿਲਾਂ ਕੁੱਤੇ ਦਾ ਸਾਥੀ ਬਣਿਆ। ਇਸ ਦੀ ਕਦਰ ਖ਼ਾਸ ਕਰਕੇ ਇਸ ਲਈ ਕੀਤੀ ਜਾਂਦੀ ਸੀ ਕਿ ਇਹ 'ਭੈਰੋ' ਦਾ ਵਾਹਨ ਸੀ, ਕਾਲਾ ਕੁੱਤਾ। ਇਸ ਕਰਕੇ ਜਦੋਂ ਘਰ ਕਿਸੇ ਨੂੰ ਮਾਤਾ ਨਿਕਲੀ ਹੋਵੇ ਤਾਂ ਕਾਲੇ ਕੁੱਤੇ ਦੀ ਬਹੁਤ ਕਦਰ ਹੁੰਦੀ ਸੀ, ਕਹਿੰਦੇ ਨੇ ਕਿ ਕੁੱਤੇ ਨੂੰ ਜਿੰਨ, ਭੂਤ ਤੇ ਹੋਰ ਅਗੰਮੀ ਹਸਤੀਆਂ ਦਿਸ ਪੈਂਦੀਆਂ ਹਨ।"2 ਜੇ ਕਾਲਾ ਕੁੱਤਾ ਰਸਤੇ ਵਿੱਚ ਮਿਲੇ ਤਾਂ ਸ਼ੁੱਭ-ਸ਼ਗਨ ਸਮਝਿਆ ਜਾਂਦਾ ਹੈ ਤਾਂ ਜੋ ਸਨਿੱਚਰ ਗ੍ਰਹਿ ਤੋਂ ਬਚਾਅ ਹੋਵੇਗਾ। ਪਰ ਜੇ ਕੁੱਤਾ ਘਰ ਦੇ ਸਾਹਮਣੇ ਉੱਪਰ ਲੱਤਾਂ ਕਰਕੇ ਲੇਟਿਆ ਹੈ ਤਾਂ ਉਸਨੂੰ ਅਪਸ਼ਗਨ ਮੰਨਿਆ ਜਾਂਦਾ ਹੈ ਕਿ ਉਸ ਘਰ ਕੋਈ ਬਿਪਤਾ ਪੈਣ ਵਾਲੀ ਹੈ। ਸ਼ੁੱਭ ਕਾਰਜ ਤੇ ਜਾਂਦੇ ਸਮੇਂ ਜੇਕਰ ਬਿੱਲੀ ਰਸਤਾ ਕੱਟ ਜਾਵੇ, ਕੁੱਤਾ ਕੰਨ ਫੜਕਾ ਦੇਵੇ ਤਾਂ ਅਪਸ਼ਗਨ, ਤਿੱਤਰ ਦਾ ਖੱਬੇ ਹੱਥ ਬੋਲਣਾ, ਕਾਂ ਬੋਲਣਾ ਸ਼ੁੱਭ ਸ਼ਗਨ, ਝੋਟੇ ਢੱਠੇ ਦਾ ਸਾਹਮਣੇ ਤੋਂ ਮਿਲਣ ਅਪਸ਼ਗਨ ਹੈ। ਰਾਤ ਸਮੇਂ ਕੁੱਤੇ ਜਾਂ ਬਿੱਲੀ ਦਾ ਰੋਣਾ ਅਪਸ਼ਗਨ, ਜੋ ਕਿਸੇ ਦੀ ਮੌਤ ਹੋਣ ਦੀ ਨਿਸ਼ਾਨੀ ਦਾ ਸੂਚਕ ਹੈ। ਦਿਨੇ ਉੱਲੂ ਦਿਸਣਾ, ਕਬੂਤਰ ਦਾ ਬੋਲਣਾ, ਖੋਤੇ ਦਾ ਖੱਬੇ ਹੱਥ ਤੋਂ ਹੀਂਗਦਾ ਮਿਲਣਾ ਵੀ ਅਪਸ਼ਗਨ ਹੈ। ਰਸਤੇ ਵਿੱਚ ਸੱਪ ਤੇ ਨਿਉਲੇ ਦੀ ਲੜਾਈ ਨੂੰ ਸ਼ੁੱਭ ਸ਼ਗਨ ਮੰਨਿਆ ਜਾਂਦਾ ਹੈ। ਪਰ ਰਸਤੇ ਵਿੱਚ ਇਕੱਲੇ ਸੱਪ ਦਾ ਮਿਲਣਾ ਅਪਸ਼ਗਨ ਹੈ, ਜੋ ਵੈਰੀ ਦੁਆਰਾ ਵਿਘਨ ਪਾਉਣ ਦਾ ਸੂਚਕ ਹੈ। ਕੁੱਕੜ ਦਾ ਦਿਨੇ ਬਾਂਗ ਦੇਣਾ ਵੀ ਅਪਸ਼ਗਨ ਹੈ। "ਆਦਿ ਮਨੁੱਖ ਦਾ ਇਤਿਹਾਸ ਦੱਸਦਾ ਹੈ ਕਿ ਉਸਦਾ ਸਬੰਧ ਪੰਛੀਆਂ ਦੀ ਦੁਨੀਆ ਨਾਲ ਜ਼ਿਆਦਾ ਰਿਹਾ ਹੈ ਭਾਵੇਂ ਅੱਜ ਇਹ ਸੰਸਕ੍ਰਿਤਕ ਹੁੰਦਾ ਜਾ ਰਿਹਾ ਹੈ, ਪ੍ਰੰਤੂ ਫਿਰ ਵੀ ਉਹ ਪੁਰਾਤਨ ਪਸ਼ੂ-ਪੰਛੀਆਂ ਵਾਲਾ ਸਾਥ ਜੀਉਂਦਾ ਹੈ।"3 ਪਸ਼ੂ-ਪੰਛੀਆਂ ਨਾਲ ਜੁੜੇ ਵਿਸ਼ਵਾਸਾਂ/ਸ਼ਗਨ-ਅਪਸ਼ਗਨਾਂ ਦੇ ਪਿਛੋਕੜ ਵਿੱਚ ਇਨ੍ਹਾਂ ਦੀ ਮਨੁੱਖ ਤੇ ਸਮਾਜ ਲਈ ਉਪਯੋਗਤਾ ਅਤੇ ਅਣਉਪਯੋਗਤਾ ਕੰਮ ਕਰਦੀ ਹੈ। (ਕਾਂ ਬੋਲਣਾ ਸ਼ੁੱਭ ਸ਼ਗਨ ਹੈ, ਜੋ ਕਿਸੇ ਪ੍ਰਾਹੁਣਾ ਆਉਣਾ ਦਾ ਸੂਚਕ ਹੈ।)

