ਮਾਲਵੇ ਦਾ ਜੁਗਰਾਫੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਾਲਵੇ ਦਾ ਜੁਗਰਾਫੀਆ[ਸੋਧੋ]

ਨਾਮਕਰਨ[ਸੋਧੋ]

'ਮਾਲਵਾ' ਨਾਂ ਦਾ ਸ਼ਬਦ ਸਾਡੇ ਪ੍ਰਾਚੀਨ ਗ੍ਰੰਥਾਂ ਵਿਚ ਵੀ ਆਉਂਦਾ ਹੈ। ਮਹਾਂਭਾਰਤ ਵਿਚ ਇਸ ਨਾਂ ਦਾ ਤਿੰਨ ਵਾਰ ਜ਼ਿਕਰ ਆਇਆ ਹੈ। ਛੇਵੀਂ ਸਦੀ ਤੋਂ ਭਾਰਤ ਵਿੱਚ ਅਜਿਹੇ ਸੱਤ ਭੂ-ਖੰਡ ਸਨ,ਜਿਹਨਾਂ ਨੂੰ 'ਮਾਲਵਾ' ਆਖਿਆ ਜਾਂਦਾ ਸੀ। ਅਜੋਕੇ ਸਮੇਂ ਵਿੱਚ ਮਾਲਵਾ ਨਾਂ ਦੇ ਦੋ ਖੇਤਰ ਹਨ, ਇਕ ਤਾਂ ਮੱਧ ਪ੍ਰਦੇਸ਼ ਵਿੱਚ ਦੂਜਾ ਪੰਜਾਬ ਵਿੱਚ। ਪੰਜਾਬ ਵਾਲੇ ਮਾਲਵਾ ਨੂੰ 'ਗੁਰੂ ਕਾ ਮਾਲਵਾ' ਇਸ ਲਈ ਕਹਿੰਦੇ ਹਨ ਕਿ ਸਿੱਖਾਂ ਦੇ ਪਹਿਲੇ, ਦੂਜੇ, ਛੇਵੇਂ, ਸੱਤਵੇਂ, ਨੌਵੇਂ ਅਤੇ ਦਸਵੇਂ ਗੁਰੂ ਏਸੇ ਖੇਤਰ  ਵਿੱਚ ਬਹੁਤ ਸਮਾਂ ਵਿਚਰਦੇ ਰਹੇ । 'ਮਾਲਵਾ' ਸ਼ਬਦ ਬਾਰੇ ਵਿਦਵਾਨ ਖੋਜੀਆਂ ਦੇ ਵੱਖਰੇ ਵੱਖਰੇ ਵਿਚਾਰ ਹਨ। ਡਾ .ਪ੍ਰੇਮ ਪਰਕਾਸ਼ ਸਿੰਘ ਲਿਖਦੇ ਹਨ ਕਿ ਇਸ ਖੇਤਰ ਦੇ ਵਸਨੀਕ ਖੁੱਲ੍ਹੇ ਤੇ ਮੋਕਲੇ ਹੱਡਾਂ-ਪੈਰਾਂ ਦੇ ਸਨ। ਅਰਥਾਤ ਮੱਲਾਂ(ਪਹਿਲਵਾਨਾਂ )ਵਰਗੇ ਸਨ। ਇਸ ਕਰਕੇ ਇਸ ਖੇਤਰ ਦਾ ਨਾਂ ਮਾਲਵਾ ਪੈ ਗਿਆ।

ਮਾਲਵੇ ਦਾ ਜੁਗਰਾਫੀਆ[ਸੋਧੋ]

ਮਲਵਈ ਸ਼ਬਦ ਬਾਰੇ ਐਚ.ਏ.ਰੋਜ਼ ਵੀ ਲਿਖਦੇ ਹਨ; MALWAI:An inhabitant of the malwa, south of the sutlej as opposed to majjhail. ਮਾਲਵਾ ਖੇਤਰ ਸਤਲੁਜ ਦੀ ਧਰਤੀ ਹੈ। ਅੱਜ ਕੱਲ੍ਹ ਇਸ ਵਿੱਚ ਲੁਧਿਆਣਾ, ਫਿਰੋਜ਼ਪੁਰ, ਮੋਗਾ, ਮਾਨਸਾ, ਮੁਕਤਸਰ, ਫਤਿਹਗੜ੍ਹ ਸਾਹਿਬ, ਬਠਿੰਡਾ ਤੇ ਫਰੀਦਕੋਟ ਜ਼ਿਲਿਆਂ ਤੋਂ ਇਲਾਵਾ ਸੰਗਰੂਰ ਤੇ ਪਟਿਆਲਾ ਜਿਲ੍ਹਿਆਂ ਦੇ ਖੇਤਰ ਵੀ ਆਉਂਦੇ ਹਨ।