ਲੋਕ ਵਿਸ਼ਵਾਸਾਂ ਨਾਲ ਸਬੰਧਿਤ ਸ਼ਗਨ-ਅਪਸ਼ਗਨ

[ਸੋਧੋ]

ਭਾਰਤੀ ਸੱਭਿਆਚਾਰ ਵਾਂਗ ਪੰਜਾਬੀ ਸੱਭਿਆਚਾਰ ਵਿੱਚ ਵੀ ਸ਼ਗਨ-ਅਪਸ਼ਗਨ ਨਾਲ ਸੰਬੰਧਿਤ ਅਨੇਕਾਂ ਲੋਕ-ਵਿਸ਼ਵਾਸ ਪ੍ਰਚੱਲਿਤ ਹਨ। ਕਿਸੇ ਕਾਰਜ ਦੀ ਸਫਲਤਾ ਜਾਂ ਅਸਫਲਤਾ ਦਾ ਅਨੁਮਾਨ ਘਰੋਂ ਨਿਕਲਦਿਆਂ ਸਾਰ ਅੱਗੋਂ ਮਿਲਦੀਆਂ ਚੀਜਾਂ ਤੋਂ ਲਗਾਇਆ ਜਾਂਦਾ ਹੈ। ਜਿਵੇਂ ਖਾਲੀ ਟੋਕਰਾ, ਘੜਾ, ਸੁੱਕੀ ਲੱਕੜ, ਪਾਥੀਆਂ ਮੱਥੇ ਲੱਗਣ ਤਾਂ ਅਪਸ਼ਗਨ ਮੰਨਿਆ ਜਾਂਦਾ ਹੈ। ਹਰਾ ਘਾਹ (ਹਰਿਆਲੀ) ਦਾ ਮੱਥੇ ਲੱਗਣਾ ਸ਼ਗਨ, ਸਵਾਈ ਵਿੱਚ ਤੁਰਨਾ (12:15) ਸ਼ੁਭ ਸ਼ਗਨ, ਤੁਰਨ ਸਮੇਂ ਨਿੱਛ ਮਾਰਨਾ, ਪਿੱਛੋਂ ਅਵਾਜ਼ ਮਾਰਨਾ, ਪੌਣਾਈ ਵਿੱਚ ਤੁਰਨਾ (11:45) ਨੂੰ ਅਪ-ਸ਼ਗਨ ਸਮਝਿਆ ਜਾਂਦਾ ਹੈ। ਦੁੱਧ ਭਰੀ ਬਾਲਟੀ, ਅੱਗੋਂ ਮਿਲੇ ਤਾਂ ਸ਼ਗਨ ਪਰ ਦੁੱਧ ਉਬਲਣਾ, ਸ਼ੀਸ਼ੇ ਦਾ ਟੁੱਟਣਾ ਅਪਸ਼ਗਨ ਹੈ। ਕੁਝ ਹੋਰ ਲੋਕ ਵਿਸ਼ਵਾਸਾਂ ਸਬੰਧਿਤ ਸ਼ਗਨ-ਅਪਸ਼ਗਨ ਜਿਵੇਂ ਝਾੜੂ ਨੂੰ ਉਲਟਾ ਰੱਖਣਾ, ਛੱਜ ਦਾ ਮੂੰਹ ਉੱਪਰ ਰੱਖਣਾ, ਰਾਤ ਨੂੰ ਮੰਜਾ ਬੁਨਣਾ ਜਾਂ ਮੰਜਾ ਉਲਟਾ ਖੜਾ ਕਰਨਾ, ਪਰਾਂਤ ਮੂਧੀ ਮਾਰਨੀ, ਕਿਸੇ ਨੂੰ ਖਾਲੀ ਬਰਤਨ ਵਾਪਿਸ ਦੇਣਾ ਅਪਸ਼ਗਨ ਸਮਝਿਆ ਜਾਂਦਾ ਹੈ। ਪਾਥੀ ਨੂੰ ਉੱਚਾ ਰੱਖਣਾ ਚੰਗਾ ਨਹੀਂ ਸਮਝਿਆ ਜਾਂਦਾ ਇਸ ਨਾਲ ਸ਼ਰੀਕ ਉੱਚੇ ਹੋ ਜਾਂਦੇ ਹਨ। ਇਮਤਿਹਾਨ ਦੇ ਪਹਿਲੇ ਦਿਨ ਕੱਪੜਿਆਂ ਤੇ ਸਿਆਹੀ ਡੁੱਲਣਾ ਸ਼ੁੱਭ ਸ਼ਗਨ, ਦਹੀ ਖਾਂ ਕੇ ਕਿਸੇ ਕੰਮ ਲਈ ਤੁਰਨਾ ਅਪਸ਼ਗਨ ਸਮਝਿਆ ਜਾਂਦਾ ਹੈ। ਲੋਕਪਰਾਈ ਵਿਸ਼ਵਾਸ ਅਨੁਸਾਰ ਬੋਦੀ ਵਾਲੇ ਤਾਰੇ ਨੂੰ ਵੀ ਅਪਸ਼ਗਨੀ ਤਾਰਾ ਮੰਨਿਆ ਜਾਂਦਾ ਹੈ। ਆਟੇ ਦਾ ਭੁੜਕਣਾ ਵੀ ਸ਼ਗਨ ਸਮਝਿਆ ਜਾਂਦਾ ਹੈ।

ਮਨੁੱਖ ਨਾਲ ਸਬੰਧਿਤ ਸ਼ਗਨ-ਅਪਸ਼ਗਨ

[ਸੋਧੋ]

ਪੰਜਾਬੀ ਸਮਾਜ ਵਿੱਚ ਸਿਰਫ ਕੁਝ ਜਾਨਵਰਾਂ ਦਾ ਮੱਥੇ ਲੱਗਣਾ ਜਾਂ ਉਨ੍ਹਾਂ ਦਾ ਨਾ ਲੈਣਾ ਹੀ ਚੰਗਾ ਜਾਂ ਮਾੜਾ ਸਮਝਿਆ ਜਾਂਦਾ ਹੈ। ਜਿਵੇਂ "ਰਾਹ ਵਿੱਚ ਸ਼ੂਦਰ ਮਿਲੇ ਤਾਂ ਚੰਗਾ ਸ਼ਗਨ ਜੇ ਬ੍ਰਾਹਮਣ ਵਿਸ਼ੇਸ਼ ਕਰ ਕਾਲੇ ਰੰਗ ਦਾ ਬ੍ਰਾਹਮਣ ਤਾਂ ਅਪਸ਼ਗਨ ਮੰਨਿਆ ਜਾਂਦਾ ਹੈ। ਸ਼ੂਦਰ ਨੀਵੀਂ ਜਾਤ ਦਾ ਹੋਣ ਕਾਰਨ ਅਕਸਰ ਸਲਾਮ ਕਰਦਾ ਹੈ ਜਿਸ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ। ਪਰ ਬ੍ਰਾਹਮਣ ਜਾਂ 'ਦਾਨ ਮੰਗੇਗਾ' ਜਾਂ ਸਰਾਪ ਦੇਵੇਗਾ।' ਅਰਥਾਤ ਨਰਾਜ਼ਗੀ ਦਾ ਇਜਹਾਰ ਕਰੇਗਾ ਇਸ ਲਈ ਉਹ ਬੁਰਾ ਜਾਂ ਅਪਸ਼ਗਨੀ ਮੰਨਿਆ ਜਾਂਦਾ ਹੈ।"4 ਚੂੜ੍ਹੇ ਦਾ ਮੱਥਾ ਲੱਗਣਾ ਸ਼ਗਨ, ਜੇਕਰ ਕੋਈ ਇਸਤਰੀ ਖਾਲੀ ਬਰਤਨ ਲੈ ਕੇ ਮਿਲੇ ਤਾਂ ਅਪਸ਼ਗਨ, ਮਾਲਣ ਫੁੱਲਾਂ ਦਾ ਗੁੱਲਦਸਤਾ ਲੈ ਕੇ ਜਾਂ ਭੰਗਣ ਮੱਥੇ ਲੱਗੇ ਤਾਂ ਸ਼ੁੱਭ ਸ਼ਗਨ ਮੰਨਿਆ ਜਾਂਦਾ ਹੈ ਕੰਮ ਵਿੱਚ ਸਫਲਤਾ ਹੋਵੇਗੀ। ਰਸਤੇ ਵਿੱਚ ਜੇ ਕੋਈ ਘੋੜ ਚੜਿਆ ਸਵਾਰ ਜਾਂ ਵੰਝਲੀ ਵਜਾਉਂਦਾ ਗੱਭਰੂ ਮਿਲੇ ਤਾਂ ਸ਼ੁੱਭ ਸ਼ਗਨ ਮੰਨਿਆ ਜਾਂਦਾ ਹੈ ਭਾਵ ਕੰਮ ਵਿੱਚ ਕੋਈ ਵਿਘਨ ਨਹੀਂ ਪਵੇਗਾ। ਇਸੇ ਤਰ੍ਹਾਂ ਲੰਬਰਦਾਰ, ਪੁਲਿਸ ਵਾਲਾ, ਲੂਲ੍ਹਾ, ਕਾਣਾ ਤੇ ਲੰਗੜਾ ਆਦਮੀ ਮਿਲ ਜਾਵੇ ਤਾਂ ਵੀ ਕੰਮ ਸਿਰੇ ਨਹੀਂ ਚੜਦਾ, ਕਿਉਂਕਿ ਜੋ ਕਿਸੇ ਅੰਗ ਦੇ ਭੰਗ ਹੋਣ ਕਰਕੇ ਅਧੂਰੇ ਹਨ। ਇਹਨਾਂ ਦਾ ਮੱਥੇ ਲੱਗਣਾ ਅਪਸ਼ਗਨ ਮੰਨਿਆ ਜਾਂਦਾ ਹੈ।