ਮਾਲਵੇ ਦੀਆਂ ਹੱਦਾਂ[ਸੋਧੋ]

ਪੰਜਾਬ ਵਿਚੋਂ ਹਿਮਾਚਲ ਪ੍ਰਦੇਸ਼ ਦਾ ਕੁਝ ਇਲਾਕਾ ਨਿਕਲ ਜਾਣ ਕਰਕੇ ਤੇ ਹਰਿਆਣਾ ਪ੍ਰਾਂਤ ਬਣਨ ਨਾਲ ਅੱਜ ਦੇ ਮਾਲਵੇ ਦੀਆਂ ਮੋਟੀਆਂ ਜਿਹੀਆਂ ਹੱਦਾਂ ਇਹੀ ਬਣਦੀਆਂ ਹਨ ਕਿ ਸਤਲੁਜ ਦਰਿਆ ਦੇ ਦੱਖਣ ਵੱਲ ਦਾ ਪੰਜਾਬ ਵਿੱਚ ਰਹਿੰਦਾ ਸਾਰਾ ਇਲਾਕਾ ਮਾਲਵਾ ਹੈ ਜਦੋਂਕਿ ਇਸ ਮਾਲਵਾ ਖੇਤਰ ਦੇ ਉੱਤਰ ਵਿੱਚ ਪੁਆਧ ਤੇ ਪੂਰਬ ਵਿੱਚ ਸੰਗਰੂਰ ਜਿਲ੍ਹੇ ਤੋਂ ਪਾਰ ਦਾ  ਇਲਾਕਾ ਬਾਂਗਰ ਆ ਜਾਂਦਾ ਹੈ। ਪੰਡਿਤ ਕਰਤਾਰ ਸਿੰਘ ਦਾਖਾ ਨੇ ਮਾਲਵਾ ਖੇਤਰ ਦਾ ਘੇਰਾ ਬਹੁਤ ਵੱਡਾ ਵਗਲਿਆ ਹੈ। ਉਹਨਾਂ ਅਨੁਸਾਰ ਇਸਦੇ ਪੂਰਵ ਵੱਲ ਜਮਨਾ ਅਤੇ ਸਤਲੁਜ ਦਾ ਹਿਠਾੜ। ਡਾ. ਬੁੱਧ ਸਿੰਘ ਪਰਕਾਸ਼ ਘੱਗਰ ਅਤੇ ਸਤਲੁਜ ਦੇ ਵਿਚਕਾਰਲੇ ਇਲਾਕੇ ਨੂੰ ਮਾਲਵਾ ਕਹਿੰਦੇ ਹਨ। ਮਾਲਵੇ ਦਾ ਵਿਸਤ੍ਰਿਤ ਖੇਤਰ ਬਣਾਉਂਦੇ ਹੋਏ ਪੰਡਤ ਕਰਤਾਰ ਸਿੰਘ ਦਾਖਾ ਜੀ ਨੇ ਗਿਆਰਾਂ ਛੋਟੀਆਂ-ਵੱਡੀਆਂ ਨਦੀਆਂ ਦਾ ਜ਼ਿਕਰ ਕੀਤਾ ਹੈ,ਜੋ ਇਸ ਖੇਤਰ ਵਿੱਚ ਵਗਦੀਆਂ ਹਨ। ਇਹਨਾ ਵਿਚੋਂ ਕਈ ਤਾਂ ਮੁੱਕ ਗਈਆਂ। ਉਹ ਗਿਆਰਾਂ ਨਦੀਆਂ- ਸਤਲੁਜ, ਬੁੱਢਾ ਨਾਲਾ, ਕਨਕ ਬਾਹਨੀ, ਭੱਡਲੀ, ਘੱਗਰ, ਕੌਸ਼ੱਲਿਆ, ਸਰਸਵਤੀ, ਸਰਸਾ, ਟਾਂਗਰੀ, ਮਾਰਕੰਡਾ, ਮੁਕੰਦਾ, ਆਦਿ ਹਨ।

ਅੰਤ ਵਿੱਚ ਸਾਰੇ ਅਧਿਐਨ ਤੋਂ ਬਾਅਦ ਡਾ. ਗੁਰਦੇਵ ਸਿੰਘ ਸਿੱਧੂ ਦੀ ਟਿੱਪਣੀ ਬਹੁਤ ਵਾਜਬ ਬਣਦੀ ਹੈ। ਉਹ ਲਿਖਦੇ ਹਨ, "ਮਾਲਵੇ ਦਾ ਹੱਦ-ਬੰਨਾਂ ਬਿਆਨ ਕਰਦੀ ਇਹ ਅਨਿਸ਼ਚਿਤਤਾ ਇਸ ਲਈ ਹੈ ਕਿਉਂ ਜੋ ਇਸ ਭੂ-ਖੰਡ ਨੂੰ ਗੁਆਂਢੀ ਖੇਤਰਾਂ ਤੋਂ ਵੱਖ ਕਰਨ ਲਈ ਕੋਈ ਕੁਦਰਤੀ ਹੱਦ ਨਹੀਂ। ਮਾਲਵੇ ਦਾ ਆਲਾ-ਦੁਆਲਾ ਨਿਸ਼ਚਿਤ ਕਰਨ ਲਈ ਸਾਨੂੰ ਲੋਕ-ਰੂੜੀਆਂ ਅਤੇ ਲੋਕ-ਧਾਰਨਾਵਾਂ ਵਿੱਚ ਭਿੰਨਤਾ ਹੋਣੀ ਸੁਭਾਵਿਕ ਹੀ ਹੈ। ਉਦਾਹਰਣ ਵਜੋਂ ਜੇ ਅਸੀਂ ਫਰੀਦਕੋਟ ਜਿਲ੍ਹੇ ਦੀ ਤਹਿਸੀਲ ਮੋਗਾ ਦੇ ਲੋਕਾਂ ਨੂੰ ਪੁੱਛੀਏ  ਤਾਂ ਉਹ ਆਪ ਨੂੰ ਮਲਵਈ ਦੱਸਣਗੇ ਅਤੇ ਲੁਧਿਆਣੇ ਜਿਲ੍ਹੇ ਵਿੱਚ ਮੁੱਲਾਂਪੁਰ-ਰਾਏਕੋਟ ਸੜਕ ਦੇ ਪੂਰਬੀ ਖੇਤਰ ਨੂੰ ਪੁਆਧ ਵਿੱਚ ਸ਼ਾਮਲ ਕਰਨਗੇ। ਜਦੋਂ ਪਿਛਲੇਰੇ ਇਲਾਕੇ ਨੂੰ ਮਾਲਵੇ ਦਾ ਭਾਗ ਅਤੇ ਪੂਰਵ ਵੱਲ ਦੀ ਤਹਿਸੀਲ ਸਮਰਾਲਾ ਨੂੰ ਪੁਆਧ ਦਾ ਅੰਗ ਦੱਸਣਗੇ।

ਅਜੋਕੇ ਸਮੇਂ ਵਿੱਚ ਮਾਲਵੇ ਦਾ ਹੱਦਬੰਨਾਂ ਨਿਸ਼ਚਿਤ ਕਰਨ ਲਈ ਮੱਲੀ ਜਾਂ ਮਲੋਈ  ਲੋਕਾਂ ਦੀ ਹੋਂਦ ਵੇਖਣ ਦੀ ਥਾਂ ਮਲਵਈ ਉਪ-ਬੋਲੀ ਦਾ ਖੇਤਰ ਮਿਥ ਲਿਆ ਜਾਣਾਂ ਵਧੇਰੇ ਢੁੱਕਵਾਂ ਹੈ। [1]

  1. .ਰਾਮ ਸਰੂਪ ਅਣਖੀ, ਦੇਸ ਮਾਲਵਾ,ਪੰਨਾ ਨੰ 9-15