ਦਿਨਾਂ, ਵਾਰਾਂ ਮਹੀਨਿਆਂ ਨਾਲ ਸਬੰਧਿਤ ਸ਼ਗਨ-ਅਪਸ਼ਗਨ

[ਸੋਧੋ]

ਪੁਰਾਣੇ ਸਮੇਂ ਵਿੱਚ ਮਨੁੱਖ ਨੇ ਆਪਣੇ-ਆਪ ਨੂੰ ਸੁਰੱਖਿਅਤ ਬਣਾਉਣ ਕੁਝ ਦਿਨਾਂ, ਵਾਰਾਂ ਮਹੀਨਿਆਂ ਨਾਲ ਸਬੰਧਿਤ ਅਨੇਕਾਂ ਵਿਸ਼ਵਾਸ ਬਣਾ ਲਏ ਹਨ। ਇਹ ਵਿਸ਼ਵਾਸ ਹੀ ਕਿਸੇ ਕੰਮ ਦਾ ਪੂਰਾ ਹੋਣ ਜਾਂ ਨਾ ਹੋਣ ਕਰਕੇ ਸ਼ਗਨ-ਅਪਸ਼ਗਨ ਦਾ ਕਾਰਨ ਬਣਦੇ ਹਨ। ਜਿਵੇਂ ਬਿਆਈ ਬੁੱਧਵਾਰ ਆਰੰਭ ਕਰਨੀ, ਵਢਾਈ ਮੰਗਲਵਾਰ ਕਰਨੀ ਸ਼ੁੱਭ ਮੰਨੀ ਜਾਂਦੀ ਹੈ। ਪਰ ਮੰਗਲਵਾਰ ਸਿਰ ਨਹਾਉਣਾ ਚੰਗਾ ਨਹੀਂ ਸਮਝਿਆ ਜਾਂਦਾ। "ਮੰਗਲਵਾਰ ਨੂੰ ਕਰੜਾ ਦਿਨ ਪ੍ਰਵਾਨ ਕੀਤਾ ਗਿਆ ਹੈ। ਇਹ ਵਹਿਮ ਜਾਂਦਾ ਹੈ ਕਿ ਇਸ ਦਿਨ ਨਿਸ਼ਚਿਤ ਤਿਉਹਾਰ ਆਵੇ ਤਾਂ ਸਮਝੋ, ਦੁਨੀਆ ਭਾਰੀ ਸੰਕਟ ਵਿੱਚੋਂ ਲੰਘਣ ਵਾਲੀ ਹੈ ਜਿਵੇਂ: ਹੋਲੀ, ਲੋਹੜੀ ਤੇ ਦਿਵਾਲੀ, ਮੰਗਲਵਾਰੀ ਹੋਇ। ਚਰਖਾ ਚੜੇਗੀ ਪ੍ਰਿਥਵੀ, ਵਿਰਲਾ ਜੀਵੇ ਕੋਇ॥5 ਭਾਦਰੋਂ ਦੀ ਮੱਸਿਆ ਤੇ ਚੇਤ ਦੀ ਮੱਸਿਆ ਨੂੰ ਸ਼ੁੱਭ ਸ਼ਗਨ ਵਜੋਂ ਪ੍ਰਵਾਨ ਕੀਤਾ ਗਿਆ ਹੈ। ਇਸ ਤਰ੍ਹਾਂ ਕੱਤੇ ਦੇ ਮਹੀਨੇ ਵਿੱਚ ਬਾਲਗ ਦਾ ਜਨਮ ਲੈਣ ਅਪਸ਼ਗਨ ਮੰਨਿਆ ਜਾਂਦਾ ਹੈ। ਇਸ ਤੋਂ ਬਿਨ੍ਹਾਂ ਸਾਉਣ, ਭਾਦਰੋਂ ਕੱਤੇ ਅਤੇ ਪੋਹ ਮਹੀਨਿਆਂ ਵਿੱਚ ਵਿਆਹ ਜਾਂ ਕੋਈ ਸ਼ੁੱਭ ਕਾਰਜ ਕਰਨਾ ਅਪਸ਼ਗਨ ਸਮਝਿਆ ਜਾਂਦਾ ਹੈ। "ਚੇਤਰ ਦੇ ਮਹੀਨੇ ਕੁੱਤੀ, ਵਿਸਾਖ ਵਿੱਚ ਊਠਣੀ, ਜੇਠ ਵਿੱਚ ਬਿੱਲੀ, ਸਾਵਣ ਮਹੀਨੇ ਘੋੜੀ ਤੇ ਖੋਤੀ, ਭਾਦਰੋਂ ਦੇ ਮਹੀਨੇ ਗਊ, ਮੱਘਰ ਦੇ ਮਹੀਨੇ ਮੱਝ ਤੇ ਪੋਹ ਵਿੱਚ ਬੱਕਰੀ ਸੂਈ ਨੂੰ ਅਪਸ਼ਗਨ ਮੰਨਿਆ ਜਾਂਦਾ ਹੈ।"6

ਅੰਗ ਫਰਕਣ ਨਾਲ ਸਬੰਧਿਤ ਸ਼ਗਨ-ਅਪਸ਼ਗਨ

[ਸੋਧੋ]

ਪੰਜਾਬੀ ਜੀਵਨ ਵਿੱਚ ਅੰਗ-ਫਰਕਣ ਨਾਲ ਸਬੰਧਿਤ ਵੀ ਬਹੁਤ ਸਾਰੇ ਸ਼ਗਨ-ਅਪਸ਼ਗਨ ਮਿਲਦੇ ਹਨ। ਜਿਵੇਂ: ਆਦਮੀ ਦੀ ਸੱਜੀ ਅੱਖ ਫਰਕੇ ਤਾਂ ਇਸਨੂੰ ਸ਼ੁੱਭ ਮੰਨਿਆ ਜਾਂਦਾ ਹੈ। ਪਰ ਇਸਦੇ ਉਲਟ ਔਰਤ ਦੀ ਖੱਬੀ ਅੱਖ ਦਾ ਫਰਕਣਾ ਸ਼ੁੱਭ ਸ਼ਗਨ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਹੋਰ ਅੰਗ ਫਰਕਣ ਨੂੰ ਅਪਸ਼ਗਨ ਮੰਨਿਆ ਜਾਂਦਾ ਹੈ।

ਸੁਪਨਿਆਂ ਨਾਲ ਸਬੰਧਿਤ ਸ਼ਗਨ-ਅਪਸ਼ਗਨ

[ਸੋਧੋ]

ਸੁਪਨੇ ਵਿੱਚ ਮਨੁੱਖ ਦਾ ਅਵਚੇਤਨ ਅਨੇਕਾਂ ਕਿਸਮ ਦਾ ਕਾਰਜ ਕਰਦਾ ਹੈ। ਲੋਕ ਮਨ ਦਾ ਵਿਸ਼ਵਾਸ ਹੈ ਸੁਪਨਿਆਂ ਵਿੱਚ ਅਕਸਰ ਭਵਿੱਖ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਦੀ ਪੂਰਵ ਸੂਚਨਾ ਹੋ ਜਾਂਦੀ ਹੈ ਜਿਵੇਂ: ਸਰਘੀ ਵੇਲੇ ਆਏ ਸੁਪਨੇ ਨੂੰ ਸ਼ੁਭ ਸ਼ਗਨ, ਸੁਪਨੇ ਵਿੱਚ ਵਿਆਹ ਦਾ ਦੇਖਣਾ ਅਪਸ਼ਗਨ, ਸੁਪਨੇ ਵਿੱਚ ਕਿਸੇ ਪ੍ਰਾਣੀ ਦੀ ਮੌਤ ਹੋ ਜਾਵੇ ਤਾਂ ਮੰਨਿਆ ਜਾਂਦਾ ਉਸਦੀ ਉਮਰ ਲੰਮੀ ਹੋ ਗਈ ਹੈ ਇਸਨੂੰ ਵੀ ਸ਼ੁੱਭ ਸ਼ਗਨ ਸਮਝਿਆ ਜਾਂਦਾ ਹੈ। ਸੁਪਨੇ ਵਿੱਚ ਅੱਗ ਵੇਖਣੀ ਅਪਸ਼ਗਨ, ਪਾਣੀ ਵੇਖਣਾ ਸ਼ਗਨ ਘਰ ਵਿੱਚ ਖੁਸ਼ਹਾਲੀ ਵਾਪਰਦੀ ਹੈ। ਜੇਕਰ ਮਰ ਚੁੱਕਾ ਪ੍ਰਾਣੀ ਸੁਪਨੇ ਵਿੱਚ ਕੋਈ ਚੀਜ਼ ਦੇ ਜਾਵੇ ਤਾਂ ਧਨ ਮਿਲਣ ਦੀ ਆਸ ਹੁੰਦੀ ਹੈ, ਜੇਕਰ ਕੁਝ ਲੈ ਜਾਵੇ ਤਾਂ ਅਪਸ਼ਗਨ ਮੰਨਿਆ ਜਾਂਦਾ ਹੈ। ਸੁਪਨੇ ਵਿੱਚ ਤਾਂਬੇ ਦੇ ਪੈਸੇ ਲਏ ਜਾਣ ਤਾਂ ਘਰ ਵਿੱਚ ਬਿਮਾਰੀ ਪੈਦਾ ਹੁੰਦੀ ਹੈ। ਇਓਂ ਸੁਪਨੇ ਵਿੱਚ ਵਾਪਰੀਆਂ ਘਟਨਾ ਸ਼ੁੱਭ ਸ਼ਗਨ ਤੇ ਅਪਸ਼ਗਨ ਦੇ ਰੂਪ ਵਿੱਚ ਦੇਖੀਆਂ ਜਾਂਦੀਆਂ ਹਨ।

ਹਵਾਲੇ

[ਸੋਧੋ]
  1. ਡਾ. ਜੀਤ ਸਿੰਘ ਜੋਸ਼ੀ, ਲੋਕ ਕਲਾ ਅਤੇ ਸੱਭਿਆਚਾਰ ਮੁੱਢਲੀ ਜਾਣ-ਪਛਾਣ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2010, ਪੰਨਾ-114.
  2. 'ਲੋਕ ਭਰਮ', 'ਗੁਸਲਖਾਨੇ ਤੇ ਹੋਰ ਲੇਖ' ਪੰਨਾ 59-60 (ਉਦਰਤ) ਬਲਵੀਰ ਸਿੰਘ ਪੂਨੀ, ਪੰਜਾਬੀ ਲੋਕਧਾਰਾ, ਵਾਰਿਸ਼ ਸ਼ਾਹ ਫਾਉਂਡੇਸ਼ਨ, ਅੰਮ੍ਰਿਤਸਰ, 1998, ਪੰਨਾ 142.
  3. ਡਾ. ਸ਼ੁਸੀਲ ਸਰਮਾ, ਲੋਕ ਗੀਤਾਂ ਵਿੱਚ ਸਮਾਜਿਕ ਜੀਵਨ, ਪੰਨਾ 154 (ਉਦਰਤ) ਸੁਰਜੀਤ ਕੌਰ, ਪੰਜਾਬੀ ਲੋਕ ਗੀਤਾਂ ਦਾ ਸਮਾਜ ਸ਼ਾਸਤਰੀ ਅਧਿਐਨ, ਮਨਪ੍ਰੀਤ ਪ੍ਰਕਾਸ਼ਨ, ਦਿੱਲੀ, 2012, ਪੰਨਾ 162.
  4. ਪ੍ਰੋ. ਜੀਤ ਸਿੰਘ ਜੋਸ਼ੀ, ਲੋਕਧਾਰਾ ਸਿਧਾਂਤ ਤੇ ਵਿਸ਼ਲੇਸ਼ਣ, ਵਾਰਿਸ਼ ਸ਼ਾਹ ਫਾਉਂਡੇਸ਼ਨ, ਅੰਮ੍ਰਿਤਸਰ, ਪੰਨਾ 125.
  5. ਪ੍ਰੋ. ਜੀਤ ਸਿੰਘ ਜੋਸ਼ੀ, ਲੋਕਧਾਰਾ ਸਿਧਾਂਤ ਤੇ ਵਿਸ਼ਲੇਸ਼ਣ, ਵਾਰਿਸ਼ ਸ਼ਾਹ ਫਾਉਂਡੇਸ਼ਨ, ਅੰਮ੍ਰਿਤਸਰ, ਪੰਨਾ 125
  6. ਸੁਰਜੀਤ ਕੌਰ, ਪੰਜਾਬੀ ਲੋਕਗੀਤਾਂ ਦਾ ਸਮਾਜ ਸ਼ਾਸਤਰੀ ਅਧਿਐਨ, ਮਨਪ੍ਰੀਤ ਪ੍ਰਕਾਸ਼ਨ, ਦਿੱਲੀ, 2012, ਪੰਨਾ 164.

ਸਹਾਇਕ ਪੁਸਤਕਾਂ

[ਸੋਧੋ]
  1. ਸੋਹਿੰਦਰ ਸਿੰਘ ਬੇਦੀ, ਪੰਜਾਬ ਦੀ ਲੋਕਧਾਰਾ, ਨੈਸ਼ਨਲ ਬੁੱਕ ਟਰੱਸਟ ਇੰਡੀਆ, ਨਵੀਂ ਦਿੱਲੀ, 1971
  2. ਡਾ. ਜੀਤ ਸਿੰਘ ਜੋਸ਼ੀ, ਲੋਕ ਕਲਾ ਅਤੇ ਸਭਿਆਚਾਰ ਮੁੱਢਲੀ ਜਾਣ-ਪਛਾਣ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2010
  3. ਬਲਵੀਰ ਸਿੰਘ ਪੂਨੀ, ਪੰਜਾਬੀ ਲੋਕਧਾਰਾ, ਵਾਰਿਸ਼ ਸ਼ਾਹ ਫਾਉਂਡੇਸ਼ਨ, ਅੰਮ੍ਰਿਤਸਰ, 1998.
  4. ਡਾ. ਗੁਰਦਿਆਲ ਸਿੰਘ ਫੁੱਲ, ਪੰਜਾਬੀ ਸੱਭਿਆਚਾਰ: ਇੱਕ ਦ੍ਰਿਸ਼ਟੀਕੋਣ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2013.